ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਇਬਰਾਨੀਆਂ 2:14 ਵਿਚ ਇਹ ਕਿਉਂ ਕਿਹਾ ਗਿਆ ਹੈ ਕਿ ‘ਸ਼ਤਾਨ ਦੇ ਵੱਸ ਵਿੱਚ ਮੌਤ ਹੈ’?
ਪੌਲੁਸ ਦੇ ਕਹਿਣ ਦਾ ਮਤਲਬ ਇਹ ਸੀ ਕਿ ਸ਼ਤਾਨ ਇਨਸਾਨਾਂ ਨੂੰ ਮਾਰ ਜਾਂ ਮਰਵਾ ਸਕਦਾ ਹੈ। ਯਿਸੂ ਨੇ ਵੀ ਸ਼ਤਾਨ ਬਾਰੇ ਕਿਹਾ ਕਿ ਉਹ “ਮੁੱਢੋਂ ਮਨੁੱਖ ਘਾਤਕ ਸੀ।”—ਯੂਹੰਨਾ 8:44.
ਲੇਕਿਨ ਇਬਰਾਨੀਆਂ 2:14 ਤੋਂ ਸਾਨੂੰ ਸ਼ਾਇਦ ਲੱਗੇ ਕਿ ਸ਼ਤਾਨ ਜਦ ਚਾਹੇ ਜਿਹ ਨੂੰ ਮਰਜ਼ੀ ਮਾਰ ਸਕਦਾ ਹੈ। ਦੂਸਰੀਆਂ ਬਾਈਬਲਾਂ ਵੀ ਇਹੀ ਸੰਕੇਤ ਦਿੰਦੀਆਂ ਹਨ ਕਿ ਸ਼ਤਾਨ ‘ਮੌਤ ਦਾ ਸੁਆਮੀ’ ਹੈ ਅਤੇ ਉਸ ਕੋਲ ‘ਮੌਤ ਉੱਤੇ ਸ਼ਕਤੀ’ ਹੈ। ਪਰ ਕੀ ਇਹ ਸੱਚ ਹੈ? ਨਹੀਂ, ਕਿਉਂਕਿ ਜੇ ਇਸ ਤਰ੍ਹਾਂ ਹੁੰਦਾ, ਤਾਂ ਸੰਭਵ ਹੈ ਕਿ ਉਸ ਨੇ ਬਹੁਤ ਸਮਾਂ ਪਹਿਲਾਂ ਯਹੋਵਾਹ ਦੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾ ਦੇਣਾ ਸੀ।—ਉਤਪਤ 3:15.
“ਵੱਸ ਵਿੱਚ ਮੌਤ” ਲਈ ਜੋ ਲਫ਼ਜ਼ ਮੁਢਲੀ ਯੂਨਾਨੀ ਭਾਸ਼ਾ ਵਿਚ ਵਰਤੇ ਗਏ ਹਨ, ਉਨ੍ਹਾਂ ਦੇ ਦੋ ਖ਼ਾਸ ਹਿੱਸੇ ਹਨ। ਇਕ ਹਿੱਸੇ ਦਾ ਮਤਲਬ “ਮੌਤ” ਹੈ ਅਤੇ ਦੂਜੇ ਹਿੱਸੇ ਦਾ ਮਤਲਬ “ਸ਼ਕਤੀ, ਤਾਕਤ ਜਾਂ ਬਲ” ਹੈ। ਇਕ ਕੋਸ਼ ਮੁਤਾਬਕ ਇਹ ਸ਼ਬਦ ਸ਼ਕਤੀ ਦੀ ਹੋਂਦ ਉੱਤੇ ਜ਼ੋਰ ਦਿੰਦੇ ਹਨ ਨਾ ਕਿ ਇਸ ਦੀ ਵਰਤੋਂ ਉੱਤੇ। ਇਸ ਲਈ ਇਬਰਾਨੀਆਂ 2:14 ਵਿਚ ਪੌਲੁਸ ਦੇ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਮੌਤ ਉੱਤੇ ਸ਼ਤਾਨ ਦਾ ਪੂਰਾ ਵੱਸ ਹੈ। ਇਸ ਦੀ ਬਜਾਇ, ਉਹ ਕਹਿ ਰਿਹਾ ਸੀ ਕਿ ਸ਼ਤਾਨ ਕਿਸੇ ਨੂੰ ਮਾਰ ਜਾਂ ਮਰਵਾ ਸਕਦਾ ਹੈ।
ਸ਼ਤਾਨ ਇਨਸਾਨਾਂ ਨੂੰ ਕਿਸ ਤਰ੍ਹਾਂ ਮਾਰ ਜਾਂ ਮਰਵਾ ਸਕਦਾ ਹੈ? ਅੱਯੂਬ ਦੀ ਪੁਸਤਕ ਵਿਚ ਅਸੀਂ ਇਕ ਅਨੋਖੀ ਘਟਨਾ ਬਾਰੇ ਪੜ੍ਹਦੇ ਹਾਂ। ਬਿਰਤਾਂਤ ਦੱਸਦਾ ਹੈ ਕਿ ਸ਼ਤਾਨ ਨੇ ਹਨੇਰੀ ਵਗਾ ਕੇ ਅੱਯੂਬ ਦੇ ਬੱਚਿਆਂ ਨੂੰ ਮਾਰ ਦਿੱਤਾ। ਧਿਆਨ ਦਿਓ ਕਿ ਯਹੋਵਾਹ ਨੇ ਸ਼ਤਾਨ ਨੂੰ ਇਸ ਤਰ੍ਹਾਂ ਸਿਰਫ਼ ਇਸ ਲਈ ਕਰਨ ਦਿੱਤਾ ਤਾਂਕਿ ਇਕ ਜ਼ਰੂਰੀ ਸਵਾਲ ਦਾ ਜਵਾਬ ਦਿੱਤਾ ਜਾ ਸਕੇ। (ਅੱਯੂਬ 1:12, 18, 19) ਪਰ ਯਹੋਵਾਹ ਨੇ ਸ਼ਤਾਨ ਨੂੰ ਅੱਯੂਬ ਦੀ ਜਾਨ ਲੈਣ ਤੋਂ ਮਨ੍ਹਾ ਕੀਤਾ ਸੀ। (ਅੱਯੂਬ 2:6) ਇਸ ਤੋਂ ਪਤਾ ਲੱਗਦਾ ਹੈ ਕਿ ਭਾਵੇਂ ਕਦੇ-ਕਦੇ ਸ਼ਤਾਨ ਨੇ ਵਫ਼ਾਦਾਰ ਇਨਸਾਨਾਂ ਦੀ ਜਾਨ ਲਈ ਹੈ, ਪਰ ਉਹ ਆਪਣੀ ਮਰਜ਼ੀ ਨਾਲ ਜਦੋਂ ਜੀ ਕਰੇ ਸਾਡੀ ਜਾਨ ਨਹੀਂ ਲੈ ਸਕਦਾ।
ਸ਼ਤਾਨ ਨੇ ਇਨਸਾਨਾਂ ਨੂੰ ਵਰਤ ਕੇ ਵੀ ਲੋਕਾਂ ਦੀਆਂ ਜਾਨਾਂ ਲਈਆਂ ਹਨ। ਨਤੀਜੇ ਵਜੋਂ ਕਈ ਮਸੀਹੀ ਆਪਣੀ ਨਿਹਚਾ ਦੀ ਖ਼ਾਤਰ ਸ਼ਹੀਦ ਹੋਏ ਹਨ। ਕਈ ਮਸੀਹੀ ਕ੍ਰੋਧਵਾਨ ਭੀੜਾਂ ਦੇ ਹੱਥੋਂ ਮਾਰੇ ਗਏ ਹਨ ਅਤੇ ਕਈ ਬਿਨਾਂ ਕਾਰਨ ਸਰਕਾਰੀ ਅਧਿਕਾਰੀਆਂ ਜਾਂ ਭ੍ਰਿਸ਼ਟ ਜੱਜਾਂ ਦੇ ਕਹਿਣ ਤੇ ਮਾਰੇ ਗਏ ਹਨ।—ਪਰਕਾਸ਼ ਦੀ ਪੋਥੀ 2:13.
ਇਸ ਤੋਂ ਇਲਾਵਾ ਸ਼ਤਾਨ ਨੇ ਇਨਸਾਨਾਂ ਦੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾ ਕੇ ਵੀ ਉਨ੍ਹਾਂ ਦੀਆਂ ਜਾਨਾਂ ਲਈਆਂ ਹਨ। ਪ੍ਰਾਚੀਨ ਇਸਰਾਏਲ ਦੇ ਸਮੇਂ ਵਿਚ ਬਿਲਆਮ ਨਬੀ ਨੇ ਮੋਆਬੀਆਂ ਨੂੰ ਇਹ ਸਲਾਹ ਦਿੱਤੀ ਸੀ ਕਿ ਉਹ ਇਸਰਾਏਲੀਆਂ ਨੂੰ ‘ਯਹੋਵਾਹ ਦੇ ਵਿਰੁੱਧ ਅਪਰਾਧ’ ਕਰਨ ਲਈ ਭਰਮਾਉਣ। (ਗਿਣਤੀ 31:16) ਨਤੀਜੇ ਵਜੋਂ 23,000 ਤੋਂ ਜ਼ਿਆਦਾ ਇਸਰਾਏਲੀ ਮਾਰੇ ਗਏ ਸਨ। (ਗਿਣਤੀ 25:9; 1 ਕੁਰਿੰਥੀਆਂ 10:8) ਅੱਜ ਵੀ ਕਈ ਲੋਕ ਸ਼ਤਾਨ ਦੇ “ਛਲ ਛਿੱਦ੍ਰਾਂ” ਵਿਚ ਫਸ ਕੇ ਬਦਚਲਣੀ ਜਾਂ ਹੋਰ ਦੁਸ਼ਟ ਕੰਮਾਂ ਵਿਚ ਲੱਗੇ ਹੋਏ ਹਨ। (ਅਫ਼ਸੀਆਂ 6:11) ਇਹ ਸੱਚ ਹੈ ਕਿ ਅਜਿਹੇ ਲੋਕ ਫ਼ੌਰਨ ਨਹੀਂ ਮਰਦੇ। ਪਰ ਉਨ੍ਹਾਂ ਨੂੰ ਇਹ ਖ਼ਤਰਾ ਜ਼ਰੂਰ ਰਹਿੰਦਾ ਹੈ ਕਿ ਉਹ ਸਦਾ ਦਾ ਜੀਵਨ ਪ੍ਰਾਪਤ ਕਰਨ ਦਾ ਮੌਕਾ ਗੁਆ ਦੇਣਗੇ। ਇਸ ਤਰ੍ਹਾਂ ਸ਼ਤਾਨ ਉਨ੍ਹਾਂ ਦੀ ਜਾਨ ਲੈਂਦਾ ਹੈ।
ਭਾਵੇਂ ਸਾਨੂੰ ਪਤਾ ਹੈ ਕਿ ਸ਼ਤਾਨ ਸਾਨੂੰ ਨੁਕਸਾਨ ਪਹੁੰਚਾ ਸਕਦਾ ਹੈ, ਫਿਰ ਵੀ ਸਾਨੂੰ ਡਰਨ ਦੀ ਲੋੜ ਨਹੀਂ। ਜਦੋਂ ਪੌਲੁਸ ਨੇ ਕਿਹਾ ਸੀ ਕਿ ਸ਼ਤਾਨ ਕੋਲ ਮਾਰਨ ਦੀ ਸ਼ਕਤੀ ਹੈ, ਤਾਂ ਉਸ ਨੇ ਇਹ ਵੀ ਕਿਹਾ ਸੀ ਕਿ ਮਸੀਹ ਇਸ ਲਈ ਮਰਿਆ ਸੀ ਤਾਂਕਿ ਉਹ “ਸ਼ਤਾਨ ਨੂੰ ਨਾਸ ਕਰੇ। ਅਤੇ ਉਨ੍ਹਾਂ ਨੂੰ ਜਿਹੜੇ ਮੌਤ ਦੇ ਡਰ ਤੋਂ ਸਾਰੀ ਉਮਰ ਗੁਲਾਮੀ ਵਿੱਚ ਫਸੇ ਹੋਏ ਸਨ ਛੁਡਾਵੇ।” (ਇਬਰਾਨੀਆਂ 2:14, 15) ਜੀ ਹਾਂ, ਯਿਸੂ ਨੇ ਵਫ਼ਾਦਾਰ ਇਨਸਾਨਾਂ ਨੂੰ ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਛੁਡਾਉਣ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ।—2 ਤਿਮੋਥਿਉਸ 1:10.
ਇਹ ਬਹੁਤ ਗੰਭੀਰ ਗੱਲ ਹੈ ਕਿ ਸ਼ਤਾਨ ਕੋਲ ਸਾਨੂੰ ਮਾਰਨ ਦੀ ਸ਼ਕਤੀ ਹੈ, ਪਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਯਹੋਵਾਹ ਸ਼ਤਾਨ ਅਤੇ ਉਸ ਦੇ ਏਜੰਟਾਂ ਦੁਆਰਾ ਕੀਤੇ ਗਏ ਹਰ ਨੁਕਸਾਨ ਨੂੰ ਠੀਕ ਕਰ ਸਕਦਾ ਹੈ। ਯਹੋਵਾਹ ਸਾਨੂੰ ਯਕੀਨ ਦਿਲਾਉਂਦਾ ਹੈ ਕਿ ਯਿਸੂ ‘ਸ਼ਤਾਨ ਦੇ ਕੰਮਾਂ ਨੂੰ ਨਸ਼ਟ ਕਰੇਗਾ।’ (1 ਯੂਹੰਨਾ 3:8) ਯਹੋਵਾਹ ਦੀ ਸ਼ਕਤੀ ਨਾਲ ਯਿਸੂ ਮੁਰਦਿਆਂ ਨੂੰ ਜੀ ਉਠਾਏਗਾ ਅਤੇ ਮੌਤ ਨੂੰ ਸਦਾ ਲਈ ਖ਼ਤਮ ਕਰੇਗਾ। (ਯੂਹੰਨਾ 5:28, 29) ਆਖ਼ਰਕਾਰ ਯਿਸੂ ਸ਼ਤਾਨ ਨੂੰ ਅਥਾਹ ਕੁੰਡ ਵਿਚ ਬੰਦ ਕਰ ਕੇ ਸਾਬਤ ਕਰੇਗਾ ਕਿ ਸ਼ਤਾਨ ਦਾ ਮੌਤ ਉੱਤੇ ਪੂਰਾ ਵੱਸ ਨਹੀਂ ਚੱਲਦਾ। ਅਖ਼ੀਰ ਵਿਚ ਸ਼ਤਾਨ ਨੂੰ ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ।—ਪਰਕਾਸ਼ ਦੀ ਪੋਥੀ 20:1-10.