Skip to content

Skip to table of contents

ਇੱਕੋ ਸੱਚਾ ਮਸੀਹੀ ਧਰਮ

ਇੱਕੋ ਸੱਚਾ ਮਸੀਹੀ ਧਰਮ

ਇੱਕੋ ਸੱਚਾ ਮਸੀਹੀ ਧਰਮ

ਯਿਸੂ ਮਸੀਹ ਨੇ ਮਸੀਹੀ ਧਰਮ ਸਥਾਪਿਤ ਕਰ ਕੇ ਪਰਮੇਸ਼ੁਰ ਦੀ ਭਗਤੀ ਕਰਨ ਦਾ ਸਿਰਫ਼ ਇੱਕੋ ਰਾਹ ਸਥਾਪਿਤ ਕੀਤਾ ਸੀ। ਕਿਹਾ ਜਾ ਸਕਦਾ ਹੈ ਕਿ ਇਸ ਦੇ ਮੈਂਬਰ ਇਕ ਰੂਹਾਨੀ ਪਰਿਵਾਰ ਵਿਚ ਹਨ। ਇਸ ਵਿਚ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੁਆਰਾ ਉਨ੍ਹਾਂ ਸਾਰਿਆਂ ਲੋਕਾਂ ਨੂੰ ਇਕੱਠਾ ਕੀਤਾ ਗਿਆ ਜਿਨ੍ਹਾਂ ਨੂੰ ਪਰਮੇਸ਼ੁਰ ਆਪਣੇ “ਬਾਲਕ” ਜਾਂ “ਪੁੱਤ੍ਰ” ਸਮਝਦਾ ਹੈ।—ਰੋਮੀਆਂ 8:16, 17; ਗਲਾਤੀਆਂ 3:26.

ਯਿਸੂ ਨੇ ਸਿਖਾਇਆ ਸੀ ਕਿ ਪਰਮੇਸ਼ੁਰ ਨੇ ਲੋਕਾਂ ਨੂੰ ਸੱਚਾਈ ਅਤੇ ਜ਼ਿੰਦਗੀ ਦੇ ਰਾਹ ਪਾਉਣ ਲਈ ਸਿਰਫ਼ ਇੱਕੋ ਤਰੀਕਾ ਵਰਤਿਆ। ਇਸ ਸੱਚਾਈ ਨੂੰ ਚੰਗੀ ਤਰ੍ਹਾਂ ਸਮਝਾਉਣ ਵਾਸਤੇ ਯਿਸੂ ਨੇ ਇਕ ਰਾਹ ਦੀ ਉਦਾਹਰਣ ਦਿੱਤੀ ਜੋ ਹਮੇਸ਼ਾ ਦੀ ਜ਼ਿੰਦਗੀ ਵੱਲ ਲੈ ਜਾਂਦਾ ਹੈ। ਉਸ ਨੇ ਕਿਹਾ: “ਭੀੜੇ ਫਾਟਕ ਤੋਂ ਵੜੋ ਕਿਉਂ ਜੋ ਮੋਕਲਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਅਰ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ। ਅਤੇ ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ।”—ਮੱਤੀ 7:13, 14; ਯੂਹੰਨਾ 14:6; ਰਸੂਲਾਂ ਦੇ ਕਰਤੱਬ 4:11, 12.

ਸੱਚੇ ਮਸੀਹੀ ਧਰਮ ਦੀ ਏਕਤਾ

ਧਰਮ-ਸ਼ਾਸਤਰ ਦੇ ਇਕ ਕੋਸ਼ ਅਨੁਸਾਰ ਸਾਨੂੰ ਪਹਿਲੀ ਸਦੀ ਦੇ ਮਸੀਹੀ ਧਰਮ ਨੂੰ “ਅੱਜ ਦੇ ਕੈਥੋਲਿਕ ਚਰਚ ਵਾਂਗ ਵੱਡੇ ਪੈਮਾਨੇ ਤੇ ਫੈਲੇ ਹੋਏ ਸੰਗਠਨ ਵਜੋਂ ਨਹੀਂ ਸਮਝਣਾ ਚਾਹੀਦਾ।” ਕਿਉਂ ਨਹੀਂ? ਉਸ ਕੋਸ਼ ਦੇ ਮੁਤਾਬਕ “ਉਸ ਸਮੇਂ ਅਜਿਹਾ ਵੱਡਾ ਸੰਗਠਨ ਹੈ ਹੀ ਨਹੀਂ ਸੀ।”

ਸਭ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਅੱਜ ਦੀਆਂ ਚਰਚ-ਸੰਸਥਾਵਾਂ ਪਹਿਲੀ ਸਦੀ ਦੇ ਮਸੀਹੀ ਪ੍ਰਬੰਧ ਨਾਲ ਬਿਲਕੁਲ ਹੀ ਨਹੀਂ ਮਿਲਦੀਆਂ। ਪਰ ਫਿਰ ਵੀ ਪਹਿਲੀ ਸਦੀ ਦੀਆਂ ਵੱਖਰੀਆਂ-ਵੱਖਰੀਆਂ ਕਲੀਸਿਯਾਵਾਂ ਆਪੇ ਹੀ ਅਜ਼ਾਦੀ ਨਾਲ ਚੱਲਣ ਦੀ ਬਜਾਇ ਯਰੂਸ਼ਲਮ ਵਿਚ ਪ੍ਰਬੰਧਕ ਸਭਾ ਦੀ ਅਗਵਾਈ ਅਧੀਨ ਚੱਲਦੀਆਂ ਸਨ। ਪ੍ਰਬੰਧਕ ਸਭਾ ਰਸੂਲਾਂ ਤੇ ਯਰੂਸ਼ਲਮ ਦੀ ਕਲੀਸਿਯਾ ਦੇ ਬਜ਼ੁਰਗਾਂ ਦੀ ਬਣੀ ਹੋਈ ਸੀ। ਇਹ ਸਭਾ ਸਾਰੀਆਂ ਕਲੀਸਿਯਾਵਾਂ ਨੂੰ ਮਸੀਹ ਦੀ “ਇੱਕੋ ਦੇਹੀ” ਦੇ ਤੌਰ ਤੇ ਏਕਤਾ ਵਿਚ ਸੰਗਠਿਤ ਰੱਖਦੀ ਸੀ।—ਅਫ਼ਸੀਆਂ 4:4, 11-16; ਰਸੂਲਾਂ ਦੇ ਕਰਤੱਬ 15:22-31; 16:4, 5.

ਉਸ ਇੱਕੋ ਸੱਚੇ ਧਰਮ ਨੂੰ ਕੀ ਹੋਇਆ ਸੀ? ਕੀ ਉਹ ਅੱਜ ਦਾ ਵਿਸ਼ਾਲ ਕੈਥੋਲਿਕ ਚਰਚ ਬਣ ਗਿਆ? ਜਾਂ ਕੀ ਉਹ ਪ੍ਰੋਟੈਸਟੈਂਟ ਚਰਚ ਦੇ ਵੱਖਰੇ-ਵੱਖਰੇ ਚਰਚਾਂ ਵਿਚ ਵੰਡਿਆ ਗਿਆ? ਜਾਂ ਕੀ ਕੁਝ ਹੋਰ ਹੀ ਵਾਪਰਿਆ ਹੈ?

“ਕਣਕ” ਅਤੇ “ਜੰਗਲੀ ਬੂਟੀ”

ਇਨ੍ਹਾਂ ਸਵਾਲਾਂ ਦੇ ਜਵਾਬ ਲਈ ਆਓ ਆਪਾਂ ਦੇਖੀਏ ਕਿ ਯਿਸੂ ਨੇ ਕੀ ਕਿਹਾ ਸੀ। ਤੁਸੀਂ ਸ਼ਾਇਦ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਯਿਸੂ ਜਾਣਦਾ ਸੀ ਕਿ ਸੱਚੇ ਮਸੀਹੀਆਂ ਨੂੰ ਪਛਾਣਨਾ ਮੁਸ਼ਕਲ ਹੋਵੇਗਾ ਅਤੇ ਕਿ ਉਹ ਆਪ ਕਈ ਸਦੀਆਂ ਲਈ ਇਸ ਬਾਰੇ ਕੁਝ ਨਹੀਂ ਕਰੇਗਾ।

ਮਸੀਹੀ ਧਰਮ ਦੀ ਗੱਲ ‘ਸੁਰਗ ਦੇ ਰਾਜ’ ਵਜੋਂ ਕਰਦੇ ਹੋਏ ਉਸ ਨੇ ਕਿਹਾ: “ਸੁਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ ਜਿਹ ਨੇ ਆਪਣੇ ਖੇਤ ਵਿੱਚ ਚੰਗਾ ਬੀ ਬੀਜਿਆ। ਪਰ ਜਦ ਲੋਕ ਸੌਂ ਰਹੇ ਸਨ ਤਦ ਉਹ ਦਾ ਵੈਰੀ ਆਇਆ ਅਰ ਉਹ ਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ। ਅਰ ਜਦ ਅੰਗੂਰੀ ਨਿੱਕਲੀ ਅਤੇ ਸਿੱਟੇ ਲੱਗੇ ਤਦ ਜੰਗਲੀ ਬੂਟੀ ਵੀ ਦਿਸ ਪਈ। ਤਾਂ ਘਰ ਦੇ ਮਾਲਕ ਦੇ ਚਾਕਰਾਂ ਨੇ ਕੋਲ ਆਣ ਕੇ ਉਹ ਨੂੰ ਆਖਿਆ, ਭਲਾ, ਸੁਆਮੀ ਜੀ, ਤੁਸਾਂ ਆਪਣੇ ਖੇਤ ਵਿੱਚ ਚੰਗਾ ਬੀ ਨਹੀਂ ਸੀ ਬੀਜਿਆ? ਫੇਰ ਜੰਗਲੀ ਬੂਟੀ ਕਿੱਥੋਂ ਆਈ? ਉਹ ਨੇ ਉਨ੍ਹਾਂ ਨੂੰ ਆਖਿਆ, ਇਹ ਕਿਸੇ ਵੈਰੀ ਦਾ ਕੰਮ ਹੈ। ਤਾਂ ਚਾਕਰਾਂ ਨੇ ਉਹ ਨੂੰ ਆਖਿਆ, ਜੇ ਮਰਜੀ ਹੋਵੇ ਤਾਂ ਅਸੀਂ ਜਾਕੇ ਉਹ ਨੂੰ ਇਕੱਠਾ ਕਰੀਏ? ਪਰ ਉਹ ਨੇ ਕਿਹਾ, ਨਾ, ਮਤੇ ਤੁਸੀਂ ਜੰਗਲੀ ਬੂਟੀ ਨੂੰ ਇਕੱਠਾ ਕਰਦਿਆਂ ਕਣਕ ਨੂੰ ਵੀ ਨਾਲ ਹੀ ਪੁੱਟ ਲਓ। ਵਾਢੀ ਤੋੜੀ ਦੋਹਾਂ ਨੂੰ ਰਲੇ ਮਿਲੇ ਵਧਣ ਦਿਓ ਅਰ ਮੈਂ ਵਾਢੀ ਦੇ ਵੇਲੇ ਵੱਢਣ ਵਾਲਿਆਂ ਨੂੰ ਆਖਾਂਗਾ ਜੋ ਪਹਿਲਾਂ ਜੰਗਲੀ ਬੂਟੀ ਨੂੰ ਇੱਕਠਾ ਕਰੋ ਅਤੇ ਫੂਕਣ ਲਈ ਉਹ ਦੀਆਂ ਪੂਲੀਆਂ ਬੰਨ੍ਹੋ ਪਰ ਕਣਕ ਨੂੰ ਮੇਰੇ ਕੋਠੇ ਵਿੱਚ ਜਮਾ ਕਰੋ।”—ਮੱਤੀ 13:24-30.

ਯਿਸੂ ਨੇ ਸਮਝਾਇਆ ਕਿ ‘ਬੀਜਣ ਵਾਲਾ’ ਉਹ ਖ਼ੁਦ ਸੀ। “ਚੰਗਾ ਬੀ” ਉਸ ਦੇ ਅਸਲੀ ਚੇਲੇ ਸਨ। ਉਸ ਦਾ “ਵੈਰੀ” ਸ਼ਤਾਨ ਸੀ। “ਜੰਗਲੀ ਬੂਟੀ” ਨਕਲੀ ਮਸੀਹੀ ਸਨ ਜੋ ਪਹਿਲੀ ਸਦੀ ਦੀਆਂ ਵੱਖਰੀਆਂ-ਵੱਖਰੀਆਂ ਕਲੀਸਿਯਾਵਾਂ ਵਿਚ ਆ ਵੜੇ ਸਨ। ਉਸ ਨੇ ਕਿਹਾ ਕਿ ਉਹ “ਕਣਕ” ਤੇ “ਜੰਗਲੀ ਬੂਟੀ” ਦੋਹਾਂ ਨੂੰ ‘ਵਾਢੀ ਦੇ ਵੇਲੇ’ ਤਕ ਰਲ-ਮਿਲ ਕੇ ਵਧਣ ਦੇਵੇਗਾ। ਉਹ ਵੇਲਾ ‘ਜੁਗ ਦੇ ਅੰਤ’ ਵਿਚ ਆਵੇਗਾ। (ਮੱਤੀ 13:37-43) ਇਸ ਸਾਰੀ ਗੱਲ ਦਾ ਕੀ ਮਤਲਬ ਸੀ?

ਨਕਲੀ ਮਸੀਹੀਆਂ ਦੀ ਸ਼ੁਰੂਆਤ

ਰਸੂਲਾਂ ਦੀ ਮੌਤ ਤੋਂ ਥੋੜ੍ਹੀ ਹੀ ਦੇਰ ਬਾਅਦ, ਮਸੀਹੀ ਕਲੀਸਿਯਾਵਾਂ ਵਿੱਚੋਂ ਹੀ ਪਰਾਈ ਸਿੱਖਿਆ ਦੇਣ ਵਾਲੇ ਗੁਰੂ ਉਸ ਦੀ ਨਿਗਰਾਨੀ ਕਰਨ ਲੱਗ ਪਏ। ਉਨ੍ਹਾਂ ਨੇ ‘ਚੇਲਿਆਂ ਨੂੰ ਆਪਣੀ ਵੱਲ ਖਿੱਚਣ ਲਈ ਉਲਟੀਆਂ ਗੱਲਾਂ ਕੀਤੀਆਂ।’ (ਰਸੂਲਾਂ ਦੇ ਕਰਤੱਬ 20:29, 30) ਸਿੱਟੇ ਵਜੋਂ ਕਈ ਮਸੀਹੀ ‘ਨਿਹਚਾ ਤੋਂ ਫਿਰ ਗਏ ਸਨ।’ ਉਹ “ਖਿਆਲੀ ਕਹਾਣੀਆਂ” ਵੱਲ ਮੁੜ ਗਏ ਸਨ।—1 ਤਿਮੋਥਿਉਸ 4:1-3; 2 ਤਿਮੋਥਿਉਸ 4:3, 4.

ਧਰਮ-ਸ਼ਾਸਤਰ ਦਾ ਕੋਸ਼ ਕਹਿੰਦਾ ਹੈ ਕਿ ਚੌਥੀ ਸਦੀ ਤਕ ‘ਕੈਥੋਲਿਕ ਚਰਚ ਰੋਮੀ ਸਾਮਰਾਜ ਦਾ ਕੌਮੀ ਧਰਮ ਬਣ ਗਿਆ ਸੀ।’ ਉਸ ਵਿਚ ਧਰਮ ਅਤੇ ਸਰਕਾਰ ਨੂੰ ਮਿਲਾ ਦਿੱਤਾ ਗਿਆ ਸੀ ਜੋ ਕਿ ਮਸੀਹ ਦੀ ਸਿੱਖਿਆ ਅਤੇ ਪਹਿਲੀ ਸਦੀ ਦੇ ਮਸੀਹੀਆਂ ਦੇ ਵਿਸ਼ਵਾਸਾਂ ਤੋਂ ਐਨ ਉਲਟ ਸੀ। (ਯੂਹੰਨਾ 17:16; ਯਾਕੂਬ 4:4) ਉਸੇ ਕੋਸ਼ ਵਿਚ ਦੱਸਿਆ ਗਿਆ ਹੈ ਕਿ ਮੁਢਲੇ ਚਰਚ ਦੀ ਸਾਰੀ ਬਣਤਰ ਬਦਲਣ ਦੇ ਨਾਲ-ਨਾਲ ਉਸ ਦੀਆਂ ਕਈ ਬੁਨਿਆਦੀ ਸਿੱਖਿਆਵਾਂ ਵੀ ਬਦਲ ਦਿੱਤੀਆਂ ਗਈਆਂ ਸਨ। ਇਸ ਤਰ੍ਹਾਂ ਕਿਉਂ ਹੋਇਆ ਸੀ? ਕਿਉਂਕਿ ਚਰਚ ‘ਬਾਈਬਲ ਦੇ ਪੁਰਾਣੇ ਨੇਮ ਦੀਆਂ ਗੱਲਾਂ ਤੇ ਨਵ-ਅਫਲਾਤੂਨੀ ਸਿੱਖਿਆਵਾਂ ਨੂੰ ਮਿਲਾ ਰਿਹਾ ਸੀ।’ ਯਿਸੂ ਮਸੀਹ ਦੀ ਗੱਲ ਸਹੀ ਸਾਬਤ ਹੋਈ। ਉਸ ਦੇ ਅਸਲੀ ਚੇਲੇ ਅੱਖੋਂ ਓਹਲੇ ਹੋ ਗਏ, ਪਰ ਨਕਲੀ ਮਸੀਹੀ ਵਧਦੇ ਗਏ।

ਯਿਸੂ ਦੇ ਚੇਲੇ ਜਾਣਦੇ ਸਨ ਕਿ ਕਣਕ ਤੇ ਜੰਗਲੀ ਬੂਟੀ ਵਿਚ ਫ਼ਰਕ ਦੇਖਣਾ ਕਿੰਨਾ ਮੁਸ਼ਕਲ ਸੀ ਖ਼ਾਸਕਰ ਵਾਢੀ ਦੇ ਵੇਲੇ ਤੋਂ ਪਹਿਲਾਂ ਜਦ ਪੌਦੇ ਅਜੇ ਵਧ ਰਹੇ ਹੋਣ। ਤਾਂ ਫਿਰ ਇਸ ਦ੍ਰਿਸ਼ਟਾਂਤ ਵਿਚ ਯਿਸੂ ਦੱਸ ਰਿਹਾ ਸੀ ਕਿ ਅਸਲੀ ਤੇ ਨਕਲੀ ਮਸੀਹੀਆਂ ਨੂੰ ਪਛਾਣਨਾ ਮੁਸ਼ਕਲ ਹੋਵੇਗਾ। ਇਸ ਦਾ ਇਹ ਮਤਲਬ ਨਹੀਂ ਕਿ ਸੱਚੇ ਮਸੀਹੀ ਰਹੇ ਹੀ ਨਹੀਂ ਸਨ ਕਿਉਂਕਿ ਯਿਸੂ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ “ਜੁਗ ਦੇ ਅੰਤ ਤੀਕਰ ਹਰ ਵੇਲੇ” ਉਨ੍ਹਾਂ ਦੀ ਅਗਵਾਈ ਕਰੇਗਾ। (ਮੱਤੀ 28:20) ਯਿਸੂ ਨੇ ਕਿਹਾ ਸੀ ਕਿ ਕਣਕ ਯਾਨੀ ਅਸਲੀ ਮਸੀਹੀ ਵਧਦੇ ਰਹਿਣਗੇ। ਅਗਲੀਆਂ ਸਦੀਆਂ ਦੌਰਾਨ ਸੱਚੇ ਮਸੀਹੀ ਆਪਣੀ ਪੂਰੀ ਵਾਹ ਲਾ ਕੇ ਯਿਸੂ ਦੀਆਂ ਸਿੱਖਿਆਵਾਂ ਉੱਤੇ ਅਮਲ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਪਰ ਉਹ ਸਪੱਸ਼ਟ ਤੌਰ ਤੇ ਕਿਸੇ ਇਕ ਸੰਸਥਾ ਵਿਚ ਨਜ਼ਰ ਨਹੀਂ ਆਏ ਸਨ। ਇਹ ਗੱਲ ਵੀ ਸੱਚ ਹੈ ਕਿ ਉਹ ਉਨ੍ਹਾਂ ਚਰਚਾਂ ਦੇ ਲੋਕਾਂ ਵਰਗੇ ਬਿਲਕੁਲ ਹੀ ਨਹੀਂ ਸਨ ਜੋ ਸਾਲਾਂ ਤੋਂ ਯਿਸੂ ਮਸੀਹ ਦੇ ਨਾਂ ਦੀ ਬਦਨਾਮੀ ਕਰਦੇ ਆਏ ਹਨ।—2 ਪਤਰਸ 2:1, 2.

‘ਕੁਧਰਮ ਦਾ ਪੁਰਖ ਪਰਗਟ ਹੋਇਆ’

ਪੌਲੁਸ ਰਸੂਲ ਨੇ ਇਕ ਹੋਰ ਗੱਲ ਦੱਸੀ ਸੀ ਜੋ ਨਕਲੀ ਮਸੀਹੀਆਂ ਨੂੰ ਪਛਾਣਨ ਵਿਚ ਸਾਡੀ ਮਦਦ ਕਰੇਗੀ। ਉਸ ਨੇ ਲਿਖਿਆ: “ਕੋਈ ਤੁਹਾਨੂੰ ਕਿਸੇ ਤਰਾਂ ਨਾ ਭਰਮਾਵੇ ਕਿਉਂ ਜੋ [ਯਹੋਵਾਹ ਦਾ] ਦਿਨ ਨਹੀਂ ਆਵੇਗਾ ਜਿੰਨਾ ਚਿਰ ਪਹਿਲਾਂ ਧਰਮ ਤਿਆਗ ਨਾ ਹੋ ਲਵੇ ਅਤੇ ਉਹ ਕੁਧਰਮ ਦਾ ਪੁਰਖ . . . ਪਰਗਟ ਨਾ ਹੋ ਜਾਵੇ।” (2 ਥੱਸਲੁਨੀਕੀਆਂ 2:2-4) ਕੁਧਰਮ ਦਾ ਇਹ ਪੁਰਖ ਕੌਣ ਹੈ? ਇਹ ਪਾਦਰੀ ਵਰਗ ਨੂੰ ਦਰਸਾਉਂਦਾ ਹੈ ਜਿਸ ਨੇ ਆਪਣੇ ਆਪ ਨੂੰ “ਮਸੀਹੀ” ਕਲੀਸਿਯਾ ਉੱਤੇ ਮੁਖ਼ਤਿਆਰ ਬਣਾਇਆ ਹੋਇਆ ਹੈ।

ਸੱਚੇ ਧਰਮ ਦਾ ਤਿਆਗ ਪੌਲੁਸ ਰਸੂਲ ਦੇ ਸਮੇਂ ਵਿਚ ਹੀ ਸ਼ੁਰੂ ਹੋ ਗਿਆ ਸੀ। ਰਸੂਲਾਂ ਦੀ ਮੌਤ ਤੋਂ ਬਾਅਦ ਇਨ੍ਹਾਂ ਨਕਲੀ ਮਸੀਹੀਆਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ ਤੇ ਉਹ ਅੱਗੇ ਤੋਂ ਅੱਗੇ ਵਧਦੇ ਗਏ। ਪੌਲੁਸ ਨੇ ਕਿਹਾ ਕਿ “ਉਸ ਕੁਧਰਮੀ [ਪੁਰਖ] ਦਾ ਆਉਣਾ ਸ਼ਤਾਨ ਦੇ ਅਮਲ ਅਨੁਸਾਰ ਹਰ ਪਰਕਾਰ ਦੀ ਸ਼ਕਤੀ, ਝੂਠੀਆਂ ਨਿਸ਼ਾਨੀਆਂ ਅਤੇ ਅਚਰਜਾਂ ਨਾਲ ਹੋਵੇਗਾ, ਨਾਲੇ . . . ਕੁਧਰਮ ਦੇ ਹਰ ਪਰਕਾਰ ਦੇ ਛਲ ਨਾਲ।” (2 ਥੱਸਲੁਨੀਕੀਆਂ 2:6-12) ਇਤਿਹਾਸ ਗਵਾਹ ਹੈ ਕਿ ਚਰਚਾਂ ਦੇ ਕਈ ਆਗੂ ਇਸ ਤਰ੍ਹਾਂ ਦੇ ਕੰਮ ਹੀ ਕਰਦੇ ਆਏ ਹਨ!

ਕੈਥੋਲਿਕ ਚਰਚ ਦਾ ਕਹਿਣਾ ਹੈ ਕਿ ਉਹੋ ਹੀ ਸੱਚਾ ਧਰਮ ਹੈ ਕਿਉਂਕਿ ਉਸ ਦੇ ਬਿਸ਼ਪਾਂ ਨੂੰ ਇਹ ਵਿਰਾਸਤ ਮੁਢਲੇ ਰਸੂਲਾਂ ਤੋਂ ਮਿਲੀ ਹੈ। ਪਰ ਸੱਚ ਕਿਹਾ ਜਾਏ ਤਾਂ ਉਸ ਦੇ ਇਸ ਦਾਅਵੇ ਲਈ ਨਾ ਤਾਂ ਇਤਿਹਾਸ ਤੋਂ ਤੇ ਨਾ ਹੀ ਬਾਈਬਲ ਤੋਂ ਕੋਈ ਸਬੂਤ ਮਿਲਦਾ ਹੈ। ਅਤੇ ਨਾ ਹੀ ਕੋਈ ਸਬੂਤ ਹੈ ਕਿ ਯਿਸੂ ਦੀ ਮੌਤ ਤੋਂ ਬਾਅਦ ਜੋ ਚਰਚ ਸ਼ੁਰੂ ਹੋ ਗਏ ਹਨ ਉਹ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਅਗਵਾਈ ਅਧੀਨ ਵਧੇ ਹਨ।—ਰੋਮੀਆਂ 8:9; ਗਲਾਤੀਆਂ 5:19-21.

ਪਰ ਚਰਚਾਂ ਦੇ ਸੁਧਾਰ ਅੰਦੋਲਨ (Reformation) ਤੋਂ ਬਾਅਦ ਜੋ ਪ੍ਰੋਟੈਸਟੈਂਟ ਚਰਚ ਸ਼ੁਰੂ ਹੋਏ ਸਨ, ਕੀ ਉਹ ਸੱਚਾ ਧਰਮ ਹਨ? ਕੀ ਇਹ ਚਰਚ ਪਹਿਲੀ ਸਦੀ ਦੇ ਮਸੀਹੀ ਧਰਮ ਦੀ ਪੈੜ ਤੇ ਚੱਲੇ ਸਨ? ਕੀ ਇਹ ਉਸ ਵਾਂਗ ਸ਼ੁੱਧ ਸਨ? ਇਕ ਗੱਲ ਸੱਚ ਹੈ ਕਿ ਇਸ ਅੰਦੋਲਨ ਤੋਂ ਬਾਅਦ ਬਾਈਬਲ ਦਾ ਤਰਜਮਾ ਬਹੁਤ ਸਾਰੀਆਂ ਬੋਲੀਆਂ ਵਿਚ ਹੋਇਆ ਤੇ ਲੋਕ ਆਪਣੀ-ਆਪਣੀ ਭਾਸ਼ਾ ਵਿਚ ਬਾਈਬਲ ਪੜ੍ਹ ਸਕੇ ਹਨ। ਪਰ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਚਰਚਾਂ ਨੇ ਵੀ ਗ਼ਲਤ ਸਿੱਖਿਆਵਾਂ ਤੋਂ ਮੂੰਹ ਨਹੀਂ ਮੋੜਿਆ।—ਮੱਤੀ 15:7-9.

ਪਰ ਇਹ ਗੱਲ ਨੋਟ ਕਰੋ ਕਿ ਯਿਸੂ ਨੇ ਕਿਹਾ ਸੀ ਕਿ ਉਸ ਦੇ ਅਸਲੀ ਚੇਲੇ ਜੁਗ ਦੇ ਅੰਤ ਦੇ ਸਮੇਂ ਦੌਰਾਨ ਸਾਫ਼-ਸਾਫ਼ ਨਜ਼ਰ ਆਉਣਗੇ। (ਮੱਤੀ 13:30, 39) ਬਾਈਬਲ ਦੀਆਂ ਭਵਿੱਖਬਾਣੀਆਂ ਅੱਜ ਪੂਰੀਆਂ ਹੋ ਰਹੀਆਂ ਹਨ ਤੇ ਇਨ੍ਹਾਂ ਤੋਂ ਸਾਨੂੰ ਪਤਾ ਹੈ ਕਿ ਅਸੀਂ ਉਸ ਅੰਤ ਦੇ ਵੇਲੇ ਜੀ ਰਹੇ ਹਾਂ। (ਮੱਤੀ 24:3-35) ਤਾਂ ਫਿਰ ਸਾਨੂੰ ਸਾਰਿਆਂ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ: “ਕਿਹੜੇ ਮਸੀਹੀ ਸੱਚੇ ਹਨ?” ਉਨ੍ਹਾਂ ਨੂੰ ਪਛਾਣਨਾ ਅੱਜ ਮੁਸ਼ਕਲ ਨਹੀਂ ਹੈ।

ਸ਼ਾਇਦ ਤੁਸੀਂ ਕਹੋ ਕਿ ਮੈਂ ਤਾਂ ਪਹਿਲਾਂ ਹੀ ਸੱਚੇ ਮਸੀਹੀ ਲੱਭ ਲਏ ਹਨ। ਪਰ ਤੁਹਾਨੂੰ ਇਹ ਗੱਲ ਯਕੀਨੀ ਬਣਾ ਲੈਣੀ ਚਾਹੀਦੀ ਹੈ। ਕਿਉਂ? ਕਿਉਂਕਿ ਪਹਿਲੀ ਸਦੀ ਵਾਂਗ, ਸਿਰਫ਼ ਇੱਕੋ ਸੱਚਾ ਧਰਮ ਹੋ ਸਕਦਾ ਹੈ। ਕੀ ਤੁਸੀਂ ਸਮਾਂ ਕੱਢ ਕੇ ਆਪਣੇ ਚਰਚ ਦੀਆਂ ਸਿੱਖਿਆਵਾਂ ਨੂੰ ਪਰਖਿਆ ਹੈ? ਕੀ ਉਹ ਸੱਚ-ਮੁੱਚ ਯਿਸੂ ਦੀਆਂ ਸਿੱਖਿਆਵਾਂ ਨਾਲ ਮਿਲਦੀਆਂ ਹਨ? ਕਿਉਂ ਨਾ ਇਸ ਤਰ੍ਹਾਂ ਕਰਨ ਲਈ ਕਦਮ ਚੁੱਕੋ? ਯਹੋਵਾਹ ਦੇ ਗਵਾਹ ਤੁਹਾਡੀ ਮਦਦ ਕਰਨ ਲਈ ਤਿਆਰ ਹਨ।—ਰਸੂਲਾਂ ਦੇ ਕਰਤੱਬ 17:11.

[ਸਫ਼ੇ 5 ਉੱਤੇ ਤਸਵੀਰਾਂ]

ਯਿਸੂ ਦੇ ਕਣਕ ਤੇ ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਤੋਂ ਅਸੀਂ ਅਸਲੀ ਮਸੀਹੀਆਂ ਬਾਰੇ ਕੀ ਸਿੱਖਦੇ ਹਾਂ?

[ਸਫ਼ੇ 7 ਉੱਤੇ ਤਸਵੀਰ]

ਕੀ ਤੁਹਾਡਾ ਚਰਚ ਪਹਿਲੀ ਸਦੀ ਦੇ ਮਸੀਹੀਆਂ ਦੀ ਪੈੜ ਤੇ ਚੱਲ ਕੇ ਬਾਈਬਲ ਦੀ ਪੜ੍ਹਾਈ ਤੇ ਪ੍ਰਚਾਰ ਕਰਦਾ ਹੈ?