Skip to content

Skip to table of contents

ਯੂਗਾਰੀਟ—ਬਆਲ ਦੇਵਤੇ ਦਾ ਪ੍ਰਾਚੀਨ ਸ਼ਹਿਰ

ਯੂਗਾਰੀਟ—ਬਆਲ ਦੇਵਤੇ ਦਾ ਪ੍ਰਾਚੀਨ ਸ਼ਹਿਰ

ਯੂਗਾਰੀਟ​—ਬਆਲ ਦੇਵਤੇ ਦਾ ਪ੍ਰਾਚੀਨ ਸ਼ਹਿਰ

ਸਾਲ 1928 ਵਿਚ, ਸੀਰੀਆ ਵਿਚ ਇਕ ਕਿਸਾਨ ਹਲ ਵਾਹ ਰਿਹਾ ਸੀ ਕਿ ਅਚਾਨਕ ਉਸ ਦਾ ਹਲ ਇਕ ਪੱਥਰ ਵਿਚ ਜਾ ਫਸਿਆ। ਜਦੋਂ ਉਸ ਨੇ ਪੱਥਰ ਤੋਂ ਮਿੱਟੀ ਹਟਾਈ, ਤਾਂ ਉਸ ਨੇ ਦੇਖਿਆ ਕਿ ਪੱਥਰ ਦੇ ਹੇਠਾਂ ਇਕ ਕਬਰ ਸੀ ਜਿਸ ਵਿਚ ਮਿੱਟੀ ਦੇ ਬਹੁਤ ਹੀ ਪੁਰਾਣੇ ਭਾਂਡੇ ਸਨ। ਉਸ ਨੂੰ ਇਸ ਗੱਲ ਦਾ ਉੱਕਾ ਹੀ ਅਹਿਸਾਸ ਨਹੀਂ ਸੀ ਕਿ ਇਹ ਕਿੰਨੀ ਅਨਮੋਲ ਲੱਭਤ ਸੀ। ਜਦੋਂ ਫ਼ਰਾਂਸ ਵਿਚ ਪੁਰਾਤੱਤਵ-ਵਿਗਿਆਨੀਆਂ ਦੀ ਇਕ ਟੀਮ ਨੂੰ ਇਸ ਗੱਲ ਦਾ ਪਤਾ ਲੱਗਾ, ਤਾਂ ਉਹ ਅਗਲੇ ਸਾਲ ਕਲੌਡ ਸ਼ੈਫ਼ਰ ਦੀ ਅਗਵਾਈ ਹੇਠ ਉੱਥੇ ਪਹੁੰਚ ਗਏ।

ਖੁਦਾਈ ਕਰਨ ਤੇ ਵਿਗਿਆਨੀਆਂ ਨੂੰ ਇਕ ਸ਼ਿਲਾ-ਲੇਖ ਮਿਲਿਆ ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਖੰਡਰਾਤ ਯੂਗਾਰੀਟ ਨਾਂ ਦੇ ਸ਼ਹਿਰ ਦੇ ਸਨ। ਯੂਗਾਰੀਟ “ਦੱਖਣ-ਪੱਛਮੀ ਏਸ਼ੀਆ ਦੇ ਪ੍ਰਾਚੀਨ ਸ਼ਹਿਰਾਂ ਵਿੱਚੋਂ ਇਕ ਸਭ ਤੋਂ ਮਹੱਤਵਪੂਰਣ ਸ਼ਹਿਰ ਸੀ।” ਲੇਖਕ ਬੈਰੀ ਹੋਬਰਮਨ ਨੇ ਕਿਹਾ ਸੀ: “ਬਾਈਬਲ ਨੂੰ ਸਮਝਣ ਵਿਚ ਜਿੰਨੀ ਮਦਦ ਸਾਨੂੰ ਇਸ ਸ਼ਹਿਰ ਦੇ ਖੰਡਰਾਤ ਤੋਂ ਮਿਲੀ ਹੈ, ਉੱਨੀ ਹੋਰ ਕਿਸੇ ਪੁਰਾਣੀ ਲੱਭਤ ਤੋਂ ਨਹੀਂ ਮਿਲੀ, ਇੱਥੋਂ ਤਕ ਕਿ ਮ੍ਰਿਤ ਸਾਗਰ ਪੋਥੀਆਂ ਤੋਂ ਵੀ ਨਹੀਂ।”​—ਦੀ ਐਟਲਾਂਟਿਕ ਮੰਥਲੀ।

ਮੁੱਖ ਜੰਕਸ਼ਨ

ਯੂਗਾਰੀਟ ਦਾ ਥੇਹ ਅੱਜ ਰਾਸ਼ਾਮਰਾ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਹ ਉੱਤਰੀ ਸੀਰੀਆ ਦੇ ਭੂਮੱਧ ਸਾਗਰੀ ਤਟ ਤੇ ਸਥਿਤ ਹੈ। ਸਾਲ 2000 ਸਾ.ਯੁ.ਪੂ. ਅਤੇ 1001 ਸਾ.ਯੁ.ਪੂ. ਦੌਰਾਨ, ਯੂਗਾਰੀਟ ਇਕ ਖ਼ੁਸ਼ਹਾਲ ਸ਼ਹਿਰ ਸੀ ਜਿੱਥੇ ਕਈ ਕੌਮਾਂ ਦੇ ਲੋਕ ਰਹਿੰਦੇ ਸਨ। ਇਹ ਉੱਤਰ ਵਿਚ ਕਾਸੀਅਸ ਪਹਾੜ ਤੋਂ ਲੈ ਕੇ 60 ਕਿਲੋਮੀਟਰ ਦੂਰ ਦੱਖਣ ਵਿਚ ਟੈੱਲ ਸੂਕਾਸ ਤਕ ਅਤੇ ਪੱਛਮ ਵਿਚ ਭੂਮੱਧ ਸਾਗਰ ਤੋਂ ਲੈ ਕੇ 30-45 ਕਿਲੋਮੀਟਰ ਦੂਰ ਪੂਰਬ ਵਿਚ ਓਰੈਨਟੀਜ਼ ਘਾਟੀ ਤਕ ਫੈਲਿਆ ਹੋਇਆ ਸੀ।

ਯੂਗਾਰੀਟ ਦਾ ਚੰਗਾ ਪੌਣ-ਪਾਣੀ ਪਸ਼ੂ-ਪਾਲਣ ਲਈ ਬਹੁਤ ਸੁਖਾਵਾਂ ਸੀ। ਇਹ ਸ਼ਹਿਰ ਅਨਾਜ, ਜ਼ੈਤੂਨ ਦੇ ਤੇਲ, ਅੰਗੂਰਾਂ ਦੀ ਸ਼ਰਾਬ ਅਤੇ ਲੱਕੜਾਂ (ਮੇਸੋਪੋਟੇਮੀਆ ਅਤੇ ਮਿਸਰ ਵਿਚ ਲੱਕੜਾਂ ਦੀ ਬਹੁਤ ਘਾਟ ਸੀ) ਦਾ ਵੱਡਾ ਉਤਪਾਦਕ ਸੀ। ਇਸ ਤੋਂ ਇਲਾਵਾ, ਇਹ ਸ਼ਹਿਰ ਅਹਿਮ ਵਪਾਰ ਮਾਰਗਾਂ ਦੇ ਜੰਕਸ਼ਨ ਤੇ ਸਥਿਤ ਸੀ ਜਿਸ ਕਰਕੇ ਇਹ ਇਕ ਮਹੱਤਵਪੂਰਣ ਕੌਮਾਂਤਰੀ ਬੰਦਰਗਾਹ ਸੀ। ਅਨਾਤੋਲੀਆ, ਏਜੀਅਨ, ਬਾਬੁਲ, ਮਿਸਰ ਅਤੇ ਦੂਸਰੇ ਮੱਧ-ਪੂਰਬੀ ਦੇਸ਼ਾਂ ਦੇ ਵਪਾਰੀ ਯੂਗਾਰੀਟ ਵਿਚ ਧਾਤਾਂ, ਅਨਾਜ ਅਤੇ ਕਈ ਹੋਰ ਦੇਸੀ ਉਤਪਾਦਨਾਂ ਦਾ ਵਪਾਰ ਕਰਨ ਲਈ ਆਉਂਦੇ ਸਨ।

ਭੌਤਿਕ ਤੌਰ ਤੇ ਖ਼ੁਸ਼ਹਾਲ ਹੋਣ ਦੇ ਬਾਵਜੂਦ, ਯੂਗਾਰੀਟ ਹਮੇਸ਼ਾ ਹੀ ਦੂਸਰਿਆਂ ਦੇ ਅਧੀਨ ਰਿਹਾ। ਪਹਿਲਾਂ ਤਾਂ ਯੂਗਾਰੀਟ ਸ਼ਹਿਰ ਮਿਸਰੀ ਸਾਮਰਾਜ ਦੀ ਉੱਤਰੀ ਸਰਹੱਦ ਵਿਚ ਪੈਂਦਾ ਸੀ, ਪਰ 14ਵੀਂ ਸਦੀ ਸਾ.ਯੁ.ਪੂ. ਵਿਚ ਇਹ ਹਿੱਤੀ ਸਾਮਰਾਜ ਦਾ ਹਿੱਸਾ ਬਣ ਗਿਆ। ਇਸ ਨੂੰ ਆਪਣੇ ਸੁਆਮੀਆਂ ਨੂੰ ਕਰ ਦੇਣਾ ਪੈਂਦਾ ਸੀ ਅਤੇ ਲੋੜ ਪੈਣ ਤੇ ਉਨ੍ਹਾਂ ਦੀ ਮਦਦ ਕਰਨ ਲਈ ਆਪਣੀ ਫ਼ੌਜ ਵੀ ਭੇਜਣੀ ਪੈਂਦੀ ਸੀ। ਜਦੋਂ ਹਮਲਾਵਰ “ਸਮੁੰਦਰੀ ਲੋਕਾਂ” * ਨੇ ਅਨਾਤੋਲੀਆ (ਕੇਂਦਰੀ ਤੁਰਕੀ) ਅਤੇ ਉੱਤਰੀ ਸੀਰੀਆ ਉੱਤੇ ਹੱਲਾ ਬੋਲ ਦਿੱਤਾ, ਤਾਂ ਹਿੱਤੀਆਂ ਨੇ ਯੂਗਾਰੀਟ ਨੂੰ ਆਪਣੀ ਪੈਦਲ ਫ਼ੌਜ ਅਤੇ ਸਮੁੰਦਰੀ ਫ਼ੌਜ ਘੱਲਣ ਦਾ ਹੁਕਮ ਦਿੱਤਾ। ਸਿੱਟੇ ਵਜੋਂ, ਯੂਗਾਰੀਟ ਆਪਣੀਆਂ ਫ਼ੌਜਾਂ ਬਗੈਰ ਪੂਰੀ ਤਰ੍ਹਾਂ ਅਸੁਰੱਖਿਅਤ ਰਹਿ ਗਿਆ ਅਤੇ ਲਗਭਗ 1200 ਸਾ.ਯੁ.ਪੂ. ਵਿਚ ਇਹ ਪੂਰੀ ਤਰ੍ਹਾਂ ਤਬਾਹ ਹੋ ਗਿਆ।

ਇਤਿਹਾਸ ਮੁੜ ਜੀਉਂਦਾ ਕੀਤਾ ਗਿਆ

ਨਾਸ਼ ਹੋਣ ਮਗਰੋਂ ਯੂਗਾਰੀਟ ਸ਼ਹਿਰ ਮਿੱਟੀ ਦਾ ਢੇਰ ਬਣ ਕੇ ਰਹਿ ਗਿਆ। ਇਹ ਥੇਹ ਲਗਭਗ 20 ਮੀਟਰ ਉੱਚਾ ਹੈ ਅਤੇ ਇਸ ਨੇ 60 ਏਕੜ ਤੋਂ ਜ਼ਿਆਦਾ ਜ਼ਮੀਨ ਘੇਰੀ ਹੋਈ ਹੈ। ਅਜੇ ਤਕ ਇਸ ਥੇਹ ਦੇ ਕੁੱਲ ਖੇਤਰਫਲ ਦੇ ਸਿਰਫ਼ ਛੇਵੇਂ ਹਿੱਸੇ ਦੀ ਹੀ ਖੁਦਾਈ ਕੀਤੀ ਗਈ ਹੈ। ਵਿਗਿਆਨੀਆਂ ਨੂੰ ਇਕ ਵੱਡੇ ਮਹਿਲ ਦੇ ਖੰਡਰਾਤ ਮਿਲੇ ਹਨ। ਇਸ ਮਹਿਲ ਵਿਚ ਲਗਭਗ ਸੌ ਕਮਰੇ ਅਤੇ ਕਈ ਵਿਹੜੇ ਸਨ। ਮਹਿਲ ਦਾ ਖੇਤਰਫਲ ਲਗਭਗ 10,000 ਵਰਗ ਮੀਟਰ ਹੈ। ਇਸ ਵਿਚ ਪਾਣੀ ਦਾ ਪ੍ਰਬੰਧ, ਗ਼ੁਸਲਖ਼ਾਨੇ ਅਤੇ ਗੰਦ-ਮੰਦ ਨੂੰ ਠਿਕਾਣੇ ਲਾਉਣ ਦਾ ਪੂਰਾ ਪ੍ਰਬੰਧ ਸੀ। ਮਹਿਲ ਦੀਆਂ ਮੇਜ਼-ਕੁਰਸੀਆਂ ਉੱਤੇ ਸੋਨਾ, ਨੀਲ-ਪੱਥਰ ਅਤੇ ਹਾਥੀ-ਦੰਦ ਜੜੇ ਹੋਏ ਸਨ। ਹਾਥੀ-ਦੰਦ ਨਾਲ ਮੜੇ ਹੋਏ ਕਈ ਤਖ਼ਤੇ ਵੀ ਮਿਲੇ ਹਨ। ਮਹਿਲ ਵਿਚ ਕੰਧਾਂ ਨਾਲ ਘਿਰਿਆ ਹੋਇਆ ਬਾਗ਼ ਅਤੇ ਇਕ ਕੁੰਡ ਵੀ ਸੀ ਜੋ ਮਹਿਲ ਦੀ ਸੁੰਦਰਤਾ ਨੂੰ ਚਾਰ-ਚੰਨ ਲਾਉਂਦੇ ਸਨ।

ਸ਼ਹਿਰ ਅਤੇ ਇਸ ਦੇ ਚਾਰੇ ਪਾਸੇ ਦੇ ਖੁੱਲ੍ਹੇ ਮੈਦਾਨ ਵਿਚ ਸਭ ਤੋਂ ਉੱਚੀਆਂ ਇਮਾਰਤਾਂ ਬਆਲ ਤੇ ਡੇਗਨ ਨਾਂ ਦੇ ਦੇਵਤਿਆਂ ਦੇ ਮੰਦਰ ਸਨ। * ਇਨ੍ਹਾਂ ਮੰਦਰਾਂ ਦੇ ਮੀਨਾਰ ਸ਼ਾਇਦ 20 ਮੀਟਰ ਉੱਚੇ ਸਨ। ਹਰ ਮੰਦਰ ਵਿਚ ਇਕ ਛੋਟੀ ਜਿਹੀ ਡਿਓੜ੍ਹੀ ਸੀ। ਅੰਦਰ ਇਕ ਕਮਰਾ ਸੀ ਜਿੱਥੇ ਦੇਵਤੇ ਦੀ ਮੂਰਤੀ ਰੱਖੀ ਜਾਂਦੀ ਸੀ। ਕਮਰੇ ਦੇ ਇਕ ਪਾਸੇ ਪੌੜੀਆਂ ਸਨ ਜੋ ਇਕ ਖੁੱਲ੍ਹੀ ਛੱਤ ਨੂੰ ਜਾਂਦੀਆਂ ਸਨ। ਖ਼ਾਸ ਤਿਉਹਾਰਾਂ ਦੌਰਾਨ ਸ਼ਾਇਦ ਰਾਜਾ ਇੱਥੇ ਪੂਜਾ-ਪਾਠ ਦੀ ਪ੍ਰਧਾਨਗੀ ਕਰਦਾ ਸੀ। ਰਾਤ ਵੇਲੇ ਜਾਂ ਤੂਫ਼ਾਨਾਂ ਦੇ ਦੌਰਾਨ, ਇਨ੍ਹਾਂ ਮੰਦਰਾਂ ਦੇ ਬੁਰਜਾਂ ਉੱਤੇ ਸ਼ਾਇਦ ਬੱਤੀਆਂ ਵੀ ਜਗਾਈਆਂ ਜਾਂਦੀਆਂ ਸਨ ਤਾਂਕਿ ਇਨ੍ਹਾਂ ਦੀ ਸੇਧ ਨਾਲ ਜਹਾਜ਼ ਸਹੀ-ਸਲਾਮਤ ਬੰਦਰਗਾਹ ਅੰਦਰ ਦਾਖ਼ਲ ਹੋ ਸਕਣ। ਮਲਾਹ ਆਪਣੀ ਸੁਰੱਖਿਅਤ ਵਾਪਸੀ ਦਾ ਸਿਹਰਾ ਤੂਫ਼ਾਨਾਂ ਦੇ ਦੇਵਤੇ ਬਆਲ-ਹਾਦਾਦ ਨੂੰ ਦਿੰਦੇ ਹੋਏ ਉਸ ਨੂੰ ਪੱਥਰ ਦੇ ਬਣੇ ਲੰਗਰਾਂ ਦੀ ਭੇਟ ਚੜ੍ਹਾਉਂਦੇ ਸਨ। ਖੁਦਾਈ ਵੇਲੇ ਬਆਲ-ਹਾਦਾਦ ਦੇ ਮੰਦਰ ਵਿੱਚੋਂ ਇਸ ਤਰ੍ਹਾਂ ਦੇ 17 ਲੰਗਰ ਮਿਲੇ ਹਨ।

ਸ਼ਿਲਾ-ਲੇਖਾਂ ਦਾ ਖ਼ਜ਼ਾਨਾ

ਯੂਗਾਰੀਟ ਦੇ ਥੇਹ ਵਿੱਚੋਂ ਮਿੱਟੀ ਦੀਆਂ ਹਜ਼ਾਰਾਂ ਤਖ਼ਤੀਆਂ ਮਿਲੀਆਂ ਹਨ। ਇਹ ਅੱਠ ਭਾਸ਼ਾਵਾਂ ਵਿਚ ਅਤੇ ਪੰਜ ਲਿਪੀਆਂ ਵਿਚ ਲਿਖੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਕੁਝ ਸ਼ਿਲਾ-ਲੇਖ ਆਰਥਿਕ, ਕਾਨੂੰਨੀ, ਸ਼ਾਸਕੀ ਅਤੇ ਰਾਜਦੂਤਕ ਕਾਗਜ਼ਾਤ ਸਨ। ਸ਼ੈਫ਼ਰ ਦੀ ਟੀਮ ਨੂੰ ਇਕ ਅਣਜਾਣੀ ਭਾਸ਼ਾ ਵਿਚ ਸ਼ਿਲਾ-ਲੇਖ ਮਿਲੇ ਸਨ। ਇਸ ਭਾਸ਼ਾ ਨੂੰ ਯੂਗਾਰੀਟੀ ਭਾਸ਼ਾ ਕਿਹਾ ਗਿਆ ਅਤੇ ਇਹ ਸਭ ਤੋਂ ਪੁਰਾਣੀਆਂ ਵਰਣਮਾਲਾਵਾਂ ਵਿੱਚੋਂ ਇਕ ਸੀ। ਇਸ ਵਿਚ 30 ਫਾਨਾ-ਨੁਮਾ ਚਿੰਨ੍ਹ ਜਾਂ ਅੱਖਰ ਸਨ।

ਆਮ ਵਿਸ਼ਿਆਂ ਤੋਂ ਇਲਾਵਾ, ਯੂਗਾਰੀਟੀ ਸ਼ਿਲਾ-ਲੇਖਾਂ ਵਿਚ ਅਜਿਹੇ ਸਾਹਿੱਤਕ ਲੇਖ ਵੀ ਮਿਲੇ ਹਨ ਜਿਨ੍ਹਾਂ ਨੇ ਪੁਰਾਣੇ ਜ਼ਮਾਨੇ ਦੇ ਧਾਰਮਿਕ ਵਿਸ਼ਵਾਸਾਂ ਅਤੇ ਰਹੁ-ਰੀਤਾਂ ਉੱਤੇ ਵੱਡਾ ਚਾਨਣ ਪਾਇਆ ਹੈ। ਇਨ੍ਹਾਂ ਸ਼ਿਲਾ-ਲੇਖਾਂ ਤੋਂ ਪਤਾ ਲੱਗਦਾ ਹੈ ਕਿ ਯੂਗਾਰੀਟ ਦੇ ਧਰਮ ਅਤੇ ਗੁਆਂਢੀ ਦੇਸ਼ ਕਨਾਨ ਦੇ ਧਰਮ ਵਿਚ ਕਾਫ਼ੀ ਸਮਾਨਤਾਵਾਂ ਸਨ। ਰੌਲਾਨ ਡ ਵੋ ਦੇ ਮੁਤਾਬਕ, ਇਹ ਸ਼ਿਲਾ-ਲੇਖ “ਉਸ ਜ਼ਮਾਨੇ ਦੇ ਕਨਾਨੀ ਸਭਿਆਚਾਰ ਦੀ ਸਹੀ ਤਸਵੀਰ ਪੇਸ਼ ਕਰਦੇ ਹਨ ਜਦੋਂ ਇਸਰਾਏਲੀਆਂ ਨੇ ਅਜੇ ਇਸ ਉੱਤੇ ਕਬਜ਼ਾ ਨਹੀਂ ਕੀਤਾ ਸੀ।”

ਬਆਲ ਦੇ ਸ਼ਹਿਰ ਵਿਚ ਧਰਮ

ਰਾਸ਼ਾਮਰਾ ਦੇ ਸ਼ਿਲਾ-ਲੇਖਾਂ ਵਿਚ 200 ਤੋਂ ਜ਼ਿਆਦਾ ਦੇਵੀ-ਦੇਵਤਿਆਂ ਦਾ ਜ਼ਿਕਰ ਆਉਂਦਾ ਹੈ। ਸਭ ਤੋਂ ਮਹਾਨ ਦੇਵਤਾ ਐੱਲ ਸੀ ਜਿਸ ਨੂੰ ਦੇਵਤਿਆਂ ਅਤੇ ਇਨਸਾਨਾਂ ਦਾ ਪਿਤਾ ਕਿਹਾ ਜਾਂਦਾ ਸੀ। ਤੂਫ਼ਾਨਾਂ ਦਾ ਦੇਵਤਾ ਬਆਲ-ਹਾਦਾਦ “ਧਰਤੀ ਦਾ ਪ੍ਰਭੂ” ਸੀ ਅਤੇ ਉਹ “ਬੱਦਲਾਂ ਦੀ ਸਵਾਰੀ ਕਰਦਾ ਸੀ।” ਐੱਲ ਦੇਵਤੇ ਨੂੰ ਬਹੁਤ ਹੀ ਬੁੱਧੀਮਾਨ ਅਤੇ ਚਿੱਟੀ ਦਾੜ੍ਹੀ ਵਾਲੇ ਇਕ ਬੁੱਢੇ ਵਿਅਕਤੀ ਦੇ ਤੌਰ ਤੇ ਦਰਸਾਇਆ ਗਿਆ ਸੀ ਜੋ ਇਨਸਾਨਾਂ ਤੋਂ ਕੋਹਾਂ ਦੂਰ ਰਹਿੰਦਾ ਸੀ। ਦੂਜੇ ਪਾਸੇ, ਬਆਲ ਇਕ ਤਾਕਤਵਰ ਦੇਵਤਾ ਸੀ ਜੋ ਦੂਸਰੇ ਦੇਵਤਿਆਂ ਅਤੇ ਮਨੁੱਖਜਾਤੀ ਉੱਤੇ ਰਾਜ ਕਰਨ ਦੀ ਤਾਂਘ ਰੱਖਦਾ ਸੀ।

ਇਹ ਧਾਰਮਿਕ ਲਿਖਤਾਂ ਸ਼ਾਇਦ ਨਵੇਂ ਸਾਲ ਜਾਂ ਵਾਢੀ ਸੰਬੰਧੀ ਧਾਰਮਿਕ ਤਿਉਹਾਰਾਂ ਦੌਰਾਨ ਪੜ੍ਹੀਆਂ ਜਾਂਦੀਆਂ ਸਨ। ਪਰ ਇਨ੍ਹਾਂ ਦਾ ਸਹੀ ਅਰਥ ਸਮਝਣਾ ਮੁਸ਼ਕਲ ਹੈ। ਇਕ ਕਵਿਤਾ ਵਿਚ ਦੱਸਿਆ ਗਿਆ ਹੈ ਕਿ ਸੱਤਾ ਹਾਸਲ ਕਰਨ ਲਈ ਬਆਲ ਲੜਾਈ ਵਿਚ ਐੱਲ ਦੇਵਤੇ ਦੇ ਲਾਡਲੇ ਪੁੱਤਰ ਯਾਮ (ਸਮੁੰਦਰ ਦੇ ਦੇਵਤੇ) ਨੂੰ ਹਰਾ ਦਿੰਦਾ ਹੈ। ਹੋ ਸਕਦਾ ਹੈ ਕਿ ਬਆਲ ਦੀ ਇਸ ਜਿੱਤ ਕਰਕੇ ਯੂਗਾਰੀਟ ਦੇ ਮਲਾਹਾਂ ਦਾ ਹੌਸਲਾ ਹੋਰ ਵਧ ਗਿਆ ਸੀ ਕਿ ਸਮੁੰਦਰੀ ਸਫ਼ਰ ਦੌਰਾਨ ਬਆਲ ਉਨ੍ਹਾਂ ਦੀ ਜ਼ਰੂਰ ਰਾਖੀ ਕਰੇਗਾ। ਬਾਅਦ ਵਿਚ ਮੌਟ ਨਾਂ ਦਾ ਦੇਵਤਾ ਬਆਲ ਨਾਲ ਲੜਦਾ ਹੈ। ਬਆਲ ਹਾਰ ਜਾਂਦਾ ਹੈ ਅਤੇ ਪਤਾਲ ਵਿਚ ਚਲਿਆ ਜਾਂਦਾ ਹੈ। ਸਿੱਟੇ ਵਜੋਂ ਧਰਤੀ ਉੱਤੇ ਕਾਲ ਪੈਂਦਾ ਹੈ ਅਤੇ ਸਾਰੇ ਮਨੁੱਖੀ ਕੰਮਕਾਜ ਠੱਪ ਹੋ ਜਾਂਦੇ ਹਨ। ਬਆਲ ਦੀ ਪਤਨੀ ਅਤੇ ਭੈਣ ਐਨਟ—ਪ੍ਰੇਮ ਅਤੇ ਯੁੱਧ ਦੀ ਦੇਵੀ—ਮੌਟ ਨੂੰ ਜਾਨੋਂ ਮਾਰ ਕੇ ਬਆਲ ਨੂੰ ਮੁੜ ਜੀਉਂਦਾ ਕਰਦੀ ਹੈ। ਬਆਲ ਐੱਲ ਦੀ ਪਤਨੀ ਆਥੀਰਾਟ (ਅਸ਼ੇਰਾਹ) ਦੇ ਪੁੱਤਰਾਂ ਦਾ ਕਤਲ ਕਰ ਕੇ ਮੁੜ ਸਿੰਘਾਸਣ ਹਾਸਲ ਕਰ ਲੈਂਦਾ ਹੈ। ਪਰ ਮੌਟ ਸੱਤ ਸਾਲਾਂ ਬਾਅਦ ਦੁਬਾਰਾ ਵਾਪਸ ਆਉਂਦਾ ਹੈ।

ਕਈਆਂ ਦਾ ਕਹਿਣਾ ਹੈ ਕਿ ਇਹ ਕਵਿਤਾ ਸਾਲ ਦੇ ਰੁੱਤਾਂ ਦੇ ਚੱਕਰ ਨੂੰ ਦਰਸਾਉਂਦੀ ਹੈ ਜਿਸ ਵਿਚ ਜ਼ਿੰਦਗੀ ਬਖ਼ਸ਼ਣ ਵਾਲਾ ਮੀਂਹ ਗਰਮੀ ਦੇ ਮੌਸਮ ਦੀ ਤਪਸ਼ ਅੱਗੇ ਹਾਰ ਜਾਂਦਾ ਹੈ, ਪਰ ਫਿਰ ਪਤਝੜ ਦੀ ਰੁੱਤ ਵਿਚ ਮੁੜ ਮੀਂਹ ਪੈਣ ਲੱਗਦਾ ਹੈ। ਦੂਸਰੇ ਵਿਦਵਾਨਾਂ ਦਾ ਮੰਨਣਾ ਹੈ ਕਿ ਸੱਤ ਸਾਲਾਂ ਦਾ ਇਹ ਚੱਕਰ ਭੁੱਖਮਰੀ ਅਤੇ ਕਾਲ ਪੈਣ ਦੇ ਡਰ ਨਾਲ ਜੁੜਿਆ ਹੋਇਆ ਸੀ। ਪਰ ਇੰਨੀ ਗੱਲ ਪੱਕੀ ਹੈ ਕਿ ਮਨੁੱਖੀ ਜਤਨਾਂ ਦੀ ਕਾਮਯਾਬੀ ਲਈ ਬਆਲ ਦੀ ਸਰਬਸ੍ਰੇਸ਼ਟਤਾ ਬਹੁਤ ਜ਼ਰੂਰੀ ਸਮਝੀ ਜਾਂਦੀ ਸੀ। ਵਿਦਵਾਨ ਪੀਟਰ ਕ੍ਰੇਗੀ ਕਹਿੰਦਾ ਹੈ: “ਬਆਲ ਦੀ ਸਰਬਸ੍ਰੇਸ਼ਟਤਾ ਨੂੰ ਮਹਿਫੂਜ਼ ਰੱਖਣਾ ਹੀ ਬਆਲ ਧਰਮ ਦਾ ਉਦੇਸ਼ ਸੀ; ਉਸ ਦੇ ਭਗਤਾਂ ਦਾ ਮੰਨਣਾ ਸੀ ਕਿ ਬਆਲ ਦੇ ਸਰਬਸ੍ਰੇਸ਼ਟ ਹੋਣ ਨਾਲ ਹੀ ਚੰਗੀ ਫ਼ਸਲ ਹੋਵੇਗੀ ਅਤੇ ਡੰਗਰ ਵਧਣ-ਫੁੱਲਣਗੇ ਜਿਨ੍ਹਾਂ ਉੱਤੇ ਮਨੁੱਖੀ ਜੀਵਨ ਨਿਰਭਰ ਕਰਦਾ ਹੈ।”

ਝੂਠੇ ਧਰਮ ਵਿਰੁੱਧ ਪੱਕਾ ਗੜ੍ਹ

ਯੂਗਾਰੀਟ ਦੇ ਥੇਹ ਤੋਂ ਮਿਲੇ ਸ਼ਿਲਾ-ਲੇਖਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯੂਗਾਰੀਟੀ ਧਰਮ ਬਹੁਤ ਹੀ ਘਟੀਆ ਸੀ। ਦ ਇਲਸਟ੍ਰੇਟਿਡ ਬਾਈਬਲ ਡਿਕਸ਼ਨਰੀ ਕਹਿੰਦੀ ਹੈ: “ਸ਼ਿਲਾ-ਲੇਖਾਂ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੇਵਤਿਆਂ ਦੀ ਪੂਜਾ ਨੇ ਲੋਕਾਂ ਉੱਤੇ ਬਹੁਤ ਬੁਰਾ ਅਸਰ ਪਾਇਆ; ਉਨ੍ਹਾਂ ਦੀ ਭਗਤੀ ਵਿਚ ਲੜਾਈ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਸੀ ਅਤੇ ਵੇਸਵਾ-ਗਮਨ ਤੇ ਕਾਮ-ਵਾਸ਼ਨਾ ਆਮ ਗੱਲਾਂ ਸਨ ਜਿਸ ਕਰਕੇ ਸਮਾਜਕ ਪਤਨ ਹੋਣਾ ਸੁਭਾਵਕ ਸੀ।” ਰੌਲਾਨ ਡ ਵੋ ਕਹਿੰਦਾ ਹੈ: “ਇਨ੍ਹਾਂ ਕਵਿਤਾਵਾਂ ਨੂੰ ਪੜ੍ਹਨ ਤੇ ਅਸੀਂ ਸਮਝ ਸਕਦੇ ਹਾਂ ਕਿ ਯਾਹਵੇਹ ਦੇ ਸੱਚੇ ਉਪਾਸਕਾਂ ਅਤੇ ਮਹਾਨ ਨਬੀਆਂ ਨੂੰ ਬਆਲ ਪੂਜਾ ਤੋਂ ਕਿਉਂ ਇੰਨੀ ਘਿਣ ਆਉਂਦੀ ਸੀ।” ਪੁਰਾਣੇ ਸਮੇਂ ਦੀ ਇਸਰਾਏਲ ਕੌਮ ਨੂੰ ਪਰਮੇਸ਼ੁਰ ਤੋਂ ਜੋ ਬਿਵਸਥਾ ਮਿਲੀ ਸੀ, ਉਹ ਅਜਿਹੇ ਝੂਠੇ ਧਰਮ ਦੇ ਵਿਰੁੱਧ ਇਕ ਪੱਕਾ ਗੜ੍ਹ ਸੀ।

ਯੂਗਾਰੀਟ ਵਿਚ ਜਾਦੂ-ਟੂਣਾ ਅਤੇ ਜੋਤਸ਼-ਵਿੱਦਿਆ ਦਾ ਅਭਿਆਸ ਆਮ ਹੀ ਕੀਤਾ ਜਾਂਦਾ ਸੀ। ਪੁਜਾਰੀ ਗ੍ਰਹਿ-ਤਾਰਿਆਂ ਤੋਂ ਇਲਾਵਾ, ਅਵਿਕਸਿਤ ਭਰੂਣਾਂ ਅਤੇ ਹਲਾਲ ਕੀਤੇ ਗਏ ਜਾਨਵਰਾਂ ਦੇ ਅੰਦਰੂਨੀ ਅੰਗਾਂ ਨੂੰ ਦੇਖ ਕੇ ਵੀ ਫਾਲ਼ ਪਾਉਂਦੇ ਸਨ। ਇਤਿਹਾਸਕਾਰ ਜ਼ੌਕਲੀਨ ਗੈਸ਼ੇ ਆਪਣੀ ਇਕ ਕਿਤਾਬ ਵਿਚ ਲਿਖਦੀ ਹੈ: “ਲੋਕਾਂ ਦਾ ਮੰਨਣਾ ਸੀ ਕਿ ਜਦੋਂ ਕਿਸੇ ਦੇਵਤੇ ਨੂੰ ਜਾਨਵਰ ਦੀ ਬਲੀ ਚੜ੍ਹਾਈ ਜਾਂਦੀ ਸੀ, ਤਾਂ ਉਹ ਦੇਵਤਾ ਉਸ ਜਾਨਵਰ ਵਿਚ ਸਮਾ ਜਾਂਦਾ ਸੀ ਅਤੇ ਦੋਨਾਂ ਦੀਆਂ ਆਤਮਾਵਾਂ ਮਿਲ ਜਾਂਦੀਆਂ ਸਨ। ਨਤੀਜੇ ਵਜੋਂ, ਉਸ ਜਾਨਵਰ ਦੇ ਅੰਗਾਂ ਉੱਤੇ ਨਜ਼ਰ ਆਉਂਦੇ ਨਿਸ਼ਾਨਾਂ ਤੋਂ ਦੇਵਤਿਆਂ ਦੀ ਇੱਛਾ ਪਤਾ ਲੱਗ ਸਕਦੀ ਸੀ। ਇਹ ਨਿਸ਼ਾਨ ਦਿਖਾਉਂਦੇ ਸਨ ਕਿ ਭਵਿੱਖ ਵਿਚ ਕੋਈ ਘਟਨਾ ਵਾਪਰੇਗੀ ਜਾਂ ਨਹੀਂ ਜਾਂ ਕਿਸੇ ਨੂੰ ਕੋਈ ਖ਼ਾਸ ਕਦਮ ਚੁੱਕਣਾ ਚਾਹੀਦਾ ਸੀ ਜਾਂ ਨਹੀਂ।” ਇਸ ਦੇ ਉਲਟ, ਇਸਰਾਏਲੀਆਂ ਨੂੰ ਹਰ ਤਰ੍ਹਾਂ ਦੇ ਜਾਦੂ-ਟੂਣਿਆਂ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ ਗਿਆ ਸੀ।—ਬਿਵਸਥਾ ਸਾਰ 18:9-14.

ਇਸਰਾਏਲੀਆਂ ਨੂੰ ਦਿੱਤੀ ਮੂਸਾ ਦੀ ਬਿਵਸਥਾ ਵਿਚ ਪਸ਼ੂਆਂ ਨਾਲ ਲਿੰਗੀ ਸੰਬੰਧ ਰੱਖਣ ਦੀ ਸਾਫ਼ ਮਨਾਹੀ ਸੀ। (ਲੇਵੀਆਂ 18:23) ਯੂਗਾਰੀਟ ਵਿਚ ਇਸ ਗੱਲ ਨੂੰ ਕਿਵੇਂ ਵਿਚਾਰਿਆ ਜਾਂਦਾ ਸੀ? ਸ਼ਿਲਾ-ਲੇਖਾਂ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਬਆਲ ਨੇ ਇਕ ਵੱਛੀ ਨਾਲ ਸੰਭੋਗ ਕੀਤਾ। “ਕੁਝ ਲੋਕ ਸ਼ਾਇਦ ਬਹਿਸ ਕਰਦੇ ਕਿ ਬਆਲ ਨੇ ਸਾਨ੍ਹ ਦਾ ਰੂਪ ਧਾਰ ਕੇ ਇਸ ਤਰ੍ਹਾਂ ਕੀਤਾ ਸੀ,” ਪੁਰਾਤੱਤਵ-ਵਿਗਿਆਨੀ ਸਾਈਰਸ ਗੌਰਡਨ ਕਹਿੰਦਾ ਹੈ, “ਪਰ ਫਿਰ ਉਨ੍ਹਾਂ ਪੁਜਾਰੀਆਂ ਬਾਰੇ ਕੀ ਕਿਹਾ ਜਾ ਸਕਦਾ ਹੈ ਜਿਨ੍ਹਾਂ ਨੇ ਬਆਲ ਦੇ ਕਾਰਨਾਮਿਆਂ ਨੂੰ ਦੁਹਰਾਉਣ ਲਈ ਨਾਟਕਾਂ ਵਿਚ ਅਸਲ ਵਿਚ ਇਸ ਤਰ੍ਹਾਂ ਕੀਤਾ ਸੀ?”

ਇਸਰਾਏਲੀਆਂ ਨੂੰ ਹੁਕਮ ਦਿੱਤਾ ਗਿਆ ਸੀ: “ਤੁਸਾਂ ਕਿਸੇ ਦੇ ਮਰਨ ਉੱਤੇ ਆਪਣਿਆਂ ਸਰੀਰਾਂ ਨੂੰ ਨਾ ਚੀਰਨਾ।” (ਲੇਵੀਆਂ 19:28) ਪਰ ਬਆਲ ਦੀ ਮੌਤ ਬਾਰੇ ਸੁਣ ਕੇ ਐੱਲ ਨੇ “ਛੁਰੀ ਨਾਲ ਆਪਣੇ ਆਪ ਨੂੰ ਵੱਢਿਆ; ਉਸਤਰੇ ਨਾਲ ਆਪਣੀਆਂ ਗੱਲ੍ਹਾਂ ਅਤੇ ਠੋਡੀ ਨੂੰ ਚੀਰਿਆ।” ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਬਆਲ ਦੇ ਭਗਤਾਂ ਲਈ ਆਪਣੀ ਚਮੜੀ ਨੂੰ ਚੀਰਨਾ ਇਕ ਦਸਤੂਰ ਸੀ।—1 ਰਾਜਿਆਂ 18:28.

ਇਕ ਯੂਗਾਰੀਟੀ ਕਵਿਤਾ ਸੰਕੇਤ ਕਰਦੀ ਹੈ ਕਿ ਕਨਾਨੀ ਧਰਮ ਵਿਚ ਉਪਜਾਊ-ਸ਼ਕਤੀ ਦੇ ਦੇਵੀ-ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਪਠੋਰੇ ਨੂੰ ਦੁੱਧ ਵਿਚ ਪਕਾਉਣਾ ਇਕ ਆਮ ਰੀਤ ਸੀ। ਪਰ ਮੂਸਾ ਦੀ ਬਿਵਸਥਾ ਵਿਚ ਇਸਰਾਏਲੀਆਂ ਨੂੰ ਹੁਕਮ ਦਿੱਤਾ ਗਿਆ ਸੀ: “ਤੂੰ ਪਠੋਰੇ ਨੂੰ ਉਸ ਦੀ ਮਾਂ ਦੇ ਦੁੱਧ ਵਿੱਚ ਨਾ ਰਿੰਨ੍ਹ।”—ਕੂਚ 23:19.

ਬਾਈਬਲ ਦੀਆਂ ਲਿਖਤਾਂ ਨਾਲ ਤੁਲਨਾ

ਸ਼ੁਰੂ ਵਿਚ ਯੂਗਾਰੀਟ ਦੇ ਸ਼ਿਲਾ-ਲੇਖਾਂ ਦਾ ਅਨੁਵਾਦ ਮੁੱਖ ਤੌਰ ਤੇ ਬਾਈਬਲ ਦੀ ਇਬਰਾਨੀ ਭਾਸ਼ਾ ਦੀ ਮਦਦ ਨਾਲ ਕੀਤਾ ਗਿਆ ਸੀ। ਪੀਟਰ ਕ੍ਰੇਗੀ ਕਹਿੰਦਾ ਹੈ: “ਇਬਰਾਨੀ ਮੂਲ-ਪਾਠ ਵਿਚ ਅਜਿਹੇ ਕਈ ਸ਼ਬਦ ਹਨ ਜਿਨ੍ਹਾਂ ਦਾ ਮਤਲਬ ਸਪੱਸ਼ਟ ਨਹੀਂ ਸੀ ਜਾਂ ਜਿਨ੍ਹਾਂ ਦਾ ਮਤਲਬ ਸਾਨੂੰ ਬਿਲਕੁਲ ਪਤਾ ਨਹੀਂ ਸੀ; 20ਵੀਂ ਸਦੀ ਤੋਂ ਪਹਿਲਾਂ ਦੇ ਅਨੁਵਾਦਕ ਕਈ ਤਰੀਕਿਆਂ ਨਾਲ ਸ਼ਬਦਾਂ ਦਾ ਸੰਭਵ ਅਰਥ ਕੱਢਣ ਦੀ ਕੋਸ਼ਿਸ਼ ਕਰਦੇ ਸਨ। ਪਰ ਉਹੋ ਸ਼ਬਦ ਹੁਣ ਯੂਗਾਰੀਟ ਦੇ ਸ਼ਿਲਾ-ਲੇਖਾਂ ਵਿਚ ਵੀ ਪਾਏ ਗਏ ਹਨ ਜਿਸ ਕਰਕੇ ਬਾਈਬਲ ਦੇ ਮੂਲ-ਪਾਠ ਦੇ ਸ਼ਬਦਾਂ ਨੂੰ ਸਮਝਣਾ ਆਸਾਨ ਹੋਇਆ ਹੈ।”

ਮਿਸਾਲ ਲਈ, ਯਸਾਯਾਹ 3:18 ਵਿਚ ਵਰਤੇ ਗਏ ਇਕ ਇਬਰਾਨੀ ਸ਼ਬਦ ਦਾ ਅਨੁਵਾਦ ਪਵਿੱਤਰ ਬਾਈਬਲ ਨਵਾਂ ਅਨੁਵਾਦ ਵਿਚ “ਮੱਥੇ ਦਾ ਟਿੱਕਾ” ਕੀਤਾ ਗਿਆ ਹੈ। ਇਸ ਇਬਰਾਨੀ ਸ਼ਬਦ ਨਾਲ ਮਿਲਦੇ-ਜੁਲਦੇ ਯੂਗਾਰੀਟੀ ਮੂਲ ਸ਼ਬਦ ਦਾ ਮਤਲਬ ਸੂਰਜ ਜਾਂ ਸੂਰਜ ਦੀ ਦੇਵੀ ਹੈ। ਇਸ ਤੋਂ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਯਸਾਯਾਹ ਦੀ ਭਵਿੱਖਬਾਣੀ ਵਿਚ ਦੱਸੀਆਂ ਗਈਆਂ ਯਰੂਸ਼ਲਮ ਦੀਆਂ ਤੀਵੀਆਂ ਸ਼ਾਇਦ ਕਨਾਨ ਦੇ ਦੇਵਤਿਆਂ ਦੇ ਸਨਮਾਨ ਵਿਚ ਆਪਣੇ ਮੱਥੇ ਤੇ ਸੂਰਜ ਦੀ ਸ਼ਕਲ ਦੇ ਟਿੱਕੇ ਲਟਕਾਉਂਦੀਆਂ ਸਨ ਅਤੇ “ਚੰਦਨਹਾਰ” ਪਹਿਨਦੀਆਂ ਸਨ।

ਮਸੌਰਾ ਮੂਲ-ਪਾਠ (Masoretic text) ਵਿਚ ਕਹਾਉਤਾਂ 26:23 ਵਿਚ “ਬਲਦੇ ਬੁੱਲ੍ਹਾਂ ਅਤੇ ਬੁਰੇ ਦਿਲ” ਦੀ ਤੁਲਨਾ “ਚਾਂਦੀ ਦੀ ਮੈਲ” ਨਾਲ ਮੜ੍ਹੇ ਮਿੱਟੀ ਦੇ ਭਾਂਡੇ ਨਾਲ ਕੀਤੀ ਗਈ ਹੈ। ਇਕ ਮਿਲਦੇ-ਜੁਲਦੇ ਯੂਗਾਰੀਟੀ ਮੂਲ ਸ਼ਬਦ ਦੇ ਅਰਥ ਅਨੁਸਾਰ, ਇਸ ਆਇਤ ਦਾ ਅਨੁਵਾਦ “ਜਿਵੇਂ ਠੀਕਰੀ ਉੱਤੇ ਸ਼ੀਸ਼ੇ ਦਾ ਪਾਣੀ” ਵੀ ਕੀਤਾ ਜਾ ਸਕਦਾ ਹੈ। ਇਸ ਲਈ ਪੰਜਾਬੀ ਬਾਈਬਲ ਵਿਚ ਇਸ ਕਹਾਵਤ ਦਾ ਇਸ ਤਰੀਕੇ ਨਾਲ ਅਨੁਵਾਦ ਕੀਤਾ ਗਿਆ ਹੈ: “ਜਿਵੇਂ ਮਿੱਟੀ ਦੇ ਭਾਂਡੇ ਉੱਤੇ ਚਾਂਦੀ ਦਾ ਪਾਣੀ, ਤਿਵੇਂ ਬਲਦੇ ਬੁੱਲ੍ਹ ਅਤੇ ਬੁਰਾ ਦਿਲ ਹੈ।”

ਬਾਈਬਲ ਦੀਆਂ ਲਿਖਤਾਂ ਦਾ ਮੂਲ ਆਧਾਰ?

ਰਾਸ਼ਾਮਰਾ ਤੋਂ ਮਿਲੇ ਸ਼ਿਲਾ-ਲੇਖਾਂ ਦੀ ਜਾਂਚ ਕਰਨ ਤੇ ਕੁਝ ਵਿਦਵਾਨਾਂ ਨੇ ਕਿਹਾ ਹੈ ਕਿ ਬਾਈਬਲ ਦੀਆਂ ਕੁਝ ਲਿਖਤਾਂ ਯੂਗਾਰੀਟੀ ਕਵਿਤਾਵਾਂ ਤੋਂ ਲਈਆਂ ਗਈਆਂ ਹਨ। ਫ਼ਰੈਂਚ ਇੰਸਟੀਚਿਊਟ ਦਾ ਮੈਂਬਰ ਆਂਡਰੇ ਕੈਕੋ ਕਹਿੰਦਾ ਹੈ ਕਿ “ਇਸਰਾਏਲੀਆਂ ਦਾ ਧਰਮ ਕਨਾਨੀ ਸਭਿਆਚਾਰ ਤੋਂ ਹੀ ਪੈਦਾ ਹੋਇਆ ਸੀ।”

ਰੋਮ ਵਿਚ ਪੌਂਟੀਫਿਕਲ ਬਿਬਲੀਕਲ ਇੰਸਟੀਚਿਊਟ ਦਾ ਮੈਂਬਰ ਮਿਚਲ ਡੇਹਡ ਜ਼ਬੂਰ 29 ਬਾਰੇ ਟਿੱਪਣੀ ਕਰਦਾ ਹੈ: “ਯਾਹਵੇਹ ਦੇ ਭਗਤਾਂ ਨੇ ਇਹ ਜ਼ਬੂਰ ਇਕ ਪੁਰਾਣੇ ਕਨਾਨੀ ਭਜਨ ਤੋਂ ਲਿਆ ਹੈ ਜੋ ਤੂਫ਼ਾਨ ਦੇਵਤਾ ਬਆਲ ਦੀ ਮਹਿਮਾ ਲਈ ਲਿਖਿਆ ਗਿਆ ਸੀ . . . ਇਸ ਜ਼ਬੂਰ ਦਾ ਲਗਭਗ ਹਰ ਸ਼ਬਦ ਪੁਰਾਣੀਆਂ ਕਨਾਨੀ ਕਵਿਤਾਵਾਂ ਵਿੱਚੋਂ ਲਿਆ ਗਿਆ ਹੈ।” ਕੀ ਇਹ ਸਿੱਟਾ ਕੱਢਣਾ ਮੁਨਾਸਬ ਹੈ? ਬਿਲਕੁਲ ਨਹੀਂ!

ਬਾਈਬਲ ਦੀਆਂ ਲਿਖਤਾਂ ਅਤੇ ਯੂਗਾਰੀਟੀ ਲੇਖਾਂ ਵਿਚ ਉੱਨੀ ਜ਼ਿਆਦਾ ਸਮਾਨਤਾ ਨਹੀਂ ਜਿੰਨੀ ਕਿ ਵਿਦਵਾਨ ਦਾਅਵਾ ਕਰਦੇ ਹਨ ਅਤੇ ਤਰਕਸ਼ੀਲ ਵਿਦਵਾਨਾਂ ਨੇ ਇਸ ਗੱਲ ਨੂੰ ਮੰਨਿਆ ਹੈ। ਕੁਝ ਵਿਦਵਾਨਾਂ ਨੇ ਉਨ੍ਹਾਂ ਵਿਅਕਤੀਆਂ ਦੀ ਆਲੋਚਨਾ ਕੀਤੀ ਜੋ ਹਰ ਗੱਲ ਦਾ ਯੂਗਾਰੀਟੀ ਆਧਾਰ ਲੱਭਣ ਦੀ ਕੋਸ਼ਿਸ਼ ਕਰਦੇ ਹਨ। “ਅਜਿਹਾ ਕੋਈ ਯੂਗਾਰੀਟੀ ਲੇਖ ਨਹੀਂ ਜੋ ਜ਼ਬੂਰ 29 ਨਾਲ ਹੂ-ਬਹੂ ਮਿਲਦਾ-ਜੁਲਦਾ ਹੋਵੇ,” ਧਰਮ-ਸ਼ਾਸਤਰੀ ਗੈਰੀ ਬਰੈਂਟਲੀ ਕਹਿੰਦਾ ਹੈ। “ਇਹ ਦਾਅਵਾ ਬਿਲਕੁਲ ਬੇਬੁਨਿਆਦ ਹੈ ਕਿ ਜ਼ਬੂਰ 29 (ਜਾਂ ਬਾਈਬਲ ਦਾ ਹੋਰ ਕੋਈ ਅਧਿਆਇ) ਕਿਸੇ ਕਨਾਨੀ ਮਿਥ ਤੋਂ ਲਿਆ ਗਿਆ ਹੈ।”

ਕੀ ਯੂਗਾਰੀਟੀ ਲੇਖਾਂ ਅਤੇ ਬਾਈਬਲ ਮੂਲ-ਪਾਠ ਵਿਚ ਮਿਲਦੇ-ਜੁਲਦੇ ਸ਼ਬਦ ਅਤੇ ਲਿਖਾਈ ਦੀ ਮਿਲਦੀ-ਜੁਲਦੀ ਸ਼ੈਲੀ ਇਸ ਗੱਲ ਦਾ ਸਬੂਤ ਹੈ ਕਿ ਯੂਗਾਰੀਟੀ ਲੇਖ ਹੀ ਬਾਈਬਲ ਮੂਲ-ਪਾਠ ਦਾ ਆਧਾਰ ਸੀ? ਬਿਲਕੁਲ ਨਹੀਂ, ਸਗੋਂ ਇਹ ਸਮਾਨਤਾਵਾਂ ਹੋਣੀਆਂ ਸੁਭਾਵਕ ਹਨ। ਦੀ ਐਨਸਾਈਕਲੋਪੀਡੀਆ ਆਫ਼ ਰਿਲੀਜਨ ਕਹਿੰਦਾ ਹੈ: “ਸ਼ਬਦਾਂ ਅਤੇ ਸ਼ੈਲੀ ਵਿਚ ਇਸ ਸਮਾਨਤਾ ਦਾ ਕਾਰਨ ਉਨ੍ਹਾਂ ਦਾ ਸਭਿਆਚਾਰ ਹੈ: ਭਾਵੇਂ ਯੂਗਾਰੀਟ ਅਤੇ ਇਸਰਾਏਲ ਵੱਖੋ-ਵੱਖਰੇ ਸਮਿਆਂ ਅਤੇ ਥਾਵਾਂ ਤੇ ਸਥਿਤ ਸਨ, ਪਰ ਉਹ ਦੋਨੋਂ ਇਕ ਅਜਿਹੇ ਵੱਡੇ ਸਭਿਆਚਾਰ ਦਾ ਹਿੱਸਾ ਸਨ ਜੋ ਇੱਕੋ ਜਿਹੀ ਕਾਵਿਕ ਤੇ ਧਾਰਮਿਕ ਸ਼ਬਦਾਵਲੀ ਵਰਤਦਾ ਸੀ।” ਇਸ ਲਈ ਗੈਰੀ ਬਰੈਂਟਲੀ ਅਖ਼ੀਰ ਵਿਚ ਕਹਿੰਦਾ ਹੈ: “ਲਿਖਤਾਂ ਵਿਚ ਸਮਾਨਤਾਵਾਂ ਹੋਣ ਕਾਰਨ ਇਹ ਸਿੱਟਾ ਕੱਢਣਾ ਸਹੀ ਨਹੀਂ ਹੈ ਕਿ ਕਨਾਨੀ ਧਾਰਮਿਕ ਵਿਸ਼ਵਾਸ ਹੀ ਬਾਈਬਲ ਲਿਖਤਾਂ ਦਾ ਆਧਾਰ ਸਨ।”

ਅਖ਼ੀਰ ਵਿਚ ਇਸ ਗੱਲ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਜੇ ਰਾਸ਼ਾਮਰਾ ਦੀਆਂ ਕਵਿਤਾਵਾਂ ਅਤੇ ਬਾਈਬਲ ਵਿਚ ਕੋਈ ਸਮਾਨਤਾ ਹੈ ਵੀ, ਤਾਂ ਇਹ ਸਾਹਿੱਤਕ ਸਮਾਨਤਾ ਹੈ, ਨਾ ਕਿ ਧਾਰਮਿਕ। ਪੁਰਾਤੱਤਵ-ਵਿਗਿਆਨੀ ਸਾਈਰਸ ਗੌਰਡਨ ਕਹਿੰਦਾ ਹੈ: “ਬਾਈਬਲ ਵਿਚ ਜਿਹੜੀਆਂ ਉੱਚੀਆਂ ਨੈਤਿਕ ਕਦਰਾਂ-ਕੀਮਤਾਂ ਦੱਸੀਆਂ ਗਈਆਂ ਹਨ, ਉਹ ਯੂਗਾਰੀਟ ਵਿਚ [ਨਹੀਂ] ਸਨ।” ਜੀ ਹਾਂ, ਇਸਰਾਏਲੀਆਂ ਅਤੇ ਯੂਗਾਰੀਟੀ ਲੋਕਾਂ ਵਿਚ ਸਮਾਨਤਾਵਾਂ ਘੱਟ ਅਤੇ ਫ਼ਰਕ ਜ਼ਿਆਦਾ ਸਨ।

ਬਾਈਬਲ ਦੇ ਵਿਦਿਆਰਥੀ ਅਜੇ ਵੀ ਯੂਗਾਰੀਟ ਤੋਂ ਮਿਲੇ ਸ਼ਿਲਾ-ਲੇਖਾਂ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਨ। ਇਨ੍ਹਾਂ ਦੀ ਮਦਦ ਨਾਲ ਉਹ ਸ਼ਾਇਦ ਇਬਰਾਨੀ ਕੌਮ ਦੇ ਸਭਿਆਚਾਰਕ, ਇਤਿਹਾਸਕ ਅਤੇ ਧਾਰਮਿਕ ਮਾਹੌਲ ਬਾਰੇ ਹੋਰ ਕਾਫ਼ੀ ਜਾਣਕਾਰੀ ਹਾਸਲ ਕਰ ਸਕਣਗੇ। ਉਹ ਸਮਝ ਸਕਣਗੇ ਕਿ ਬਾਈਬਲ ਲਿਖਾਰੀਆਂ ਨੇ ਕਿਸ ਤਰ੍ਹਾਂ ਦੇ ਮਾਹੌਲ ਵਿਚ ਰਹਿ ਕੇ ਬਾਈਬਲ ਦੀਆਂ ਕਿਤਾਬਾਂ ਲਿਖੀਆਂ ਸਨ। ਰਾਸ਼ਾਮਰਾ ਦੇ ਸ਼ਿਲਾ-ਲੇਖਾਂ ਦੀ ਹੋਰ ਜ਼ਿਆਦਾ ਜਾਂਚ-ਪੜਤਾਲ ਸ਼ਾਇਦ ਪੁਰਾਣੀ ਇਬਰਾਨੀ ਭਾਸ਼ਾ ਦੀ ਸਮਝ ਉੱਤੇ ਵੀ ਚਾਨਣ ਪਾਵੇ। ਪਰ ਸਭ ਤੋਂ ਮਹੱਤਵਪੂਰਣ ਗੱਲ ਤਾਂ ਇਹ ਹੈ ਕਿ ਯੂਗਾਰੀਟ ਦੇ ਥੇਹ ਤੋਂ ਮਿਲੀਆਂ ਚੀਜ਼ਾਂ ਤੋਂ ਇਹ ਪੱਕਾ ਸਬੂਤ ਮਿਲਦਾ ਹੈ ਕਿ ਬਆਲ ਦੀ ਭ੍ਰਿਸ਼ਟ ਪੂਜਾ ਅਤੇ ਯਹੋਵਾਹ ਦੀ ਪਵਿੱਤਰ ਭਗਤੀ ਵਿਚਕਾਰ ਜ਼ਮੀਨ-ਆਸਮਾਨ ਦਾ ਫ਼ਰਕ ਸੀ।

[ਫੁਟਨੋਟ]

^ ਪੈਰਾ 7 ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ “ਸਮੁੰਦਰੀ ਲੋਕ” ਭੂਮੱਧ ਸਾਗਰ ਦੇ ਟਾਪੂਆਂ ਅਤੇ ਤਟਵਰਤੀ ਇਲਾਕਿਆਂ ਦੇ ਮਲਾਹ ਸਨ। ਉਨ੍ਹਾਂ ਵਿਚ ਸ਼ਾਇਦ ਫਲਿਸਤੀ ਲੋਕ ਵੀ ਸ਼ਾਮਲ ਸਨ।​—ਆਮੋਸ 9:7.

^ ਪੈਰਾ 10 ਕੁਝ ਵਿਦਵਾਨ ਡੇਗਨ ਦੇ ਮੰਦਰ ਨੂੰ ਐੱਲ ਦੇਵਤੇ ਦਾ ਮੰਦਰ ਕਹਿੰਦੇ ਹਨ, ਹਾਲਾਂਕਿ ਇਸ ਬਾਰੇ ਕਈ ਵਿਦਵਾਨ ਵੱਖਰੀ ਰਾਇ ਰੱਖਦੇ ਹਨ। ਜਰੂਸਲਮ ਸਕੂਲ ਆਫ਼ ਬਿਬਲੀਕਲ ਸਟੱਡੀਜ਼ ਦੇ ਪ੍ਰੋਫ਼ੈਸਰ ਅਤੇ ਫਰਾਂਸੀਸੀ ਵਿਦਵਾਨ ਰੌਲਾਨ ਡ ਵੋ ਦਾ ਕਹਿਣਾ ਹੈ ਕਿ ਡੇਗਨ—ਨਿਆਈਆਂ 16:23 ਤੇ 1 ਸਮੂਏਲ 5:1-5 ਦਾ ਦਾਗੋਨ—ਐੱਲ ਦੇਵਤੇ ਦਾ ਹੀ ਨਾਂ ਹੈ। ਦੀ ਐਨਸਾਈਕਲੋਪੀਡੀਆ ਆਫ਼ ਰਿਲੀਜਨ ਕਹਿੰਦਾ ਹੈ ਕਿ ਸੰਭਵ ਤੌਰ ਤੇ “ਡੇਗਨ ਹੀ [ਐੱਲ] ਸੀ ਜਾਂ ਉਹ ਐੱਲ ਦਾ ਰੂਪ ਮੰਨਿਆ ਜਾਂਦਾ ਸੀ।” ਰਾਸ਼ਾਮਰਾ ਤੋਂ ਮਿਲੇ ਸ਼ਿਲਾ-ਲੇਖਾਂ ਵਿਚ ਬਆਲ ਨੂੰ ਡੇਗਨ ਦਾ ਪੁੱਤਰ ਕਿਹਾ ਗਿਆ ਹੈ, ਪਰ ਇਹ ਨਿਸ਼ਚਿਤ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਇਸ ਪ੍ਰਸੰਗ ਵਿਚ “ਪੁੱਤਰ” ਦਾ ਕੀ ਮਤਲਬ ਹੈ।

[ਸਫ਼ੇ 25 ਉੱਤੇ ਸੁਰਖੀ]

ਯੂਗਾਰੀਟ ਦੇ ਥੇਹ ਤੋਂ ਮਿਲੀਆਂ ਚੀਜ਼ਾਂ ਨੇ ਬਾਈਬਲ ਨੂੰ ਸਮਝਣ ਵਿਚ ਸਾਡੀ ਮਦਦ ਕੀਤੀ ਹੈ

[ਸਫ਼ੇ 24, 25 ਉੱਤੇ ਨਕਸ਼ਾ/ਤਸਵੀਰਾਂ]

(ਪੂਰੀ ਤਰ੍ਹਾਂ ਫਾਰਮੈਟ ਕੀਤੇ ਹੋਏ ਟੈਕਸਟ ਲਈ ਪ੍ਰਕਾਸ਼ਨ ਦੇਖੋ)

14ਵੀਂ ਸਦੀ ਸਾ.ਯੁ.ਪੂ. ਵਿਚ ਹਿੱਤੀ ਸਾਮਰਾਜ

ਭੂਮੱਧ ਸਾਗਰ

ਫਰਾਤ

ਕਾਸੀਅਸ ਪਹਾੜ (ਜੇਬਲ ਐੱਲ-ਆਗਰਾ)

ਯੂਗਾਰੀਟ (ਰਾਸ਼ਾਮਰਾ)

ਟੈੱਲ ਸੂਕਾਸ

ਓਰੈਨਟੀਜ਼

ਸੀਰੀਆ

ਮਿਸਰ

[ਕ੍ਰੈਡਿਟ ਲਾਈਨਾਂ]

ਬਆਲ ਦੀ ਮੂਰਤੀ ਅਤੇ ਜਾਨਵਰ ਦੇ ਸਿਰ ਦੀ ਸ਼ਕਲ ਦਾ ਪਿਆਲਾ: Musée du Louvre, Paris; ਸ਼ਾਹੀ ਮਹਿਲ ਦੀ ਤਸਵੀਰ: © D. Héron-Hugé pour “Le Monde de la Bible”

[ਸਫ਼ੇ 25 ਉੱਤੇ ਤਸਵੀਰ]

ਮਹਿਲ ਦੇ ਫਾਟਕ ਦੇ ਖੰਡਰਾਤ

[ਸਫ਼ੇ 26 ਉੱਤੇ ਤਸਵੀਰ]

ਯੂਗਾਰੀਟ ਦੀ ਇਕ ਮਿਥਿਹਾਸਕ ਕਵਿਤਾ ਕੂਚ 23:19 ਨੂੰ ਸਮਝਣ ਵਿਚ ਮਦਦ ਕਰ ਸਕਦੀ ਹੈ

[ਕ੍ਰੈਡਿਟ ਲਾਈਨਾਂ]

Musée du Louvre, Paris

[ਸਫ਼ੇ 27 ਉੱਤੇ ਤਸਵੀਰਾਂ]

ਪੱਥਰ ਉੱਤੇ ਉੱਕਰੀ ਹੋਈ ਬਆਲ ਦੀ ਤਸਵੀਰ

ਸੋਨੇ ਦੀ ਪਲੇਟ ਜਿਸ ਤੇ ਸ਼ਿਕਾਰ ਕਰਨ ਦਾ ਦ੍ਰਿਸ਼ ਹੈ

ਸ਼ਿੰਗਾਰਦਾਨੀ ਦਾ ਹਾਥੀ-ਦੰਦ ਦਾ ਬਣਿਆ ਢੱਕਣ ਜਿਸ ਤੇ ਉਪਜਾਊ-ਸ਼ਕਤੀ ਦੀ ਦੇਵੀ ਦੀ ਤਸਵੀਰ ਹੈ

[ਕ੍ਰੈਡਿਟ ਲਾਈਨਾਂ]

ਸਾਰੀਆਂ ਤਸਵੀਰਾਂ: Musée du Louvre, Paris