ਪਿਆਰ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ
ਪਿਆਰ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ
ਇਨਸਾਨ ਦੀ ਉਮਰ ਜੋ ਮਰਜ਼ੀ ਹੋਵੇ, ਉਹ ਚਾਹੇ ਜਿਹੜੇ ਮਰਜ਼ੀ ਸਭਿਆਚਾਰ ਜਾਂ ਜਾਤ ਦਾ ਹੋਵੇ ਅਤੇ ਜਿਹੜੀ ਮਰਜ਼ੀ ਭਾਸ਼ਾ ਬੋਲਦਾ ਹੋਵੇ, ਉਹ ਪਿਆਰ ਦਾ ਭੁੱਖਾ ਜ਼ਰੂਰ ਹੁੰਦਾ ਹੈ। ਜਿੰਨੀ ਦੇਰ ਇਹ ਭੁੱਖ ਪੂਰੀ ਨਹੀਂ ਹੁੰਦੀ, ਉੱਨੀ ਦੇਰ ਉਹ ਖ਼ੁਸ਼ ਨਹੀਂ ਹੁੰਦਾ। ਇਕ ਡਾਕਟਰ ਨੇ ਲਿਖਿਆ: “ਪਿਆਰ ਅਤੇ ਦੋਸਤੀ ਜ਼ਰੂਰੀ ਚੀਜ਼ਾਂ ਹਨ ਜਿਨ੍ਹਾਂ ਦੇ ਮਿਲਣ ਜਾਂ ਨਾ ਮਿਲਣ ਦੇ ਕਾਰਨ ਅਸੀਂ ਬੀਮਾਰ ਜਾਂ ਠੀਕ ਹੁੰਦੇ ਹਾਂ, ਉਦਾਸ ਜਾਂ ਖ਼ੁਸ਼ ਹੁੰਦੇ ਹਾਂ, ਦੁਖੀ ਜਾਂ ਸੁਖੀ ਹੁੰਦੇ ਹਾਂ। ਜੇ ਕੋਈ ਨਵੀਂ ਦਵਾਈ ਇੰਨਾ ਅਸਰ ਕਰ ਸਕੇ, ਤਾਂ ਦੇਸ਼ ਦਾ ਹਰੇਕ ਡਾਕਟਰ ਮਰੀਜ਼ਾਂ ਨੂੰ ਉਹੀ ਦਵਾਈ ਲਿਖ ਕੇ ਦੇਵੇ। ਜੇ ਉਹ ਨਾ ਲਿਖ ਕੇ ਦੇਵੇ, ਤਾਂ ਇਹ ਡਾਕਟਰ ਦੀ ਗ਼ਲਤੀ ਹੋਵੇਗੀ।”
ਪਰ ਅੱਜ ਦੇ ਜ਼ਮਾਨੇ ਵਿਚ ਖ਼ਾਸ ਕਰਕੇ ਮੀਡੀਆ ਅਤੇ ਮਸ਼ਹੂਰ ਹਸਤੀਆਂ ਪਿਆਰ ਤੇ ਦੋਸਤੀ ਉੱਤੇ ਜ਼ੋਰ ਦੇਣ ਦੀ ਬਜਾਇ ਧਨ, ਦੌਲਤ, ਸ਼ੌਹਰਤ ਤੇ ਸੈਕਸ ਉੱਤੇ ਜ਼ੋਰ ਦਿੰਦੇ ਹਨ। ਬਹੁਤ ਸਾਰੇ ਅਧਿਆਪਕ ਸਿਖਾਉਂਦੇ ਹਨ ਕਿ ਜ਼ਿੰਦਗੀ ਵਿਚ ਸਫ਼ਲ ਹੋਣ ਲਈ ਪੜ੍ਹ-ਲਿਖ ਕੇ ਅਮੀਰ ਤੇ ਮਸ਼ਹੂਰ ਬਣਨਾ ਹੀ ਸਭ ਕੁਝ ਹੈ। ਇਹ ਸੱਚ ਹੈ ਕਿ ਸਿੱਖਿਆ ਹਾਸਲ ਕਰਨੀ ਅਤੇ ਕਿਸੇ ਕੰਮ ਦੇ ਲਾਇਕ ਹੋਣਾ ਜ਼ਰੂਰੀ ਗੱਲਾਂ ਹਨ, ਪਰ ਕੀ ਇਨ੍ਹਾਂ ਨੂੰ ਇਸ ਹੱਦ ਤਕ ਪਹਿਲ ਦੇਣੀ ਚਾਹੀਦੀ ਹੈ ਕਿ ਅਸੀਂ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਭੁੱਲ ਹੀ ਜਾਈਏ? ਲੋਕਾਂ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਸਮਝਣ ਵਾਲੇ ਪੁਰਾਣੇ ਜ਼ਮਾਨੇ ਦੇ ਇਕ ਪੜ੍ਹੇ-ਲਿਖੇ ਲਿਖਾਰੀ ਨੇ ਕਿਹਾ ਕਿ ਜਿਸ ਇਨਸਾਨ ਵਿਚ ਹੋਰ ਸਭ ਕੁਝ ਹੋਵੇ ਪਰ ਪਿਆਰ ਨਾ ਹੋਵੇ, ਤਾਂ ਉਹ “ਠਣ ਠਣ ਕਰਨ ਵਾਲਾ ਪਿੱਤਲ ਅਥਵਾ ਛਣ ਛਣ ਕਰਨ ਵਾਲੇ ਛੈਣੇ” ਵਰਗਾ ਹੈ। (1 ਕੁਰਿੰਥੀਆਂ 13:1) ਅਜਿਹੇ ਲੋਕ ਧਨੀ ਤੇ ਮਸ਼ਹੂਰ ਜ਼ਰੂਰ ਬਣ ਜਾਂਦੇ ਹਨ, ਪਰ ਉਹ ਅਸਲ ਵਿਚ ਖ਼ੁਸ਼ ਨਹੀਂ ਹੁੰਦੇ।
ਯਿਸੂ ਮਸੀਹ ਇਨਸਾਨਾਂ ਨੂੰ ਪੂਰੀ ਤਰ੍ਹਾਂ ਸਮਝਣ ਦੇ ਨਾਲ-ਨਾਲ ਉਨ੍ਹਾਂ ਨੂੰ ਬਹੁਤ ਪਿਆਰ ਵੀ ਕਰਦਾ ਸੀ। ਉਹ ਖ਼ਾਸਕਰ ਪਰਮੇਸ਼ੁਰ ਅਤੇ ਇਨਸਾਨਾਂ ਨਾਲ ਪਿਆਰ ਕਰਨਾ ਸਿਖਾਉਂਦਾ ਹੁੰਦਾ ਸੀ। ਉਸ ਨੇ ਕਿਹਾ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ। . . . ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।” (ਮੱਤੀ 22:37-39) ਸਿਰਫ਼ ਉਹੀ ਲੋਕ ਯਿਸੂ ਦੇ ਚੇਲੇ ਬਣ ਸਕਦੇ ਹਨ ਜੋ ਇਨ੍ਹਾਂ ਸ਼ਬਦਾਂ ਉੱਤੇ ਅਮਲ ਕਰਦੇ ਹਨ। ਇਸ ਲਈ ਉਸ ਨੇ ਇਹ ਵੀ ਕਿਹਾ ਸੀ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”—ਯੂਹੰਨਾ 13:35.
ਪਰ ਅਸੀਂ ਅੱਜ ਦੀ ਦੁਨੀਆਂ ਵਿਚ ਰਹਿੰਦਿਆਂ ਆਪਣੇ ਵਿਚ ਪਿਆਰ ਕਿਵੇਂ ਪੈਦਾ ਕਰ ਸਕਦੇ ਹਾਂ? ਮਾਪੇ ਆਪਣੇ ਬੱਚਿਆਂ ਨੂੰ ਪਿਆਰ ਕਰਨਾ ਕਿਵੇਂ ਸਿਖਾ ਸਕਦੇ ਹਨ? ਅਗਲਾ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ।
[ਸਫ਼ੇ 3 ਉੱਤੇ ਤਸਵੀਰ]
ਅੱਜ ਦੀ ਲੋਭੀ ਦੁਨੀਆਂ ਵਿਚ ਰਹਿੰਦਿਆਂ ਆਪਣੇ ਵਿਚ ਪਿਆਰ ਪੈਦਾ ਕਰਨਾ ਔਖਾ ਹੈ