Skip to content

Skip to table of contents

ਯਹੋਵਾਹ ਸੱਚਾਈ ਦਾ ਪਰਮੇਸ਼ੁਰ ਹੈ

ਯਹੋਵਾਹ ਸੱਚਾਈ ਦਾ ਪਰਮੇਸ਼ੁਰ ਹੈ

ਯਹੋਵਾਹ ਸੱਚਾਈ ਦਾ ਪਰਮੇਸ਼ੁਰ ਹੈ

“ਤੈਂ ਮੈਨੂੰ ਨਿਸਤਾਰਾ ਦਿੱਤਾ ਹੈ, ਹੇ ਯਹੋਵਾਹ ਸਚਿਆਈ ਦੇ ਪਰਮੇਸ਼ੁਰ!”—ਜ਼ਬੂਰਾਂ ਦੀ ਪੋਥੀ 31:5.

1. ਸਵਰਗ ਅਤੇ ਜ਼ਮੀਨ ਤੇ ਉਹ ਸਮਾਂ ਕਿਹੋ ਜਿਹਾ ਸੀ ਜਦ ਕਿਤੇ ਕੋਈ ਝੂਠ ਨਹੀਂ ਸੀ?

ਉਹ ਵੀ ਸਮਾਂ ਸੀ ਜਦ ਕਿਤੇ ਕੋਈ ਝੂਠ ਨਹੀਂ ਸੀ। ਉਸ ਸਮੇਂ ਸਵਰਗ ਵਿਚ ਫ਼ਰਿਸ਼ਤੇ ਆਪਣੇ ਸਿਰਜਣਹਾਰ ਅਤੇ “ਸਚਿਆਈ ਦੇ ਪਰਮੇਸ਼ੁਰ” ਦੀ ਸੇਵਾ ਕਰਦੇ ਸਨ। (ਜ਼ਬੂਰਾਂ ਦੀ ਪੋਥੀ 31:5) ਉਸ ਸਮੇਂ ਨਾ ਝੂਠ ਸੀ ਤੇ ਨਾ ਧੋਖੇਬਾਜ਼ੀ। ਯਹੋਵਾਹ ਆਪਣੇ ਆਤਮਿਕ ਪੁੱਤਰਾਂ ਨਾਲ ਸੱਚ ਬੋਲਦਾ ਸੀ ਕਿਉਂਕਿ ਉਹ ਉਨ੍ਹਾਂ ਨਾਲ ਪਿਆਰ ਕਰਦਾ ਸੀ ਅਤੇ ਉਨ੍ਹਾਂ ਦੀ ਭਲਾਈ ਚਾਹੁੰਦਾ ਸੀ। ਜ਼ਮੀਨ ਤੇ ਵੀ ਇਸੇ ਤਰ੍ਹਾਂ ਸੀ। ਯਹੋਵਾਹ ਨੇ ਧਰਤੀ ਤੇ ਪਹਿਲੇ ਤੀਵੀਂ-ਆਦਮੀ ਨੂੰ ਸਿਰਜਿਆ ਅਤੇ ਉਹ ਆਪਣੇ ਚੁਣੇ ਹੋਏ ਫ਼ਰਿਸ਼ਤੇ ਰਾਹੀਂ ਉਨ੍ਹਾਂ ਨਾਲ ਸੱਚੀ ਗੱਲ ਕਰਦਾ ਸੀ। ਉਹ ਸਮਾਂ ਕਿੰਨਾ ਚੰਗਾ ਸੀ!

2. ਸਭ ਤੋਂ ਪਹਿਲਾਂ ਕਿਸ ਨੇ ਝੂਠ ਬੋਲਿਆ ਸੀ ਅਤੇ ਕਿਉਂ?

2 ਪਰ ਫਿਰ ਉਹ ਸਮਾਂ ਵੀ ਆਇਆ ਜਦੋਂ ਪਰਮੇਸ਼ੁਰ ਦੇ ਇਕ ਫ਼ਰਿਸ਼ਤੇ ਨੇ ਘਮੰਡ ਵਿਚ ਆ ਕੇ ਆਪਣੇ ਆਪ ਨੂੰ ਯਹੋਵਾਹ ਦੇ ਮੁਕਾਬਲੇ ਵਿਚ ਈਸ਼ਵਰ ਬਣਾਉਣ ਦੀ ਕੋਸ਼ਿਸ਼ ਕੀਤੀ। ਇਹ ਦੂਤ ਯਾਨੀ ਸ਼ਤਾਨ ਚਾਹੁੰਦਾ ਸੀ ਕਿ ਸਾਰੇ ਉਸ ਨੂੰ ਪੂਜਣ। ਆਪਣੇ ਇਸ ਮਨਸੂਬੇ ਨੂੰ ਪੂਰਾ ਕਰਨ ਵਾਸਤੇ ਲੋਕਾਂ ਨੂੰ ਆਪਣੇ ਵੱਸ ਵਿਚ ਕਰਨਾ ਜ਼ਰੂਰੀ ਸੀ ਅਤੇ ਇਸ ਲਈ ਉਸ ਨੇ ਝੂਠ ਦਾ ਸਹਾਰਾ ਲਿਆ। ਇਸ ਤਰ੍ਹਾਂ ਕਰ ਕੇ ‘ਉਹ ਝੂਠਾ ਅਤੇ ਝੂਠ ਦਾ ਪਤੰਦਰ’ ਬਣ ਗਿਆ।—ਯੂਹੰਨਾ 8:44.

3. ਆਦਮ ਤੇ ਹੱਵਾਹ ਨੇ ਸ਼ਤਾਨ ਦੀਆਂ ਝੂਠੀਆਂ ਗੱਲਾਂ ਵਿਚ ਆ ਕੇ ਕੀ ਕੀਤਾ ਸੀ ਅਤੇ ਇਸ ਦਾ ਕੀ ਅੰਜਾਮ ਹੋਇਆ ਸੀ?

3 ਇਕ ਸੱਪ ਦੇ ਰਾਹੀਂ ਸ਼ਤਾਨ ਨੇ ਪਹਿਲੀ ਤੀਵੀਂ ਹੱਵਾਹ ਨੂੰ ਕਿਹਾ ਕਿ ਜੇ ਉਸ ਨੇ ਪਰਮੇਸ਼ੁਰ ਦਾ ਹੁਕਮ ਤੋੜ ਕੇ ਉਹ ਫਲ ਖਾਧਾ ਜਿਸ ਨੂੰ ਖਾਣਾ ਮਨ੍ਹਾ ਸੀ, ਤਾਂ ਉਹ ਮਰੇਗੀ ਨਹੀਂ। ਇਹ ਸਰਾਸਰ ਝੂਠ ਸੀ। ਉਸ ਨੇ ਅੱਗੇ ਕਿਹਾ ਕਿ ਫਲ ਖਾ ਕੇ ਉਹ ਪਰਮੇਸ਼ੁਰ ਵਾਂਗ ਭਲੇ-ਬੁਰੇ ਨੂੰ ਜਾਣ ਸਕੇਗੀ। ਇਹ ਵੀ ਝੂਠ ਸੀ। ਭਾਵੇਂ ਹੱਵਾਹ ਨੇ ਪਹਿਲਾਂ ਕਦੇ ਕੋਈ ਝੂਠੀ ਗੱਲ ਨਹੀਂ ਸੁਣੀ ਸੀ, ਫਿਰ ਵੀ ਉਸ ਨੇ ਜ਼ਰੂਰ ਸਮਝ ਲਿਆ ਹੋਣਾ ਕਿ ਜੋ ਗੱਲ ਸੱਪ ਉਸ ਨੂੰ ਦੱਸ ਰਿਹਾ ਸੀ, ਉਹ ਉਸ ਗੱਲ ਨਾਲ ਨਹੀਂ ਮਿਲਦੀ ਸੀ ਜੋ ਪਰਮੇਸ਼ੁਰ ਨੇ ਉਸ ਦੇ ਪਤੀ ਆਦਮ ਨੂੰ ਦੱਸੀ ਸੀ। ਤਾਂ ਵੀ, ਉਸ ਨੇ ਯਹੋਵਾਹ ਦੀ ਬਜਾਇ ਸ਼ਤਾਨ ਦੀ ਗੱਲ ਮੰਨ ਲਈ। ਉਸ ਨੇ ਧੋਖੇ ਵਿਚ ਆ ਕੇ ਫਲ ਖਾ ਲਿਆ। ਬਾਅਦ ਵਿਚ ਆਦਮ ਨੇ ਵੀ ਫਲ ਖਾਧਾ। (ਉਤਪਤ 3:1-6) ਹੱਵਾਹ ਵਾਂਗ ਆਦਮ ਨੇ ਵੀ ਕਦੇ ਕੋਈ ਝੂਠ ਨਹੀਂ ਸੁਣਿਆ ਸੀ, ਪਰ ਉਸ ਨੇ ਧੋਖਾ ਨਹੀਂ ਖਾਧਾ ਸੀ। (1 ਤਿਮੋਥਿਉਸ 2:14) ਉਸ ਨੇ ਫਲ ਖਾ ਕੇ ਦਿਖਾਇਆ ਕਿ ਉਹ ਆਪਣੇ ਸਿਰਜਣਹਾਰ ਨੂੰ ਜਾਣ-ਬੁੱਝ ਕੇ ਛੱਡ ਰਿਹਾ ਸੀ। ਇਨਸਾਨਜਾਤ ਲਈ ਇਸ ਦਾ ਅੰਜਾਮ ਬੁਰਾ ਨਿਕਲਿਆ। ਆਦਮ ਦੀ ਅਣਆਗਿਆਕਾਰੀ ਦੇ ਕਾਰਨ ਉਸ ਦੀ ਸਾਰੀ ਔਲਾਦ ਨੂੰ ਬੇਹਿਸਾਬ ਦੁੱਖ-ਦਰਦ ਦੇ ਨਾਲ-ਨਾਲ ਪਾਪ ਤੇ ਮੌਤ ਵੀ ਮਿਲੀ।—ਰੋਮੀਆਂ 5:12.

4. (ੳ) ਅਦਨ ਦੇ ਬਾਗ਼ ਵਿਚ ਕਿਹੜੇ ਝੂਠ ਬੋਲੇ ਗਏ ਸਨ? (ਅ) ਸਾਨੂੰ ਸ਼ਤਾਨ ਦੇ ਧੋਖੇ ਵਿਚ ਆਉਣ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ?

4 ਇਸ ਦੇ ਨਾਲ-ਨਾਲ ਝੂਠ ਵੀ ਫੈਲਦਾ ਗਿਆ। ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸ਼ਤਾਨ ਨੇ ਅਦਨ ਦੇ ਬਾਗ਼ ਵਿਚ ਝੂਠ ਬੋਲ ਕੇ ਅਸਲ ਵਿਚ ਯਹੋਵਾਹ ਦੀ ਈਮਾਨਦਾਰੀ ਤੇ ਹਮਲੇ ਕੀਤੇ ਸਨ। ਸ਼ਤਾਨ ਦਾਅਵਾ ਕਰ ਰਿਹਾ ਸੀ ਕਿ ਪਰਮੇਸ਼ੁਰ ਪਹਿਲੇ ਤੀਵੀਂ-ਆਦਮੀ ਨੂੰ ਕਿਸੇ ਚੰਗੀ ਚੀਜ਼ ਤੋਂ ਵਾਂਝਾ ਰੱਖ ਕੇ ਉਨ੍ਹਾਂ ਨਾਲ ਧੋਖਾ ਕਰ ਰਿਹਾ ਸੀ। ਪਰ ਇਹ ਸੱਚ ਨਹੀਂ ਸੀ। ਆਦਮ ਤੇ ਹੱਵਾਹ ਨੂੰ ਅਣਆਗਿਆਕਾਰੀ ਕਰ ਕੇ ਕੋਈ ਫ਼ਾਇਦਾ ਨਹੀਂ ਹੋਇਆ। ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ, ਉਨ੍ਹਾਂ ਦੀ ਮੌਤ ਹੋ ਗਈ। ਇਸ ਦੇ ਬਾਵਜੂਦ ਸ਼ਤਾਨ ਯਹੋਵਾਹ ਦੇ ਖ਼ਿਲਾਫ਼ ਝੂਠ ਬੋਲਦਾ ਰਿਹਾ। ਇਸੇ ਲਈ ਕਈ ਸਦੀਆਂ ਬਾਅਦ ਯੂਹੰਨਾ ਰਸੂਲ ਨੇ ਪਰਮੇਸ਼ੁਰ ਦੀ ਆਤਮਾ ਤੋਂ ਪ੍ਰੇਰਿਤ ਹੋ ਕੇ ਲਿਖਿਆ ਕਿ ਸ਼ਤਾਨ “ਸਾਰੇ ਜਗਤ ਨੂੰ ਭਰਮਾਉਂਦਾ ਹੈ।” (ਪਰਕਾਸ਼ ਦੀ ਪੋਥੀ 12:9) ਸਾਨੂੰ ਸ਼ਤਾਨ ਦੇ ਧੋਖੇ ਵਿਚ ਆਉਣ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ? ਸਾਨੂੰ ਯਹੋਵਾਹ ਤੇ ਉਸ ਦੇ ਬਚਨ ਦੀ ਸੱਚਾਈ ਉੱਤੇ ਪੂਰਾ ਭਰੋਸਾ ਰੱਖਣ ਦੀ ਲੋੜ ਹੈ। ਅਸੀਂ ਯਹੋਵਾਹ ਉੱਤੇ ਭਰੋਸਾ ਰੱਖਣਾ ਕਿਸ ਤਰ੍ਹਾਂ ਸਿੱਖ ਸਕਦੇ ਹਾਂ? ਅਸੀਂ ਆਪਣੇ ਆਪ ਨੂੰ ਮਜ਼ਬੂਤ ਕਿਸ ਤਰ੍ਹਾਂ ਕਰ ਸਕਦੇ ਹਾਂ ਕਿ ਅਸੀਂ ਸ਼ਤਾਨ ਦੀਆਂ ਗੱਲਾਂ ਵਿਚ ਆ ਕੇ ਧੋਖਾ ਨਾ ਖਾਈਏ?

ਯਹੋਵਾਹ ਸੱਚਾਈ ਜਾਣਦਾ ਹੈ

5, 6. (ੳ) ਯਹੋਵਾਹ ਕੋਲ ਕਿਨ੍ਹਾਂ ਚੀਜ਼ਾਂ ਦਾ ਗਿਆਨ ਹੈ? (ਅ) ਯਹੋਵਾਹ ਦੇ ਗਿਆਨ ਦੀ ਤੁਲਨਾ ਵਿਚ ਇਨਸਾਨਾਂ ਕੋਲ ਕਿੰਨਾ ਕੁ ਗਿਆਨ ਹੈ?

5 ਬਾਈਬਲ ਵਿਚ ਲਿਖਿਆ ਹੈ ਕਿ ਯਹੋਵਾਹ ਨੇ “ਸਭ ਵਸਤਾਂ ਉਤਪਤ ਕੀਤੀਆਂ।” (ਅਫ਼ਸੀਆਂ 3:9) ਉਸ ਨੇ “ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਸੱਭੋ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਰਚਿਆ।” (ਰਸੂਲਾਂ ਦੇ ਕਰਤੱਬ 4:24) ਸਿਰਜਣਹਾਰ ਹੋਣ ਦੇ ਨਾਤੇ ਯਹੋਵਾਹ ਹਰ ਚੀਜ਼ ਦੀ ਬਣਾਵਟ ਜਾਣਦਾ ਹੈ। ਉਦਾਹਰਣ ਲਈ: ਇਕ ਆਦਮੀ ਬਾਰੇ ਸੋਚੋ ਜੋ ਆਪਣਾ ਘਰ ਆਪ ਡੀਜ਼ਾਈਨ ਕਰ ਕੇ ਆਪਣੇ ਹੱਥੀਂ ਉਸ ਨੂੰ ਬਣਾਉਂਦਾ ਹੈ। ਉਹ ਆਪਣੇ ਘਰ ਦੀ ਹਰੇਕ ਚੀਜ਼ ਦੂਸਰਿਆਂ ਨਾਲੋਂ ਬਿਹਤਰ ਜਾਣੇਗਾ। ਆਪਣੇ ਹੱਥੀਂ ਬਣਾਈ ਚੀਜ਼ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਇਸੇ ਤਰ੍ਹਾਂ ਸਾਡਾ ਸਿਰਜਣਹਾਰ ਆਪਣੀ ਸ੍ਰਿਸ਼ਟੀ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

6 ਯਸਾਯਾਹ ਨਬੀ ਨੇ ਬੜੀ ਸੋਹਣੀ ਤਰ੍ਹਾਂ ਯਹੋਵਾਹ ਦੇ ਗਿਆਨ ਬਾਰੇ ਇਹ ਲਿਖਿਆ ਸੀ: “ਕਿਹ ਨੇ ਆਪਣੀਆਂ ਚੁਲੀਆਂ ਨਾਲ ਪਾਣੀਆਂ ਨੂੰ ਮਿਣਿਆ, ਅਤੇ ਆਪਣੀਆਂ ਗਿੱਠਾਂ ਨਾਲ ਅਕਾਸ਼ ਨੂੰ ਮਾਪਿਆ, ਧਰਤੀ ਦੀ ਧੂੜ ਨੂੰ ਟੋਪੇ ਵਿੱਚ ਭਰਿਆ, ਪਹਾੜਾਂ ਨੂੰ ਤੱਕੜੀਆਂ ਵਿੱਚ, ਅਤੇ ਟਿੱਬਿਆਂ ਨੂੰ ਛਾਬਿਆਂ ਵਿੱਚ ਤੋਲਿਆ ਹੈ? ਕਿਹ ਨੇ ਯਹੋਵਾਹ ਦਾ ਆਤਮਾ ਮਾਪਿਆ, ਯਾ ਉਹ ਦਾ ਸਲਾਹੀ ਹੋ ਕੇ ਉਹ ਨੂੰ ਸਮਝਾਇਆ? ਉਹ ਨੇ ਕਿਹ ਦੇ ਨਾਲ ਸਲਾਹ ਕੀਤੀ, ਕਿਹ ਨੇ ਉਹ ਨੂੰ ਸਮਝ ਬਖ਼ਸ਼ੀ, ਯਾ ਨਿਆਉਂ ਦਾ ਮਾਰਗ ਉਹ ਨੂੰ ਸਿਖਾਇਆ, ਯਾ ਉਹ ਨੂੰ ਵਿੱਦਿਆ ਸਿਖਾਈ, ਯਾ ਉਹ ਨੂੰ ਗਿਆਨ ਦਾ ਰਾਹ ਸਮਝਾਇਆ?” (ਯਸਾਯਾਹ 40:12-14) ਯਹੋਵਾਹ ਸੱਚ-ਮੁੱਚ “ਗਿਆਨ ਦਾ ਪਰਮੇਸ਼ੁਰ” ਅਤੇ “ਗਿਆਨ ਵਿੱਚ ਸੰਪੂਰਨ ਹੈ।” (1 ਸਮੂਏਲ 2:3; ਅੱਯੂਬ 36:4; 37:16) ਉਸ ਦੀ ਤੁਲਨਾ ਵਿਚ ਅਸੀਂ ਤਾਂ ਕੁਝ ਵੀ ਨਹੀਂ ਜਾਣਦੇ। ਭਾਵੇਂ ਅੱਜ-ਕੱਲ੍ਹ ਇਨਸਾਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਬਾਰੇ ਗਿਆਨ ਹਾਸਲ ਕੀਤਾ ਹੈ, ਫਿਰ ਵੀ ਸਾਡੀ ਸਮਝ ਪਰਮੇਸ਼ੁਰ ਦੇ “ਰਾਹਾਂ ਦੇ ਕੰਢੇ” ਜਿੰਨੀ ਵੀ ਨਹੀਂ। ਉਸ ਦੀ “ਗਰਜ” ਦੇ ਮੁਕਾਬਲੇ ਵਿਚ ਇਹ ਤਾਂ “ਹੌਲੀ ਅਵਾਜ਼” ਹੈ।—ਅੱਯੂਬ 26:14.

7. ਦਾਊਦ ਨੇ ਯਹੋਵਾਹ ਦੇ ਗਿਆਨ ਬਾਰੇ ਕੀ ਜਾਣਿਆ ਸੀ ਅਤੇ ਇਸ ਕਰਕੇ ਸਾਨੂੰ ਕੀ ਮੰਨ ਲੈਣਾ ਚਾਹੀਦਾ ਹੈ?

7 ਯਹੋਵਾਹ ਨੇ ਸਾਨੂੰ ਸ੍ਰਿਸ਼ਟ ਕੀਤਾ ਹੈ, ਇਸ ਲਈ ਉਹ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ। ਰਾਜਾ ਦਾਊਦ ਇਹ ਸੱਚਾਈ ਜਾਣਦਾ ਸੀ। ਉਸ ਨੇ ਲਿਖਿਆ: “ਹੇ ਯਹੋਵਾਹ, ਤੈਂ ਮੈਨੂੰ ਪਰਖ ਲਿਆ ਤੇ ਜਾਣ ਲਿਆ, ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈਂ, ਤੂੰ ਮੇਰੀ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈਂ, ਤੂੰ ਮੇਰੇ ਚੱਲਣੇ ਤੇ ਮੇਰੇ ਲੇਟਣੇ ਦੀ ਛਾਨਬੀਨ ਕਰਦਾ ਹੈਂ, ਅਤੇ ਮੇਰੀਆਂ ਸਾਰੀਆਂ ਚਾਲਾਂ ਤੋਂ ਵਾਕਫ਼ ਹੈਂ। ਮੇਰੀ ਜੀਭ ਉੱਤੇ ਤਾਂ ਇੱਕ ਗੱਲ ਵੀ ਨਹੀਂ,—ਵੇਖ, ਹੇ ਯਹੋਵਾਹ, ਤੂੰ ਉਹ ਨੂੰ ਪੂਰੇ ਤੌਰ ਨਾਲ ਜਾਣਦਾ ਹੈਂ।” (ਜ਼ਬੂਰਾਂ ਦੀ ਪੋਥੀ 139:1-4) ਦਾਊਦ ਇਹ ਵੀ ਜਾਣਦਾ ਸੀ ਕਿ ਯਹੋਵਾਹ ਨੇ ਇਨਸਾਨਾਂ ਨੂੰ ਫ਼ੈਸਲੇ ਕਰਨ ਦੀ ਕਾਬਲੀਅਤ ਦਿੱਤੀ ਹੈ। ਅਸੀਂ ਖ਼ੁਦ ਚੁਣ ਸਕਦੇ ਹਾਂ ਕਿ ਅਸੀਂ ਉਸ ਦੀ ਗੱਲ ਮੰਨਣੀ ਹੈ ਕਿ ਨਹੀਂ। (ਬਿਵਸਥਾ ਸਾਰ 30:19, 20; ਯਹੋਸ਼ੁਆ 24:15) ਇਸ ਦੇ ਬਾਵਜੂਦ ਯਹੋਵਾਹ ਸਾਨੂੰ ਸਾਡੇ ਨਾਲੋਂ ਚੰਗੀ ਤਰ੍ਹਾਂ ਜਾਣਦਾ ਹੈ। ਉਹ ਜਾਣਦਾ ਹੈ ਕਿ ਸਾਡੇ ਲਈ ਸਭ ਤੋਂ ਵਧੀਆ ਕੀ ਹੈ ਅਤੇ ਜੇ ਅਸੀਂ ਚਾਹੀਏ, ਤਾਂ ਉਹ ਸਾਡੇ ਰਾਹਾਂ ਨੂੰ ਸੇਧ ਦੇ ਸਕਦਾ ਹੈ। (ਯਿਰਮਿਯਾਹ 10:23) ਯਕੀਨਨ, ਯਹੋਵਾਹ ਵਰਗਾ ਨਾ ਕੋਈ ਗੁਰੂ ਹੈ, ਨਾ ਕੋਈ ਮਾਹਰ ਤੇ ਨਾ ਕੋਈ ਸਲਾਹਕਾਰ ਜੋ ਸਾਨੂੰ ਸੱਚਾਈ ਸਿਖਾ ਕੇ ਸਮਝ ਅਤੇ ਸੁਖ ਦੇ ਸਕਦਾ ਹੈ।

ਯਹੋਵਾਹ ਸੱਚਾ ਹੈ

8. ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਈਮਾਨਦਾਰ ਹੈ?

8 ਸੱਚ ਜਾਣਨ ਤੇ ਸੱਚ ਬੋਲਣ ਵਿਚ ਬਹੁਤ ਫ਼ਰਕ ਹੈ। ਸੱਚੇ ਹੋਣ ਦਾ ਮਤਲਬ ਹੈ ਈਮਾਨਦਾਰ ਹੋਣਾ। ਉਦਾਹਰਣ ਲਈ, ਸ਼ਤਾਨ “ਸਚਿਆਈ ਉੱਤੇ ਟਿਕਿਆ ਨਾ ਰਿਹਾ।” (ਯੂਹੰਨਾ 8:44) ਉਸ ਤੋਂ ਉਲਟ ਯਹੋਵਾਹ “ਸਚਿਆਈ ਨਾਲ ਭਰਪੂਰ ਹੈ।” (ਕੂਚ 34:6) ਬਾਈਬਲ ਵਾਰ-ਵਾਰ ਯਹੋਵਾਹ ਦੀ ਈਮਾਨਦਾਰੀ ਦੀ ਗੱਲ ਕਰਦੀ ਹੈ। ਪੌਲੁਸ ਰਸੂਲ ਨੇ ਕਿਹਾ ਸੀ ਕਿ “ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ” ਅਤੇ ਕਿ ਪਰਮੇਸ਼ੁਰ “ਝੂਠ ਬੋਲ ਨਹੀਂ ਸੱਕਦਾ।” (ਇਬਰਾਨੀਆਂ 6:18; ਤੀਤੁਸ 1:2) ਸੱਚੀ ਗੱਲ ਕਰਨੀ ਪਰਮੇਸ਼ੁਰ ਦੀ ਖੂਬੀ ਹੈ। ਅਸੀਂ ਯਹੋਵਾਹ ਉੱਤੇ ਭਰੋਸਾ ਰੱਖ ਸਕਦੇ ਹਾਂ ਅਤੇ ਉਸ ਦੀ ਗੱਲ ਦਾ ਯਕੀਨ ਕਰ ਸਕਦੇ ਹਾਂ ਕਿਉਂਕਿ ਉਹ ਈਮਾਨਦਾਰ ਹੈ। ਉਹ ਆਪਣੇ ਵਫ਼ਾਦਾਰ ਭਗਤਾਂ ਨੂੰ ਕਦੇ ਵੀ ਧੋਖਾ ਨਹੀਂ ਦਿੰਦਾ।

9. ਯਹੋਵਾਹ ਦੇ ਨਾਂ ਤੋਂ ਕੀ ਪਤਾ ਲੱਗਦਾ ਹੈ?

9 ਯਹੋਵਾਹ ਦਾ ਨਾਂ ਹੀ ਉਸ ਦੀ ਈਮਾਨਦਾਰੀ ਦੀ ਗਵਾਹੀ ਭਰਦਾ ਹੈ। ਉਸ ਦੇ ਨਾਂ ਦਾ ਮਤਲਬ ਹੈ, “ਉਹ ਕਰਨ ਅਤੇ ਕਰਾਉਣ ਵਾਲਾ ਬਣਦਾ ਹੈ।” ਇਸ ਤੋਂ ਪਤਾ ਲੱਗਦਾ ਹੈ ਕਿ ਉਹ ਭਰੋਸੇ ਦੇ ਲਾਇਕ ਹੈ ਕਿਉਂਕਿ ਉਹ ਵਾਅਦੇ ਕਰ ਕੇ ਉਨ੍ਹਾਂ ਨੂੰ ਪੂਰਾ ਵੀ ਕਰ ਸਕਦਾ ਹੈ। ਹੋਰ ਕੋਈ ਇਸ ਤਰ੍ਹਾਂ ਨਹੀਂ ਕਰ ਸਕਦਾ। ਫਿਰ ਯਹੋਵਾਹ ਹੈ ਵੀ ਅੱਤ ਮਹਾਨ, ਇਸ ਲਈ ਕੋਈ ਵੀ ਉਸ ਦੇ ਮਕਸਦ ਪੂਰੇ ਹੋਣ ਤੋਂ ਰੋਕ ਨਹੀਂ ਸਕਦਾ। ਯਹੋਵਾਹ ਸਿਰਫ਼ ਈਮਾਨਦਾਰ ਹੀ ਨਹੀਂ, ਪਰ ਉਸੇ ਕੋਲ ਹੀ ਆਪਣੀ ਹਰ ਗੱਲ ਨੂੰ ਅਸਲੀਅਤ ਬਣਾਉਣ ਦੀ ਤਾਕਤ ਤੇ ਬੁੱਧ ਹੈ।

10. (ੳ) ਯਹੋਸ਼ੁਆ ਨੇ ਕਿਹੜੀਆਂ ਘਟਨਾਵਾਂ ਦੇਖੀਆਂ ਸਨ ਜਿਨ੍ਹਾਂ ਤੋਂ ਯਹੋਵਾਹ ਦੀ ਈਮਾਨਦਾਰੀ ਜ਼ਾਹਰ ਹੋਈ ਸੀ? (ਅ) ਤੁਸੀਂ ਯਹੋਵਾਹ ਦੇ ਕਿਹੜੇ ਵਾਅਦੇ ਪੂਰੇ ਹੁੰਦੇ ਦੇਖੇ ਹਨ?

10 ਯਹੋਸ਼ੁਆ ਉਨ੍ਹਾਂ ਕਈਆਂ ਇਨਸਾਨਾਂ ਵਿੱਚੋਂ ਸੀ ਜਿਨ੍ਹਾਂ ਨੇ ਅਜਿਹੀਆਂ ਘਟਨਾਵਾਂ ਦੇਖੀਆਂ ਜਿਨ੍ਹਾਂ ਤੋਂ ਯਹੋਵਾਹ ਦੀ ਈਮਾਨਦਾਰੀ ਜ਼ਾਹਰ ਹੋਈ ਸੀ। ਯਹੋਸ਼ੁਆ ਉਸ ਸਮੇਂ ਮਿਸਰ ਵਿਚ ਸੀ ਜਦੋਂ ਯਹੋਵਾਹ ਨੇ ਉਸ ਕੌਮ ਉੱਤੇ ਦਸ ਬਵਾਂ ਭੇਜੀਆਂ ਸਨ ਅਤੇ ਹਰੇਕ ਬਵਾ ਤੋਂ ਪਹਿਲਾਂ ਉਸ ਬਾਰੇ ਦੱਸਿਆ ਸੀ। ਯਹੋਸ਼ੁਆ ਨੇ ਯਹੋਵਾਹ ਦੇ ਹੋਰ ਵਾਅਦੇ ਵੀ ਪੂਰੇ ਹੁੰਦੇ ਦੇਖੇ ਸਨ, ਜਿਵੇਂ ਕਿ ਇਸਰਾਏਲੀਆਂ ਨੂੰ ਮਿਸਰ ਤੋਂ ਬਚਾ ਕੇ ਵਾਅਦਾ ਕੀਤੇ ਹੋਏ ਦੇਸ਼ ਵਿਚ ਲਿਆਉਣਾ ਅਤੇ ਕਨਾਨੀਆਂ ਦੀਆਂ ਤਾਕਤਵਰ ਫ਼ੌਜਾਂ ਨੂੰ ਹਰਾਉਣਾ। ਆਪਣੀ ਜ਼ਿੰਦਗੀ ਦੇ ਆਖ਼ਰੀ ਮੋੜ ਤੇ ਯਹੋਸ਼ੁਆ ਨੇ ਇਸਰਾਏਲ ਦੇ ਬਜ਼ੁਰਗਾਂ ਨੂੰ ਕਿਹਾ: “ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਭਈ ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੂਰੇ ਹੋਏ। ਓਹਨਾਂ ਵਿੱਚੋਂ ਇੱਕ ਬਚਨ ਵੀ ਨਾ ਰਿਹਾ।” (ਯਹੋਸ਼ੁਆ 23:14) ਭਾਵੇਂ ਤੁਸੀਂ ਯਹੋਸ਼ੁਆ ਵਾਂਗ ਯਹੋਵਾਹ ਦੇ ਚਮਤਕਾਰ ਨਹੀਂ ਦੇਖੇ ਹਨ, ਪਰ ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੇ ਵਾਅਦੇ ਪੂਰੇ ਹੁੰਦੇ ਦੇਖੇ ਹਨ?

ਯਹੋਵਾਹ ਸੱਚਾਈ ਦੱਸਦਾ ਹੈ

11. ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਯਹੋਵਾਹ ਇਨਸਾਨਾਂ ਨਾਲ ਗੱਲ ਕਰਨੀ ਚਾਹੁੰਦਾ ਹੈ?

11 ਜ਼ਰਾ ਅਜਿਹੇ ਪਿਤਾ ਬਾਰੇ ਸੋਚੋ ਜਿਸ ਕੋਲ ਵਿਸ਼ਾਲ ਗਿਆਨ ਹੋਣ ਦੇ ਬਾਵਜੂਦ ਵੀ ਉਹ ਆਪਣੇ ਬੱਚਿਆਂ ਨਾਲ ਗੱਲ ਹੀ ਨਹੀਂ ਕਰਦਾ। ਕੀ ਤੁਸੀਂ ਖ਼ੁਸ਼ ਨਹੀਂ ਹੋ ਕਿ ਯਹੋਵਾਹ ਇਹੋ ਜਿਹਾ ਪਿਤਾ ਨਹੀਂ ਹੈ? ਯਹੋਵਾਹ ਪਿਆਰ ਨਾਲ ਇਨਸਾਨਾਂ ਨਾਲ ਗੱਲ ਕਰਦਾ ਰਹਿੰਦਾ ਹੈ। ਇਸ ਲਈ ਬਾਈਬਲ ਵਿਚ ਉਸ ਨੂੰ “ਗੁਰੂ” ਸੱਦਿਆ ਗਿਆ ਹੈ। (ਯਸਾਯਾਹ 30:20) ਯਹੋਵਾਹ ਤਾਂ ਉਨ੍ਹਾਂ ਲੋਕਾਂ ਨਾਲ ਵੀ ਗੱਲ ਕਰਦਾ ਹੈ ਜੋ ਉਸ ਦੀ ਗੱਲ ਨਹੀਂ ਸੁਣਦੇ। ਉਦਾਹਰਣ ਲਈ, ਹਿਜ਼ਕੀਏਲ ਨੂੰ ਉਨ੍ਹਾਂ ਲੋਕਾਂ ਕੋਲ ਭੇਜਿਆ ਗਿਆ ਸੀ ਜਿਨ੍ਹਾਂ ਬਾਰੇ ਯਹੋਵਾਹ ਜਾਣਦਾ ਸੀ ਕਿ ਉਹ ਉਸ ਦੀ ਗੱਲ ਨਹੀਂ ਸੁਣਨਗੇ। ਯਹੋਵਾਹ ਨੇ ਕਿਹਾ: “ਹੇ ਆਦਮੀ ਦੇ ਪੁੱਤ੍ਰ, ਤੂੰ ਇਸਰਾਏਲ ਦੇ ਘਰਾਣੇ ਕੋਲ ਜਾ ਅਤੇ ਮੇਰੀਆਂ ਇਹ ਗੱਲਾਂ ਉਨ੍ਹਾਂ ਨੂੰ ਬੋਲ।” ਫਿਰ ਉਸ ਨੇ ਚੇਤਾਵਨੀ ਦਿੱਤੀ: ‘ਉਹ ਤੇਰੀ ਨਹੀਂ ਸੁਣਨਗੇ ਕਿਉਂ ਜੋ ਓਹ ਮੇਰੀ ਸੁਣਨਾ ਨਹੀਂ ਚਾਹੁੰਦੇ। ਇਸਰਾਏਲ ਦਾ ਸਾਰਾ ਘਰਾਣਾ ਕਠੋਰ ਮਸਤਕ ਤੇ ਪੱਥਰ ਦਿਲ ਹੈ।’ ਹਿਜ਼ਕੀਏਲ ਲਈ ਇਹ ਪ੍ਰਚਾਰ ਕਰਨਾ ਔਖਾ ਸੀ, ਪਰ ਫਿਰ ਵੀ ਉਸ ਨੇ ਵਫ਼ਾਦਾਰੀ ਨਾਲ ਯਹੋਵਾਹ ਵਾਂਗ ਦਇਆਵਾਨ ਬਣ ਕੇ ਇਹ ਕੰਮ ਕੀਤਾ। ਜੇ ਤੁਸੀਂ ਅਜਿਹੇ ਇਲਾਕੇ ਵਿਚ ਰਹਿੰਦੇ ਹੋ ਜਿੱਥੇ ਪ੍ਰਚਾਰ ਕਰਨਾ ਔਖਾ ਹੈ, ਤਾਂ ਹੌਸਲਾ ਰੱਖੋ ਕਿ ਯਹੋਵਾਹ ਉੱਤੇ ਭਰੋਸਾ ਰੱਖ ਕੇ ਤੁਹਾਨੂੰ ਵੀ ਤਾਕਤ ਮਿਲੇਗੀ ਜਿਸ ਤਰ੍ਹਾਂ ਹਿਜ਼ਕੀਏਲ ਨਬੀ ਨੂੰ ਮਿਲੀ ਸੀ।—ਹਿਜ਼ਕੀਏਲ 3:4, 7-9.

12, 13. ਪਰਮੇਸ਼ੁਰ ਨੇ ਕਿਨ੍ਹਾਂ ਤਰੀਕਿਆਂ ਨਾਲ ਇਨਸਾਨਾਂ ਨਾਲ ਗੱਲ ਕੀਤੀ ਹੈ?

12 ਯਹੋਵਾਹ “ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:4) ਉਸ ਨੇ ਇਨਸਾਨਾਂ ਨਾਲ ਨਬੀਆਂ ਰਾਹੀਂ, ਦੂਤਾਂ ਰਾਹੀਂ ਅਤੇ ਆਪਣੇ ਪਿਆਰੇ ਪੁੱਤਰ ਯਿਸੂ ਮਸੀਹ ਰਾਹੀਂ ਵੀ ਗੱਲ ਕੀਤੀ ਹੈ। (ਇਬਰਾਨੀਆਂ 1:1, 2; 2:2) ਯਿਸੂ ਨੇ ਪਿਲਾਤੁਸ ਨੂੰ ਕਿਹਾ ਸੀ: “ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ। ਹਰੇਕ ਜੋ ਸਚਿਆਈ ਦਾ ਹੈ ਮੇਰਾ ਬਚਨ ਸੁਣਦਾ ਹੈ।” ਪਿਲਾਤੁਸ ਕੋਲ ਉਸ ਸਮੇਂ ਪਰਮੇਸ਼ੁਰ ਦੇ ਪੁੱਤਰ ਦੇ ਮੂੰਹੋਂ ਮੁਕਤੀ ਲਈ ਯਹੋਵਾਹ ਦੇ ਪ੍ਰਬੰਧ ਬਾਰੇ ਸੱਚਾਈ ਸਿੱਖਣ ਦਾ ਕਿੰਨਾ ਸੋਹਣਾ ਮੌਕਾ ਸੀ! ਪਰ ਪਿਲਾਤੁਸ ਸੱਚਾਈ ਪਸੰਦ ਨਹੀਂ ਕਰਦਾ ਸੀ ਅਤੇ ਉਹ ਯਿਸੂ ਤੋਂ ਸਿੱਖਣਾ ਨਹੀਂ ਚਾਹੁੰਦਾ ਸੀ। ਇਸ ਦੀ ਬਜਾਇ ਉਸ ਨੇ ਨੱਕ ਚੜ੍ਹਾ ਕੇ ਕਿਹਾ: “ਸਚਿਆਈ ਹੁੰਦੀ ਕੀ ਹੈ?” (ਯੂਹੰਨਾ 18:37, 38) ਅਫ਼ਸੋਸ ਦੀ ਗੱਲ ਹੈ ਕਿ ਉਸ ਨੇ ਸੱਚਾਈ ਜਾਣਨ ਦਾ ਸੁਨਹਿਰਾ ਮੌਕਾ ਹੱਥੋਂ ਜਾਣ ਦਿੱਤਾ। ਪਰ ਕਈ ਹੋਰ ਅਜਿਹੇ ਲੋਕ ਸਨ ਜਿਨ੍ਹਾਂ ਨੇ ਯਿਸੂ ਤੋਂ ਸੱਚਾਈ ਸਿੱਖੀ ਸੀ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਧੰਨ ਤੁਹਾਡੀਆਂ ਅੱਖੀਆਂ ਜੋ ਓਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਓਹ ਸੁਣਦੇ ਹਨ।”—ਮੱਤੀ 13:16.

13 ਯਹੋਵਾਹ ਨੇ ਸੱਚਾਈ ਨੂੰ ਬਾਈਬਲ ਵਿਚ ਸੰਭਾਲ ਕੇ ਰੱਖਿਆ ਹੈ ਤੇ ਇਸ ਦੇ ਜ਼ਰੀਏ ਸੱਚਾਈ ਨੂੰ ਹਰ ਜਗ੍ਹਾ ਲੋਕਾਂ ਤਕ ਪਹੁੰਚਾਇਆ ਹੈ। ਬਾਈਬਲ ਵਿਚ ਸੱਚੀਆਂ ਗੱਲਾਂ ਦੱਸੀਆਂ ਗਈਆਂ ਹਨ। ਉਸ ਵਿਚ ਪਰਮੇਸ਼ੁਰ ਦੇ ਗੁਣਾਂ, ਉਦੇਸ਼ਾਂ ਅਤੇ ਹੁਕਮਾਂ ਦੇ ਨਾਲ-ਨਾਲ ਇਨਸਾਨਾਂ ਦੀ ਅਸਲੀ ਹਾਲਤ ਵੀ ਦੱਸੀ ਗਈ ਹੈ। ਯਿਸੂ ਨੇ ਪ੍ਰਾਰਥਨਾ ਵਿਚ ਯਹੋਵਾਹ ਨੂੰ ਕਿਹਾ ਸੀ: “ਤੇਰਾ ਬਚਨ ਸਚਿਆਈ ਹੈ।” (ਯੂਹੰਨਾ 17:17) ਇਸ ਕਰਕੇ ਬਾਈਬਲ ਵਰਗੀ ਹੋਰ ਕੋਈ ਕਿਤਾਬ ਨਹੀਂ ਹੈ ਕਿਉਂਕਿ ਸਿਰਫ਼ ਬਾਈਬਲ ਹੀ ਜਾਣੀ-ਜਾਣ ਪਰਮੇਸ਼ੁਰ ਨੇ ਲਿਖਵਾਈ ਹੈ। (2 ਤਿਮੋਥਿਉਸ 3:16) ਇਹ ਪਰਮੇਸ਼ੁਰ ਵੱਲੋਂ ਇਨਸਾਨਜਾਤ ਨੂੰ ਤੋਹਫ਼ਾ ਹੈ। ਸਾਨੂੰ ਇਸ ਨੂੰ ਕੀਮਤੀ ਖ਼ਜ਼ਾਨੇ ਦੇ ਤੁੱਲ ਸਮਝਣਾ ਚਾਹੀਦਾ ਹੈ ਅਤੇ ਇਸ ਨੂੰ ਪੜ੍ਹਨਾ ਚਾਹੀਦਾ ਹੈ।

ਸੱਚਾਈ ਨੂੰ ਫੜੀ ਰੱਖੋ

14. ਯਹੋਵਾਹ ਨੇ ਕਿਹੜੇ ਕੁਝ ਵਾਅਦੇ ਕੀਤੇ ਹਨ ਜੋ ਉਹ ਪੂਰੇ ਕਰੇਗਾ ਅਤੇ ਅਸੀਂ ਉਸ ਦੀ ਗੱਲ ਦਾ ਯਕੀਨ ਕਿਉਂ ਕਰ ਸਕਦੇ ਹਾਂ?

14 ਯਹੋਵਾਹ ਆਪਣੇ ਬਚਨ ਵਿਚ ਜੋ ਕਹਿੰਦਾ ਹੈ ਸਾਨੂੰ ਉਸ ਨੂੰ ਐਵੇਂ ਨਹੀਂ ਸਮਝਣਾ ਚਾਹੀਦਾ। ਉਹ ਆਪਣੇ ਬਾਰੇ ਸੱਚ ਦੱਸਦਾ ਹੈ ਤੇ ਉਸ ਦੀ ਗੱਲ ਹਮੇਸ਼ਾ ਪੂਰੀ ਹੁੰਦੀ ਹੈ। ਇਸ ਲਈ ਅਸੀਂ ਉਸ ਦੀ ਗੱਲ ਤੇ ਪੂਰਾ ਇਤਬਾਰ ਕਰ ਸਕਦੇ ਹਾਂ। ਜਦ ਯਹੋਵਾਹ ਕਹਿੰਦਾ ਹੈ ਕਿ “ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ ਓਹਨਾਂ ਨੂੰ ਬਦਲਾ ਦੇਵੇਗਾ,” ਤਾਂ ਅਸੀਂ ਉਸ ਦੀ ਗੱਲ ਦਾ ਯਕੀਨ ਕਰ ਸਕਦੇ ਹਾਂ। (2 ਥੱਸਲੁਨੀਕੀਆਂ 1:8) ਅਤੇ ਜਦ ਯਹੋਵਾਹ ਕਹਿੰਦਾ ਹੈ ਕਿ ਉਹ ਧਰਮ ਦਾ ਪਿੱਛਾ ਕਰਨ ਵਾਲੇ ਨਾਲ ਪ੍ਰੇਮ ਕਰਦਾ ਹੈ, ਨਿਹਚਾ ਕਰਨ ਵਾਲੇ ਨੂੰ ਉਹ ਹਮੇਸ਼ਾ ਦੀ ਜ਼ਿੰਦਗੀ ਬਖ਼ਸ਼ੇਗਾ ਅਤੇ ਉਹ ਦੁੱਖ, ਰੋਣਾ ਤੇ ਮੌਤ ਨੂੰ ਵੀ ਖ਼ਤਮ ਕਰ ਦੇਵੇਗਾ, ਤਾਂ ਅਸੀਂ ਉਸ ਦੀ ਗੱਲ ਦਾ ਇਤਬਾਰ ਕਰ ਸਕਦੇ ਹਾਂ। ਯਹੋਵਾਹ ਨੇ ਆਪਣੇ ਇਸ ਅਖ਼ੀਰਲੇ ਵਾਅਦੇ ਤੇ ਜ਼ੋਰ ਦਿੰਦੇ ਹੋਏ ਯੂਹੰਨਾ ਰਸੂਲ ਨੂੰ ਕਿਹਾ: “ਲਿਖ, ਕਿਉਂ ਜੋ ਏਹ ਬਚਨ ਨਿਹਚਾ ਜੋਗ ਅਤੇ ਸਤ ਹਨ।”—ਪਰਕਾਸ਼ ਦੀ ਪੋਥੀ 21:4, 5; ਕਹਾਉਤਾਂ 15:9; ਯੂਹੰਨਾ 3:36.

15. ਕੁਝ ਝੂਠ ਕੀ ਹਨ ਜੋ ਸ਼ਤਾਨ ਨੇ ਮਾਰੇ ਹਨ?

15 ਸ਼ਤਾਨ ਯਹੋਵਾਹ ਤੋਂ ਐਨ ਉਲਟ ਹੈ। ਗਿਆਨ ਦੇਣ ਦੀ ਬਜਾਇ ਉਹ ਧੋਖਾ ਦਿੰਦਾ ਹੈ। ਸ਼ੁੱਧ ਭਗਤੀ ਤੋਂ ਲੋਕਾਂ ਦਾ ਮੂੰਹ ਮੋੜਨ ਲਈ ਉਹ ਕਈ ਝੂਠ ਮਾਰਦਾ ਹੈ। ਮਿਸਾਲ ਲਈ, ਸ਼ਤਾਨ ਚਾਹੁੰਦਾ ਹੈ ਕਿ ਅਸੀਂ ਮੰਨੀਏ ਕਿ ਯਹੋਵਾਹ ਸਾਡੇ ਨਾਲ ਕੋਈ ਸਰੋਕਾਰ ਨਹੀਂ ਰੱਖਣਾ ਚਾਹੁੰਦਾ ਅਤੇ ਉਸ ਨੂੰ ਦੁਨੀਆਂ ਦੇ ਦੁੱਖ-ਦਰਦਾਂ ਦੀ ਕੋਈ ਪਰਵਾਹ ਨਹੀਂ। ਪਰ ਬਾਈਬਲ ਵਿਚ ਸਾਨੂੰ ਦੱਸਿਆ ਗਿਆ ਹੈ ਕਿ ਯਹੋਵਾਹ ਨੂੰ ਸਾਰਿਆਂ ਦੀ ਬਹੁਤ ਪਰਵਾਹ ਹੈ ਅਤੇ ਉਹ ਦੁਨੀਆਂ ਵਿਚ ਫੈਲੀ ਬੁਰਾਈ ਅਤੇ ਦੁੱਖ-ਤਕਲੀਫ਼ ਦੇਖ ਕੇ ਦੁਖੀ ਹੁੰਦਾ ਹੈ। (ਰਸੂਲਾਂ ਦੇ ਕਰਤੱਬ 17:24-30) ਸ਼ਤਾਨ ਸਾਡੇ ਮਨ ਵਿਚ ਇਹ ਗੱਲ ਪਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਪਰਮੇਸ਼ੁਰ ਦੀ ਭਗਤੀ ਕਰਨੀ ਵਿਅਰਥ ਹੈ। ਇਸ ਦੀ ਬਜਾਇ, ਬਾਈਬਲ ਵਿਚ ਸਾਨੂੰ ਦੱਸਿਆ ਹੈ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।” ਇਸ ਤੋਂ ਇਲਾਵਾ ਬਾਈਬਲ ਵਿਚ ਲਿਖਿਆ ਹੈ ਕਿ “ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।”—ਇਬਰਾਨੀਆਂ 6:10; 11:6.

16. ਮਸੀਹੀਆਂ ਨੂੰ ਚੌਕਸ ਰਹਿ ਕੇ ਸੱਚਾਈ ਨੂੰ ਕਿਉਂ ਫੜੀ ਰੱਖਣਾ ਚਾਹੀਦਾ ਹੈ?

16 ਸ਼ਤਾਨ ਬਾਰੇ ਪੌਲੁਸ ਰਸੂਲ ਨੇ ਲਿਖਿਆ: “ਇਸ ਜੁੱਗ ਦੇ ਈਸ਼ੁਰ ਨੇ ਬੇਪਰਤੀਤਿਆਂ ਦੀਆਂ ਬੁੱਧਾਂ ਅੰਨ੍ਹੀਆਂ ਕਰ ਦਿੱਤੀਆਂ ਮਤੇ ਮਸੀਹ ਜੋ ਪਰਮੇਸ਼ੁਰ ਦਾ ਸਰੂਪ ਹੈ ਉਹ ਦੇ ਤੇਜ ਦੀ ਖੁਸ਼ ਖਬਰੀ ਦਾ ਚਾਨਣ ਉਨ੍ਹਾਂ ਉੱਤੇ ਪਰਕਾਸ਼ ਹੋਵੇ।” (2 ਕੁਰਿੰਥੀਆਂ 4:4) ਹੱਵਾਹ ਵਾਂਗ ਕਈ ਲੋਕ ਸ਼ਤਾਨ ਦੀਆਂ ਗੱਲਾਂ ਵਿਚ ਆ ਜਾਂਦੇ ਹਨ। ਦੂਸਰੇ ਲੋਕ ਆਦਮ ਦੀ ਪੈੜ ਤੇ ਤੁਰਦੇ ਹਨ, ਜਿਸ ਨੇ ਧੋਖਾ ਤਾਂ ਨਹੀਂ ਖਾਧਾ ਸੀ, ਪਰ ਉਸ ਨੇ ਜਾਣ-ਬੁੱਝ ਕੇ ਅਣਆਗਿਆਕਾਰੀ ਦਾ ਰਾਹ ਚੁਣਿਆ ਸੀ। (ਯਹੂਦਾਹ 5, 11) ਇਸ ਲਈ ਬੜਾ ਜ਼ਰੂਰੀ ਹੈ ਕਿ ਮਸੀਹੀ ਚੌਕਸ ਰਹਿ ਕੇ ਸੱਚਾਈ ਨੂੰ ਫੜੀ ਰੱਖਣ।

ਯਹੋਵਾਹ “ਨਿਸ਼ਕਪਟ ਨਿਹਚਾ” ਚਾਹੁੰਦਾ ਹੈ

17. ਯਹੋਵਾਹ ਦੀ ਮਿਹਰ ਪ੍ਰਾਪਤ ਕਰਨ ਵਾਸਤੇ ਸਾਨੂੰ ਕੀ ਕਰਨ ਦੀ ਲੋੜ ਹੈ?

17 ਆਪਣੇ ਹਰ ਕੰਮ ਵਿਚ ਈਮਾਨਦਾਰ ਹੋਣ ਕਰਕੇ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਭਗਤ ਵੀ ਈਮਾਨਦਾਰ ਹੋਣ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਹੇ ਯਹੋਵਾਹ, ਤੇਰੇ ਡੇਹਰੇ ਵਿੱਚ ਕੌਣ ਟਿਕੇਗਾ? ਤੇਰੇ ਪਵਿੱਤਰ ਪਹਾੜ ਉੱਤੇ ਕੌਣ ਵੱਸੇਗਾ? ਉਹੋ ਜਿਹੜਾ ਸਿੱਧੀ ਚਾਲ ਚੱਲਦਾ, ਨੇਕੀ ਕਰਦਾ, ਅਤੇ ਮਨੋਂ ਸੱਚ ਬੋਲਦਾ ਹੈ।” (ਜ਼ਬੂਰਾਂ ਦੀ ਪੋਥੀ 15:1, 2) ਯਹੂਦੀ ਲੋਕ ਇਹ ਸ਼ਬਦ ਗਾਇਆ ਕਰਦੇ ਸਨ। ਯਹੋਵਾਹ ਦੇ ਪਵਿੱਤਰ ਪਹਾੜ ਦੀ ਗੱਲ ਨੇ ਉਨ੍ਹਾਂ ਨੂੰ ਸੀਯੋਨ ਪਹਾੜ ਯਾਦ ਕਰਾਇਆ ਹੋਣਾ ਜਿੱਥੇ ਰਾਜਾ ਦਾਊਦ ਨੇ ਡੇਹਰੇ ਯਾਨੀ ਤੰਬੂ ਵਿਚ ਯਹੋਵਾਹ ਦਾ ਸੰਦੂਕ ਲਿਆਂਦਾ ਸੀ। (2 ਸਮੂਏਲ 6:12, 17) ਪਹਾੜ ਅਤੇ ਡੇਹਰੇ ਦੀ ਗੱਲ ਨੇ ਉਨ੍ਹਾਂ ਨੂੰ ਉਹ ਜਗ੍ਹਾ ਯਾਦ ਕਰਾਈ ਹੋਣੀ ਜਿੱਥੇ ਮਾਨੋ ਯਹੋਵਾਹ ਰਹਿੰਦਾ ਸੀ। ਉੱਥੇ ਲੋਕ ਯਹੋਵਾਹ ਦੀ ਮਿਹਰ ਲਈ ਬੇਨਤੀ ਕਰ ਸਕਦੇ ਸਨ।

18. (ੳ) ਯਹੋਵਾਹ ਦੇ ਦੋਸਤ ਬਣਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਅ) ਅਗਲੇ ਲੇਖ ਵਿਚ ਕਿਸ ਵਿਸ਼ੇ ਤੇ ਚਰਚਾ ਕੀਤੀ ਜਾਵੇਗੀ?

18 ਹਰ ਕੋਈ ਜੋ ਯਹੋਵਾਹ ਨਾਲ ਦੋਸਤੀ ਕਰਨੀ ਚਾਹੁੰਦਾ ਹੈ ਉਸ ਨੂੰ ਸਿਰਫ਼ ਆਪਣੇ ਮੂੰਹੋਂ ਹੀ ਨਹੀਂ, ਪਰ “ਮਨੋਂ” ਸੱਚ ਬੋਲਣਾ ਚਾਹੀਦਾ ਹੈ। ਪਰਮੇਸ਼ੁਰ ਦੇ ਸੱਚੇ ਮਿੱਤਰਾਂ ਨੂੰ ਦਿਲ ਦੇ ਸਾਫ਼ ਹੋਣ ਦੀ ਅਤੇ “ਨਿਸ਼ਕਪਟ ਨਿਹਚਾ” ਦਾ ਸਬੂਤ ਦੇਣ ਦੀ ਲੋੜ ਹੈ ਕਿਉਂਕਿ ਸੱਚੀਆਂ ਗੱਲਾਂ ਦਿਲ ਵਿੱਚੋਂ ਨਿਕਲਦੀਆਂ ਹਨ। (1 ਤਿਮੋਥਿਉਸ 1:5; ਮੱਤੀ 12:34, 35) ਪਰਮੇਸ਼ੁਰ ਦਾ ਮਿੱਤਰ ਚਾਲਬਾਜ਼ ਜਾਂ ਧੋਖੇਬਾਜ਼ ਨਹੀਂ ਹੋਵੇਗਾ ਕਿਉਂਕਿ “ਯਹੋਵਾਹ . . . ਛਲੀਏ ਤੋਂ ਘਿਣ ਕਰਦਾ ਹੈ।” (ਜ਼ਬੂਰਾਂ ਦੀ ਪੋਥੀ 5:6) ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹ ਆਪਣੇ ਪਰਮੇਸ਼ੁਰ ਦੀ ਰੀਸ ਕਰ ਕੇ ਈਮਾਨਦਾਰ ਬਣਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਅਸੀਂ ਅਗਲੇ ਲੇਖ ਵਿਚ ਇਸ ਗੱਲ ਉੱਤੇ ਚਰਚਾ ਕਰਾਂਗੇ।

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਯਹੋਵਾਹ ਹਰ ਚੀਜ਼ ਬਾਰੇ ਸੱਚਾਈ ਕਿਉਂ ਜਾਣਦਾ ਹੈ?

• ਯਹੋਵਾਹ ਦੀ ਈਮਾਨਦਾਰੀ ਦਾ ਕੀ ਸਬੂਤ ਹੈ?

• ਯਹੋਵਾਹ ਨੇ ਸੱਚਾਈ ਕਿਸ ਤਰ੍ਹਾਂ ਪ੍ਰਗਟ ਕੀਤੀ ਹੈ?

• ਸੱਚਾਈ ਜਾਣ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ?

[ਸਵਾਲ]

[ਸਫ਼ੇ 10 ਉੱਤੇ ਤਸਵੀਰਾਂ]

ਸੱਚਾਈ ਦਾ ਪਰਮੇਸ਼ੁਰ ਆਪਣੀ ਹਰ ਰਚੀ ਹੋਈ ਚੀਜ਼ ਬਾਰੇ ਸਭ ਕੁਝ ਜਾਣਦਾ ਹੈ

[ਸਫ਼ੇ 12, 13 ਉੱਤੇ ਤਸਵੀਰਾਂ]

ਯਹੋਵਾਹ ਦੇ ਵਾਅਦੇ ਪੂਰੇ ਹੋਣਗੇ