Skip to content

Skip to table of contents

ਸੱਚਾ ਪਿਆਰ ਕਰਨਾ ਸਿੱਖੋ

ਸੱਚਾ ਪਿਆਰ ਕਰਨਾ ਸਿੱਖੋ

ਸੱਚਾ ਪਿਆਰ ਕਰਨਾ ਸਿੱਖੋ

“ਪਿਆਰ ਅੰਮ੍ਰਿਤ ਹੈ; ਪਿਆਰ ਜ਼ਿੰਦਗੀ ਹੈ।”—ਜੋਸਫ ਜੌਨਸਨ ਦੀ 1871 ਵਿਚ ਲਿਖੀ ਕਿਤਾਬ ਜ਼ਿੰਦਗੀ ਦਾ ਪੂਰਾ ਲਾਭ ਉਠਾਓ।

ਇਕ ਇਨਸਾਨ ਪਿਆਰ ਕਰਨਾ ਕਿਵੇਂ ਸਿੱਖਦਾ ਹੈ? ਮਨੋਵਿਗਿਆਨ ਦੀ ਪੜ੍ਹਾਈ ਕਰ ਕੇ? ਸਲਾਹ-ਮਸ਼ਵਰੇ ਦੇਣ ਵਾਲੀਆਂ ਕਿਤਾਬਾਂ ਪੜ੍ਹ ਕੇ? ਰੋਮਾਂਟਿਕ ਫ਼ਿਲਮਾਂ ਦੇਖ ਕੇ? ਨਹੀਂ। ਪਹਿਲਾਂ-ਪਹਿਲ ਇਨਸਾਨ ਆਪਣੇ ਮਾਪਿਆਂ ਦੀ ਮਿਸਾਲ ਅਤੇ ਸਿੱਖਿਆ ਤੋਂ ਪਿਆਰ ਕਰਨਾ ਸਿੱਖਦਾ ਹੈ। ਬੱਚੇ ਪਿਆਰ ਦਾ ਮਤਲਬ ਆਪਣੇ ਮਾਪਿਆਂ ਤੋਂ ਸਿੱਖਦੇ ਹਨ ਜਦੋਂ ਉਹ ਉਨ੍ਹਾਂ ਨੂੰ ਖੁਆਉਂਦੇ-ਪਿਲਾਉਂਦੇ, ਉਨ੍ਹਾਂ ਦੀ ਰੱਖਿਆ ਕਰਦੇ, ਉਨ੍ਹਾਂ ਨਾਲ ਗੱਲਬਾਤ ਕਰਦੇ ਤੇ ਉਨ੍ਹਾਂ ਵਿਚ ਨਿੱਜੀ ਦਿਲਚਸਪੀ ਲੈਂਦੇ ਹਨ। ਜਦੋਂ ਮਾਪੇ ਉਨ੍ਹਾਂ ਨੂੰ ਸਹੀ ਅਤੇ ਗ਼ਲਤ ਵਿਚ ਫ਼ਰਕ ਸਮਝਾਉਂਦੇ ਹਨ, ਤਾਂ ਇਸ ਤੋਂ ਵੀ ਬੱਚਿਆਂ ਨੂੰ ਆਪਣੇ ਮਾਪਿਆਂ ਦੇ ਪਿਆਰ ਦਾ ਅਹਿਸਾਸ ਹੁੰਦਾ ਹੈ।

ਸੱਚਾ ਪਿਆਰ ਜਜ਼ਬਾਤਾਂ ਵਿਚ ਆ ਕੇ ਨਹੀਂ ਕੀਤਾ ਜਾਂਦਾ। ਪਿਆਰ ਦਾ ਮਤਲਬ ਹੈ ਦੂਸਰਿਆਂ ਦੇ ਭਲੇ ਲਈ ਕੰਮ ਕਰਨਾ, ਭਾਵੇਂ ਉਸ ਸਮੇਂ ਉਨ੍ਹਾਂ ਨੂੰ ਚੰਗਾ ਲੱਗੇ ਜਾਂ ਨਾ। ਇਹ ਗੱਲ ਖ਼ਾਸ ਕਰਕੇ ਉਦੋਂ ਦੇਖੀ ਜਾਂਦੀ ਹੈ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਪਿਆਰ ਨਾਲ ਤਾੜਦੇ ਹਨ। ਪਿਆਰ ਦੀ ਸਭ ਤੋਂ ਵਧੀਆ ਮਿਸਾਲ ਸਾਡੇ ਸਿਰਜਣਹਾਰ ਨੇ ਖ਼ੁਦ ਕਾਇਮ ਕੀਤੀ ਹੈ। ਪੌਲੁਸ ਰਸੂਲ ਨੇ ਲਿਖਿਆ: “ਹੇ ਮੇਰੇ ਪੁੱਤ੍ਰ, ਤੂੰ ਪ੍ਰਭੁ ਦੀ ਤਾੜ ਨੂੰ ਤੁੱਛ ਨਾ ਜਾਣ, ਅਤੇ ਜਾਂ ਉਹ ਤੈਨੂੰ ਝਿੜਕੇ ਤਾਂ ਅੱਕ ਨਾ ਜਾਈਂ, ਕਿਉਂ ਜੋ ਜਿਹ ਦੇ ਨਾਲ ਪਿਆਰ ਕਰਦਾ ਹੈ, ਪ੍ਰਭੁ ਉਹ ਨੂੰ ਤਾੜਦਾ ਹੈ।”—ਇਬਰਾਨੀਆਂ 12:5, 6.

ਮਾਪਿਓ, ਤੁਸੀਂ ਯਹੋਵਾਹ ਦੀ ਰੀਸ ਕਰ ਕੇ ਆਪਣੇ ਪਰਿਵਾਰ ਨਾਲ ਪਿਆਰ ਕਿਵੇਂ ਕਰ ਸਕਦੇ ਹੋ? ਪਤੀ-ਪਤਨੀ ਦੇ ਰੂਪ ਵਿਚ ਆਪਣੇ ਰਿਸ਼ਤੇ ਦੀ ਤੁਸੀਂ ਜੋ ਮਿਸਾਲ ਕਾਇਮ ਕਰਦੇ ਹੋ ਉਹ ਕਿੰਨੀ ਜ਼ਰੂਰੀ ਹੈ?

ਪਿਆਰ ਦੀ ਮਿਸਾਲ ਬਣੋ

ਪਤੀਓ, ਕੀ ਤੁਸੀਂ ਆਪਣੀਆਂ ਪਤਨੀਆਂ ਦੀ ਕਦਰ ਅਤੇ ਇੱਜ਼ਤ ਕਰਦੇ ਹੋ? ਪਤਨੀਓ, ਕੀ ਤੁਸੀਂ ਆਪਣਿਆਂ ਪਤੀਆਂ ਨਾਲ ਪਿਆਰ ਕਰਦੀਆਂ ਹੋ ਅਤੇ ਉਨ੍ਹਾਂ ਦਾ ਸਾਥ ਦਿੰਦੀਆਂ ਹੋ? ਬਾਈਬਲ ਕਹਿੰਦੀ ਹੈ ਕਿ ਪਤੀ-ਪਤਨੀ ਨੂੰ ਇਕ-ਦੂਜੇ ਨਾਲ ਪਿਆਰ ਅਤੇ ਇਕ-ਦੂਜੇ ਦਾ ਆਦਰ ਕਰਨਾ ਚਾਹੀਦਾ ਹੈ। (ਅਫ਼ਸੀਆਂ 5:28; ਤੀਤੁਸ 2:4) ਜਦੋਂ ਉਹ ਇਸ ਤਰ੍ਹਾਂ ਕਰਦੇ ਹਨ, ਤਾਂ ਉਨ੍ਹਾਂ ਦੇ ਬੱਚੇ ਖ਼ੁਦ ਦੇਖ ਸਕਦੇ ਹਨ ਕਿ ਮਸੀਹੀ ਪਿਆਰ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਲਈ ਇਹ ਕਿੰਨਾ ਵਧੀਆ ਤੇ ਪ੍ਰਭਾਵਸ਼ਾਲੀ ਨਮੂਨਾ ਹੋ ਸਕਦਾ ਹੈ!

ਮਾਪੇ ਘਰ ਵਿਚ ਉਦੋਂ ਵੀ ਪਿਆਰ ਦੀ ਮਿਸਾਲ ਬਣਦੇ ਹਨ ਜਦੋਂ ਉਹ ਪਰਿਵਾਰ ਦੇ ਸਾਰੇ ਜੀਆਂ ਲਈ ਉੱਚੇ ਮਿਆਰ ਕਾਇਮ ਕਰਦੇ ਹਨ ਕਿ ਕਿਹੋ ਜਿਹਾ ਮਨੋਰੰਜਨ ਕਰਨਾ ਤੇ ਟੀਚੇ ਰੱਖਣੇ ਚਾਹੀਦੇ ਹਨ ਤੇ ਕਿਹੋ ਜਿਹਾ ਚਾਲ-ਚਲਣ ਠੀਕ ਹੈ ਅਤੇ ਕਿਹੜੇ ਕੰਮਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਪੂਰੀ ਦੁਨੀਆਂ ਦੇ ਪਰਿਵਾਰਾਂ ਨੂੰ ਅਜਿਹੇ ਮਿਆਰ ਕਾਇਮ ਕਰਨ ਵਿਚ ਬਾਈਬਲ ਤੋਂ ਕਾਫ਼ੀ ਮਦਦ ਮਿਲੀ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਬਾਈਬਲ ਸੱਚ-ਮੁੱਚ “ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।” (2 ਤਿਮੋਥਿਉਸ 3:16) ਮਿਸਾਲ ਲਈ ਯਿਸੂ ਦੇ ਪਹਾੜੀ ਉਪਦੇਸ਼ ਵਿਚ ਬੁਰੇ-ਭਲੇ ਬਾਰੇ ਦਿੱਤੇ ਅਸੂਲ ਅਤੇ ਜ਼ਿੰਦਗੀ ਬਾਰੇ ਪਾਈ ਜਾਂਦੀ ਨਸੀਹਤ ਸਭ ਤੋਂ ਵਧੀਆ ਸਮਝੇ ਜਾਂਦੇ ਹਨ।—ਮੱਤੀ ਦੇ 5 ਤੋਂ 7 ਅਧਿਆਇ।

ਜਦੋਂ ਸਾਰਾ ਪਰਿਵਾਰ ਪਰਮੇਸ਼ੁਰ ਦੀ ਅਗਵਾਈ ਵਿਚ ਤੇ ਉਸ ਦੇ ਮਿਆਰਾਂ ਉੱਤੇ ਚੱਲਦਾ ਹੈ, ਤਾਂ ਹਰੇਕ ਜੀਅ ਸੁਖੀ ਹੁੰਦਾ ਹੈ ਅਤੇ ਬੱਚੇ ਵੀ ਆਪਣੇ ਮਾਪਿਆਂ ਨੂੰ ਪਿਆਰ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਇੱਜ਼ਤ ਕਰਦੇ ਹਨ। ਇਸ ਦੇ ਉਲਟ, ਜਿਸ ਪਰਿਵਾਰ ਵਿਚ ਕੋਈ ਅਸੂਲ ਹੀ ਨਹੀਂ ਹਨ ਅਤੇ ਹਰੇਕ ਜੀਅ ਆਪੋ-ਆਪਣੀ ਮਰਜ਼ੀ ਕਰਦਾ ਹੈ, ਉਸ ਵਿਚ ਬੱਚੇ ਸ਼ਾਇਦ ਖਿੱਝਦੇ ਹਨ, ਗੁੱਸੇ ਹੁੰਦੇ ਹਨ ਅਤੇ ਆਪਣੇ ਮਾਪਿਆਂ ਦੇ ਖ਼ਿਲਾਫ਼ ਵੀ ਜਾਂਦੇ ਹਨ।—ਰੋਮੀਆਂ 2:21; ਕੁਲੁੱਸੀਆਂ 3:21.

ਉਨ੍ਹਾਂ ਪਰਿਵਾਰਾਂ ਬਾਰੇ ਕੀ ਜਿੱਥੇ ਇਕੱਲੀ ਮਾਂ ਜਾਂ ਇਕੱਲੇ ਪਿਤਾ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਪੈਂਦੀ ਹੈ? ਕੀ ਉਹ ਆਪਣੇ ਬੱਚਿਆਂ ਨੂੰ ਪਿਆਰ ਕਰਨਾ ਸਿਖਾ ਸਕਦੇ ਹਨ? ਜੀ ਹਾਂ! ਭਾਵੇਂ ਕਿ ਪਰਿਵਾਰ ਵਾਸਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਦੋਵੇਂ ਮਾਂ-ਬਾਪ ਇਕੱਠੇ ਮਿਲ ਕੇ ਬੱਚਿਆਂ ਨੂੰ ਸਿਖਾਉਣ, ਫਿਰ ਵੀ ਜੇ ਪਰਿਵਾਰ ਵਿਚ ਪਿਆਰ ਹੋਵੇ, ਤਾਂ ਮਾਂ ਜਾਂ ਬਾਪ ਤੋਂ ਬਿਨਾਂ ਵੀ ਬੱਚਿਆਂ ਨੂੰ ਪਿਆਰ ਕਰਨਾ ਸਿਖਾਇਆ ਜਾ ਸਕਦਾ ਹੈ। ਜੇ ਤੁਸੀਂ ਇਕੱਲੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੇ ਹੋ, ਤਾਂ ਆਪਣੇ ਪਰਿਵਾਰ ਵਿਚ ਬਾਈਬਲ ਦੇ ਅਸੂਲ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਬਾਈਬਲ ਸਲਾਹ ਦਿੰਦੀ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾਉਤਾਂ 3:5, 6; ਯਾਕੂਬ 1:5) ਜੀ ਹਾਂ, ਤੁਹਾਡੇ ਮਾਰਗ ਸਿੱਧੇ ਕਰਨ ਵਿਚ ਪਰਮੇਸ਼ੁਰ ਤੁਹਾਡੀ ਮਦਦ ਜ਼ਰੂਰ ਕਰੇਗਾ।

ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਬਹੁਤ ਸਾਰੇ ਨੌਜਵਾਨ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰ ਰਹੇ ਹਨ। ਇਨ੍ਹਾਂ ਵਿੱਚੋਂ ਕਈ ਅਜਿਹੇ ਹਨ ਜਿਨ੍ਹਾਂ ਦੀ ਪਰਵਰਿਸ਼ ਸਿਰਫ਼ ਮਾਂ ਨੇ ਜਾਂ ਸਿਰਫ਼ ਬਾਪ ਨੇ ਕੀਤੀ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਇਕੱਲੇ ਹੋਣ ਦੇ ਬਾਵਜੂਦ, ਮਾਂ ਜਾਂ ਬਾਪ ਆਪਣੇ ਬੱਚਿਆਂ ਨੂੰ ਪਿਆਰ ਕਰਨਾ ਸਿਖਾ ਸਕਦੇ ਹਨ।

ਅਸੀਂ ਸਾਰੇ ਪਿਆਰ ਕਰਨਾ ਸਿੱਖ ਸਕਦੇ ਹਾਂ

ਬਾਈਬਲ ਵਿਚ ਭਵਿੱਖਬਾਣੀ ਕੀਤੀ ਗਈ ਸੀ ਕਿ “ਅੰਤ ਦਿਆਂ ਦਿਨਾਂ” ਵਿਚ ਲੋਕ “ਨਿਰਮੋਹ” ਹੋਣਗੇ। ਕਹਿਣ ਦਾ ਮਤਲਬ ਕਿ ਪਰਿਵਾਰਾਂ ਵਿਚ ਉਹ ਪਿਆਰ ਨਹੀਂ ਰਹੇਗਾ ਜੋ ਆਮ ਕਰਕੇ ਹੋਣਾ ਚਾਹੀਦਾ ਹੈ। (2 ਤਿਮੋਥਿਉਸ 3:1, 3) ਫਿਰ ਵੀ, ਜਿਹੜੇ ਲੋਕ ਅਜਿਹੇ ਮਾਹੌਲ ਵਿਚ ਪਲੇ ਹਨ ਜਿੱਥੇ ਉਨ੍ਹਾਂ ਨੂੰ ਪਿਆਰ ਨਹੀਂ ਮਿਲਿਆ, ਉਹ ਵੀ ਪਿਆਰ ਕਰਨਾ ਸਿੱਖ ਸਕਦੇ ਹਨ। ਕਿਸ ਤਰ੍ਹਾਂ? ਯਹੋਵਾਹ ਪਰਮੇਸ਼ੁਰ ਤੋਂ ਸਿੱਖਿਆ ਲੈ ਕੇ। ਉਹ ਪਿਆਰ ਦੀ ਉੱਤਮ ਮਿਸਾਲ ਹੈ ਅਤੇ ਉਹ ਉਨ੍ਹਾਂ ਸਾਰਿਆਂ ਨਾਲ ਪਿਆਰ ਕਰਦਾ ਹੈ ਜੋ ਤਨ-ਮਨ ਨਾਲ ਉਸ ਵੱਲ ਮੁੜਦੇ ਹਨ। (1 ਯੂਹੰਨਾ 4:7, 8) ਬਾਈਬਲ ਦੇ ਇਕ ਲਿਖਾਰੀ ਨੇ ਲਿਖਿਆ: “ਬੇਸ਼ਕ ਮੇਰੇ ਮਾਂ-ਪਿਓ ਮੈਨੂੰ ਛੱਡ ਵੀ ਦੇਣ, ਪਰ ਪ੍ਰਭੂ ਮੇਰੀ ਫਿਰ ਵੀ ਸੰਭਾਲ ਕਰੇਗਾ।”—ਭਜਨ 27:10, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਯਹੋਵਾਹ ਸਾਡੇ ਲਈ ਆਪਣਾ ਪਿਆਰ ਬਹੁਤ ਸਾਰੇ ਤਰੀਕਿਆਂ ਨਾਲ ਜ਼ਾਹਰ ਕਰਦਾ ਹੈ। ਮਿਸਾਲ ਲਈ ਉਹ ਇਕ ਪਿਤਾ ਵਾਂਗ ਬਾਈਬਲ ਤੇ ਪਵਿੱਤਰ ਆਤਮਾ ਰਾਹੀਂ ਸਾਡੀ ਅਗਵਾਈ ਕਰਦਾ ਹੈ ਅਤੇ ਮਸੀਹੀ ਭਾਈਚਾਰੇ ਰਾਹੀਂ ਸਾਨੂੰ ਸਹਾਰਾ ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 119:97-105; ਲੂਕਾ 11:13; ਇਬਰਾਨੀਆਂ 10:24, 25) ਆਓ ਆਪਾਂ ਦੇਖੀਏ ਕਿ ਇਹ ਤਿੰਨ ਪ੍ਰਬੰਧ ਪਰਮੇਸ਼ੁਰ ਅਤੇ ਹੋਰਨਾਂ ਨਾਲ ਪਿਆਰ ਕਰਨ ਵਿਚ ਸਾਡੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਨ।

ਪਰਮੇਸ਼ੁਰ ਵੱਲੋਂ ਪਿਆਰ-ਭਰੀ ਅਗਵਾਈ

ਕਿਸੇ ਨਾਲ ਦੋਸਤੀ ਕਰਨ ਤੋਂ ਪਹਿਲਾਂ ਸਾਨੂੰ ਉਸ ਨੂੰ ਚੰਗੀ ਤਰ੍ਹਾਂ ਜਾਣਨ ਦੀ ਲੋੜ ਹੁੰਦੀ ਹੈ। ਬਾਈਬਲ ਰਾਹੀਂ ਯਹੋਵਾਹ ਨੇ ਆਪਣੇ ਆਪ ਬਾਰੇ ਬਹੁਤ ਕੁਝ ਦੱਸਿਆ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨੇੜੇ ਜਾਈਏ। ਪਰ ਸਿਰਫ਼ ਬਾਈਬਲ ਪੜ੍ਹਨੀ ਕਾਫ਼ੀ ਨਹੀਂ ਹੈ। ਸਾਨੂੰ ਉਸ ਦੀਆਂ ਸਿੱਖਿਆਵਾਂ ਉੱਤੇ ਅਮਲ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਆਪਣੀ ਜ਼ਿੰਦਗੀ ਵਿਚ ਉਸ ਦੇ ਲਾਭ ਦੇਖ ਸਕੀਏ। (ਜ਼ਬੂਰਾਂ ਦੀ ਪੋਥੀ 19:7-10) ਯਸਾਯਾਹ 48:17 ਵਿਚ ਯਹੋਵਾਹ ਕਹਿੰਦਾ ਹੈ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।” ਜੀ ਹਾਂ, ਯਹੋਵਾਹ ਪਿਆਰ ਦੀ ਮੂਰਤ ਹੈ ਅਤੇ ਉਹ ਸਾਡੇ ਫ਼ਾਇਦੇ ਲਈ ਸਾਨੂੰ ਸਿੱਖਿਆ ਦਿੰਦਾ ਹੈ। ਉਹ ਬੇਲੋੜੇ ਨਿਯਮ ਥੋਪ ਕੇ ਸਾਡੇ ਉੱਤੇ ਬੰਦਸ਼ਾਂ ਨਹੀਂ ਲਾਉਂਦਾ।

ਬਾਈਬਲ ਦਾ ਸਹੀ ਗਿਆਨ ਲੈ ਕੇ ਲੋਕਾਂ ਲਈ ਸਾਡਾ ਪਿਆਰ ਇਸ ਲਈ ਵਧਦਾ ਹੈ ਕਿਉਂਕਿ ਬਾਈਬਲ ਪੜ੍ਹ ਕੇ ਸਾਨੂੰ ਲੋਕਾਂ ਬਾਰੇ ਪਰਮੇਸ਼ੁਰ ਦੇ ਨਜ਼ਰੀਏ ਬਾਰੇ ਪਤਾ ਲੱਗਦਾ ਹੈ ਅਤੇ ਇਸ ਤੋਂ ਸਾਨੂੰ ਇਕ-ਦੂਜੇ ਨਾਲ ਚੰਗੀ ਤਰ੍ਹਾਂ ਪੇਸ਼ ਆਉਣ ਦੇ ਅਸੂਲ ਵੀ ਮਿਲਦੇ ਹਨ। ਅਜਿਹਾ ਗਿਆਨ ਦੂਜਿਆਂ ਨਾਲ ਪਿਆਰ ਕਰਨ ਦਾ ਠੋਸ ਆਧਾਰ ਹੈ। ਪੌਲੁਸ ਰਸੂਲ ਨੇ ਕਿਹਾ: “ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਤੁਹਾਡਾ ਪ੍ਰੇਮ ਸਮਝ ਅਤੇ ਸਭ ਪਰਕਾਰ ਦੇ ਬਿਬੇਕ [ਯਾਨੀ ਸਹੀ ਗਿਆਨ] ਨਾਲ ਹੋਰ ਤੋਂ ਹੋਰ ਵਧਦਾ ਚੱਲਿਆ ਜਾਵੇ।”—ਫ਼ਿਲਿੱਪੀਆਂ 1:9.

ਆਓ ਆਪਾਂ ਦੇਖੀਏ ਕਿ ਸਹੀ ਗਿਆਨ ਨਾਲ ਸਾਡਾ ਪਿਆਰ ਹੋਰ ਕਿਵੇਂ ਵੱਧ ਸਕਦਾ ਹੈ। ਰਸੂਲਾਂ ਦੇ ਕਰਤੱਬ 10:34, 35 ਉੱਤੇ ਗੌਰ ਕਰੋ: “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” ਜੇ ਪਰਮੇਸ਼ੁਰ ਲੋਕਾਂ ਦੀ ਜਾਤ-ਪਾਤ ਨਹੀਂ ਦੇਖਦਾ, ਬਲਕਿ ਉਨ੍ਹਾਂ ਦੀ ਸ਼ਰਧਾ ਤੇ ਉਨ੍ਹਾਂ ਦੇ ਧਰਮੀ ਕੰਮ ਦੇਖਦਾ ਹੈ, ਤਾਂ ਕੀ ਸਾਨੂੰ ਵੀ ਉਸ ਵਰਗੇ ਨਹੀਂ ਬਣਨਾ ਚਾਹੀਦਾ?—ਰਸੂਲਾਂ ਦੇ ਕਰਤੱਬ 17:26, 27; 1 ਯੂਹੰਨਾ 4:7-11, 20, 21.

ਪਿਆਰ—ਪਰਮੇਸ਼ੁਰ ਦੀ ਆਤਮਾ ਦਾ ਫਲ

ਜਿਸ ਤਰ੍ਹਾਂ ਵੇਲੇ ਸਿਰ ਮੀਂਹ ਪੈਣ ਨਾਲ ਫਲਾਂ ਦਾ ਬਾਗ਼ ਖਿੜ ਜਾਂਦਾ ਹੈ, ਉਸੇ ਤਰ੍ਹਾਂ ਪਰਮੇਸ਼ੁਰ ਦੀ ਆਤਮਾ ਲੋਕਾਂ ਵਿਚ ਉਹ ਗੁਣ ਪੈਦਾ ਕਰ ਸਕਦੀ ਹੈ ਜਿਸ ਨੂੰ ਬਾਈਬਲ ਵਿਚ “ਆਤਮਾ ਦਾ ਫਲ” ਕਿਹਾ ਗਿਆ ਹੈ। (ਗਲਾਤੀਆਂ 5:22, 23) ਆਤਮਾ ਦਾ ਮੁੱਖ ਫਲ ਪਿਆਰ ਹੈ। (1 ਕੁਰਿੰਥੀਆਂ 13:13) ਪਰ ਸਾਨੂੰ ਪਰਮੇਸ਼ੁਰ ਦੀ ਆਤਮਾ ਕਿਸ ਤਰ੍ਹਾਂ ਮਿਲਦੀ ਹੈ? ਅਸੀਂ ਪਰਮੇਸ਼ੁਰ ਦੀ ਆਤਮਾ ਲਈ ਪ੍ਰਾਰਥਨਾ ਕਰ ਸਕਦੇ ਹਾਂ ਅਤੇ ਉਹ ਸਾਨੂੰ ਆਪਣੀ ਆਤਮਾ ਜ਼ਰੂਰ ਦੇਵੇਗਾ। (ਲੂਕਾ 11:9-13) ਕੀ ਤੁਸੀਂ ਪਵਿੱਤਰ ਆਤਮਾ ਮੰਗਦੇ ਰਹਿੰਦੇ ਹੋ? ਜੇ ਤੁਸੀਂ ਮੰਗੋ, ਤਾਂ ਉਸ ਦਾ ਫਲ ਜਿਸ ਵਿਚ ਪਿਆਰ ਵੀ ਸ਼ਾਮਲ ਹੈ, ਤੁਹਾਡੀ ਜ਼ਿੰਦਗੀ ਵਿਚ ਪੈਦਾ ਹੋਵੇਗਾ।

ਪਰ ਪਰਮੇਸ਼ੁਰ ਦੀ ਆਤਮਾ ਦੇ ਖ਼ਿਲਾਫ਼ ਕੰਮ ਕਰਨ ਵਾਲੀ ਇਕ ਹੋਰ ਤਰ੍ਹਾਂ ਦੀ ਆਤਮਾ ਵੀ ਹੈ। ਬਾਈਬਲ ਇਸ ਨੂੰ “ਜਗਤ ਦਾ ਆਤਮਾ” ਕਹਿੰਦੀ ਹੈ। (1 ਕੁਰਿੰਥੀਆਂ 2:12; ਅਫ਼ਸੀਆਂ 2:2) ਇਸ ਆਤਮਾ ਦਾ ਬੁਰਾ ਅਸਰ ਹੁੰਦਾ ਹੈ ਕਿਉਂਕਿ ਇਹ ਸ਼ਤਾਨ ਵੱਲੋਂ ਹੈ ਜੋ ਉਸ “ਜਗਤ ਦਾ ਸਰਦਾਰ” ਹੈ, ਜੋ ਪਰਮੇਸ਼ੁਰ ਤੋਂ ਅੱਡ ਹੈ। (ਯੂਹੰਨਾ 12:31) ਜਿਸ ਤਰ੍ਹਾਂ ਹਵਾ ਦੇ ਜ਼ੋਰ ਨਾਲ ਮਿੱਟੀ ਤੇ ਕੂੜਾ-ਕਰਕਟ ਉੱਡ ਕੇ ਫੈਲਦਾ ਹੈ, ਉਸੇ ਤਰ੍ਹਾਂ “ਜਗਤ ਦਾ ਆਤਮਾ” ਪਿਆਰ ਨੂੰ ਨਸ਼ਟ ਕਰਨ ਵਾਲੀਆਂ ਬੁਰੀਆਂ ਕਾਮਨਾਵਾਂ ਫੈਲਾਉਂਦਾ ਹੈ।—ਗਲਾਤੀਆਂ 5:19-21.

ਲੋਕਾਂ ਵਿਚ ਬੁਰੀ ਆਤਮਾ ਉਦੋਂ ਪੈਦਾ ਹੁੰਦੀ ਹੈ ਜਦੋਂ ਉਹ ਪੈਸਿਆਂ ਮਗਰ ਲੱਗਦੇ ਹਨ, ਖ਼ੁਦਗਰਜ਼ ਤੇ ਹਿੰਸਕ ਹੁੰਦੇ ਹਨ ਅਤੇ ਪਿਆਰ ਬਾਰੇ ਗ਼ਲਤ ਨਜ਼ਰੀਆ ਰੱਖਦੇ ਹਨ। ਇਹ ਗੱਲਾਂ ਦੁਨੀਆਂ ਵਿਚ ਆਮ ਹਨ। ਜੇ ਤੁਸੀਂ ਸੱਚੇ ਪਿਆਰ ਨੂੰ ਵਧਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਜਗਤ ਦੀ ਆਤਮਾ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਯਾਕੂਬ 4:7) ਪਰ, ਉਸ ਨੂੰ ਰੋਕਣ ਲਈ ਸਿਰਫ਼ ਆਪਣੀ ਤਾਕਤ ਉੱਤੇ ਭਰੋਸਾ ਨਾ ਰੱਖੋ, ਸਗੋਂ ਯਹੋਵਾਹ ਤੋਂ ਮਦਦ ਮੰਗੋ। ਉਸ ਦੀ ਆਤਮਾ ਵਿਸ਼ਵ ਦੀ ਸਭ ਤੋਂ ਸ਼ਕਤੀਸ਼ਾਲੀ ਤਾਕਤ ਹੈ ਅਤੇ ਇਹ ਤੁਹਾਨੂੰ ਮਜ਼ਬੂਤ ਕਰ ਸਕਦੀ ਹੈ ਅਤੇ ਤੁਸੀਂ ਕਾਮਯਾਬੀ ਨਾਲ ਪਿਆਰ ਕਰਨਾ ਸਿੱਖ ਸਕਦੇ ਹੋ।—ਜ਼ਬੂਰਾਂ ਦੀ ਪੋਥੀ 121:2.

ਮਸੀਹੀ ਭਾਈਚਾਰੇ ਤੋਂ ਪਿਆਰ ਕਰਨਾ ਸਿੱਖੋ

ਜਿਸ ਤਰ੍ਹਾਂ ਘਰ ਵਿਚ ਪਿਆਰ ਦੇਖ ਕੇ ਬੱਚੇ ਪਿਆਰ ਕਰਨਾ ਸਿੱਖਦੇ ਹਨ, ਉਸੇ ਤਰ੍ਹਾਂ ਅਸੀਂ ਸਾਰੇ ਜਣੇ ਮਸੀਹੀ ਕਲੀਸਿਯਾ ਵਿਚ ਭੈਣਾਂ-ਭਰਾਵਾਂ ਨਾਲ ਸੰਗਤ ਕਰ ਕੇ ਆਪਣਾ ਪਿਆਰ ਵਧਾ ਸਕਦੇ ਹਾਂ। (ਯੂਹੰਨਾ 13:34, 35) ਦਰਅਸਲ, ਮਸੀਹੀ ਕਲੀਸਿਯਾ ਦਾ ਇਕ ਮੁੱਖ ਕੰਮ ਅਜਿਹਾ ਮਾਹੌਲ ਪੈਦਾ ਕਰਨਾ ਹੈ ਜਿੱਥੇ ਭੈਣ-ਭਰਾ ‘ਇਕ ਦੂਜੇ ਨੂੰ ਪਿਆਰ ਅਤੇ ਭਲੇ ਕੰਮ ਕਰਨ ਦੇ ਲਈ ਉਤਸਾਹ ਦਿੰਦੇ ਹਨ।’—ਇਬਰਾਨੀਆਂ 10:24, ਨਵਾਂ ਅਨੁਵਾਦ।

ਅਜਿਹੇ ਪਿਆਰ ਦੀ ਕਦਰ ਖ਼ਾਸ ਕਰਕੇ ਉਹ ਲੋਕ ਕਰਦੇ ਹਨ ਜੋ ਇਸ ਬੇਦਰਦ ਦੁਨੀਆਂ ਵਿਚ “ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ” ਹਨ। (ਮੱਤੀ 9:36) ਲੋਕਾਂ ਦੇ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਬਚਪਨ ਵਿਚ ਪਿਆਰ ਦੀ ਕਮੀ ਕਾਰਨ ਉਨ੍ਹਾਂ ਉੱਤੇ ਪਏ ਬੁਰੇ ਅਸਰਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਜੇ ਬਾਅਦ ਵਿਚ ਅਜਿਹੇ ਲੋਕਾਂ ਨੂੰ ਪਿਆਰ ਮਿਲ ਜਾਵੇ। ਤਾਂ ਫਿਰ, ਇਹ ਕਿੰਨਾ ਜ਼ਰੂਰੀ ਹੈ ਕਿ ਸਾਰੇ ਮਸੀਹੀ ਪਿਆਰ ਨਾਲ ਉਨ੍ਹਾਂ ਨਵੇਂ ਲੋਕਾਂ ਦਾ ਸੁਆਗਤ ਕਰਨ ਜੋ ਉਨ੍ਹਾਂ ਦੇ ਵਿਚਕਾਰ ਸਭਾਵਾਂ ਵਿਚ ਆਉਂਦੇ ਹਨ!

“ਪ੍ਰੇਮ ਕਦੇ ਟਲਦਾ ਨਹੀਂ”

ਬਾਈਬਲ ਕਹਿੰਦੀ ਹੈ ਕਿ “ਪ੍ਰੇਮ ਕਦੇ ਟਲਦਾ ਨਹੀਂ।” (1 ਕੁਰਿੰਥੀਆਂ 13:8) ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਪੌਲੁਸ ਰਸੂਲ ਸਾਨੂੰ ਦੱਸਦਾ ਹੈ: “ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ। ਪ੍ਰੇਮ ਖੁਣਸ ਨਹੀਂ ਕਰਦਾ। ਪ੍ਰੇਮ ਫੁੱਲਦਾ ਨਹੀਂ, ਪ੍ਰੇਮ ਫੂੰ ਫੂੰ ਨਹੀਂ ਕਰਦਾ। ਕੁਚੱਜਿਆਂ ਨਹੀਂ ਕਰਦਾ, ਆਪ ਸੁਆਰਥੀ ਨਹੀਂ, ਚਿੜ੍ਹਦਾ ਨਹੀਂ, ਬੁਰਾ ਨਹੀਂ ਮੰਨਦਾ।” (1 ਕੁਰਿੰਥੀਆਂ 13:4, 5) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਿਆਰ ਕੋਈ ਸੁਪਨਾ ਨਹੀਂ ਹੈ। ਇਸ ਦੇ ਉਲਟ, ਜਿਹੜੇ ਲੋਕ ਪਿਆਰ ਕਰਦੇ ਹਨ ਉਹ ਜਾਣਦੇ ਹਨ ਕਿ ਜ਼ਿੰਦਗੀ ਵਿਚ ਸੁਖ ਤੋਂ ਇਲਾਵਾ ਦੁੱਖ ਵੀ ਹੁੰਦਾ ਹੈ, ਪਰ ਉਹ ਦੁੱਖ ਦੇ ਵੇਲੇ ਵੀ ਦੂਸਰਿਆਂ ਲਈ ਆਪਣਾ ਪਿਆਰ ਜ਼ਾਹਰ ਕਰਦੇ ਰਹਿੰਦੇ ਹਨ। ਅਜਿਹਾ ਪਿਆਰ “ਸੰਪੂਰਨਤਾਈ ਦਾ ਬੰਧ ਹੈ।”—ਕੁਲੁੱਸੀਆਂ 3:12-14.

ਕੋਰੀਆ ਵਿਚ ਇਕ 17 ਸਾਲ ਦੀ ਲੜਕੀ ਦੀ ਮਿਸਾਲ ਵੱਲ ਧਿਆਨ ਦਿਓ। ਜਦੋਂ ਉਹ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਲੱਗੀ, ਤਾਂ ਉਸ ਦੇ ਪਰਿਵਾਰ ਨੂੰ ਇਹ ਬੁਰਾ ਲੱਗਾ ਅਤੇ ਉਸ ਨੂੰ ਘਰੋਂ ਜਾਣਾ ਪਿਆ। ਪਰ ਗੁੱਸੇ ਹੋਣ ਦੀ ਬਜਾਇ, ਉਸ ਨੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਅਤੇ ਪਰਮੇਸ਼ੁਰ ਦੇ ਬਚਨ ਅਤੇ ਉਸ ਦੀ ਆਤਮਾ ਨੂੰ ਆਪਣੀ ਸੋਚਣੀ ਉੱਤੇ ਅਸਰ ਕਰਨ ਦਿੱਤਾ। ਇਸ ਤੋਂ ਬਾਅਦ, ਉਹ ਆਪਣੇ ਪਰਿਵਾਰ ਨੂੰ ਅਕਸਰ ਚਿੱਠੀਆਂ ਲਿਖ ਕੇ ਦੱਸਦੀ ਸੀ ਕਿ ਉਹ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੀ ਹੈ। ਨਤੀਜੇ ਵਜੋਂ, ਉਸ ਦੇ ਦੋ ਵੱਡੇ ਭਰਾ ਬਾਈਬਲ ਸਟੱਡੀ ਕਰਨ ਲੱਗੇ ਅਤੇ ਉਹ ਵੀ ਮਸੀਹੀ ਬਣ ਗਏ। ਉਸ ਦੀ ਮਾਂ ਅਤੇ ਛੋਟੇ ਭਰਾ ਨੇ ਵੀ ਬਾਈਬਲ ਦੀ ਸੱਚਾਈ ਨੂੰ ਸਵੀਕਾਰ ਕਰ ਲਿਆ। ਅਖ਼ੀਰ ਵਿਚ ਉਸ ਦੇ ਪਿਤਾ ਦਾ ਵੀ ਦਿਲ ਨਰਮ ਹੋਇਆ ਜੋ ਪਹਿਲਾਂ ਬਹੁਤ ਵਿਰੋਧ ਕਰਦਾ ਸੀ। ਇਸ ਲੜਕੀ ਨੇ ਦੱਸਿਆ: “ਸਾਡੇ ਸਾਰੇ ਭੈਣਾਂ-ਭਰਾਵਾਂ ਦੇ ਵਿਆਹ ਮਸੀਹੀਆਂ ਨਾਲ ਹੋਏ ਅਤੇ ਹੁਣ ਸਾਡੇ ਪਰਿਵਾਰ ਦੇ 23 ਜੀਅ ਯਹੋਵਾਹ ਦੀ ਸੇਵਾ ਕਰ ਰਹੇ ਹਨ।” ਪਿਆਰ ਦੀ ਕਿੰਨੀ ਵੱਡੀ ਜਿੱਤ ਹੋਈ!

ਕੀ ਤੁਸੀਂ ਆਪਣੇ ਵਿਚ ਸੱਚਾ ਪਿਆਰ ਪੈਦਾ ਕਰਨਾ ਚਾਹੁੰਦੇ ਹੋ ਅਤੇ ਇਸ ਤਰ੍ਹਾਂ ਕਰਨ ਵਿਚ ਦੂਸਰਿਆਂ ਦੀ ਵੀ ਮਦਦ ਕਰਨੀ ਚਾਹੁੰਦੇ ਹੋ? ਤਾਂ ਫਿਰ ਯਹੋਵਾਹ ਵੱਲ ਮੁੜੋ ਜੋ ਪਿਆਰ ਦੀ ਉੱਤਮ ਮਿਸਾਲ ਹੈ। ਜੀ ਹਾਂ, ਉਸ ਦੇ ਬਚਨ ਉੱਤੇ ਅਮਲ ਕਰੋ, ਪਵਿੱਤਰ ਆਤਮਾ ਲਈ ਪ੍ਰਾਰਥਨਾ ਕਰੋ ਅਤੇ ਮਸੀਹੀ ਭਾਈਚਾਰੇ ਨਾਲ ਬਾਕਾਇਦਾ ਸੰਗਤ ਰੱਖੋ। (ਯਸਾਯਾਹ 11:9; ਮੱਤੀ 5:5) ਇਹ ਜਾਣ ਕੇ ਸਾਡੇ ਦਿਲ ਕਿੰਨੇ ਖ਼ੁਸ਼ ਹੁੰਦੇ ਹਨ ਕਿ ਬਹੁਤ ਜਲਦੀ ਬੁਰੇ ਲੋਕਾਂ ਨੂੰ ਖ਼ਤਮ ਕੀਤਾ ਜਾਵੇਗਾ ਅਤੇ ਸਿਰਫ਼ ਉਹ ਲੋਕ ਬਚਣਗੇ ਜੋ ਸੱਚਾ ਪਿਆਰ ਕਰਦੇ ਹਨ! ਵਾਕਈ, ਖ਼ੁਸ਼ੀ ਅਤੇ ਜ਼ਿੰਦਗੀ ਪਾਉਣ ਲਈ ਪਿਆਰ ਹੀ ਸਭ ਤੋਂ ਜ਼ਰੂਰੀ ਚੀਜ਼ ਹੈ।—ਜ਼ਬੂਰਾਂ ਦੀ ਪੋਥੀ 37:10, 11; 1 ਯੂਹੰਨਾ 3:14.

[ਸਫ਼ੇ 6 ਉੱਤੇ ਤਸਵੀਰ]

ਪ੍ਰਾਰਥਨਾ ਅਤੇ ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰ ਕੇ ਅਸੀਂ ਸੱਚਾ ਪਿਆਰ ਕਰਨਾ ਸਿੱਖ ਸਕਦੇ ਹਾਂ