ਧੰਨ ਉਹ ਹੈ ਜਿਸ ਦਾ ਪਰਮੇਸ਼ੁਰ ਯਹੋਵਾਹ ਹੈ
ਜੀਵਨੀ
ਧੰਨ ਉਹ ਹੈ ਜਿਸ ਦਾ ਪਰਮੇਸ਼ੁਰ ਯਹੋਵਾਹ ਹੈ
ਟੌਮ ਡਿਡੁਰ ਦੀ ਜ਼ਬਾਨੀ
ਹਾਲ ਪਹਿਲਾਂ ਹੀ ਕਿਰਾਏ ਤੇ ਲੈ ਲਿਆ ਗਿਆ ਸੀ। ਕੈਨੇਡਾ ਦੇ ਸਸਕੈਚਵਾਨ ਸੂਬੇ ਵਿਚ ਪੋਰਕੁਪਾਈਨ ਪਲੈਨ ਨਾਂ ਦੇ ਸ਼ਹਿਰ ਵਿਚ ਸੰਮੇਲਨ ਵਿਚ ਲਗਭਗ 300 ਲੋਕਾਂ ਦੇ ਆਉਣ ਦੀ ਉਮੀਦ ਰੱਖੀ ਗਈ ਸੀ। ਬੁੱਧਵਾਰ ਨੂੰ ਬਰਫ਼ ਪੈਣ ਲੱਗ ਪਈ ਅਤੇ ਸ਼ੁੱਕਰਵਾਰ ਤਕ ਬਰਫ਼ਾਨੀ ਤੂਫ਼ਾਨ ਚੱਲਦਾ ਰਿਹਾ ਜਿਸ ਕਰਕੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਮੌਸਮ -40°C ਤਕ ਡਿੱਗ ਚੁੱਕਾ ਸੀ। ਬੱਚਿਆਂ ਸਮੇਤ ਸਿਰਫ਼ ਅਠਾਈ ਲੋਕ ਹੀ ਹਾਜ਼ਰ ਹੋਏ ਸਨ। ਨਵੇਂ ਸਰਕਟ ਨਿਗਾਹਬਾਨ ਵਜੋਂ ਇਹ ਮੇਰੀ ਪਹਿਲੀ ਸਰਕਟ ਸੰਮੇਲਨ ਸੀ ਅਤੇ ਮੈਂ ਘਬਰਾਇਆ ਹੋਇਆ ਸੀ। ਉਸ ਵੇਲੇ ਮੈਂ 25 ਸਾਲਾਂ ਦਾ ਸੀ। ਇਹ ਦੱਸਣ ਤੋਂ ਪਹਿਲਾਂ ਕਿ ਉਸ ਸਮੇਂ ਕੀ ਹੋਇਆ ਸੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਇਹ ਖ਼ਾਸ ਸੇਵਾ ਕਿਸ ਤਰ੍ਹਾਂ ਸ਼ੁਰੂ ਕੀਤੀ ਸੀ।
ਮੈਂ ਅੱਠਾਂ ਭਰਾਵਾਂ ਵਿੱਚੋਂ ਸੱਤਵੇਂ ਨੰਬਰ ਤੇ ਹਾਂ। ਸਭ ਤੋਂ ਵੱਡੇ ਦਾ ਨਾਂ ਬਿਲ, ਫਿਰ ਮੈਟਰੋ, ਜੋਨ, ਫਰੈੱਡ, ਮਾਈਕ ਅਤੇ ਐਲਿਕਸ। ਮੇਰਾ ਜਨਮ 1925 ਵਿਚ ਹੋਇਆ ਸੀ ਅਤੇ ਵੋਲੀ ਸਭ ਤੋਂ ਛੋਟਾ ਹੈ। ਮੋਨੋਟੀਬਾ ਵਿਚ ਯੁਕਰੇਨਾ ਨਗਰ ਲਾਗੇ ਸਾਡੇ ਮਾਪਿਆਂ ਦਾ ਇਕ ਛੋਟਾ ਜਿਹਾ ਫਾਰਮ ਸੀ ਅਤੇ ਅਸੀਂ ਉੱਥੇ ਰਹਿੰਦੇ ਸਾਂ। ਪਿਤਾ ਜੀ ਰੇਲ ਦੀ ਪਟੜੀ ਦੀ ਮੁਰੰਮਤ ਦਾ ਕੰਮ ਕਰਦੇ ਸਨ। ਇਕ ਵੱਡੇ ਪਰਿਵਾਰ ਨੂੰ ਰੇਲ ਦੀ ਪਟੜੀ ਦੇ ਨੇੜੇ ਸੁੰਨਸਾਨ ਜਗ੍ਹਾ ਤੇ ਬਣੀ ਕਿਸੇ ਛੋਟੀ ਜਿਹੀ ਝੌਂਪੜੀ ਵਿਚ ਪਾਲਣਾ ਠੀਕ ਨਹੀਂ ਸੀ, ਇਸ ਲਈ ਅਸੀਂ ਫਾਰਮ ਤੇ ਹੀ ਰਹਿੰਦੇ ਸਾਂ। ਕੰਮ ਕਰਕੇ ਪਿਤਾ ਜੀ ਜ਼ਿਆਦਾਤਰ ਵਕਤ ਘਰੋਂ ਬਾਹਰ ਹੀ ਰਹਿੰਦੇ ਸਨ, ਇਸ ਲਈ ਮਾਤਾ ਜੀ ਨੇ ਹੀ ਸਾਡੀ ਦੇਖ-ਭਾਲ ਕੀਤੀ। ਸਮੇਂ-ਸਮੇਂ ਤੇ ਉਹ ਵੀ ਪਿਤਾ ਜੀ ਦੇ ਨਾਲ ਇਕ ਹਫ਼ਤਾ ਜਾਂ ਹਫ਼ਤੇ ਤੋਂ ਜ਼ਿਆਦਾ ਸਮਾਂ ਰਹਿਣ ਚਲੇ ਜਾਂਦੇ ਸਨ, ਪਰ ਜਾਣ ਤੋਂ ਪਹਿਲਾਂ ਉਸ ਨੇ ਸਾਨੂੰ ਖਾਣਾ ਪਕਾਉਣਾ ਅਤੇ ਘਰ ਦਾ ਹੋਰ ਕੰਮ ਕਰਨਾ ਸਿਖਾਇਆ। ਗ੍ਰੀਕ ਕੈਥੋਲਿਕ ਚਰਚ ਦੇ ਮੈਂਬਰ ਹੋਣ ਕਰਕੇ ਮਾਤਾ ਜੀ ਨੇ ਸਾਨੂੰ ਪ੍ਰਾਰਥਨਾ ਕਰਨੀ ਅਤੇ ਹੋਰ ਰਸਮਾਂ ਪੂਰੀਆਂ ਕਰਨੀਆਂ ਵੀ ਸਿਖਾਈਆਂ।
ਬਾਈਬਲ ਦੀ ਸੱਚਾਈ ਮਿਲਣੀ
ਜਵਾਨੀ ਵਿਚ ਮੇਰੇ ਅੰਦਰ ਬਾਈਬਲ ਸਮਝਣ ਦੀ ਜ਼ਬਰਦਸਤ ਖ਼ਾਹਸ਼ ਜਾਗੀ। ਸਾਡਾ ਇਕ ਗੁਆਂਢੀ ਯਹੋਵਾਹ ਦਾ ਗਵਾਹ ਸੀ ਅਤੇ ਉਹ ਕਈ ਵਾਰ ਸਾਡੇ ਘਰ ਆਣ ਕੇ ਬਾਈਬਲ ਵਿੱਚੋਂ ਪਰਮੇਸ਼ੁਰ ਦੇ ਰਾਜ, ਆਰਮਾਗੇਡਨ ਅਤੇ ਨਵੇਂ ਸੰਸਾਰ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਪੜ੍ਹ ਕੇ ਸਾਨੂੰ ਸਮਝਾਉਂਦਾ ਹੁੰਦਾ ਸੀ। ਮਾਤਾ ਜੀ ਨੂੰ ਇਨ੍ਹਾਂ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ, ਪਰ ਇਹ ਗੱਲਾਂ ਮਾਈਕ ਅਤੇ ਐਲਿਕਸ ਨੂੰ ਬਹੁਤ ਚੰਗੀਆਂ ਲੱਗੀਆਂ। ਇਸ ਕਰਕੇ ਦੂਜੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਨੇ ਆਪਣੀ ਜ਼ਮੀਰ ਦੀ ਖ਼ਾਤਰ ਫ਼ੈਸਲਾ ਕੀਤਾ ਕਿ ਉਹ ਫ਼ੌਜ ਵਿਚ ਭਰਤੀ ਨਹੀਂ ਹੋਣਗੇ। ਮਾਈਕ ਨੂੰ ਥੋੜ੍ਹੇ ਚਿਰ ਲਈ ਜੇਲ੍ਹ ਦੀ ਸਜ਼ਾ ਕੱਟਣੀ ਪਈ ਅਤੇ ਐਲਿਕਸ ਨੂੰ ਆਂਟੇਰੀਓ ਵਿਚ ਲੇਬਰ ਕੈਂਪ ਨੂੰ ਭੇਜ ਦਿੱਤਾ ਗਿਆ। ਕੁਝ ਸਮੇਂ ਬਾਅਦ, ਫਰੈੱਡ ਤੇ ਵੋਲੀ ਨੇ ਵੀ ਸੱਚਾਈ ਨੂੰ ਸਵੀਕਾਰ ਕਰ ਲਿਆ, ਪਰ ਮੇਰੇ ਤਿੰਨ ਵੱਡੇ ਭਰਾਵਾਂ ਨੇ ਸੱਚਾਈ ਨੂੰ ਕਬੂਲ ਨਹੀਂ ਕੀਤਾ। ਕਈ ਸਾਲਾਂ ਤਕ ਮਾਤਾ ਜੀ ਨੇ ਵੀ ਸਾਡੇ ਨਵੇਂ ਧਰਮ ਦਾ ਵਿਰੋਧ ਕੀਤਾ, ਪਰ ਬਾਅਦ ਵਿਚ ਅਸੀਂ ਹੈਰਾਨ ਰਹਿ ਗਏ ਜਦੋਂ ਉਸ ਨੇ ਯਹੋਵਾਹ ਦੀ ਭਗਤੀ ਕਰਨੀ ਸ਼ੁਰੂ ਕੀਤੀ। ਉਹ 83 ਸਾਲਾਂ ਦੇ ਸਨ ਜਦੋਂ ਉਨ੍ਹਾਂ ਨੇ ਬਪਤਿਸਮਾ ਲਿਆ ਅਤੇ 96 ਸਾਲਾਂ ਦੀ ਉਮਰ ਤੇ ਉਹ ਮੌਤ ਦੀ ਨੀਂਦ ਸੌਂ ਗਏ। ਆਪਣੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਪਿਤਾ ਜੀ ਵੀ ਸੱਚਾਈ ਵਿਚ ਕੁਝ-ਕੁਝ ਦਿਲਚਸਪੀ ਲੈਣ ਲੱਗ ਪਏ ਸਨ।
ਮੈਂ ਸਤਾਰਾਂ ਸਾਲਾਂ ਦੀ ਉਮਰ ਤੇ ਨੌਕਰੀ ਦੀ ਭਾਲ ਵਿਚ ਵਿਨੀਪੈਗ ਨੂੰ ਚਲਾ ਗਿਆ ਜਿੱਥੇ ਮੈਂ ਉਨ੍ਹਾਂ ਲੋਕਾਂ ਨੂੰ ਵੀ ਮਿਲਿਆ ਜਿਨ੍ਹਾਂ ਨੇ ਮੇਰੇ ਨਾਲ ਬਾਈਬਲ ਸਟੱਡੀ ਕੀਤੀ। ਉਸ ਸਮੇਂ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ, ਫਿਰ ਵੀ ਹਰ ਹਫ਼ਤੇ ਸਭਾਵਾਂ ਹੁੰਦੀਆਂ ਸਨ। ਪਹਿਲੀ ਵਾਰ ਜਿਸ ਮੀਟਿੰਗ ਵਿਚ ਮੈਂ ਗਿਆ, ਉਹ ਕਿਸੇ ਦੇ ਘਰ ਵਿਚ ਸੀ। ਮੈਨੂੰ ਸ਼ੁਰੂ ਤੋਂ ਹੀ ਗ੍ਰੀਕ ਕੈਥੋਲਿਕ ਧਰਮ ਦੀ ਸਿੱਖਿਆ ਦਿੱਤੀ ਗਈ ਸੀ, ਇਸ ਲਈ ਮੈਂ ਜੋ ਕੁਝ ਉੱਥੇ ਸੁਣਿਆ, ਉਹ ਮੈਨੂੰ ਅਜੀਬ ਜਿਹਾ ਲੱਗਾ। ਪਰ ਹੌਲੀ-ਹੌਲੀ ਮੈਂ ਸਮਝਣ ਲੱਗ ਪਿਆ ਕਿ ਪਾਦਰੀ ਤੇ ਆਮ ਲੋਕਾਂ ਵਿਚਕਾਰ ਜੋ ਪਾੜ ਪਿਆ ਹੈ, ਉਹ ਬਾਈਬਲ ਦੇ ਖ਼ਿਲਾਫ਼ ਸੀ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਗੱਲ ਗ਼ਲਤ ਸੀ ਕਿ ਪਾਦਰੀ ਜੰਗ ਉੱਤੇ ਆਪਣੀ ਬਰਕਤ ਦਿੰਦੇ ਸਨ। (ਯਸਾਯਾਹ 2:4; ਮੱਤੀ 23:8-10; ਰੋਮੀਆਂ 12:17, 18) ਦੂਰ ਸਵਰਗ ਨੂੰ ਜਾਣ ਨਾਲੋਂ ਜ਼ਿਆਦਾ ਮੈਨੂੰ ਧਰਤੀ ਉੱਤੇ ਫਿਰਦੌਸ ਵਿਚ ਰਹਿਣਾ ਸਹੀ ਤੇ ਜਾਇਜ਼ ਲੱਗਾ।
ਮੈਨੂੰ ਹੁਣ ਪੂਰਾ ਯਕੀਨ ਹੋ ਚੁੱਕਾ ਸੀ ਕਿ ਮੈਨੂੰ ਸੱਚਾਈ ਮਿਲ ਗਈ ਸੀ, ਇਸ ਲਈ ਮੈਂ 1942 ਵਿਚ ਵਿਨੀਪੈਗ ਵਿਚ ਯਹੋਵਾਹ ਨੂੰ ਆਪਣਾ ਸਮਰਪਣ ਕਰ ਕੇ ਬਪਤਿਸਮਾ ਲਿਆ। ਸਾਲ 1943 ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਤੋਂ ਪਾਬੰਦੀ ਹਟਾ ਦਿੱਤੀ ਗਈ ਅਤੇ ਪ੍ਰਚਾਰ ਦਾ ਕੰਮ ਤੇਜ਼ੀ ਨਾਲ ਵਧਣ ਲੱਗਾ। ਬਾਈਬਲ ਦੀ ਸੱਚਾਈ ਮੇਰੇ ਦਿਲ ਵਿਚ ਡੂੰਘੀ ਤਰ੍ਹਾਂ ਬੈਠ ਗਈ ਸੀ। ਮੈਨੂੰ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕਰਨ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਤੇ ਮੈਂ ਪਬਲਿਕ ਭਾਸ਼ਣ ਦਿੰਦਾ ਸੀ ਤੇ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਦਾ ਸੀ ਜਿੱਥੇ ਪਹਿਲਾਂ ਪ੍ਰਚਾਰ ਨਹੀਂ ਕੀਤਾ ਗਿਆ ਸੀ। ਅਮਰੀਕਾ ਵਿਚ ਵੱਡੇ ਸੰਮੇਲਨਾਂ ਵਿਚ ਜਾ ਕੇ ਵੀ ਮੈਨੂੰ ਮਦਦ ਮਿਲੀ ਅਤੇ ਮੈਂ ਸੱਚਾਈ ਵਿਚ ਤਰੱਕੀ ਕਰਦਾ ਗਿਆ।
ਯਹੋਵਾਹ ਦੀ ਸੇਵਾ ਵਿਚ ਹੋਰ ਜ਼ਿੰਮੇਵਾਰੀਆਂ
ਸਾਲ 1950 ਵਿਚ ਮੈਂ ਪਾਇਨੀਅਰੀ ਕਰਨੀ ਸ਼ੁਰੂ ਕੀਤੀ ਅਤੇ ਉਸੇ ਸਾਲ ਦਸੰਬਰ ਵਿਚ ਮੈਨੂੰ ਸਰਕਟ ਨਿਗਾਹਬਾਨ ਵਜੋਂ ਸੇਵਾ ਕਰਨ ਦਾ ਸੱਦਾ ਦਿੱਤਾ ਗਿਆ। ਇਸ ਸੇਵਾ ਲਈ ਮੈਨੂੰ ਟੋਰੌਂਟੋ ਨੇੜੇ ਚਾਰਲੀ ਹੈਪਵਰਥ ਨਾਂ ਦੇ ਇਕ ਤਜਰਬੇਕਾਰ ਤੇ ਵਫ਼ਾਦਾਰ ਭਰਾ ਤੋਂ ਸਿਖਲਾਈ ਮਿਲੀ। ਸਿਖਲਾਈ ਦਾ ਆਖ਼ਰੀ ਹਫ਼ਤਾ ਆਪਣੇ ਭਰਾ ਐਲਿਕਸ ਨਾਲ ਗੁਜ਼ਾਰ ਕੇ ਮੈਨੂੰ ਖ਼ੁਸ਼ੀ ਮਿਲੀ ਜੋ ਪਹਿਲਾਂ ਹੀ ਵਿਨੀਪੈਗ ਵਿਚ ਸਰਕਟ ਨਿਗਾਹਬਾਨ ਵਜੋਂ ਕੰਮ ਕਰ ਰਿਹਾ ਸੀ।
ਸ਼ੁਰੂ ਵਿਚ ਆਪਣੇ ਪਹਿਲੇ ਸਰਕਟ ਸੰਮੇਲਨ ਦੀ ਘਟਨਾ ਬਾਰੇ ਜੋ ਕੁਝ ਮੈਂ ਦੱਸਿਆ ਸੀ, ਉਹ ਮੈਂ ਕਦੀ ਵੀ ਨਹੀਂ ਭੁੱਲਾਂਗਾ। ਉਸ ਵੇਲੇ ਮੈਨੂੰ ਕਾਫ਼ੀ ਚਿੰਤਾ ਲੱਗੀ ਹੋਈ ਸੀ ਕਿ ਪਤਾ ਨਹੀਂ ਕੀ ਹੋਵੇਗਾ। ਜ਼ਿਲ੍ਹਾ ਨਿਗਾਹਬਾਨ ਭਰਾ ਜੈਕ ਨੇਥਨ ਨੇ ਸਾਨੂੰ ਰੁਝਾਈ ਰੱਖਣ ਦੇ ਨਾਲ-ਨਾਲ ਖ਼ੁਸ਼ ਵੀ ਰੱਖਿਆ। ਜਿਹੜੇ ਭੈਣ-ਭਰਾ ਪ੍ਰੋਗ੍ਰਾਮ ਵਿਚ ਹਿੱਸਾ ਲੈਣ ਲਈ ਆ ਸਕੇ ਸਨ, ਉਨ੍ਹਾਂ ਦੀ ਮਦਦ ਨਾਲ ਅਸੀਂ ਸੰਮੇਲਨ ਦੇ ਪ੍ਰੋਗ੍ਰਾਮ ਦਾ ਸਾਰ ਪੇਸ਼ ਕੀਤਾ। ਅਸੀਂ ਪ੍ਰਚਾਰ ਬਾਰੇ ਵਾਰੀ-ਵਾਰੀ ਤਜਰਬੇ ਦੱਸੇ ਅਤੇ ਪੇਸ਼ ਕਰ ਕੇ ਦਿਖਾਇਆ ਕਿ ਘਰ-ਘਰ ਪ੍ਰਚਾਰ ਕਿੱਦਾਂ ਕੀਤਾ ਜਾ ਸਕਦਾ ਹੈ, ਵਾਪਸ ਜਾ ਕੇ ਕੀ ਕਿਹਾ ਜਾ ਸਕਦਾ ਹੈ ਤੇ ਬਾਈਬਲ ਸਟੱਡੀ ਕਿਵੇਂ ਚਲਾਈ ਜਾ ਸਕਦੀ ਹੈ। ਅਸੀਂ ਪਰਮੇਸ਼ੁਰ ਦੀ ਵਡਿਆਈ ਦੇ ਗੀਤ ਗਾਏ। ਬਹੁਤ ਸਾਰਾ ਖਾਣਾ ਵੀ ਤਿਆਰ ਕੀਤਾ ਗਿਆ ਸੀ। ਦੋ-ਦੋ ਘੰਟਿਆਂ ਬਾਅਦ ਅਸੀਂ ਕੌਫ਼ੀ ਨਾਲ ਪੇਸਟਰੀਆਂ ਖਾਂਦੇ ਸਾਂ। ਰਾਤ ਨੂੰ ਕੁਝ ਮੰਚ ਉੱਤੇ ਅਤੇ ਕੁਝ ਬੈਂਚਾਂ ਤੇ ਸੁੱਤੇ ਅਤੇ ਦੂਸਰੇ ਭੁੰਜੇ ਸੌਂ ਗਏ। ਐਤਵਾਰ ਤਕ ਤੂਫ਼ਾਨ ਕੁਝ ਸ਼ਾਂਤ ਹੋ ਗਿਆ ਸੀ
ਅਤੇ 96 ਲੋਕ ਪਬਲਿਕ ਭਾਸ਼ਣ ਸੁਣਨ ਲਈ ਹਾਜ਼ਰ ਹੋਏ। ਇਸ ਤਜਰਬੇ ਨੇ ਮੈਨੂੰ ਸਿਖਾਇਆ ਕਿ ਮੁਸ਼ਕਲ ਹਾਲਤਾਂ ਦੌਰਾਨ ਕੀ ਕੀਤਾ ਜਾ ਸਕਦਾ ਹੈ।ਫਿਰ ਮੈਂ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਅਲਬਰਟਾ ਅਤੇ ਯੂਕੋਨ ਇਲਾਕੇ ਵਿਚ ਸਰਕਟ ਕੰਮ ਕਰਨ ਲਈ ਗਿਆ ਜਿੱਥੇ ਅੱਧੀ ਰਾਤ ਤਕ ਸੂਰਜ ਨਿਕਲਿਆ ਰਹਿੰਦਾ ਹੈ। ਬ੍ਰਿਟਿਸ਼ ਕੋਲੰਬੀਆ ਵਿਚ ਡਾਸਨ ਕ੍ਰੀਕ ਤੋਂ ਯੂਕੋਨ ਵਿਚ ਵਾਈਟ ਹਾਰਸ ਵਿਚਕਾਰ 918 ਮੀਲ ਦੀ ਦੂਰੀ ਹੈ। ਇੰਨਾ ਸਫ਼ਰ ਕਰਨ ਅਤੇ ਰਸਤੇ ਵਿਚ ਲੋਕਾਂ ਨਾਲ ਗੱਲਬਾਤ ਕਰਨ ਲਈ ਧੀਰਜ ਕਰਨ ਅਤੇ ਸਾਵਧਾਨੀ ਵਰਤਣ ਦੀ ਲੋੜ ਸੀ। ਬਰਫ਼ ਪੈਣ ਕਰਕੇ ਬਰਫ਼ ਦੇ ਢੇਰਾਂ ਦਾ ਤੇਜ਼ੀ ਨਾਲ ਪਹਾੜਾਂ ਤੋਂ ਹੇਠਾਂ ਸਰਕਣਾ, ਤਿਲਕਵੇਂ ਪਹਾੜੀ ਰਸਤੇ ਅਤੇ ਬਰਫ਼ਾਨੀ ਹਵਾ ਚੱਲਣ ਕਾਰਨ ਕੁਝ ਦਿਖਾਈ ਨਾ ਦੇਣਾ ਬਹੁਤ ਖ਼ਤਰਨਾਕ ਸੀ।
ਮੈਂ ਇਹ ਦੇਖ ਕੇ ਹੈਰਾਨ ਸੀ ਕਿ ਸੱਚਾਈ ਉੱਤਰ ਦੇ ਦੂਰ-ਦੁਰੇਡੇ ਇਲਾਕਿਆਂ ਤਕ ਵੀ ਪਹੁੰਚ ਚੁੱਕੀ ਸੀ। ਇਕ ਵਾਰ ਮੈਂ ਤੇ ਭਰਾ ਵਾਲਟਰ ਲੁਕੋਵਿਟਜ਼ ਨੇ ਬ੍ਰਿਟਿਸ਼ ਕੋਲੰਬੀਆ ਦੇ ਇਕ ਪਿੰਡ ਵਿਚ ਇਕ ਛੋਟੇ ਘਰ ਦਾ ਦਰਵਾਜ਼ਾ ਖਟਖਟਾਇਆ ਜੋ ਯੂਕੋਨ ਦੇ ਸਰਹੱਦ ਨੇੜੇ ਸੀ। ਅਸੀਂ ਜਾਣਦੇ ਸਾਂ ਕਿ ਇੱਥੇ ਕੋਈ ਹੈ ਕਿਉਂਕਿ ਸਾਨੂੰ ਘਰ ਦੀ ਛੋਟੀ ਜਿਹੀ ਖਿੜਕੀ ਵਿੱਚੋਂ ਦੀ ਮੱਧਮ ਜਿਹੀ ਰੌਸ਼ਨੀ ਦਿਖਾਈ ਦੇ ਰਹੀ ਸੀ। ਰਾਤ ਦੇ ਨੌਂ ਵੱਜੇ ਸਨ। ਅੰਦਰੋਂ ਇਕ ਆਵਾਜ਼ ਆਈ: “ਅੰਦਰ ਆ ਜਾਓ, ਦਰਵਾਜ਼ਾ ਖੁੱਲ੍ਹਾ ਹੈ।” ਜਦੋਂ ਅਸੀਂ ਅੰਦਰ ਗਏ, ਤਾਂ ਅਸੀਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਇਕ ਸਿਆਣਾ ਆਦਮੀ ਪਲੰਘ ਤੇ ਪਿਆ ਪਹਿਰਾਬੁਰਜ ਰਸਾਲਾ ਪੜ੍ਹ ਰਿਹਾ ਸੀ! ਇਹ ਰਸਾਲਾ ਸਾਡੇ ਰਸਾਲਿਆਂ ਨਾਲੋਂ ਵੀ ਨਵਾਂ ਸੀ ਜੋ ਅਸੀਂ ਲੋਕਾਂ ਨੂੰ ਦੇ ਰਹੇ ਸਾਂ। ਉਸ ਨੇ ਦੱਸਿਆ ਕਿ ਉਸ ਨੂੰ ਹਵਾਈ-ਜਹਾਜ਼ ਰਾਹੀਂ ਡਾਕ ਮਿਲਦੀ ਹੈ। ਸਾਨੂੰ ਕਲੀਸਿਯਾ ਨੂੰ ਗਏ ਅੱਠ ਦਿਨ ਹੋ ਚੁੱਕੇ ਸਨ, ਇਸ ਲਈ ਸਾਡੇ ਕੋਲ ਨਵੇਂ ਰਸਾਲੇ ਨਹੀਂ ਸਨ। ਇਸ ਆਦਮੀ ਦਾ ਨਾਂ ਫਰੈੱਡ ਬਰਗ ਸੀ ਅਤੇ ਭਾਵੇਂ ਕਿ ਉਹ ਸਾਲਾਂ ਤੋਂ ਸਾਡੇ ਰਸਾਲੇ ਪੜ੍ਹਦਾ ਆਇਆ ਸੀ, ਪਰ ਉਹ ਪਹਿਲੀ ਵਾਰ ਯਹੋਵਾਹ ਦੇ ਗਵਾਹਾਂ ਨੂੰ ਮਿਲ ਰਿਹਾ ਸੀ। ਫਰੈੱਡ ਨੇ ਸਾਨੂੰ ਉੱਥੇ ਹੀ ਰਾਤ ਗੁਜ਼ਾਰਨ ਲਈ ਕਿਹਾ। ਅਸੀਂ ਬਾਈਬਲ ਤੋਂ ਬਹੁਤ ਸਾਰੀਆਂ ਗੱਲਾਂ ਉਸ ਨੂੰ ਦੱਸੀਆਂ ਅਤੇ ਉਸ ਨੂੰ ਮਿਲਣ ਲਈ ਅਸੀਂ ਦੂਜੇ ਗਵਾਹਾਂ ਦਾ ਇੰਤਜ਼ਾਮ ਵੀ ਕੀਤਾ ਜੋ ਉਸ ਇਲਾਕੇ ਵਿੱਚੋਂ ਦੀ ਬਾਕਾਇਦਾ ਲੰਘਦੇ ਸਨ।
ਕਈ ਸਾਲਾਂ ਤਕ ਮੈਂ ਤਿੰਨ ਸਰਕਟਾਂ ਵਿਚ ਸੇਵਾ ਕੀਤੀ। ਇਹ ਪੂਰਬ ਵਿਚ ਗ੍ਰੈਂਡ ਪਰੇਅਰੀ, ਅਲਬਰਟਾ ਤੋਂ ਲੈ ਕੇ ਪੱਛਮ ਵਿਚ ਕੋਡਿਆਕ, ਅਲਾਸਕਾ ਦੇ ਇਲਾਕੇ ਤਕ ਫੈਲੇ ਹੋਏ ਸਨ। ਇਨ੍ਹਾਂ ਵਿਚਕਾਰ 2,200 ਮੀਲਾਂ ਦਾ ਫ਼ਾਸਲਾ ਹੈ।
ਮੈਂ ਇਸ ਤੋਂ ਵਧੀਆ ਸਬਕ ਇਹ ਸਿੱਖਿਆ ਕਿ ਯਹੋਵਾਹ ਹਰ ਥਾਂ ਦੇ ਲੋਕਾਂ ਉੱਤੇ ਦਇਆ ਕਰਦਾ ਹੈ ਭਾਵੇਂ ਉਹ ਜਿੰਨੀ ਮਰਜ਼ੀ ਦੂਰ ਦੇ ਇਲਾਕਿਆਂ ਵਿਚ ਕਿਉਂ ਨਾ ਰਹਿੰਦੇ ਹੋਣ ਅਤੇ ਕਿ ਉਸ ਦੀ
ਪਵਿੱਤਰ ਆਤਮਾ ਲੋਕਾਂ ਦੇ ਦਿਲਾਂ-ਦਿਮਾਗ਼ਾਂ ਤੇ ਅਸਰ ਕਰਦੀ ਹੈ। ਅਜਿਹਾ ਇਕ ਆਦਮੀ ਹੈਨਰੀ ਲਪਾਇਨ ਸੀ। ਉਹ ਯੂਕੋਨ ਦੇ ਡਾਸਨ ਸਿਟੀ ਦੇ ਦੂਰ-ਦੁਰਾਡੇ ਇਲਾਕੇ ਵਿਚ ਰਹਿੰਦਾ ਸੀ। ਦਰਅਸਲ, ਉਹ 60 ਸਾਲਾਂ ਤੋਂ ਉਸ ਜਗ੍ਹਾ ਤੋਂ ਬਾਹਰ ਨਹੀਂ ਗਿਆ ਜਿੱਥੇ ਖਾਣਾਂ ਵਿੱਚੋਂ ਸੋਨਾ ਖੋਦਿਆ ਜਾਂਦਾ ਹੈ। ਪਰ ਯਹੋਵਾਹ ਦੀ ਆਤਮਾ ਨੇ ਐਨਕੋਰੇਜ ਵਿਚ ਇਕ ਸਰਕਟ ਸੰਮੇਲਨ ਵਿਚ ਆਉਣ ਲਈ ਇਸ 84 ਸਾਲਾਂ ਦੇ ਆਦਮੀ ਨੂੰ 1,000 ਮੀਲ ਦਾ ਸਫ਼ਰ ਕਰਨ ਲਈ ਪ੍ਰੇਰਿਆ, ਭਾਵੇਂ ਕਿ ਉਹ ਕਦੇ ਕਲੀਸਿਯਾ ਦੀ ਕਿਸੇ ਸਭਾ ਵਿਚ ਨਹੀਂ ਗਿਆ ਸੀ। ਉੱਥੇ ਜਾ ਕੇ ਉਸ ਨੂੰ ਪ੍ਰੋਗ੍ਰਾਮ ਤੋਂ ਅਤੇ ਭੈਣਾਂ-ਭਰਾਵਾਂ ਨੂੰ ਮਿਲ ਕੇ ਬਹੁਤ ਖ਼ੁਸ਼ੀ ਹੋਈ। ਡਾਸਨ ਸਿਟੀ ਵਾਪਸ ਜਾ ਕੇ ਹੈਨਰੀ ਆਪਣੇ ਆਖ਼ਰੀ ਦਮ ਤਕ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ। ਹੈਨਰੀ ਨੂੰ ਜਾਣਨ ਵਾਲੇ ਬਹੁਤ ਸਾਰੇ ਲੋਕ ਹੱਕੇ-ਬੱਕੇ ਰਹਿ ਗਏ ਕਿ ਕਿਹੜੀ ਗੱਲ ਨੇ ਇਸ ਬਿਰਧ ਆਦਮੀ ਨੂੰ ਇੰਨਾ ਲੰਮਾ ਸਫ਼ਰ ਤੈਅ ਕਰਨ ਲਈ ਪ੍ਰੇਰਿਆ। ਇਸ ਕਰਕੇ ਹੋਰਨਾਂ ਸਿਆਣੇ ਲੋਕਾਂ ਨੇ ਵੀ ਸੱਚਾਈ ਨੂੰ ਕਬੂਲ ਕੀਤਾ। ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਇਕ ਤਰੀਕੇ ਨਾਲ ਹੈਨਰੀ ਨੇ ਆਪਣੀ ਨਿਹਚਾ ਦੀ ਵਧੀਆ ਗਵਾਹੀ ਦਿੱਤੀ।ਮੇਰੇ ਉੱਤੇ ਯਹੋਵਾਹ ਦੀ ਕਿਰਪਾ ਹੋਈ
ਸਾਲ 1955 ਵਿਚ ਮੈਂ ਫੁੱਲਿਆ ਨਾ ਸਮਾਇਆ ਜਦੋਂ ਮੈਨੂੰ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 26ਵੀਂ ਕਲਾਸ ਲਈ ਬੁਲਾਇਆ ਗਿਆ। ਇਸ ਸਿਖਲਾਈ ਨੇ ਮੇਰੀ ਨਿਹਚਾ ਨੂੰ ਹੋਰ ਵੀ ਮਜ਼ਬੂਤ ਕੀਤਾ ਅਤੇ ਯਹੋਵਾਹ ਨਾਲ ਮੇਰਾ ਰਿਸ਼ਤਾ ਪਹਿਲਾਂ ਨਾਲੋਂ ਵੀ ਗੂੜ੍ਹਾ ਹੋ ਗਿਆ। ਗ੍ਰੈਜੂਏਟ ਹੋਣ ਤੋਂ ਬਾਅਦ ਮੈਨੂੰ ਸਰਕਟ ਕੰਮ ਚਾਲੂ ਰੱਖਣ ਲਈ ਵਾਪਸ ਕੈਨੇਡਾ ਘੱਲਿਆ ਗਿਆ।
ਲਗਭਗ ਇਕ ਸਾਲ ਲਈ ਮੈਂ ਆਂਟੇਰੀਓ ਦੇ ਸੂਬੇ ਵਿਚ ਸੇਵਾ ਕੀਤੀ। ਫਿਰ ਮੈਨੂੰ ਦੁਬਾਰਾ ਉੱਤਰ ਦੇ ਸ਼ਾਨਦਾਰ ਇਲਾਕੇ ਵਿਚ ਘੱਲਿਆ ਗਿਆ। ਅੱਜ ਵੀ ਉਹ ਨਜ਼ਾਰੇ ਮੈਨੂੰ ਚੇਤੇ ਹਨ ਜਿੱਥੇ ਸੜਕਾਂ, ਸਾਫ਼ ਤੇ ਚਮਕਦਾਰ ਝੀਲਾਂ ਦੇ ਆਲੇ-ਦੁਆਲੇ ਚੱਕਰ ਕੱਢਦੀਆਂ ਹਨ ਤੇ ਬਰਫ਼ ਨਾਲ ਢਕੇ ਪਹਾੜਾਂ ਵਿੱਚੋਂ ਦੀ ਲੰਘਦੀਆਂ ਹਨ। ਗਰਮੀ ਦੀ ਰੁੱਤ ਵਿਚ ਵਾਦੀਆਂ ਤੇ ਮੈਦਾਨ ਰੰਗ-ਬਰੰਗੇ ਫੁੱਲਾਂ ਨਾਲ ਭਰੇ ਗ਼ਲੀਚੇ ਵਰਗੇ ਨਜ਼ਰ ਆਉਂਦੇ ਹਨ। ਹਵਾ ਠੰਢੀ ਤੇ ਪਾਣੀ ਸਾਫ਼ ਹੈ। ਰਿੱਛ, ਬਘਿਆੜ, ਹਿਰਨ, ਕੈਰਬੂ ਤੇ ਹੋਰ ਬਹੁਤ ਸਾਰੇ ਜੰਗਲੀ ਜਾਨਵਰ ਚੈਨ ਨਾਲ ਇਸ ਇਲਾਕੇ ਵਿਚ ਘੁੰਮਦੇ-ਫਿਰਦੇ ਹਨ।
ਅਲਾਸਕਾ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਕਿਉਂਕਿ ਦੂਰ-ਦੂਰ ਤਕ ਸਫ਼ਰ ਕਰਨਾ ਪੈਂਦਾ ਹੈ ਅਤੇ ਮੌਸਮ ਬਹੁਤ ਜਲਦੀ ਬਦਲ ਜਾਂਦਾ ਹੈ। ਜਿਸ ਸਰਕਟ ਵਿਚ ਮੈਂ ਕੰਮ ਕਰਦਾ ਸੀ ਉਸ ਵਿਚਕਾਰ ਪੂਰਬ ਤੋਂ ਪੱਛਮ ਤਕ 2,000 ਮੀਲਾਂ ਦਾ ਫ਼ਾਸਲਾ ਸੀ। ਉਸ ਸਮੇਂ ਸਰਕਟ ਨਿਗਾਹਬਾਨ ਨੂੰ ਸਫ਼ਰ ਕਰਨ ਲਈ ਕਾਰ ਨਹੀਂ ਦਿੱਤੀ ਜਾਂਦੀ ਸੀ। ਭੈਣ-ਭਰਾ ਮੈਨੂੰ ਇਕ ਕਲੀਸਿਯਾ ਤੋਂ ਦੂਜੀ ਕਲੀਸਿਯਾ ਤਕ ਛੱਡ ਆਉਂਦੇ ਸਨ। ਪਰ ਕਦੀ-ਕਦੀ ਮੈਨੂੰ ਲਿਫਟ ਲੈ ਕੇ ਟਰੱਕ-ਡ੍ਰਾਈਵਰਾਂ ਜਾਂ ਸੈਲਾਨੀਆਂ ਨਾਲ ਸਫ਼ਰ ਕਰਨਾ ਪੈਂਦਾ ਸੀ।
ਅਜਿਹੀ ਇਕ ਘਟਨਾ ਅਲਾਸਕਾ ਵਿਚ ਟੋਕ ਜੰਕਸ਼ਨ ਤੋਂ ਸਕੋਟੀ ਕ੍ਰੀਕ ਇਲਾਕੇ ਨੂੰ ਜਾਂਦੇ ਹੋਏ ਵਾਪਰੀ ਸੀ। ਇਨ੍ਹਾਂ ਦੋ ਸਥਾਨਾਂ ਦੇ ਕਸਟਮ-ਆਫਿਸ ਇਕ-ਦੂਜੇ ਤੋਂ 100 ਮੀਲ ਦੂਰ ਹਨ। ਮੈਂ ਟੋਕ ਵਿਚ ਅਮਰੀਕਾ ਦੇ ਕਸਟਮ-ਆਫਿਸ ਲੰਘ ਕੇ ਅਤੇ ਕਿਸੇ ਤੋਂ ਲਿਫਟ ਲੈ ਕੇ ਲਗਭਗ 30 ਮੀਲਾਂ ਦਾ ਸਫ਼ਰ ਤੈ ਕਰ ਲਿਆ। ਇਸ ਤੋਂ ਬਾਅਦ ਕੋਈ ਕਾਰ ਨਹੀਂ ਲੰਘੀ ਅਤੇ ਮੈਂ ਤਕਰੀਬਨ ਦਸ ਘੰਟੇ ਪੈਦਲ ਚੱਲ ਕੇ 25 ਮੀਲ ਦਾ ਸਫ਼ਰ ਤੈ ਕੀਤਾ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਕਸਟਮ-ਆਫਿਸ ਲੰਘਣ ਤੋਂ ਥੋੜ੍ਹੇ ਚਿਰ ਮਗਰੋਂ ਹੀ ਸਾਰੀ ਆਵਾਜਾਈ ਰੁਕ ਗਈ ਸੀ ਕਿਉਂਕਿ ਉੱਥੇ ਪਹਾੜਾਂ ਤੋਂ ਬਰਫ਼ ਦਾ ਢੇਰ ਹੇਠਾਂ ਸਰਕ ਗਿਆ ਸੀ। ਜਦ ਅੱਧੀ ਰਾਤ ਹੋਈ ਤਾਂ ਤਾਪਮਾਨ -23°C ਤਕ ਡਿੱਗ ਗਿਆ ਅਤੇ ਮੈਂ ਸਭ ਤੋਂ ਨੇੜਲੀ ਪਨਾਹ ਦੀ ਥਾਂ ਤੋਂ ਅਜੇ 50 ਮੀਲ ਦੂਰ ਸੀ। ਇਹ ਬੇਹੱਦ ਜ਼ਰੂਰੀ ਸੀ ਕਿ ਮੈਂ ਆਰਾਮ ਕਰਨ ਲਈ ਕੋਈ ਜਗ੍ਹਾ ਲੱਭ ਸਕਾਂ।
ਲੰਗੜਾ ਕੇ ਤੁਰਦਾ ਹੋਇਆ, ਮੈਂ ਬਰਫ਼ ਨਾਲ ਢਕੀ ਹੋਈ ਇਕ ਕਾਰ ਦੇਖੀ ਜੋ ਸੜਕ ਦੇ ਇਕ ਪਾਸੇ ਕਿਸੇ ਨੇ ਛੱਡੀ ਹੋਈ ਸੀ। ਮੈਂ ਸੋਚਿਆ ਜੇ ਮੈਂ ਅੰਦਰ ਵੜ ਕੇ ਸੀਟਾਂ ਤੇ ਸੌਂ ਜਾਵਾਂ, ਤਾਂ ਮੈਂ ਰਾਤ ਨੂੰ ਇਸ ਠੰਢ ਵਿਚ ਮਰਨ ਤੋਂ ਬਚ ਜਾਵਾਂਗਾ। ਮੈਂ ਬਰਫ਼ ਨੂੰ ਹਟਾ ਕੇ ਦਰਵਾਜ਼ਾ ਖੋਲ੍ਹਿਆ, ਪਰ ਇਸ ਤੋਂ ਤਾਂ ਸੀਟਾਂ ਕੱਢੀਆਂ ਹੋਈਆਂ
ਸਨ ਤੇ ਸਿਰਫ਼ ਲੋਹਾ ਹੀ ਸੀ। ਮੈਂ ਤੁਰਦਾ ਗਿਆ ਤੇ ਕੁਝ ਦੂਰੀ ਤੇ ਮੈਨੂੰ ਇਕ ਛੋਟਾ ਮਕਾਨ ਮਿਲਿਆ ਜੋ ਖਾਲੀ ਸੀ। ਅੰਦਰ ਵੜਨ ਦੀ ਮੁਸ਼ਕਲ ਪਾਰ ਕਰ ਕੇ ਮੈਂ ਅੱਗ ਜਲ਼ਾਈ ਤੇ ਕੁਝ ਘੰਟੇ ਆਰਾਮ ਕੀਤਾ। ਸਵੇਰ ਨੂੰ ਮੈਂ ਅਗਲੇ ਮਕਾਨ ਤਕ ਪਹੁੰਚਣ ਲਈ ਕਿਸੇ ਲੰਘ ਰਹੇ ਡਰਾਈਵਰ ਤੋਂ ਲਿਫਟ ਲਈ ਜਿੱਥੇ ਮੈਨੂੰ ਖਾਣਾ ਮਿਲਿਆ ਤੇ ਮੇਰੀਆਂ ਕੱਟੀਆਂ-ਵੱਢੀਆਂ ਉਂਗਲੀਆਂ ਤੇ ਪੱਟੀਆਂ ਬੰਨ੍ਹੀਆਂ ਗਈਆਂ।ਉੱਤਰ ਵਿਚ ਯਹੋਵਾਹ ਦੀ ਬਰਕਤ
ਫੇਅਰ ਬੈਂਕਸ ਨੂੰ ਮੇਰਾ ਪਹਿਲਾ ਸਫ਼ਰ ਬਹੁਤ ਵਧੀਆ ਸੀ। ਪ੍ਰਚਾਰ ਵਿਚ ਬਹੁਤ ਸਾਰਿਆਂ ਲੋਕਾਂ ਨੇ ਸਾਡੀ ਗੱਲਬਾਤ ਸੁਣੀ ਅਤੇ ਐਤਵਾਰ ਨੂੰ ਲਗਭਗ 50 ਜਣੇ ਪਬਲਿਕ ਭਾਸ਼ਣ ਸੁਣਨ ਆਏ। ਇਹ ਸਭਾ ਮਿਸ਼ਨਰੀ ਘਰ ਵਿਚ ਹੋਈ ਜਿੱਥੇ ਵਰਨਰ ਤੇ ਲਰੈਨ ਡੇਵਿਸ ਰਹਿੰਦੇ ਸਨ। ਭਾਸ਼ਣ ਸੁਣਨ ਆਏ ਲੋਕਾਂ ਲਈ ਘਰ ਵਿਚ ਮਸੀਂ ਜਗ੍ਹਾ ਸੀ। ਉਹ ਮਿਸ਼ਨਰੀ ਘਰ ਦੀ ਰਸੋਈ, ਬੈੱਡਰੂਮ ਅਤੇ ਦਲਾਨ ਵਿੱਚੋਂ ਸਿਰ ਬਾਹਰ ਕੱਢ ਕੇ ਭਾਸ਼ਣ ਸੁਣ ਰਹੇ ਸਨ। ਇਸ ਤੋਂ ਸਾਨੂੰ ਪਤਾ ਲੱਗ ਗਿਆ ਸੀ ਕਿ ਫੇਅਰ ਬੈਂਕਸ ਵਿਚ ਇਕ ਕਿੰਗਡਮ ਹਾਲ ਦੀ ਲੋੜ ਸੀ। ਸੋ ਯਹੋਵਾਹ ਦੀ ਮਦਦ ਨਾਲ ਅਸੀਂ ਲੱਕੜ ਦੀ ਬਣੀ ਇਕ ਵੱਡੀ ਇਮਾਰਤ ਖ਼ਰੀਦੀ ਜਿਸ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾ ਸਕਦਾ ਸੀ। ਪਹਿਲਾਂ ਇਸ ਇਮਾਰਤ ਵਿਚ ਨਾਚ-ਗਾਣਾ ਹੋਇਆ ਕਰਦਾ ਸੀ। ਅਸੀਂ ਇਸ ਇਮਾਰਤ ਨੂੰ ਇਕ ਢੁਕਵੀਂ ਜਗ੍ਹਾ ਤੇ ਲੈ ਗਏ। ਉੱਥੇ ਇਕ ਖੂਹ ਕੱਢਿਆ ਗਿਆ, ਗ਼ੁਸਲਖ਼ਾਨੇ ਬਣਾਏ ਗਏ ਤੇ ਹੀਟਰ ਲਾਏ ਗਏ। ਇੱਕੋ ਸਾਲ ਦੇ ਅੰਦਰ-ਅੰਦਰ ਫੇਅਰ ਬੈਂਕਸ ਵਿਚ ਇਹ ਕਿੰਗਡਮ ਹਾਲ ਤਿਆਰ ਹੋ ਗਿਆ। ਬਾਅਦ ਵਿਚ ਇਕ ਰਸੋਈ ਵੀ ਬਣਾਈ ਗਈ ਅਤੇ 1958 ਵਿਚ ਇਹ ਹਾਲ ਜ਼ਿਲ੍ਹਾ ਸੰਮੇਲਨ ਲਈ ਵਰਤਿਆ ਗਿਆ ਜਿਸ ਵਿਚ 330 ਲੋਕ ਆਏ ਸਨ।
ਸਾਲ 1960 ਦੀਆਂ ਗਰਮੀਆਂ ਵਿਚ, ਮੈਂ ਕਾਰ ਵਿਚ ਲੰਮਾ ਸਫ਼ਰ ਕਰ ਕੇ ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਨੂੰ ਗਿਆ। ਉੱਥੇ ਅਮਰੀਕਾ ਤੇ ਕੈਨੇਡਾ ਦੇ ਸਾਰੇ ਸਫ਼ਰੀ ਨਿਗਾਹਬਾਨਾਂ ਨਾਲ ਮੈਨੂੰ ਸਿਖਲਾਈ ਦਿੱਤੀ ਗਈ। ਉੱਥੇ ਮੈਨੂੰ ਭਰਾ ਨੇਥਨ ਨੌਰ ਅਤੇ ਹੋਰ ਭਰਾ ਵੀ ਮਿਲੇ ਜਿਨ੍ਹਾਂ ਨੇ ਅਲਾਸਕਾ ਵਿਚ ਇਕ ਸ਼ਾਖਾ ਦਫ਼ਤਰ ਖੋਲ੍ਹਣ ਬਾਰੇ ਮੈਨੂੰ ਪੁੱਛਿਆ। ਕੁਝ ਮਹੀਨੇ ਬਾਅਦ, ਅਸੀਂ ਇਹ ਜਾਣ ਕੇ ਬਹੁਤ ਖ਼ੁਸ਼ ਹੋਏ ਕਿ 1 ਸਤੰਬਰ, 1961 ਵਿਚ ਅਲਾਸਕਾ ਦਾ ਆਪਣਾ ਸ਼ਾਖਾ ਦਫ਼ਤਰ ਹੋਵੇਗਾ। ਭਰਾ ਐਂਡਰੂ ਵੈਗਨਰ ਨੂੰ ਇਸ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ। ਉਹ ਆਪਣੀ ਪਤਨੀ ਵੀਰਾ ਨਾਲ 20 ਸਾਲਾਂ ਤਕ ਬਰੁਕਲਿਨ ਵਿਚ ਸੇਵਾ ਕਰਦਾ ਰਿਹਾ ਸੀ ਅਤੇ ਸਫ਼ਰੀ ਕੰਮ ਵੀ ਕਰ ਚੁੱਕਾ ਸੀ। ਅਲਾਸਕਾ ਵਿਚ ਸ਼ਾਖਾ ਦਫ਼ਤਰ ਸਥਾਪਿਤ ਕਰਨ ਨਾਲ ਬਹੁਤ ਫ਼ਾਇਦਾ ਹੋਇਆ ਕਿਉਂਕਿ ਇਸ ਨੇ ਸਰਕਟ ਨਿਗਾਹਬਾਨ ਦੇ ਸਫ਼ਰ ਨੂੰ ਬਹੁਤ ਘਟਾ ਦਿੱਤਾ ਸੀ ਅਤੇ ਉਹ ਹੁਣ ਕਲੀਸਿਯਾਵਾਂ ਦੀਆਂ ਲੋੜਾਂ ਤੇ ਦੂਰ ਇਲਾਕਿਆਂ ਵਿਚ ਪ੍ਰਚਾਰ ਵੱਲ ਜ਼ਿਆਦਾ ਧਿਆਨ ਦੇ ਸਕਦਾ ਸੀ।
ਉੱਤਰ ਵਿਚ 1962 ਦੀ ਗਰਮੀਆਂ ਦੀ ਰੁੱਤ ਦਾ ਸਮਾਂ ਵੀ ਖ਼ੁਸ਼ਹਾਲ ਸੀ। ਅਲਾਸਕਾ ਦੇ ਨਵੇਂ ਸ਼ਾਖ਼ਾ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਤੇ ਇਸ ਦੇ ਜੂਨੋ ਸ਼ਹਿਰ ਵਿਚ ਇਕ ਜ਼ਿਲ੍ਹਾ ਸੰਮੇਲਨ ਵੀ ਹੋਇਆ। ਜੂਨੋ ਤੇ ਯੂਕੋਨ ਦੇ ਵਾਈਟ ਹਾਰਸ ਸ਼ਹਿਰ ਵਿਚ ਨਵੇਂ ਕਿੰਗਡਮ ਹਾਲ ਬਣਾਏ ਗਏ ਅਤੇ ਦੂਰ ਇਲਾਕਿਆਂ ਵਿਚ ਕਈ ਨਵੇਂ ਗਰੁੱਪ ਸ਼ੁਰੂ ਕੀਤੇ ਗਏ।
ਦੁਬਾਰਾ ਕੈਨੇਡਾ ਵਿਚ
ਕਈ ਸਾਲਾਂ ਤੋਂ ਮੈਂ ਕੈਨੇਡਾ ਦੀ ਮਾਰਗਰੀਟਾ ਪੈਟਰਸ ਨੂੰ ਚਿੱਠੀਆਂ ਲਿਖ ਰਿਹਾ ਸੀ। ਪਿਆਰ ਨਾਲ ਲੋਕ ਉਸ ਨੂੰ ਰੀਟਾ ਸੱਦਦੇ ਸਨ। ਰੀਟਾ ਨੇ 1947 ਵਿਚ ਪਾਇਨੀਅਰ ਵਜੋਂ ਸੇਵਾ ਸ਼ੁਰੂ ਕੀਤੀ ਸੀ, 1955 ਵਿਚ ਉਹ ਗਿਲਿਅਡ ਤੋਂ ਗ੍ਰੈਜੂਏਟ ਹੋਈ ਅਤੇ ਪੂਰਬੀ ਕੈਨੇਡਾ ਵਿਚ ਪਾਇਨੀਅਰੀ ਕਰ ਰਹੀ ਸੀ। ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਮੇਰੇ ਨਾਲ ਵਿਆਹ ਕਰਾਵੇਗੀ ਤੇ ਉਸ ਨੇ ਹਾਂ ਕਰ ਦਿੱਤੀ। ਸਾਡਾ ਵਿਆਹ ਵਾਈਟ ਹਾਰਸ ਵਿਚ ਫਰਵਰੀ 1963 ਵਿਚ ਹੋਇਆ। ਉਸੇ ਸਾਲ ਦੀ ਪਤਝੜ ਵਿਚ ਮੈਨੂੰ ਪੱਛਮੀ ਕੈਨੇਡਾ ਵਿਚ ਸਰਕਟ ਕੰਮ ਦਿੱਤਾ ਗਿਆ ਤੇ ਅਸੀਂ ਅਗਲੇ 25 ਸਾਲਾਂ ਲਈ ਉੱਥੇ ਖ਼ੁਸ਼ੀ ਨਾਲ ਸੇਵਾ ਕੀਤੀ।
ਫਿਰ 1988 ਵਿਚ ਸਾਡੀ ਸਿਹਤ ਚੰਗੀ ਨਾ ਰਹਿਣ ਕਰਕੇ ਸਾਨੂੰ ਮੋਨੀਟੋਬਾ ਵਿਚ ਵਿਨੀਪੈਗ ਸ਼ਹਿਰ ਸਪੈਸ਼ਲ ਪਾਇਨੀਅਰਾਂ ਵਜੋਂ ਭੇਜਿਆ ਗਿਆ। ਉੱਥੇ ਅਸੀਂ ਪੰਜ ਕੁ ਸਾਲਾਂ ਲਈ ਇਕ ਅਸੈਂਬਲੀ ਹਾਲ ਦੀ ਵੀ ਦੇਖ-ਭਾਲ ਕੀਤੀ। ਜਿੱਥੇ ਤਕ ਸਾਡੇ ਤੋਂ ਹੋ ਸਕਦਾ ਹੈ, ਅਸੀਂ ਅਜੇ ਵੀ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਂਦੇ ਹਾਂ। ਸਰਕਟ ਕੰਮ ਦੌਰਾਨ ਅਸੀਂ ਬਹੁਤ ਸਾਰੀਆਂ ਬਾਈਬਲ ਸਟੱਡੀਆਂ ਸ਼ੁਰੂ ਕਰ ਕੇ ਹੋਰਨਾਂ ਨੂੰ ਦੇ ਦਿੰਦੇ ਸਾਂ, ਪਰ ਹੁਣ ਯਹੋਵਾਹ ਦੀ ਕਿਰਪਾ ਨਾਲ ਅਸੀਂ ਸਟੱਡੀਆਂ ਸ਼ੁਰੂ ਵੀ ਕਰਦੇ ਹਾਂ ਅਤੇ ਬਪਤਿਸਮੇ ਤਕ ਪਹੁੰਚਣ ਵਿਚ ਲੋਕਾਂ ਦੀ ਮਦਦ ਕਰਨ ਦੀ ਖ਼ੁਸ਼ੀ ਵੀ ਪਾਉਂਦੇ ਹਾਂ।
ਮੈਨੂੰ ਪੂਰਾ ਯਕੀਨ ਹੈ ਕਿ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਕਰਨ ਨਾਲੋਂ ਹੋਰ ਕੋਈ ਵਧੀਆ ਗੱਲ ਨਹੀਂ ਹੈ। ਸਾਨੂੰ ਸੁੱਖ ਤੇ ਜੀਵਨ ਦਾ ਮਕਸਦ ਮਿਲਦਾ ਹੈ ਅਤੇ ਹਰ ਰੋਜ਼ ਯਹੋਵਾਹ ਨਾਲ ਸਾਡਾ ਪਿਆਰ ਗੂੜ੍ਹਾ ਹੁੰਦਾ ਹੈ। ਇਸੇ ਤੋਂ ਸਾਨੂੰ ਖ਼ੁਸ਼ੀ ਮਿਲਦੀ ਹੈ। ਯਹੋਵਾਹ ਦੀ ਸੇਵਾ ਵਿਚ ਸਾਡੇ ਕੋਲ ਜਿਹੜੀ ਮਰਜ਼ੀ ਜ਼ਿੰਮੇਵਾਰੀ ਹੈ ਜਾਂ ਜਿੱਥੇ ਮਰਜ਼ੀ ਸਾਨੂੰ ਭੇਜਿਆ ਜਾਂਦਾ ਹੈ, ਅਸੀਂ ਜ਼ਬੂਰਾਂ ਦੇ ਲਿਖਾਰੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜਿਸ ਨੇ ਕਿਹਾ: “ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!”—ਜ਼ਬੂਰਾਂ ਦੀ ਪੋਥੀ 144:15.
[ਸਫ਼ੇ 24, 25 ਉੱਤੇ ਤਸਵੀਰਾਂ]
ਸਰਕਟ ਕੰਮ ਵਿਚ
[ਸਫ਼ੇ 25 ਉੱਤੇ ਤਸਵੀਰ]
ਡਾਸਨ ਸਿਟੀ ਵਿਚ ਹੈਨਰੀ ਨਾਲ ਮੁਲਾਕਾਤ। ਮੈਂ ਖੱਬੇ ਪਾਸੇ ਹਾਂ
[ਸਫ਼ੇ 26 ਉੱਤੇ ਤਸਵੀਰ]
ਐਨਕੋਰੇਜ ਵਿਚ ਪਹਿਲਾ ਕਿੰਗਡਮ ਹਾਲ
[ਸਫ਼ੇ 26 ਉੱਤੇ ਤਸਵੀਰ]
1988 ਵਿਚ ਮੈਂ ਤੇ ਰੀਟਾ