ਧੀਰਜ ਨਾਲ ਪ੍ਰਚਾਰ ਕਰਦੇ ਰਹਿਣ ਦੇ ਚੰਗੇ ਨਤੀਜੇ
ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਧੀਰਜ ਨਾਲ ਪ੍ਰਚਾਰ ਕਰਦੇ ਰਹਿਣ ਦੇ ਚੰਗੇ ਨਤੀਜੇ
ਯਿਸੂ ਮਸੀਹ ਨੇ ਆਖ਼ਰੀ ਦਿਨਾਂ ਬਾਰੇ ਦੱਸਿਆ ਸੀ ਕਿ ਉਸ ਸਮੇਂ “ਬਹੁਤਿਆਂ ਦੀ ਪ੍ਰੀਤ ਠੰਢੀ ਹੋ ਜਾਵੇਗੀ।” ਇਸ ਕਰਕੇ ਅੱਜ ਦੁਨੀਆਂ ਦੇ ਕਈਆਂ ਹਿੱਸਿਆਂ ਵਿਚ ਲੋਕ ਆਮ ਤੌਰ ਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਨ ਵਿਚ ਕੋਈ ਦਿਲਚਸਪੀ ਨਹੀਂ ਰੱਖਦੇ ਹਨ। ਕੁਝ ਲੋਕ ਤਾਂ ਧਰਮ ਦੇ ਨਾਂ ਨਾਲ ਹੀ ਨਫ਼ਰਤ ਕਰਦੇ ਹਨ।—ਮੱਤੀ 24:12, 14.
ਚੈੱਕ ਗਣਰਾਜ ਵਿਚ ਸਾਡੇ ਭੈਣ-ਭਰਾ ਕਾਮਯਾਬੀ ਨਾਲ ਇਸ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹਨ ਜਿਵੇਂ ਕਿ ਹੇਠਾਂ ਦਿੱਤੇ ਤਜਰਬੇ ਤੋਂ ਦੇਖਿਆ ਜਾ ਸਕਦਾ ਹੈ।
ਇਕ ਵਾਰ ਦੋ ਭੈਣਾਂ ਇਕ ਤੀਵੀਂ ਨਾਲ ਬੰਦ ਦਰਵਾਜ਼ੇ ਵਿਚ ਦੀ ਗੱਲ ਕਰ ਰਹੀਆਂ ਸਨ। ਕੁਝ ਸਮੇਂ ਬਾਅਦ ਉਸ ਤੀਵੀਂ ਨੇ ਦਰਵਾਜ਼ਾ ਮਾੜਾ ਜਿਹਾ ਖੋਲ੍ਹ ਕੇ ਉਨ੍ਹਾਂ ਦੇ ਹੱਥੋਂ ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲੇ ਲੈ ਲਏ ਜੋ ਭੈਣਾਂ ਉਸ ਨੂੰ ਦੇਣਾ ਚਾਹੁੰਦੀਆਂ ਸਨ। ਤੀਵੀਂ ਨੇ ਧੰਨਵਾਦ ਕਹਿ ਕੇ ਦਰਵਾਜ਼ਾ ਬੰਦ ਕਰ ਦਿੱਤਾ। ਭੈਣਾਂ ਨੇ ਸੋਚਿਆ, “ਖਰਿਆ ਇਸ ਨੂੰ ਦੁਬਾਰਾ ਮਿਲਣ ਦਾ ਕੋਈ ਫ਼ਾਇਦਾ ਹੈ?” ਉਨ੍ਹਾਂ ਵਿੱਚੋਂ ਇਕ ਭੈਣ ਪਾਇਨੀਅਰੀ ਕਰਦੀ ਸੀ ਤੇ ਉਸ ਨੇ ਵਾਪਸ ਜਾਣ ਦਾ ਫ਼ੈਸਲਾ ਕਰ ਲਿਆ। ਪਰ ਵਾਰ-ਵਾਰ ਉਹੀ ਗੱਲ ਹੋਈ। ਤੀਵੀਂ ਦਰਵਾਜ਼ਾ ਖੋਲ੍ਹ ਕੇ ਰਸਾਲੇ ਲੈ ਲੈਂਦੀ ਸੀ, ਪਰ ਗੱਲ ਨਹੀਂ ਕਰਦੀ ਸੀ ਅਤੇ ਇਸ ਤਰ੍ਹਾਂ ਇਕ ਸਾਲ ਤਕ ਹੁੰਦਾ ਰਿਹਾ।
ਭੈਣ ਨੇ ਫ਼ੈਸਲਾ ਕੀਤਾ ਕਿ ਉਹ ਤੀਵੀਂ ਨਾਲ ਗੱਲ ਕਰਨ ਦਾ ਕੋਈ ਨਵਾਂ ਤਰੀਕਾ ਅਪਣਾਏਗੀ। ਉਸ ਨੇ ਦੁਆ ਕਰ ਕੇ ਯਹੋਵਾਹ ਤੋਂ ਮਦਦ ਮੰਗੀ। ਫਿਰ ਅਗਲੀ ਵਾਰ ਉਸ ਨੇ ਤੀਵੀਂ ਨੂੰ ਰਸਾਲੇ ਦਿੰਦੇ ਹੋਏ ਪੁੱਛਿਆ: “ਤੁਸੀਂ ਕਿੱਦਾਂ ਹੋ? ਤੁਹਾਨੂੰ ਰਸਾਲੇ ਕਿੱਦਾਂ ਲੱਗੇ?” ਪਹਿਲਾਂ-ਪਹਿਲਾਂ ਤਾਂ ਤੀਵੀਂ ਨੇ ਕੋਈ ਜਵਾਬ ਨਹੀਂ ਦਿੱਤਾ, ਪਰ ਕੁਝ ਸਮੇਂ ਬਾਅਦ ਉਸ ਨੇ ਥੋੜ੍ਹੀ-ਬਹੁਤੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਇਕ ਵਾਰ ਉਸ ਨੇ ਦਰਵਾਜ਼ਾ ਪੂਰਾ ਖੋਲ੍ਹ ਦਿੱਤਾ ਪਰ ਗੱਲ ਥੋੜ੍ਹੀ ਦੇਰ ਹੀ ਕੀਤੀ।
ਸਾਡੀ ਭੈਣ ਜਾਣ ਗਈ ਕਿ ਇਸ ਤੀਵੀਂ ਨੂੰ ਦਰਵਾਜ਼ੇ ਤੇ ਖੜ੍ਹੀ ਹੋ ਕੇ ਗੱਲ ਕਰਨੀ ਚੰਗੀ ਨਹੀਂ ਲੱਗਦੀ ਸੀ। ਇਸ ਲਈ ਉਸ ਨੇ ਤੀਵੀਂ ਨੂੰ ਚਿੱਠੀ ਲਿਖ ਕੇ ਦੱਸਿਆ ਕਿ ਉਹ ਉਸ ਦੇ ਘਰ ਕਿਉਂ ਆਉਂਦੀ ਸੀ ਅਤੇ ਉਸ ਨੂੰ ਪੁੱਛਿਆ ਕਿ ਕੀ ਉਹ ਬਾਈਬਲ ਸਟੱਡੀ ਕਰਨੀ ਚਾਹੁੰਦੀ ਸੀ। ਆਖ਼ਰਕਾਰ ਡੇਢ ਸਾਲ ਤਕ ਧੀਰਜ ਨਾਲ ਜਤਨ ਕਰਨ ਤੋਂ ਬਾਅਦ ਪਾਈਨੀਅਰ ਭੈਣ ਨੇ ਉਸ ਤੀਵੀਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਹੀ ਲਈ। ਉਸ ਤੀਵੀਂ ਨੇ ਉਸ ਨੂੰ ਦੱਸਿਆ: “ਜਦ ਤੋਂ ਤੁਸੀਂ ਮੈਨੂੰ ਰਸਾਲੇ ਲਿਆ ਕੇ ਦੇ ਰਹੇ ਹੋ, ਮੈਂ ਉਸ ਸਮੇਂ ਤੋਂ ਹੀ ਰੱਬ ਵਿਚ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਸੀ।” ਭੈਣ ਇਹ ਸੁਣ ਕੇ ਬਹੁਤ ਹੈਰਾਨ ਹੋਈ, ਪਰ ਇਸ ਤੋਂ ਉਸ ਨੂੰ ਬਹੁਤ ਉਤਸ਼ਾਹ ਵੀ ਮਿਲਿਆ।
ਜੀ ਹਾਂ, ਧੀਰਜ ਨਾਲ ਰਾਜ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਲੱਗੇ ਰਹਿਣ ਦੇ ਚੰਗੇ ਨਤੀਜੇ ਨਿਕਲਦੇ ਹਨ।—ਮੱਤੀ 28:19, 20.