Skip to content

Skip to table of contents

ਦੁਹਾਈ ਦੇਣ ਵਾਲਿਆਂ ਲਈ ਦਿਲਾਸਾ

ਦੁਹਾਈ ਦੇਣ ਵਾਲਿਆਂ ਲਈ ਦਿਲਾਸਾ

ਦੁਹਾਈ ਦੇਣ ਵਾਲਿਆਂ ਲਈ ਦਿਲਾਸਾ

ਬਾਈਬਲ ਮਾਨਸਿਕ ਰੋਗਾਂ ਦਾ ਇਲਾਜ ਕਰਨ ਦੀ ਕਿਤਾਬ ਨਹੀਂ ਹੈ। ਪਰ ਇਸ ਤੋਂ ਸਾਨੂੰ ਹੌਸਲਾ ਤੇ ਤਸੱਲੀ ਜ਼ਰੂਰ ਮਿਲਦੀ ਹੈ। ਭਾਵੇਂ ਸਾਡੀਆਂ ਜ਼ਿੰਦਗੀਆਂ ਮੁਸ਼ਕਲਾਂ ਨਾਲ ਭਰੀਆਂ ਵੀ ਹੋਣ ਇਹ ਸਾਨੂੰ ਖ਼ੁਸ਼ੀ ਪਾਉਣ ਵਿਚ ਮਦਦ ਦਿੰਦੀ ਹੈ। ਵੈਸੇ, ਬਾਈਬਲ ਕਹਿੰਦੀ ਹੈ ਕਿ “ਆਦਮੀ ਜੋ ਤੀਵੀਂ ਤੋਂ ਜੰਮਦਾ ਹੈ ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ।” (ਅੱਯੂਬ 14:1) ਅਸੀਂ ਆਪਣੀਆਂ ਕਮੀਆਂ ਕਰਕੇ ਵੀ ਕਦੀ-ਕਦੀ ਆਪਣੇ ਆਪ ਤੇ ਦੁੱਖ ਲਿਆਉਂਦੇ ਹਾਂ। ਪਰ ਇਨਸਾਨਾਂ ਦੇ ਦੁੱਖ ਲਈ ਖ਼ਾਸ ਕਰਕੇ ਕੌਣ ਜ਼ਿੰਮੇਵਾਰ ਹੈ?

ਬਾਈਬਲ ਸਾਨੂੰ ਦੱਸਦੀ ਹੈ ਕਿ ਇਕ ਦੁਸ਼ਟ ਆਤਮਾ ਯਾਨੀ ਸ਼ਤਾਨ ਇਨ੍ਹਾਂ ਲਈ ਜ਼ਿੰਮੇਵਾਰ ਹੈ। ਉਹ ਤਾਂ “ਸਾਰੇ ਜਗਤ ਨੂੰ ਭਰਮਾਉਂਦਾ ਹੈ” ਅਤੇ ਉਨ੍ਹਾਂ ਕਈਆਂ ਦੁੱਖਾਂ ਲਈ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਅੱਜ ਇਨਸਾਨਾਂ ਨੂੰ ਘੇਰਿਆ ਹੋਇਆ ਹੈ। ਪਰ ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਉਸ ਦਾ ਸਮਾਂ ਥੋੜ੍ਹਾ ਹੀ ਰਹਿੰਦਾ ਹੈ। (ਪਰਕਾਸ਼ ਦੀ ਪੋਥੀ 12:9, 12) ਜਲਦੀ ਹੀ ਪਰਮੇਸ਼ੁਰ ਕਦਮ ਚੁੱਕ ਕੇ ਉਹ ਸਾਰੇ ਦੁੱਖ ਮਿਟਾਵੇਗਾ ਜੋ ਸ਼ਤਾਨ ਨੇ ਇਸ ਦੁਨੀਆਂ ਤੇ ਲਿਆਂਦੇ ਹਨ। ਬਾਈਬਲ ਵਿਚ ਲਿਖਿਆ ਹੈ ਕਿ ਪਰਮੇਸ਼ੁਰ ਦੇ ਵਾਅਦਿਆਂ ਅਨੁਸਾਰ ਧਰਮ ਨਾਲ ਭਰੀ ਨਵੀਂ ਧਰਤੀ ਵਿਚ ਉਹ ਨਿਰਾਸ਼ਾ ਦਾ ਹਰ ਕਾਰਨ ਖ਼ਤਮ ਕਰੇਗਾ।—2 ਪਤਰਸ 3:13.

ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਇਨਸਾਨਾਂ ਦੇ ਦੁੱਖ ਥੋੜ੍ਹੇ ਹੀ ਚਿਰ ਲਈ ਰਹਿਣਗੇ! ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਯਿਸੂ ਮਸੀਹ ਨੇ ਬੇਇਨਸਾਫ਼ੀ ਤੇ ਕਸ਼ਟ ਦਾ ਅੰਤ ਲਿਆਉਣਾ ਹੈ। ਯਿਸੂ ਬਾਰੇ ਬਾਈਬਲ ਵਿਚ ਲਿਖਿਆ ਹੈ: “ਉਹ ਤਾਂ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ, ਅਤੇ ਉਨ੍ਹਾਂ ਦਾ ਲਹੂ ਉਹ ਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ।”—ਜ਼ਬੂਰਾਂ ਦੀ ਪੋਥੀ 72:12-14.

ਇਨ੍ਹਾਂ ਗੱਲਾਂ ਦੀ ਪੂਰਤੀ ਦਾ ਸਮਾਂ ਆ ਪਹੁੰਚਿਆ ਹੈ। ਅਸੀਂ ਧਰਤੀ ਤੇ ਵਧੀਆ ਹਾਲਤਾਂ ਵਿਚ ਸਦਾ ਦੇ ਜੀਵਨ ਦਾ ਆਨੰਦ ਮਾਣ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 37:10, 11; ਯੂਹੰਨਾ 17:3) ਬਾਈਬਲ ਦੇ ਇਨ੍ਹਾਂ ਵਾਅਦਿਆਂ ਬਾਰੇ ਜਾਣਨ ਤੋਂ ਬਾਅਦ ਦੁਹਾਈ ਦੇਣ ਵਾਲਿਆਂ ਨੂੰ ਦਿਲਾਸਾ ਹੀ ਨਹੀਂ, ਪਰ ਭਵਿੱਖ ਲਈ ਪੱਕੀ ਉਮੀਦ ਵੀ ਮਿਲਦੀ ਹੈ।

[ਸਫ਼ੇ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਨਿਰਾਸ਼ ਲੜਕੀ: Photo ILO/J. Maillard