Skip to content

Skip to table of contents

ਸੋਚ-ਸਮਝ ਕੇ ਬੋਲਣਾ ਅਤੇ ਪੇਸ਼ ਆਉਣਾ ਸਿੱਖੋ

ਸੋਚ-ਸਮਝ ਕੇ ਬੋਲਣਾ ਅਤੇ ਪੇਸ਼ ਆਉਣਾ ਸਿੱਖੋ

ਸੋਚ-ਸਮਝ ਕੇ ਬੋਲਣਾ ਅਤੇ ਪੇਸ਼ ਆਉਣਾ ਸਿੱਖੋ

ਪੈਗੀ ਨੇ ਦੇਖਿਆ ਕਿ ਉਸ ਦਾ ਮੁੰਡਾ ਆਪਣੇ ਛੋਟੇ ਭਰਾ ਨਾਲ ਬੜੇ ਰੁੱਖੇ ਲਫ਼ਜ਼ਾਂ ਵਿਚ ਬੋਲ ਰਿਹਾ ਸੀ। ਉਸ ਨੇ ਉਸ ਨੂੰ ਪੁੱਛਿਆ: “ਪੁੱਤ, ਕੀ ਤੈਨੂੰ ਆਪਣੇ ਭਰਾ ਨਾਲ ਇੱਦਾਂ ਗੱਲ ਕਰਨੀ ਚਾਹੀਦੀ ਹੈ? ਵੇਖ ਉਹ ਕਿੰਨਾ ਪਰੇਸ਼ਾਨ ਹੈ।” ਪੈਗੀ ਨੇ ਆਪਣੇ ਮੁੰਡੇ ਨੂੰ ਇਸ ਤਰ੍ਹਾਂ ਕਿਉਂ ਸਵਾਲ ਕੀਤਾ ਸੀ? ਉਹ ਉਸ ਨੂੰ ਸੋਚ-ਸਮਝ ਕੇ ਗੱਲ ਕਰਨ ਅਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕਲਾ ਸਿਖਾਉਣੀ ਚਾਹੁੰਦੀ ਸੀ।

ਪੌਲੁਸ ਨੇ ਆਪਣੇ ਤੋਂ ਛੋਟੇ ਸਾਥੀ ਤਿਮੋਥਿਉਸ ਨੂੰ “ਸਭਨਾਂ ਨਾਲ ਅਸੀਲ” ਹੋਣ ਯਾਨੀ ਸਮਝਦਾਰੀ ਨਾਲ ਪੇਸ਼ ਆਉਣ ਤੇ ਗੱਲ ਕਰਨ ਲਈ ਕਿਹਾ ਸੀ। (2 ਤਿਮੋਥਿਉਸ 2:24) ਇਸ ਤਰ੍ਹਾਂ ਕਰਨ ਨਾਲ ਤਿਮੋਥਿਉਸ ਨੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਨਹੀਂ ਕੁਚਲਣਾ ਸੀ। ਪਰ ਇਸ ਤਰ੍ਹਾਂ ਕਰਨ ਵਿਚ ਕੀ-ਕੀ ਸ਼ਾਮਲ ਹੈ? ਅਸੀਂ ਇਸ ਤਰ੍ਹਾਂ ਕਰਨਾ ਕਿਵੇਂ ਸਿੱਖ ਸਕਦੇ ਹਾਂ ਅਤੇ ਇਸ ਵਿਚ ਕਿਵੇਂ ਕਾਬਲ ਬਣ ਸਕਦੇ ਹਾਂ ਅਤੇ ਇਹ ਕਲਾ ਸਿੱਖਣ ਵਿਚ ਅਸੀਂ ਦੂਸਰਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ?

ਸੋਚ-ਸਮਝ ਕੇ ਗੱਲ ਕਰਨ ਤੇ ਪੇਸ਼ ਆਉਣ ਵਿਚ ਕੀ-ਕੀ ਸ਼ਾਮਲ ਹੈ?

ਠੀਕ ਮੌਕੇ ਤੇ ਸਭ ਤੋਂ ਸਹੀ ਜਾਂ ਢੁਕਵੇਂ ਸ਼ਬਦ ਬੋਲਣੇ ਸਹੀ ਤਰ੍ਹਾਂ ਪੇਸ਼ ਆਉਣ ਦਾ ਇਕ ਪਹਿਲੂ ਹੈ। ਤਾਂ ਫਿਰ, ਇਕ ਸਮਝਦਾਰ ਵਿਅਕਤੀ ਕਿਸੇ ਦੇ ਕੁਝ ਕਹੇ ਬਗੈਰ ਹੀ ਉਸ ਦੀਆਂ ਭਾਵਨਾਵਾਂ ਨੂੰ ਸਮਝ ਲੈਂਦਾ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ। ਉਹ ਇਹ ਵੀ ਅੰਦਾਜ਼ਾ ਲਗਾ ਸਕਦਾ ਹੈ ਕਿ ਉਸ ਦੀ ਕਹਿਣੀ ਜਾਂ ਕਰਨੀ ਦਾ ਦੂਸਰਿਆਂ ਤੇ ਕਿੱਦਾਂ ਦਾ ਅਸਰ ਪੈ ਸਕਦਾ ਹੈ। ਸਾਨੂੰ ਦਿਲੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਦੂਸਰਿਆਂ ਦਾ ਦਿਲ ਨਾ ਦੁਖਾਈਏ।

ਬਾਈਬਲ ਵਿਚ ਅਸੀਂ ਅਲੀਸ਼ਾ ਨਬੀ ਦੇ ਦਾਸ ਗੇਹਾਜੀ ਬਾਰੇ ਪੜ੍ਹਦੇ ਹਾਂ। ਉਹ ਅਜਿਹਾ ਵਿਅਕਤੀ ਸੀ ਜਿਸ ਨੇ ਕਦਮ ਚੁੱਕਣ ਤੋਂ ਪਹਿਲਾਂ ਜ਼ਰਾ ਵੀ ਨਹੀਂ ਸੋਚਿਆ। ਇਕ ਦਿਨ ਇਕ ਸ਼ੂਨੰਮੀ ਤੀਵੀਂ ਜਿਸ ਦਾ ਬੇਟਾ ਉਸ ਦੀਆਂ ਬਾਹਾਂ ਵਿਚ ਦਮ ਤੋੜ ਚੁੱਕਿਆ ਸੀ, ਪਰਮੇਸ਼ੁਰ ਦੇ ਨਬੀ ਅਲੀਸ਼ਾ ਕੋਲ ਦਿਲਾਸਾ ਪਾਉਣ ਲਈ ਆਈ। ਜਦ ਗੇਹਾਜੀ ਨੇ ਉਸ ਨੂੰ ਪੁੱਛਿਆ ਕਿ ਕੀ ਸਾਰਾ ਕੁਝ ਠੀਕ-ਠਾਕ ਹੈ, ਤਾਂ ਉਸ ਨੇ ਕਿਹਾ: “ਸੁਖ ਸਾਂਦ ਹੈ।” ਪਰ ਜਦ ਉਹ ਤੀਵੀਂ ਅਲੀਸ਼ਾ ਕੋਲ ਆਈ, ਤਾਂ “ਗੇਹਾਜੀ ਉਹ ਨੂੰ ਪਰੇ ਹਟਾਉਣ ਲਈ ਨੇੜੇ ਆਇਆ।” ਪਰ ਅਲੀਸ਼ਾ ਨੇ ਕਿਹਾ: “ਉਹ ਨੂੰ ਰਹਿਣ ਦੇਹ ਕਿਉਂ ਜੋ ਉਹ ਦਾ ਮਨ ਭਰਿਆ ਹੋਇਆ ਹੈ।”—2 ਰਾਜਿਆਂ 4:17-20, 25-27.

ਗੇਹਾਜੀ ਉਸ ਤੀਵੀਂ ਦੀ ਪਰੇਸ਼ਾਨੀ ਕਿਉਂ ਨਹੀਂ ਸਮਝ ਸਕਿਆ? ਇਹ ਸੱਚ ਹੈ ਕਿ ਜਦ ਉਸ ਨੇ ਤੀਵੀਂ ਨੂੰ ਪੁੱਛਿਆ ਸੀ, ਤਾਂ ਤੀਵੀਂ ਨੇ ਉਸ ਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸੀ। ਪਰ ਇਹ ਵੀ ਸੱਚ ਹੈ ਕਿ ਆਮ ਤੌਰ ਤੇ ਲੋਕ ਐਵੇਂ ਹੀ ਸਾਰਿਆਂ ਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸਦੇ। ਫਿਰ ਵੀ ਉਸ ਤੀਵੀਂ ਦੀ ਹਾਲਤ ਉਸ ਦੇ ਚਿਹਰੇ ਤੋਂ ਪਤਾ ਲੱਗ ਜਾਣੀ ਚਾਹੀਦੀ ਸੀ। ਅਲੀਸ਼ਾ ਉਸ ਦੀ ਹਾਲਤ ਸਮਝ ਗਿਆ ਸੀ, ਪਰ ਗੇਹਾਜੀ ਨਹੀਂ ਸਮਝਿਆ ਜਾਂ ਸ਼ਾਇਦ ਉਹ ਸਮਝਣਾ ਨਹੀਂ ਚਾਹੁੰਦਾ ਸੀ। ਇਸ ਬਿਰਤਾਂਤ ਤੋਂ ਅਸੀਂ ਨਾਸਮਝੀ ਨਾਲ ਪੇਸ਼ ਆਉਣ ਦੇ ਇਕ ਕਾਰਨ ਬਾਰੇ ਸਿੱਖਦੇ ਹਾਂ। ਜਦ ਇਕ ਵਿਅਕਤੀ ਨੂੰ ਆਪਣੇ ਆਪ ਦੀ ਜਾਂ ਆਪਣੀ ਨੌਕਰੀ ਦੀ ਜ਼ਿਆਦਾ ਚਿੰਤਾ ਲੱਗੀ ਰਹਿੰਦੀ ਹੈ, ਤਾਂ ਉਹ ਆਮ ਤੌਰ ਤੇ ਹੋਰਾਂ ਨੂੰ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। ਅਜਿਹਾ ਵਿਅਕਤੀ ਉਸ ਬੱਸ ਡਰਾਈਵਰ ਵਰਗਾ ਹੈ ਜਿਸ ਨੂੰ ਇਹ ਚਿੰਤਾ ਲੱਗੀ ਰਹਿੰਦੀ ਹੈ ਕਿ ਉਸ ਦੀ ਬੱਸ ਸਮੇਂ ਸਿਰ ਅੱਡੇ ਤੇ ਪਹੁੰਚਣੀ ਚਾਹੀਦੀ ਹੈ, ਪਰ ਉਹ ਇਸ ਚਿੰਤਾ ਵਿਚ ਰਾਹ ਵਿੱਚੋਂ ਸਵਾਰੀਆਂ ਨੂੰ ਚੁੱਕਣ ਲਈ ਬੱਸ ਰੋਕਣੀ ਭੁੱਲ ਜਾਂਦਾ ਹੈ।

ਜੇ ਅਸੀਂ ਗੇਹਾਜੀ ਵਰਗੇ ਨਾਸਮਝ ਨਹੀਂ ਬਣਨਾ ਚਾਹੁੰਦੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਦੂਜਿਆਂ ਨਾਲ ਸਮਝਦਾਰੀ ਨਾਲ ਪੇਸ਼ ਆਉਣਾ ਚਾਹੀਦਾ ਹੈ ਕਿਉਂਕਿ ਅਸੀਂ ਨਹੀਂ ਜਾਣਦੇ ਹਾਂ ਕਿ ਕੋਈ ਅੰਦਰੋਂ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ। ਸਾਨੂੰ ਹਮੇਸ਼ਾ ਉਨ੍ਹਾਂ ਦੇ ਚਿਹਰੇ ਜਾਂ ਹਾਵ-ਭਾਵ ਦੇਖ ਕੇ ਹੀ ਕੁਝ ਕਹਿਣਾ ਜਾਂ ਕਰਨਾ ਚਾਹੀਦਾ ਹੈ। ਤਾਂ ਫਿਰ, ਅਸੀਂ ਇਸ ਮਾਮਲੇ ਵਿਚ ਆਪਣੀ ਕਾਬਲੀਅਤ ਕਿਵੇਂ ਵਧਾ ਸਕਦੇ ਹਾਂ?

ਦੂਸਰਿਆਂ ਨੂੰ ਸਮਝਣਾ

ਯਿਸੂ ਲੋਕਾਂ ਨੂੰ ਸਮਝ ਜਾਂਦਾ ਸੀ ਜਿਸ ਕਰਕੇ ਉਹ ਜਾਣਦਾ ਸੀ ਕਿ ਕਿਸੇ ਨਾਲ ਕਿਸ ਤਰ੍ਹਾਂ ਗੱਲ ਕੀਤੀ ਜਾਣੀ ਚਾਹੀਦੀ ਹੈ। ਇਕ ਵਾਰ ਉਹ ਸ਼ਮਊਨ ਨਾਮਕ ਫ਼ਰੀਸੀ ਦੇ ਘਰ ਰੋਟੀ ਖਾ ਰਿਹਾ ਸੀ ਅਤੇ ‘ਇੱਕ ਤੀਵੀਂ ਜਿਹੜੀ ਉਸ ਨਗਰ ਵਿੱਚ ਪਾਪਣ’ ਵਜੋਂ ਜਾਣੀ-ਪਛਾਣੀ ਜਾਂਦੀ ਸੀ ਉਸ ਕੋਲ ਆਈ। ਭਾਵੇਂ ਇਸ ਤੀਵੀਂ ਨੇ ਮੂੰਹੋਂ ਕੁਝ ਨਹੀਂ ਬੋਲਿਆ ਸੀ, ਫਿਰ ਵੀ ਉਸ ਦੀ ਕਰਨੀ ਤੋਂ ਬਹੁਤ ਕੁਝ ਜ਼ਾਹਰ ਹੋਇਆ। ਉਹ ਯਿਸੂ ਕੋਲ “ਇੱਕ ਸ਼ੀਸ਼ੀ ਵਿੱਚ ਅਤਰ ਲਿਆਈ। ਅਰ ਪਿਛਲੀ ਵੱਲ ਉਹ ਦੇ ਚਰਨਾਂ ਦੇ ਕੋਲ ਖਲੋ ਕੇ ਰੋਂਦੀ ਰੋਂਦੀ ਅੰਝੂਆਂ ਨਾਲ ਉਹ ਦੇ ਚਰਨ ਭੇਉਣ ਲੱਗੀ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਪੂੰਝ ਕੇ ਉਹ ਦੇ ਚਰਨ ਚੁੰਮੇ ਅਤੇ ਅਤਰ ਮਲਿਆ।” ਯਿਸੂ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝ ਲਿਆ ਸੀ। ਉਸ ਨੇ ਸ਼ਮਊਨ ਦੇ ਕੁਝ ਕਹੇ ਬਿਨਾਂ ਇਹ ਵੀ ਜਾਂਚ ਲਿਆ ਸੀ ਕਿ ਉਹ ਆਪਣੇ ਚਿੱਤ ਵਿਚ ਕਹਿ ਰਿਹਾ ਸੀ: “ਇਹ ਮਨੁੱਖ ਜੇ ਨਬੀ ਹੁੰਦਾ ਤਾਂ ਜਾਣ ਲੈਂਦਾ ਕਿ ਇਹ ਤੀਵੀਂ ਜੋ ਉਹ ਨੂੰ ਛੋਹੰਦੀ ਹੈ ਕੌਣ ਅਤੇ ਕਿਹੋ ਜਿਹੀ ਹੈ ਕਿਉਂ ਜੋ ਉਹ ਪਾਪਣ ਹੈ।”—ਲੂਕਾ 7:37-39.

ਜੇ ਯਿਸੂ ਨੇ ਉਸ ਤੀਵੀਂ ਨੂੰ ਪਰੇ ਹੋਣ ਲਈ ਕਿਹਾ ਹੁੰਦਾ ਜਾਂ ਸ਼ਮਊਨ ਨੂੰ ਕਿਹਾ ਹੁੰਦਾ ਕਿ “ਓਏ ਸਦਾਈਆ ਤੈਨੂੰ ਦਿੱਸਦਾ ਨਹੀਂ ਕਿ ਇਹ ਔਰਤ ਤੋਬਾ ਕਰ ਰਹੀ ਹੈ,” ਤਾਂ ਉਸ ਤੀਵੀਂ ਤੇ ਸ਼ਮਊਨ ਨੂੰ ਕਿੰਨੀ ਚੋਟ ਪਹੁੰਚ ਸਕਦੀ ਸੀ! ਇਸ ਦੇ ਉਲਟ, ਯਿਸੂ ਨੇ ਸ਼ਮਊਨ ਨੂੰ ਦੋ ਵਿਅਕਤੀਆਂ ਦੀ ਮਿਸਾਲ ਦਿੱਤੀ ਜਿਸ ਵਿਚ ਇਕ ਸ਼ਾਹੂਕਾਰ ਨੇ ਇਕ ਦਾ ਥੋੜ੍ਹਾ ਜਿਹਾ ਕਰਜ਼ਾ ਤੇ ਦੂਜੇ ਦਾ ਵੱਡਾ ਕਰਜ਼ਾ ਮਾਫ਼ ਕੀਤਾ ਸੀ। ਇਸ ਤੋਂ ਬਾਅਦ ਯਿਸੂ ਨੇ ਸ਼ਮਊਨ ਨੂੰ ਪੁੱਛਿਆ: “ਉਨ੍ਹਾਂ ਵਿੱਚੋਂ ਉਸ ਨਾਲ ਕਿਹੜਾ ਵਧੀਕ ਪਿਆਰ ਕਰੇਗਾ?” ਇਸ ਤਰ੍ਹਾਂ ਸਵਾਲ ਪੁੱਛ ਕੇ ਯਿਸੂ ਨੇ ਸ਼ਮਊਨ ਨੂੰ ਝਿੜਕਣ ਦੀ ਬਜਾਇ ਉਸ ਨੂੰ ਸਹੀ ਜਵਾਬ ਦੇਣ ਲਈ ਸ਼ਾਬਾਸ਼ ਦਿੱਤੀ। ਇਸ ਤੋਂ ਬਾਅਦ ਯਿਸੂ ਨੇ ਸ਼ਮਊਨ ਦੀ ਮਦਦ ਕੀਤੀ ਕਿ ਉਹ ਤੀਵੀਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਉਸ ਦੀ ਤੋਬਾ ਨੂੰ ਦੇਖ ਸਕੇ। ਫਿਰ ਯਿਸੂ ਨੇ ਉਸ ਤੀਵੀਂ ਵੱਲ ਮੁੜ ਕੇ ਬੜੀ ਨਰਮਾਈ ਨਾਲ ਉਸ ਨੂੰ ਦਿਖਾਇਆ ਕਿ ਉਹ ਉਸ ਨੂੰ ਸਮਝਦਾ ਸੀ। ਉਸ ਨੇ ਉਸ ਨੂੰ ਦੱਸਿਆ ਕਿ ਉਸ ਦੇ ਪਾਪ ਮਾਫ਼ ਕੀਤੇ ਗਏ ਸਨ ਤੇ ਇਸ ਦੇ ਨਾਲ-ਨਾਲ ਯਿਸੂ ਨੇ ਉਸ ਨੂੰ ਇਹ ਵੀ ਕਿਹਾ: “ਤੇਰੀ ਨਿਹਚਾ ਨੇ ਤੈਨੂੰ ਬਚਾਇਆ ਹੈ, ਸ਼ਾਂਤੀ ਨਾਲ ਚੱਲੀ ਜਾਹ।” ਸੋਚ-ਸਮਝ ਕੇ ਕਹੇ ਗਏ ਯਿਸੂ ਦੇ ਇਹ ਸ਼ਬਦ ਸੁਣ ਕੇ ਉਸ ਤੀਵੀਂ ਦਾ ਸਹੀ ਰਾਹ ਤੇ ਚੱਲਣ ਦਾ ਇਰਾਦਾ ਕਿੰਨਾ ਪੱਕਾ ਹੋਇਆ ਹੋਣਾ! (ਲੂਕਾ 7:40-50) ਯਿਸੂ ਜਾਣਦਾ ਸੀ ਕਿ ਲੋਕ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ, ਇਸ ਲਈ ਉਹ ਉਨ੍ਹਾਂ ਨਾਲ ਦਇਆ ਅਤੇ ਸਮਝਦਾਰੀ ਨਾਲ ਪੇਸ਼ ਆਉਂਦਾ ਸੀ।

ਜਿਸ ਤਰ੍ਹਾਂ ਯਿਸੂ ਨੇ ਸ਼ਮਊਨ ਨੂੰ ਦੂਜਿਆਂ ਬਾਰੇ ਸੋਚਣਾ ਸਿਖਾਇਆ ਸੀ, ਉਸੇ ਤਰ੍ਹਾਂ ਅਸੀਂ ਵੀ ਇਹ ਕਲਾ ਖ਼ੁਦ ਸਿੱਖਣ ਤੋਂ ਬਾਅਦ ਹੋਰਾਂ ਦੀ ਇਸ ਤਰ੍ਹਾਂ ਕਰਨ ਵਿਚ ਮਦਦ ਕਰ ਸਕਦੇ ਹਾਂ। ਤਜਰਬੇਕਾਰ ਭੈਣ-ਭਰਾ ਸੱਚਾਈ ਵਿਚ ਨਵੇਂ ਆਏ ਮਸੀਹੀਆਂ ਨੂੰ ਪ੍ਰਚਾਰ ਵਿਚ ਲੋਕਾਂ ਨੂੰ ਸਮਝਣਾ ਸਿਖਾ ਸਕਦੇ ਹਨ। ਕਿਸੇ ਨਾਲ ਖ਼ੁਸ਼ ਖ਼ਬਰੀ ਬਾਰੇ ਗੱਲਬਾਤ ਕਰਨ ਤੋਂ ਬਾਅਦ ਉਹ ਇਕ-ਦੂਜੇ ਨੂੰ ਪੁੱਛ ਸਕਦੇ ਹਨ ਕਿ ਜਿਸ ਵਿਅਕਤੀ ਨਾਲ ਉਨ੍ਹਾਂ ਨੇ ਗੱਲ ਕੀਤੀ ਸੀ, ਉਸ ਦੇ ਹਾਵ-ਭਾਵ ਜਾਂ ਉਸ ਦੀਆਂ ਗੱਲਾਂ ਤੋਂ ਉਨ੍ਹਾਂ ਨੂੰ ਉਸ ਬਾਰੇ ਕੀ ਪਤਾ ਲੱਗਾ ਹੈ। ਕੀ ਉਹ ਸੰਗਦਾ ਸੀ, ਗੁੱਸੇ ਸੀ, ਕੰਮ ਵਿਚ ਰੁੱਝਿਆ ਹੋਇਆ ਸੀ ਜਾਂ ਕੀ ਉਸ ਨੇ ਸਾਡੇ ਸੰਦੇਸ਼ ਵਿਚ ਕੋਈ ਦਿਲਚਸਪੀ ਲਈ ਸੀ? ਉਸ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੋਵੇਗਾ? ਕਲੀਸਿਯਾ ਦੇ ਬਜ਼ੁਰਗ ਉਨ੍ਹਾਂ ਭੈਣਾਂ-ਭਰਾਵਾਂ ਦੀ ਵੀ ਮਦਦ ਕਰ ਸਕਦੇ ਹਨ ਜਿਨ੍ਹਾਂ ਨੇ ਐਵੇਂ ਕੁਝ ਕਹਿ ਕੇ ਸ਼ਾਇਦ ਇਕ-ਦੂਜੇ ਨੂੰ ਨਾਰਾਜ਼ ਕੀਤਾ ਹੋਵੇ। ਉਨ੍ਹਾਂ ਦੀ ਇਕ-ਦੂਸਰੇ ਨੂੰ ਸਮਝਣ ਵਿਚ ਮਦਦ ਕਰੋ। ਉਹ ਉਨ੍ਹਾਂ ਨੂੰ ਪੁੱਛ ਸਕਦੇ ਹਨ ਕਿ ਕੀ ਉਹ ਇੱਦਾਂ ਮਹਿਸੂਸ ਕਰਦੇ ਹਨ ਕਿ ਦੂਜੇ ਨੇ ਉਨ੍ਹਾਂ ਦਾ ਅਪਮਾਨ ਕੀਤਾ ਹੈ, ਕੀ ਦੂਜੇ ਨੂੰ ਉਨ੍ਹਾਂ ਦੀ ਕੋਈ ਚਿੰਤਾ ਨਹੀਂ ਜਾਂ ਕੀ ਦੂਜੇ ਨੂੰ ਕੋਈ ਗ਼ਲਤਫ਼ਹਿਮੀ ਹੋਈ ਹੈ? ਕੀ ਅਜਿਹੇ ਭੈਣ-ਭਰਾਵਾਂ ਨਾਲ ਹਮਦਰਦੀ ਜਤਾਉਣ ਨਾਲ ਉਨ੍ਹਾਂ ਨੂੰ ਸਕੂਨ ਮਿਲੇਗਾ?

ਮਾਪਿਆਂ ਲਈ ਚੰਗੀ ਗੱਲ ਹੋਵੇਗੀ ਜੇ ਉਹ ਆਪਣੇ ਬੱਚਿਆਂ ਨੂੰ ਆਪਣੇ ਵਿਚ ਹਮਦਰਦੀ ਦਾ ਗੁਣ ਪੈਦਾ ਕਰਨਾ ਸਿਖਾਉਣ। ਇਹ ਸਿੱਖ ਕੇ ਬੱਚੇ ਦੂਸਰਿਆਂ ਨਾਲ ਸਮਝਦਾਰੀ ਨਾਲ ਪੇਸ਼ ਆ ਸਕਣਗੇ। ਇਸ ਲੇਖ ਦੇ ਸ਼ੁਰੂ ਵਿਚ ਪੈਗੀ ਅਤੇ ਉਸ ਦੇ ਮੁੰਡਿਆਂ ਬਾਰੇ ਦੁਬਾਰਾ ਸੋਚੋ। ਉਸ ਦੇ ਵੱਡੇ ਮੁੰਡੇ ਨੇ ਆਪਣੇ ਭਰਾ ਦੇ ਲਾਲ ਤੇ ਫੁਲਾਏ ਹੋਏ ਮੂੰਹ ਅਤੇ ਹੰਝੂ ਭਰੀਆਂ ਅੱਖਾਂ ਤੋਂ ਦੇਖ ਲਿਆ ਸੀ ਕਿ ਉਸ ਨੇ ਆਪਣੇ ਭਰਾ ਨੂੰ ਕਿੰਨਾ ਦੁਖੀ ਕੀਤਾ ਸੀ। ਜਿਸ ਤਰ੍ਹਾਂ ਪੈਗੀ ਨੇ ਚਾਹਿਆ ਸੀ, ਉਸ ਦੇ ਪੁੱਤ ਨੇ ਆਪਣੇ ਭਰਾ ਤੋਂ ਮਾਫ਼ੀ ਮੰਗੀ ਤੇ ਕਿਹਾ ਕਿ ਉਹ ਮੁੜ ਕੇ ਇਸ ਤਰ੍ਹਾਂ ਕਦੇ ਨਹੀਂ ਕਰੇਗਾ। ਪੈਗੀ ਦੇ ਮੁੰਡਿਆਂ ਨੇ ਛੋਟੀ ਉਮਰ ਵਿਚ ਚੰਗੇ ਸਬਕ ਸਿੱਖੇ। ਸਾਲਾਂ ਬਾਅਦ ਉਹ ਦੋਵੇਂ ਮਸੀਹੀ ਕਲੀਸਿਯਾ ਵਿਚ ਬਜ਼ੁਰਗ ਬਣੇ ਅਤੇ ਉਨ੍ਹਾਂ ਨੂੰ ਚੇਲੇ ਬਣਾਉਣ ਦੇ ਕੰਮ ਵਿਚ ਵਧੀਆ ਤਜਰਬੇ ਵੀ ਮਿਲੇ।

ਆਪਣੇ ਆਪ ਨੂੰ ਸਮਝਦਾਰ ਸਾਬਤ ਕਰੋ

ਜਦ ਤੁਹਾਨੂੰ ਕਿਸੇ ਦੀ ਗ਼ਲਤੀ ਬਾਰੇ ਉਸ ਨੂੰ ਦੱਸਣਾ ਪੈਂਦਾ ਹੈ, ਤਾਂ ਖ਼ਾਸ ਕਰਕੇ ਉਦੋਂ ਚੱਜ ਨਾਲ ਬੋਲਣ ਦੀ ਜ਼ਰੂਰਤ ਹੈ। ਉਸ ਸਮੇਂ ਤੁਸੀਂ ਸੌਖਿਆਂ ਹੀ ਕਿਸੇ ਦੀ ਬੇਇੱਜ਼ਤੀ ਕਰ ਸਕਦੇ ਹੋ। ਗ਼ਲਤੀ ਬਾਰੇ ਦੱਸਣ ਤੋਂ ਪਹਿਲਾਂ ਚੰਗਾ ਹੋਵੇਗਾ ਜੇ ਤੁਸੀਂ ਉਸ ਨੂੰ ਕਿਸੇ ਕੰਮ ਲਈ ਸ਼ਾਬਾਸ਼ ਦਿਓ। ਉਸ ਵਿਚ ਨੁਕਸ ਕੱਢਣ ਦੀ ਬਜਾਇ, ਸਮੱਸਿਆ ਦੇ ਹੱਲ ਵੱਲ ਧਿਆਨ ਦਿਓ। ਉਸ ਨੂੰ ਦੱਸੋ ਕਿ ਉਸ ਨੇ ਜੋ ਕੀਤਾ ਜਾਂ ਕਿਹਾ, ਉਸ ਦਾ ਤੁਹਾਡੇ ਉੱਤੇ ਕਿਹੋ ਜਿਹਾ ਅਸਰ ਪਿਆ ਹੈ ਅਤੇ ਤੁਸੀਂ ਚਾਹੁੰਦੇ ਹੋ ਕਿ ਉਹ ਬਦਲਣ ਦੀ ਕੋਸ਼ਿਸ਼ ਕਰੇ। ਆਪਣੀ ਗੱਲ ਕਹਿਣ ਤੋਂ ਬਾਅਦ ਤੁਹਾਨੂੰ ਵੀ ਉਸ ਦੀ ਗੱਲ ਸੁਣਨ ਲਈ ਤਿਆਰ ਹੋਣਾ ਚਾਹੀਦਾ ਹੈ। ਸ਼ਾਇਦ ਤੁਸੀਂ ਹੀ ਉਸ ਨੂੰ ਚੰਗੀ ਤਰ੍ਹਾਂ ਨਹੀਂ ਸਮਝੇ।

ਭਾਵੇਂ ਤੁਸੀਂ ਕਿਸੇ ਦੀ ਗੱਲ ਨਾਲ ਸਹਿਮਤ ਨਾ ਵੀ ਹੋਵੋ, ਫਿਰ ਵੀ ਉਸ ਨੂੰ ਇਸ ਤੋਂ ਤਸੱਲੀ ਮਿਲਦੀ ਹੈ ਕਿ ਤੁਸੀਂ ਉਸ ਦੀ ਗੱਲ ਸਮਝ ਤਾਂ ਲਈ ਹੈ। ਮਾਰਥਾ ਨਾਲ ਗੱਲ ਕਰਦੇ ਹੋਏ ਯਿਸੂ ਨੇ ਦਿਖਾਇਆ ਸੀ ਕਿ ਉਹ ਉਸ ਦੀ ਚਿੰਤਾ ਸਮਝਦਾ ਸੀ। ਉਸ ਨੇ ਮਾਰਥਾ ਨੂੰ ਕਿਹਾ: “ਮਾਰਥਾ ਮਾਰਥਾ, ਤੂੰ ਬਹੁਤੀਆਂ ਵਸਤਾਂ ਦੀ ਚਿੰਤਾ ਕਰਦੀ ਅਤੇ ਘਬਰਾਉਂਦੀ ਹੈਂ।” (ਲੂਕਾ 10:41) ਇਸੇ ਤਰ੍ਹਾਂ, ਜਦ ਕੋਈ ਸਾਡੇ ਨਾਲ ਕਿਸੇ ਸਮੱਸਿਆ ਬਾਰੇ ਗੱਲ ਕਰਦਾ ਹੈ, ਤਾਂ ਉਸ ਨੂੰ ਕੋਈ ਸਲਾਹ ਦੇਣ ਤੋਂ ਪਹਿਲਾਂ ਇਹ ਦਿਖਾਓ ਕਿ ਤੁਸੀਂ ਉਸ ਦੀ ਸਮੱਸਿਆ ਨੂੰ ਸਮਝ ਗਏ ਹੋ। ਇਹ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ? ਉਸ ਦੀ ਕਹੀ ਗੱਲ ਨੂੰ ਆਪਣੇ ਲਫ਼ਜ਼ਾਂ ਵਿਚ ਦੁਹਰਾਉਣ ਰਾਹੀਂ। ਇਸ ਤਰ੍ਹਾਂ ਉਹ ਦੇਖ ਸਕੇਗਾ ਕਿ ਤੁਸੀਂ ਉਸ ਦਾ ਦਰਦ ਸਮਝਦੇ ਹੋ।

ਤੁਹਾਨੂੰ ਕੀ ਅਤੇ ਕੀ ਨਹੀਂ ਕਹਿਣਾ ਚਾਹੀਦਾ

ਇਕ ਵਾਰ ਰਾਣੀ ਅਸਤਰ ਆਪਣੇ ਪਤੀ ਨੂੰ ਹਾਮਾਨ ਦੀ ਕਰਤੂਤ ਬਾਰੇ ਦੱਸਣਾ ਚਾਹੁੰਦੀ ਹੀ। ਹਾਮਾਨ ਨੇ ਯਹੂਦੀ ਲੋਕਾਂ ਦਾ ਨਾਸ਼ ਕਰਨ ਦੀ ਸਕੀਮ ਬਣਾਈ ਸੀ। ਰਾਣੀ ਇਸ ਨੂੰ ਰੋਕਣਾ ਚਾਹੁੰਦੀ ਸੀ ਤੇ ਉਸ ਨੇ ਆਪਣੇ ਪਤੀ ਨੂੰ ਗੱਲ ਪੁੱਛਣ ਲਈ ਸਭ ਤੋਂ ਵਧੀਆ ਮੌਕਾ ਭਾਲਿਆ। ਉਸ ਨੇ ਸਮਝਦਾਰੀ ਨਾਲ ਅਜਿਹਾ ਮਾਹੌਲ ਪੈਦਾ ਕੀਤਾ ਜਿਸ ਨਾਲ ਉਸ ਦਾ ਪਤੀ ਖ਼ੁਸ਼ ਹੋ ਗਿਆ। ਇਸ ਮੌਕੇ ਤੇ ਅਸਤਰ ਨੇ ਹਾਮਾਨ ਦੀ ਸਕੀਮ ਬਾਰੇ ਆਪਣੇ ਪਤੀ ਨਾਲ ਗੱਲ ਕੀਤੀ। ਪਰ ਇਸ ਗੱਲ ਵੱਲ ਧਿਆਨ ਦੇਣਾ ਵੀ ਚੰਗੀ ਗੱਲ ਹੈ ਕਿ ਅਸਤਰ ਨੇ ਉਸ ਵੇਲੇ ਕੀ ਕਿਹਾ ਤੇ ਕੀ ਨਹੀਂ ਕਿਹਾ ਸੀ। ਜੀ ਹਾਂ, ਅਸਤਰ ਨੇ ਇਸ ਗੱਲ ਵੱਲ ਧਿਆਨ ਨਹੀਂ ਖਿੱਚਿਆ ਕਿ ਉਸ ਦਾ ਪਤੀ ਵੀ ਹਾਮਾਨ ਦੀ ਸਕੀਮ ਘੜਨ ਵਿਚ ਹਿੱਸੇਦਾਰ ਸੀ।—ਅਸਤਰ 5:1-8; 7:1, 2; 8:5.

ਜੇ ਅਸੀਂ ਕਿਸੇ ਮਸੀਹੀ ਭੈਣ ਦੇ ਘਰ ਜਾਂਦੇ ਹਾਂ ਜਿਸ ਦਾ ਪਤੀ ਸੱਚਾਈ ਵਿਚ ਨਹੀਂ ਹੈ, ਤਾਂ ਅਸੀਂ ਉਸ ਵੇਲੇ ਸਮਝਦਾਰੀ ਕਿਸ ਤਰ੍ਹਾਂ ਦਿਖਾ ਸਕਦੇ ਹਾਂ? ਇਹ ਸਮਝਦਾਰੀ ਦੀ ਗੱਲ ਨਹੀਂ ਹੋਵੇਗੀ ਜੇ ਅਸੀਂ ਉਸ ਦੇ ਘਰ ਜਾਂਦੇ ਹੀ ਉਸ ਨੂੰ ਬਾਈਬਲ ਤੋਂ ਹਵਾਲੇ ਦਿਖਾਉਣ ਲੱਗ ਪਈਏ। ਇਸ ਦੀ ਬਜਾਇ, ਪਹਿਲਾਂ ਉਸ ਦੇ ਹਾਲ-ਚਾਲ ਤੇ ਕੰਮ-ਕਾਰ ਬਾਰੇ ਪੁੱਛਣਾ ਜ਼ਿਆਦਾ ਸਮਝਦਾਰੀ ਦੀ ਗੱਲ ਹੋਵੇਗੀ। ਇਸੇ ਤਰ੍ਹਾਂ, ਜੇ ਕੋਈ ਅਜਨਬੀ ਬੇਢੰਗੇ ਕੱਪੜੇ ਪਾ ਕੇ ਸਾਡੇ ਕਿੰਗਡਮ ਹਾਲ ਆਵੇ, ਤਾਂ ਕੀ ਅਸੀਂ ਉਸ ਨੂੰ ਜੀ ਆਇਆ ਨੂੰ ਆਖਦੇ ਹਾਂ ਜਾਂ ਕੀ ਅਸੀਂ ਉਸ ਨੂੰ ਉਸ ਦੇ ਕੱਪੜਿਆਂ ਬਾਰੇ ਸੁਣਾਉਣ ਲੱਗ ਪੈਂਦੇ ਹਾਂ? ਨਾਲੇ ਜੇ ਕੋਈ ਕਾਫ਼ੀ ਦੇਰ ਬਾਅਦ ਸਭਾਵਾਂ ਵਿਚ ਆਇਆ ਹੈ, ਤਾਂ ਕੀ ਅਸੀਂ ਉਸ ਨੂੰ ਉਸ ਦੀ ਗ਼ੈਰ-ਹਾਜ਼ਰੀ ਬਾਰੇ ਪੁੱਛਣ ਲੱਗ ਪੈਂਦੇ ਹਾਂ ਜਾਂ ਕੀ ਉਸ ਦਾ ਸੁਆਗਤ ਕਰਦੇ ਹਾਂ? ਇਸ ਦੇ ਨਾਲ-ਨਾਲ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਮਸੀਹੀ ਕਲੀਸਿਯਾ ਵਿਚ ਆਉਂਦੇ ਕਿਸੇ ਨਵੇਂ ਆਦਮੀ ਦੀ ਕਿਸੇ ਗੱਲ ਬਾਰੇ ਸੋਚਣੀ ਗ਼ਲਤ ਹੈ, ਤਾਂ ਉਸ ਨੂੰ ਉਸੇ ਵੇਲੇ ਸੁਧਾਰਨਾ ਸ਼ਾਇਦ ਸਭ ਤੋਂ ਵਧੀਆ ਗੱਲ ਨਾ ਹੋਵੇ। (ਯੂਹੰਨਾ 16:12) ਸੋਚ-ਸਮਝ ਕੇ ਬੋਲਣ ਵਿਚ ਇਹ ਵੀ ਗੱਲ ਆ ਜਾਂਦੀ ਹੈ ਕਿ ਸਾਨੂੰ ਕਦੋਂ ਕਿਹੜੀ ਗੱਲ ਨਹੀਂ ਕਹਿਣੀ ਚਾਹੀਦੀ।

ਮਿੱਠੇ ਬੋਲ ਬੋਲ ਕੇ ਸੁਲ੍ਹਾ ਕਰਨੀ

ਚੱਜ ਨਾਲ ਬੋਲਣ ਦਾ ਹੁਨਰ ਸਿੱਖਣ ਦੇ ਰਾਹੀਂ ਤੁਸੀਂ ਹੋਰਾਂ ਨਾਲ ਚੰਗੇ ਰਿਸ਼ਤਿਆਂ ਦਾ ਆਨੰਦ ਮਾਣ ਸਕੋਗੇ। ਜਦ ਕਿਸੇ ਨੂੰ ਤੁਹਾਡੀ ਗੱਲ ਦਾ ਭੁਲੇਖਾ ਲੱਗਾ ਹੋਵੇ ਅਤੇ ਉਹ ਤੁਹਾਡੇ ਨਾਲ ਗੁੱਸੇ ਹੋਵੇ, ਤਾਂ ਉਸ ਵੇਲੇ ਵੀ ਤੁਸੀਂ ਚੱਜ ਨਾਲ ਬੋਲ ਕੇ ਉਸ ਨਾਲ ਸੁਲ੍ਹਾ ਕਰ ਸਕੋਗੇ। ਮਿਸਾਲ ਵਜੋਂ, ਜਦ ਇਫ਼ਰਾਈਮ ਦਿਆਂ ਆਦਮੀਆਂ ਨੇ ਗਿਦਾਊਨ ਨਾਲ “ਡਾਢਾ ਝਗੜਾ” ਕਰਨ ਦੀ ਕੋਸ਼ਿਸ਼ ਕੀਤੀ, ਤਾਂ ਗਿਦਾਊਨ ਨੇ ਬੜੇ ਆਦਰ ਨਾਲ ਉਨ੍ਹਾਂ ਨੂੰ ਅਸਲੀ ਗੱਲ ਸਮਝਾਈ। ਉਸ ਨੇ ਉਨ੍ਹਾਂ ਦੀਆਂ ਕਾਮਯਾਬੀਆਂ ਕਾਰਨ ਉਨ੍ਹਾਂ ਦੀ ਤਾਰੀਫ਼ ਵੀ ਕੀਤੀ। ਅਸੀਂ ਕਹਿ ਸਕਦੇ ਹਾਂ ਕਿ ਉਸ ਨੇ ਉਨ੍ਹਾਂ ਦੀ ਪਰੇਸ਼ਾਨੀ ਨੂੰ ਸਮਝ ਕੇ ਅਤੇ ਆਪਣੇ ਆਪ ਨੂੰ ਉਨ੍ਹਾਂ ਨਾਲੋਂ ਨੀਵਾਂ ਕਰ ਕੇ ਸਮਝਦਾਰੀ ਦਿਖਾਈ।—ਨਿਆਈਆਂ 8:1-3; ਕਹਾਉਤਾਂ 16:24.

ਹਮੇਸ਼ਾ ਇਹ ਸੋਚਣ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਲਫ਼ਜ਼ ਹੋਰਾਂ ਤੇ ਕਿਹੋ ਜਿਹਾ ਅਸਰ ਪਾਉਣਗੇ। ਜੇ ਅਸੀਂ ਚੱਜ ਨਾਲ ਬੋਲਣ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਕਹਾਉਤਾਂ 15:23 ਦੇ ਵਿਚ ਜ਼ਿਕਰ ਕੀਤੀ ਗਈ ਖ਼ੁਸ਼ੀ ਦਾ ਆਨੰਦ ਮਾਣ ਸਕਾਂਗੇ: “ਮਨੁੱਖ ਆਪਣੇ ਮੂੰਹ ਦੇ ਉੱਤਰ ਤੋਂ ਪਰਸੰਨ ਹੁੰਦਾ ਹੈ, ਅਤੇ ਜਿਹੜਾ ਬਚਨ ਵੇਲੇ ਸਿਰ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ!”

[ਸਫ਼ੇ 31 ਉੱਤੇ ਤਸਵੀਰ]

ਮਾਪੇ ਆਪਣੇ ਬੱਚਿਆਂ ਨੂੰ ਹੋਰਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਸਿਖਾ ਸਕਦੇ ਹਨ

[ਸਫ਼ੇ 31 ਉੱਤੇ ਤਸਵੀਰ]

ਤਜਰਬੇਕਾਰ ਮਸੀਹੀ ਸੇਵਕ ਨਵੇਂ ਭੈਣ-ਭਰਾਵਾਂ ਨੂੰ ਸਮਝਦਾਰੀ ਨਾਲ ਬੋਲਣਾ ਸਿਖਾ ਸਕਦੇ ਹਨ