Skip to content

Skip to table of contents

ਯਹੋਵਾਹ ਦੇ ਦਿਨ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਲੋਕਾਂ ਨੂੰ ਕਿਸ ਨਜ਼ਰ ਨਾਲ ਦੇਖਣਾ ਚਾਹੀਦਾ ਹੈ?

ਯਹੋਵਾਹ ਦੇ ਦਿਨ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਲੋਕਾਂ ਨੂੰ ਕਿਸ ਨਜ਼ਰ ਨਾਲ ਦੇਖਣਾ ਚਾਹੀਦਾ ਹੈ?

ਯਹੋਵਾਹ ਦੇ ਦਿਨ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਲੋਕਾਂ ਨੂੰ ਕਿਸ ਨਜ਼ਰ ਨਾਲ ਦੇਖਣਾ ਚਾਹੀਦਾ ਹੈ?

“ਪ੍ਰਭੁ ਆਪਣੇ ਵਾਇਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।”—2 ਪਤਰਸ 3:9.

1, 2. (ੳ) ਅੱਜ ਲੋਕਾਂ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ? (ਅ) ਅਸੀਂ ਆਪਣੇ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ?

ਯਹੋਵਾਹ ਦੇ ਸੇਵਕਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ।’ (ਮੱਤੀ 28:19) ਜਦੋਂ ਅਸੀਂ ਇਸ ਹੁਕਮ ਨੂੰ ਪੂਰਾ ਕਰਦੇ ਹਾਂ ਤੇ ‘ਯਹੋਵਾਹ ਦੇ ਮਹਾਨ ਦਿਨ’ ਨੂੰ ਉਡੀਕਦੇ ਹਾਂ, ਤਾਂ ਸਾਨੂੰ ਲੋਕਾਂ ਨੂੰ ਯਹੋਵਾਹ ਦੀ ਨਜ਼ਰ ਤੋਂ ਦੇਖਣਾ ਚਾਹੀਦਾ ਹੈ। (ਸਫ਼ਨਯਾਹ 1:14) ਯਹੋਵਾਹ ਲੋਕਾਂ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ? ਪਤਰਸ ਰਸੂਲ ਦੱਸਦਾ ਹੈ: “ਪ੍ਰਭੁ ਆਪਣੇ ਵਾਇਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9) ਪਰਮੇਸ਼ੁਰ ਹਰ ਇਨਸਾਨ ਵਿਚ ਇਸ ਗੱਲ ਦੀ ਸੰਭਾਵਨਾ ਦੇਖਦਾ ਹੈ ਕਿ ਉਹ ਤੋਬਾ ਕਰੇਗਾ। ਉਹ “ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:4) ਯਹੋਵਾਹ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਕੋਈ ‘ਦੁਸ਼ਟ ਆਪਣੀ ਰਾਹ ਤੋਂ ਮੁੜਦਾ ਹੈ, ਅਤੇ ਜੀਉਂਦਾ ਰਹਿੰਦਾ ਹੈ।’—ਹਿਜ਼ਕੀਏਲ 33:11.

2 ਕੀ ਅਸੀਂ ਵੀ ਦੂਸਰਿਆਂ ਨੂੰ ਯਹੋਵਾਹ ਦੀ ਨਜ਼ਰ ਤੋਂ ਦੇਖਦੇ ਹਾਂ? ਕੀ ਉਸ ਵਾਂਗ ਅਸੀਂ ਵੀ ਹਰ ਜਾਤ ਅਤੇ ਕੌਮ ਦੇ ਲੋਕਾਂ ਬਾਰੇ ਮਹਿਸੂਸ ਕਰਦੇ ਹਾਂ ਕਿ ਉਹ “ਉਹ ਦੀ ਜੂਹ ਦੀਆਂ ਭੇਡਾਂ” ਬਣਨਗੀਆਂ? (ਜ਼ਬੂਰਾਂ ਦੀ ਪੋਥੀ 100:3; ਰਸੂਲਾਂ ਦੇ ਕਰਤੱਬ 10:34, 35) ਆਓ ਆਪਾਂ ਦੋ ਉਦਾਹਰਣਾਂ ਉੱਤੇ ਗੌਰ ਕਰੀਏ ਜੋ ਯਹੋਵਾਹ ਵਰਗਾ ਨਜ਼ਰੀਆ ਰੱਖਣ ਦੀ ਅਹਿਮੀਅਤ ਦਿਖਾਉਂਦੀਆਂ ਹਨ। ਦੋਵੇਂ ਉਦਾਹਰਣਾਂ ਵਿਚ, ਤਬਾਹੀ ਹੋਣੀ ਤਾਂ ਪੱਕੀ ਸੀ ਅਤੇ ਯਹੋਵਾਹ ਦੇ ਸੇਵਕਾਂ ਨੂੰ ਇਸ ਬਾਰੇ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ। ਯਹੋਵਾਹ ਦੇ ਮਹਾਨ ਦਿਨ ਦੀ ਉਡੀਕ ਕਰਦੇ ਹੋਏ ਇਨ੍ਹਾਂ ਉਦਾਹਰਣਾਂ ਉੱਤੇ ਗੌਰ ਕਰਨਾ ਬਹੁਤ ਜ਼ਰੂਰੀ ਹੈ।

ਅਬਰਾਹਾਮ ਦਾ ਨਜ਼ਰੀਆ ਯਹੋਵਾਹ ਵਰਗਾ ਸੀ

3. ਸਦੂਮ ਅਤੇ ਅਮੂਰਾਹ ਦੇ ਲੋਕਾਂ ਪ੍ਰਤੀ ਯਹੋਵਾਹ ਦਾ ਨਜ਼ਰੀਆ ਕੀ ਸੀ?

3 ਪਹਿਲੀ ਉਦਾਹਰਣ ਹੈ ਵਫ਼ਾਦਾਰ ਅਬਰਾਹਾਮ ਅਤੇ ਦੋ ਬੁਰੇ ਸ਼ਹਿਰਾਂ, ਸਦੂਮ ਤੇ ਅਮੂਰਾਹ ਦੀ। ਜਦੋਂ ਯਹੋਵਾਹ ਨੇ “ਸਦੂਮ ਅਰ ਅਮੂਰਾਹ ਦਾ ਰੌਲਾ” ਸੁਣਿਆ ਯਾਨੀ ਉਨ੍ਹਾਂ ਬਾਰੇ ਸ਼ਿਕਾਇਤ ਸੁਣੀ, ਤਾਂ ਉਸ ਨੇ ਉਸੇ ਵੇਲੇ ਦੋਵਾਂ ਸ਼ਹਿਰਾਂ ਤੇ ਇਨ੍ਹਾਂ ਦੇ ਨਿਵਾਸੀਆਂ ਨੂੰ ਤਬਾਹ ਨਹੀਂ ਕਰ ਦਿੱਤਾ ਸੀ। ਉਸ ਨੇ ਪਹਿਲਾਂ ਜਾਂਚ-ਪੜਤਾਲ ਕੀਤੀ। (ਉਤਪਤ 18:20, 21) ਦੋ ਸਵਰਗ ਦੂਤ ਸਦੂਮ ਸ਼ਹਿਰ ਨੂੰ ਘੱਲੇ ਗਏ ਜਿੱਥੇ ਉਹ ਧਰਮੀ ਆਦਮੀ ਲੂਤ ਦੇ ਘਰ ਠਹਿਰੇ। ਜਿਸ ਰਾਤ ਦੂਤ ਪਹੁੰਚੇ ਸਨ, ਉਸੇ ਰਾਤ “ਨਗਰ ਦੇ ਮਨੁੱਖਾਂ ਨੇ ਕੀ ਗਭਰੂ ਕੀ ਬੁੱਢਾ ਸਭ ਪਾਸਿਓਂ ਉਸ ਘਰ ਨੂੰ ਘੇਰ ਲਿਆ।” ਉਹ ਸਮਲਿੰਗੀ ਆਦਮੀ ਦੂਤਾਂ ਨਾਲ ਸਰੀਰਕ ਸੰਬੰਧ ਕਾਇਮ ਕਰਨੇ ਚਾਹੁੰਦੇ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਸ਼ਹਿਰ ਦੇ ਲੋਕ ਇੰਨੇ ਵਿਗੜ ਚੁੱਕੇ ਸਨ ਕਿ ਉਹ ਤਬਾਹ ਕੀਤੇ ਜਾਣ ਦੇ ਲਾਇਕ ਸਨ। ਦੂਤਾਂ ਨੇ ਲੂਤ ਨੂੰ ਕਿਹਾ: “ਤੇਰੇ ਕੋਲ ਹੋਰ ਕੌਣ ਐਥੇ ਹੈ? ਆਪਣੇ ਜਵਾਈਆਂ ਅਰ ਪੁੱਤ੍ਰਾਂ ਅਰ ਧੀਆਂ ਨੂੰ ਅਰ ਉਹ ਸਭ ਕੁਝ ਜੋ ਤੇਰਾ ਏਸ ਨਗਰ ਵਿੱਚ ਹੈ ਬਾਹਰ ਲੈ ਜਾਹ।” ਯਹੋਵਾਹ ਨੇ ਉਸ ਸ਼ਹਿਰ ਦੇ ਕੁਝ ਲੋਕਾਂ ਨੂੰ ਬਚਾਉਣ ਦਾ ਪ੍ਰਬੰਧ ਕੀਤਾ। ਪਰ ਅਖ਼ੀਰ ਵਿਚ ਸਿਰਫ਼ ਲੂਤ ਤੇ ਉਸ ਦੀਆਂ ਦੋ ਧੀਆਂ ਹੀ ਤਬਾਹੀ ਤੋਂ ਬਚੀਆਂ।—ਉਤਪਤ 19:4, 5, 12, 16, 23-26.

4, 5. ਅਬਰਾਹਾਮ ਨੇ ਸਦੂਮ ਦੇ ਵਾਸੀਆਂ ਲਈ ਬੇਨਤੀ ਕਿਉਂ ਕੀਤੀ ਸੀ ਅਤੇ ਕੀ ਲੋਕਾਂ ਪ੍ਰਤੀ ਉਸ ਦਾ ਨਜ਼ਰੀਆ ਯਹੋਵਾਹ ਵਰਗਾ ਸੀ?

4 ਹੁਣ ਆਓ ਆਪਾਂ ਗੌਰ ਕਰੀਏ ਕਿ ਜਦੋਂ ਯਹੋਵਾਹ ਨੇ ਅਬਰਾਹਾਮ ਨੂੰ ਸਦੂਮ ਅਤੇ ਅਮੂਰਾਹ ਦੀ ਹੋਣ ਵਾਲੀ ਤਬਾਹੀ ਬਾਰੇ ਦੱਸਿਆ ਸੀ, ਤਾਂ ਅਬਰਾਹਾਮ ਦਾ ਕੀ ਰਵੱਈਆ ਸੀ। ਉਸ ਵੇਲੇ ਅਬਰਾਹਾਮ ਨੇ ਯਹੋਵਾਹ ਨੂੰ ਬੇਨਤੀ ਕੀਤੀ ਸੀ: “ਸ਼ਾਇਤ ਉਸ ਨਗਰ ਵਿੱਚ ਪੰਜਾਹ ਧਰਮੀ ਹੋਣ। ਕੀ ਤੂੰ ਜ਼ਰੂਰ ਉਸ ਥਾਂ ਨੂੰ ਮਿਟਾ ਦੇਵੇਂਗਾ ਅਰ ਉਹ ਨੂੰ ਉਨ੍ਹਾਂ ਪੰਜਾਹਾਂ ਧਰਮੀਆਂ ਦੇ ਕਾਰਨ ਜੋ ਉਸ ਵਿੱਚ ਹਨ ਛੱਡ ਨਾ ਦੇਵੇਂਗਾ? ਐਉਂ ਕਰਨਾ ਅਰਥਾਤ ਧਰਮੀ ਨੂੰ ਕੁਧਰਮੀ ਨਾਲ ਮਾਰਨਾ ਤੈਥੋਂ ਦੂਰ ਹੋਵੇ ਤਾਂ ਧਰਮੀ ਕੁਧਰਮੀ ਦੇ ਤੁੱਲ ਹੋ ਜਾਵੇਗਾ। ਇਹ ਤੈਥੋਂ ਦੂਰ ਹੋਵੇ। ਕੀ ਸਾਰੀ ਧਰਤੀ ਦਾ ਨਿਆਈ ਨਿਆਉਂ ਨਾ ਕਰੇਗਾ?” ਅਬਰਾਹਾਮ ਨੇ ਦੋ ਵਾਰ ਇਹ ਕਿਹਾ ਸੀ: ‘ਇਹ ਤੈਥੋਂ ਦੂਰ ਹੋਵੇ।’ ਅਬਰਾਹਾਮ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਯਹੋਵਾਹ ਦੁਸ਼ਟਾਂ ਦੇ ਨਾਲ ਧਰਮੀਆਂ ਨੂੰ ਕਦੇ ਨਾਸ਼ ਨਹੀਂ ਕਰੇਗਾ। ਯਹੋਵਾਹ ਨੇ ਕਿਹਾ ਕਿ ਜੇ “ਪੰਜਾਹ ਧਰਮੀ ਨਗਰ ਦੇ ਵਿਚਕਾਰ” ਹੋਣ, ਤਾਂ ਉਹ ਸਦੂਮ ਨੂੰ ਤਬਾਹ ਨਹੀਂ ਕਰੇਗਾ। ਇਸ ਤੋਂ ਬਾਅਦ ਅਬਰਾਹਾਮ ਧਰਮੀ ਆਦਮੀਆਂ ਦੀ ਗਿਣਤੀ ਘਟਾਉਂਦਾ-ਘਟਾਉਂਦਾ ਦਸ ਤਕ ਆ ਗਿਆ।—ਉਤਪਤ 18:22-33.

5 ਕੀ ਯਹੋਵਾਹ ਅਬਰਾਹਾਮ ਦੀ ਬੇਨਤੀ ਸੁਣਦਾ ਜੇ ਉਸ ਦਾ ਨਜ਼ਰੀਆ ਪਰਮੇਸ਼ੁਰ ਦੇ ਨਜ਼ਰੀਏ ਤੋਂ ਉਲਟ ਹੁੰਦਾ? ਬਿਲਕੁਲ ਨਹੀਂ। “ਪਰਮੇਸ਼ੁਰ ਦਾ ਮਿੱਤਰ” ਹੋਣ ਕਰਕੇ ਅਬਰਾਹਾਮ ਯਹੋਵਾਹ ਦੇ ਨਜ਼ਰੀਏ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਉਸ ਦਾ ਨਜ਼ਰੀਆ ਵੀ ਯਹੋਵਾਹ ਵਰਗਾ ਸੀ। (ਯਾਕੂਬ 2:23) ਸਦੂਮ ਅਤੇ ਅਮੂਰਾਹ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਪਹਿਲਾਂ ਯਹੋਵਾਹ ਅਬਰਾਹਾਮ ਦੀ ਬੇਨਤੀ ਸੁਣਨ ਲਈ ਤਿਆਰ ਸੀ। ਕਿਉਂ? ਕਿਉਂਕਿ ਸਾਡਾ ਸਵਰਗੀ ਪਿਤਾ “ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।”

ਯੂਨਾਹ ਦਾ ਨਜ਼ਰੀਆ ਬਿਲਕੁਲ ਉਲਟ ਸੀ

6. ਯੂਨਾਹ ਦੀ ਗੱਲ ਸੁਣ ਕੇ ਨੀਨਵਾਹ ਦੇ ਲੋਕਾਂ ਨੇ ਕੀ ਕੀਤਾ ਸੀ?

6 ਆਓ ਹੁਣ ਆਪਾਂ ਦੂਸਰੀ ਉਦਾਹਰਣ ਤੇ ਗੌਰ ਕਰੀਏ। ਇਹ ਉਦਾਹਰਣ ਹੈ ਯੂਨਾਹ ਦੀ। ਇਸ ਵਾਰ ਤਬਾਹ ਹੋਣ ਦੀ ਵਾਰੀ ਨੀਨਵਾਹ ਸ਼ਹਿਰ ਦੀ ਸੀ। ਯੂਨਾਹ ਨਬੀ ਨੂੰ ਇਸ ਗੱਲ ਦਾ ਐਲਾਨ ਕਰਨ ਲਈ ਕਿਹਾ ਗਿਆ ਸੀ ਕਿ ਉਸ ਸ਼ਹਿਰ ਦੀ ਬੁਰਾਈ ‘ਯਹੋਵਾਹ ਦੇ ਸਨਮੁਖ ਉਤਾਹਾਂ ਆਈ ਸੀ।’ (ਯੂਨਾਹ 1:2) ਸ਼ਹਿਰ ਦੀਆਂ ਬਾਹਰਲੀਆਂ ਬਸਤੀਆਂ ਕਰਕੇ ਨੀਨਵਾਹ ਬਹੁਤ ਵੱਡਾ ਸ਼ਹਿਰ ਸੀ “ਜਿਹ ਦੇ ਵਿੱਚ ਦਾ ਪੈਂਡਾ ਤਿੰਨ ਦਿਨਾਂ ਦਾ ਸੀ।” ਜਦੋਂ ਯੂਨਾਹ ਅਖ਼ੀਰ ਵਿਚ ਯਹੋਵਾਹ ਦਾ ਕਹਿਣਾ ਮੰਨ ਕੇ ਨੀਨਵਾਹ ਗਿਆ, ਤਾਂ ਉਸ ਨੇ ਉੱਥੇ ਐਲਾਨ ਕਰਨਾ ਸ਼ੁਰੂ ਕੀਤਾ: “ਹੋਰ ਚਾਲੀਆਂ ਦਿਨਾਂ ਨੂੰ ਨੀਨਵਾਹ ਢਾਹਿਆ ਜਾਵੇਗਾ!” ਉਸ ਵੇਲੇ ‘ਨੀਨਵਾਹ ਦੇ ਲੋਕਾਂ ਨੇ ਪਰਮੇਸ਼ੁਰ ਉੱਤੇ ਪਰਤੀਤ ਕੀਤੀ ਅਤੇ ਵਰਤ ਰੱਖਣ ਦਾ ਹੋਕਾ ਦਿੱਤਾ ਅਤੇ ਓਹਨਾਂ ਨੇ ਤੱਪੜ ਪਾ ਲਏ।’ ਨੀਨਵਾਹ ਦੇ ਰਾਜੇ ਨੇ ਵੀ ਤੋਬਾ ਕੀਤੀ।—ਯੂਨਾਹ 3:1-6.

7. ਨੀਨਵਾਹ ਦੇ ਲੋਕਾਂ ਦੇ ਪਸ਼ਚਾਤਾਪੀ ਰਵੱਈਏ ਪ੍ਰਤੀ ਯਹੋਵਾਹ ਦਾ ਕੀ ਨਜ਼ਰੀਆ ਸੀ?

7 ਇਨ੍ਹਾਂ ਲੋਕਾਂ ਦਾ ਰਵੱਈਆ ਸਦੂਮ ਦੇ ਲੋਕਾਂ ਨਾਲੋਂ ਬਿਲਕੁਲ ਵੱਖਰਾ ਸੀ। ਯਹੋਵਾਹ ਨੇ ਨੀਨਵਾਹ ਦੇ ਪਸ਼ਚਾਤਾਪੀ ਲੋਕਾਂ ਨੂੰ ਕਿਸ ਨਜ਼ਰ ਨਾਲ ਦੇਖਿਆ ਸੀ? ਯੂਨਾਹ 3:10 ਦੱਸਦਾ ਹੈ: “ਪਰਮੇਸ਼ੁਰ ਉਸ ਬੁਰਿਆਈ ਤੋਂ ਪਛਤਾਇਆ ਜੋ ਉਸ ਆਖਿਆ ਸੀ ਕਿ ਉਹ ਓਹਨਾਂ ਨਾਲ ਕਰੇਗਾ ਅਤੇ ਉਸ ਨੇ ਉਹ ਨਹੀਂ ਕੀਤੀ।” ਯਹੋਵਾਹ ਇਸ ਅਰਥ ਵਿਚ “ਪਛਤਾਇਆ” ਕਿ ਉਸ ਨੇ ਨੀਨਵਾਹ ਦੇ ਲੋਕਾਂ ਦੇ ਖ਼ਿਲਾਫ਼ ਜੋ ਕਾਰਵਾਈ ਕਰਨੀ ਸੀ, ਉਸ ਨੂੰ ਬਦਲਿਆ ਕਿਉਂਕਿ ਲੋਕਾਂ ਨੇ ਆਪਣੇ ਕੰਮਾਂ ਤੋਂ ਤੋਬਾ ਕੀਤੀ ਸੀ। ਉਸ ਵੇਲੇ ਯਹੋਵਾਹ ਦੇ ਮਿਆਰ ਨਹੀਂ ਬਦਲੇ ਸਨ, ਪਰ ਉਸ ਨੇ ਨੀਨਵਾਹ ਦੇ ਲੋਕਾਂ ਨੂੰ ਤੋਬਾ ਕਰਦੇ ਹੋਏ ਦੇਖ ਕੇ ਆਪਣਾ ਫ਼ੈਸਲਾ ਬਦਲਿਆ ਸੀ।—ਮਲਾਕੀ 3:6.

8. ਯੂਨਾਹ ਗੁੱਸੇ ਕਿਉਂ ਹੋ ਗਿਆ ਸੀ?

8 ਜਦੋਂ ਯੂਨਾਹ ਨੂੰ ਪਤਾ ਲੱਗਾ ਕਿ ਨੀਨਵਾਹ ਨਾਸ਼ ਨਹੀਂ ਹੋਵੇਗਾ, ਤਾਂ ਕੀ ਉਸ ਨੇ ਇਸ ਪੂਰੇ ਮਾਮਲੇ ਨੂੰ ਯਹੋਵਾਹ ਦੀ ਨਜ਼ਰ ਤੋਂ ਦੇਖਿਆ? ਨਹੀਂ, ਕਿਉਂਕਿ ਇਹ ਲਿਖਿਆ ਹੈ: “ਏਹ ਯੂਨਾਹ ਨੂੰ ਬਹੁਤ ਹੀ ਭੈੜਾ ਲੱਗਾ ਅਤੇ ਉਹ ਭਬਕ ਉੱਠਿਆ।” ਯੂਨਾਹ ਨੇ ਹੋਰ ਕੀ ਕੀਤਾ ਸੀ? ਬਾਈਬਲ ਦੱਸਦੀ ਹੈ: “ਉਹ ਨੇ ਯਹੋਵਾਹ ਦੇ ਅੱਗੇ ਪ੍ਰਾਰਥਨਾ ਕੀਤੀ ਅਤੇ ਆਖਿਆ ਕਿ ਜਦ ਮੈਂ ਅਜੇ ਆਪਣੇ ਦੇਸ ਵਿੱਚ ਸਾਂ, ਕੀ ਏਹ ਮੇਰਾ ਕਹਿਣਾ ਨਹੀਂ ਸੀ? ਏਸੇ ਕਾਰਨ ਮੈਂ ਕਾਹਲੀ ਨਾਲ ਤਰਸ਼ੀਸ਼ ਨੂੰ ਭੱਜਾ ਕਿਉਂ ਜੋ ਮੈਂ ਜਾਣਦਾ ਸਾਂ ਕਿ ਤੂੰ ਕਿਰਪਾਲੂ ਤੇ ਦਯਾਲੂ ਪਰਮੇਸ਼ੁਰ ਹੈਂ ਜੋ ਕ੍ਰੋਧ ਵਿੱਚ ਧੀਰਜੀ ਅਤੇ ਕਿਰਪਾ ਨਿਧਾਨ ਹੈਂ ਅਤੇ ਬੁਰਿਆਈ ਤੋਂ ਪਛਤਾਉਂਦਾ ਹੈਂ।” (ਯੂਨਾਹ 4:1, 2) ਯੂਨਾਹ ਯਹੋਵਾਹ ਦੇ ਗੁਣਾਂ ਨੂੰ ਜਾਣਦਾ ਸੀ। ਪਰ ਉਸ ਵੇਲੇ ਯੂਨਾਹ ਗੁੱਸੇ ਹੋ ਗਿਆ ਤੇ ਨੀਨਵਾਹ ਦੇ ਪਸ਼ਚਾਤਾਪੀ ਲੋਕਾਂ ਨੂੰ ਪਰਮੇਸ਼ੁਰ ਦੀ ਨਜ਼ਰ ਤੋਂ ਨਹੀਂ ਦੇਖਿਆ।

9, 10. (ੳ) ਯਹੋਵਾਹ ਨੇ ਯੂਨਾਹ ਨੂੰ ਕਿਹੜਾ ਸਬਕ ਸਿਖਾਇਆ ਸੀ? (ਅ) ਅਸੀਂ ਇਸ ਗੱਲ ਦਾ ਅੰਦਾਜ਼ਾ ਕਿੱਦਾਂ ਲਾ ਸਕਦੇ ਹਾਂ ਕਿ ਯੂਨਾਹ ਨੇ ਅਖ਼ੀਰ ਵਿਚ ਆਪਣਾ ਨਜ਼ਰੀਆ ਬਦਲ ਲਿਆ ਸੀ?

9 ਯੂਨਾਹ ਨੇ ਨੀਨਵਾਹ ਤੋਂ ਬਾਹਰ ਜਾ ਕੇ ਛੱਪਰ ਪਾ ਲਿਆ ਅਤੇ ਇਸ ਦੀ ਛਾਂ ਥੱਲੇ ਬੈਠ ਕੇ ਦੇਖਣ ਲੱਗਾ ਕਿ “ਸ਼ਹਿਰ ਦਾ ਕੀ ਹਾਲ ਹੁੰਦਾ ਹੈ।” ਯਹੋਵਾਹ ਨੇ ਇਕ ਬੂਟਾ ਉਗਾਇਆ ਤਾਂਕਿ ਯੂਨਾਹ ਨੂੰ ਛਾਂ ਮਿਲੇ। ਪਰ ਅਗਲੇ ਦਿਨ ਉਹ ਬੂਟਾ ਸੁੱਕ ਗਿਆ। ਜਦੋਂ ਯੂਨਾਹ ਨੂੰ ਇਹ ਦੇਖ ਕੇ ਗੁੱਸਾ ਆਇਆ, ਤਾਂ ਯਹੋਵਾਹ ਨੇ ਕਿਹਾ: “ਤੈਨੂੰ ਉਸ ਬੂਟੇ ਉੱਤੇ ਤਰਸ ਆਇਆ . . . ਕੀ ਏਸ ਵੱਡੇ ਸ਼ਹਿਰ ਨੀਨਵਾਹ ਉੱਤੇ ਮੈਨੂੰ ਤਰਸ ਨਹੀਂ ਸੀ ਆਉਣਾ ਚਾਹੀਦਾ ਜਿਹ ਦੇ ਵਿੱਚ ਇੱਕ ਲੱਖ ਵੀਹ ਹਜ਼ਾਰ ਜਣਿਆਂ ਨਾਲੋਂ ਵੀ ਵਧੀਕ ਹਨ ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸੱਕਦੇ ਅਤੇ ਡੰਗਰ ਵੀ ਬਹੁਤ ਹਨ?” (ਯੂਨਾਹ 4:5-11) ਇਸ ਤੋਂ ਯੂਨਾਹ ਲੋਕਾਂ ਪ੍ਰਤੀ ਯਹੋਵਾਹ ਦੇ ਨਜ਼ਰੀਏ ਬਾਰੇ ਬਹੁਤ ਕੁਝ ਸਿੱਖ ਸਕਦਾ ਸੀ।

10 ਨੀਨਵਾਹ ਦੇ ਲੋਕਾਂ ਉੱਤੇ ਤਰਸ ਖਾਣ ਬਾਰੇ ਯਹੋਵਾਹ ਨੇ ਆਪਣੀਆਂ ਜੋ ਭਾਵਨਾਵਾਂ ਜ਼ਾਹਰ ਕੀਤੀਆਂ ਸਨ, ਉਨ੍ਹਾਂ ਨੂੰ ਸੁਣ ਕੇ ਯੂਨਾਹ ਨੇ ਕੀ ਕੀਤਾ ਸੀ, ਇਸ ਬਾਰੇ ਕਿਤੇ ਦੱਸਿਆ ਨਹੀਂ ਗਿਆ। ਪਰ ਇਕ ਗੱਲ ਸਾਫ਼ ਹੈ ਕਿ ਯੂਨਾਹ ਨਬੀ ਨੇ ਨੀਨਵਾਹ ਦੇ ਪਸ਼ਚਾਤਾਪੀ ਲੋਕਾਂ ਪ੍ਰਤੀ ਆਪਣੇ ਨਜ਼ਰੀਏ ਨੂੰ ਬਦਲ ਲਿਆ ਸੀ। ਅਸੀਂ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾ ਸਕਦੇ ਹਾਂ ਕਿ ਯਹੋਵਾਹ ਨੇ ਇਸ ਪੂਰੇ ਬਿਰਤਾਂਤ ਨੂੰ ਲਿਖਣ ਲਈ ਯੂਨਾਹ ਨੂੰ ਵਰਤਿਆ ਸੀ।

ਸਾਡਾ ਨਜ਼ਰੀਆ ਕੀ ਹੈ?

11. ਜੇ ਅੱਜ ਅਬਰਾਹਾਮ ਹੁੰਦਾ, ਤਾਂ ਲੋਕਾਂ ਪ੍ਰਤੀ ਉਸ ਦਾ ਕੀ ਨਜ਼ਰੀਆ ਹੁੰਦਾ?

11 ਜਲਦੀ ਹੀ ਅਸੀਂ ਵੀ ਇਕ ਹੋਰ ਤਬਾਹੀ ਦਾ ਸਾਮ੍ਹਣਾ ਕਰਾਂਗੇ। ਇਸ ਵਾਰ ਤਬਾਹੀ ਯਹੋਵਾਹ ਦੇ ਮਹਾਨ ਦਿਨ ਦੌਰਾਨ ਇਸ ਬੁਰੀ ਦੁਨੀਆਂ ਦੀ ਹੋਵੇਗੀ। (ਲੂਕਾ 17:26-30; ਗਲਾਤੀਆਂ 1:4; 2 ਪਤਰਸ 3:10) ਜੇ ਅੱਜ ਅਬਰਾਹਾਮ ਹੁੰਦਾ, ਤਾਂ ਤਬਾਹ ਹੋਣ ਵਾਲੀ ਇਸ ਦੁਨੀਆਂ ਦੇ ਲੋਕਾਂ ਪ੍ਰਤੀ ਉਸ ਦਾ ਕੀ ਨਜ਼ਰੀਆ ਹੁੰਦਾ? ਸੰਭਵ ਹੈ ਕਿ ਉਸ ਨੂੰ ਉਨ੍ਹਾਂ ਲੋਕਾਂ ਦੀ ਚਿੰਤਾ ਹੁੰਦੀ ਜਿਨ੍ਹਾਂ ਨੇ ਅਜੇ ਤਕ ‘ਰਾਜ ਦੀ ਖ਼ੁਸ਼ ਖ਼ਬਰੀ’ ਨਹੀਂ ਸੁਣੀ। (ਮੱਤੀ 24:14) ਅਬਰਾਹਾਮ ਨੇ ਧਰਮੀ ਲੋਕਾਂ ਲਈ ਪਰਮੇਸ਼ੁਰ ਨੂੰ ਵਾਰ-ਵਾਰ ਬੇਨਤੀ ਕੀਤੀ ਸੀ ਜੋ ਸ਼ਾਇਦ ਸਦੂਮ ਵਿਚ ਰਹਿੰਦੇ ਸਨ। ਕੀ ਅਸੀਂ ਉਨ੍ਹਾਂ ਲੋਕਾਂ ਦੀ ਚਿੰਤਾ ਕਰਦੇ ਹਾਂ ਜਿਹੜੇ ਤੋਬਾ ਕਰਨ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਮੌਕਾ ਮਿਲਣ ਤੇ ਸ਼ਤਾਨ ਦੀ ਇਸ ਦੁਨੀਆਂ ਦੇ ਤੌਰ-ਤਰੀਕਿਆਂ ਨੂੰ ਛੱਡ ਦੇਣਗੇ?—1 ਯੂਹੰਨਾ 5:19; ਪਰਕਾਸ਼ ਦੀ ਪੋਥੀ 18:2-4.

12. ਸੇਵਕਾਈ ਵਿਚ ਮਿਲਣ ਵਾਲੇ ਲੋਕਾਂ ਪ੍ਰਤੀ ਯੂਨਾਹ ਵਰਗਾ ਨਜ਼ਰੀਆ ਪੈਦਾ ਕਰਨਾ ਆਸਾਨ ਕਿਉਂ ਹੈ ਅਤੇ ਅਸੀਂ ਇਸ ਬਾਰੇ ਕੀ ਕਰ ਸਕਦੇ ਹਾਂ?

12 ਬੁਰਾਈ ਦੇ ਅੰਤ ਲਈ ਤਰਸਣਾ ਚੰਗੀ ਗੱਲ ਹੈ। (ਹਬੱਕੂਕ 1:2, 3) ਪਰ ਯੂਨਾਹ ਵਰਗਾ ਨਜ਼ਰੀਆ ਪੈਦਾ ਕਰਨਾ ਬਹੁਤ ਆਸਾਨ ਹੈ। ਉਸ ਵਾਂਗ ਅਸੀਂ ਵੀ ਸ਼ਾਇਦ ਉਨ੍ਹਾਂ ਲੋਕਾਂ ਦੀ ਕੋਈ ਪਰਵਾਹ ਨਾ ਕਰੀਏ ਜੋ ਤੋਬਾ ਕਰ ਸਕਦੇ ਹਨ। ਇਸ ਤਰ੍ਹਾਂ ਖ਼ਾਸ ਕਰਕੇ ਉਦੋਂ ਹੁੰਦਾ ਹੈ ਜਦੋਂ ਅਸੀਂ ਵਾਰ-ਵਾਰ ਅਜਿਹੇ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾਉਣ ਲਈ ਜਾਂਦੇ ਹਾਂ ਜਿਹੜੇ ਲਾਪਰਵਾਹ, ਵਿਰੋਧੀ ਜਾਂ ਲੜਾਕੇ ਹਨ। ਅਸੀਂ ਸ਼ਾਇਦ ਉਨ੍ਹਾਂ ਲੋਕਾਂ ਨੂੰ ਭੁੱਲ ਹੀ ਜਾਈਏ ਜਿਨ੍ਹਾਂ ਨੂੰ ਯਹੋਵਾਹ ਅਜੇ ਇਸ ਬੁਰੀ ਦੁਨੀਆਂ ਵਿੱਚੋਂ ਕੱਢਣਾ ਚਾਹੁੰਦਾ ਹੈ। (ਰੋਮੀਆਂ 2:4) ਜੇ ਗੰਭੀਰਤਾ ਨਾਲ ਆਪਣੀ ਜਾਂਚ ਕਰਨ ਤੇ ਪਤਾ ਲੱਗਦਾ ਹੈ ਕਿ ਸਾਡਾ ਨਜ਼ਰੀਆ ਯੂਨਾਹ ਵਰਗਾ ਹੈ, ਤਾਂ ਸਾਨੂੰ ਆਪਣੇ ਨਜ਼ਰੀਏ ਨੂੰ ਬਦਲ ਕੇ ਯਹੋਵਾਹ ਵਰਗਾ ਬਣਾਉਣ ਲਈ ਮਦਦ ਵਾਸਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ।

13. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਨੂੰ ਅੱਜ ਲੋਕਾਂ ਦੀ ਚਿੰਤਾ ਹੈ?

13 ਯਹੋਵਾਹ ਉਨ੍ਹਾਂ ਲੋਕਾਂ ਦੀ ਚਿੰਤਾ ਕਰਦਾ ਹੈ ਜਿਹੜੇ ਅਜੇ ਉਸ ਦੀ ਸੇਵਾ ਨਹੀਂ ਕਰਦੇ ਅਤੇ ਉਹ ਆਪਣੇ ਸਮਰਪਿਤ ਸੇਵਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ। (ਮੱਤੀ 10:11) ਉਦਾਹਰਣ ਲਈ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣ ਕੇ ਉਹ “ਬਦਲਾ ਲੈ ਦੇਵੇਗਾ” ਯਾਨੀ ਇਨਸਾਫ਼ ਕਰੇਗਾ। (ਲੂਕਾ 18:7, 8) ਇਸ ਤੋਂ ਇਲਾਵਾ, ਯਹੋਵਾਹ ਆਪਣੇ ਸਮੇਂ ਤੇ ਆਪਣੇ ਸਾਰੇ ਵਾਅਦੇ ਅਤੇ ਮਕਸਦ ਪੂਰੇ ਕਰੇਗਾ। (ਹਬੱਕੂਕ 2:3) ਇਸ ਵਿਚ ਧਰਤੀ ਨੂੰ ਬੁਰਾਈ ਤੋਂ ਮੁਕਤ ਕਰਨਾ ਵੀ ਸ਼ਾਮਲ ਹੈ, ਜਿਵੇਂ ਉਸ ਨੇ ਬਾਅਦ ਵਿਚ ਨੀਨਵਾਹ ਦੇ ਲੋਕਾਂ ਨੂੰ ਨਾਸ਼ ਕਰ ਦਿੱਤਾ ਸੀ ਕਿਉਂਕਿ ਉਹ ਦੁਬਾਰਾ ਬੁਰਾਈ ਕਰਨ ਲੱਗ ਪਏ ਸਨ।—ਨਹੂਮ 3:5-7.

14. ਯਹੋਵਾਹ ਦੇ ਮਹਾਨ ਦਿਨ ਦੀ ਉਡੀਕ ਕਰਦੇ ਹੋਏ ਸਾਨੂੰ ਕੀ ਕਰਨਾ ਚਾਹੀਦਾ ਹੈ?

14 ਯਹੋਵਾਹ ਦੇ ਮਹਾਨ ਦਿਨ ਵਿਚ ਬੁਰੀ ਦੁਨੀਆਂ ਦੇ ਨਾਸ਼ ਹੋਣ ਤੋਂ ਪਹਿਲਾਂ, ਕੀ ਅਸੀਂ ਸਬਰ ਨਾਲ ਉਡੀਕ ਕਰਦੇ ਹੋਏ ਉਸ ਦੀ ਇੱਛਾ ਪੂਰੀ ਕਰਨ ਵਿਚ ਰੁੱਝੇ ਰਹਾਂਗੇ? ਸਾਨੂੰ ਨਹੀਂ ਪਤਾ ਕਿ ਯਹੋਵਾਹ ਦਾ ਦਿਨ ਆਉਣ ਤੋਂ ਪਹਿਲਾਂ ਪ੍ਰਚਾਰ ਦਾ ਕੰਮ ਕਿਸ ਹੱਦ ਤਕ ਕੀਤਾ ਜਾਵੇਗਾ। ਪਰ ਅਸੀਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਅੰਤ ਆਉਣ ਤੋਂ ਪਹਿਲਾਂ ਯਹੋਵਾਹ ਦੀ ਇੱਛਾ ਅਨੁਸਾਰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ। ਸਾਨੂੰ ਉਨ੍ਹਾਂ ‘ਪਦਾਰਥਾਂ’ ਯਾਨੀ ਲੋਕਾਂ ਦੀ ਚਿੰਤਾ ਕਰਨੀ ਚਾਹੀਦੀ ਹੈ ਜੋ ਅਜੇ ਯਹੋਵਾਹ ਦੇ ਭਵਨ ਵਿਚ ਲਿਆਉਣੇ ਬਾਕੀ ਹਨ ਜਿਸ ਨਾਲ ਯਹੋਵਾਹ ਦਾ ਭਵਨ ਮਹਿਮਾ ਨਾਲ ਭਰ ਜਾਵੇਗਾ।—ਹੱਜਈ 2:7.

ਸਾਡੇ ਕੰਮਾਂ ਤੋਂ ਸਾਡਾ ਨਜ਼ਰੀਆ ਪਤਾ ਲੱਗਦਾ ਹੈ

15. ਸਾਡੇ ਦਿਲ ਵਿਚ ਪ੍ਰਚਾਰ ਦੇ ਕੰਮ ਲਈ ਕਦਰ ਕਿੱਦਾਂ ਵਧੇਗੀ?

15 ਅਸੀਂ ਸ਼ਾਇਦ ਅਜਿਹੇ ਇਲਾਕੇ ਵਿਚ ਰਹਿੰਦੇ ਹੋਈਏ ਜਿੱਥੇ ਲੋਕ ਸਾਡੀ ਗੱਲ ਵਿਚ ਕੋਈ ਦਿਲਚਸਪੀ ਨਹੀਂ ਲੈਂਦੇ ਤੇ ਆਪਣੇ ਹਾਲਾਤ ਕਰਕੇ ਅਸੀਂ ਉਸ ਜਗ੍ਹਾ ਨਹੀਂ ਜਾ ਸਕਦੇ ਜਿੱਥੇ ਰਾਜ ਦੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਮੰਨ ਲਓ ਕਿ ਅੰਤ ਆਉਣ ਤੋਂ ਪਹਿਲਾਂ ਸਾਡੇ ਇਲਾਕੇ ਵਿੱਚੋਂ ਦਸ ਲੋਕ ਸੱਚਾਈ ਸਿੱਖ ਸਕਦੇ ਹਨ। ਕੀ ਅਸੀਂ ਮਹਿਸੂਸ ਕਰਦੇ ਹਾਂ ਕਿ ਉਨ੍ਹਾਂ ਦਸਾਂ ਨੂੰ ਲੱਭਣ ਲਈ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ? ਯਿਸੂ ਨੂੰ ਭੀੜਾਂ ਉੱਤੇ “ਤਰਸ ਆਇਆ ਕਿਉਂ ਜੋ ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।” (ਮੱਤੀ 9:36) ਬਾਈਬਲ ਦਾ ਅਧਿਐਨ ਕਰਨ ਅਤੇ ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲਿਆਂ ਦੇ ਲੇਖਾਂ ਨੂੰ ਧਿਆਨ ਨਾਲ ਪੜ੍ਹਨ ਨਾਲ ਸਾਨੂੰ ਇਸ ਦੁਨੀਆਂ ਦੀ ਤਰਸਯੋਗ ਹਾਲਤ ਬਾਰੇ ਜ਼ਿਆਦਾ ਜਾਣਕਾਰੀ ਮਿਲੇਗੀ। ਫਿਰ ਇਸ ਨਾਲ ਸਾਡੇ ਦਿਲ ਵਿਚ ਇਸ ਗੱਲ ਲਈ ਕਦਰ ਵਧੇਗੀ ਕਿ ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ, “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਤਿਆਰ ਕੀਤੇ ਗਏ ਬਾਈਬਲ ਆਧਾਰਿਤ ਪ੍ਰਕਾਸ਼ਨਾਂ ਦੀ ਮਦਦ ਨਾਲ, ਅਸੀਂ ਆਪਣੇ ਇਲਾਕੇ ਵਿਚ, ਜਿੱਥੇ ਵਾਰ-ਵਾਰ ਪ੍ਰਚਾਰ ਕੀਤਾ ਜਾਂਦਾ ਹੈ, ਲੋਕਾਂ ਨੂੰ ਚੰਗੀ ਤਰ੍ਹਾਂ ਕਾਇਲ ਕਰ ਸਕਾਂਗੇ।—ਮੱਤੀ 24:45-47; 2 ਤਿਮੋਥਿਉਸ 3:14-17.

16. ਅਸੀਂ ਗਵਾਹੀ ਦੇਣ ਦੀ ਆਪਣੀ ਯੋਗਤਾ ਨੂੰ ਕਿਵੇਂ ਸੁਧਾਰ ਸਕਦੇ ਹਾਂ?

16 ਲੋਕ ਜ਼ਿੰਦਗੀ ਬਚਾਉਣ ਵਾਲੇ ਬਾਈਬਲ ਦੇ ਸੰਦੇਸ਼ ਨੂੰ ਸਵੀਕਾਰ ਕਰ ਸਕਦੇ ਹਨ। ਉਨ੍ਹਾਂ ਲੋਕਾਂ ਪ੍ਰਤੀ ਸਾਡੀ ਚਿੰਤਾ ਸਾਨੂੰ ਪ੍ਰੇਰਿਤ ਕਰੇਗੀ ਕਿ ਅਸੀਂ ਲੋਕਾਂ ਨੂੰ ਪ੍ਰਚਾਰ ਕਰਨ ਦੇ ਸਮੇਂ ਅਤੇ ਤਰੀਕਿਆਂ ਵਿਚ ਤਬਦੀਲੀਆਂ ਕਰੀਏ। ਕੀ ਅਸੀਂ ਦੇਖਿਆ ਹੈ ਕਿ ਜਦੋਂ ਅਸੀਂ ਪ੍ਰਚਾਰ ਕਰਨ ਜਾਂਦੇ ਹਾਂ, ਉਦੋਂ ਬਹੁਤ ਸਾਰੇ ਲੋਕ ਘਰ ਨਹੀਂ ਹੁੰਦੇ? ਜੇ ਹਾਂ, ਤਾਂ ਅਸੀਂ ਸ਼ਾਇਦ ਕਿਸੇ ਹੋਰ ਸਮੇਂ ਤੇ ਅਤੇ ਹੋਰ ਥਾਂਵਾਂ ਤੇ ਪ੍ਰਚਾਰ ਕਰ ਕੇ ਗਵਾਹੀ ਦੇਣ ਦੀ ਆਪਣੀ ਯੋਗਤਾ ਨੂੰ ਸੁਧਾਰ ਸਕਦੇ ਹਾਂ। ਮਛੇਰੇ ਉਦੋਂ ਮੱਛੀਆਂ ਫੜਨ ਜਾਂਦੇ ਹਨ ਜਦੋਂ ਉਹ ਜ਼ਿਆਦਾ ਮੱਛੀਆਂ ਫੜ ਸਕਦੇ ਹਨ। ਕੀ ਅਸੀਂ ਵੀ ਮੱਛੀਆਂ ਫੜਨ ਦੇ ਅਧਿਆਤਮਿਕ ਕੰਮ ਵਿਚ ਇਸ ਤਰ੍ਹਾਂ ਕਰ ਸਕਦੇ ਹਾਂ? (ਮਰਕੁਸ 1:16-18) ਕਿਉਂ ਨਾ ਤੁਸੀਂ ਸ਼ਾਮ ਨੂੰ ਗਵਾਹੀ ਦੇਣ ਜਾਂ ਜਿੱਥੇ ਇਜਾਜ਼ਤ ਹੈ, ਉੱਥੇ ਟੈਲੀਫ਼ੋਨ ਰਾਹੀਂ ਗਵਾਹੀ ਦੇਣ ਦੀ ਕੋਸ਼ਿਸ਼ ਕਰੋ? ਕਈਆਂ ਨੇ ਦੇਖਿਆ ਹੈ ਕਿ ਪਾਰਕਿੰਗ ਥਾਂਵਾਂ ਤੇ, ਬਸ ਤੇ ਟਰੱਕ ਅੱਡਿਆਂ ਅਤੇ ਦੁਕਾਨਾਂ ਤੇ ਪ੍ਰਚਾਰ ਕਰਨ ਦਾ ਬਹੁਤ ਫ਼ਾਇਦਾ ਹੁੰਦਾ ਹੈ। ਜੇ ਅਸੀਂ ਹਰ ਮੌਕੇ ਤੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਦਿਖਾਵਾਂਗੇ ਕਿ ਸਾਡਾ ਰਵੱਈਆ ਅਬਰਾਹਾਮ ਵਰਗਾ ਹੈ।

17. ਅਸੀਂ ਵਿਦੇਸ਼ਾਂ ਵਿਚ ਸੇਵਾ ਕਰਨ ਵਾਲੇ ਮਿਸ਼ਨਰੀਆਂ ਅਤੇ ਦੂਸਰੇ ਮਸੀਹੀਆਂ ਨੂੰ ਕਿਨ੍ਹਾਂ ਤਰੀਕਿਆਂ ਨਾਲ ਉਤਸ਼ਾਹ ਦੇ ਸਕਦੇ ਹਾਂ?

17 ਅਜੇ ਲੱਖਾਂ ਲੋਕਾਂ ਨੇ ਰਾਜ ਦਾ ਸੰਦੇਸ਼ ਨਹੀਂ ਸੁਣਿਆ। ਪ੍ਰਚਾਰ ਕਰਨ ਦੇ ਨਾਲ-ਨਾਲ, ਕੀ ਅਸੀਂ ਆਪਣੇ ਘਰ ਬੈਠਿਆਂ ਅਜਿਹੇ ਲੋਕਾਂ ਲਈ ਆਪਣੀ ਚਿੰਤਾ ਪ੍ਰਗਟ ਕਰ ਸਕਦੇ ਹਾਂ? ਕੀ ਅਸੀਂ ਮਿਸ਼ਨਰੀਆਂ ਜਾਂ ਪੂਰੇ ਸਮੇਂ ਦੇ ਪ੍ਰਚਾਰਕਾਂ ਨੂੰ ਜਾਣਦੇ ਹਾਂ ਜੋ ਵਿਦੇਸ਼ਾਂ ਵਿਚ ਸੇਵਾ ਕਰ ਰਹੇ ਹਨ? ਜੇ ਹਾਂ, ਤਾਂ ਅਸੀਂ ਉਨ੍ਹਾਂ ਦੇ ਕੰਮ ਦੀ ਕਦਰ ਕਰਨ ਲਈ ਉਨ੍ਹਾਂ ਨੂੰ ਚਿੱਠੀਆਂ ਲਿਖ ਸਕਦੇ ਹਾਂ। ਇਸ ਤਰੀਕੇ ਨਾਲ ਲੋਕਾਂ ਪ੍ਰਤੀ ਸਾਡੀ ਚਿੰਤਾ ਕਿਵੇਂ ਪ੍ਰਗਟ ਹੋਵੇਗੀ? ਜੇ ਅਸੀਂ ਚਿੱਠੀਆਂ ਲਿਖ ਕੇ ਮਿਸ਼ਨਰੀਆਂ ਨੂੰ ਉਤਸ਼ਾਹ ਦਿੰਦੇ ਹਾਂ ਤੇ ਉਨ੍ਹਾਂ ਦੀ ਤਾਰੀਫ਼ ਕਰਦੇ ਹਾਂ, ਤਾਂ ਉਹ ਵਿਦੇਸ਼ਾਂ ਵਿਚ ਹੀ ਰਹਿਣਗੇ ਅਤੇ ਸੱਚਾਈ ਦਾ ਗਿਆਨ ਪ੍ਰਾਪਤ ਕਰਨ ਵਿਚ ਹੋਰ ਬਹੁਤ ਸਾਰੇ ਲੋਕਾਂ ਦੀ ਮਦਦ ਕਰਨਗੇ। (ਨਿਆਈਆਂ 11:40) ਅਸੀਂ ਮਿਸ਼ਨਰੀਆਂ ਲਈ ਪ੍ਰਾਰਥਨਾ ਵੀ ਕਰ ਸਕਦੇ ਹਾਂ ਅਤੇ ਦੂਸਰੇ ਦੇਸ਼ਾਂ ਵਿਚ ਰਹਿਣ ਵਾਲੇ ਵਿਅਕਤੀਆਂ ਲਈ ਵੀ ਪ੍ਰਾਰਥਨਾ ਕਰ ਸਕਦੇ ਹਾਂ ਜੋ ਸੱਚਾਈ ਦੀ ਭਾਲ ਕਰ ਰਹੇ ਹਨ। (ਅਫ਼ਸੀਆਂ 6:18-20) ਯਹੋਵਾਹ ਦੇ ਗਵਾਹਾਂ ਦੇ ਦੁਨੀਆਂ ਭਰ ਵਿਚ ਹੁੰਦੇ ਕੰਮ ਲਈ ਦਾਨ ਦੇਣ ਦੁਆਰਾ ਵੀ ਅਸੀਂ ਆਪਣੀ ਚਿੰਤਾ ਦਿਖਾ ਸਕਦੇ ਹਾਂ।—2 ਕੁਰਿੰਥੀਆਂ 8:13, 14; 9:6, 7.

ਕੀ ਤੁਸੀਂ ਦੂਜੀ ਥਾਂ ਜਾ ਸਕਦੇ ਹੋ?

18. ਕੁਝ ਮਸੀਹੀਆਂ ਨੇ ਆਪਣੇ ਦੇਸ਼ ਵਿਚ ਰਹਿੰਦਿਆਂ ਹੀ ਰਾਜ ਦੇ ਕੰਮ ਵਿਚ ਹੋਰ ਜ਼ਿਆਦਾ ਹਿੱਸਾ ਲੈਣ ਲਈ ਕੀ ਕੀਤਾ ਹੈ?

18 ਉਨ੍ਹਾਂ ਭੈਣਾਂ-ਭਰਾਵਾਂ ਨੂੰ ਆਪਣੀ ਮਿਹਨਤ ਕਰਕੇ ਬਹੁਤ ਅਸੀਸਾਂ ਮਿਲੀਆਂ ਹਨ ਜਿਹੜੇ ਉਨ੍ਹਾਂ ਇਲਾਕਿਆਂ ਵਿਚ ਜਾ ਕੇ ਰਹਿਣ ਲੱਗ ਪਏ ਜਿੱਥੇ ਰਾਜ ਦੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਪਰ ਆਪਣੇ ਦੇਸ਼ ਵਿਚ ਰਹਿੰਦਿਆਂ ਹੀ ਯਹੋਵਾਹ ਦੇ ਕਈ ਗਵਾਹਾਂ ਨੇ ਦੂਸਰੀ ਭਾਸ਼ਾ ਸਿੱਖੀ ਹੈ ਤਾਂਕਿ ਉਹ ਪਰਦੇਸੀਆਂ ਦੀ ਅਧਿਆਤਮਿਕ ਤੌਰ ਤੇ ਮਦਦ ਕਰ ਸਕਣ। ਉਨ੍ਹਾਂ ਨੂੰ ਆਪਣੀ ਮਿਹਨਤ ਦਾ ਚੰਗਾ ਫਲ ਮਿਲਿਆ ਹੈ। ਉਦਾਹਰਣ ਲਈ, ਅਮਰੀਕਾ ਦੇ ਟੈਕਸਸ ਸ਼ਹਿਰ ਵਿਚ ਚੀਨੀ ਲੋਕਾਂ ਦੀ ਮਦਦ ਕਰਨ ਵਾਲੇ ਸੱਤ ਗਵਾਹਾਂ ਨੇ 2001 ਵਿਚ ਪ੍ਰਭੂ ਦੇ ਸ਼ਾਮ ਦੇ ਭੋਜਨ ਸਮਾਰੋਹ ਵਿਚ 114 ਲੋਕਾਂ ਦਾ ਸੁਆਗਤ ਕੀਤਾ। ਜਿਹੜੇ ਗਵਾਹ ਪਰਦੇਸੀਆਂ ਦੀ ਮਦਦ ਕਰਦੇ ਹਨ, ਉਨ੍ਹਾਂ ਨੇ ਦੇਖਿਆ ਹੈ ਕਿ ਖੇਤ ਵਾਢੀ ਲਈ ਪੱਕੇ ਹੋਏ ਹਨ।—ਮੱਤੀ 9:37, 38.

19. ਰਾਜ ਦੇ ਪ੍ਰਚਾਰ ਕੰਮ ਵਿਚ ਜ਼ਿਆਦਾ ਹਿੱਸਾ ਲੈਣ ਲਈ ਦੂਸਰੇ ਦੇਸ਼ ਜਾਣ ਬਾਰੇ ਸੋਚਦੇ ਵੇਲੇ ਤੁਹਾਨੂੰ ਕਿਹੜੀਆਂ ਗੱਲਾਂ ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?

19 ਸ਼ਾਇਦ ਤੁਸੀਂ ਤੇ ਤੁਹਾਡਾ ਪਰਿਵਾਰ ਸੋਚੇ ਕਿ ਤੁਸੀਂ ਉਸ ਜਗ੍ਹਾ ਜਾ ਸਕਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਪਰ ਪਹਿਲਾਂ “ਬੈਠ ਕੇ ਖ਼ਰਚ ਦਾ ਲੇਖਾ” ਕਰਨਾ ਚੰਗੀ ਗੱਲ ਹੋਵੇਗੀ। (ਲੂਕਾ 14:28) ਖ਼ਾਸ ਕਰਕੇ ਇਹ ਉਦੋਂ ਜ਼ਰੂਰੀ ਹੁੰਦਾ ਹੈ ਜਦੋਂ ਤੁਸੀਂ ਦੂਸਰੇ ਦੇਸ਼ ਜਾਣ ਬਾਰੇ ਸੋਚ ਰਹੇ ਹੋ। ਜੋ ਵੀ ਕੋਈ ਇਸ ਤਰ੍ਹਾਂ ਕਰਨਾ ਚਾਹੁੰਦਾ ਹੈ, ਉਸ ਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣੇ ਚਾਹੀਦੇ ਹਨ: ‘ਕੀ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਾਂਗਾ? ਕੀ ਮੈਨੂੰ ਸਹੀ ਵੀਜ਼ਾ ਮਿਲ ਸਕੇਗਾ? ਕੀ ਮੈਨੂੰ ਉਸ ਦੇਸ਼ ਦੀ ਭਾਸ਼ਾ ਆਉਂਦੀ ਹੈ ਜਾਂ ਕੀ ਮੈਂ ਸਿੱਖਣ ਲਈ ਤਿਆਰ ਹਾਂ? ਕੀ ਮੈਂ ਉੱਥੇ ਦੇ ਮੌਸਮ ਅਤੇ ਸਭਿਆਚਾਰ ਉੱਤੇ ਸੋਚ-ਵਿਚਾਰ ਕੀਤਾ ਹੈ? ਕੀ ਮੈਂ ਉੱਥੇ ਦੇ ਮਸੀਹੀਆਂ ਤੇ ਕੋਈ ਬੋਝ ਤਾਂ ਨਹੀਂ ਬਣਾਂਗਾ ਜਾਂ ਕੀ ਮੈਂ ਉਨ੍ਹਾਂ ਨੂੰ “ਤਸੱਲੀ” ਦੇ ਸਕਾਂਗਾ?’ (ਕੁਲੁੱਸੀਆਂ 4:10, 11) ਉਸ ਦੇਸ਼ ਵਿਚ ਪ੍ਰਕਾਸ਼ਕਾਂ ਦੀ ਕਿੰਨੀ ਕੁ ਲੋੜ ਹੈ, ਇਸ ਬਾਰੇ ਜਾਣਨ ਲਈ ਉਸ ਦੇਸ਼ ਵਿਚ ਪ੍ਰਚਾਰ ਦਾ ਕੰਮ ਸੰਭਾਲਣ ਵਾਲੇ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਲਿਖ ਕੇ ਪੁੱਛਣਾ ਚੰਗਾ ਹੋਵੇਗਾ। *

20. ਇਕ ਨੌਜਵਾਨ ਭਰਾ ਨੇ ਆਪਣੇ ਸਾਥੀ ਵਿਸ਼ਵਾਸੀਆਂ ਅਤੇ ਵਿਦੇਸ਼ ਵਿਚ ਰਹਿੰਦੇ ਦੂਸਰੇ ਲੋਕਾਂ ਦੀ ਮਦਦ ਕਰਨ ਲਈ ਕੀ ਕੀਤਾ?

20 ਜਪਾਨ ਵਿਚ ਕਿੰਗਡਮ ਹਾਲਾਂ ਦੀ ਉਸਾਰੀ ਦਾ ਕੰਮ ਕਰ ਰਹੇ ਇਕ ਮਸੀਹੀ ਭਰਾ ਨੂੰ ਪਤਾ ਲੱਗਾ ਕਿ ਪੈਰਾਗੂਵਾਏ ਵਿਚ ਕਿੰਗਡਮ ਹਾਲ ਦੀ ਉਸਾਰੀ ਵਾਸਤੇ ਮਾਹਰ ਕਾਮਿਆਂ ਦੀ ਲੋੜ ਸੀ। ਕੁਆਰਾ ਅਤੇ ਸਿਹਤਮੰਦ ਹੋਣ ਕਰਕੇ ਉਹ ਪੈਰਾਗੂਵਾਏ ਚਲਾ ਗਿਆ। ਉੱਥੇ ਉਸ ਨੇ ਅੱਠ ਮਹੀਨਿਆਂ ਲਈ ਕੰਮ ਕੀਤਾ। ਉਹ ਇਕੱਲਾ ਅਜਿਹਾ ਵਿਅਕਤੀ ਸੀ ਜਿਸ ਨੇ ਪੂਰਾ ਸਮਾਂ ਉਸ ਕਿੰਗਡਮ ਹਾਲ ਦੀ ਉਸਾਰੀ ਉੱਤੇ ਕੰਮ ਕੀਤਾ। ਉੱਥੇ ਰਹਿੰਦਿਆਂ ਉਸ ਨੇ ਸਪੇਨੀ ਭਾਸ਼ਾ ਸਿੱਖੀ ਅਤੇ ਬਾਈਬਲ ਸਟੱਡੀਆਂ ਕਰਾਉਣ ਲੱਗ ਪਿਆ। ਉਸ ਨੇ ਦੇਖਿਆ ਕਿ ਉਸ ਦੇਸ਼ ਵਿਚ ਰਾਜ ਦੇ ਪ੍ਰਚਾਰਕਾਂ ਦੀ ਲੋੜ ਸੀ। ਭਾਵੇਂ ਉਹ ਜਪਾਨ ਵਾਪਸ ਚਲਾ ਗਿਆ, ਪਰ ਉਹ ਪੈਰਾਗੂਵਾਏ ਦੁਬਾਰਾ ਆਇਆ ਤੇ ਉਸੇ ਕਿੰਗਡਮ ਹਾਲ ਵਿਚ ਆਉਣ ਵਿਚ ਲੋਕਾਂ ਦੀ ਮਦਦ ਕੀਤੀ।

21. ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ ਸਾਡਾ ਮੁੱਖ ਕੰਮ ਅਤੇ ਨਜ਼ਰੀਆ ਕੀ ਹੋਣਾ ਚਾਹੀਦਾ ਹੈ?

21 ਪਰਮੇਸ਼ੁਰ ਇਸ ਗੱਲ ਦਾ ਪੂਰਾ ਧਿਆਨ ਰੱਖੇਗਾ ਕਿ ਉਸ ਦੀ ਇੱਛਾ ਅਨੁਸਾਰ ਪ੍ਰਚਾਰ ਦਾ ਕੰਮ ਪੂਰੀ ਤਰ੍ਹਾਂ ਹੋਵੇ। ਅੱਜ ਉਹ ਵਾਢੀ ਦੇ ਕੰਮ ਵਿਚ ਤੇਜ਼ੀ ਲਿਆ ਰਿਹਾ ਹੈ। (ਯਸਾਯਾਹ 60:22) ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ, ਆਓ ਆਪਾਂ ਜੋਸ਼ ਨਾਲ ਵਾਢੀ ਦਾ ਕੰਮ ਕਰੀਏ ਅਤੇ ਆਪਣੇ ਪਿਆਰੇ ਪਰਮੇਸ਼ੁਰ ਦੀ ਨਜ਼ਰ ਤੋਂ ਲੋਕਾਂ ਨੂੰ ਦੇਖੀਏ।

ਕੀ ਤੁਹਾਨੂੰ ਯਾਦ ਹੈ?

ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ ਲੋਕਾਂ ਪ੍ਰਤੀ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?

ਅਬਰਾਹਾਮ ਦਾ ਉਨ੍ਹਾਂ ਧਰਮੀ ਵਿਅਕਤੀਆਂ ਪ੍ਰਤੀ ਕੀ ਨਜ਼ਰੀਆ ਸੀ ਜੋ ਸ਼ਾਇਦ ਸਦੂਮ ਵਿਚ ਰਹਿੰਦੇ ਸਨ?

ਨੀਨਵਾਹ ਦੇ ਪਸ਼ਚਾਤਾਪੀ ਲੋਕਾਂ ਪ੍ਰਤੀ ਯੂਨਾਹ ਦਾ ਕੀ ਨਜ਼ਰੀਆ ਸੀ?

ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਉਨ੍ਹਾਂ ਲੋਕਾਂ ਪ੍ਰਤੀ ਸਾਡਾ ਨਜ਼ਰੀਆ ਯਹੋਵਾਹ ਵਰਗਾ ਹੈ ਜਿਨ੍ਹਾਂ ਨੇ ਅਜੇ ਤਕ ਖ਼ੁਸ਼ ਖ਼ਬਰੀ ਨਹੀਂ ਸੁਣੀ?

[ਸਵਾਲ]

[ਸਫ਼ੇ 16 ਉੱਤੇ ਤਸਵੀਰ]

ਅਬਰਾਹਾਮ ਨੇ ਯਹੋਵਾਹ ਦੀ ਨਜ਼ਰ ਤੋਂ ਲੋਕਾਂ ਨੂੰ ਦੇਖਿਆ

[ਸਫ਼ੇ 17 ਉੱਤੇ ਤਸਵੀਰ]

ਯੂਨਾਹ ਨੇ ਨੀਨਵਾਹ ਦੇ ਪਸ਼ਚਾਤਾਪੀ ਲੋਕਾਂ ਪ੍ਰਤੀ ਯਹੋਵਾਹ ਦੇ ਨਜ਼ਰੀਏ ਨੂੰ ਅਪਣਾਇਆ

[ਸਫ਼ੇ 18 ਉੱਤੇ ਤਸਵੀਰ]

ਲੋਕਾਂ ਦੀ ਚਿੰਤਾ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਅਸੀਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਸਮੇਂ ਅਤੇ ਤਰੀਕਿਆਂ ਵਿਚ ਤਬਦੀਲੀਆਂ ਕਰੀਏ

[ਫੁਟਨੋਟ]

^ ਪੈਰਾ 19 ਜਿਸ ਦੇਸ਼ ਵਿਚ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਹੈ ਜਾਂ ਕੁਝ ਬੰਦਸ਼ਾਂ ਹਨ, ਉੱਥੇ ਆਪਣੀ ਮਰਜ਼ੀ ਨਾਲ ਚਲੇ ਜਾਣਾ ਹਮੇਸ਼ਾ ਠੀਕ ਨਹੀਂ ਹੈ। ਹੋ ਸਕਦਾ ਹੈ ਕਿ ਇਸ ਨਾਲ ਉੱਥੋਂ ਦੇ ਰਾਜ ਦੇ ਪ੍ਰਚਾਰਕ ਕਿਸੇ ਖ਼ਤਰੇ ਵਿਚ ਪੈ ਜਾਣ ਜੋ ਬੜੀ ਸਾਵਧਾਨੀ ਨਾਲ ਅਜਿਹੇ ਹਾਲਾਤ ਵਿਚ ਪ੍ਰਚਾਰ ਦਾ ਕੰਮ ਕਰ ਰਹੇ ਹਨ।