Skip to content

Skip to table of contents

ਮਰੇ ਹੋਇਆਂ ਪ੍ਰਤੀ ਪਰਮੇਸ਼ੁਰ ਦਾ ਨਜ਼ਰੀਆ

ਮਰੇ ਹੋਇਆਂ ਪ੍ਰਤੀ ਪਰਮੇਸ਼ੁਰ ਦਾ ਨਜ਼ਰੀਆ

ਮਰੇ ਹੋਇਆਂ ਪ੍ਰਤੀ ਪਰਮੇਸ਼ੁਰ ਦਾ ਨਜ਼ਰੀਆ

ਘਰ ਦੇ ਕਿਸੇ ਪਿਆਰੇ ਮੈਂਬਰ ਜਾਂ ਦੋਸਤ ਦੀ ਮੌਤ ਹੋਣ ਨਾਲ ਸਾਨੂੰ ਬਹੁਤ ਦੁੱਖ ਹੁੰਦਾ ਹੈ। ਅਸੀਂ ਆਪਣੇ ਆਪ ਨੂੰ ਬਹੁਤ ਹੀ ਤਨਹਾ ਮਹਿਸੂਸ ਕਰਦੇ ਹਾਂ। ਉਸ ਦੀ ਮੌਤ ਨਾਲ ਸਾਡੀ ਜ਼ਿੰਦਗੀ ਵਿਚ ਖਾਲੀਪਣ ਆ ਜਾਂਦਾ ਹੈ। ਅਸੀਂ ਲਾਚਾਰ ਮਹਿਸੂਸ ਕਰਦੇ ਹਾਂ ਕਿਉਂਕਿ ਭਾਵੇਂ ਸਾਡੇ ਕੋਲ ਜਿੰਨਾ ਮਰਜ਼ੀ ਪੈਸਾ, ਤਾਕਤ ਜਾਂ ਅਧਿਕਾਰ ਹੋਵੇ, ਦੁਨੀਆਂ ਦਾ ਕੋਈ ਵੀ ਇਨਸਾਨ ਸਾਡੇ ਮਰੇ ਹੋਏ ਪਿਆਰੇ ਨੂੰ ਦੁਬਾਰਾ ਜ਼ਿੰਦਾ ਨਹੀਂ ਕਰ ਸਕਦਾ।

ਪਰ ਸਾਡਾ ਸਿਰਜਣਹਾਰ ਮੌਤ ਨੂੰ ਵੱਖਰੀ ਨਜ਼ਰ ਤੋਂ ਦੇਖਦਾ ਹੈ। ਉਸ ਨੇ ਪਹਿਲੇ ਇਨਸਾਨ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਸੀ, ਇਸ ਲਈ ਉਹ ਮਰੇ ਹੋਏ ਵਿਅਕਤੀ ਨੂੰ ਦੁਬਾਰਾ ਰਚ ਸਕਦਾ ਹੈ। ਇਸ ਕਰਕੇ ਪਰਮੇਸ਼ੁਰ ਮਰੇ ਹੋਏ ਲੋਕਾਂ ਨੂੰ ਇੱਦਾਂ ਵਿਚਾਰਦਾ ਹੈ ਜਿੱਦਾਂ ਕਿ ਉਹ ਜੀਉਂਦੇ ਹੋਣ। ਪੁਰਾਣੇ ਸਮਿਆਂ ਵਿਚ ਪਰਮੇਸ਼ੁਰ ਦੇ ਮਰ ਚੁੱਕੇ ਵਫ਼ਾਦਾਰ ਸੇਵਕਾਂ ਬਾਰੇ ਯਿਸੂ ਨੇ ਕਿਹਾ: “[ਪਰਮੇਸ਼ੁਰ] ਦੇ ਲੇਖੇ ਸੱਭੇ ਜੀਉਂਦੇ ਹਨ।”—ਲੂਕਾ 20:38.

ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਨੂੰ ਜ਼ਿੰਦਾ ਕਰਨ ਦੀ ਤਾਕਤ ਦਿੱਤੀ ਸੀ। (ਯੂਹੰਨਾ 5:21) ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਉਹ ਵੀ ਮਰੇ ਹੋਏ ਵਫ਼ਾਦਾਰ ਸੇਵਕਾਂ ਨੂੰ ਆਪਣੇ ਪਿਤਾ ਦੀ ਨਜ਼ਰ ਤੋਂ ਦੇਖਦਾ ਹੈ। ਮਿਸਾਲ ਲਈ, ਜਦੋਂ ਯਿਸੂ ਦਾ ਦੋਸਤ ਲਾਜ਼ਰ ਮਰ ਗਿਆ, ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਜਾਂਦਾ ਹਾਂ ਭਈ ਉਹ ਨੂੰ ਜਗਾਵਾਂ।” (ਯੂਹੰਨਾ 11:11) ਇਨਸਾਨ ਦੀ ਨਜ਼ਰ ਵਿਚ ਲਾਜ਼ਰ ਮਰ ਚੁੱਕਾ ਸੀ, ਪਰ ਯਹੋਵਾਹ ਤੇ ਯਿਸੂ ਦੀਆਂ ਨਜ਼ਰਾਂ ਵਿਚ ਉਹ ਸਿਰਫ਼ ਸੌਂ ਰਿਹਾ ਸੀ।

ਯਿਸੂ ਦੇ ਰਾਜ ਵਿਚ ‘ਧਰਮੀ ਤੇ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।’ (ਰਸੂਲਾਂ ਦੇ ਕਰਤੱਬ 24:15) ਜੀ ਉਠਾਏ ਜਾਣ ਮਗਰੋਂ ਉਨ੍ਹਾਂ ਨੂੰ ਪਰਮੇਸ਼ੁਰ ਦਾ ਗਿਆਨ ਦਿੱਤਾ ਜਾਵੇਗਾ। ਉਨ੍ਹਾਂ ਕੋਲ ਧਰਤੀ ਉੱਤੇ ਹਮੇਸ਼ਾ ਲਈ ਜੀਉਣ ਦਾ ਮੌਕਾ ਹੋਵੇਗਾ।—ਯੂਹੰਨਾ 5:28, 29.

ਜੀ ਹਾਂ, ਕਿਸੇ ਪਿਆਰੇ ਮਿੱਤਰ ਜਾਂ ਸਾਕ-ਸੰਬੰਧੀ ਦੀ ਮੌਤ ਹੋਣ ਤੇ ਸਾਨੂੰ ਬਹੁਤ ਦੁੱਖ ਹੁੰਦਾ ਹੈ ਅਤੇ ਸ਼ਾਇਦ ਉਸ ਦੀ ਮੌਤ ਦਾ ਗਮ ਸਾਡੇ ਦਿਲ ਵਿਚ ਕਈ ਸਾਲਾਂ ਤਕ ਰਹੇ। ਪਰ ਮਰੇ ਹੋਇਆਂ ਨੂੰ ਪਰਮੇਸ਼ੁਰ ਦੀ ਨਜ਼ਰ ਤੋਂ ਵਿਚਾਰਨ ਨਾਲ ਸਾਨੂੰ ਬਹੁਤ ਦਿਲਾਸਾ ਅਤੇ ਪੱਕੀ ਆਸ਼ਾ ਮਿਲੇਗੀ।—2 ਕੁਰਿੰਥੀਆਂ 1:3, 4.