ਯੂਸੀਬੀਅਸ—ਕੀ ਉਹ “ਚਰਚ ਦੇ ਇਤਿਹਾਸ ਦਾ ਮੋਢੀ” ਸੀ?
ਯੂਸੀਬੀਅਸ—ਕੀ ਉਹ “ਚਰਚ ਦੇ ਇਤਿਹਾਸ ਦਾ ਮੋਢੀ” ਸੀ?
ਸਾਲ 325 ਸਾ.ਯੁ. ਵਿਚ, ਰੋਮੀ ਸਮਰਾਟ ਕਾਂਸਟੰਟੀਨ ਨੇ ਸਾਰੇ ਬਿਸ਼ਪਾਂ ਨੂੰ ਨਾਈਸੀਆ ਸ਼ਹਿਰ ਵਿਚ ਇਕ ਧਰਮ-ਸਭਾ ਲਈ ਸੱਦਿਆ। ਉਸ ਦਾ ਉਦੇਸ਼ ਇਸ ਵਾਦ-ਵਿਸ਼ੇ ਨੂੰ ਸੁਲਝਾਉਣਾ ਸੀ ਕਿ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦਾ ਆਪਸ ਵਿਚ ਕੀ ਸੰਬੰਧ ਸੀ। ਉਸ ਸਭਾ ਵਿਚ ਇਕ ਅਜਿਹਾ ਵਿਅਕਤੀ ਵੀ ਮੌਜੂਦ ਸੀ ਜਿਸ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਵਿਦਵਾਨ ਮੰਨਿਆ ਜਾਂਦਾ ਸੀ। ਉਹ ਸੀ ਯੂਸੀਬੀਅਸ ਜੋ ਕੈਸਰਿਯਾ ਦਾ ਜੰਮਪਲ ਸੀ। ਯੂਸੀਬੀਅਸ ਨੇ ਪਵਿੱਤਰ ਸ਼ਾਸਤਰ ਦਾ ਬਹੁਤ ਧਿਆਨ ਨਾਲ ਅਧਿਐਨ ਕੀਤਾ ਅਤੇ ਉਸ ਨੇ ਮਸੀਹੀਆਂ ਦੇ ਇਸ ਧਾਰਮਿਕ ਸਿਧਾਂਤ ਕਿ ਇਕ ਹੀ ਸੱਚਾ ਪਰਮੇਸ਼ੁਰ ਹੈ, ਦੇ ਹੱਕ ਵਿਚ ਕਈ ਕਿਤਾਬਾਂ ਲਿਖੀਆਂ ਸਨ।
ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੱਸਦਾ ਹੈ ਕਿ ਨਾਈਸੀਆ ਦੀ ਸਭਾ ਦੀ “ਪ੍ਰਧਾਨਗੀ ਕਾਂਸਟੰਟੀਨ ਨੇ ਆਪ ਕੀਤੀ ਅਤੇ ਉਸ ਨੇ ਪੂਰੇ ਜੋਸ਼ ਨਾਲ ਚਰਚਾ ਵਿਚ ਹਿੱਸਾ ਲਿਆ। ਉਸੇ ਨੇ ਇਹ ਧਰਮ-ਸਿਧਾਂਤ ਪੇਸ਼ ਕੀਤਾ ਕਿ ‘ਮਸੀਹ ਅਤੇ ਪਰਮੇਸ਼ੁਰ ਦੋਨੋਂ ਇਕ ਹਨ’ . . . ਦੋ ਬਿਸ਼ਪਾਂ ਨੂੰ ਛੱਡ ਕੇ ਬਾਕੀ ਸਾਰੇ ਬਿਸ਼ਪਾਂ ਨੇ ਨਾ ਚਾਹੁੰਦੇ ਹੋਏ ਵੀ ਸਮਰਾਟ ਦੇ ਡਰ ਤੋਂ ਇਸ ਸਿਧਾਂਤ ਨੂੰ ਮਾਨਤਾ ਦੇਣ ਵਾਲੇ ਪੱਤਰ ਉੱਤੇ ਦਸਤਖਤ ਕਰ ਦਿੱਤੇ।” ਕੀ ਯੂਸੀਬੀਅਸ ਨੇ ਪੱਤਰ ਉੱਤੇ ਦਸਤਖਤ ਕੀਤੇ ਸਨ? ਉਸ ਦੇ ਫ਼ੈਸਲੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਆਓ ਆਪਾਂ ਯੂਸੀਬੀਅਸ ਦੇ ਪਿਛੋਕੜ, ਉਸ ਦੀ ਕਾਬਲੀਅਤ ਅਤੇ ਪ੍ਰਾਪਤੀਆਂ ਬਾਰੇ ਕੁਝ ਸਿੱਖੀਏ।
ਉਸ ਦੀਆਂ ਪ੍ਰਸਿੱਧ ਲਿਖਤਾਂ
ਯੂਸੀਬੀਅਸ ਸ਼ਾਇਦ ਫਲਸਤੀਨ ਵਿਚ ਲਗਭਗ 260 ਸਾ.ਯੁ. ਵਿਚ ਪੈਦਾ ਹੋਇਆ ਸੀ। ਉਸ ਨੇ ਛੋਟੀ ਉਮਰ ਤੋਂ ਹੀ ਪੈਮਫ਼ਲਸ ਤੋਂ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ। ਪੈਮਫ਼ਲਸ ਕੈਸਰਿਯਾ ਦੇ ਚਰਚ ਦਾ ਪ੍ਰਧਾਨ ਸੀ ਅਤੇ ਇਕ ਧਾਰਮਿਕ ਸਕੂਲ ਚਲਾਉਂਦਾ ਸੀ। ਯੂਸੀਬੀਅਸ ਨੇ ਦਿਲ ਲਾ ਕੇ ਪੜ੍ਹਾਈ ਕੀਤੀ ਅਤੇ ਪੈਮਫ਼ਲਸ ਦੀ ਸ਼ਾਨਦਾਰ ਲਾਇਬ੍ਰੇਰੀ ਦੀ ਚੰਗੀ ਵਰਤੋਂ ਕੀਤੀ। ਉਹ ਖ਼ਾਸ ਕਰਕੇ ਬਾਈਬਲ ਦਾ ਗਹਿਰਾ ਅਧਿਐਨ ਕਰਨ ਵਿਚ ਰੁੱਝਿਆ ਰਹਿੰਦਾ ਸੀ। ਉਸ ਦਾ ਪੈਮਫ਼ਲਸ ਨਾਲ ਇੰਨਾ ਮੋਹ ਪੈ ਗਿਆ ਕਿ ਬਾਅਦ ਵਿਚ ਉਹ ਆਪਣੇ ਆਪ ਨੂੰ “ਪੈਮਫ਼ਲਸ ਦਾ ਪੁੱਤ ਯੂਸੀਬੀਅਸ” ਕਹਿਣ ਲੱਗ ਪਿਆ।
ਆਪਣੇ ਟੀਚਿਆਂ ਬਾਰੇ ਯੂਸੀਬੀਅਸ ਨੇ ਲਿਖਿਆ: “ਮੇਰਾ ਉਦੇਸ਼ ਹੈ ਕਿ ਮੈਂ ਪਵਿੱਤਰ ਰਸੂਲਾਂ ਦੇ ਉਤਰਾਧਿਕਾਰੀਆਂ ਬਾਰੇ ਅਤੇ ਸਾਡੇ ਮੁਕਤੀਦਾਤੇ ਦੇ ਦਿਨਾਂ ਤੋਂ ਲੈ ਕੇ ਹੁਣ ਤਕ ਵਾਪਰੀਆਂ ਘਟਨਾਵਾਂ ਬਾਰੇ ਬਿਰਤਾਂਤ ਲਿਖਾਂ; ਮੈਂ ਚਰਚ ਦੇ ਇਤਿਹਾਸ ਵਿਚ ਵਾਪਰੀਆਂ ਕਈ ਮਹੱਤਵਪੂਰਣ ਘਟਨਾਵਾਂ ਬਾਰੇ ਲਿਖਣਾ ਚਾਹੁੰਦਾ ਹਾਂ; ਅਤੇ ਉਨ੍ਹਾਂ ਵਿਅਕਤੀਆਂ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਜਿਹੜੇ ਮਸ਼ਹੂਰ ਹਲਕਿਆਂ ਵਿਚ ਗਿਰਜਿਆਂ ਦੇ ਪ੍ਰਧਾਨ ਰਹੇ ਹਨ ਅਤੇ ਜਿਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਦਾ ਜ਼ਬਾਨੀ ਜਾਂ ਲਿਖਤੀ ਰੂਪ ਵਿਚ ਉਪਦੇਸ਼ ਕੀਤਾ ਹੈ।”
ਯੂਸੀਬੀਅਸ ਖ਼ਾਸਕਰ ਆਪਣੀ ਰਚਨਾ ਮਸੀਹੀ ਚਰਚ ਦਾ ਇਤਿਹਾਸ (ਅੰਗ੍ਰੇਜ਼ੀ) ਲਈ ਬਹੁਤ ਮਸ਼ਹੂਰ ਹੋਇਆ ਸੀ। ਇਹ ਦਸ ਖੰਡ ਲਗਭਗ 324 ਸਾ.ਯੁ. ਵਿਚ ਜਾਰੀ ਕੀਤੇ ਗਏ ਸਨ ਅਤੇ ਅੱਜ ਇਨ੍ਹਾਂ ਨੂੰ ਪੁਰਾਣੇ ਜ਼ਮਾਨੇ ਦਾ ਸਭ ਤੋਂ ਮਹੱਤਵਪੂਰਣ ਧਾਰਮਿਕ ਇਤਿਹਾਸ ਸਮਝਿਆ ਜਾਂਦਾ ਹੈ। ਯੂਸੀਬੀਅਸ ਦੀ ਇਸ ਪ੍ਰਾਪਤੀ ਕਰਕੇ ਹੀ ਉਸ ਨੂੰ ਚਰਚ ਦੇ ਇਤਿਹਾਸ ਦਾ ਮੋਢੀ ਕਿਹਾ ਜਾਂਦਾ ਸੀ।
ਚਰਚ ਦਾ ਇਤਿਹਾਸ ਤੋਂ ਇਲਾਵਾ, ਯੂਸੀਬੀਅਸ ਨੇ ਦੋ ਖੰਡਾਂ ਵਾਲੀ ਕਰੌਨਿਕਲ ਕਿਤਾਬ ਵੀ ਲਿਖੀ। ਪਹਿਲੇ ਖੰਡ ਵਿਚ ਉਸ ਨੇ ਸੰਸਾਰ ਦੇ ਇਤਿਹਾਸ ਦਾ ਸਾਰ ਦਿੱਤਾ। ਚੌਥੀ ਸਦੀ ਵਿਚ ਇਹ ਕਿਤਾਬ ਦੁਨੀਆਂ ਦਾ ਇਤਿਹਾਸ ਪੜ੍ਹਨ ਵਾਲਿਆਂ ਲਈ ਇਕ ਅਹਿਮ ਕਿਤਾਬ ਬਣ ਗਈ। ਦੂਜੇ ਖੰਡ ਵਿਚ ਇਤਿਹਾਸਕ
ਘਟਨਾਵਾਂ ਦੀਆਂ ਤਾਰੀਖ਼ਾਂ ਦਿੱਤੀਆਂ ਹੋਈਆਂ ਸਨ। ਯੂਸੀਬੀਅਸ ਨੇ ਸਮਾਨਾਂਤਰ ਕਾਲਮਾਂ ਵਿਚ ਵੱਖੋ-ਵੱਖਰੀਆਂ ਕੌਮਾਂ ਦੇ ਵੱਖ-ਵੱਖ ਰਾਜਿਆਂ ਦੀ ਸੂਚੀ ਦਿੱਤੀ ਸੀ।ਯੂਸੀਬੀਅਸ ਨੇ ਹੋਰ ਦੋ ਇਤਿਹਾਸਕ ਰਚਨਾਵਾਂ ਰਚੀਆਂ। ਇਹ ਸਨ ਫਲਸਤੀਨ ਦੇ ਸ਼ਹੀਦ (ਅੰਗ੍ਰੇਜ਼ੀ) ਅਤੇ ਕਾਂਸਟੰਟੀਨ ਦੀ ਜੀਵਨੀ (ਅੰਗ੍ਰੇਜ਼ੀ)। ਉਸ ਨੇ ਪਹਿਲੀ ਕਿਤਾਬ ਵਿਚ ਸਾਲ 303 ਤੋਂ 310 ਸਾ.ਯੁ. ਦੇ ਸ਼ਹੀਦਾਂ ਅਤੇ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ਦਾ ਉਹ ਆਪ ਚਸ਼ਮਦੀਦ ਗਵਾਹ ਸੀ। ਉਸ ਦੀ ਦੂਸਰੀ ਇਤਿਹਾਸਕ ਰਚਨਾ ਦੇ ਚਾਰ ਖੰਡ ਸਨ ਅਤੇ ਇਹ ਸਾਲ 337 ਸਾ.ਯੁ. ਵਿਚ ਸਮਰਾਟ ਕਾਂਸਟੰਟੀਨ ਦੀ ਮੌਤ ਮਗਰੋਂ ਜਾਰੀ ਕੀਤੇ ਗਏ ਸਨ। ਇਨ੍ਹਾਂ ਵਿਚ ਮਹੱਤਵਪੂਰਣ ਇਤਿਹਾਸਕ ਜਾਣਕਾਰੀ ਦਿੱਤੀ ਗਈ ਸੀ। ਯੂਸੀਬੀਅਸ ਨੇ ਇਤਿਹਾਸ ਨੂੰ ਹੂ-ਬਹੂ ਪੇਸ਼ ਕਰਨ ਦੀ ਬਜਾਇ ਸਮਰਾਟ ਕਾਂਸਟੰਟੀਨ ਦੀ ਜ਼ਿਆਦਾ ਵਡਿਆਈ ਕੀਤੀ ਹੈ।
ਯੂਸੀਬੀਅਸ ਨੇ ਮਸੀਹੀ ਧਰਮ ਦੇ ਪੱਖ ਵਿਚ ਵੀ ਕਈ ਕਿਤਾਬਾਂ ਲਿਖੀਆਂ। ਜਦੋਂ ਉਸ ਸਮੇਂ ਦੇ ਰੋਮੀ ਗਵਰਨਰ ਹਿਰੌਕਲੀਸ ਨੇ ਮਸੀਹੀਆਂ ਬਾਰੇ ਭੈੜੀਆਂ ਗੱਲਾਂ ਲਿਖੀਆਂ ਸਨ, ਤਾਂ ਯੂਸੀਬੀਅਸ ਨੇ ਆਪਣੀ ਇਕ ਕਿਤਾਬ ਵਿਚ ਉਸ ਦੀਆਂ ਗੱਲਾਂ ਦਾ ਖੰਡਨ ਕੀਤਾ ਸੀ। ਇਸ ਤੋਂ ਇਲਾਵਾ, ਉਸ ਨੇ 35 ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚ ਉਸ ਨੇ ਦਲੀਲਾਂ ਪੇਸ਼ ਕੀਤੀਆਂ ਕਿ ਬਾਈਬਲ ਸੱਚ-ਮੁੱਚ ਪਰਮੇਸ਼ੁਰ ਨੇ ਲਿਖਵਾਈ ਸੀ। ਇਹ ਕਿਤਾਬਾਂ ਉਸ ਦੀਆਂ ਸਭ ਤੋਂ ਮਹੱਤਵਪੂਰਣ ਅਤੇ ਸ਼ਾਨਦਾਰ ਰਚਨਾਵਾਂ ਸਮਝੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਪਹਿਲੀਆਂ 15 ਕਿਤਾਬਾਂ ਵਿਚ ਦੱਸਿਆ ਗਿਆ ਸੀ ਕਿ ਮਸੀਹੀ ਕਿਉਂ ਇਬਰਾਨੀ ਸ਼ਾਸਤਰ ਨੂੰ ਪਵਿੱਤਰ ਮੰਨਦੇ ਸਨ। ਬਾਕੀ 20 ਕਿਤਾਬਾਂ ਨੇ ਦਿਖਾਇਆ ਕਿ ਮਸੀਹੀਆਂ ਵੱਲੋਂ ਯਹੂਦੀ ਵਿਸ਼ਵਾਸਾਂ ਨੂੰ ਤਿਆਗਣਾ ਤੇ ਨਵੇਂ ਸਿਧਾਂਤਾਂ ਅਤੇ ਰਸਮਾਂ-ਰੀਤਾਂ ਨੂੰ ਅਪਣਾਉਣਾ ਕਿਉਂ ਜਾਇਜ਼ ਸੀ। ਤਾਂ ਫਿਰ ਇਹ ਕਿਹਾ ਜਾ ਸਕਦਾ ਕਿ ਇਨ੍ਹਾਂ 35 ਕਿਤਾਬਾਂ ਵਿਚ ਯੂਸੀਬੀਅਸ ਨੇ ਆਪਣੀ ਸਮਝ ਅਨੁਸਾਰ ਮਸੀਹੀ ਧਰਮ ਦੀ ਵਧੀਆ ਤਰੀਕੇ ਨਾਲ ਵਕਾਲਤ ਕੀਤੀ ਸੀ।
ਯੂਸੀਬੀਅਸ ਲਗਭਗ 80 ਸਾਲਾਂ ਦੀ ਉਮਰ ਤਕ ਜੀਉਂਦਾ ਰਿਹਾ (ਲਗਭਗ 260-340 ਸਾ.ਯੁ.)। ਉਸ ਨੇ ਬਹੁਤ ਸਾਰੀਆਂ ਇਤਿਹਾਸਕ ਕਿਤਾਬਾਂ ਲਿਖੀਆਂ। ਉਸ ਨੇ ਪਹਿਲੀਆਂ ਤਿੰਨ ਸਦੀਆਂ ਤੋਂ ਲੈ ਕੇ ਸਮਰਾਟ ਕਾਂਸਟੰਟੀਨ ਦੇ ਸਮੇਂ ਦੀਆਂ ਘਟਨਾਵਾਂ ਬਾਰੇ ਕਿਤਾਬਾਂ ਲਿਖੀਆਂ। ਆਪਣੀ ਜ਼ਿੰਦਗੀ ਦੇ ਅਖ਼ੀਰਲੇ ਕੁਝ ਸਾਲਾਂ ਦੌਰਾਨ, ਉਸ ਨੇ ਕਿਤਾਬਾਂ ਲਿਖਣ ਤੋਂ ਇਲਾਵਾ ਕੈਸਰਿਯਾ ਦੇ ਬਿਸ਼ਪ ਦੇ ਤੌਰ ਤੇ ਵੀ ਸੇਵਾ ਕੀਤੀ ਸੀ। ਯੂਸੀਬੀਅਸ ਭਾਵੇਂ ਇਕ ਇਤਿਹਾਸਕਾਰ ਦੇ ਤੌਰ ਤੇ ਜ਼ਿਆਦਾ ਮਸ਼ਹੂਰ ਹੈ, ਪਰ ਉਹ ਮਸੀਹੀ ਧਰਮ ਦਾ ਹਿਮਾਇਤੀ, ਨਕਸ਼ਾਨਵੀਸ, ਧਰਮ-ਉਪਦੇਸ਼ਕ, ਸਮੀਖਿਆ-ਸ਼ਾਸਤਰੀ ਅਤੇ ਧਾਰਮਿਕ ਲਿਖਤਾਂ ਦੀ ਵਿਆਖਿਆ ਦੇਣ ਵਾਲਾ ਲੇਖਕ ਵੀ ਸੀ।
ਕਿਤਾਬਾਂ ਲਿਖਣ ਦੇ ਦੋ ਕਾਰਨ
ਯੂਸੀਬੀਅਸ ਨੇ ਇੰਨੀਆਂ ਸਾਰੀਆਂ ਕਿਤਾਬਾਂ ਕਿਉਂ ਲਿਖੀਆਂ? ਉਹ ਮੰਨਦਾ ਸੀ ਕਿ ਉਹ ਅਜਿਹੇ ਸਮੇਂ ਵਿਚ ਜੀ ਰਿਹਾ ਸੀ ਜਦੋਂ ਜਲਦੀ ਹੀ ਇਕ ਨਵਾਂ ਯੁੱਗ ਸ਼ੁਰੂ ਹੋਣ ਵਾਲਾ ਸੀ। ਉਹ ਮੰਨਦਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸ ਵਿਚ ਵਾਪਰੀਆਂ ਮਹੱਤਵਪੂਰਣ ਘਟਨਾਵਾਂ ਨੂੰ ਲਿਖਤੀ ਰੂਪ ਦੇਣਾ ਜ਼ਰੂਰੀ ਸੀ।
ਯੂਸੀਬੀਅਸ ਨੇ ਇਕ ਹੋਰ ਕਾਰਨ ਲਈ ਵੀ ਕਿਤਾਬਾਂ ਲਿਖੀਆਂ ਸਨ। ਉਹ ਮਸੀਹੀ ਧਰਮ ਨੂੰ ਸਹੀ ਸਾਬਤ ਕਰਨਾ ਚਾਹੁੰਦਾ ਸੀ। ਉਹ ਮੰਨਦਾ ਸੀ ਕਿ ਮਸੀਹੀ ਧਰਮ ਹੀ ਸੱਚਾ ਧਰਮ ਸੀ। ਪਰ ਕੁਝ ਲੋਕ ਇਸ ਗੱਲ ਦਾ ਵਿਰੋਧ ਕਰ ਰਹੇ ਸਨ। ਯੂਸੀਬੀਅਸ ਨੇ ਲਿਖਿਆ: “ਮੈਂ ਉਨ੍ਹਾਂ ਸਾਰੇ ਵਿਅਕਤੀਆਂ ਦੀ ਗਿਣਤੀ ਅਤੇ ਨਾਵਾਂ ਤੋਂ ਇਲਾਵਾ, ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਨਵੇਂ ਖ਼ਿਆਲਾਂ ਦੀ ਭਾਲ ਵਿਚ ਕਿੰਨੀ ਵਾਰੀ ਵੱਡੀਆਂ-ਵੱਡੀਆਂ ਗ਼ਲਤੀਆਂ ਕੀਤੀਆਂ ਹਨ। ਉਹ ਆਪਣੇ ਆਪ ਨੂੰ ਗਿਆਨ ਦੇ ਖੋਜੀ ਕਹਿੰਦੇ ਹਨ ਅਤੇ ਉਨ੍ਹਾਂ ਦਾ ਇਹ ਗਿਆਨ ਅਸਲ ਵਿਚ ਝੂਠ-ਮੂਠ ਦਾ ਗਿਆਨ ਹੈ। ਉਨ੍ਹਾਂ ਨੇ ਵਹਿਸ਼ੀ ਬਘਿਆੜਾਂ ਵਾਂਗ ਮਸੀਹ ਦੇ ਝੁੰਡ ਨੂੰ ਤਹਿਸ-ਨਹਿਸ ਕੀਤਾ ਹੈ।”
ਕੀ ਯੂਸੀਬੀਅਸ ਆਪਣੇ ਆਪ ਨੂੰ ਮਸੀਹੀ ਮੰਨਦਾ ਸੀ? ਹਾਂ, ਕਿਉਂਕਿ ਉਸ ਨੇ ਮਸੀਹ ਨੂੰ ‘ਸਾਡਾ ਮੁਕਤੀਦਾਤਾ’ ਕਿਹਾ ਸੀ। ਉਸ ਨੇ ਲਿਖਿਆ: “ਮੇਰਾ ਉਦੇਸ਼ . . . ਉਨ੍ਹਾਂ ਬਿਪਤਾਵਾਂ ਦਾ ਬਿਰਤਾਂਤ ਦੇਣਾ ਹੈ ਜੋ ਸਾਡੇ ਮੁਕਤੀਦਾਤੇ ਦੇ ਵਿਰੁੱਧ ਸਾਜ਼ਸ਼ਾਂ ਘੜਨ ਦੇ ਨਤੀਜੇ ਵਜੋਂ ਪੂਰੀ ਯਹੂਦੀ ਕੌਮ ਉੱਤੇ ਤੁਰੰਤ ਆਣ ਪਈਆਂ ਸਨ। ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਗ਼ੈਰ-ਮਸੀਹੀਆਂ ਨੇ ਕਿਨ੍ਹਾਂ ਤਰੀਕਿਆਂ ਨਾਲ ਅਤੇ ਕਦੋਂ-ਕਦੋਂ ਪਰਮੇਸ਼ੁਰ ਦੇ ਬਚਨ ਉੱਤੇ ਵਾਰ ਕੀਤੇ। ਬਹੁਤ ਸਾਰੇ ਲੋਕਾਂ ਨੇ ਵੱਖ-ਵੱਖ ਸਮਿਆਂ ਤੇ ਇਸ ਬਚਨ ਦੀ ਖ਼ਾਤਰ ਤਸੀਹਿਆਂ ਅਤੇ ਮੌਤ ਦਾ ਸਾਮ੍ਹਣਾ ਕੀਤਾ ਹੈ ਅਤੇ ਮੈਂ ਇਨ੍ਹਾਂ ਵਿਅਕਤੀਆਂ ਦੇ ਸੁਭਾਅ ਬਾਰੇ ਦੱਸਣ ਦੇ ਨਾਲ-ਨਾਲ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਅੱਜ ਸਾਡੇ ਸਮੇਂ ਵਿਚ ਕਿਨ੍ਹਾਂ ਲੋਕਾਂ ਨੇ ਖੁੱਲ੍ਹ ਕੇ ਆਪਣੇ ਵਿਸ਼ਵਾਸ ਦਾ ਇਕਰਾਰ ਕੀਤਾ ਹੈ ਅਤੇ ਸਾਡੇ
ਮੁਕਤੀਦਾਤੇ ਨੇ ਉਨ੍ਹਾਂ ਦੀ ਸਹਾਇਤਾ ਕਰ ਕੇ ਉਨ੍ਹਾਂ ਉੱਤੇ ਕਿਵੇਂ ਵੱਡੀ ਕਿਰਪਾ ਕੀਤੀ ਹੈ।”ਉਸ ਦੀ ਡੂੰਘੀ ਖੋਜਬੀਨ
ਯੂਸੀਬੀਅਸ ਨੇ ਢੇਰ ਸਾਰੀਆਂ ਕਿਤਾਬਾਂ ਪੜ੍ਹੀਆਂ ਅਤੇ ਉਨ੍ਹਾਂ ਵਿੱਚੋਂ ਹਵਾਲੇ ਦਿੱਤੇ। ਯੂਸੀਬੀਅਸ ਦੀਆਂ ਲਿਖਤਾਂ ਦੀ ਬਦੌਲਤ ਹੀ ਸਾਨੂੰ ਆਪਣੇ ਸਾਧਾਰਣ ਯੁੱਗ ਦੀਆਂ ਪਹਿਲੀਆਂ ਤਿੰਨ ਸਦੀਆਂ ਦੇ ਕਈ ਉੱਘੇ ਵਿਅਕਤੀਆਂ ਬਾਰੇ ਜਾਣਕਾਰੀ ਮਿਲੀ ਹੈ। ਸਿਰਫ਼ ਉਸ ਦੀਆਂ ਕਿਤਾਬਾਂ ਨੇ ਹੀ ਕਈ ਮਹੱਤਵਪੂਰਣ ਅੰਦੋਲਨਾਂ ਉੱਤੇ ਚਾਨਣ ਪਾਇਆ ਹੈ। ਯੂਸੀਬੀਅਸ ਨੇ ਅਜਿਹੀਆਂ ਕਿਤਾਬਾਂ ਵਿੱਚੋਂ ਹਵਾਲੇ ਦਿੱਤੇ ਜੋ ਹੁਣ ਹੋਂਦ ਵਿਚ ਨਹੀਂ ਹਨ।
ਯੂਸੀਬੀਅਸ ਬਹੁਤ ਧਿਆਨ ਨਾਲ ਅਤੇ ਮਿਹਨਤ ਨਾਲ ਆਪਣੀਆਂ ਕਿਤਾਬਾਂ ਲਈ ਸਾਮੱਗਰੀ ਇਕੱਠੀ ਕਰਦਾ ਸੀ। ਉਸ ਨੇ ਭਰੋਸੇਯੋਗ ਜਾਣਕਾਰੀ ਨੂੰ ਗ਼ਲਤ ਜਾਣਕਾਰੀ ਤੋਂ ਵੱਖਰਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਫਿਰ ਵੀ ਉਸ ਦੀਆਂ ਲਿਖਤਾਂ ਵਿਚ ਕਈ ਗ਼ਲਤੀਆਂ ਪਾਈਆਂ ਗਈਆਂ ਹਨ। ਉਸ ਨੇ ਕੁਝ ਲੋਕਾਂ ਨੂੰ ਗ਼ਲਤ ਸਮਝਿਆ ਅਤੇ ਉਨ੍ਹਾਂ ਦੇ ਕੰਮਾਂ ਦਾ ਗ਼ਲਤ ਮਤਲਬ ਕੱਢਿਆ। ਇਤਿਹਾਸਕ ਘਟਨਾਵਾਂ ਦੇ ਸਮਿਆਂ ਵਿਚ ਵੀ ਉਸ ਨੇ ਕਈ ਵਾਰ ਗ਼ਲਤੀ ਕੀਤੀ। ਯੂਸੀਬੀਅਸ ਆਪਣੇ ਵਿਚਾਰਾਂ ਨੂੰ ਸੋਹਣੇ ਤਰੀਕੇ ਨਾਲ ਪੇਸ਼ ਕਰਨ ਦਾ ਢੰਗ ਵੀ ਨਹੀਂ ਜਾਣਦਾ ਸੀ। ਪਰ ਇਨ੍ਹਾਂ ਸਾਰੀਆਂ ਕਮੀਆਂ ਦੇ ਬਾਵਜੂਦ ਉਸ ਦੀਆਂ ਅਨੇਕ ਰਚਨਾਵਾਂ ਨੂੰ ਇਕ ਅਨਮੋਲ ਖ਼ਜ਼ਾਨਾ ਮੰਨਿਆ ਜਾਂਦਾ ਹੈ।
ਸੱਚਾਈ ਦਾ ਪ੍ਰੇਮੀ?
ਯੂਸੀਬੀਅਸ ਇਸ ਪਹੇਲੀ ਨੂੰ ਸੁਲਝਾਉਣਾ ਚਾਹੁੰਦਾ ਸੀ ਕਿ ਪਿਤਾ ਅਤੇ ਪੁੱਤਰ ਦਾ ਆਪਸ ਵਿਚ ਕੀ ਸੰਬੰਧ ਸੀ। ਕੀ ਪਿਤਾ ਪੁੱਤਰ ਤੋਂ ਪਹਿਲਾਂ ਹੋਂਦ ਵਿਚ ਸੀ, ਜਿਵੇਂ ਯੂਸੀਬੀਅਸ ਮੰਨਦਾ ਸੀ? ਜਾਂ ਕੀ ਪਿਤਾ ਤੇ ਪੁੱਤਰ ਦੋਨਾਂ ਦੀ ਕੋਈ ਸ਼ੁਰੂਆਤ ਨਹੀਂ ਸੀ? ਯੂਸੀਬੀਅਸ ਨੇ ਸਵਾਲ ਪੁੱਛਿਆ: “ਜੇ ਦੋਨਾਂ ਦੀ ਕੋਈ ਸ਼ੁਰੂਆਤ ਨਹੀਂ ਹੈ, ਤਾਂ ਫਿਰ ਉਨ੍ਹਾਂ ਦਾ ਪਿਤਾ-ਪੁੱਤਰ ਦਾ ਰਿਸ਼ਤਾ ਕਿਵੇਂ ਹੋ ਸਕਦਾ ਹੈ?” ਉਸ ਨੇ ਆਪਣੇ ਵਿਸ਼ਵਾਸ ਦੇ ਸਬੂਤ ਵਜੋਂ ਬਾਈਬਲ ਦੇ ਹਵਾਲੇ ਵੀ ਦਿੱਤੇ, ਜਿਵੇਂ ਯੂਹੰਨਾ 14:28 ਜੋ ਕਹਿੰਦਾ ਹੈ ਕਿ ‘ਪਿਤਾ ਯਿਸੂ ਤੋਂ ਵੱਡਾ ਹੈ’ ਅਤੇ ਯੂਹੰਨਾ 17:3 ਜਿਸ ਵਿਚ ਕਿਹਾ ਗਿਆ ਹੈ ਕਿ ਯਿਸੂ ਨੂੰ ਸੱਚੇ ਵਾਹਦ ਪਰਮੇਸ਼ੁਰ ਨੇ “ਘੱਲਿਆ” ਸੀ। ਕੁਲੁੱਸੀਆਂ 1:15 ਅਤੇ ਯੂਹੰਨਾ 1:1 ਦੇ ਆਧਾਰ ਤੇ ਯੂਸੀਬੀਅਸ ਨੇ ਦਲੀਲ ਦਿੱਤੀ ਕਿ ਲੋਗੋਸ ਯਾਨੀ ਸ਼ਬਦ “ਅਲੱਖ ਪਰਮੇਸ਼ੁਰ ਦਾ ਰੂਪ” ਹੈ ਅਤੇ ਪਰਮੇਸ਼ੁਰ ਦਾ ਪੁੱਤਰ ਹੈ।
ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨਾਈਸੀਆ ਦੀ ਸਭਾ ਦੇ ਖ਼ਤਮ ਹੋਣ ਵੇਲੇ ਯੂਸੀਬੀਅਸ ਨੇ ਆਪਣੇ ਵਿਸ਼ਵਾਸ ਤੋਂ ਉਲਟ ਰਾਇ ਦੀ ਹਿਮਾਇਤ ਕੀਤੀ। ਭਾਵੇਂ ਕਿ ਉਹ ਦਾਅਵਾ ਕਰਦਾ ਸੀ ਕਿ ਪਰਮੇਸ਼ੁਰ ਅਤੇ ਮਸੀਹ ਇੱਕੋ ਹਸਤੀ ਨਹੀਂ ਸਨ, ਫਿਰ ਵੀ ਉਸ ਨੇ ਸਮਰਾਟ ਦੀ ਰਾਇ ਦਾ ਸਮਰਥਨ ਕੀਤਾ।
ਸਾਡੇ ਲਈ ਸਬਕ
ਨਾਈਸੀਆ ਦੀ ਸਭਾ ਵਿਚ ਯੂਸੀਬੀਅਸ ਨੇ ਬਾਈਬਲ-ਵਿਰੋਧੀ ਸਿੱਖਿਆ ਦੀ ਕਿਉਂ ਹਿਮਾਇਤ ਕੀਤੀ? ਕੀ ਉਸ ਨੇ ਸਿਆਸੀ ਫ਼ਾਇਦਿਆਂ ਲਈ ਇਸ ਤਰ੍ਹਾਂ ਕੀਤਾ ਸੀ? ਉਹ ਸਭਾ ਵਿਚ ਹਾਜ਼ਰ ਹੀ ਕਿਉਂ ਹੋਇਆ ਸੀ? ਭਾਵੇਂ ਕਿ ਸਾਰੇ ਬਿਸ਼ਪਾਂ ਨੂੰ ਸੱਦਿਆ ਗਿਆ ਸੀ, ਪਰ ਅਸਲ ਵਿਚ ਉਨ੍ਹਾਂ ਵਿੱਚੋਂ ਸਿਰਫ਼ 300 ਬਿਸ਼ਪ ਹੀ ਸਭਾ ਵਿਚ ਆਏ ਸਨ। ਕੀ ਯੂਸੀਬੀਅਸ ਨੂੰ ਆਪਣੀ ਸਮਾਜਕ ਪਦਵੀ ਦੀ ਚਿੰਤਾ ਸੀ? ਯੂਸੀਬੀਅਸ ਉਸ ਧਰਮ-ਸਭਾ ਵਿਚ ਸਮਰਾਟ ਕਾਂਸਟੰਟੀਨ ਦੇ ਸੱਜੇ ਹੱਥ ਬੈਠਾ ਸੀ। ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਸਮਰਾਟ ਉਸ ਦਾ ਇੰਨਾ ਜ਼ਿਆਦਾ ਸਨਮਾਨ ਕਿਉਂ ਕਰਦਾ ਸੀ?
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਯੂਸੀਬੀਅਸ ਨੇ ਯਿਸੂ ਦੇ ਇਸ ਹੁਕਮ ਨੂੰ ਅਣਗੌਲਿਆਂ ਕੀਤਾ ਸੀ ਕਿ ਉਸ ਦੇ ਚੇਲੇ ਇਸ ‘ਜਗਤ ਦੇ ਨਾ ਹੋਣ।’ (ਯੂਹੰਨਾ 17:16; 18:36) ਚੇਲੇ ਯਾਕੂਬ ਨੇ ਪੁੱਛਿਆ ਸੀ: “ਹੇ ਵਿਭਚਾਰਣੋ, ਕੀ ਤੁਹਾਨੂੰ ਮਲੂਮ ਨਹੀਂ ਭਈ ਸੰਸਾਰ ਦਾ ਮਿੱਤ੍ਰਚਾਰਾ ਪਰਮੇਸ਼ੁਰ ਦਾ ਵੈਰ ਹੈ?” (ਯਾਕੂਬ 4:4) ਪੌਲੁਸ ਨੇ ਵੀ ਵਧੀਆ ਸਲਾਹ ਦਿੱਤੀ ਸੀ: “ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤੋ”! (2 ਕੁਰਿੰਥੀਆਂ 6:14) ਤਾਂ ਫਿਰ ਆਓ ਆਪਾਂ ਇਸ ਜਗਤ ਤੋਂ ਦੂਰ ਰਹੀਏ ਅਤੇ “[ਪਿਤਾ ਦੀ] ਆਤਮਾ ਅਤੇ ਸਚਿਆਈ ਨਾਲ ਭਗਤੀ” ਕਰਦੇ ਰਹੀਏ।—ਯੂਹੰਨਾ 4:24.
[ਸਫ਼ੇ 31 ਉੱਤੇ ਤਸਵੀਰ]
ਨਾਈਸੀਆ ਦੀ ਸਭਾ ਨੂੰ ਦਰਸਾਉਂਦਾ ਕੰਧ-ਚਿੱਤਰ
[ਕ੍ਰੈਡਿਟ ਲਾਈਨ]
Scala/Art Resource, NY
[ਸਫ਼ੇ 29 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Courtesy of Special Collections Library, University of Michigan