Skip to content

Skip to table of contents

ਸੱਚੀ ਭਗਤੀ ਨੇ ਇਕ ਪਰਿਵਾਰ ਨੂੰ ਟੁੱਟਣ ਤੋਂ ਬਚਾਇਆ

ਸੱਚੀ ਭਗਤੀ ਨੇ ਇਕ ਪਰਿਵਾਰ ਨੂੰ ਟੁੱਟਣ ਤੋਂ ਬਚਾਇਆ

ਸੱਚੀ ਭਗਤੀ ਨੇ ਇਕ ਪਰਿਵਾਰ ਨੂੰ ਟੁੱਟਣ ਤੋਂ ਬਚਾਇਆ

ਮਾਰੀਆ 13 ਸਾਲਾਂ ਦੀ ਸੀ ਜਦੋਂ ਉਸ ਦੇ ਇਕ ਰਿਸ਼ਤੇਦਾਰ ਨੇ ਉਸ ਨੂੰ ਤੇ ਉਸ ਦੀ ਛੋਟੀ ਭੈਣ ਲੂਸੀ ਨੂੰ ਯਹੋਵਾਹ ਬਾਰੇ ਦੱਸਿਆ। ਉਸ ਨੇ ਇਸ ਉਮੀਦ ਬਾਰੇ ਵੀ ਦੱਸਿਆ ਕਿ ਉਹ ਧਰਤੀ ਉੱਤੇ ਫਿਰਦੌਸ ਵਿਚ ਹਮੇਸ਼ਾ ਲਈ ਜੀਉਂਦੀਆਂ ਰਹਿ ਸਕਦੀਆਂ ਸਨ। ਉਨ੍ਹਾਂ ਦੀ ਦਿਲਚਸਪੀ ਜਾਗੀ, ਇਸ ਲਈ ਉਹ ਆਪਣੇ ਇਸ ਰਿਸ਼ਤੇਦਾਰ ਨਾਲ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਗਈਆਂ। ਉੱਥੇ ਦਿੱਤੀ ਗਈ ਸਪੱਸ਼ਟ ਸਿੱਖਿਆ ਤੋਂ ਮਾਰੀਆ ਬਹੁਤ ਪ੍ਰਭਾਵਿਤ ਹੋਈ। ਇਹ ਸਭਾਵਾਂ ਚਰਚ ਦੀਆਂ ਸਭਾਵਾਂ ਤੋਂ ਬਿਲਕੁਲ ਅਲੱਗ ਸਨ ਜਿੱਥੇ ਲੋਕ ਗੀਤ ਗਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕਰਦੇ। ਜਲਦੀ ਹੀ ਇਹ ਬੱਚੀਆਂ ਯਹੋਵਾਹ ਦੀ ਇਕ ਗਵਾਹ ਨਾਲ ਬਾਈਬਲ ਦਾ ਅਧਿਐਨ ਕਰਨ ਲੱਗ ਪਈਆਂ।

ਉਨ੍ਹਾਂ ਦਾ ਵੱਡਾ ਭਰਾ ਉਗੋ ਫ਼ਲਸਫ਼ੇ ਅਤੇ ਕ੍ਰਮ-ਵਿਕਾਸ ਦੀ ਥਿਊਰੀ ਵਿਚ ਦਿਲਚਸਪੀ ਰੱਖਦਾ ਸੀ। ਉਹ ਆਪਣੇ ਆਪ ਨੂੰ ਨਾਸਤਿਕ ਮੰਨਦਾ ਸੀ। ਪਰ ਜਦੋਂ ਉਹ ਫ਼ੌਜੀ ਸੇਵਾ ਕਰ ਰਿਹਾ ਸੀ, ਤਾਂ ਉਸ ਨੇ ਕਿਤਾਬ ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ?  * (ਅੰਗ੍ਰੇਜ਼ੀ) ਪੜ੍ਹੀ। ਉਸ ਨੂੰ ਅਜਿਹੇ ਸਵਾਲਾਂ ਦੇ ਜਵਾਬ ਮਿਲੇ ਜੋ ਕੋਈ ਹੋਰ ਧਰਮ ਨਹੀਂ ਦੇ ਸਕਦਾ। ਫ਼ੌਜੀ ਸੇਵਾ ਪੂਰੀ ਕਰਨ ਤੋਂ ਬਾਅਦ, ਪਰਮੇਸ਼ੁਰ ਵਿਚ ਆਪਣੀ ਨਿਹਚਾ ਪੱਕੀ ਕਰਨ ਲਈ ਉਸ ਨੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹ ਆਪਣੀਆਂ ਭੈਣਾਂ ਨਾਲ ਸਭਾਵਾਂ ਵਿਚ ਜਾਣ ਲੱਗ ਪਿਆ। ਦੋ ਸਾਲਾਂ ਤਕ ਸੱਚਾਈ ਦੀ ਸਿੱਖਿਆ ਲੈਣ ਤੋਂ ਬਾਅਦ, 1992 ਵਿਚ ਮਾਰੀਆ ਤੇ ਲੂਸੀ ਨੇ ਬਪਤਿਸਮਾ ਲੈ ਲਿਆ ਅਤੇ ਦੋ ਸਾਲਾਂ ਬਾਅਦ ਉਨ੍ਹਾਂ ਦੇ ਭਰਾ ਨੇ ਵੀ ਬਪਤਿਸਮਾ ਲੈ ਲਿਆ।

ਇਸ ਸਮੇਂ ਦੌਰਾਨ ਉਨ੍ਹਾਂ ਦੇ ਮਾਪਿਆਂ ਨੇ ਸੱਚਾਈ ਵਿਚ ਕੋਈ ਦਿਲਚਸਪੀ ਨਹੀਂ ਲਈ ਕਿਉਂਕਿ ਉਹ ਕੈਥੋਲਿਕ ਧਰਮ ਨੂੰ ਮੰਨਦੇ ਸਨ। ਉਨ੍ਹਾਂ ਨੂੰ ਯਹੋਵਾਹ ਦੇ ਗਵਾਹਾਂ ਤੋਂ ਚਿੜ ਸੀ। ਪਰ ਜਦੋਂ ਉਨ੍ਹਾਂ ਦੇ ਬੱਚੇ ਆਪਣੇ ਨੌਜਵਾਨ ਗਵਾਹ ਸਾਥੀਆਂ ਨੂੰ ਘਰ ਲਿਆਉਂਦੇ ਸਨ, ਤਾਂ ਉਹ ਇਨ੍ਹਾਂ ਨੌਜਵਾਨਾਂ ਦੇ ਚੰਗੇ ਤੌਰ-ਤਰੀਕਿਆਂ ਅਤੇ ਢੁਕਵੇਂ ਕੱਪੜਿਆਂ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੁੰਦੇ ਸਨ। ਨਾਲੇ ਰੋਟੀ ਖਾਣ ਵੇਲੇ ਜਦੋਂ ਵੀ ਬੱਚੇ ਸਭਾਵਾਂ ਵਿਚ ਸਿੱਖੀਆਂ ਗੱਲਾਂ ਬਾਰੇ ਆਪਣੇ ਮਾਪਿਆਂ ਨੂੰ ਦੱਸਦੇ ਸਨ, ਤਾਂ ਉਹ ਬੜੀ ਉਤਸੁਕਤਾ ਨਾਲ ਉਨ੍ਹਾਂ ਦੀ ਗੱਲ ਸੁਣਦੇ ਸਨ।

ਪਰ ਉਨ੍ਹਾਂ ਦੇ ਮਾਤਾ-ਪਿਤਾ ਜਾਦੂਗਰੀ ਵਿਚ ਵਿਸ਼ਵਾਸ ਕਰਦੇ ਸਨ। ਉਨ੍ਹਾਂ ਦਾ ਪਿਤਾ ਸ਼ਰਾਬ ਪੀ ਕੇ ਉਨ੍ਹਾਂ ਦੀ ਮਾਂ ਨੂੰ ਮਾਰਦਾ-ਕੁੱਟਦਾ ਸੀ। ਉਨ੍ਹਾਂ ਦਾ ਪਰਿਵਾਰ ਕਦੇ ਵੀ ਟੁੱਟ ਕੇ ਬਿਖਰ ਸਕਦਾ ਸੀ। ਇਕ ਵਾਰ, ਸ਼ਰਾਬ ਪੀ ਕੇ ਮਾਰ-ਕੁਟਾਈ ਕਰਨ ਕਰਕੇ ਪਿਤਾ ਨੂੰ ਦੋ ਹਫ਼ਤੇ ਜੇਲ੍ਹ ਵਿਚ ਗੁਜ਼ਾਰਨੇ ਪਏ। ਜੇਲ੍ਹ ਵਿਚ ਉਸ ਨੇ ਬਾਈਬਲ ਪੜ੍ਹਨੀ ਸ਼ੁਰੂ ਕੀਤੀ। ਉਸ ਨੇ ਬਾਈਬਲ ਵਿਚ ਅੰਤਿਮ ਦਿਨਾਂ ਦੇ ਲੱਛਣ ਬਾਰੇ ਯਿਸੂ ਦੇ ਸ਼ਬਦਾਂ ਨੂੰ ਪੜ੍ਹਿਆ। ਉਸ ਦੇ ਮਨ ਵਿਚ ਬਹੁਤ ਸਾਰੇ ਸਵਾਲ ਉੱਠੇ। ਇਸ ਲਈ ਮਾਤਾ-ਪਿਤਾ ਹੋਰ ਜਾਣਨ ਲਈ ਕਿੰਗਡਮ ਹਾਲ ਗਏ ਅਤੇ ਬਾਈਬਲ ਅਧਿਐਨ ਕਰਨ ਲੱਗ ਪਏ। ਸੱਚਾਈ ਸਿੱਖਣ ਤੇ, ਉਨ੍ਹਾਂ ਨੇ ਜਾਦੂਗਰੀ ਬਾਰੇ ਆਪਣੀਆਂ ਸਾਰੀਆਂ ਕਿਤਾਬਾਂ ਤਬਾਹ ਕਰ ਦਿੱਤੀਆਂ ਅਤੇ ਯਹੋਵਾਹ ਦਾ ਨਾਂ ਲੈਣ ਨਾਲ ਉਨ੍ਹਾਂ ਨੂੰ ਦੁਸ਼ਟ ਆਤਮਾਵਾਂ ਤੋਂ ਰਾਹਤ ਮਿਲੀ। ਉਨ੍ਹਾਂ ਨੇ ਆਪਣੇ ਵਿਚ ਢੇਰ ਸਾਰੀਆਂ ਤਬਦੀਲੀਆਂ ਕੀਤੀਆਂ।

ਕੀ ਤੁਸੀਂ ਮਾਰੀਆ ਅਤੇ ਲੂਸੀ ਦੀ ਖ਼ੁਸ਼ੀ ਦਾ ਅੰਦਾਜ਼ਾ ਲਾ ਸਕਦੇ ਹੋ ਜਦੋਂ 1999 ਵਿਚ ਉਨ੍ਹਾਂ ਦੇ ਮਾਪਿਆਂ ਨੇ ਬੋਲੀਵੀਆ ਵਿਚ ਇਕ ਜ਼ਿਲ੍ਹਾ ਸੰਮੇਲਨ ਵਿਚ ਉਗੋ ਦੇ ਹੱਥੀਂ ਬਪਤਿਸਮਾ ਲਿਆ? ਬੱਚਿਆਂ ਦੁਆਰਾ ਯਹੋਵਾਹ ਅਤੇ ਉਸ ਦੇ ਵਾਅਦਿਆਂ ਬਾਰੇ ਸੁਣਨ ਤੋਂ ਤਕਰੀਬਨ ਨੌਂ ਸਾਲਾਂ ਬਾਅਦ ਉਨ੍ਹਾਂ ਦੇ ਮਾਪਿਆਂ ਨੇ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕੀਤੀ ਸੀ। ਮਾਰੀਆ, ਲੂਸੀ ਤੇ ਉਗੋ ਹੁਣ ਪੂਰੇ ਸਮੇਂ ਦੇ ਪ੍ਰਚਾਰਕ ਹਨ। ਉਹ ਕਿੰਨੇ ਖ਼ੁਸ਼ ਹਨ ਕਿ ਸੱਚੀ ਭਗਤੀ ਨੇ ਉਨ੍ਹਾਂ ਦੇ ਪਰਿਵਾਰ ਨੂੰ ਟੁੱਟਣ ਨਹੀਂ ਦਿੱਤਾ!

[ਫੁਟਨੋਟ]

^ ਪੈਰਾ 3 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।