Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਪਹਿਰਾਬੁਰਜ ਦੇ ਹਾਲ ਹੀ ਦੇ ਅੰਕ ਵਧੀਆ ਲੱਗੇ? ਜ਼ਰਾ ਪਰਖ ਕੇ ਦੇਖੋ ਕਿ ਤੁਸੀਂ ਹੇਠਲੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

ਰੂਥ ਨੇ ਕਿਹੜੀਆਂ ਕੁਝ ਗੱਲਾਂ ਵਿਚ ਚੰਗੀ ਮਿਸਾਲ ਕਾਇਮ ਕੀਤੀ?

ਉਹ ਯਹੋਵਾਹ ਨੂੰ ਪਿਆਰ ਕਰਦੀ ਸੀ, ਉਸ ਨੇ ਆਪਣੀ ਸੱਸ ਨਾਓਮੀ ਨਾਲ ਵੀ ਪਿਆਰ ਭਰੀ ਵਫ਼ਾਦਾਰੀ ਨਿਭਾਈ ਤੇ ਉਹ ਬਹੁਤ ਮਿਹਨਤੀ ਤੇ ਨਿਮਰ ਸੀ। ਇਸੇ ਕਰਕੇ ਲੋਕ ਉਸ ਨੂੰ “ਸਤਵੰਤੀ ਇਸਤ੍ਰੀ” ਕਹਿੰਦੇ ਸਨ। (ਰੂਥ 3:11)—4/15, ਸਫ਼ੇ 23-6.

ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਸਾਧਾਰਣ ਲੋਕਾਂ ਦੀ ਪਰਵਾਹ ਕਰਦਾ ਹੈ?

ਮਿਸਰ ਦੇਸ਼ ਵਿਚ ਇਸਰਾਏਲੀਆਂ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ ਸੀ, ਪਰ ਫਿਰ ਵੀ ਪਰਮੇਸ਼ੁਰ ਨੇ ਇਸਰਾਏਲ ਕੌਮ ਨੂੰ ਕਿਹਾ ਕਿ ਉਹ ਗ਼ਰੀਬਾਂ ਨੂੰ ਨਾ ਸਤਾਉਣ। (ਕੂਚ 22:21-24) ਯਿਸੂ ਨੇ ਆਪਣੇ ਪਿਤਾ ਦੀ ਨਕਲ ਕਰ ਕੇ ਸਾਧਾਰਣ ਲੋਕਾਂ ਵਿਚ ਸੱਚੀ ਰੁਚੀ ਦਿਖਾਈ ਅਤੇ ਉਸ ਨੇ ਆਪਣੇ ਰਸੂਲਾਂ ਨੂੰ “ਵਿਦਵਾਨ ਨਹੀਂ ਸਗੋਂ ਆਮ” ਲੋਕਾਂ ਵਿੱਚੋਂ ਚੁਣਿਆ। (ਰਸੂਲਾਂ ਦੇ ਕਰਤੱਬ 4:13; ਮੱਤੀ 9:36) ਅਸੀਂ ਦੂਜਿਆਂ ਦੀ, ਖ਼ਾਸਕਰ ਨੌਜਵਾਨਾਂ ਦੀ ਚਿੰਤਾ ਕਰ ਕੇ ਯਹੋਵਾਹ ਦੀ ਨਕਲ ਕਰ ਸਕਦੇ ਹਾਂ।—4/15, ਸਫ਼ੇ 28-31.

ਅਸੀਂ ਵਿਸ਼ਵਾਸ ਨਾਲ ਇਹ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਸਾਡੇ ਕੰਮਾਂ-ਕਾਰਾਂ ਨੂੰ ਦੇਖਦਾ ਹੈ?

ਬਾਈਬਲ ਦੇ ਬਿਰਤਾਂਤ ਦਿਖਾਉਂਦੇ ਹਨ ਕਿ ਯਹੋਵਾਹ ਇਨਸਾਨਾਂ ਦੀਆਂ ਪ੍ਰਾਪਤੀਆਂ ਵੱਲ ਧਿਆਨ ਦਿੰਦਾ ਹੈ। ਉਸ ਨੇ ਹਾਬਲ ਵੱਲੋਂ ਦਿੱਤੀ ਬਲੀ ਵੱਲ ਧਿਆਨ ਦਿੱਤਾ ਅਤੇ ਉਹ ਸਾਡੇ ‘ਉਸਤਤ ਦੇ ਬਲੀਦਾਨ ਅਰਥਾਤ ਬੁੱਲ੍ਹਾਂ ਦੇ ਫਲ’ ਨੂੰ ਵੀ ਦੇਖਦਾ ਹੈ। (ਇਬਰਾਨੀਆਂ 13:15) ਯਹੋਵਾਹ ਜਾਣਦਾ ਸੀ ਕਿ ਹਨੋਕ ਨੇ ਉਸ ਨੂੰ ਖ਼ੁਸ਼ ਕਰਨ ਲਈ ਆਪਣੀ ਜ਼ਿੰਦਗੀ ਨੂੰ ਨੈਤਿਕ ਤੌਰ ਤੇ ਸਾਫ਼-ਸੁਥਰਾ ਰੱਖਿਆ। ਪਰਮੇਸ਼ੁਰ ਨੇ ਸਾਰਫ਼ਥ ਨਗਰ ਦੀ ਇਕ ਗ਼ੈਰ-ਯਹੂਦੀ ਵਿਧਵਾ ਵੱਲ ਵੀ ਧਿਆਨ ਦਿੱਤਾ ਜਿਸ ਨੇ ਆਪਣਾ ਸਾਦਾ ਜਿਹਾ ਭੋਜਨ ਏਲੀਯਾਹ ਨਬੀ ਨਾਲ ਸਾਂਝਾ ਕੀਤਾ ਸੀ। ਯਹੋਵਾਹ ਸਾਡੀ ਨਿਹਚਾ ਦੇ ਕੰਮਾਂ ਨੂੰ ਵੀ ਦੇਖਦਾ ਹੈ।—5/1, ਸਫ਼ੇ 28-31.

ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਪੰਤੇਕੁਸਤ 33 ਸਾ.ਯੁ. ਤੋਂ ਬਾਅਦ ਮਸੀਹੀ ਬਣੇ ਯਹੂਦੀਆਂ ਨੂੰ ਪਰਮੇਸ਼ੁਰ ਨੂੰ ਨਿੱਜੀ ਸਮਰਪਣ ਕਰਨ ਦੀ ਲੋੜ ਸੀ?

ਸਾਲ 1513 ਸਾ.ਯੁ.ਪੂ. ਵਿਚ ਯਹੋਵਾਹ ਨੇ ਇਸਰਾਏਲੀਆਂ ਨਾਲ ਖ਼ਾਸ ਰਿਸ਼ਤਾ ਕਾਇਮ ਕੀਤਾ ਸੀ। (ਕੂਚ 19:3-8) ਉਸ ਸਮੇਂ ਤੋਂ ਬਾਅਦ ਪੈਦਾ ਹੋਏ ਸਾਰੇ ਯਹੂਦੀ ਸ਼ਰਾ ਦੇ ਨੇਮ ਅਧੀਨ ਯਹੋਵਾਹ ਦੇ ਸਮਰਪਿਤ ਸੇਵਕ ਸਨ। ਪਰ 33 ਸਾ.ਯੁ. ਵਿਚ ਮਸੀਹ ਦੀ ਮੌਤ ਹੋਣ ਤੇ, ਯਹੋਵਾਹ ਨੇ ਇਸ ਸ਼ਰਾ ਦੇ ਨੇਮ ਨੂੰ ਖ਼ਤਮ ਕਰ ਦਿੱਤਾ। (ਕੁਲੁੱਸੀਆਂ 2:14) ਉਸ ਤੋਂ ਬਾਅਦ, ਪਰਮੇਸ਼ੁਰ ਦੀ ਸੇਵਾ ਕਰਨ ਦੇ ਚਾਹਵਾਨ ਯਹੂਦੀਆਂ ਨੂੰ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਰਨ ਅਤੇ ਯਿਸੂ ਮਸੀਹ ਦੇ ਨਾਂ ਵਿਚ ਬਪਤਿਸਮਾ ਲੈਣ ਦੀ ਲੋੜ ਸੀ।—5/15, ਸਫ਼ੇ 30-1.

ਕੀ ਸਾਨੂੰ ਅੱਜ ਸੱਚੀ ਭਗਤੀ ਕਰਨ ਲਈ ਧੂਪ ਧੁਖਾਉਣੀ ਚਾਹੀਦੀ ਹੈ?

ਪ੍ਰਾਚੀਨ ਇਸਰਾਏਲ ਵਿਚ ਸੱਚੀ ਭਗਤੀ ਕਰਨ ਲਈ ਧੂਪ ਧੁਖਾਈ ਜਾਂਦੀ ਸੀ। (ਕੂਚ 30:37, 38; ਲੇਵੀਆਂ 16:12, 13) ਪਰ ਯਿਸੂ ਦੀ ਮੌਤ ਹੋਣ ਤੇ, ਸ਼ਰਾ ਦੇ ਨੇਮ ਦੇ ਨਾਲ-ਨਾਲ ਧੂਪ ਧੁਖਾਉਣ ਦੀ ਰੀਤ ਨੂੰ ਵੀ ਖ਼ਤਮ ਕਰ ਦਿੱਤਾ ਗਿਆ। ਮਸੀਹੀ ਖ਼ੁਦ ਫ਼ੈਸਲਾ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਗ਼ੈਰ-ਧਾਰਮਿਕ ਮਕਸਦਾਂ ਲਈ ਧੂਪ ਧੁਖਾਉਣੀ ਚਾਹੀਦੀ ਹੈ ਜਾਂ ਨਹੀਂ। ਪਰ ਅੱਜ ਇਹ ਸੱਚੀ ਭਗਤੀ ਦਾ ਹਿੱਸਾ ਨਹੀਂ ਹੈ। ਦੂਜਿਆਂ ਦੀਆਂ ਭਾਵਨਾਵਾਂ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਤਾਂਕਿ ਉਹ ਠੋਕਰ ਨਾ ਖਾਣ।—6/1, ਸਫ਼ੇ 28-30.

ਕਿਹੜੀ ਨਵੀਂ ਲੱਭਤ ਕਰਕੇ ਬਹੁਤ ਸਾਰੇ ਲੋਕ ਇਹ ਸੋਚਣ ਲਈ ਪ੍ਰੇਰਿਤ ਹੋਏ ਹਨ ਕਿ ਯਿਸੂ ਸੱਚ-ਮੁੱਚ ਧਰਤੀ ਉੱਤੇ ਆਇਆ ਸੀ?

ਇਸਰਾਈਲ ਵਿੱਚੋਂ ਮਿਲੇ ਇਕ ਅਸਥੀ-ਪਾਤਰ ਯਾਨੀ ਬਕਸੇ ਨੇ ਬਹੁਤ ਸਾਰੇ ਲੋਕਾਂ ਦਾ ਧਿਆਨ ਖਿੱਚਿਆ ਹੈ। ਲੱਗਦਾ ਹੈ ਕਿ ਇਹ ਪਹਿਲੀ ਸਦੀ ਦਾ ਬਣਿਆ ਹੋਇਆ ਹੈ ਅਤੇ ਇਸ ਉੱਤੇ ਇਹ ਸ਼ਬਦ ਉੱਕਰੇ ਹੋਏ ਹਨ: “ਯਾਕੂਬ, ਯੂਸੁਫ਼ ਦਾ ਪੁੱਤਰ, ਯਿਸੂ ਦਾ ਭਰਾ।” ਕੁਝ ਕਹਿੰਦੇ ਹਨ ਕਿ ‘ਬਾਈਬਲ ਤੋਂ ਇਲਾਵਾ, ਇਹ ਬਕਸਾ ਯਿਸੂ ਦੀ ਹੋਂਦ ਦਾ ਸਭ ਤੋਂ ਪੁਰਾਣਾ ਸਬੂਤ ਹੈ।’—6/15, ਸਫ਼ੇ 3-4.

ਇਨਸਾਨ ਪਿਆਰ ਕਰਨਾ ਕਿਵੇਂ ਸਿੱਖਦਾ ਹੈ?

ਪਹਿਲਾਂ-ਪਹਿਲ ਇਨਸਾਨ ਆਪਣੇ ਮਾਪਿਆਂ ਦੀ ਮਿਸਾਲ ਅਤੇ ਸਿੱਖਿਆ ਤੋਂ ਪਿਆਰ ਕਰਨਾ ਸਿੱਖਦਾ ਹੈ। ਜਦੋਂ ਪਤੀ-ਪਤਨੀ ਇਕ-ਦੂਜੇ ਨਾਲ ਪਿਆਰ ਕਰਦੇ ਹਨ ਅਤੇ ਇਕ-ਦੂਜੇ ਦਾ ਆਦਰ ਕਰਦੇ ਹਨ, ਤਾਂ ਬੱਚੇ ਪਿਆਰ ਕਰਨਾ ਸਿੱਖ ਸਕਦੇ ਹਨ। (ਅਫ਼ਸੀਆਂ 5:28; ਤੀਤੁਸ 2:4) ਜੇ ਕਿਸੇ ਵਿਅਕਤੀ ਨੂੰ ਆਪਣੇ ਪਰਿਵਾਰ ਦਾ ਪਿਆਰ ਨਾ ਵੀ ਮਿਲਿਆ ਹੋਵੇ, ਤਾਂ ਵੀ ਉਹ ਯਹੋਵਾਹ ਪਿਤਾ ਦੀ ਅਗਵਾਈ, ਉਸ ਦੀ ਪਵਿੱਤਰ ਆਤਮਾ ਦੀ ਮਦਦ ਅਤੇ ਮਸੀਹੀ ਭਾਈਚਾਰੇ ਦੇ ਸਹਾਰੇ ਰਾਹੀਂ ਪਿਆਰ ਕਰਨਾ ਸਿੱਖ ਸਕਦਾ ਹੈ।—7/1, ਸਫ਼ੇ 4-7.

ਯੂਸੀਬੀਅਸ ਕੌਣ ਸੀ ਅਤੇ ਉਸ ਦੀ ਜ਼ਿੰਦਗੀ ਤੋਂ ਅਸੀਂ ਕੀ ਸਬਕ ਸਿੱਖ ਸਕਦੇ ਹਾਂ?

ਯੂਸੀਬੀਅਸ ਇਕ ਇਤਿਹਾਸਕਾਰ ਸੀ ਜਿਸ ਨੇ 324 ਸਾ.ਯੁ. ਵਿਚ ਦਸਾਂ ਖੰਡਾਂ ਵਾਲੀ ਮਸੀਹੀ ਚਰਚ ਦਾ ਇਤਿਹਾਸ (ਅੰਗ੍ਰੇਜ਼ੀ) ਨਾਮਕ ਆਪਣੀ ਰਚਨਾ ਜਾਰੀ ਕੀਤੀ ਸੀ। ਹਾਲਾਂਕਿ ਯੂਸੀਬੀਅਸ ਮੰਨਦਾ ਸੀ ਕਿ ਪਿਤਾ ਪੁੱਤਰ ਨਾਲੋਂ ਪਹਿਲਾਂ ਹੋਂਦ ਵਿਚ ਸੀ, ਫਿਰ ਵੀ ਉਸ ਨੇ ਨਾਈਸੀਆ ਦੀ ਸਭਾ ਵਿਚ ਵਿਰੋਧੀ ਸਿੱਖਿਆ ਦੀ ਹਿਮਾਇਤ ਕੀਤੀ। ਉਸ ਨੇ ਯਿਸੂ ਦੇ ਇਸ ਹੁਕਮ ਨੂੰ ਅਣਗੌਲਿਆਂ ਕੀਤਾ ਸੀ ਕਿ ਉਸ ਦੇ ਚੇਲੇ ਇਸ ‘ਜਗਤ ਦੇ ਨਾ ਹੋਣ।’ (ਯੂਹੰਨਾ 17:16)—7/15, ਸਫ਼ੇ 29-31.

ਕੀ ਇਕ ਤੋਂ ਜ਼ਿਆਦਾ ਪਤਨੀਆਂ ਰੱਖਣ ਸੰਬੰਧੀ ਯਹੋਵਾਹ ਨੇ ਆਪਣਾ ਅਸੂਲ ਬਦਲ ਲਿਆ ਹੈ?

ਨਹੀਂ, ਯਹੋਵਾਹ ਨੇ ਇਕ ਤੋਂ ਜ਼ਿਆਦਾ ਪਤਨੀਆਂ ਰੱਖਣ ਸੰਬੰਧੀ ਆਪਣਾ ਅਸੂਲ ਨਹੀਂ ਬਦਲਿਆ। (ਮਲਾਕੀ 3:6) ਪਰਮੇਸ਼ੁਰ ਨੇ ਪਹਿਲੇ ਆਦਮੀ ਲਈ ਇੰਤਜ਼ਾਮ ਕੀਤਾ ਸੀ ਕਿ ਉਹ “ਆਪਣੀ ਤੀਵੀਂ ਨਾਲ ਮਿਲਿਆ ਰਹੇਗਾ” ਅਤੇ ਉਹ ਇਕ ਸਰੀਰ ਹੋਣਗੇ। (ਉਤਪਤ 2:24) ਯਿਸੂ ਨੇ ਕਿਹਾ ਸੀ ਕਿ ਜੇ ਕੋਈ ਹਰਾਮਕਾਰੀ ਤੋਂ ਛੁੱਟ ਕਿਸੇ ਹੋਰ ਕਾਰਨ ਕਰਕੇ ਆਪਣੀ ਪਤਨੀ ਨੂੰ ਤਲਾਕ ਦੇ ਕੇ ਦੂਜੀ ਨਾਲ ਵਿਆਹ ਕਰਦਾ ਹੈ, ਤਾਂ ਉਹ ਜ਼ਨਾਹ ਕਰਦਾ ਹੈ। (ਮੱਤੀ 19:4-6, 9) ਯਹੋਵਾਹ ਨੇ ਕੁਝ ਸਮੇਂ ਤਕ ਇਕ ਤੋਂ ਜ਼ਿਆਦਾ ਪਤਨੀਆਂ ਰੱਖਣ ਦੀ ਪ੍ਰਥਾ ਨੂੰ ਰਹਿਣ ਦਿੱਤਾ, ਪਰ ਮਸੀਹੀ ਕਲੀਸਿਯਾ ਬਣਨ ਨਾਲ ਇਹ ਪ੍ਰਥਾ ਖ਼ਤਮ ਹੋ ਗਈ।—8/1, ਸਫ਼ਾ 28.