ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਵਿਆਹ ਵੇਲੇ ਮੁੰਡੇ-ਕੁੜੀ ਨੂੰ ਤੋਹਫ਼ੇ ਦੇਣ ਦਾ ਰਿਵਾਜ ਆਮ ਹੈ। ਤੋਹਫ਼ੇ ਲੈਣ-ਦੇਣ ਵਿਚ ਸਾਨੂੰ ਬਾਈਬਲ ਦੇ ਕਿਹੜੇ ਅਸੂਲ ਯਾਦ ਰੱਖਣੇ ਚਾਹੀਦੇ ਹਨ?
ਬਾਈਬਲ ਦੇ ਮੁਤਾਬਕ ਤੋਹਫ਼ੇ ਦੇਣ ਵਿਚ ਕੋਈ ਖ਼ਰਾਬੀ ਨਹੀਂ ਹੈ ਜੇ ਇਹ ਤੋਹਫ਼ੇ ਸਹੀ ਨੀਅਤ ਨਾਲ ਅਤੇ ਢੁਕਵੇਂ ਮੌਕਿਆਂ ਤੇ ਦਿੱਤੇ ਜਾਣ। ਦੇਣ ਦੇ ਸੰਬੰਧ ਵਿਚ ਬਾਈਬਲ ਸੱਚੇ ਮਸੀਹੀਆਂ ਨੂੰ ਯਹੋਵਾਹ ਦੀ ਨਕਲ ਕਰਨ ਲਈ ਕਹਿੰਦੀ ਹੈ, ਜੋ ਸਾਰਿਆਂ ਨੂੰ ਖੁੱਲ੍ਹੇ ਦਿਲ ਨਾਲ ਦਿੰਦਾ ਹੈ। (ਯਾਕੂਬ 1:17) ਪੌਲੁਸ ਰਸੂਲ ਨੇ ਮਸੀਹੀਆਂ ਨੂੰ ਕਿਹਾ: “ਭਲਾ ਕਰਨੋਂ ਅਤੇ ਪਰਉਪਕਾਰ ਕਰਨੋਂ ਨਾ ਭੁੱਲਿਓ ਕਿਉਂਕਿ ਅਜੇਹਿਆਂ ਬਲੀਦਾਨਾਂ ਤੋਂ ਪਰਮੇਸ਼ੁਰ ਪਰਸੰਨ ਹੁੰਦਾ ਹੈ।” ਇਸ ਤਰ੍ਹਾਂ ਮਸੀਹੀਆਂ ਨੂੰ ਖੁੱਲ੍ਹ-ਦਿਲੇ ਬਣਨ ਲਈ ਹੌਸਲਾ ਦਿੱਤਾ ਜਾਂਦਾ ਹੈ।—ਇਬਰਾਨੀਆਂ 13:16; ਲੂਕਾ 6:38.
ਕਈ ਮੁਲਕਾਂ ਵਿਚ ਵਿਆਹ ਤੋਂ ਪਹਿਲਾਂ ਮੁੰਡਾ-ਕੁੜੀ ਉਨ੍ਹਾਂ ਚੀਜ਼ਾਂ ਦੀ ਲਿਸਟ ਬਣਾ ਲੈਂਦੇ ਹਨ ਜੋ ਉਹ ਤੋਹਫ਼ੇ ਵਜੋਂ ਚਾਹੁੰਦੇ ਹਨ। ਉਹ ਕਿਸੇ ਵੱਡੀ ਜਾਂ ਜਾਣੀ-ਪਛਾਣੀ ਦੁਕਾਨ ਦਾ ਸਮਾਨ ਵਗੈਰਾ ਦੇਖ ਕੇ ਇਕ ਲਿਸਟ ਬਣਾ ਲੈਂਦੇ ਹਨ ਕਿ ਉਨ੍ਹਾਂ ਨੂੰ ਕੀ-ਕੀ ਪਸੰਦ ਹੈ। ਇਸ ਤੋਂ ਬਾਅਦ ਉਹ ਇਹ ਲਿਸਟ ਆਪਣੇ ਸਾਕ-ਸੰਬੰਧੀਆਂ ਤੇ ਦੋਸਤਾਂ ਨੂੰ ਵੰਡ ਦਿੰਦੇ ਹਨ ਅਤੇ ਉਸ ਦੁਕਾਨ ਦਾ ਪਤਾ ਵੀ ਦੇ ਦਿੰਦੇ ਹਨ ਜਿੱਥੋਂ ਉਹ ਲਿਸਟ ਵਿੱਚੋਂ ਕੁਝ ਚੁਣ ਕੇ ਖ਼ਰੀਦ ਸਕਦੇ ਹਨ। ਇਸ ਤੋਂ ਸਾਰਿਆਂ ਨੂੰ ਫ਼ਾਇਦਾ ਹੁੰਦਾ ਹੈ ਕਿਉਂਕਿ ਨਾ ਤਾਂ ਤੋਹਫ਼ਾ ਖ਼ਰੀਦਣ ਵਾਲੇ ਨੂੰ ਜ਼ਿਆਦਾ ਘੁੰਮਣਾ-ਫਿਰਨਾ ਪੈਂਦਾ ਹੈ ਅਤੇ ਨਾ ਹੀ ਨਵੇਂ ਵਿਆਹੇ ਜੋੜੇ ਨੂੰ ਬਾਅਦ ਵਿਚ ਬੇਲੋੜੇ ਤੋਹਫ਼ੇ ਦੁਕਾਨਦਾਰ ਨੂੰ ਮੋੜਨ ਦੀ ਪਰੇਸ਼ਾਨੀ ਸਹਿਣੀ ਪਵੇਗੀ।
ਇਸ ਤਰ੍ਹਾਂ ਦੀ ਲਿਸਟ ਇਸਤੇਮਾਲ ਕਰਨੀ ਹੈ ਜਾਂ ਨਹੀਂ, ਇਹ ਹਰ ਲਾੜੇ-ਲਾੜੀ ਦਾ ਨਿੱਜੀ ਫ਼ੈਸਲਾ ਹੋਵੇਗਾ। ਲੇਕਿਨ ਇਕ ਮਸੀਹੀ ਅਜਿਹਾ ਕੁਝ ਵੀ ਕਰਨ ਤੋਂ ਪਰਹੇਜ਼ ਕਰਨਾ ਚਾਹੇਗਾ ਜੋ ਬਾਈਬਲ ਦੇ ਅਸੂਲਾਂ ਦੇ ਵਿਰੁੱਧ ਹੈ। ਮਿਸਾਲ ਵਜੋਂ, ਉਦੋਂ ਕੀ ਹੋਵੇਗਾ ਜੇ ਮੁੰਡਾ-ਕੁੜੀ ਬਹੁਤ ਮਹਿੰਗੀਆਂ ਚੀਜ਼ਾਂ ਦੀ ਲਿਸਟ ਬਣਾਉਂਦੇ ਹਨ? ਜੇ ਇਸ ਤਰ੍ਹਾਂ ਹੋਵੇ, ਤਾਂ ਸ਼ਾਇਦ ਜਿਨ੍ਹਾਂ ਕੋਲ ਥੋੜ੍ਹੇ ਪੈਸੇ ਹੋਣ ਉਹ ਤੋਹਫ਼ਾ ਨਾ ਖ਼ਰੀਦ ਸਕਣ ਜਾਂ ਉਹ ਸ਼ਾਇਦ ਮਹਿਸੂਸ ਕਰਨ ਕਿ ਚੰਗਾ ਹੋਵੇਗਾ ਜੇ ਉਹ ਸ਼ਾਦੀ ਤੇ ਨਾ ਹੀ ਜਾਣ ਕਿਤੇ ਸਸਤੀ ਚੀਜ਼ ਖ਼ਰੀਦਣ ਨਾਲ ਉਨ੍ਹਾਂ ਦੀ ਬੇਇੱਜ਼ਤੀ ਨਾ ਹੋ ਜਾਏ। ਇਕ ਭੈਣ ਨੇ ਲਿਖਿਆ: “ਅੱਜ-ਕੱਲ੍ਹ ਤੋਹਫ਼ਾ ਦੇਣਾ ਤਾਂ ਪਰੇਸ਼ਾਨੀ ਦੀ ਗੱਲ ਬਣ ਗਈ ਹੈ। ਮੈਂ ਖੁੱਲ੍ਹੇ ਦਿਲ ਵਾਲੀ ਤਾਂ ਹੋਣਾ ਚਾਹੁੰਦੀ ਹਾਂ, ਪਰ ਤੋਹਫ਼ਾ ਦੇਣਾ ਇਕ ਬੋਝ ਬਣ ਗਿਆ ਹੈ।” ਜੇ ਵਿਆਹ, ਖ਼ੁਸ਼ੀ ਦੀ ਬਜਾਇ ਨਿਰਾਸ਼ਾ ਦਾ ਕਾਰਨ ਬਣ ਜਾਏ, ਤਾਂ ਇਹ ਕਿੰਨੀ ਅਫ਼ਸੋਸ ਦੀ ਗੱਲ ਹੋਵੇਗੀ!
ਤੋਹਫ਼ੇ ਦੇਣ ਵਾਲਿਆਂ ਨੂੰ ਇਸ ਤਰ੍ਹਾਂ ਨਹੀਂ ਮਹਿਸੂਸ ਕਰਾਇਆ ਜਾਣਾ ਚਾਹੀਦਾ ਕਿ ਜੇ ਉਨ੍ਹਾਂ ਦਾ ਤੋਹਫ਼ਾ ਕਿਸੇ ਮਸ਼ਹੂਰ ਦੁਕਾਨ ਤੋਂ ਨਾ ਖ਼ਰੀਦਿਆ ਗਿਆ ਹੋਵੇ ਜਾਂ ਜੇ ਇਹ ਕਾਫ਼ੀ ਮਹਿੰਗਾ ਨਾ ਹੋਵੇ, ਤਾਂ ਲਾੜਾ-ਲਾੜੀ ਇਸ ਨੂੰ ਲੈ ਕੇ ਖ਼ੁਸ਼ ਨਹੀਂ ਹੋਣਗੇ। ਯਿਸੂ ਮਸੀਹ ਨੇ ਕਿਹਾ ਸੀ ਕਿ ਯਹੋਵਾਹ ਤੋਹਫ਼ੇ ਦੀ ਕੀਮਤ ਦੇਖਣ ਦੀ ਬਜਾਇ ਇਹ ਦੇਖਦਾ ਹੈ ਕਿ ਤੋਹਫ਼ਾ ਕਿਸ ਭਾਵਨਾ ਨਾਲ ਦਿੱਤਾ ਗਿਆ ਸੀ। (ਲੂਕਾ 21:1-4) ਪੌਲੁਸ ਰਸੂਲ ਨੇ ਲੋੜਵੰਦਾਂ ਨੂੰ ਦਾਨ ਦੇਣ ਬਾਰੇ ਲਿਖਿਆ: “ਹਰੇਕ ਜਿਵੇਂ ਉਹ ਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ, ਰੰਜ ਨਾਲ ਅਥਵਾ ਲਚਾਰੀ ਨਾਲ ਨਹੀਂ ਕਿਉਂ ਜੋ ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।”—2 ਕੁਰਿੰਥੀਆਂ 9:7.
ਬਾਈਬਲ ਦੇ ਮੁਤਾਬਕ ਇਸ ਵਿਚ ਕੋਈ ਹਰਜ਼ ਨਹੀਂ ਹੈ ਜੇ ਤੋਹਫ਼ਾ ਦੇਣ ਵਾਲਾ ਇਕ ਕਾਰਡ ਉੱਤੇ ਦੱਸਣਾ ਚਾਹੇ ਕਿ ਤੋਹਫ਼ਾ ਕਿਸ ਵੱਲੋਂ ਹੈ। ਪਰ ਕਈ ਥਾਵਾਂ ਵਿਚ ਇਹ ਰਿਵਾਜ ਵੀ ਹੈ ਕਿ ਤੋਹਫ਼ੇ ਦੇਣ ਵਾਲਿਆਂ ਦੇ ਨਾਂ ਸਾਰਿਆਂ ਸਾਮ੍ਹਣੇ ਪੜ੍ਹੇ ਜਾਂਦੇ ਹਨ। ਇਹ ਰਿਵਾਜ ਕਈ ਸਮੱਸਿਆਵਾਂ ਖੜ੍ਹੀਆਂ ਕਰ ਸਕਦਾ ਹੈ। ਤੋਹਫ਼ਾ ਦੇਣ ਵਾਲਾ ਮੱਤੀ 6:3 ਦੇ ਅਸੂਲ ਤੇ ਚੱਲਣ ਕਰਕੇ ਸ਼ਾਇਦ ਆਪਣੇ ਵੱਲ ਜ਼ਿਆਦਾ ਧਿਆਨ ਨਾ ਖਿੱਚਣਾ ਚਾਹੇ ਜਿੱਥੇ ਯਿਸੂ ਨੇ ਕਿਹਾ ਸੀ: “ਪਰ ਜਾਂ ਤੂੰ ਦਾਨ ਕਰੇਂ ਤਾਂ ਜੋ ਕੁਝ ਤੇਰਾ ਸੱਜਾ ਹੱਥ ਕਰਦਾ ਹੈ ਤੇਰਾ ਖੱਬਾ ਹੱਥ ਨਾ ਜਾਣੇ।” ਹੋਰ ਲੋਕ ਸ਼ਾਇਦ ਮਹਿਸੂਸ ਕਰਦੇ ਹਨ ਕਿ ਤੋਹਫ਼ੇ ਲੈਣੇ-ਦੇਣੇ ਇਕ ਨਿੱਜੀ ਮਾਮਲਾ ਹੈ ਤੇ ਹੋਰਨਾਂ ਨੂੰ ਖ਼ਬਰ ਕਰਨ ਦੀ ਕੋਈ ਲੋੜ ਨਹੀਂ ਹੈ। ਦੂਸਰੀ ਗੱਲ ਇਹ ਹੈ ਕਿ ਜੇ ਦੇਣ ਵਾਲਿਆਂ ਦੇ ਨਾਂ ਪੜ੍ਹੇ ਜਾਣ, ਤਾਂ ਲੋਕ ਸ਼ਾਇਦ ਤੋਹਫ਼ਿਆਂ ਦੀ ਤੁਲਨਾ ਕਰਨ ਦੁਆਰਾ ‘ਇੱਕ ਦੂਏ ਨੂੰ ਖਿਝਾਉਣ।’ (ਗਲਾਤੀਆਂ 5:26) ਤਾਂ ਫਿਰ ਇਹ ਗੱਲ ਸਾਫ਼ ਹੈ ਕਿ ਮਸੀਹੀ ਸਾਰਿਆਂ ਸਾਮ੍ਹਣੇ ਤੋਹਫ਼ੇ ਦੇਣ ਵਾਲਿਆਂ ਦੇ ਨਾਂ ਪੜ੍ਹ ਕੇ ਮਹਿਮਾਨਾਂ ਨੂੰ ਪਰੇਸ਼ਾਨ ਜਾਂ ਸ਼ਰਮਿੰਦਾ ਬਿਲਕੁਲ ਨਹੀਂ ਕਰਨਾ ਚਾਹੁਣਗੇ।—1 ਪਤਰਸ 3:8.
ਜੀ ਹਾਂ, ਪਰਮੇਸ਼ੁਰ ਦੇ ਬਚਨ ਦੇ ਅਸੂਲਾਂ ਤੇ ਚਲਣ ਦੁਆਰਾ ਤੋਹਫ਼ੇ ਦੇਣ ਦਾ ਮੌਕਾ ਹਮੇਸ਼ਾ ਖ਼ੁਸ਼ੀ ਦਾ ਸਮਾਂ ਹੋਵੇਗਾ।—ਰਸੂਲਾਂ ਦੇ ਕਰਤੱਬ 20:35.