Skip to content

Skip to table of contents

ਯਹੋਵਾਹ ਦੇ ਸੇਵਕਾਂ ਦੀ ਉਮੀਦ ਪੱਕੀ ਹੈ

ਯਹੋਵਾਹ ਦੇ ਸੇਵਕਾਂ ਦੀ ਉਮੀਦ ਪੱਕੀ ਹੈ

ਯਹੋਵਾਹ ਦੇ ਸੇਵਕਾਂ ਦੀ ਉਮੀਦ ਪੱਕੀ ਹੈ

‘ਯਾਕੂਬ ਦਾ ਬਕੀਆ ਬਹੁਤੀਆਂ ਉੱਮਤਾਂ ਦੇ ਵਿਚਕਾਰ ਤ੍ਰੇਲ ਵਾਂਙੁ ਹੋਵੇਗਾ ਜਿਹੜੀ ਯਹੋਵਾਹ ਵੱਲੋਂ ਹੈ ਅਤੇ ਮਨੁੱਖ ਲਈ ਨਹੀਂ ਠਹਿਰਦੀ।’—ਮੀਕਾਹ 5:7.

1. ਅਧਿਆਤਮਿਕ ਇਸਰਾਏਲ ਲੋਕਾਂ ਨੂੰ ਕਿਵੇਂ ਤਾਜ਼ਗੀ ਦਿੰਦਾ ਹੈ?

ਯਹੋਵਾਹ ਨੇ ਮੀਂਹ ਅਤੇ ਤ੍ਰੇਲ ਨੂੰ ਬਣਾਇਆ ਹੈ। ਮੀਂਹ ਅਤੇ ਤ੍ਰੇਲ ਪਾਉਣ ਲਈ ਇਨਸਾਨ ਤੇ ਆਸ ਰੱਖਣੀ ਵਿਅਰਥ ਹੈ। ਮੀਕਾਹ ਨਬੀ ਨੇ ਲਿਖਿਆ ਸੀ: “ਯਾਕੂਬ ਦਾ ਬਕੀਆ ਬਹੁਤੀਆਂ ਉੱਮਤਾਂ ਦੇ ਵਿਚਕਾਰ ਤ੍ਰੇਲ ਵਾਂਙੁ ਹੋਵੇਗਾ ਜਿਹੜੀ ਯਹੋਵਾਹ ਵੱਲੋਂ ਹੈ, ਫੁਹਾਰਾਂ ਵਾਂਙੁ ਜਿਹੜੀਆਂ ਘਾਹ ਤੇ ਪੈ ਕੇ ਮਨੁੱਖ ਲਈ ਨਹੀਂ ਠਹਿਰਦੀਆਂ, ਨਾ ਆਦਮ ਵੰਸ ਲਈ ਢਿੱਲ ਕਰਦੀਆਂ ਹਨ।” (ਮੀਕਾਹ 5:7) ਅੱਜ “ਯਾਕੂਬ ਦਾ ਬਕੀਆ” ਕੌਣ ਹੈ? ਇਹ ਅਧਿਆਤਮਿਕ ਇਸਰਾਏਲੀ ਯਾਨੀ “ਪਰਮੇਸ਼ੁਰ ਦੇ ਇਸਰਾਏਲ” ਦੇ ਬਾਕੀ ਬਚੇ ਮੈਂਬਰ ਹਨ। (ਗਲਾਤੀਆਂ 6:16) ਧਰਤੀ ਦੀਆਂ “ਬਹੁਤੀਆਂ ਉੱਮਤਾਂ” ਲਈ ਇਹ ਬਕੀਆ ‘ਯਹੋਵਾਹ ਵੱਲੋਂ ਤ੍ਰੇਲ ਅਤੇ ਘਾਹ ਉੱਤੇ ਫੁਹਾਰਾਂ ਵਾਂਙੁ’ ਹੈ ਜੋ ਲੋਕਾਂ ਨੂੰ ਤਾਜ਼ਗੀ ਦਿੰਦਾ ਹੈ। ਜੀ ਹਾਂ, ਅੱਜ ਮਸਹ ਕੀਤੇ ਹੋਏ ਮਸੀਹੀ ਪਰਮੇਸ਼ੁਰ ਵੱਲੋਂ ਲੋਕਾਂ ਲਈ ਇਕ ਬਰਕਤ ਹਨ। ਯਹੋਵਾਹ ਲੋਕਾਂ ਨੂੰ ਪੱਕੀ ਉਮੀਦ ਦਾ ਸੰਦੇਸ਼ ਦੇਣ ਲਈ ਉਨ੍ਹਾਂ ਨੂੰ ਰਾਜ ਦੇ ਪ੍ਰਚਾਰਕਾਂ ਦੇ ਤੌਰ ਤੇ ਵਰਤ ਰਿਹਾ ਹੈ।

2. ਸਮੱਸਿਆਵਾਂ ਨਾਲ ਭਰੀ ਇਸ ਦੁਨੀਆਂ ਵਿਚ ਰਹਿੰਦੇ ਹੋਏ ਵੀ ਸਾਨੂੰ ਭਵਿੱਖ ਬਾਰੇ ਪੱਕੀ ਉਮੀਦ ਕਿਉਂ ਹੈ?

2 ਸਾਨੂੰ ਇਸ ਗੱਲ ਤੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਇਸ ਦੁਨੀਆਂ ਤੋਂ ਲੋਕਾਂ ਨੂੰ ਪੱਕੀ ਉਮੀਦ ਨਹੀਂ ਮਿਲ ਸਕਦੀ। ਸ਼ਤਾਨ ਇਸ ਦੁਨੀਆਂ ਦਾ ਸਰਦਾਰ ਹੈ, ਇਸ ਲਈ ਇਹ ਦੁਨੀਆਂ ਰਾਜਨੀਤਿਕ ਉਥਲ-ਪੁਥਲ, ਨੈਤਿਕ ਵਿਗਾੜ, ਘੋਰ ਅਪਰਾਧ, ਆਰਥਿਕ ਸੰਕਟ, ਅੱਤਵਾਦ ਤੇ ਲੜਾਈਆਂ ਨਾਲ ਭਰੀ ਹੋਈ ਹੈ। (1 ਯੂਹੰਨਾ 5:19) ਬਹੁਤ ਸਾਰੇ ਲੋਕ ਭਵਿੱਖ ਬਾਰੇ ਸੋਚ ਕੇ ਬਹੁਤ ਘਬਰਾਉਂਦੇ ਹਨ। ਪਰ ਯਹੋਵਾਹ ਪਰਮੇਸ਼ੁਰ ਦੇ ਸੱਚੇ ਭਗਤ ਹੋਣ ਦੇ ਨਾਤੇ ਅਸੀਂ ਨਹੀਂ ਘਬਰਾਉਂਦੇ। ਸਾਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਭਵਿੱਖ ਲਈ ਪੱਕੀ ਉਮੀਦ ਮਿਲੀ ਹੈ। ਸਾਨੂੰ ਯਹੋਵਾਹ ਅਤੇ ਉਸ ਦੇ ਬਚਨ ਉੱਤੇ ਪੂਰਾ ਭਰੋਸਾ ਹੈ ਕਿਉਂਕਿ ਉਹ ਜੋ ਵੀ ਕਹਿੰਦਾ ਹੈ ਹਮੇਸ਼ਾ ਪੂਰਾ ਹੁੰਦਾ ਹੈ।

3. (ੳ) ਯਹੋਵਾਹ ਨੇ ਇਸਰਾਏਲ ਅਤੇ ਯਹੂਦਾਹ ਨੂੰ ਸਜ਼ਾ ਦੇਣ ਦਾ ਫ਼ੈਸਲਾ ਕਿਉਂ ਕੀਤਾ ਸੀ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮੀਕਾਹ ਦੇ ਸ਼ਬਦ ਅੱਜ ਵੀ ਲਾਗੂ ਹੁੰਦੇ ਹਨ?

3 ਪਰਮੇਸ਼ੁਰ ਦੀ ਪ੍ਰੇਰਣਾ ਨਾਲ ਮੀਕਾਹ ਨੇ ਜੋ ਭਵਿੱਖਬਾਣੀ ਕੀਤੀ ਸੀ, ਉਸ ਤੋਂ ਸਾਨੂੰ ਯਹੋਵਾਹ ਦਾ ਨਾਂ ਲੈ ਕੇ ਚੱਲਣ ਦੀ ਹਿੰਮਤ ਮਿਲਦੀ ਹੈ। ਇਸ ਤੋਂ ਸਾਨੂੰ ਪੱਕੀ ਉਮੀਦ ਵੀ ਮਿਲਦੀ ਹੈ। ਅੱਠਵੀਂ ਸਦੀ ਸਾ.ਯੁ.ਪੂ. ਵਿਚ ਜਦੋਂ ਮੀਕਾਹ ਭਵਿੱਖਬਾਣੀਆਂ ਕਰ ਰਿਹਾ ਸੀ, ਉਸ ਵੇਲੇ ਪਰਮੇਸ਼ੁਰ ਦੇ ਨੇਮਬੱਧ ਲੋਕ ਦੋ ਰਾਜਾਂ—ਇਸਰਾਏਲ ਅਤੇ ਯਹੂਦਾਹ—ਵਿਚ ਵੰਡੇ ਹੋਏ ਸਨ। ਇਹ ਦੋਵੇਂ ਕੌਮਾਂ ਪਰਮੇਸ਼ੁਰ ਦਾ ਨੇਮ ਤੋੜ ਰਹੀਆਂ ਸਨ। ਨਤੀਜੇ ਵਜੋਂ, ਦੋਹਾਂ ਕੌਮਾਂ ਦੇ ਲੋਕ ਅਨੈਤਿਕ ਬਣ ਗਏ ਸਨ, ਉਨ੍ਹਾਂ ਨੇ ਸੱਚੇ ਧਰਮ ਤੋਂ ਮੂੰਹ ਮੋੜ ਲਿਆ ਸੀ ਅਤੇ ਜ਼ਿਆਦਾ ਤੋਂ ਜ਼ਿਆਦਾ ਧਨ-ਦੌਲਤ ਕਮਾਉਣ ਦੇ ਪਿੱਛੇ ਲੱਗੇ ਹੋਏ ਸਨ। ਇਸ ਲਈ ਯਹੋਵਾਹ ਨੇ ਚੇਤਾਵਨੀ ਦਿੱਤੀ ਕਿ ਉਹ ਉਨ੍ਹਾਂ ਨੂੰ ਸਜ਼ਾ ਦੇਵੇਗਾ। ਇਹ ਸੱਚ ਹੈ ਕਿ ਯਹੋਵਾਹ ਨੇ ਇਹ ਚੇਤਾਵਨੀਆਂ ਮੀਕਾਹ ਦੇ ਜ਼ਮਾਨੇ ਦੇ ਲੋਕਾਂ ਲਈ ਲਿਖਵਾਈਆਂ ਸਨ। ਪਰ ਅੱਜ-ਕੱਲ੍ਹ ਦੇ ਹਾਲਾਤ ਐਨ ਮੀਕਾਹ ਦੇ ਜ਼ਮਾਨੇ ਦੇ ਹਾਲਾਤਾਂ ਵਰਗੇ ਹਨ ਜਿਸ ਕਰਕੇ ਇਹ ਸ਼ਬਦ ਅੱਜ ਵੀ ਲਾਗੂ ਹੁੰਦੇ ਹਨ। ਜਿਉਂ-ਜਿਉਂ ਅਸੀਂ ਮੀਕਾਹ ਦੀ ਪੋਥੀ ਦੇ ਸੱਤ ਅਧਿਆਵਾਂ ਵੱਲ ਧਿਆਨ ਦੇਵਾਂਗੇ, ਇਹ ਗੱਲ ਹੋਰ ਵੀ ਸਪੱਸ਼ਟ ਹੁੰਦੀ ਜਾਵੇਗੀ।

ਮੀਕਾਹ ਦੀ ਪੋਥੀ ਦਾ ਸਾਰ

4. ਮੀਕਾਹ ਦੇ ਪਹਿਲੇ ਤੋਂ ਤੀਸਰੇ ਅਧਿਆਵਾਂ ਵਿਚ ਕੀ ਦੱਸਿਆ ਗਿਆ ਹੈ?

4 ਆਓ ਆਪਾਂ ਪਹਿਲਾਂ ਮੀਕਾਹ ਦੀ ਪੋਥੀ ਦੇ ਖ਼ਾਸ ਵਿਸ਼ਿਆਂ ਨੂੰ ਦੇਖੀਏ। ਪਹਿਲੇ ਅਧਿਆਇ ਵਿਚ ਯਹੋਵਾਹ ਨੇ ਇਸਰਾਏਲ ਅਤੇ ਯਹੂਦਾਹ ਦੀ ਬਗਾਵਤ ਦਾ ਪਰਦਾ ਫ਼ਾਸ਼ ਕੀਤਾ। ਇਸ ਅਪਰਾਧ ਕਰਕੇ ਇਸਰਾਏਲ ਨੂੰ ਨਾਸ਼ ਕਰ ਦਿੱਤਾ ਗਿਆ ਅਤੇ ਯਹੂਦਾਹ ਦੀ ਸਜ਼ਾ ਯਰੂਸ਼ਲਮ ਦੇ ਫਾਟਕਾਂ ਤਕ ਪਹੁੰਚ ਗਈ। ਦੂਜਾ ਅਧਿਆਇ ਦੱਸਦਾ ਹੈ ਕਿ ਧਨੀ ਅਤੇ ਸ਼ਕਤੀਸ਼ਾਲੀ ਲੋਕ ਕਮਜ਼ੋਰ ਤੇ ਬੇਸਹਾਰਾ ਲੋਕਾਂ ਉੱਤੇ ਜ਼ੁਲਮ ਕਰ ਰਹੇ ਸਨ। ਪਰ ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਉਸ ਦੇ ਲੋਕ ਇਕੱਠੇ ਕੀਤੇ ਜਾਣਗੇ ਅਤੇ ਰਲ-ਮਿਲ ਕੇ ਰਹਿਣਗੇ। ਤੀਸਰੇ ਅਧਿਆਇ ਵਿਚ ਯਹੋਵਾਹ ਨੇ ਦੋਨਾਂ ਕੌਮਾਂ ਦੇ ਆਗੂਆਂ ਅਤੇ ਦੋਸ਼ੀ ਨਬੀਆਂ ਨੂੰ ਸਜ਼ਾ ਸੁਣਾਈ। ਇਹ ਆਗੂ ਕਿਸੇ ਦਾ ਵੀ ਇਨਸਾਫ਼ ਨਹੀਂ ਕਰਦੇ ਸਨ ਅਤੇ ਨਬੀ ਝੂਠ ਬੋਲਦੇ ਸਨ। ਇਸ ਦੇ ਬਾਵਜੂਦ, ਮੀਕਾਹ ਨੇ ਯਹੋਵਾਹ ਦੀ ਪਵਿੱਤਰ ਆਤਮਾ ਤੋਂ ਬਲ ਪਾ ਕੇ ਲੋਕਾਂ ਨੂੰ ਯਹੋਵਾਹ ਵੱਲੋਂ ਦਿੱਤੀ ਜਾਣ ਵਾਲੀ ਸਜ਼ਾ ਸੁਣਾਈ।

5. ਮੀਕਾਹ ਦੇ ਚੌਥੇ ਤੇ ਪੰਜਵੇਂ ਅਧਿਆਇ ਦਾ ਸਾਰ ਦਿਓ।

5ਚੌਥੇ ਅਧਿਆਇ ਵਿਚ ਭਵਿੱਖਬਾਣੀ ਕੀਤੀ ਗਈ ਹੈ ਕਿ ਆਖ਼ਰੀ ਦਿਨਾਂ ਵਿਚ ਸਾਰੀਆਂ ਕੌਮਾਂ ਯਹੋਵਾਹ ਤੋਂ ਸਿੱਖਿਆ ਲੈਣ ਲਈ ਉਸ ਦੇ ਭਵਨ ਦੇ ਉੱਚੇ ਪਰਬਤ ਉੱਤੇ ਚੜ੍ਹਨਗੀਆਂ। ਪਰ ਇਸ ਤੋਂ ਪਹਿਲਾਂ ਯਹੂਦਾਹ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਬਾਬਲ ਦੇਸ਼ ਲਿਜਾਇਆ ਜਾਣਾ ਸੀ, ਪਰ ਯਹੋਵਾਹ ਨੇ ਉਨ੍ਹਾਂ ਨੂੰ ਛੁਡਾ ਦੇਣਾ ਸੀ। ਪੰਜਵਾਂ ਅਧਿਆਇ ਦੱਸਦਾ ਹੈ ਕਿ ਮਸੀਹਾ ਨੇ ਯਹੂਦਾਹ ਦੇ ਬੈਤਲਹਮ ਵਿਚ ਜਨਮ ਲੈਣਾ ਸੀ। ਉਹ ਆਪਣੇ ਲੋਕਾਂ ਦੀ ਦੇਖ-ਭਾਲ ਕਰੇਗਾ ਅਤੇ ਉਨ੍ਹਾਂ ਨੂੰ ਜ਼ਾਲਮ ਕੌਮਾਂ ਤੋਂ ਬਚਾਵੇਗਾ।

6, 7. ਮੀਕਾਹ ਦੀ ਪੋਥੀ ਦੇ ਛੇਵੇਂ ਅਤੇ ਸੱਤਵੇਂ ਅਧਿਆਇ ਵਿਚ ਕੀ ਦੱਸਿਆ ਗਿਆ ਹੈ?

6 ਮੀਕਾਹ ਦੇ ਛੇਵੇਂ ਅਧਿਆਇ ਵਿਚ ਯਹੋਵਾਹ ਨੇ ਆਪਣੀ ਪਰਜਾ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਉੱਤੇ ਮੁਕੱਦਮਾ ਕੀਤਾ। ਯਹੋਵਾਹ ਨੇ ਕੀ ਕੀਤਾ ਸੀ ਜਿਸ ਕਰਕੇ ਉਸ ਦੀ ਪਰਜਾ ਨੇ ਉਸ ਤੋਂ ਮੂੰਹ ਮੋੜ ਲਿਆ ਸੀ? ਕੁਝ ਵੀ ਤਾਂ ਨਹੀਂ। ਸੱਚ ਤਾਂ ਇਹ ਹੈ ਕਿ ਉਸ ਦੀਆਂ ਮੰਗਾਂ ਪੂਰੀਆਂ ਕਰਨੀਆਂ ਔਖੀਆਂ ਨਹੀਂ ਸਨ। ਉਹ ਚਾਹੁੰਦਾ ਸੀ ਕਿ ਉਸ ਦੇ ਲੋਕ ਇਨਸਾਫ਼ ਤੇ ਦਇਆ ਕਰਨ ਅਤੇ ਅਧੀਨਗੀ ਨਾਲ ਉਸ ਦੇ ਨਾਲ ਚੱਲਣ। ਪਰ ਇਸ ਦੀ ਬਜਾਇ ਇਸਰਾਏਲ ਅਤੇ ਯਹੂਦਾਹ ਨੇ ਬਗਾਵਤ ਕੀਤੀ ਜਿਸ ਕਰਕੇ ਉਨ੍ਹਾਂ ਨੂੰ ਆਪਣੀ ਕਰਨੀ ਦਾ ਫਲ ਭੁਗਤਣਾ ਪਿਆ।

7ਆਖ਼ਰੀ ਅਧਿਆਇ ਵਿਚ ਮੀਕਾਹ ਨੇ ਲੋਕਾਂ ਦੀ ਦੁਸ਼ਟਤਾ ਦੀ ਨਿੰਦਾ ਕੀਤੀ। ਬੁਰਾਈ ਨਾਲ ਘਿਰੇ ਹੋਣ ਦੇ ਬਾਵਜੂਦ ਮੀਕਾਹ ਨੇ ਹਿੰਮਤ ਨਹੀਂ ਹਾਰੀ। ਉਹ ਯਹੋਵਾਹ ‘ਦੀ ਉਡੀਕ ਕਰਨ’ ਲਈ ਤਿਆਰ ਸੀ। (ਮੀਕਾਹ 7:7) ਇਸ ਪੋਥੀ ਦੇ ਅਖ਼ੀਰ ਵਿਚ ਮੀਕਾਹ ਨੇ ਆਪਣਾ ਭਰੋਸਾ ਪ੍ਰਗਟ ਕੀਤਾ ਕਿ ਯਹੋਵਾਹ ਆਪਣੇ ਲੋਕਾਂ ਉੱਤੇ ਦਇਆ ਕਰੇਗਾ। ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਮੀਕਾਹ ਦੀ ਉਮੀਦ ਪੂਰੀ ਹੋਈ ਸੀ। ਸੰਨ 537 ਸਾ.ਯੁ.ਪੂ. ਵਿਚ ਜਦੋਂ ਯਹੋਵਾਹ ਆਪਣੇ ਲੋਕਾਂ ਨੂੰ ਸਜ਼ਾ ਦੇ ਚੁੱਕਾ ਸੀ, ਤਾਂ ਉਸ ਨੇ ਦਇਆ ਕਰਦੇ ਹੋਏ ਇਕ ਬਕੀਏ ਨੂੰ ਉਸ ਦੇ ਦੇਸ਼ ਵਿਚ ਵਾਪਸ ਲਿਆਂਦਾ।

8. ਮੀਕਾਹ ਦੀ ਪੋਥੀ ਦਾ ਸਾਰ ਦਿਓ।

8 ਯਹੋਵਾਹ ਨੇ ਮੀਕਾਹ ਰਾਹੀਂ ਕਿੰਨੀ ਵਧੀਆ ਜਾਣਕਾਰੀ ਦਿੱਤੀ! ਇਹ ਪੋਥੀ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਯਹੋਵਾਹ ਉਨ੍ਹਾਂ ਨਾਲ ਕੀ ਕਰਦਾ ਹੈ ਜੋ ਉਸ ਦੀ ਸੇਵਾ ਕਰਨ ਦਾ ਦਾਅਵਾ ਤਾਂ ਕਰਦੇ ਹਨ, ਪਰ ਅਸਲ ਵਿਚ ਉਸ ਨਾਲ ਬੇਵਫ਼ਾਈ ਕਰਦੇ ਹਨ। ਇਹ ਉਨ੍ਹਾਂ ਗੱਲਾਂ ਦੀ ਭਵਿੱਖਬਾਣੀ ਹੈ ਜੋ ਅੱਜ ਹੋ ਰਹੀਆਂ ਹਨ। ਇਸ ਪੋਥੀ ਵਿਚ ਪਰਮੇਸ਼ੁਰ ਸਾਨੂੰ ਸਲਾਹ ਦਿੰਦਾ ਹੈ ਕਿ ਇਨ੍ਹਾਂ ਬੁਰੇ ਸਮਿਆਂ ਦੌਰਾਨ ਸਾਡਾ ਚਾਲ-ਚਲਣ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤਾਂਕਿ ਸਾਡੀ ਉਮੀਦ ਪੱਕੀ ਰਹੇ।

ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਬੋਲਦਾ ਹੈ

9. ਮੀਕਾਹ 1:2 ਦੇ ਮੁਤਾਬਕ ਯਹੋਵਾਹ ਨੇ ਕੀ ਕਰਨ ਦਾ ਫ਼ੈਸਲਾ ਕੀਤਾ ਸੀ?

9 ਆਓ ਆਪਾਂ ਹੁਣ ਮੀਕਾਹ ਦੀ ਪੋਥੀ ਉੱਤੇ ਹੋਰ ਧਿਆਨ ਨਾਲ ਗੌਰ ਕਰੀਏ। ਮੀਕਾਹ 1:2 ਵਿਚ ਅਸੀਂ ਪੜ੍ਹਦੇ ਹਾਂ: “ਹੇ ਸਾਰੀਓ ਉੱਮਤੋ, ਸੁਣੋ, ਧਿਆਨ ਲਾਓ, ਹੇ ਧਰਤੀ ਅਤੇ ਉਸ ਦੀ ਭਰਪੂਰੀ! ਪ੍ਰਭੁ ਯਹੋਵਾਹ ਤੁਹਾਡੇ ਵਿਰੁੱਧ ਗਵਾਹ ਹੋਵੇ, ਹਾਂ, ਪ੍ਰਭੁ ਆਪਣੀ ਪਵਿੱਤਰ ਹੈਕਲ ਤੋਂ।” ਜੇ ਤੁਸੀਂ ਮੀਕਾਹ ਦੇ ਜ਼ਮਾਨੇ ਵਿਚ ਰਹਿੰਦੇ ਹੁੰਦੇ, ਤਾਂ ਇਹ ਸ਼ਬਦ ਤੁਹਾਡਾ ਧਿਆਨ ਜ਼ਰੂਰ ਖਿੱਚਦੇ। ਵਾਕਈ, ਇਹ ਅੱਜ ਵੀ ਸਾਡਾ ਧਿਆਨ ਖਿੱਚਦੇ ਹਨ ਕਿਉਂਕਿ ਯਹੋਵਾਹ ਆਪਣੀ ਪਵਿੱਤਰ ਹੈਕਲ ਤੋਂ ਸਿਰਫ਼ ਇਸਰਾਏਲ ਅਤੇ ਯਹੂਦਾਹ ਨਾਲ ਹੀ ਨਹੀਂ, ਸਗੋਂ ਸਾਰਿਆਂ ਲੋਕਾਂ ਨਾਲ ਗੱਲ ਕਰ ਰਿਹਾ ਹੈ। ਮੀਕਾਹ ਦੇ ਜ਼ਮਾਨੇ ਦੇ ਲੋਕਾਂ ਨੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦੇ ਹੁਕਮਾਂ ਨੂੰ ਕਾਫ਼ੀ ਲੰਬੇ ਸਮੇਂ ਤੋਂ ਅਣਗੌਲਿਆਂ ਕੀਤਾ ਸੀ। ਪਰ ਇਹ ਹਾਲਾਤ ਹੁਣ ਬਦਲਣ ਵਾਲੇ ਸਨ। ਯਹੋਵਾਹ ਨੇ ਉਨ੍ਹਾਂ ਦੇ ਵਿਰੁੱਧ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਸੀ।

10. ਮੀਕਾਹ 1:2 ਦੇ ਸ਼ਬਦਾਂ ਵੱਲ ਸਾਨੂੰ ਕਿਉਂ ਧਿਆਨ ਦੇਣਾ ਚਾਹੀਦਾ ਹੈ?

10 ਸਾਡੇ ਸਮੇਂ ਬਾਰੇ ਵੀ ਇਹ ਗੱਲ ਸੱਚ ਹੈ। ਪਰਕਾਸ਼ ਦੀ ਪੋਥੀ 14:18-20 ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਇਕ ਵਾਰ ਫਿਰ ਆਪਣੀ ਪਵਿੱਤਰ ਹੈਕਲ ਤੋਂ ਬੋਲ ਰਿਹਾ ਹੈ। ਬਹੁਤ ਜਲਦੀ ਯਹੋਵਾਹ ਕਦਮ ਚੁੱਕੇਗਾ ਅਤੇ ਵੱਡੀਆਂ-ਵੱਡੀਆਂ ਘਟਨਾਵਾਂ ਹੋਣਗੀਆਂ ਜੋ ਮਨੁੱਖਜਾਤੀ ਨੂੰ ਹੈਰਾਨ ਕਰ ਦੇਣਗੀਆਂ। ਇਸ ਵਾਰ ਧਰਤੀ ਦੀ ਦੁਸ਼ਟ “ਅੰਗੂਰੀ ਬੇਲ” ਨੂੰ ਪਰਮੇਸ਼ੁਰ ਦੇ ਕ੍ਰੋਧ ਦੇ ਵੱਡੇ ਚੁਬੱਚੇ ਵਿਚ ਸੁੱਟ ਕੇ ਉਸ ਦਾ ਸੱਤਿਆਨਾਸ ਕੀਤਾ ਜਾਵੇਗਾ। ਸ਼ਤਾਨ ਦੀ ਪੂਰੀ ਰੀਤੀ-ਵਿਵਸਥਾ ਨਾਸ਼ ਹੋ ਜਾਵੇਗੀ।

11. ਮੀਕਾਹ 1:3, 4 ਦੇ ਸ਼ਬਦਾਂ ਦਾ ਕੀ ਮਤਲਬ ਹੈ?

11 ਸੁਣੋ ਕਿ ਯਹੋਵਾਹ ਨੇ ਕੀ ਕਰਨ ਦਾ ਫ਼ੈਸਲਾ ਕੀਤਾ। ਮੀਕਾਹ 1:3, 4 ਕਹਿੰਦਾ ਹੈ: “ਵੇਖੋ ਤਾਂ, ਯਹੋਵਾਹ ਆਪਣੇ ਅਸਥਾਨੋਂ ਬਾਹਰ ਆਉਂਦਾ, ਅਤੇ ਹੇਠਾਂ ਆਣ ਕੇ ਧਰਤੀ ਦੀਆਂ ਉੱਚਿਆਈਆਂ ਉੱਤੇ ਤੁਰੇਗਾ। ਪਹਾੜ ਉਹ ਦੇ ਹੇਠੋਂ ਪੰਘਰ ਜਾਣਗੇ, ਖੱਡਾਂ ਚੀਰੀਆਂ ਜਾਣਗੀਆਂ, ਜਿਵੇਂ ਅੱਗ ਦੇ ਅੱਗੇ ਮੋਮ ਹੁੰਦਾ, ਜਿਵੇਂ ਘਾਟ ਉੱਤੋਂ ਪਾਣੀ ਵਗਦਾ।” ਕੀ ਯਹੋਵਾਹ ਨੇ ਸੱਚ-ਮੁੱਚ ਸਵਰਗ ਤੋਂ ਉੱਤਰ ਕੇ ਵਾਅਦਾ ਕੀਤੇ ਹੋਏ ਦੇਸ਼ ਦੇ ਪਹਾੜਾਂ ਅਤੇ ਖੱਡਾਂ ਵਿਚ ਆਉਣਾ ਸੀ? ਨਹੀਂ, ਉਸ ਨੂੰ ਇਵੇਂ ਕਰਨ ਦੀ ਲੋੜ ਨਹੀਂ ਸੀ। ਆਪਣੀ ਇੱਛਾ ਪੂਰੀ ਕਰਨ ਲਈ ਉਸ ਨੂੰ ਸਿਰਫ਼ ਧਰਤੀ ਵੱਲ ਧਿਆਨ ਦੇਣ ਦੀ ਲੋੜ ਸੀ। ਇਸ ਤੋਂ ਇਲਾਵਾ ਧਰਤੀ ਨੇ ਨਹੀਂ, ਸਗੋਂ ਲੋਕਾਂ ਨੇ ਇਹ ਸਭ ਕੁਝ ਭੁਗਤਣਾ ਸੀ। ਜਦੋਂ ਯਹੋਵਾਹ ਨੇ ਕਦਮ ਚੁੱਕਣਾ ਸੀ, ਤਾਂ ਅਣਆਗਿਆਕਾਰ ਲੋਕਾਂ ਉੱਤੇ ਕਹਿਰ ਆ ਜਾਣੀ ਸੀ ਜਿਵੇਂ ਕਿ ਪਹਾੜ ਮੋਮ ਵਾਂਗ ਪਿਘਲ ਗਏ ਹੋਣ ਅਤੇ ਖੱਡਾਂ ਭੁਚਾਲ ਨਾਲ ਚੀਰੀਆਂ ਗਈਆਂ ਹੋਣ।

12, 13. ਦੂਜਾ ਪਤਰਸ 3:10-12 ਅਨੁਸਾਰ ਅਸੀਂ ਆਪਣੀ ਉਮੀਦ ਪੱਕੀ ਕਿਵੇਂ ਕਰ ਸਕਦੇ ਹਾਂ?

12ਮੀਕਾਹ 1:3, 4 ਦੀ ਭਵਿੱਖਬਾਣੀ ਸ਼ਾਇਦ ਤੁਹਾਨੂੰ ਧਰਤੀ ਉੱਤੇ ਤਬਾਹੀ ਬਾਰੇ ਇਕ ਹੋਰ ਭਵਿੱਖਬਾਣੀ ਦੀ ਯਾਦ ਕਰਾਏ। ਦੂਜਾ ਪਤਰਸ 3:10 ਵਿਚ ਪਤਰਸ ਰਸੂਲ ਨੇ ਲਿਖਿਆ: “ਪ੍ਰਭੁ ਦਾ ਦਿਨ ਚੋਰ ਵਾਂਙੁ ਆਵੇਗਾ ਜਿਹ ਦੇ ਵਿੱਚ ਅਕਾਸ਼ ਸਰਨਾਟੇ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਢਲ ਜਾਣਗੀਆਂ ਅਤੇ ਧਰਤੀ ਉਨ੍ਹਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ।” ਮੀਕਾਹ ਦੀ ਭਵਿੱਖਬਾਣੀ ਦੀ ਤਰ੍ਹਾਂ ਪਤਰਸ ਦੀ ਭਵਿੱਖਬਾਣੀ ਵੀ ਅਸਲੀ ਆਕਾਸ਼ ਅਤੇ ਧਰਤੀ ਬਾਰੇ ਨਹੀਂ ਹੈ। ਪਤਰਸ ਇਸ ਬੁਰੀ ਦੁਨੀਆਂ ਉੱਤੇ ਆਉਣ ਵਾਲੀ ਵੱਡੀ ਬਿਪਤਾ ਬਾਰੇ ਗੱਲ ਕਰ ਰਿਹਾ ਸੀ।

13 ਇਸ ਆਉਣ ਵਾਲੀ ਤਬਾਹੀ ਦੇ ਬਾਵਜੂਦ, ਮੀਕਾਹ ਦੀ ਤਰ੍ਹਾਂ ਅੱਜ ਮਸੀਹੀਆਂ ਨੂੰ ਚੰਗੇ ਭਵਿੱਖ ਦੀ ਉਮੀਦ ਹੈ। ਉਹ ਇਹ ਉਮੀਦ ਪੱਕੀ ਕਿਵੇਂ ਕਰ ਸਕਦੇ ਹਾਂ? ਪਤਰਸ ਦੀ ਚਿੱਠੀ ਦੀਆਂ ਅਗਲੀਆਂ ਆਇਤਾਂ ਦੀ ਸਲਾਹ ਉੱਤੇ ਚੱਲ ਕੇ। ਪਤਰਸ ਕਹਿੰਦਾ ਹੈ: “ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ? . . . ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ।” (2 ਪਤਰਸ 3:11, 12) ਜੇ ਅਸੀਂ ਆਪਣੇ ਪੂਰੇ ਦਿਲ ਨਾਲ ਯਹੋਵਾਹ ਦੀ ਆਗਿਆ ਮੰਨੀਏ, ਆਪਣਾ ਚਾਲ-ਚਲਣ ਪਵਿੱਤਰ ਰੱਖੀਏ ਅਤੇ ਪਰਮੇਸ਼ੁਰ ਦੀ ਭਗਤੀ ਕਰਦੇ ਰਹੀਏ, ਤਾਂ ਭਵਿੱਖ ਲਈ ਸਾਡੀ ਉਮੀਦ ਪੱਕੀ ਹੋਵੇਗੀ। ਸਾਨੂੰ ਇਹ ਵੀ ਕਦੀ ਭੁੱਲਣਾ ਨਹੀਂ ਚਾਹੀਦਾ ਕਿ ਯਹੋਵਾਹ ਦਾ ਦਿਨ ਜ਼ਰੂਰ ਆਵੇਗਾ।

14. ਇਸਰਾਏਲ ਅਤੇ ਯਹੂਦਾਹ ਸਜ਼ਾ ਦੇ ਲਾਇਕ ਕਿਉਂ ਸਨ?

14 ਯਹੋਵਾਹ ਨੇ ਸਮਝਾਇਆ ਕਿ ਉਸ ਦੇ ਲੋਕ ਸਜ਼ਾ ਦੇ ਲਾਇਕ ਕਿਉਂ ਸਨ। ਮੀਕਾਹ 1:5 ਕਹਿੰਦਾ ਹੈ: “ਏਹ ਸਭ ਯਾਕੂਬ ਦੇ ਅਪਰਾਧ ਦੇ ਕਾਰਨ ਹੈ, ਅਤੇ ਇਸਰਾਏਲ ਦੇ ਘਰਾਣੇ ਦੇ ਪਾਪਾਂ ਦੇ ਕਾਰਨ। ਯਾਕੂਬ ਦਾ ਅਪਰਾਧ ਕੀ ਹੈ? ਕੀ ਉਹ ਸਾਮਰਿਯਾ ਨਹੀਂ? ਯਹੂਦਾਹ ਦੇ ਉੱਚੇ ਅਸਥਾਨ ਕੀ ਹਨ? ਕੀ ਓਹ ਯਰੂਸ਼ਲਮ ਨਹੀਂ?” ਇਸਰਾਏਲ ਅਤੇ ਯਹੂਦਾਹ ਦੋਵੇਂ ਕੌਮਾਂ ਯਹੋਵਾਹ ਕਰਕੇ ਹੀ ਹੋਂਦ ਵਿਚ ਸਨ। ਪਰ ਉਨ੍ਹਾਂ ਨੇ ਉਸ ਦੇ ਖ਼ਿਲਾਫ਼ ਬਗਾਵਤ ਕੀਤੀ ਅਤੇ ਉਨ੍ਹਾਂ ਦਾ ਅਪਰਾਧ ਇਸਰਾਏਲ ਦੀ ਰਾਜਧਾਨੀ ਸਾਮਰਿਯਾ ਅਤੇ ਯਹੂਦਾਹ ਦੀ ਰਾਜਧਾਨੀ ਯਰੂਸ਼ਲਮ ਤਕ ਵੀ ਪਹੁੰਚ ਗਿਆ ਸੀ।

ਗ਼ਲਤ ਕੰਮਾਂ ਦੀ ਭਰਮਾਰ

15, 16. ਮੀਕਾਹ ਦੇ ਜ਼ਮਾਨੇ ਵਿਚ ਲੋਕ ਕਿਹੜੇ ਬੁਰੇ ਕੰਮ ਕਰ ਰਹੇ ਸਨ?

15 ਉਸ ਜ਼ਮਾਨੇ ਦੇ ਲੋਕਾਂ ਦੀ ਬੁਰਾਈ ਦੀ ਮਿਸਾਲ ਮੀਕਾਹ 2:1, 2 ਵਿਚ ਦਿੱਤੀ ਗਈ ਹੈ: “ਹਾਇ ਓਹਨਾਂ ਉੱਤੇ ਜੋ ਆਪਣੇ ਵਿਛਾਉਣਿਆਂ ਉੱਤੇ ਬਦੀ ਸੋਚਦੇ ਅਤੇ ਦੁਸ਼ਟਪੁਣਾ ਕਰਦੇ ਹਨ! ਜਦ ਸਵੇਰ ਦਾ ਚਾਨਣ ਆਵੇਗਾ ਓਹ ਏਹ ਕਰਨਗੇ, ਕਿਉਂਕਿ ਏਹ ਓਹਨਾਂ ਦੇ ਹੱਥ ਦੇ ਬਲ ਵਿੱਚ ਹੈ। ਓਹ ਖੇਤਾਂ ਦਾ ਲੋਭ ਕਰਦੇ ਹਨ ਅਤੇ ਓਹਨਾਂ ਨੂੰ ਖੋਹ ਲੈਂਦੇ ਹਨ, ਨਾਲੇ ਘਰ ਵੀ ਅਤੇ ਓਹਨਾਂ ਨੂੰ ਲੈ ਲੈਂਦੇ ਹਨ। ਓਹ ਮਰਦ ਅਤੇ ਉਸ ਦੇ ਘਰ ਨੂੰ, ਮਨੁੱਖ ਅਤੇ ਉਸ ਦੀ ਮਿਲਖ ਨੂੰ ਸਤਾਉਂਦੇ ਹਨ।”

16 ਲੋਭੀ ਬੰਦੇ ਰਾਤ ਨੂੰ ਜਾਗਦੇ ਰਹਿੰਦੇ ਅਤੇ ਆਪਣੇ ਗੁਆਂਢੀਆਂ ਦੇ ਖੇਤਾਂ ਤੇ ਘਰਾਂ ਨੂੰ ਆਪਣੇ ਕਬਜ਼ੇ ਵਿਚ ਕਰਨ ਦੀ ਯੋਜਨਾ ਬਣਾਉਂਦੇ ਸਨ। ਸਵੇਰ ਨੂੰ ਉੱਠ ਕੇ ਉਹ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਸਨ। ਜੇ ਉਹ ਯਹੋਵਾਹ ਦੇ ਨੇਮ ਨੂੰ ਯਾਦ ਰੱਖਦੇ, ਤਾਂ ਉਹ ਇਸ ਤਰ੍ਹਾਂ ਦੇ ਬੁਰੇ ਕੰਮ ਕਦੀ ਵੀ ਨਾ ਕਰਦੇ। ਮੂਸਾ ਦੀ ਬਿਵਸਥਾ ਵਿਚ ਗ਼ਰੀਬਾਂ ਦੀ ਰੱਖਿਆ ਲਈ ਨਿਯਮ ਦਿੱਤੇ ਗਏ ਸਨ। ਉਸ ਵਿਚ ਲਿਖਿਆ ਸੀ ਕਿ ਕਿਸੇ ਵੀ ਪਰਿਵਾਰ ਨੂੰ ਹਮੇਸ਼ਾ ਲਈ ਉਸ ਦੀ ਜ਼ਮੀਨ-ਜਾਇਦਾਦ ਤੋਂ ਵਾਂਝੇ ਨਹੀਂ ਕੀਤਾ ਜਾਣਾ ਚਾਹੀਦਾ। ਪਰ ਲੋਭੀ ਬੰਦਿਆਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ। ਉਨ੍ਹਾਂ ਨੇ ਲੇਵੀਆਂ 19:18 ਦੇ ਸ਼ਬਦਾਂ ਨੂੰ ਨਹੀਂ ਮੰਨਿਆ ਜਿੱਥੇ ਲਿਖਿਆ ਹੈ: “ਤੂੰ ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੀਂ।”

17. ਉਦੋਂ ਕੀ ਹੋ ਸਕਦਾ ਹੈ ਜਦੋਂ ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਕਰਨ ਵਾਲੇ ਲੋਕ ਪੈਸੇ ਮਗਰ ਲੱਗ ਜਾਂਦੇ ਹਨ?

17 ਇਸ ਤੋਂ ਪਤਾ ਚੱਲਦਾ ਹੈ ਕਿ ਉਦੋਂ ਕੀ ਹੋ ਸਕਦਾ ਹੈ ਜਦੋਂ ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਕਰਨ ਵਾਲੇ ਲੋਕ ਅਧਿਆਤਮਿਕ ਟੀਚਿਆਂ ਨੂੰ ਭੁੱਲ ਜਾਂਦੇ ਹਨ ਅਤੇ ਪੈਸੇ ਮਗਰ ਲੱਗ ਜਾਂਦੇ ਹਨ। ਪੌਲੁਸ ਨੇ ਆਪਣੇ ਜ਼ਮਾਨੇ ਦੇ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਸੀ: “ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ।” (1 ਤਿਮੋਥਿਉਸ 6:9) ਜਦੋਂ ਇਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿਚ ਪੈਸਿਆਂ ਤੋਂ ਸਿਵਾਇ ਹੋਰ ਕੁਝ ਨਹੀਂ ਸੁੱਝਦਾ, ਤਾਂ ਅਸਲ ਵਿਚ ਉਹ ਮਾਇਆ ਦਾ ਪੁਜਾਰੀ ਬਣ ਜਾਂਦਾ ਹੈ। ਮਾਇਆ ਭਵਿੱਖ ਲਈ ਕੋਈ ਪੱਕੀ ਉਮੀਦ ਨਹੀਂ ਦਿੰਦੀ।—ਮੱਤੀ 6:24.

18. ਮੀਕਾਹ ਦੇ ਦਿਨਾਂ ਵਿਚ ਧਨ-ਦੌਲਤ ਪਿੱਛੇ ਭੱਜਣ ਵਾਲਿਆਂ ਨਾਲ ਕੀ ਹੋਣ ਵਾਲਾ ਸੀ?

18 ਮੀਕਾਹ ਦੇ ਜ਼ਮਾਨੇ ਵਿਚ ਕਈਆਂ ਨੇ ਦੁਖਦਾਈ ਤਰੀਕੇ ਨਾਲ ਇਹ ਸਬਕ ਸਿੱਖਿਆ ਕਿ ਧਨ-ਦੌਲਤ ਉੱਤੇ ਭਰੋਸਾ ਰੱਖਣਾ ਫ਼ਜ਼ੂਲ ਹੈ। ਮੀਕਾਹ 2:4 ਦੇ ਅਨੁਸਾਰ ਯਹੋਵਾਹ ਨੇ ਕਿਹਾ: “ਉਸ ਦਿਨ ਓਹ ਤੁਹਾਡੇ ਉਤੋ ਕਹਾਉਤ ਚੁੱਕਣਗੇ, ਅਤੇ ਰੋ ਪਿੱਟ ਕੇ ਸਿਆਪਾ ਕਰਨਗੇ, ਅਤੇ ਆਖਣਗੇ ਕਿ ਸਾਡਾ ਸੱਤਿਆ ਨਾਸ ਹੋ ਗਿਆ! ਮੇਰੀ ਉੱਮਤ ਦਾ ਭਾਗ ਉਹ ਬਦਲਦਾ ਹੈ, ਉਹ ਉਸ ਨੂੰ ਮੈਥੋਂ ਕਿਵੇਂ ਦੂਰ ਕਰਦਾ ਹੈ, ਉਹ ਸਾਡੇ ਖੇਤਾਂ ਨੂੰ ਫਿਰਤੂਆਂ ਵਿੱਚ ਵੰਡਦਾ ਹੈ!” ਜੀ ਹਾਂ, ਘਰਾਂ ਅਤੇ ਖੇਤਾਂ ਨੂੰ ਚੁਰਾਉਣ ਵਾਲਿਆਂ ਨੇ ਖ਼ੁਦ ਆਪਣੀ ਜ਼ਮੀਨ-ਜਾਇਦਾਦ ਗੁਆ ਬੈਠਣੀ ਸੀ। ਉਨ੍ਹਾਂ ਨੂੰ ਅਣਜਾਣੇ ਦੇਸ਼ ਲਿਜਾਇਆ ਜਾਣਾ ਸੀ ਅਤੇ ਉਨ੍ਹਾਂ ਦੀਆਂ ਜਾਇਦਾਦਾਂ “ਫਿਰਤੂਆਂ” ਯਾਨੀ ਦੂਸਰੀਆਂ ਕੌਮਾਂ ਦੇ ਲੋਕਾਂ ਦਾ ਮਾਲ ਬਣ ਜਾਣੀਆਂ ਸਨ। ਇਸ ਤਰ੍ਹਾਂ ਉਨ੍ਹਾਂ ਦੇ ਸੁਖੀ ਭਵਿੱਖ ਦੀ ਉਮੀਦ ਉੱਤੇ ਪਾਣੀ ਫਿਰ ਜਾਣਾ ਸੀ।

19, 20. ਜਿਹੜੇ ਯਹੂਦੀਆਂ ਨੇ ਯਹੋਵਾਹ ਉੱਤੇ ਭਰੋਸਾ ਰੱਖਿਆ, ਉਨ੍ਹਾਂ ਨਾਲ ਕੀ ਹੋਇਆ?

19 ਪਰ ਯਹੋਵਾਹ ਉੱਤੇ ਭਰੋਸਾ ਰੱਖਣ ਵਾਲਿਆਂ ਦੀਆਂ ਉਮੀਦਾਂ ਪੂਰੀਆਂ ਹੋਣੀਆਂ ਸਨ। ਯਹੋਵਾਹ ਅਬਰਾਹਾਮ ਅਤੇ ਦਾਊਦ ਨਾਲ ਬੰਨ੍ਹੇ ਨੇਮਾਂ ਪ੍ਰਤੀ ਵਫ਼ਾਦਾਰ ਰਿਹਾ, ਇਸ ਲਈ ਉਸ ਨੇ ਮੀਕਾਹ ਵਰਗੇ ਲੋਕਾਂ ਉੱਤੇ ਦਇਆ ਕੀਤੀ ਜੋ ਉਸ ਨੂੰ ਪਿਆਰ ਕਰਦੇ ਅਤੇ ਇਸ ਗੱਲ ਦਾ ਸੋਗ ਮਨਾਉਂਦੇ ਸਨ ਕਿ ਉਨ੍ਹਾਂ ਦੇ ਦੇਸ਼ਵਾਸੀ ਪਰਮੇਸ਼ੁਰ ਤੋਂ ਕੋਹਾਂ ਦੂਰ ਹੋ ਗਏ ਸਨ। ਅਜਿਹੇ ਵਫ਼ਾਦਾਰ ਲੋਕਾਂ ਦੀ ਖ਼ਾਤਰ ਪਰਮੇਸ਼ੁਰ ਨੇ ਯਹੂਦੀਆਂ ਦੇ ਬਕੀਏ ਨੂੰ ਠਹਿਰਾਏ ਸਮੇਂ ਤੇ ਉਨ੍ਹਾਂ ਦੇ ਦੇਸ਼ ਵਾਪਸ ਲਿਆਂਦਾ।

20 ਇਹ ਗੱਲ 537 ਸਾ.ਯੁ.ਪੂ. ਵਿਚ ਪੂਰੀ ਹੋਈ ਸੀ ਜਦੋਂ ਬਾਬਲ ਡਿੱਗਿਆ ਅਤੇ ਯਹੂਦੀਆਂ ਦਾ ਬਕੀਆ ਆਪਣੇ ਦੇਸ਼ ਵਾਪਸ ਆਇਆ। ਉਸ ਸਮੇਂ ਮੀਕਾਹ 2:12 ਦੀ ਪਹਿਲੀ ਪੂਰਤੀ ਹੋਈ। ਯਹੋਵਾਹ ਨੇ ਕਿਹਾ: “ਹੇ ਯਾਕੂਬ, ਮੈਂ ਤੁਹਾਨੂੰ ਸਾਰੇ ਦੇ ਸਾਰੇ ਜ਼ਰੂਰ ਇਕੱਠੇ ਕਰਾਂਗਾ, ਮੈਂ ਇਸਰਾਏਲ ਦੇ ਬਕੀਏ ਨੂੰ ਜਮਾ ਕਰਾਂਗਾ, ਮੈਂ ਓਹਨਾਂ ਨੂੰ ਬਾਸਰਾਹ ਦੀਆਂ ਭੇਡਾਂ ਵਾਂਙੁ ਰਲਾ ਕੇ ਰੱਖਾਂਗਾ, ਇੱਕ ਇੱਜੜ ਵਾਂਙੁ ਜਿਹੜਾ ਉਸ ਦੀ ਜੂਹ ਵਿੱਚ ਹੈ, ਆਦਮੀ ਦੇ ਕਾਰਨ ਓਹ ਜ਼ੋਰ ਕਰਨਗੇ।” ਯਹੋਵਾਹ ਕਿੰਨਾ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ! ਆਪਣੇ ਲੋਕਾਂ ਨੂੰ ਸਜ਼ਾ ਦੇਣ ਤੋਂ ਬਾਅਦ ਉਸ ਨੇ ਇਕ ਬਕੀਏ ਨੂੰ ਵਾਪਸ ਲਿਆਂਦਾ ਤਾਂਕਿ ਉਹ ਆਪਣੇ ਪਿਉ-ਦਾਦਿਆਂ ਨੂੰ ਦਿੱਤੇ ਦੇਸ਼ ਵਿਚ ਯਹੋਵਾਹ ਦੀ ਸੇਵਾ ਕਰ ਸਕਣ।

ਸਾਡੇ ਦਿਨਾਂ ਵਿਚ ਸਮਾਨ ਹਾਲਾਤ

21. ਅੱਜ ਦੇ ਹਾਲਾਤ ਮੀਕਾਹ ਦੇ ਜ਼ਮਾਨੇ ਦੇ ਹਾਲਾਤਾਂ ਨਾਲ ਕਿੰਨੇ ਕੁ ਰਲਦੇ-ਮਿਲਦੇ ਹਨ?

21ਮੀਕਾਹ ਦੇ ਪਹਿਲੇ ਦੋ ਅਧਿਆਵਾਂ ਉੱਤੇ ਗੌਰ ਕਰਨ ਤੇ ਕੀ ਤੁਸੀਂ ਦੇਖਿਆ ਕਿ ਅੱਜ ਦੇ ਹਾਲਾਤ ਉਸ ਜ਼ਮਾਨੇ ਨਾਲ ਕਿੰਨੇ ਰਲਦੇ-ਮਿਲਦੇ ਹਨ? ਮੀਕਾਹ ਦੇ ਜ਼ਮਾਨੇ ਵਾਂਗ ਅੱਜ ਵੀ ਬਹੁਤ ਸਾਰੇ ਲੋਕ ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਹਨ। ਪਰ ਯਹੂਦਾਹ ਅਤੇ ਇਸਰਾਏਲ ਦੀ ਤਰ੍ਹਾਂ ਉਨ੍ਹਾਂ ਵਿਚ ਫੁੱਟ ਪਈ ਹੋਈ ਹੈ ਅਤੇ ਉਹ ਆਪਸ ਵਿਚ ਲੜਾਈਆਂ ਕਰਦੇ ਹਨ। ਈਸਾਈ-ਜਗਤ ਵਿਚ ਬਹੁਤ ਸਾਰੇ ਧਨੀ ਲੋਕਾਂ ਨੇ ਗ਼ਰੀਬਾਂ ਉੱਤੇ ਜ਼ੁਲਮ ਕੀਤੇ ਹਨ। ਕਈ ਧਾਰਮਿਕ ਆਗੂ ਉਨ੍ਹਾਂ ਕੰਮਾਂ ਨੂੰ ਸਹੀ ਕਹਿਣ ਲੱਗ ਪਏ ਹਨ ਜੋ ਬਾਈਬਲ ਦੇ ਅਨੁਸਾਰ ਗ਼ਲਤ ਹਨ। ਇਸੇ ਲਈ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਵੱਡੀ ਬਾਬੁਲ, ਝੂਠੇ ਧਰਮਾਂ ਦਾ ਵਿਸ਼ਵ ਸਾਮਰਾਜ, ਦੇ ਨਾਲ-ਨਾਲ ਈਸਾਈ-ਜਗਤ ਦਾ ਅੰਤ ਨੇੜੇ ਹੈ! (ਪਰਕਾਸ਼ ਦੀ ਪੋਥੀ 18:1-5) ਪਰ ਮੀਕਾਹ ਦੇ ਜ਼ਮਾਨੇ ਵਾਂਗ, ਯਹੋਵਾਹ ਦੇ ਵਫ਼ਾਦਾਰ ਸੇਵਕ ਉਸ ਨਾਸ਼ ਵਿੱਚੋਂ ਬਚ ਜਾਣਗੇ ਅਤੇ ਧਰਤੀ ਉੱਤੇ ਸਦਾ ਲਈ ਰਹਿਣਗੇ।

22. ਕਿਹੜੇ ਦੋ ਸਮੂਹਾਂ ਨੇ ਆਪਣੀਆਂ ਉਮੀਦਾਂ ਪਰਮੇਸ਼ੁਰ ਦੇ ਰਾਜ ਉੱਤੇ ਲਾਈਆਂ ਹੋਈਆਂ ਹਨ?

22 ਸਾਲ 1919 ਵਿਚ ਮਸਹ ਕੀਤੇ ਹੋਏ ਵਫ਼ਾਦਾਰ ਮਸੀਹੀਆਂ ਨੇ ਈਸਾਈ-ਜਗਤ ਤੋਂ ਪੂਰੀ ਤਰ੍ਹਾਂ ਵੱਖਰੇ ਹੋ ਕੇ ਸਾਰੀਆਂ ਕੌਮਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। (ਮੱਤੀ 24:14) ਸਭ ਤੋਂ ਪਹਿਲਾਂ ਉਨ੍ਹਾਂ ਨੇ ਅਧਿਆਤਮਿਕ ਇਸਰਾਏਲ ਦੇ ਬਾਕੀ ਮੈਂਬਰ ਇਕੱਠੇ ਕੀਤੇ। ਫਿਰ, ਉਨ੍ਹਾਂ ਨੇ ‘ਹੋਰ ਭੇਡਾਂ’ ਦੀ ਵੱਡੀ ਭੀੜ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਅਤੇ ਇਹ ਦੋ ਸਮੂਹ “ਇੱਕੋ ਅਯਾਲੀ” ਦੇ ਅਧੀਨ “ਇੱਕੋ ਇੱਜੜ” ਬਣ ਗਏ। (ਯੂਹੰਨਾ 10:16) ਭਾਵੇਂ ਕਿ ਉਹ ਅੱਜ 234 ਮੁਲਕਾਂ ਵਿਚ ਸੇਵਾ ਕਰਦੇ ਹਨ, ਫਿਰ ਵੀ ਯਹੋਵਾਹ ਨੇ ਸੱਚ-ਮੁੱਚ ਆਪਣੇ ਸਾਰੇ ਵਫ਼ਾਦਾਰ ਸੇਵਕਾਂ ਨੂੰ ‘ਰਲਾ ਕੇ ਰੱਖਿਆ’ ਹੈ। ਹੁਣ ਵਾੜੇ ਵਿਚ ‘ਆਦਮੀਆਂ,’ ਔਰਤਾਂ ਅਤੇ ਬੱਚਿਆਂ ਦੀ ਰੌਣਕ ਲੱਗੀ ਹੋਈ ਹੈ। ਉਨ੍ਹਾਂ ਨੇ ਆਪਣੀਆਂ ਉਮੀਦਾਂ ਇਸ ਦੁਨੀਆਂ ਉੱਤੇ ਨਹੀਂ, ਸਗੋਂ ਪਰਮੇਸ਼ੁਰ ਦੇ ਰਾਜ ਉੱਤੇ ਲਾਈਆਂ ਹੋਈਆਂ ਹਨ ਜੋ ਬਹੁਤ ਜਲਦੀ ਇਸ ਧਰਤੀ ਨੂੰ ਫਿਰਦੌਸ ਬਣਾ ਦੇਵੇਗਾ।

23. ਤੁਹਾਨੂੰ ਕਿਉਂ ਪੂਰਾ ਯਕੀਨ ਹੈ ਕਿ ਤੁਹਾਡੀ ਉਮੀਦ ਪੱਕੀ ਹੈ?

23 ਯਹੋਵਾਹ ਦੇ ਵਫ਼ਾਦਾਰ ਭਗਤਾਂ ਬਾਰੇ ਮੀਕਾਹ ਦੇ ਦੂਜੇ ਅਧਿਆਇ ਦੀ ਆਖ਼ਰੀ ਆਇਤ ਕਹਿੰਦੀ ਹੈ: “ਓਹਨਾਂ ਦਾ ਪਾਤਸ਼ਾਹ ਓਹਨਾਂ ਦੇ ਅੱਗੇ ਅੱਗੇ ਲੰਘੇਗਾ, ਅਤੇ ਯਹੋਵਾਹ ਓਹਨਾਂ ਦੇ ਸਿਰ ਤੇ ਹੋਵੇਗਾ।” ਕੀ ਤੁਸੀਂ ਆਪਣੇ ਆਪ ਨੂੰ ਇਸ ਜਿੱਤ ਦੇ ਜਲੂਸ ਵਾਲੇ ਦ੍ਰਿਸ਼ ਵਿਚ ਦੇਖ ਸਕਦੇ ਹੋ ਜਿਸ ਵਿਚ ਸਭ ਤੋਂ ਮੁਹਰੇ ਯਹੋਵਾਹ ਅਤੇ ਰਾਜਾ ਯਿਸੂ ਮਸੀਹ ਹੈ? ਜੇਕਰ ਦੇਖ ਸਕਦੇ ਹੋ, ਤਾਂ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਅਤੇ ਯਿਸੂ ਦੀ ਜਿੱਤ ਜ਼ਰੂਰ ਹੋਵੇਗੀ ਅਤੇ ਤੁਹਾਡੀ ਉਮੀਦ ਪੱਕੀ ਹੈ। ਇਹ ਗੱਲ ਹੋਰ ਵੀ ਸਪੱਸ਼ਟ ਹੋਵੇਗੀ ਜਦੋਂ ਅਸੀਂ ਮੀਕਾਹ ਦੀ ਭਵਿੱਖਬਾਣੀ ਦੀਆਂ ਹੋਰ ਮੁੱਖ ਗੱਲਾਂ ਤੇ ਗੌਰ ਕਰਾਂਗੇ।

ਤੁਸੀਂ ਕੀ ਜਵਾਬ ਦਿਓਗੇ?

• ਮੀਕਾਹ ਦੇ ਦਿਨਾਂ ਵਿਚ ਯਹੋਵਾਹ ਨੇ ਯਹੂਦਾਹ ਅਤੇ ਇਸਰਾਏਲ ਨੂੰ ਸਜ਼ਾ ਦੇਣ ਦਾ ਕਿਉਂ ਫ਼ੈਸਲਾ ਕੀਤਾ ਸੀ?

• ਉਦੋਂ ਕੀ ਹੋ ਸਕਦਾ ਹੈ ਜਦੋਂ ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਕਰਨ ਵਾਲੇ ਲੋਕ ਪੈਸੇ ਮਗਰ ਲੱਗ ਜਾਂਦੇ ਹਨ?

ਮੀਕਾਹ ਦੇ ਪਹਿਲੇ ਅਤੇ ਦੂਜੇ ਅਧਿਆਇ ਉੱਤੇ ਗੌਰ ਕਰਨ ਤੋਂ ਬਾਅਦ ਤੁਹਾਨੂੰ ਕਿਉਂ ਪੂਰਾ ਯਕੀਨ ਹੈ ਕਿ ਤੁਹਾਡੀ ਉਮੀਦ ਪੱਕੀ ਹੈ?

[ਸਵਾਲ]

[ਸਫ਼ੇ 9 ਉੱਤੇ ਤਸਵੀਰ]

ਮੀਕਾਹ ਦੀ ਭਵਿੱਖਬਾਣੀ ਸਾਨੂੰ ਅਧਿਆਤਮਿਕ ਤੌਰ ਤੇ ਤਕੜੇ ਕਰ ਸਕਦੀ ਹੈ

[ਸਫ਼ੇ 10 ਉੱਤੇ ਤਸਵੀਰ]

ਸਾਲ 537 ਸਾ.ਯੁ.ਪੂ. ਵਿਚ ਯਹੂਦੀ ਬਕੀਏ ਵਾਂਗ ਅੱਜ ਅਧਿਆਤਮਿਕ ਇਸਰਾਏਲੀ ਅਤੇ ਉਨ੍ਹਾਂ ਦੇ ਸਾਥੀ ਸੱਚੀ ਉਪਾਸਨਾ ਕਰ ਰਹੇ ਹਨ