Skip to content

Skip to table of contents

ਤੁਸੀਂ ਕਿਸ ਤਰ੍ਹਾਂ ਦਾ ਨਾਂ ਕਮਾ ਰਹੇ ਹੋ?

ਤੁਸੀਂ ਕਿਸ ਤਰ੍ਹਾਂ ਦਾ ਨਾਂ ਕਮਾ ਰਹੇ ਹੋ?

ਤੁਸੀਂ ਕਿਸ ਤਰ੍ਹਾਂ ਦਾ ਨਾਂ ਕਮਾ ਰਹੇ ਹੋ?

ਕੀ ਤੁਸੀਂ ਕਦੇ ਕਿਸੇ ਦੇ ਮਰਨ ਤੋਂ ਬਾਅਦ ਉਸ ਦੀ ਜ਼ਿੰਦਗੀ ਦੀਆਂ ਪ੍ਰਾਪਤੀਆਂ ਬਾਰੇ ਪੜ੍ਹਿਆ ਹੈ? ਕੀ ਤੁਸੀਂ ਸੋਚਿਆ: ‘ਮੇਰੇ ਮਰਨ ਤੋਂ ਬਾਅਦ ਲੋਕ ਮੇਰੇ ਬਾਰੇ ਕੀ ਕਹਿਣਗੇ?’ ਸਾਡੇ ਵਿੱਚੋਂ ਕੌਣ ਇਸ ਬਾਰੇ ਸੋਚਦਾ ਹੈ? ਇਸ ਲਈ ਇਨ੍ਹਾਂ ਅਹਿਮ ਸਵਾਲਾਂ ਉੱਤੇ ਗੌਰ ਕਰਨਾ ਜ਼ਰੂਰੀ ਹੈ: ਜੇ ਤੁਸੀਂ ਕੱਲ੍ਹ ਮਰ ਗਏ ਹੁੰਦੇ, ਤਾਂ ਅੱਜ ਲੋਕ ਤੁਹਾਡੇ ਬਾਰੇ ਕੀ ਕਹਿ ਰਹੇ ਹੁੰਦੇ? ਤੁਸੀਂ ਹੁਣ ਕਿਸ ਤਰ੍ਹਾਂ ਦਾ ਨਾਂ ਕਮਾ ਰਹੇ ਹੋ? ਤੁਸੀਂ ਆਪਣੇ ਦੋਸਤਾਂ ਤੇ ਸਾਕ-ਸੰਬੰਧੀਆਂ ਦੀ ਨਜ਼ਰ ਵਿਚ ਅਤੇ ਖ਼ਾਸਕਰ ਪਰਮੇਸ਼ੁਰ ਦੀ ਨਜ਼ਰ ਵਿਚ ਕਿਸ ਤਰ੍ਹਾਂ ਦੇ ਇਨਸਾਨ ਬਣਨਾ ਚਾਹੁੰਦੇ ਹੋ?

ਬਾਈਬਲ ਵਿਚ ਉਪਦੇਸ਼ਕ ਦੀ ਪੋਥੀ ਦੇ ਬੁੱਧੀਮਾਨ ਲਿਖਾਰੀ ਨੇ ਕਿਹਾ ਸੀ: “ਨੇਕਨਾਮੀ ਮਹਿੰਗ ਮੁਲੇ ਤੇਲ ਨਾਲੋਂ, ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ।” (ਉਪਦੇਸ਼ਕ ਦੀ ਪੋਥੀ 7:1) ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਕਿਉਂ ਚੰਗਾ ਹੈ? ਕਿਉਂਕਿ ਇਕ ਵਿਅਕਤੀ ਨੇ ਆਪਣੇ ਜਨਮ ਵੇਲੇ ਕੋਈ ਨਾਂ ਨਹੀਂ ਕਮਾਇਆ ਹੁੰਦਾ। ਉਸ ਦੀ ਜ਼ਿੰਦਗੀ ਇਕ ਕੋਰਾ ਕਾਗਜ਼ ਹੁੰਦੀ ਹੈ। ਬਾਅਦ ਵਿਚ ਉਹ ਆਪਣੀ ਜ਼ਿੰਦਗੀ ਵਿਚ ਜੋ ਕੁਝ ਕਰੇਗਾ, ਇਸ ਨਾਲ ਉਹ ਆਪਣੇ ਲਈ ਚੰਗਾ ਜਾਂ ਬੁਰਾ ਨਾਂ ਕਮਾਏਗਾ। ਜਿਹੜੇ ਲੋਕ ਆਪਣੀ ਜ਼ਿੰਦਗੀ ਵਿਚ ਨੇਕਨਾਮੀ ਕਮਾਉਂਦੇ ਹਨ, ਉਨ੍ਹਾਂ ਲਈ ਮੌਤ ਦਾ ਦਿਨ ਸੱਚ-ਮੁੱਚ ਜੰਮਣ ਦੇ ਦਿਨ ਨਾਲੋਂ ਚੰਗਾ ਹੁੰਦਾ ਹੈ।

ਤਾਂ ਫਿਰ ਫ਼ੈਸਲਾ ਸਾਡੇ ਹੱਥ ਵਿਚ ਹੈ। ਅਸੀਂ ਰੋਜ਼ਾਨਾ ਕਈ ਫ਼ੈਸਲੇ ਕਰਦੇ ਹਾਂ ਜੋ ਇਹ ਨਿਸ਼ਚਿਤ ਕਰਨਗੇ ਕਿ ਸਾਡੀ ਮੌਤ ਦੇ ਦਿਨ ਤੇ ਅਸੀਂ ਲੋਕਾਂ ਅਤੇ ਖ਼ਾਸਕਰ ਪਰਮੇਸ਼ੁਰ ਦੀ ਨਜ਼ਰ ਵਿਚ ਕਿਸ ਤਰ੍ਹਾਂ ਦੇ ਇਨਸਾਨ ਸਮਝੇ ਜਾਵਾਂਗੇ। ਇਸ ਲਈ ਉੱਪਰ ਦੱਸੇ ਗਏ ਬੁੱਧੀਮਾਨ ਇਬਰਾਨੀ ਲਿਖਾਰੀ ਨੇ ਲਿਖਿਆ: “ਧਰਮੀ ਦੀ ਯਾਦ ਮੁਬਾਰਕ ਹੈ, ਪਰ ਦੁਸ਼ਟਾਂ ਦਾ ਨਾਉਂ ਸੜ ਜਾਵੇਗਾ।” (ਕਹਾਉਤਾਂ 10:7) ਅਸੀਂ ਸੱਚ-ਮੁੱਚ ਮੁਬਾਰਕ ਹੋਵਾਂਗੇ ਜੇ ਪਰਮੇਸ਼ੁਰ ਨੇ ਸਾਨੂੰ ਯਾਦ ਰੱਖਿਆ!

ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਜੀ ਕੇ ਉਸ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਅਕਲਮੰਦੀ ਦੀ ਗੱਲ ਹੋਵੇਗੀ। ਇਸ ਦਾ ਮਤਲਬ ਹੈ ਕਿ ਅਸੀਂ ਮਸੀਹ ਦੇ ਦੱਸੇ ਬੁਨਿਆਦੀ ਅਸੂਲਾਂ ਉੱਤੇ ਚੱਲਾਂਗੇ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ। ਵੱਡਾ ਅਤੇ ਪਹਿਲਾ ਹੁਕਮ ਇਹੋ ਹੈ। ਅਤੇ ਦੂਆ ਇਹ ਦੇ ਵਾਂਙੁ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਇਨ੍ਹਾਂ ਦੋਹਾਂ ਹੁਕਮਾਂ ਉੱਤੇ ਸਾਰੀ ਤੁਰੇਤ ਅਤੇ ਨਬੀਆਂ ਦੇ ਬਚਨ ਟਿਕੇ ਹੋਏ ਹਨ।”—ਮੱਤੀ 22:37-40.

ਕੁਝ ਲੋਕ ਦੂਸਰਿਆਂ ਦੀ ਭਲਾਈ ਕਰਨ ਜਾਂ ਸਮਾਜ ਸੇਵਾ ਕਰਨ ਲਈ ਯਾਦ ਕੀਤੇ ਜਾਂਦੇ ਹਨ ਜਾਂ ਉਹ ਮਨੁੱਖੀ ਅਧਿਕਾਰਾਂ ਦੇ ਹਿਮਾਇਤੀਆਂ ਦੇ ਤੌਰ ਤੇ ਜਾਣੇ ਜਾਂਦੇ ਹਨ। ਦੂਸਰੇ ਲੋਕ ਵਪਾਰ, ਵਿਗਿਆਨ, ਡਾਕਟਰੀ ਜਾਂ ਹੋਰ ਖੇਤਰਾਂ ਵਿਚ ਆਪਣੀਆਂ ਪ੍ਰਾਪਤੀਆਂ ਲਈ ਯਾਦ ਕੀਤੇ ਜਾਂਦੇ ਹਨ। ਪਰ ਤੁਸੀਂ ਕਿਵੇਂ ਯਾਦ ਕੀਤੇ ਜਾਣਾ ਪਸੰਦ ਕਰੋਗੇ?

ਸਕਾਟਲੈਂਡ ਦੇ ਕਵੀ ਰਾਬਰਟ ਬਰਨਜ਼ (1759-96) ਨੇ ਇਹ ਇੱਛਾ ਪ੍ਰਗਟ ਕੀਤੀ ਸੀ ਕਿ ਕਾਸ਼ ਸਾਡੇ ਕੋਲ ਇਹ ਤਾਕਤ ਹੁੰਦੀ ਕਿ ਅਸੀਂ ਆਪਣੇ ਆਪ ਨੂੰ ਦੂਜਿਆਂ ਦੀ ਨਜ਼ਰ ਤੋਂ ਦੇਖ ਸਕਦੇ। ਕੀ ਤੁਸੀਂ ਆਪਣੇ ਤੇ ਨਜ਼ਰ ਮਾਰ ਕੇ ਈਮਾਨਦਾਰੀ ਨਾਲ ਕਹਿ ਸਕਦੇ ਹੋ ਕਿ ਲੋਕ ਤੇ ਪਰਮੇਸ਼ੁਰ ਤੁਹਾਨੂੰ ਨੇਕ ਇਨਸਾਨ ਸਮਝਦੇ ਹਨ? ਅਖ਼ੀਰ ਵਿਚ, ਖੇਡ ਜਗਤ ਜਾਂ ਵਪਾਰ ਵਿਚ ਸਾਡੀਆਂ ਪ੍ਰਾਪਤੀਆਂ ਨਾਲੋਂ ਦੂਜਿਆਂ ਨਾਲ ਸਾਡਾ ਚੰਗਾ ਰਿਸ਼ਤਾ ਜ਼ਿਆਦਾ ਮਾਅਨੇ ਰੱਖੇਗਾ। ਇਸ ਲਈ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ: ਸਾਡੀ ਗੱਲਬਾਤ, ਸਾਡੇ ਰਵੱਈਏ ਤੇ ਹਾਵਾਂ-ਭਾਵਾਂ ਦਾ ਦੂਸਰਿਆਂ ਉੱਤੇ ਕੀ ਅਸਰ ਪੈਂਦਾ ਹੈ? ਲੋਕ ਸਾਨੂੰ ਕਿਸ ਤਰ੍ਹਾਂ ਦਾ ਇਨਸਾਨ ਸਮਝਦੇ ਹਨ? ਮਿਲਣਸਾਰ ਜਾਂ ਘਮੰਡੀ? ਦਿਆਲੂ ਜਾਂ ਰੁੱਖੇ ਸੁਭਾਅ ਦਾ? ਨਰਮ ਜਾਂ ਸਖ਼ਤ ਮਿਜ਼ਾਜ ਦਾ? ਬਦਖੋਹੀਆਂ ਕਰਨ ਵਾਲਾ ਜਾਂ ਚੰਗੀ ਸਲਾਹ ਦੇਣ ਵਾਲਾ? ਆਓ ਆਪਾਂ ਪੁਰਾਣੇ ਸਮਿਆਂ ਦੀਆਂ ਤੇ ਅੱਜ ਦੇ ਸਮਿਆਂ ਦੀਆਂ ਕੁਝ ਮਿਸਾਲਾਂ ਉੱਤੇ ਗੌਰ ਕਰੀਏ ਤੇ ਉਨ੍ਹਾਂ ਤੋਂ ਸਿੱਖੀਏ।

[ਸਫ਼ੇ 3 ਉੱਤੇ ਤਸਵੀਰ]

ਰਾਬਰਟ ਬਰਨਜ਼ ਨੇ ਇਹ ਇੱਛਾ ਪ੍ਰਗਟ ਕੀਤੀ ਸੀ ਕਿ ਕਾਸ਼ ਸਾਡੇ ਕੋਲ ਇਹ ਤਾਕਤ ਹੁੰਦੀ ਕਿ ਅਸੀਂ ਆਪਣੇ ਆਪ ਨੂੰ ਦੂਜਿਆਂ ਦੀ ਨਜ਼ਰ ਤੋਂ ਦੇਖ ਸਕਦੇ

[ਕ੍ਰੈਡਿਟ ਲਾਈਨ]

From the book A History of England