Skip to content

Skip to table of contents

ਅਸੀਂ ਯਹੋਵਾਹ ਦਾ ਨਾਂ ਲੈ ਕੇ ਸਦਾ ਲਈ ਚੱਲਾਂਗੇ!

ਅਸੀਂ ਯਹੋਵਾਹ ਦਾ ਨਾਂ ਲੈ ਕੇ ਸਦਾ ਲਈ ਚੱਲਾਂਗੇ!

ਅਸੀਂ ਯਹੋਵਾਹ ਦਾ ਨਾਂ ਲੈ ਕੇ ਸਦਾ ਲਈ ਚੱਲਾਂਗੇ!

“ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।”—ਮੀਕਾਹ 4:5.

1. ਮੀਕਾਹ ਦੀ ਪੋਥੀ ਦੇ ਤੀਜੇ ਤੋਂ ਪੰਜਵੇਂ ਅਧਿਆਇ ਵਿਚ ਕਿਹੜੇ ਸੰਦੇਸ਼ ਦਿੱਤੇ ਗਏ ਸਨ?

ਯਹੋਵਾਹ ਆਪਣੇ ਲੋਕਾਂ ਨੂੰ ਕੁਝ ਦੱਸਣਾ ਚਾਹੁੰਦਾ ਸੀ, ਇਸ ਲਈ ਉਸ ਨੇ ਮੀਕਾਹ ਨੂੰ ਆਪਣੇ ਨਬੀ ਵਜੋਂ ਇਸਤੇਮਾਲ ਕੀਤਾ। ਪਰਮੇਸ਼ੁਰ ਨੇ ਅਪਰਾਧੀਆਂ ਨੂੰ ਸਜ਼ਾ ਦੇਣ ਦਾ ਫ਼ੈਸਲਾ ਕੀਤਾ ਸੀ। ਉਹ ਇਸਰਾਏਲ ਕੌਮ ਨੂੰ ਸਜ਼ਾ ਦੇਵੇਗਾ ਕਿਉਂਕਿ ਉਹ ਸੱਚੀ ਭਗਤੀ ਤੋਂ ਬੇਮੁਖ ਹੋ ਗਈ ਸੀ। ਪਰ ਖ਼ੁਸ਼ੀ ਦੀ ਗੱਲ ਸੀ ਕਿ ਜੋ ਲੋਕ ਯਹੋਵਾਹ ਦਾ ਨਾਂ ਲੈ ਕੇ ਚੱਲਦੇ ਸਨ, ਉਨ੍ਹਾਂ ਨੂੰ ਯਹੋਵਾਹ ਬਰਕਤਾਂ ਦੇਵੇਗਾ। ਇਹ ਸੰਦੇਸ਼ ਮੀਕਾਹ ਦੀ ਭਵਿੱਖਬਾਣੀ ਦੇ ਤੀਜੇ ਤੋਂ ਪੰਜਵੇਂ ਅਧਿਆਇ ਵਿਚ ਦਿੱਤੇ ਗਏ ਸਨ।

2, 3. (ੳ) ਇਸਰਾਏਲ ਦੇ ਆਗੂਆਂ ਨੂੰ ਕਿਹੜਾ ਗੁਣ ਦਿਖਾਉਣਾ ਚਾਹੀਦਾ ਸੀ, ਪਰ ਉਹ ਅਸਲ ਵਿਚ ਕੀ ਕਰ ਰਹੇ ਸਨ? (ਅ) ਮੀਕਾਹ 3:2, 3 ਵਿਚ ਦਿੱਤੀ ਉਦਾਹਰਣ ਨੂੰ ਤੁਸੀਂ ਕਿਵੇਂ ਸਮਝਾਓਗੇ?

2 ਪਰਮੇਸ਼ੁਰ ਦੇ ਨਬੀ ਨੇ ਐਲਾਨ ਕੀਤਾ: “ਯਾਕੂਬ ਦੇ ਮੁਖੀਓ, ਅਤੇ ਇਸਰਾਏਲ ਦੇ ਘਰਾਣੇ ਦੇ ਆਗੂਓ, ਸੁਣਿਓ! ਤੁਹਾਨੂੰ ਇਨਸਾਫ਼ ਨਹੀਂ ਜਾਣਨਾ ਚਾਹੀਦਾ?” ਜੀ ਹਾਂ, ਇਨਸਾਫ਼ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਸੀ, ਪਰ ਉਹ ਕਰ ਕੀ ਰਹੇ ਸਨ? ਮੀਕਾਹ ਨੇ ਅੱਗੇ ਕਿਹਾ: “ਤੁਸੀਂ ਜੋ ਨੇਕੀ ਦੇ ਵੈਰੀ ਅਤੇ ਬਦੀ ਦੇ ਪ੍ਰੇਮੀ ਹੋ, ਜੋ ਓਹਨਾਂ ਤੋਂ ਓਹਨਾਂ ਦੀ ਖੱਲ, ਅਤੇ ਓਹਨਾਂ ਦੀਆਂ ਹੱਡੀਆਂ ਤੋਂ ਓਹਨਾਂ ਦਾ ਮਾਸ ਨੋਚਦੇ ਹੋ,—ਤੁਸੀਂ ਜੋ ਮੇਰੀ ਪਰਜਾ ਦਾ ਮਾਸ ਖਾਂਦੇ ਹੋ, ਓਹਨਾਂ ਦੀ ਖੱਲ ਓਹਨਾਂ ਦੇ ਉੱਤੋਂ ਲਾਹੁੰਦੇ ਹੋ, ਓਹਨਾਂ ਦੀਆਂ ਹੱਡੀਆਂ ਭੰਨ ਸੁੱਟਦੇ ਹੋ, ਅਤੇ ਓਹਨਾਂ ਨੂੰ ਟੋਟੇ ਟੋਟੇ ਕਰ ਦਿੰਦੇ ਹੋ, ਜਿਵੇਂ ਦੇਗ ਵਿੱਚ ਯਾ ਵਲਟੋਹੇ ਵਿੱਚ ਮਾਸ!”—ਮੀਕਾਹ 3:1-3.

3 ਇਹ ਆਗੂ ਗ਼ਰੀਬ ਤੇ ਬੇਸਹਾਰਾ ਲੋਕਾਂ ਉੱਤੇ ਜ਼ੁਲਮ ਕਰ ਰਹੇ ਸਨ! ਮੀਕਾਹ ਦੀ ਗੱਲ ਸੁਣਨ ਵਾਲੇ ਮੀਕਾਹ ਦੀ ਉਦਾਹਰਣ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਸਨ। ਭੇਡ ਝਟਕਾਉਣ ਤੋਂ ਬਾਅਦ ਰਿੰਨ੍ਹਣ ਤੋਂ ਪਹਿਲਾਂ ਉਸ ਦੀ ਖੱਲ ਲਾਹੀ ਜਾਂਦੀ ਸੀ ਤੇ ਉਸ ਦੇ ਟੋਟੇ-ਟੋਟੇ ਕੀਤੇ ਜਾਂਦੇ ਸਨ। ਕਈ ਵਾਰ ਗੁੱਦਾ ਕੱਢਣ ਲਈ ਹੱਡੀਆਂ ਭੰਨੀਆਂ ਜਾਂਦੀਆਂ ਸਨ। ਮਾਸ ਅਤੇ ਹੱਡੀਆਂ ਨੂੰ ਇਕ ਵੱਡੀ ਦੇਗ ਵਿਚ ਰਿੰਨ੍ਹਿਆ ਜਾਂਦਾ ਸੀ। (ਹਿਜ਼ਕੀਏਲ 24:3-5, 10) ਇਸ ਉਦਾਹਰਣ ਨੇ ਕਿੰਨੇ ਵਧੀਆ ਤਰੀਕੇ ਨਾਲ ਦਿਖਾਇਆ ਕਿ ਲੋਕਾਂ ਨੂੰ ਦੁਸ਼ਟ ਆਗੂਆਂ ਦੇ ਹੱਥੋਂ ਕੀ-ਕੀ ਨਹੀਂ ਭੁਗਤਣਾ ਪਿਆ ਸੀ!

ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਨਸਾਫ਼ ਕਰੀਏ

4. ਯਹੋਵਾਹ ਅਤੇ ਇਸਰਾਏਲ ਦੇ ਆਗੂਆਂ ਵਿਚ ਕੀ ਫ਼ਰਕ ਸੀ?

4 ਪ੍ਰੇਮਪੂਰਣ ਅਯਾਲੀ ਯਹੋਵਾਹ ਅਤੇ ਇਸਰਾਏਲ ਦੇ ਆਗੂਆਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਉਨ੍ਹਾਂ ਨੇ ਇਨਸਾਫ਼ ਨਾ ਕਰ ਕੇ ਲੋਕਾਂ ਦੀ ਹਿਫਾਜ਼ਤ ਕਰਨ ਦੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਇਸ ਦੀ ਬਜਾਇ, ਉਨ੍ਹਾਂ ਨੇ ਖ਼ੁਦਗਰਜ਼ੀ ਨਾਲ ਇਨ੍ਹਾਂ ਭੇਡਾਂ ਵਰਗੇ ਲੋਕਾਂ ਨੂੰ ਲੁੱਟਿਆ, ਉਨ੍ਹਾਂ ਨਾਲ ਅਨਿਆਂ ਕੀਤਾ ਅਤੇ ਮੀਕਾਹ 3:10 ਦੇ ਅਨੁਸਾਰ ਉਨ੍ਹਾਂ ਨੇ ਸ਼ਹਿਰ ਨੂੰ “ਲਹੂ ਨਾਲ” ਭਰ ਦਿੱਤਾ ਸੀ। ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?

5. ਯਹੋਵਾਹ ਉਨ੍ਹਾਂ ਤੋਂ ਕੀ ਚਾਹੁੰਦਾ ਹੈ ਜੋ ਉਸ ਦੇ ਲੋਕਾਂ ਦੀ ਅਗਵਾਈ ਕਰ ਰਹੇ ਹਨ?

5 ਪਰਮੇਸ਼ੁਰ ਚਾਹੁੰਦਾ ਹੈ ਕਿ ਜੋ ਜ਼ਿੰਮੇਵਾਰ ਵਿਅਕਤੀ ਉਸ ਦੇ ਲੋਕਾਂ ਦੀ ਅਗਵਾਈ ਕਰ ਰਹੇ ਹਨ, ਉਹ ਉਨ੍ਹਾਂ ਨਾਲ ਇਨਸਾਫ਼ ਕਰਨ। ਅੱਜ ਯਹੋਵਾਹ ਦੇ ਸੇਵਕਾਂ ਦੀ ਅਗਵਾਈ ਕਰਨ ਵਾਲੇ ਭਰਾ ਇਸ ਮੰਗ ਨੂੰ ਪੂਰਾ ਕਰ ਰਹੇ ਹਨ। ਇਹ ਯਸਾਯਾਹ 32:1 ਦੇ ਅਨੁਸਾਰ ਹੈ ਜਿੱਥੇ ਲਿਖਿਆ ਹੈ: “ਵੇਖੋ, ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ, ਅਤੇ ਸਰਦਾਰ ਨਿਆਉਂ ਨਾਲ ਸਰਦਾਰੀ ਕਰਨਗੇ।” ਪਰ ਮੀਕਾਹ ਦੇ ਜ਼ਮਾਨੇ ਵਿਚ ਕੀ ਹੋ ਰਿਹਾ ਸੀ? “ਨੇਕੀ ਦੇ ਵੈਰੀ ਅਤੇ ਬਦੀ ਦੇ ਪ੍ਰੇਮੀ” ਬੇਇਨਸਾਫ਼ੀਆਂ ਕਰ ਰਹੇ ਸਨ।

ਕਿਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਜਾਂਦੀਆਂ ਹਨ?

6, 7. ਮੀਕਾਹ 3:4 ਵਿਚ ਕਿਹੜੀ ਇਕ ਖ਼ਾਸ ਗੱਲ ਦੱਸੀ ਗਈ ਹੈ?

6 ਕੀ ਮੀਕਾਹ ਦੇ ਜ਼ਮਾਨੇ ਦੇ ਦੁਸ਼ਟ ਲੋਕ ਯਹੋਵਾਹ ਦੀ ਮਿਹਰ ਹਾਸਲ ਕਰਨ ਦੀ ਆਸ ਰੱਖ ਸਕਦੇ ਸਨ? ਬਿਲਕੁਲ ਨਹੀਂ। ਮੀਕਾਹ 3:4 ਕਹਿੰਦਾ ਹੈ: “ਓਹ ਯਹੋਵਾਹ ਅੱਗੇ ਦੁਹਾਈ ਦੇਣਗੇ, ਪਰ ਉਹ ਓਹਨਾਂ ਨੂੰ ਉੱਤਰ ਨਾ ਦੇਵੇਗਾ, ਅਤੇ ਉਸ ਸਮੇਂ ਉਹ ਆਪਣਾ ਮੂੰਹ ਓਹਨਾਂ ਤੋਂ ਲੁਕਾ ਲਵੇਗਾ, ਜਿਵੇਂ ਓਹਨਾਂ ਨੇ ਭੈੜੇ ਕੰਮ ਕੀਤੇ ਹਨ।” ਇਸ ਆਇਤ ਤੋਂ ਅਸੀਂ ਇਕ ਬਹੁਤ ਜ਼ਰੂਰੀ ਸਬਕ ਸਿੱਖਦੇ ਹਾਂ।

7 ਜੇ ਅਸੀਂ ਪਾਪ ਕਰਦੇ ਰਹੀਏ ਤੇ ਨਾ ਪਛਤਾਈਏ, ਤਾਂ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਦੇਵੇਗਾ। ਇਹ ਖ਼ਾਸ ਕਰਕੇ ਉਦੋਂ ਸੱਚ ਹੁੰਦਾ ਹੈ ਜਦੋਂ ਅਸੀਂ ਪਰਮੇਸ਼ੁਰ ਦੀ ਸੇਵਾ ਕਰਨ ਦਾ ਢੌਂਗ ਕਰਦੇ ਹੋਏ ਆਪਣਾ ਪਾਪ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ। ਜ਼ਬੂਰਾਂ ਦੀ ਪੋਥੀ 26:4 ਵਿਚ ਦਾਊਦ ਨੇ ਗੀਤ ਗਾਇਆ: “ਮੈਂ ਨਿਕੰਮਿਆਂ ਦੇ ਸੰਗ ਨਹੀਂ ਬੈਠਾ, ਨਾ ਮੈਂ ਕਪਟੀਆਂ ਦੇ ਨਾਲ ਅੰਦਰ ਜਾਵਾਂਗਾ।” ਜੇ ਅਸੀਂ ਜਾਣ-ਬੁੱਝ ਕੇ ਯਹੋਵਾਹ ਦੇ ਹੁਕਮ ਤੋੜਦੇ ਹਾਂ, ਤਾਂ ਉਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦੇ ਸਕਦਾ ਹੈ?

ਪਰਮੇਸ਼ੁਰ ਦੀ ਪਵਿੱਤਰ ਆਤਮਾ ਨਾਲ ਬਲਵਾਨ ਹੋਏ

8. ਮੀਕਾਹ ਦੇ ਜ਼ਮਾਨੇ ਦੇ ਝੂਠੇ ਨਬੀਆਂ ਨੂੰ ਕਿਸ ਚੀਜ਼ ਤੋਂ ਖ਼ਬਰਦਾਰ ਕੀਤਾ ਗਿਆ ਸੀ?

8 ਇਸਰਾਏਲ ਦੇ ਧਾਰਮਿਕ ਆਗੂ ਕਿੰਨੇ ਘਟੀਆ ਕੰਮ ਕਰ ਰਹੇ ਸਨ! ਝੂਠੇ ਨਬੀ ਪਰਮੇਸ਼ੁਰ ਦੇ ਲੋਕਾਂ ਨੂੰ ਰੂਹਾਨੀ ਤੌਰ ਤੇ ਕੁਰਾਹੇ ਪਾ ਰਹੇ ਸਨ। ਲਾਲਚੀ ਆਗੂ ਕਹਿੰਦੇ ਤਾਂ ਸਨ ਕਿ “ਸ਼ਾਂਤੀ” ਹੈ, ਪਰ ਜੋ ਵਿਅਕਤੀ ਉਨ੍ਹਾਂ ਦੇ ਮੂੰਹਾਂ ਵਿੱਚ ਕੁਝ ਨਹੀਂ ਪਾਉਂਦਾ ਸੀ, ਉਸ ਦੇ ਵਿਰੁੱਧ ਉਹ ਲੜਾਈ ਦੀ ਤਿਆਰੀ ਕਰਦੇ ਸਨ। ਯਹੋਵਾਹ ਨੇ ਕਿਹਾ: “ਤੁਹਾਡੇ ਲਈ ਰਾਤ ਬਿਨਾ ਦ੍ਰਿਸ਼ਟੀ ਤੋਂ, ਅਤੇ ਤੁਹਾਡੇ ਲਈ ਅਨ੍ਹੇਰਾ ਬਿਨਾ ਫਾਲ ਪਾਉਣ ਤੋਂ ਰਹੇਗਾ, ਸੂਰਜ ਨਬੀਆਂ ਤੋਂ ਅਸਤ ਹੋ ਜਾਵੇਗਾ, ਅਤੇ ਦਿਨ ਓਹਨਾਂ ਦੇ ਉੱਤੇ ਅਨ੍ਹੇਰਾ ਹੋ ਜਾਵੇਗਾ। ਦਰਸ਼ੀ ਲੱਜਿਆਵਾਨ ਹੋ ਜਾਣਗੇ, ਫਾਲ ਪਾਉਣ ਵਾਲਿਆਂ ਦੇ ਮੂੰਹ ਕਾਲੇ ਹੋ ਜਾਣਗੇ, ਓਹ ਸਭ ਆਪਣੇ ਬੁੱਲ੍ਹਾਂ ਨੂੰ ਕੱਜਣਗੇ।”—ਮੀਕਾਹ 3:5-7ੳ.

9, 10. ‘ਬੁੱਲ੍ਹ ਕੱਜਣ’ ਦਾ ਕੀ ਮਤਲਬ ਹੈ ਅਤੇ ਮੀਕਾਹ ਨੂੰ ਇਸ ਤਰ੍ਹਾਂ ਕਿਉਂ ਨਹੀਂ ਕਰਨਾ ਪਿਆ?

9 ਉਹ ਆਪਣੇ ‘ਬੁੱਲ੍ਹਾਂ ਨੂੰ ਕਿਉਂ ਕੱਜਣਗੇ’? ਮੀਕਾਹ ਦੇ ਜ਼ਮਾਨੇ ਦੇ ਬੁਰੇ ਲੋਕ ਸ਼ਰਮ ਦੇ ਮਾਰੇ ਇਸ ਤਰ੍ਹਾਂ ਕਰਨਗੇ। ਇਨ੍ਹਾਂ ਦੁਸ਼ਟ ਬੰਦਿਆਂ ਨੂੰ ਸ਼ਰਮ ਆਉਣੀ ਹੀ ਚਾਹੀਦੀ ਸੀ। ਉਨ੍ਹਾਂ ਨੂੰ “ਪਰਮੇਸ਼ੁਰ ਵੱਲੋਂ ਕੋਈ ਉੱਤਰ ਨਹੀਂ” ਮਿਲਣਾ ਸੀ। (ਮੀਕਾਹ 3:7ਅ) ਯਹੋਵਾਹ ਬੁਰੇ ਅਤੇ ਘਮੰਡੀ ਲੋਕਾਂ ਦੀਆਂ ਪ੍ਰਾਰਥਨਾਵਾਂ ਵੱਲ ਕੋਈ ਧਿਆਨ ਨਹੀਂ ਦਿੰਦਾ।

10 ਯਹੋਵਾਹ ਨੇ ਮੀਕਾਹ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਸੀ। ਇਸ ਲਈ ਮੀਕਾਹ ਨੂੰ ਆਪਣੇ ‘ਬੁੱਲ੍ਹ ਕੱਜਣ’ ਦੀ ਕੋਈ ਲੋੜ ਨਹੀਂ ਸੀ ਤੇ ਉਸ ਨੂੰ ਸ਼ਰਮਿੰਦਾ ਨਹੀਂ ਹੋਣਾ ਪਿਆ। ਮੀਕਾਹ 3:8 ਵੱਲ ਧਿਆਨ ਦਿਓ ਜਿੱਥੇ ਵਫ਼ਾਦਾਰ ਨਬੀ ਨੇ ਕਿਹਾ: “ਮੇਰੇ ਵਿਖੇ ਏਹ ਹੈ ਕਿ ਮੈਂ ਬਲ ਨਾਲ ਭਰਪੂਰ ਹਾਂ, ਯਹੋਵਾਹ ਦੇ ਆਤਮਾ ਦੇ ਰਾਹੀਂ, ਨਾਲੇ ਨਿਆਉਂ ਅਤੇ ਸ਼ਕਤੀ ਨਾਲ।” ਮੀਕਾਹ ਕਿੰਨਾ ਧੰਨਵਾਦੀ ਸੀ ਕਿ ਉਹ ਆਪਣੀ ਲੰਬੀ ਸੇਵਾ ਦੌਰਾਨ “ਯਹੋਵਾਹ ਦੇ ਆਤਮਾ ਦੇ ਰਾਹੀਂ” ਹਮੇਸ਼ਾ “ਬਲ ਨਾਲ ਭਰਪੂਰ” ਰਿਹਾ! ਇਸ ਬਲ ਨਾਲ ਉਹ ‘ਯਾਕੂਬ ਨੂੰ ਉਹ ਦਾ ਅਪਰਾਧ, ਅਤੇ ਇਸਰਾਏਲ ਨੂੰ ਉਹ ਦਾ ਪਾਪ ਦੱਸ’ ਸਕਿਆ।

11. ਪਰਮੇਸ਼ੁਰ ਦੇ ਸੰਦੇਸ਼ਾਂ ਦਾ ਐਲਾਨ ਕਰਨ ਲਈ ਇਨਸਾਨਾਂ ਨੂੰ ਬਲ ਕਿੱਦਾਂ ਮਿਲਦਾ ਹੈ?

11 ਪਰਮੇਸ਼ੁਰ ਵੱਲੋਂ ਦਿੱਤੀ ਜਾਣ ਵਾਲੀ ਸਜ਼ਾ ਬਾਰੇ ਮੀਕਾਹ ਲੋਕਾਂ ਨੂੰ ਆਪਣੀ ਤਾਕਤ ਨਾਲ ਨਹੀਂ ਦੱਸ ਸਕਦਾ ਸੀ। ਉਸ ਨੂੰ ਯਹੋਵਾਹ ਦੀ ਪਵਿੱਤਰ ਆਤਮਾ ਦੀ ਲੋੜ ਸੀ। ਤਾਂ ਫਿਰ ਸਾਡੇ ਬਾਰੇ ਕੀ? ਅਸੀਂ ਪ੍ਰਚਾਰ ਦਾ ਕੰਮ ਤਾਹੀਓਂ ਕਰ ਸਕਦੇ ਹਾਂ ਜੇ ਯਹੋਵਾਹ ਸਾਨੂੰ ਪਵਿੱਤਰ ਆਤਮਾ ਰਾਹੀਂ ਬਲ ਦੇਵੇ। ਜੇ ਅਸੀਂ ਜਾਣ-ਬੁੱਝ ਕੇ ਪਾਪ ਕਰਦੇ ਹਾਂ, ਤਾਂ ਪ੍ਰਚਾਰ ਕਰਨ ਦੇ ਸਾਡੇ ਜਤਨ ਕਾਮਯਾਬ ਨਹੀਂ ਹੋਣਗੇ ਕਿਉਂਕਿ ਹਿੰਮਤ ਵਾਸਤੇ ਕੀਤੀਆਂ ਸਾਡੀਆਂ ਪ੍ਰਾਰਥਨਾਵਾਂ ਦਾ ਪਰਮੇਸ਼ੁਰ ਜਵਾਬ ਨਹੀਂ ਦੇਵੇਗਾ। ਜਿੰਨਾ ਚਿਰ ‘ਯਹੋਵਾਹ ਦੀ ਆਤਮਾ’ ਸਾਡੇ ਉੱਤੇ ਨਹੀਂ ਹੁੰਦੀ, ਅਸੀਂ ਆਪਣੇ ਸਵਰਗੀ ਪਿਤਾ ਦੇ ਨਿਆਂ ਬਾਰੇ ਨਹੀਂ ਦੱਸ ਸਕਦੇ। ਪਰ ਪ੍ਰਾਰਥਨਾ ਅਤੇ ਪਵਿੱਤਰ ਆਤਮਾ ਦੀ ਮਦਦ ਨਾਲ ਅਸੀਂ ਵੀ ਮੀਕਾਹ ਵਾਂਗ ਪਰਮੇਸ਼ੁਰ ਦੀਆਂ ਗੱਲਾਂ ਦੂਸਰਿਆਂ ਨੂੰ ਹਿੰਮਤ ਨਾਲ ਦੱਸ ਸਕਦੇ ਹਾਂ।

12. ਪਹਿਲੀ ਸਦੀ ਵਿਚ ਯਿਸੂ ਦੇ ਚੇਲਿਆਂ ਨੂੰ “ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਉਣ” ਦੀ ਤਾਕਤ ਕਿੱਥੋਂ ਮਿਲੀ?

12 ਸ਼ਾਇਦ ਤੁਹਾਨੂੰ ਰਸੂਲਾਂ ਦੇ ਕਰਤੱਬ 4:23-31 ਦਾ ਬਿਰਤਾਂਤ ਯਾਦ ਹੋਵੇ। ਮੰਨ ਲਓ ਕਿ ਤੁਸੀਂ ਪਹਿਲੀ ਸਦੀ ਵਿਚ ਯਿਸੂ ਦੇ ਇਕ ਚੇਲੇ ਹੋ। ਕੱਟੜ ਤੇ ਜ਼ਾਲਮ ਧਾਰਮਿਕ ਆਗੂ ਯਿਸੂ ਦੇ ਚੇਲਿਆਂ ਦੀ ਜ਼ਬਾਨ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇਹ ਵਫ਼ਾਦਾਰ ਚੇਲੇ ਸਰਬਸ਼ਕਤੀਮਾਨ ਪ੍ਰਭੂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਨ: “ਹੇ ਪ੍ਰਭੁ ਓਹਨਾਂ ਦੀਆਂ ਧਮਕੀਆਂ ਨੂੰ ਵੇਖ ਅਰ ਆਪਣੇ ਦਾਸਾਂ ਨੂੰ ਇਹ ਬਖ਼ਸ਼ ਕਿ ਅੱਤ ਦਲੇਰੀ ਨਾਲ ਤੇਰਾ ਬਚਨ ਸੁਣਾਉਣ।” ਇਸ ਦਾ ਨਤੀਜਾ ਕੀ ਨਿਕਲਿਆ? ਜਦੋਂ ਉਹ ਬੇਨਤੀ ਕਰ ਹਟੇ, ਤਾਂ ਉਹ ਥਾਂ ਜਿੱਥੇ ਉਹ ਇਕੱਠੇ ਹੋਏ ਸਨ ਹਿੱਲ ਗਈ ਅਤੇ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਉਣ ਲੱਗ ਪਏ। ਇਸ ਲਈ, ਆਓ ਆਪਾਂ ਵੀ ਆਪਣੀ ਸੇਵਕਾਈ ਪੂਰੀ ਕਰਨ ਲਈ ਯਹੋਵਾਹ ਤੋਂ ਉਸ ਦੀ ਪਵਿੱਤਰ ਆਤਮਾ ਲਈ ਪ੍ਰਾਰਥਨਾ ਕਰੀਏ।

13. ਯਰੂਸ਼ਲਮ ਅਤੇ ਸਾਮਰਿਯਾ ਨਾਲ ਕੀ ਹੋਇਆ ਸੀ ਅਤੇ ਕਿਉਂ?

13 ਹੁਣ ਦੁਬਾਰਾ ਮੀਕਾਹ ਦੇ ਜ਼ਮਾਨੇ ਬਾਰੇ ਸੋਚੋ। ਮੀਕਾਹ 3:9-12 ਦੇ ਅਨੁਸਾਰ ਕਾਤਲ ਆਗੂ ਵੱਢੀ ਲੈ ਕੇ ਨਿਆਂ ਕਰਦੇ ਸਨ, ਜਾਜਕ ਪੈਸਾ ਲੈ ਕੇ ਸਿਖਾਉਂਦੇ ਸਨ ਅਤੇ ਝੂਠੇ ਨਬੀ ਪੈਸੇ ਲਈ ਫਾਲ ਪਾਉਂਦੇ ਸਨ। ਇਸੇ ਲਈ ਪਰਮੇਸ਼ੁਰ ਨੇ ਫ਼ੈਸਲਾ ਸੁਣਾਇਆ ਸੀ ਕਿ ਯਹੂਦਾਹ ਦੀ ਰਾਜਧਾਨੀ ਯਰੂਸ਼ਲਮ ‘ਥੇਹ ਹੋ ਜਾਵੇਗੀ’! ਇਸਰਾਏਲ ਵਿਚ ਵੀ ਝੂਠੀ ਪੂਜਾ ਅਤੇ ਗ਼ਲਤ ਕੰਮ ਆਮ ਹੀ ਹੋ ਰਹੇ ਸਨ। ਇਸ ਲਈ ਮੀਕਾਹ ਨੇ ਪਰਮੇਸ਼ੁਰ ਦੀ ਵੱਲੋਂ ਚੇਤਾਵਨੀ ਦਿੱਤੀ ਕਿ ਪਰਮੇਸ਼ੁਰ ਸਾਮਰਿਯਾ ਨੂੰ “ਰੜ ਦਾ ਢੇਰ” ਬਣਾ ਦੇਵੇਗਾ। (ਮੀਕਾਹ 1:6) ਜਦੋਂ ਅੱਸ਼ੂਰੀ ਫ਼ੌਜਾਂ ਨੇ 740 ਸਾ.ਯੁ.ਪੂ. ਵਿਚ ਸਾਮਰਿਯਾ ਦਾ ਨਾਸ਼ ਕੀਤਾ ਸੀ, ਤਾਂ ਮੀਕਾਹ ਉਸ ਵੇਲੇ ਜੀਉਂਦਾ ਸੀ। (2 ਰਾਜਿਆਂ 17:5, 6; 25:1-21) ਇਹ ਗੱਲ ਸਪੱਸ਼ਟ ਹੈ ਕਿ ਮੀਕਾਹ ਸਿਰਫ਼ ਯਹੋਵਾਹ ਦੀ ਤਾਕਤ ਨਾਲ ਹੀ ਯਰੂਸ਼ਲਮ ਅਤੇ ਸਾਮਰਿਯਾ ਨੂੰ ਉਨ੍ਹਾਂ ਦੇ ਨਾਸ਼ ਦਾ ਸੰਦੇਸ਼ ਸੁਣਾ ਸਕਿਆ ਸੀ।

14. ਮੀਕਾਹ 3:12 ਵਿਚ ਦਰਜ ਭਵਿੱਖਬਾਣੀ ਕਿੱਦਾਂ ਪੂਰੀ ਹੋਈ ਸੀ ਅਤੇ ਇਸ ਤੋਂ ਸਾਨੂੰ ਕੀ ਸਿੱਖਣਾ ਚਾਹੀਦਾ ਹੈ?

14 ਯਹੂਦਾਹ ਯਹੋਵਾਹ ਦੇ ਨਿਆਂ ਤੋਂ ਕਦੀ ਨਹੀਂ ਬਚ ਸਕਦਾ ਸੀ। ਮੀਕਾਹ 3:12 ਦੀ ਭਵਿੱਖਬਾਣੀ ਅਨੁਸਾਰ, ਸੀਯੋਨ “ਖੇਤ ਵਾਂਙੁ ਵਾਹਿਆ ਜਾਵੇਗਾ।” ਇਤਿਹਾਸ ਗਵਾਹ ਹੈ ਕਿ ਇਹ ਗੱਲਾਂ 607 ਸਾ.ਯੁ.ਪੂ. ਵਿਚ ਪੂਰੀਆਂ ਹੋਈਆਂ ਸਨ ਜਦੋਂ ਬਾਬਲੀ ਫ਼ੌਜਾਂ ਨੇ ਯਹੂਦਾਹ ਅਤੇ ਯਰੂਸ਼ਲਮ ਨੂੰ ਤਬਾਹ ਕੀਤਾ ਸੀ। ਹਾਲਾਂਕਿ ਮੀਕਾਹ ਦੀ ਇਹ ਭਵਿੱਖਬਾਣੀ ਕਈ ਸਾਲਾਂ ਬਾਅਦ ਪੂਰੀ ਹੋਣੀ ਸੀ, ਫਿਰ ਵੀ ਉਸ ਨੂੰ ਪੂਰਾ ਯਕੀਨ ਸੀ ਕਿ ਇਹ ਸਭ ਕੁਝ ਹੋ ਕੇ ਹੀ ਰਹੇਗਾ। ਸਾਨੂੰ ਵੀ ਪੂਰਾ ਯਕੀਨ ਹੋਣਾ ਚਾਹੀਦਾ ਕਿ ਜਦੋਂ ਬਾਈਬਲ ਵਿਚ ਦੱਸਿਆ ਗਿਆ ‘ਪਰਮੇਸ਼ੁਰ ਦਾ ਦਿਨ’ ਆਵੇਗਾ, ਉਦੋਂ ਇਸ ਦੁਸ਼ਟ ਦੁਨੀਆਂ ਦਾ ਜ਼ਰੂਰ ਨਾਸ਼ ਹੋਵੇਗਾ।—2 ਪਤਰਸ 3:11, 12.

ਯਹੋਵਾਹ ਕੌਮਾਂ ਦਾ ਫ਼ੈਸਲਾ ਕਰਦਾ ਹੈ

15. ਮੀਕਾਹ 4:1-4 ਵਿਚ ਦੱਸੀ ਭਵਿੱਖਬਾਣੀ ਨੂੰ ਆਪਣੇ ਸ਼ਬਦਾਂ ਵਿਚ ਦੱਸੋ।

15 ਮੀਕਾਹ ਦੇ ਅਗਲੇ ਸ਼ਬਦਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਨੇ ਲੋਕਾਂ ਨੂੰ ਉਮੀਦ ਦਾ ਸੰਦੇਸ਼ ਦਿੱਤਾ ਸੀ। ਮੀਕਾਹ 4:1-4 ਦੇ ਸ਼ਬਦਾਂ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ! ਮੀਕਾਹ ਨੇ ਕਿਹਾ: “ਆਖਰੀ ਦਿਨਾਂ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਉੱਮਤਾਂ ਉਸ ਦੀ ਵੱਲ ਵਗਣਗੀਆਂ। . . . ਉਹ ਬਹੁਤੀਆਂ ਉੱਮਤਾਂ ਵਿੱਚ ਨਿਆਉਂ ਕਰੇਗਾ, ਅਤੇ ਤਕੜੀਆਂ ਦੁਰੇਡੀਆਂ ਕੌਮਾਂ ਦਾ ਫ਼ੈਸਲਾ ਕਰੇਗਾ, ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਲੜਾਈ ਫੇਰ ਕਦੀ ਨਾ ਸਿੱਖਣਗੇ। ਪਰ ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ, ਕਿਉਂ ਜੋ ਸੈਨਾਂ ਦੇ ਯਹੋਵਾਹ ਦਾ ਮੁਖ ਵਾਕ ਹੈ।”

16, 17. ਅੱਜ ਮੀਕਾਹ 4:1-4 ਦੀ ਭਵਿੱਖਬਾਣੀ ਕਿੱਦਾਂ ਪੂਰੀ ਹੋ ਰਹੀ ਹੈ?

16 ਇਹ “ਬਹੁਤੀਆਂ ਉੱਮਤਾਂ” ਅਤੇ ‘ਤਕੜੀਆਂ ਕੌਮਾਂ’ ਕੌਣ ਹਨ? ਇਹ ਦੁਨੀਆਂ ਦੀਆਂ ਕੌਮਾਂ ਅਤੇ ਸਰਕਾਰਾਂ ਨਹੀਂ ਹਨ। ਇਸ ਦੀ ਬਜਾਇ, ਇਹ ਭਵਿੱਖਬਾਣੀ ਸਾਰੇ ਦੇਸ਼ਾਂ ਦੇ ਉਨ੍ਹਾਂ ਲੋਕਾਂ ਬਾਰੇ ਹੈ ਜੋ ਮਿਲ ਕੇ ਯਹੋਵਾਹ ਦੀ ਸੱਚੀ ਭਗਤੀ ਦੇ ਪਹਾੜ ਉੱਤੇ ਪਵਿੱਤਰ ਸੇਵਾ ਕਰਦੇ ਹਨ।

17 ਮੀਕਾਹ ਦੀ ਭਵਿੱਖਬਾਣੀ ਅਨੁਸਾਰ ਬਹੁਤ ਜਲਦੀ ਸਾਰੀ ਧਰਤੀ ਉੱਤੇ ਯਹੋਵਾਹ ਦੀ ਸ਼ੁੱਧ ਭਗਤੀ ਕੀਤੀ ਜਾਵੇਗੀ। ਅੱਜ “ਸਦੀਪਕ ਜੀਵਨ ਲਈ ਸਹੀ ਮਨੋਬਿਰਤੀ” ਰੱਖਣ ਵਾਲੇ ਲੋਕਾਂ ਨੂੰ ਯਹੋਵਾਹ ਦੇ ਰਾਹਾਂ ਬਾਰੇ ਸਿਖਾਇਆ ਜਾ ਰਿਹਾ ਹੈ। (ਰਸੂਲਾਂ ਦੇ ਕਰਤੱਬ 13:48, NW) ਜਿਹੜੇ ਭਗਤ ਰਾਜ ਦਾ ਪੱਖ ਲੈਂਦੇ ਹਨ, ਯਹੋਵਾਹ ਉਨ੍ਹਾਂ ਦਾ ਰੂਹਾਨੀ ਤੌਰ ਤੇ ਨਿਆਂ ਅਤੇ ਫ਼ੈਸਲਾ ਕਰਦਾ ਹੈ। ਇਨ੍ਹਾਂ ਲੋਕਾਂ ਦੀ “ਵੱਡੀ ਭੀੜ” “ਵੱਡੀ ਬਿਪਤਾ” ਵਿੱਚੋਂ ਬਚੇਗੀ। (ਪਰਕਾਸ਼ ਦੀ ਪੋਥੀ 7:9, 14) ਉਨ੍ਹਾਂ ਨੇ ਆਪਣੀਆਂ ਤਲਵਾਰਾਂ ਕੁੱਟ ਕੇ ਫਾਲੇ ਬਣਾਏ ਹਨ ਅਤੇ ਹੁਣ ਉਹ ਯਹੋਵਾਹ ਦੇ ਗਵਾਹਾਂ ਅਤੇ ਹੋਰਨਾਂ ਲੋਕਾਂ ਨਾਲ ਸ਼ਾਂਤੀ ਨਾਲ ਰਹਿੰਦੇ ਹਨ। ਕੀ ਤੁਸੀਂ ਉਨ੍ਹਾਂ ਵਿਚ ਸ਼ਾਮਲ ਹੋ ਕੇ ਖ਼ੁਸ਼ ਨਹੀਂ ਹੋ?

ਯਹੋਵਾਹ ਦਾ ਨਾਂ ਲੈ ਕੇ ਚੱਲਣ ਦਾ ਦ੍ਰਿੜ੍ਹ ਇਰਾਦਾ

18. ‘ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣ’ ਦਾ ਕੀ ਮਤਲਬ ਹੈ?

18 ਭਾਵੇਂ ਕਿ ਅੱਜ ਪੂਰੀ ਦੁਨੀਆਂ ਉੱਤੇ ਡਰ ਦੇ ਬੱਦਲ ਛਾਏ ਹੋਏ ਹਨ, ਫਿਰ ਵੀ ਅਸੀਂ ਬਹੁਤ ਖ਼ੁਸ਼ ਹਾਂ ਕਿ ਬਹੁਤ ਸਾਰੇ ਲੋਕ ਯਹੋਵਾਹ ਦੇ ਰਾਹਾਂ ਬਾਰੇ ਸਿੱਖ ਰਹੇ ਹਨ। ਅਸੀਂ ਉਸ ਸਮੇਂ ਦੀ ਉਡੀਕ ਵਿਚ ਹਾਂ ਜਦੋਂ ਪਰਮੇਸ਼ੁਰ ਦੇ ਸਾਰੇ ਪ੍ਰੇਮੀ ਫਿਰ ਕਦੇ ਲੜਾਈ ਨਹੀਂ ਸਿੱਖਣਗੇ, ਸਗੋਂ ਉਹ ਆਪੋ-ਆਪਣੀਆਂ ਅੰਗੂਰੀ ਬੇਲਾਂ ਅਤੇ ਅੰਜੀਰ ਦੇ ਦਰਖ਼ਤ ਹੇਠ ਬੈਠਣਗੇ। ਅੰਜੀਰ ਦੇ ਦਰਖ਼ਤ ਅਕਸਰ ਅੰਗੂਰ ਦੇ ਬਾਗ਼ਾਂ ਵਿਚ ਲਾਏ ਜਾਂਦੇ ਹਨ। (ਲੂਕਾ 13:6) ਆਪਣੀਆਂ ਅੰਗੂਰੀ ਬੇਲਾਂ ਅਤੇ ਅੰਜੀਰ ਦੇ ਦਰਖ਼ਤ ਹੇਠਾਂ ਬੈਠਣਾ ਸ਼ਾਂਤੀ, ਖ਼ੁਸ਼ਹਾਲੀ ਅਤੇ ਸੁਰੱਖਿਆ ਨੂੰ ਦਰਸਾਉਂਦਾ ਹੈ। ਅੱਜ ਵੀ ਯਹੋਵਾਹ ਨਾਲ ਚੰਗਾ ਰਿਸ਼ਤਾ ਹੋਣ ਕਰਕੇ ਸਾਨੂੰ ਮਨ ਦੀ ਸ਼ਾਂਤੀ ਅਤੇ ਅਧਿਆਤਮਿਕ ਸੁਰੱਖਿਆ ਮਿਲਦੀ ਹੈ। ਜਦੋਂ ਪਰਮੇਸ਼ੁਰ ਦੇ ਰਾਜ ਵਿਚ ਅਜਿਹੇ ਹਾਲਾਤ ਹੋਣਗੇ, ਤਾਂ ਸਾਨੂੰ ਕੋਈ ਡਰ ਨਹੀਂ ਹੋਵੇਗਾ ਅਤੇ ਅਸੀਂ ਪੂਰੀ ਤਰ੍ਹਾਂ ਸੁਰੱਖਿਅਤ ਹੋਵਾਂਗੇ।

19. ਯਹੋਵਾਹ ਦਾ ਨਾਂ ਲੈ ਕੇ ਚੱਲਣ ਦਾ ਕੀ ਮਤਲਬ ਹੈ?

19 ਪਰਮੇਸ਼ੁਰ ਦੀ ਮਿਹਰ ਅਤੇ ਬਰਕਤਾਂ ਹਾਸਲ ਕਰਨ ਲਈ ਸਾਨੂੰ ਯਹੋਵਾਹ ਦਾ ਨਾਂ ਲੈ ਕੇ ਚੱਲਣਾ ਚਾਹੀਦਾ ਹੈ। ਇਹ ਗੱਲ ਮੀਕਾਹ 4:5 ਵਿਚ ਸਾਫ਼-ਸਾਫ਼ ਲਿਖੀ ਗਈ ਹੈ ਜਿੱਥੇ ਨਬੀ ਨੇ ਕਿਹਾ: “ਸਾਰੀਆਂ ਉੱਮਤਾਂ ਆਪੋ ਆਪਣੇ ਦਿਓਤਿਆਂ ਦੇ ਨਾਉਂ ਲੈ ਕੇ ਚੱਲਦੀਆਂ ਹਨ, ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।” ਯਹੋਵਾਹ ਦਾ ਨਾਂ ਲੈ ਕੇ ਚੱਲਣ ਲਈ ਸਿਰਫ਼ ਉਸ ਨੂੰ ਆਪਣਾ ਪਰਮੇਸ਼ੁਰ ਕਹਿਣਾ ਹੀ ਕਾਫ਼ੀ ਨਹੀਂ ਹੈ। ਇਸ ਦਾ ਇਹ ਵੀ ਮਤਲਬ ਨਹੀਂ ਹੈ ਕਿ ਅਸੀਂ ਸਿਰਫ਼ ਮਸੀਹੀ ਸਭਾਵਾਂ ਵਿਚ ਹਿੱਸਾ ਲਈਏ ਅਤੇ ਰਾਜ ਦਾ ਪ੍ਰਚਾਰ ਕਰੀਏ, ਭਾਵੇਂ ਕਿ ਇਹ ਕੰਮ ਵੀ ਜ਼ਰੂਰੀ ਹਨ। ਜੇ ਅਸੀਂ ਯਹੋਵਾਹ ਦਾ ਨਾਂ ਲੈ ਕੇ ਚੱਲਦੇ ਹਾਂ, ਤਾਂ ਸਾਨੂੰ ਆਪਣੀ ਜ਼ਿੰਦਗੀ ਉਸ ਨੂੰ ਸਮਰਪਿਤ ਕਰਨੀ ਚਾਹੀਦੀ ਹੈ ਅਤੇ ਨਿਸ਼ਕਪਟ ਪਿਆਰ ਨਾਲ ਉਸ ਦੀ ਸੇਵਾ ਕਰਨ ਦਾ ਜਤਨ ਕਰਨਾ ਚਾਹੀਦਾ ਹੈ। (ਮੱਤੀ 22:37) ਯਹੋਵਾਹ ਪਰਮੇਸ਼ੁਰ ਦੇ ਸੱਚੇ ਸੇਵਕ ਹੋਣ ਦੇ ਨਾਤੇ, ਸਾਡਾ ਇਹ ਪੱਕਾ ਇਰਾਦਾ ਹੈ ਕਿ ਅਸੀਂ ਯਹੋਵਾਹ ਦਾ ਨਾਂ ਲੈ ਕੇ ਸਦਾ ਲਈ ਚੱਲਾਂਗੇ!

20. ਮੀਕਾਹ 4:6-13 ਵਿਚ ਕੀ ਭਵਿੱਖਬਾਣੀ ਕੀਤੀ ਗਈ ਸੀ?

20 ਆਓ ਹੁਣ ਆਪਾਂ ਮੀਕਾਹ 4:6-13 ਦੀ ਭਵਿੱਖਬਾਣੀ ਉੱਤੇ ਗੌਰ ਕਰੀਏ। “ਸੀਯੋਨ ਦੀ ਧੀ” ਨੂੰ ਦੂਰ “ਬਾਬਲ” ਦੇਸ਼ ਵਿਚ ਗ਼ੁਲਾਮ ਬਣਾਇਆ ਜਾਣਾ ਸੀ। ਇਹ ਗੱਲ ਸੱਤਵੀਂ ਸਦੀ ਸਾ.ਯੁ.ਪੂ. ਵਿਚ ਯਰੂਸ਼ਲਮ ਦੇ ਵਾਸੀਆਂ ਨਾਲ ਵਾਪਰੀ। ਫਿਰ ਵੀ, ਮੀਕਾਹ ਦੀ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ ਇਕ ਬਕੀਆ ਯਹੂਦਾਹ ਵਾਪਸ ਮੁੜੇਗਾ ਅਤੇ ਸੀਯੋਨ ਦੇ ਦੁਬਾਰਾ ਵਸਾਏ ਜਾਣ ਤੋਂ ਬਾਅਦ, ਯਹੋਵਾਹ ਨੇ ਉਸ ਦੇ ਵੈਰੀਆਂ ਨੂੰ ਚੂਰ-ਚੂਰ ਕਰ ਦੇਣਾ ਸੀ।

21, 22. ਮੀਕਾਹ 5:2 ਦੀ ਭਵਿੱਖਬਾਣੀ ਕਿੱਦਾਂ ਪੂਰੀ ਹੋਈ?

21ਮੀਕਾਹ ਦਾ 5ਵਾਂ ਅਧਿਆਇ ਹੋਰ ਵੀ ਵੱਡੀਆਂ-ਵੱਡੀਆਂ ਘਟਨਾਵਾਂ ਬਾਰੇ ਦੱਸਦਾ ਹੈ। ਉਦਾਹਰਣ ਲਈ, ਧਿਆਨ ਦਿਓ ਕਿ ਮੀਕਾਹ 5:2-4 ਵਿਚ ਕੀ ਲਿਖਿਆ ਹੈ। ਮੀਕਾਹ ਨੇ ਭਵਿੱਖਬਾਣੀ ਕੀਤੀ ਕਿ ਪਰਮੇਸ਼ੁਰ ਦਾ ਨਿਯੁਕਤ ਰਾਜਾ, ਜੋ “ਪਰਾਚੀਨ ਸਮੇਂ ਤੋਂ” ਹੈ, ਬੈਤਲਹਮ ਵਿਚ ਪੈਦਾ ਹੋਵੇਗਾ। ਉਹ “ਯਹੋਵਾਹ ਦੇ ਬਲ” ਨਾਲ ਇਕ ਅਯਾਲੀ ਦੀ ਤਰ੍ਹਾਂ ਲੋਕਾਂ ਦੀ ਦੇਖ-ਭਾਲ ਕਰੇਗਾ। ਇਸ ਤੋਂ ਇਲਾਵਾ, ਇਹ ਰਾਜਾ ਸਿਰਫ਼ ਇਸਰਾਏਲ ਵਿਚ ਹੀ ਨਹੀਂ, ਸਗੋਂ “ਧਰਤੀ ਦੀਆਂ ਹੱਦਾਂ ਤੀਕੁਰ” ਮਹਾਨ ਸਾਬਤ ਹੋਵੇਗਾ। ਦੁਨੀਆਂ ਦੇ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਇੱਥੇ ਕਿਸ ਰਾਜੇ ਬਾਰੇ ਗੱਲ ਕੀਤੀ ਗਈ ਹੈ, ਪਰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਕੌਣ ਹੈ।

22 ਬੈਤਲਹਮ ਵਿਚ ਜੰਮਿਆ ਸਭ ਤੋਂ ਮਸ਼ਹੂਰ ਵਿਅਕਤੀ ਕੌਣ ਸੀ ਅਤੇ “ਧਰਤੀ ਦੀਆਂ ਹੱਦਾਂ ਤੀਕੁਰ” ਸਭ ਤੋਂ ਮਹਾਨ ਕੌਣ ਸਾਬਤ ਹੋਵੇਗਾ? ਇਹ ਯਿਸੂ ਮਸੀਹ ਹੀ ਹੈ! ਜਦੋਂ ਰਾਜਾ ਹੇਰੋਦੇਸ ਨੇ ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਨੂੰ ਪੁੱਛਿਆ ਸੀ ਕਿ ਮਸੀਹ ਦਾ ਜਨਮ ਕਿੱਥੇ ਹੋਵੇਗਾ, ਤਾਂ ਉਨ੍ਹਾਂ ਨੇ ਜਵਾਬ ਦਿੱਤਾ: “ਯਹੂਦਿਯਾ ਦੇ ਬੈਤਲਹਮ ਵਿੱਚ।” ਉਨ੍ਹਾਂ ਨੇ ਮੀਕਾਹ 5:2 ਦਾ ਹਵਾਲਾ ਵੀ ਦਿੱਤਾ। (ਮੱਤੀ 2:3-6) ਕੁਝ ਆਮ ਲੋਕ ਵੀ ਇਹ ਗੱਲ ਜਾਣਦੇ ਸਨ, ਇਸ ਲਈ ਯੂਹੰਨਾ 7:42 ਵਿਚ ਉਨ੍ਹਾਂ ਨੇ ਕਿਹਾ: “ਕੀ ਕਤੇਬ ਨੇ ਨਹੀਂ ਆਖਿਆ ਜੋ ਮਸੀਹ ਦਾਊਦ ਦੀ ਅੰਸ ਵਿੱਚੋਂ ਅਤੇ ਬੈਤਲਹਮ ਦੀ ਨਗਰੀ ਤੋਂ ਜਿੱਥੇ ਦਾਊਦ ਸੀ ਆਉਂਦਾ ਹੈ?”

ਲੋਕਾਂ ਲਈ ਅਸਲੀ ਤਾਜ਼ਗੀ ਦਾ ਸੋਮਾ

23. ਮੀਕਾਹ 5:7 ਦੀ ਪੂਰਤੀ ਅੱਜ ਕਿਸ ਤਰ੍ਹਾਂ ਹੋ ਰਹੀ ਹੈ?

23ਮੀਕਾਹ 5:5-15 ਵਿਚ ਅੱਸ਼ੂਰੀ ਫ਼ੌਜਾਂ ਦੇ ਹਮਲੇ ਦਾ ਜ਼ਿਕਰ ਕੀਤਾ ਗਿਆ ਹੈ ਜੋ ਜ਼ਿਆਦਾ ਸਫ਼ਲ ਨਹੀਂ ਹੋਣਾ ਸੀ। ਮੀਕਾਹ ਨੇ ਇਹ ਵੀ ਭਵਿੱਖਬਾਣੀ ਕੀਤੀ ਕਿ ਪਰਮੇਸ਼ੁਰ ਅਣਆਗਿਆਕਾਰ ਕੌਮਾਂ ਦੇ ਖ਼ਿਲਾਫ਼ ਕਦਮ ਚੁੱਕੇਗਾ। ਮੀਕਾਹ 5:7 ਵਿਚ ਪਸ਼ਚਾਤਾਪੀ ਯਹੂਦੀ ਬਕੀਏ ਨੂੰ ਮੁੜ ਉਨ੍ਹਾਂ ਦੇ ਦੇਸ਼ ਵਿਚ ਵਸਾਉਣ ਦਾ ਵਾਅਦਾ ਕੀਤਾ ਗਿਆ ਸੀ। ਪਰ ਇਸ ਆਇਤ ਦੇ ਸ਼ਬਦ ਸਾਡੇ ਦਿਨਾਂ ਤੇ ਵੀ ਲਾਗੂ ਹੁੰਦੇ ਹਨ। ਮੀਕਾਹ ਨੇ ਕਿਹਾ: ‘ਯਾਕੂਬ ਦਾ ਬਕੀਆ ਬਹੁਤੀਆਂ ਉੱਮਤਾਂ ਦੇ ਵਿਚਕਾਰ ਤ੍ਰੇਲ ਵਾਂਙੁ ਹੋਵੇਗਾ ਜਿਹੜੀ ਯਹੋਵਾਹ ਵੱਲੋਂ ਹੈ, ਫੁਹਾਰਾਂ ਵਾਂਙੁ ਜਿਹੜੀਆਂ ਘਾਹ ਤੇ ਪੈਂਦੀਆਂ ਹਨ।’ ਮੀਕਾਹ ਨੇ ਇਹ ਸੋਹਣੀਆਂ ਉਦਾਹਰਣਾਂ ਵਰਤ ਕੇ ਭਵਿੱਖਬਾਣੀ ਕੀਤੀ ਕਿ ਅਧਿਆਤਮਿਕ ਯਾਕੂਬ ਯਾਨੀ ਇਸਰਾਏਲ ਦਾ ਬਕੀਆ ਪਰਮੇਸ਼ੁਰ ਵੱਲੋਂ ਲੋਕਾਂ ਲਈ ਇਕ ਬਰਕਤ ਹੋਵੇਗਾ। ਧਰਤੀ ਉੱਤੇ ਸਦਾ ਲਈ ਜੀਉਣ ਦੀ ਆਸ ਰੱਖਣ ਵਾਲੀਆਂ ਯਿਸੂ ਦੀਆਂ ‘ਹੋਰ ਭੇਡਾਂ’ ਅੱਜ ਖ਼ੁਸ਼ੀ ਨਾਲ “ਪਰਮੇਸ਼ੁਰ ਦੇ ਇਸਰਾਏਲ” ਦੇ ਬਾਕੀ ਬਚੇ ਮੈਂਬਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ ਹਨ ਤੇ ਦੂਸਰਿਆਂ ਨੂੰ ਅਧਿਆਤਮਿਕ ਤਾਜ਼ਗੀ ਦਿੰਦੀਆਂ ਹਨ। (ਯੂਹੰਨਾ 10:16; ਗਲਾਤੀਆਂ 6:16; ਸਫ਼ਨਯਾਹ 3:9) ਇਸ ਸੰਬੰਧ ਵਿਚ ਸਾਨੂੰ ਇਕ ਖ਼ਾਸ ਗੱਲ ਉੱਤੇ ਗੌਰ ਕਰਨਾ ਚਾਹੀਦਾ ਹੈ। ਰਾਜ ਦੇ ਪ੍ਰਚਾਰਕ ਹੋਣ ਦੇ ਨਾਤੇ, ਸਾਨੂੰ ਦੂਸਰਿਆਂ ਨੂੰ ਅਸਲੀ ਤਾਜ਼ਗੀ ਦੇਣ ਦੇ ਆਪਣੇ ਇਸ ਸਨਮਾਨ ਦੀ ਕਦਰ ਕਰਨੀ ਚਾਹੀਦੀ ਹੈ।

24. ਤੁਸੀਂ ਮੀਕਾਹ ਦੀ ਪੋਥੀ ਦੇ ਤੀਸਰੇ ਤੋਂ ਪੰਜਵੇਂ ਅਧਿਆਇ ਵਿੱਚੋਂ ਕੀ ਸਿੱਖਿਆ ਹੈ?

24 ਤੁਸੀਂ ਮੀਕਾਹ ਦੀ ਪੋਥੀ ਦੇ ਤੀਸਰੇ ਤੋਂ ਪੰਜਵੇਂ ਅਧਿਆਇ ਵਿੱਚੋਂ ਕੀ ਸਿੱਖਿਆ ਹੈ? ਸ਼ਾਇਦ ਤੁਸੀਂ ਇਹ ਸਿੱਖਿਆ ਹੋਵੇਗਾ: (1) ਪਰਮੇਸ਼ੁਰ ਚਾਹੁੰਦਾ ਹੈ ਕਿ ਜੋ ਵਿਅਕਤੀ ਉਸ ਦੇ ਲੋਕਾਂ ਦੀ ਅਗਵਾਈ ਕਰ ਰਹੇ ਹਨ, ਉਹ ਸਾਰਿਆਂ ਨਾਲ ਇਨਸਾਫ਼ ਕਰਨ। (2) ਜੇ ਅਸੀਂ ਪਾਪ ਕਰਦੇ ਰਹੀਏ ਤੇ ਨਾ ਪਛਤਾਈਏ, ਤਾਂ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਦੇਵੇਗਾ। (3) ਅਸੀਂ ਪ੍ਰਚਾਰ ਦਾ ਕੰਮ ਤਾਹੀਓਂ ਕਰ ਸਕਦੇ ਹਾਂ ਜੇ ਪਰਮੇਸ਼ੁਰ ਸਾਨੂੰ ਪਵਿੱਤਰ ਆਤਮਾ ਰਾਹੀਂ ਬਲ ਦੇਵੇ। (4) ਪਰਮੇਸ਼ੁਰ ਦੀ ਮਿਹਰ ਹਾਸਲ ਕਰਨ ਲਈ, ਸਾਨੂੰ ਯਹੋਵਾਹ ਦਾ ਨਾਂ ਲੈ ਕੇ ਚੱਲਣਾ ਚਾਹੀਦਾ ਹੈ। (5) ਰਾਜ ਦੇ ਪ੍ਰਚਾਰਕ ਹੋਣ ਦੇ ਨਾਤੇ, ਸਾਨੂੰ ਲੋਕਾਂ ਨੂੰ ਅਸਲੀ ਤਾਜ਼ਗੀ ਦੇਣ ਦੇ ਆਪਣੇ ਸਨਮਾਨ ਦੀ ਕਦਰ ਕਰਨੀ ਚਾਹੀਦੀ ਹੈ। ਸ਼ਾਇਦ ਹੋਰ ਵੀ ਕੁਝ ਨੁਕਤੇ ਸਨ ਜੋ ਤੁਹਾਨੂੰ ਪਸੰਦ ਆਏ ਹੋਣਗੇ। ਅਸੀਂ ਮੀਕਾਹ ਦੀ ਭਵਿੱਖਬਾਣੀ ਤੋਂ ਹੋਰ ਕੀ ਸਿੱਖ ਸਕਦੇ ਹਾਂ? ਅਗਲੇ ਲੇਖ ਵਿਚ ਮੀਕਾਹ ਦੀ ਭਵਿੱਖਬਾਣੀ ਦੇ ਆਖ਼ਰੀ ਦੋ ਅਧਿਆਵਾਂ ਵਿੱਚੋਂ ਕੁਝ ਫ਼ਾਇਦੇਮੰਦ ਗੱਲਾਂ ਦੱਸੀਆਂ ਗਈਆਂ ਹਨ ਜਿਨ੍ਹਾਂ ਨਾਲ ਸਾਡੀ ਨਿਹਚਾ ਹੋਰ ਮਜ਼ਬੂਤ ਹੋਵੇਗੀ।

ਤੁਸੀਂ ਕੀ ਜਵਾਬ ਦਿਓਗੇ?

• ਜੋ ਵਿਅਕਤੀ ਉਸ ਦੇ ਲੋਕਾਂ ਦੀ ਅਗਵਾਈ ਕਰ ਰਹੇ ਹਨ, ਪਰਮੇਸ਼ੁਰ ਉਨ੍ਹਾਂ ਤੋਂ ਕੀ ਚਾਹੁੰਦਾ ਹੈ?

• ਯਹੋਵਾਹ ਦੀ ਸੇਵਾ ਕਰਨ ਲਈ ਪ੍ਰਾਰਥਨਾ ਅਤੇ ਪਵਿੱਤਰ ਆਤਮਾ ਸਾਡੀ ਕਿਵੇਂ ਮਦਦ ਕਰਦੀਆਂ ਹਨ?

• ‘ਯਹੋਵਾਹ ਦਾ ਨਾਮ ਲੈ ਕੇ ਚੱਲਣ’ ਦਾ ਕੀ ਮਤਲਬ ਹੈ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

ਕੀ ਤੁਸੀਂ ਮੀਕਾਹ ਦੀ ਪੋਥੀ ਵਿਚ ਦਿੱਤੀ ਦੇਗ ਦੀ ਉਦਾਹਰਣ ਨੂੰ ਸਮਝਾ ਸਕਦੇ ਹੋ?

[ਸਫ਼ੇ 16 ਉੱਤੇ ਤਸਵੀਰ]

ਮੀਕਾਹ ਵਾਂਗ ਅਸੀਂ ਵੀ ਦਲੇਰੀ ਨਾਲ ਆਪਣਾ ਪ੍ਰਚਾਰ ਦਾ ਕੰਮ ਕਰਦੇ ਹਾਂ