ਕੁਝ ਲੋਕਾਂ ਨੇ ਕਿਸ ਤਰ੍ਹਾਂ ਦਾ ਨਾਂ ਕਮਾਇਆ?
ਕੁਝ ਲੋਕਾਂ ਨੇ ਕਿਸ ਤਰ੍ਹਾਂ ਦਾ ਨਾਂ ਕਮਾਇਆ?
ਲਗਭਗ ਤਿੰਨ ਹਜ਼ਾਰ ਸਾਲ ਪਹਿਲਾਂ, ਦਾਊਦ ਇਸਰਾਏਲ ਦੇ ਰਾਜਾ ਸ਼ਾਊਲ ਤੋਂ ਭੱਜ ਰਿਹਾ ਸੀ ਜੋ ਹੱਥ ਧੋ ਕੇ ਉਸ ਦੀ ਜਾਨ ਪਿੱਛੇ ਪਿਆ ਹੋਇਆ ਸੀ। ਥਾਂ-ਥਾਂ ਘੁੰਮਦੇ ਸਮੇਂ ਦਾਊਦ ਦਾ ਵਾਸਤਾ ਨਾਬਾਲ ਨਾਂ ਦੇ ਅਮੀਰ ਆਦਮੀ ਨਾਲ ਪਿਆ ਜੋ ਬਹੁਤ ਸਾਰੀਆਂ ਭੇਡਾਂ-ਬੱਕਰੀਆਂ ਦਾ ਮਾਲਕ ਸੀ। ਦਾਊਦ ਤੇ ਉਸ ਦੇ ਆਦਮੀਆਂ ਨੇ ਨਾਬਾਲ ਦੇ ਇੱਜੜ ਦੀ ਰਖਵਾਲੀ ਕੀਤੀ, ਇਸ ਲਈ ਨਾਬਾਲ ਉਨ੍ਹਾਂ ਦਾ ਕਰਜ਼ਾਈ ਸੀ। ਇਕ ਵਾਰ ਦਾਊਦ ਨੇ ਨਾਬਾਲ ਕੋਲੋਂ ਰੋਟੀ ਤੇ ਪਾਣੀ ਲਈ ਬੇਨਤੀ ਕੀਤੀ, ਪਰ ਨਾਬਾਲ ਨੇ ਉਨ੍ਹਾਂ ਨੂੰ ਕੁਝ ਵੀ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦਾਊਦ ਦੇ ਆਦਮੀਆਂ ਦੀ ਬਹੁਤ ਬੇਇੱਜ਼ਤੀ ਕਰ ਕੇ ਦਾਊਦ ਨਾਲ ਪੰਗਾ ਲਿਆ।—1 ਸਮੂਏਲ 25:5, 8, 10, 11, 14.
ਮੱਧ ਪੂਰਬੀ ਦੇਸ਼ਾਂ ਵਿਚ ਲੋਕਾਂ ਦੀ ਆਮ ਰੀਤ ਸੀ ਕਿ ਉਹ ਘਰ ਆਏ ਮਹਿਮਾਨਾਂ ਅਤੇ ਅਜਨਬੀਆਂ ਦੀ ਦਿਲ ਖੋਲ੍ਹ ਕੇ ਪਰਾਹੁਣਚਾਰੀ ਕਰਦੇ ਸਨ। ਪਰ ਨਾਬਾਲ ਨੇ ਇਸ ਤਰ੍ਹਾਂ ਨਹੀਂ ਕੀਤਾ। ਤਾਂ ਫਿਰ, ਉਸ ਨੇ ਆਪਣੇ ਲਈ ਕਿੱਦਾਂ ਦਾ ਨਾਂ ਕਮਾਇਆ? ਬਾਈਬਲ ਵਿਚ ਲਿਖਿਆ ਹੈ ਕਿ ਉਹ “ਵੱਡਾ ਬੋਲ ਵਿਗਾੜ ਅਤੇ ਖੋਟਾ,” “ਸ਼ਤਾਨ ਦਾ ਪੁੱਤ੍ਰ” ਅਤੇ “ਬੁਰਾ” ਸੀ। ਨਾਬਾਲ ਦੇ ਨਾਂ ਦਾ ਮਤਲਬ ਹੈ “ਮੂਰਖਤਾਈ” ਅਤੇ ਉਸ ਨੇ ਆਪਣੇ ਨਾਂ ਮੁਤਾਬਕ ਹੀ ਕੰਮ ਕੀਤਾ। (1 ਸਮੂਏਲ 25:3, 17, 25) ਕੀ ਤੁਸੀਂ ਆਪਣੇ ਲਈ ਇੱਦਾਂ ਦਾ ਨਾਂ ਕਮਾਉਣਾ ਚਾਹੁੰਦੇ ਹੋ? ਕੀ ਤੁਸੀਂ ਦੂਸਰਿਆਂ ਨਾਲ ਸਖ਼ਤੀ ਨਾਲ ਪੇਸ਼ ਆਉਂਦੇ ਹੋ, ਖ਼ਾਸ ਕਰਕੇ ਉਨ੍ਹਾਂ ਨਾਲ ਜੋ ਤੁਹਾਡੇ ਨਾਲੋਂ ਕਮਜ਼ੋਰ ਹਨ? ਜਾਂ ਕੀ ਤੁਸੀਂ ਦਿਆਲੂ ਤੇ ਮਹਿਮਾਨਨਿਵਾਜ਼ ਹੋ ਅਤੇ ਦੂਸਰਿਆਂ ਪ੍ਰਤੀ ਹਮਦਰਦੀ ਨਾਲ ਪੇਸ਼ ਆਉਂਦੇ ਹੋ?
ਅਬੀਗੈਲ—ਇਕ ਸਿਆਣੀ ਤੀਵੀਂ
ਨਾਬਾਲ ਨੇ ਆਕੜ ਦਿਖਾ ਕੇ ਵੱਡੀ ਮੁਸੀਬਤ ਸਹੇੜ ਲਈ ਸੀ। ਜਦੋਂ ਦਾਊਦ ਨੇ ਨਾਬਾਲ ਦਾ ਜਵਾਬ ਸੁਣਿਆ, ਤਾਂ ਉਹ ਤੇ ਉਸ ਦੇ 400 ਆਦਮੀ ਆਪਣੀਆਂ ਤਲਵਾਰਾਂ ਲੈ ਕੇ ਨਾਬਾਲ ਨੂੰ ਸਬਕ ਸਿਖਾਉਣ ਲਈ ਨਿਕਲ ਤੁਰੇ। ਜਦੋਂ ਨਾਬਾਲ ਦੀ ਪਤਨੀ ਅਬੀਗੈਲ ਦੇ ਕੰਨੀਂ ਇਹ ਖ਼ਬਰ ਪਹੁੰਚੀ ਕਿ ਉਸ ਦੇ ਪਤੀ ਨੇ ਕੀ ਮੂਰਖਤਾਈ ਕੀਤੀ ਸੀ, ਤਾਂ ਉਹ ਸਮਝ ਗਈ ਕਿ ਉਨ੍ਹਾਂ ਉੱਤੇ ਮੁਸੀਬਤਾਂ ਦਾ ਪਹਾੜ ਟੁੱਟਣ ਵਾਲਾ ਸੀ। ਕੀ ਉਹ ਇਸ ਬਲ਼ਾ ਨੂੰ ਟਾਲ ਸਕਦੀ ਸੀ? ਉਸ ਨੇ ਫਟਾਫਟ ਬਹੁਤ ਸਾਰਾ ਭੋਜਨ ਤਿਆਰ ਕਰਵਾਇਆ ਅਤੇ ਇਸ ਨੂੰ ਨਾਲ ਲੈ ਕੇ ਦਾਊਦ ਤੇ ਉਸ ਦੇ ਆਦਮੀਆਂ ਨੂੰ ਮਿਲਣ ਲਈ ਨਿਕਲ ਪਈ। ਜਦੋਂ ਉਹ ਉਨ੍ਹਾਂ ਨੂੰ ਮਿਲੀ, ਤਾਂ ਉਸ ਨੇ ਦਾਊਦ ਅੱਗੇ ਨਿਓਂ ਕੇ ਤਰਲੇ ਕੀਤੇ ਕਿ ਉਹ ਖ਼ੂਨ ਵਹਾਉਣ ਤੋਂ ਆਪਣੇ ਹੱਥ ਰੋਕ ਲਵੇ। ਦਾਊਦ ਦਾ ਦਿਲ ਪਿਘਲ ਗਿਆ। ਉਸ ਨੇ ਅਬੀਗੈਲ ਦੀ ਬੇਨਤੀ ਸੁਣ ਲਈ ਅਤੇ ਵਾਪਸ ਮੁੜ ਗਿਆ। ਇਨ੍ਹਾਂ ਘਟਨਾਵਾਂ ਤੋਂ ਕੁਝ ਸਮੇਂ ਬਾਅਦ ਹੀ ਨਾਬਾਲ ਦੀ ਮੌਤ ਹੋ ਗਈ। ਦਾਊਦ ਨੇ ਅਬੀਗੈਲ ਦੇ ਚੰਗੇ ਗੁਣ ਦੇਖਦੇ ਹੋਏ ਉਸ ਨੂੰ ਆਪਣੀ ਪਤਨੀ ਬਣਾ ਲਿਆ।—1 ਸਮੂਏਲ 25:14-42.
ਅਬੀਗੈਲ ਨੇ ਆਪਣੇ ਲਈ ਕਿੱਦਾਂ ਦਾ ਨਾਂ ਕਮਾਇਆ ਸੀ? ਉਹ “ਵੱਡੀ ਸਿਆਣੀ” ਸੀ ਅਤੇ ਜਾਣਦੀ ਸੀ ਕਿ ਉਸ ਨੂੰ ਕਦੋਂ ਕਿਹੜਾ ਕਦਮ ਚੁੱਕਣਾ ਚਾਹੀਦਾ ਸੀ। ਉਸ ਨੇ ਆਪਣੇ ਮੂਰਖ ਪਤੀ ਤੇ ਉਸ ਦੇ ਘਰਾਣੇ ਨੂੰ ਨਾਸ਼ ਹੋਣ ਤੋਂ ਬਚਾਉਣ ਲਈ ਕਦਮ ਚੁੱਕੇ। ਅਖ਼ੀਰ ਵਿਚ ਉਹ ਵੀ ਮਰ ਗਈ, ਪਰ ਉਸ ਨੇ ਆਪਣੇ ਲਈ ਕਿੰਨਾ ਵਧੀਆ ਨਾਂ ਕਮਾਇਆ ਕਿ ਲੋਕ ਉਸ ਨੂੰ ਸਿਆਣੀ ਤੀਵੀਂ ਕਹਿ ਕੇ ਯਾਦ ਕਰਦੇ ਹਨ।—1 ਸਮੂਏਲ 25:3.
ਪਤਰਸ ਨੇ ਕਿੱਦਾਂ ਦਾ ਨਾਂ ਕਮਾਇਆ?
ਆਓ ਆਪਾਂ ਅਬੀਗੈਲ ਤੋਂ ਕਈ ਸਦੀਆਂ ਬਾਅਦ ਪਹਿਲੀ ਸਦੀ ਵਿਚ ਯਿਸੂ ਦੇ 12 ਚੇਲਿਆਂ ਉੱਤੇ ਗੌਰ ਕਰੀਏ। ਉਨ੍ਹਾਂ ਵਿੱਚੋਂ ਇਕ ਚੇਲਾ ਪਤਰਸ (ਕੇਫ਼ਾਸ) ਬਾਕੀਆਂ ਨਾਲੋਂ ਜ਼ਿਆਦਾ ਜਲਦਬਾਜ਼ ਸੀ ਤੇ ਬਿਨਾਂ ਸੋਚੇ ਝੱਟ ਬੋਲ ਪੈਂਦਾ ਸੀ। ਉਹ ਪਹਿਲਾਂ
ਗਲੀਲ ਵਿਚ ਮੱਛੀਆਂ ਫੜਨ ਦਾ ਕੰਮ ਕਰਿਆ ਕਰਦਾ ਸੀ। ਉਹ ਬਹੁਤ ਹੀ ਚੁਸਤ ਤੇ ਹਿੰਮਤੀ ਆਦਮੀ ਸੀ ਅਤੇ ਆਪਣੀ ਰਾਇ ਪੇਸ਼ ਕਰਨ ਤੋਂ ਨਹੀਂ ਝਿਜਕਦਾ ਸੀ। ਉਦਾਹਰਣ ਲਈ, ਇਕ ਵਾਰ ਯਿਸੂ ਨੇ ਆਪਣੇ ਚੇਲਿਆਂ ਦੇ ਪੈਰ ਧੋਤੇ। ਜਦੋਂ ਪਤਰਸ ਦੇ ਪੈਰ ਧੋਣ ਦੀ ਵਾਰੀ ਆਈ, ਤਾਂ ਉਸ ਨੇ ਕੀ ਕੀਤਾ?ਪਤਰਸ ਨੇ ਯਿਸੂ ਨੂੰ ਕਿਹਾ: “ਪ੍ਰਭੁ ਜੀ ਤੂੰ ਮੇਰੇ ਪੈਰ ਧੋਂਦਾ ਹੈਂ?” ਯਿਸੂ ਨੇ ਜਵਾਬ ਦਿੱਤਾ: “ਜੋ ਮੈਂ ਕਰਦਾ ਹਾਂ ਸੋ ਤੂੰ ਹੁਣ ਨਹੀਂ ਜਾਣਦਾ ਪਰ ਇਹ ਦੇ ਪਿੱਛੋਂ ਸਮਝੇਂਗਾ।” ਪਤਰਸ ਨੇ ਅੱਗੋਂ ਕਿਹਾ: “ਤੈਂ ਮੇਰੇ ਪੈਰ ਕਦੇ ਨਾ ਧੋਣੇ!” ਗੌਰ ਕਰੋ ਕਿ ਪਤਰਸ ਨੇ ਕਿੰਨਾ ਜ਼ੋਰ ਦੇ ਕੇ ਝੱਟ ਹੀ ਇਹ ਗੱਲ ਕਹਿ ਦਿੱਤੀ। ਯਿਸੂ ਨੇ ਕੀ ਕੀਤਾ?
ਯਿਸੂ ਨੇ ਜਵਾਬ ਦਿੱਤਾ: “ਜੇ ਮੈਂ ਤੈਨੂੰ ਨਾ ਧੋਵਾਂ ਤਾਂ ਮੇਰੇ ਨਾਲ ਤੇਰਾ ਕੋਈ ਹਿੱਸਾ ਨਾ ਹੋਵੇਗਾ।” ਇਹ ਸੁਣ ਕੇ ਸ਼ਮਊਨ ਪਤਰਸ ਨੇ ਉਸ ਨੂੰ ਕਿਹਾ: “ਪ੍ਰਭੁ ਜੀ ਨਿਰੇ ਮੇਰੇ ਪੈਰ ਹੀ ਨਹੀਂ ਸਗੋਂ ਹੱਥ ਅਰ ਸਿਰ ਭੀ ਧੋ!” ਪਤਰਸ ਨੇ ਝੱਟ ਆਪਣੀ ਰਾਇ ਬਦਲ ਲਈ ਸੀ! ਪਰ ਇੰਨੀ ਗੱਲ ਪੱਕੀ ਸੀ ਕਿ ਪਤਰਸ ਦੇ ਦਿਲ ਵਿਚ ਕੋਈ ਛਲ ਜਾਂ ਫਰੇਬ ਨਹੀਂ ਸੀ। ਉਸ ਦੇ ਮਨ ਵਿਚ ਜੋ ਸੀ, ਉਹੋ ਉਹ ਬੋਲ ਦਿੰਦਾ ਸੀ।—ਯੂਹੰਨਾ 13:6-9.
ਪਤਰਸ ਨੂੰ ਯਾਦ ਕਰਦੇ ਸਮੇਂ ਅਸੀਂ ਅਕਸਰ ਉਸ ਦੀਆਂ ਕਮਜ਼ੋਰੀਆਂ ਬਾਰੇ ਵੀ ਗੱਲ ਕਰਦੇ ਹਾਂ। ਮਿਸਾਲ ਲਈ, ਜਦੋਂ ਲੋਕਾਂ ਨੇ ਉਸ ਉੱਤੇ ਦੋਸ਼ ਲਾਇਆ ਕਿ ਉਹ ਵੀ ਯਿਸੂ ਦਾ ਚੇਲਾ ਸੀ, ਤਾਂ ਉਸ ਨੇ ਤਿੰਨ ਵਾਰ ਇਸ ਗੱਲ ਦਾ ਇਨਕਾਰ ਕੀਤਾ। ਪਰ ਜਦੋਂ ਪਤਰਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ, ਤਾਂ ਉਹ ਫੁੱਟ-ਫੁੱਟ ਕੇ ਰੋਇਆ। ਉਹ ਆਪਣਾ ਦੁੱਖ ਜਾਂ ਪਛਤਾਵਾ ਦਿਖਾਉਣ ਤੋਂ ਨਹੀਂ ਸ਼ਰਮਾਉਂਦਾ ਸੀ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪਤਰਸ ਦੀ ਇਸ ਗ਼ਲਤੀ ਦਾ ਬਿਰਤਾਂਤ ਇੰਜੀਲਾਂ ਦੇ ਲਿਖਾਰੀਆਂ ਨੇ ਲਿਖਿਆ ਸੀ। ਪਰ ਉਨ੍ਹਾਂ ਨੂੰ ਇਸ ਬਾਰੇ ਆਪ ਪਤਰਸ ਨੇ ਹੀ ਦੱਸਿਆ ਹੋਣਾ! ਪਤਰਸ ਹਲੀਮ ਸੀ ਅਤੇ ਉਸ ਨੇ ਆਪਣੀਆਂ ਕਮਜ਼ੋਰੀਆਂ ਨੂੰ ਲੁਕੋਣ ਦੀ ਕੋਸ਼ਿਸ਼ ਨਹੀਂ ਕੀਤੀ। ਕੀ ਤੁਹਾਡੇ ਵਿਚ ਇਹ ਗੁਣ ਹੈ?—ਮੱਤੀ 26:69-75; ਮਰਕੁਸ 14:66-72; ਲੂਕਾ 22:54-62; ਯੂਹੰਨਾ 18:15-18, 25-27.
ਮਸੀਹ ਦਾ ਚੇਲਾ ਹੋਣ ਤੋਂ ਇਨਕਾਰ ਕਰਨ ਦੇ ਕੁਝ ਹੀ ਹਫ਼ਤਿਆਂ ਬਾਅਦ ਪੰਤੇਕੁਸਤ ਦੇ ਤਿਉਹਾਰ ਤੇ ਪਤਰਸ ਨੂੰ ਪਵਿੱਤਰ ਆਤਮਾ ਮਿਲੀ। ਇਸ ਦੀ ਸ਼ਕਤੀ ਨਾਲ ਉਸ ਨੇ ਯਹੂਦੀਆਂ ਦੀ ਭੀੜ ਨੂੰ ਬੜੀ ਦਲੇਰੀ ਨਾਲ ਪ੍ਰਚਾਰ ਕੀਤਾ। ਇਹ ਇਕ ਪੱਕੀ ਨਿਸ਼ਾਨੀ ਸੀ ਕਿ ਯਿਸੂ ਨੂੰ ਮੁੜ ਜੀ ਉੱਠਣ ਤੋਂ ਬਾਅਦ ਵੀ ਪਤਰਸ ਉੱਤੇ ਪੂਰਾ ਭਰੋਸਾ ਸੀ।—ਬਾਅਦ ਵਿਚ ਪਤਰਸ ਨੇ ਇਕ ਹੋਰ ਗ਼ਲਤੀ ਕੀਤੀ। ਪੌਲੁਸ ਰਸੂਲ ਨੇ ਕਿਹਾ ਕਿ ਪਤਰਸ ਪਹਿਲਾਂ ਗ਼ੈਰ-ਯਹੂਦੀ ਮਸੀਹੀਆਂ ਨਾਲ ਖਾਂਦਾ-ਪੀਂਦਾ ਸੀ। ਪਰ ਜਦੋਂ ਕੁਝ ਯਹੂਦੀ ਭਰਾ ਯਰੂਸ਼ਲਮ ਤੋਂ ਅੰਤਾਕਿਯਾ ਆਏ, ਤਾਂ ਪਤਰਸ ਨੇ ਇਨ੍ਹਾਂ “ਸੁੰਨਤੀਆਂ ਦੇ ਡਰ ਦੇ ਮਾਰੇ” ਆਪਣੇ ਆਪ ਨੂੰ ਗ਼ੈਰ-ਯਹੂਦੀ ਭਰਾਵਾਂ ਤੋਂ ਅਲੱਗ ਕਰ ਲਿਆ। ਇਸ ਕਾਰਨ ਪੌਲੁਸ ਨੇ ਪਤਰਸ ਨੂੰ ਝਾੜਿਆ।—ਗਲਾਤੀਆਂ 2:11-14.
ਪਰ ਉਸ ਸਮੇਂ ਕੀ ਹੋਇਆ ਸੀ ਜਦੋਂ ਯਿਸੂ ਦੇ ਬਹੁਤ ਸਾਰੇ ਚੇਲੇ ਉਸ ਨੂੰ ਛੱਡ ਕੇ ਚਲੇ ਗਏ ਸਨ? ਉਸ ਨਾਜ਼ੁਕ ਮੌਕੇ ਤੇ ਕਿਸ ਨੇ ਯਿਸੂ ਪ੍ਰਤੀ ਵਫ਼ਾਦਾਰੀ ਪ੍ਰਗਟਾਈ ਸੀ? ਉਦੋਂ ਯਿਸੂ ਨੇ ਲੋਕਾਂ ਨੂੰ ਉਸ ਦਾ ਮਾਸ ਖਾਣ ਅਤੇ ਖ਼ੂਨ ਪੀਣ ਦੀ ਮਹੱਤਤਾ ਬਾਰੇ ਨਵੀਂ ਗੱਲ ਦੱਸੀ ਸੀ। ਉਸ ਨੇ ਕਿਹਾ: “ਜੇ ਤੁਸੀਂ ਮਨੁੱਖ ਦੇ ਪੁੱਤ੍ਰ ਦਾ ਮਾਸ ਨਾ ਖਾਓ ਅਤੇ ਉਹ ਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਉਣ ਨਹੀਂ ਹੈ।” ਇਹ ਗੱਲ ਸੁਣ ਕੇ ਯਿਸੂ ਦੇ ਬਹੁਤ ਸਾਰੇ ਯਹੂਦੀ ਚੇਲਿਆਂ ਨੂੰ ਬੜਾ ਧੱਕਾ ਲੱਗਾ ਅਤੇ ਉਹ ਕਹਿਣ ਲੱਗੇ: “ਇਹ ਔਖੀ ਗੱਲ ਹੈ, ਇਹ ਨੂੰ ਕੌਣ ਸੁਣ ਸੱਕਦਾ ਹੈ?” ਫਿਰ ਕੀ ਹੋਇਆ? “ਇਸ ਗੱਲ ਤੋਂ ਉਹ ਦੇ ਚੇਲਿਆਂ ਵਿੱਚੋਂ ਬਹੁਤੇ ਪਿਛਾਹਾਂ ਨੂੰ ਫਿਰ ਗਏ ਅਤੇ ਮੁੜ ਉਹ ਦੇ ਨਾਲ ਨਾ ਚੱਲੇ।”—ਯੂਹੰਨਾ 6:50-66.
ਉਸ ਨਾਜ਼ੁਕ ਮੌਕੇ ਤੇ ਯਿਸੂ ਨੇ ਆਪਣੇ 12 ਚੇਲਿਆਂ ਨੂੰ ਪੁੱਛਿਆ: “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?” ਪਤਰਸ ਨੇ ਜਵਾਬ ਦਿੱਤਾ: “ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏ? ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ। ਅਰ ਅਸਾਂ ਤਾਂ ਨਿਹਚਾ ਕੀਤੀ ਅਤੇ ਜਾਣਿਆ ਹੈ ਕਿ ਤੂੰ ਪਰਮੇਸ਼ੁਰ ਦਾ ਪਵਿੱਤ੍ਰ ਪੁਰਖ ਹੈਂ।”—ਯੂਹੰਨਾ 6:67-69.
ਪਤਰਸ ਨੇ ਆਪਣੇ ਲਈ ਕਿੱਦਾਂ ਦਾ ਨਾਂ ਕਮਾਇਆ ਸੀ? ਬਾਈਬਲ ਵਿਚ ਉਸ ਬਾਰੇ ਪੜ੍ਹਨ ਤੋਂ ਬਾਅਦ ਅਸੀਂ ਉਸ ਦੀ ਈਮਾਨਦਾਰੀ, ਸਾਫ਼ ਮਨ, ਵਫ਼ਾਦਾਰੀ ਅਤੇ ਆਪਣੀਆਂ ਗ਼ਲਤੀਆਂ ਨੂੰ ਕਬੂਲ ਕਰਨ ਦੀ ਹਿੰਮਤ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੇ। ਪਤਰਸ ਨੇ ਆਪਣੇ ਲਈ ਕਿੰਨਾ ਵਧੀਆ ਨਾਂ ਕਮਾਇਆ!
ਯਿਸੂ ਕਿਸ ਤਰ੍ਹਾਂ ਦਾ ਇਨਸਾਨ ਸੀ?
ਯਿਸੂ ਨੇ ਸਿਰਫ਼ ਸਾਢੇ ਤਿੰਨ ਸਾਲ ਧਰਤੀ ਉੱਤੇ ਪ੍ਰਚਾਰ ਕੀਤਾ ਸੀ। ਪਰ ਉਸ ਦੇ ਚੇਲੇ ਉਸ ਬਾਰੇ ਕੀ ਸੋਚਦੇ ਸਨ? ਕੀ ਉਹ ਆਪਣੇ ਆਪ ਨੂੰ ਦੂਸਰਿਆਂ ਤੋਂ ਦੂਰ ਰੱਖਦਾ ਸੀ ਤੇ ਉਨ੍ਹਾਂ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਂਦਾ ਸੀ ਕਿਉਂਕਿ ਉਹ ਮੁਕੰਮਲ ਸੀ ਅਤੇ ਉਸ ਵਿਚ ਕੋਈ ਪਾਪ ਨਹੀਂ ਸੀ? ਕੀ ਉਹ ਪਰਮੇਸ਼ੁਰ ਦਾ ਪੁੱਤਰ ਹੋਣ ਦੇ ਨਾਤੇ ਆਕੜ ਦਿਖਾਉਂਦਾ ਸੀ? ਕੀ ਉਹ ਆਪਣੇ ਚੇਲਿਆਂ ਨੂੰ ਡਰਾ-ਧਮਕਾ ਕੇ ਉਨ੍ਹਾਂ ਕੋਲੋਂ ਆਪਣੀ ਗੱਲ ਮੰਨਵਾਉਂਦਾ ਸੀ? ਕੀ ਉਹ ਇੰਨਾ ਗੰਭੀਰ ਤੇ ਸਖ਼ਤ-ਮਿਜ਼ਾਜ ਵਾਲਾ ਵਿਅਕਤੀ ਸੀ ਕਿ ਕਦੇ ਹੱਸਦਾ ਹੀ ਨਹੀਂ ਸੀ? ਕੀ ਉਹ ਆਪਣੇ ਕੰਮਾਂ ਵਿਚ ਇੰਨਾ ਰੁੱਝਿਆ ਰਹਿੰਦਾ ਸੀ ਕਿ ਉਸ ਕੋਲ ਕਮਜ਼ੋਰ ਤੇ ਬੀਮਾਰ ਲੋਕਾਂ ਜਾਂ ਬੱਚਿਆਂ ਲਈ ਸਮਾਂ ਹੀ ਨਹੀਂ ਬਚਦਾ ਸੀ? ਕੀ ਉਹ ਆਪਣੇ ਜ਼ਮਾਨੇ ਦੇ ਦੂਸਰੇ ਮਰਦਾਂ ਵਾਂਗ ਵੱਖ ਜਾਤੀ ਦੇ ਲੋਕਾਂ ਅਤੇ ਔਰਤਾਂ ਨੂੰ ਤੁੱਛ ਸਮਝਦਾ ਸੀ? ਬਾਈਬਲ ਇਸ ਬਾਰੇ ਸਾਨੂੰ ਕੀ ਦੱਸਦੀ ਹੈ?
ਯਿਸੂ ਲੋਕਾਂ ਵਿਚ ਰੁਚੀ ਰੱਖਦਾ ਸੀ। ਬਾਈਬਲ ਦੱਸਦੀ ਹੈ ਕਿ ਉਸ ਨੇ ਕਈ ਵਾਰ ਲੰਗੜੇ ਤੇ ਬੀਮਾਰ ਲੋਕਾਂ ਨੂੰ ਚੰਗਾ ਕੀਤਾ। ਉਹ ਦੂਸਰਿਆਂ ਦੀ ਮਦਦ ਕਰਨ ਲਈ ਹਰ ਸਮੇਂ ਤਿਆਰ-ਬਰ-ਤਿਆਰ ਰਹਿੰਦਾ ਸੀ। ਉਹ ਬੱਚਿਆਂ ਨਾਲ ਵੀ ਪਿਆਰ ਕਰਦਾ ਸੀ ਅਤੇ ਆਪਣੇ ਚੇਲਿਆਂ ਨੂੰ ਕਹਿੰਦਾ ਸੀ: “ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ। ਉਨ੍ਹਾਂ ਨੂੰ ਨਾ ਵਰਜੋ।” ਫਿਰ ਯਿਸੂ ਨੇ “ਉਨ੍ਹਾਂ ਨੂੰ ਕੁੱਛੜ ਚੁੱਕਿਆ ਅਰ ਉਨ੍ਹਾਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਅਸੀਸ ਦਿੱਤੀ।” ਕੀ ਤੁਸੀਂ ਬੱਚਿਆਂ ਲਈ ਸਮਾਂ ਕੱਢਦੇ ਹੋ ਜਾਂ ਕੀ ਤੁਸੀਂ ਆਪਣੇ ਕੰਮਾਂ ਵਿਚ ਇੰਨੇ ਮਗਨ ਰਹਿੰਦੇ ਹੋ ਕਿ ਉਨ੍ਹਾਂ ਵੱਲ ਧਿਆਨ ਹੀ ਨਹੀਂ ਦਿੰਦੇ?—ਮਰਕੁਸ 10:13-16; ਮੱਤੀ 19:13-15.
ਯਿਸੂ ਦੇ ਜ਼ਮਾਨੇ ਵਿਚ, ਯਹੂਦੀ ਧਾਰਮਿਕ ਆਗੂ ਲੋਕਾਂ ਉੱਤੇ ਆਪਣੇ ਹੀ ਧਾਰਮਿਕ ਨਿਯਮਾਂ ਤੇ ਅਸੂਲਾਂ ਦਾ ਬੋਝ ਲੱਦ ਰਹੇ ਸਨ। ਉਹ ਆਪ ਇਸ ਬੋਝ ਨੂੰ ਆਪਣੀ ਇਕ ਉਂਗਲੀ ਨਾਲ ਖਿਸਕਾਉਣ ਲਈ ਵੀ ਤਿਆਰ ਨਹੀਂ ਸਨ। (ਮੱਤੀ 23:4; ਲੂਕਾ 11:46) ਪਰ ਯਿਸੂ ਉਨ੍ਹਾਂ ਤੋਂ ਕਿੰਨਾ ਵੱਖਰਾ ਸੀ! ਉਸ ਨੇ ਕਿਹਾ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।”—ਮੱਤੀ 11:28-30.
ਯਿਸੂ ਦੀ ਸੰਗਤ ਵਿਚ ਲੋਕਾਂ ਨੂੰ ਆਰਾਮ ਮਿਲਦਾ ਸੀ। ਯਿਸੂ ਆਪਣੇ ਚੇਲਿਆਂ ਨੂੰ ਡਰਾਉਂਦਾ-ਧਮਕਾਉਂਦਾ ਨਹੀਂ ਸੀ ਜਿਸ ਕਰਕੇ ਉਹ ਆਪਣੇ ਵਿਚਾਰ ਦੱਸਣ ਤੋਂ ਨਹੀਂ ਡਰਦੇ ਸਨ। ਦਰਅਸਲ ਯਿਸੂ ਉਨ੍ਹਾਂ ਦੀ ਰਾਇ ਜਾਣਨ ਲਈ ਉਨ੍ਹਾਂ ਨੂੰ ਸਵਾਲ ਪੁੱਛਿਆ ਕਰਦਾ ਸੀ। (ਮਰਕੁਸ 8:27-29) ਅੱਜ ਮਸੀਹੀ ਨਿਗਾਹਬਾਨਾਂ ਨੂੰ ਵੀ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ: ‘ਕੀ ਭੈਣ-ਭਰਾ ਮੇਰੀ ਸੰਗਤ ਵਿਚ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ? ਕੀ ਦੂਸਰੇ ਬਜ਼ੁਰਗ ਬਿਨਾਂ ਝਿਜਕੇ ਮੈਨੂੰ ਆਪਣੀ ਰਾਇ ਦੱਸਦੇ ਹਨ ਜਾਂ ਕੀ ਉਹ ਇਸ ਤਰ੍ਹਾਂ ਕਰਨ ਤੋਂ ਡਰਦੇ ਹਨ?’ ਜਦੋਂ ਭੈਣ-ਭਰਾ ਬਜ਼ੁਰਗਾਂ ਨਾਲ ਖੁੱਲ੍ਹ ਕੇ ਗੱਲ ਕਰ ਸਕਦੇ ਹਨ ਅਤੇ ਬਜ਼ੁਰਗ ਹਮਦਰਦੀ ਨਾਲ ਉਨ੍ਹਾਂ ਦੀ ਗੱਲ ਸੁਣਦੇ ਹਨ, ਤਾਂ ਇਹ ਕਿੰਨੀ ਚੰਗੀ ਗੱਲ ਹੈ! ਪਰ ਜਦੋਂ ਬਜ਼ੁਰਗ ਆਪਣੀ ਗੱਲ ਤੇ ਹੀ ਅੜੇ ਰਹਿੰਦੇ ਹਨ, ਤਾਂ ਦੂਸਰੇ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਨਹੀਂ ਕਰ ਸਕਣਗੇ।
ਪਰਮੇਸ਼ੁਰ ਦਾ ਪੁੱਤਰ ਹੋਣ ਦੇ ਬਾਵਜੂਦ ਯਿਸੂ ਨੇ ਕਦੇ ਵੀ ਆਪਣੀ ਤਾਕਤ ਜਾਂ ਅਧਿਕਾਰ ਦੀ ਗ਼ਲਤ ਵਰਤੋਂ ਨਹੀਂ ਕੀਤੀ। ਆਪਣੀ ਰਾਇ ਉਨ੍ਹਾਂ ਉੱਤੇ ਠੋਸਣ ਦੀ ਬਜਾਇ, ਉਹ ਆਪਣੇ ਸੁਣਨ ਵਾਲਿਆਂ ਨੂੰ ਸੋਚਣ ਲਈ ਮਜਬੂਰ ਕਰਦਾ ਸੀ। ਮਿਸਾਲ ਲਈ, ਫ਼ਰੀਸੀਆਂ ਨੇ ਇਕ ਵਾਰ ਉਸ ਨੂੰ ਫਸਾਉਣ ਲਈ ਸਵਾਲ ਪੁੱਛਿਆ: “ਕੈਸਰ ਨੂੰ ਜਜ਼ੀਯਾ ਦੇਣਾ ਜੋਗ ਹੈ ਯਾ ਨਹੀਂ?” ਯਿਸੂ ਨੇ ਉਨ੍ਹਾਂ ਕੋਲੋਂ ਇਕ ਸਿੱਕਾ ਮੰਗਿਆ ਅਤੇ ਪੁੱਛਿਆ: “ਇਹ ਮੂਰਤ ਅਤੇ ਲਿਖਤ ਕਿਹ ਦੀ ਹੈ?” ਉਨ੍ਹਾਂ ਨੇ ਜਵਾਬ ਦਿੱਤਾ: “ਕੈਸਰ ਦੀ।” ਯਿਸੂ ਨੇ ਉਨ੍ਹਾਂ ਨੂੰ ਕਿਹਾ: “ਫੇਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।” (ਮੱਤੀ 22:15-21) ਯਿਸੂ ਨੇ ਇੰਨੇ ਆਸਾਨ ਤਰੀਕੇ ਨਾਲ ਗੱਲ ਸਮਝਾਈ ਕਿ ਇਹ ਸਾਰਿਆਂ ਦੇ ਪੱਲੇ ਪੈ ਗਈ।
ਕੀ ਯਿਸੂ ਕਦੇ ਹਾਸਾ-ਮਜ਼ਾਕ ਵੀ ਕਰਦਾ ਸੀ? ਕੁਝ ਲੋਕ ਬਾਈਬਲ ਵਿਚ ਉਸ ਬਿਰਤਾਂਤ ਨੂੰ ਪੜ੍ਹ ਕੇ ਮੁਸਕਰਾਉਂਦੇ ਹਨ ਜਦੋਂ ਯਿਸੂ ਨੇ ਕਿਹਾ ਸੀ ਕਿ ਸੂਈ ਦੇ ਨੱਕੇ ਵਿੱਚੋਂ ਦੀ ਊਠ ਦਾ ਲੰਘਣਾ ਇਸ ਨਾਲੋਂ ਸੌਖਾ ਹੈ ਕਿ ਧਨੀ ਮਨੁੱਖ ਪਰਮੇਸ਼ੁਰ ਦੇ ਰਾਜ ਵਿਚ ਵੜੇ। (ਮੱਤੀ 19:23, 24) ਜੇ ਅਸੀਂ ਆਪਣੇ ਮਨ ਵਿਚ ਕਲਪਨਾ ਕਰੀਏ ਕਿ ਇਕ ਊਠ ਸੂਈ ਦੇ ਨੱਕੇ ਵਿੱਚੋਂ ਦੀ ਲੰਘਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਸਾਨੂੰ ਹਾਸਾ ਆ ਜਾਵੇਗਾ। ਯਿਸੂ ਨੇ ਇਸੇ ਤਰ੍ਹਾਂ ਦੀ ਇਕ ਹੋਰ ਉਦਾਹਰਣ ਦਿੱਤੀ ਸੀ ਜਦੋਂ ਉਸ ਨੇ ਕਿਹਾ ਕਿ ਅਸੀਂ ਆਪਣੇ ਭਰਾ ਦੀ ਅੱਖ ਵਿਚ ਕੱਖ ਦੇਖਦੇ ਹਾਂ, ਪਰ ਆਪਣੀ ਅੱਖ ਵਿਚ ਪਏ ਸ਼ਤੀਰ ਨੂੰ ਨਹੀਂ ਦੇਖਦੇ। (ਲੂਕਾ 6:41, 42) ਜੀ ਹਾਂ, ਯਿਸੂ ਹਾਸਾ-ਮਜ਼ਾਕ ਕਰਨਾ ਵੀ ਜਾਣਦਾ ਸੀ। ਉਸ ਤੋਂ ਅਸੀਂ ਸਿੱਖਦੇ ਹਾਂ ਕਿ ਅੱਜ ਦੇ ਤਣਾਅ ਭਰੇ ਜ਼ਮਾਨੇ ਵਿਚ ਅਸੀਂ ਵੀ ਕਦੇ-ਕਦਾਈਂ ਹਾਸਾ-ਮਜ਼ਾਕ ਕਰ ਕੇ ਮਨ ਹੌਲਾ ਕਰ ਸਕਦੇ ਹਾਂ।
ਯਿਸੂ ਨੂੰ ਔਰਤਾਂ ਨਾਲ ਹਮਦਰਦੀ ਸੀ
ਯਿਸੂ ਦੀ ਸੰਗਤ ਵਿਚ ਔਰਤਾਂ ਕਿਵੇਂ ਮਹਿਸੂਸ ਕਰਦੀਆਂ ਸਨ? ਕਈ ਵਫ਼ਾਦਾਰ ਔਰਤਾਂ ਯਿਸੂ ਦੀਆਂ ਚੇਲੀਆਂ ਬਣੀਆਂ ਜਿਨ੍ਹਾਂ ਵਿਚ ਉਸ ਦੀ ਮਾਂ ਮਰਿਯਮ ਵੀ ਸ਼ਾਮਲ ਸੀ। (ਲੂਕਾ 8:1-3; 23:55, 56; 24:9, 10) ਔਰਤਾਂ ਯਿਸੂ ਕੋਲ ਬੇਝਿਜਕ ਆਉਂਦੀਆਂ ਸਨ। ਮਿਸਾਲ ਲਈ, ਇਕ ਮੌਕੇ ਤੇ ਇਕ “ਪਾਪਣ” ਨੇ ਯਿਸੂ ਦੇ ਪੈਰਾਂ ਨੂੰ ਆਪਣੇ ਅੰਝੂਆਂ ਨਾਲ ਧੋਤਾ ਅਤੇ ਇਨ੍ਹਾਂ ਉੱਤੇ ਅਤਰ ਮਲਿਆ। (ਲੂਕਾ 7:37, 38) ਇਕ ਹੋਰ ਮੌਕੇ ਤੇ ਇਕ ਤੀਵੀਂ ਨੇ ਭੀੜ ਵਿੱਚੋਂ ਲੰਘ ਕੇ ਯਿਸੂ ਦੇ ਕੱਪੜਿਆਂ ਨੂੰ ਹੱਥ ਲਾਇਆ। ਉਸ ਨੂੰ ਕਈ ਸਾਲਾਂ ਤੋਂ ਲਹੂ ਆਉਂਦਾ ਸੀ ਅਤੇ ਯਿਸੂ ਦੇ ਕੱਪੜਿਆਂ ਨੂੰ ਛੋਹ ਕੇ ਉਸ ਨੂੰ ਆਪਣੀ ਬੀਮਾਰੀ ਤੋਂ ਰਾਹਤ ਮਿਲੀ ਸੀ। ਯਿਸੂ ਨੇ ਉਸ ਦੀ ਨਿਹਚਾ ਦੀ ਤਾਰੀਫ਼ ਕੀਤੀ। (ਮੱਤੀ 9:20-22) ਜੀ ਹਾਂ, ਇਸ ਵਿਚ ਕੋਈ ਸ਼ੱਕ ਨਹੀਂ ਕਿ ਔਰਤਾਂ ਯਿਸੂ ਕੋਲ ਆਉਣ ਵਿਚ ਕੋਈ ਝਿਜਕ ਮਹਿਸੂਸ ਨਹੀਂ ਕਰਦੀਆਂ ਸਨ।
ਇਕ ਹੋਰ ਮੌਕੇ ਤੇ ਯਿਸੂ ਨੇ ਖੂਹ ਤੇ ਇਕ ਸਾਮਰੀ ਤੀਵੀਂ ਨਾਲ ਗੱਲ ਕੀਤੀ। ਉਹ ਤੀਵੀਂ ਇੰਨੀ ਹੈਰਾਨ ਹੋਈ ਕਿ ਉਸ ਨੇ ਕਿਹਾ: “ਭਲਾ, ਤੂੰ ਯਹੂਦੀ ਹੋ ਕੇ ਮੇਰੇ ਕੋਲੋਂ ਜੋ ਸਾਮਰੀ ਤੀਵੀਂ ਹਾਂ ਪੀਣ ਨੂੰ ਕਿਵੇਂ ਮੰਗਦਾ ਹੈਂ?” ਯਿਸੂ ਦੇ ਜ਼ਮਾਨੇ ਵਿਚ ਯਹੂਦੀ ਲੋਕ ਸਾਮਰੀਆਂ ਨਾਲ ਕੋਈ ਲੈਣ-ਦੇਣ ਨਹੀਂ ਰੱਖਦੇ ਸਨ। ਪਰ ਯਿਸੂ ਨੇ ਉਸ ਤੀਵੀਂ ਨੂੰ ਉਸ ਜਲ ਬਾਰੇ ਸ਼ਾਨਦਾਰ ਗੱਲਾਂ ਦੱਸੀਆਂ ‘ਜੋ ਅਨੰਤ ਜੀਉਣ ਦੇਣ ਲਈ ਉੱਛਲਦਾ ਰਹੇਗਾ।’ ਯਿਸੂ ਔਰਤਾਂ ਨਾਲ ਸੌਖਿਆਂ ਹੀ ਗੱਲਬਾਤ ਕਰ ਲੈਂਦਾ ਸੀ। ਉਹ ਔਰਤਾਂ ਨੂੰ ਯੂਹੰਨਾ 4:7-15.
ਨੀਵਾਂ ਦਿਖਾ ਕੇ ਆਪਣੀ ਮਰਦਾਨਗੀ ਸਾਬਤ ਕਰਨ ਦੀ ਲੋੜ ਮਹਿਸੂਸ ਨਹੀਂ ਕਰਦਾ ਸੀ।—ਯਿਸੂ ਨੂੰ ਉਸ ਦੇ ਕਈ ਚੰਗੇ ਗੁਣਾਂ, ਖ਼ਾਸਕਰ ਆਤਮ-ਬਲੀਦਾਨ ਦੇ ਗੁਣ ਲਈ ਯਾਦ ਕੀਤਾ ਜਾਂਦਾ ਹੈ। ਉਹ ਪਰਮੇਸ਼ੁਰੀ ਪ੍ਰੇਮ ਦੀ ਸ਼ਾਨਦਾਰ ਮਿਸਾਲ ਸੀ। ਜਿਹੜਾ ਵੀ ਵਿਅਕਤੀ ਯਿਸੂ ਦਾ ਚੇਲਾ ਬਣਨਾ ਚਾਹੁੰਦਾ ਹੈ, ਉਸ ਨੂੰ ਯਿਸੂ ਵਰਗੇ ਬਣਨਾ ਪਵੇਗਾ। ਤੁਸੀਂ ਕਿਸ ਹੱਦ ਤਕ ਉਸ ਦੀ ਮਿਸਾਲ ਦੀ ਰੀਸ ਕਰ ਰਹੇ ਹੋ?—1 ਕੁਰਿੰਥੀਆਂ 13:4-8; 1 ਪਤਰਸ 2:21.
ਆਧੁਨਿਕ ਸਮਿਆਂ ਵਿਚ ਮਸੀਹੀਆਂ ਨੇ ਕਿੱਦਾਂ ਦਾ ਨਾਂ ਕਮਾਇਆ ਹੈ?
ਆਧੁਨਿਕ ਸਮਿਆਂ ਵਿਚ ਹਜ਼ਾਰਾਂ ਮਸੀਹੀ ਮਰਦੇ ਦਮ ਤਕ ਵਫ਼ਾਦਾਰ ਰਹੇ ਹਨ। ਕਈਆਂ ਦੀ ਮੌਤ ਜਵਾਨੀ ਵਿਚ ਤੇ ਹੋਰਨਾਂ ਦੀ ਬੁਢਾਪੇ ਵਿਚ ਹੋਈ ਹੈ। ਪਰ ਉਨ੍ਹਾਂ ਨੇ ਆਪਣੇ ਲਈ ਚੰਗਾ ਨਾਂ ਕਮਾਇਆ। ਇਸ ਦੀ ਇਕ ਮਿਸਾਲ ਭੈਣ ਕ੍ਰਿਸਟਲ ਹੈ ਜਿਸ ਦੀ ਬੁਢਾਪੇ ਵਿਚ ਮੌਤ ਹੋਈ ਸੀ। ਲੋਕ ਉਸ ਦੇ ਮਿਲਣਸਾਰ ਅਤੇ ਪਿਆਰ ਭਰੇ ਸੁਭਾਅ ਲਈ ਉਸ ਨੂੰ ਯਾਦ ਕਰਦੇ ਹਨ। ਦੂਸਰੇ ਕਈ ਲੋਕ ਭਰਾ ਡਰਕ ਵਰਗੇ ਹਨ। ਉਸ ਦੀ ਮੌਤ 40 ਕੁ ਸਾਲ ਦੀ ਉਮਰ ਵਿਚ ਹੋਈ ਸੀ। ਲੋਕ ਉਸ ਨੂੰ ਇਕ ਖ਼ੁਸ਼ਦਿਲ ਅਤੇ ਮਦਦਗਾਰ ਵਿਅਕਤੀ ਦੇ ਤੌਰ ਤੇ ਯਾਦ ਕਰਦੇ ਹਨ।
ਇਕ ਹੋਰ ਮਿਸਾਲ ਹੋਸੇ ਦੀ ਹੈ ਜੋ ਸਪੇਨ ਦਾ ਰਹਿਣ ਵਾਲਾ ਸੀ। ਸਪੇਨ ਵਿਚ 1960 ਦੇ ਦਹਾਕੇ ਦੌਰਾਨ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ। ਹੋਸੇ ਸ਼ਾਦੀ-ਸ਼ੁਦਾ ਸੀ ਅਤੇ ਉਸ ਦੀਆਂ ਤਿੰਨ ਧੀਆਂ ਸਨ। ਹੋਸੇ ਬਾਰਸੀਲੋਨਾ ਵਿਚ ਚੰਗੀ-ਖਾਸੀ ਨੌਕਰੀ ਕਰਦਾ ਸੀ। ਪਰ ਉਸ ਸਮੇਂ ਸਪੇਨ ਦੇ ਦੱਖਣੀ ਹਿੱਸੇ ਵਿਚ ਪਰਿਪੱਕ ਮਸੀਹੀ ਬਜ਼ੁਰਗਾਂ ਦੀ ਸਖ਼ਤ ਲੋੜ ਸੀ। ਇਸ ਲਈ ਹੋਸੇ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਆਪਣੇ ਪਰਿਵਾਰ ਨਾਲ ਮੈਲਾਗਾ ਸੂਬੇ ਵਿਚ ਚਲਾ ਗਿਆ। ਉੱਥੇ ਕੰਮ ਲੱਭਣਾ ਬੜਾ ਔਖਾ ਸੀ ਅਤੇ ਹੋਸੇ ਦੇ ਪਰਿਵਾਰ ਨੂੰ ਅਕਸਰ ਆਰਥਿਕ ਤੰਗੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਸੀ।
ਇਸ ਦੇ ਬਾਵਜੂਦ, ਹੋਸੇ ਨੂੰ ਇਕ ਵਫ਼ਾਦਾਰ ਤੇ ਭਰੋਸੇਯੋਗ ਮਸੀਹੀ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ। ਉਸ ਨੇ ਆਪਣੀ ਪਿਆਰੀ ਪਤਨੀ ਕਾਰਮੇਲਾ ਦੀ ਮਦਦ ਨਾਲ ਆਪਣੀਆਂ ਧੀਆਂ ਦੀ ਚੰਗੀ ਪਰਵਰਿਸ਼ ਕੀਤੀ। ਉਸ ਇਲਾਕੇ ਵਿਚ ਜਦੋਂ ਕਦੇ ਮਸੀਹੀ ਸੰਮੇਲਨਾਂ ਦੀ ਤਿਆਰੀ ਕਰਨੀ ਹੁੰਦੀ ਸੀ, ਤਾਂ ਹੋਸੇ ਹਮੇਸ਼ਾ ਇਸ ਕੰਮ ਲਈ ਤਿਆਰ ਰਹਿੰਦਾ ਸੀ। ਦੁੱਖ ਦੀ ਗੱਲ ਹੈ ਕਿ ਜਦੋਂ ਉਹ 50 ਕੁ ਸਾਲ ਦਾ ਸੀ, ਤਾਂ ਇਕ ਨਾਮੁਰਾਦ ਬੀਮਾਰੀ ਨੇ ਉਸ ਦੀ ਜਾਨ ਲੈ ਲਈ। ਪਰ ਉਸ ਨੇ ਜੀਉਂਦੇ ਜੀ ਇਕ ਭਰੋਸੇਯੋਗ ਤੇ ਮਿਹਨਤੀ ਬਜ਼ੁਰਗ ਅਤੇ ਚੰਗੇ ਪਤੀ ਤੇ ਪਿਤਾ ਵਜੋਂ ਆਪਣੇ ਲਈ ਇਕ ਵਧੀਆ ਨਾਂ ਕਮਾਇਆ।
ਤਾਂ ਫਿਰ, ਤੁਹਾਡੇ ਬਾਰੇ ਕੀ? ਜੇ ਕੱਲ੍ਹ ਤੁਸੀਂ ਗੁਜ਼ਰ ਗਏ ਹੁੰਦੇ, ਤਾਂ ਅੱਜ ਲੋਕ ਤੁਹਾਡੇ ਬਾਰੇ ਕੀ ਕਹਿ ਰਹੇ ਹੁੰਦੇ? ਇਸ ਸਵਾਲ ਉੱਤੇ ਗੌਰ ਕਰਨ ਨਾਲ ਸਾਨੂੰ ਸ਼ਾਇਦ ਆਪਣੇ ਰਵੱਈਏ ਨੂੰ ਸੁਧਾਰਨ ਵਿਚ ਮਦਦ ਮਿਲੇ।
ਅਸੀਂ ਚੰਗਾ ਨਾਂ ਕਮਾਉਣ ਲਈ ਕੀ ਕਰ ਸਕਦੇ ਹਾਂ? ਅਸੀਂ ਆਤਮਾ ਦਾ ਫਲ ਪੈਦਾ ਕਰਨ ਦੇ ਮਾਮਲੇ ਵਿਚ ਸੁਧਾਰ ਕਰ ਸਕਦੇ ਹਾਂ ਯਾਨੀ ਦੂਸਰਿਆਂ ਨਾਲ ਪਿਆਰ, ਧੀਰਜ, ਦਿਆਲਗੀ, ਨਰਮਾਈ ਅਤੇ ਸੰਜਮ ਨਾਲ ਪੇਸ਼ ਆਉਣ ਦੀ ਹੋਰ ਜ਼ਿਆਦਾ ਕੋਸ਼ਿਸ਼ ਕਰ ਸਕਦੇ ਹਾਂ। (ਗਲਾਤੀਆਂ 5:22, 23) ਜੀ ਹਾਂ, “ਨੇਕਨਾਮੀ ਮਹਿੰਗ ਮੁਲੇ ਤੇਲ ਨਾਲੋਂ, ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ।”—ਉਪਦੇਸ਼ਕ ਦੀ ਪੋਥੀ 7:1; ਮੱਤੀ 7:12.
[ਸਫ਼ੇ 5 ਉੱਤੇ ਤਸਵੀਰ]
ਅਬੀਗੈਲ ਨੇ ਇਕ ਸਿਆਣੀ ਤੀਵੀਂ ਦੇ ਤੌਰ ਤੇ ਨਾਂ ਕਮਾਇਆ
[ਸਫ਼ੇ 7 ਉੱਤੇ ਤਸਵੀਰ]
ਪਤਰਸ ਨੇ ਇਕ ਜਲਦਬਾਜ਼ ਪਰ ਸੱਚੇ ਦਿਲ ਵਾਲੇ ਇਨਸਾਨ ਦੇ ਤੌਰ ਤੇ ਨਾਂ ਕਮਾਇਆ
[ਸਫ਼ੇ 8 ਉੱਤੇ ਤਸਵੀਰ]
ਯਿਸੂ ਬੱਚਿਆਂ ਲਈ ਸਮਾਂ ਕੱਢਦਾ ਸੀ