Skip to content

Skip to table of contents

ਯਹੋਵਾਹ ਉੱਤੇ ਭਰੋਸਾ ਰੱਖੋ

ਯਹੋਵਾਹ ਉੱਤੇ ਭਰੋਸਾ ਰੱਖੋ

ਯਹੋਵਾਹ ਉੱਤੇ ਭਰੋਸਾ ਰੱਖੋ

“ਹੇ ਪ੍ਰਭੁ ਯਹੋਵਾਹ, ਤੂੰ ਹੀ ਮੇਰੀ ਤਾਂਘ ਹੈਂ, ਅਤੇ ਮੇਰੀ ਜੁਆਨੀ ਤੋਂ ਮੇਰਾ ਭਰੋਸਾ ਹੈਂ।”—ਜ਼ਬੂਰਾਂ ਦੀ ਪੋਥੀ 71:5.

1. ਦਾਊਦ ਨੇ ਕਿਸ ਦਾ ਸਾਮ੍ਹਣਾ ਕੀਤਾ ਸੀ?

ਇਸਰਾਏਲੀਆਂ ਦੇ ਦੁਸ਼ਮਣਾਂ ਨੇ ਉਨ੍ਹਾਂ ਨਾਲ ਲੜਨ ਲਈ ਆਪਣਾ ਇਕ ਫ਼ੌਜੀ ਘੱਲਿਆ। ਇਹ ਕੋਈ ਆਮ ਬੰਦਾ ਨਹੀਂ ਸੀ, ਸਗੋਂ 9 ਫੁੱਟ ਲੰਬਾ ਗੋਲਿਅਥ ਨਾਂ ਦਾ ਦੈਂਤ ਸੀ। ਕਈ ਹਫ਼ਤਿਆਂ ਤਕ ਸਵੇਰ ਤੇ ਸ਼ਾਮ ਨੂੰ ਇਸ ਫਲਿਸਤੀ ਦੈਂਤ ਨੇ ਇਸਰਾਏਲ ਦੀ ਸੈਨਾ ਨੂੰ ਤਾਅਨੇ ਮਾਰ-ਮਾਰ ਕੇ ਵੰਗਾਰਿਆ ਕਿ ਕੋਈ ਆਣ ਕੇ ਉਸ ਨਾਲ ਲੜੇ। ਇਸਰਾਏਲ ਦੇ ਸਾਰੇ ਫ਼ੌਜੀ ਉਸ ਦਾ ਸਾਮ੍ਹਣਾ ਕਰਨ ਤੋਂ ਡਰਦੇ ਸਨ! ਅਖ਼ੀਰ ਵਿਚ ਇਕ ਨੌਜਵਾਨ ਲੜਨ ਲਈ ਤਿਆਰ ਹੋਇਆ। ਉਹ ਕੋਈ ਫ਼ੌਜੀ ਨਹੀਂ ਸੀ, ਸਗੋਂ ਭੇਡਾਂ ਚਾਰਨ ਵਾਲਾ ਇਕ ਮੁੰਡਾ ਸੀ। ਦਾਊਦ ਨਾਂ ਦਾ ਇਹ ਨੌਜਵਾਨ ਇਸ ਦੈਂਤ ਮੋਹਰੇ ਬੌਣਾ ਲੱਗਦਾ ਸੀ। ਉਸ ਦਾ ਭਾਰ ਗੋਲਿਅਥ ਦੇ ਲੋਹੇ ਦੇ ਬਸਤਰ ਅਤੇ ਹਥਿਆਰਾਂ ਜਿੰਨਾ ਵੀ ਨਹੀਂ ਸੀ! ਫਿਰ ਵੀ, ਉਸ ਨੇ ਦੈਂਤ ਦਾ ਸਾਮ੍ਹਣਾ ਕੀਤਾ ਅਤੇ ਉਹ ਆਪਣੀ ਬਹਾਦਰੀ ਲਈ ਮਸ਼ਹੂਰ ਹੋ ਗਿਆ।—1 ਸਮੂਏਲ 17:1-51.

2, 3. (ੳ) ਦਾਊਦ ਨੂੰ ਗੋਲਿਅਥ ਦਾ ਸਾਮ੍ਹਣਾ ਕਰਨ ਦੀ ਹਿੰਮਤ ਕਿੱਥੋਂ ਮਿਲੀ ਸੀ? (ਅ) ਯਹੋਵਾਹ ਉੱਤੇ ਭਰੋਸਾ ਰੱਖਣ ਸੰਬੰਧੀ ਅਸੀਂ ਹੁਣ ਕਿਨ੍ਹਾਂ ਦੋ ਗੱਲਾਂ ਵੱਲ ਧਿਆਨ ਦੇਵਾਂਗੇ?

2 ਗੋਲਿਅਥ ਨੂੰ ਆਪਣੀ ਤਾਕਤ ਅਤੇ ਹਥਿਆਰਾਂ ਉੱਤੇ ਬਹੁਤ ਭਰੋਸਾ ਸੀ। ਪਰ ਦਾਊਦ ਨੂੰ ਉਸ ਨਾਲ ਲੜਨ ਦੀ ਹਿੰਮਤ ਕਿੱਥੋਂ ਮਿਲੀ? ਉਸ ਦਾ ਭਰੋਸਾ ਯਹੋਵਾਹ ਉੱਤੇ ਸੀ। ਗੋਲਿਅਥ ਦਾ ਸਾਮ੍ਹਣੇ ਕਰਦੇ ਹੋਏ ਦਾਊਦ ਨੇ ਉਸ ਨੂੰ ਕਿਹਾ: “ਤੂੰ ਤਲਵਾਰ ਅਤੇ ਬਰਛਾ ਅਤੇ ਢਾਲ ਲੈ ਕੇ ਮੇਰੇ ਕੋਲ ਆਉਂਦਾ ਹੈਂ ਪਰ ਮੈਂ ਸੈਨਾਂ ਦੇ ਯਹੋਵਾਹ ਦੇ ਨਾਮ ਉੱਤੇ ਜੋ ਇਸਰਾਏਲ ਦੇ ਦਲਾਂ ਦਾ ਪਰਮੇਸ਼ੁਰ ਹੈ ਜਿਸ ਨੂੰ ਤੈਂ ਲੱਜਿਆਵਾਨ ਕੀਤਾ ਤੇਰੇ ਕੋਲ ਆਉਂਦਾ ਹਾਂ!” (1 ਸਮੂਏਲ 17:45) ਜੀ ਹਾਂ, ਵਿਸ਼ਵ ਦਾ ਸਰਬਸ਼ਕਤੀਮਾਨ ਪਰਮੇਸ਼ੁਰ ਦਾਊਦ ਦੇ ਨਾਲ ਸੀ, ਇਸ ਲਈ ਉਸ ਨੂੰ ਉਸ ਮਨੁੱਖ ਤੋਂ ਡਰਨ ਦੀ ਕੋਈ ਲੋੜ ਨਹੀਂ ਸੀ, ਭਾਵੇਂ ਕਿ ਉਹ ਮਨੁੱਖ ਇੰਨਾ ਵੱਡਾ ਤੇ ਹਥਿਆਰਾਂ ਨਾਲ ਲੱਦਿਆ ਹੋਇਆ ਸੀ। ਦਾਊਦ ਨੇ ਆਪਣੀ ਜਵਾਨੀ ਤੋਂ ਹੀ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਿਆ ਸੀ। ਇਸੇ ਲਈ ਕਈ ਸਾਲ ਬਾਅਦ ਉਸ ਨੇ ਲਿਖਿਆ: “ਹੇ ਪ੍ਰਭੁ ਯਹੋਵਾਹ, ਤੂੰ ਹੀ ਮੇਰੀ ਤਾਂਘ ਹੈਂ, ਅਤੇ ਮੇਰੀ ਜੁਆਨੀ ਤੋਂ ਮੇਰਾ ਭਰੋਸਾ ਹੈਂ।”—ਜ਼ਬੂਰਾਂ ਦੀ ਪੋਥੀ 71:5.

3 ਦਾਊਦ ਬਾਰੇ ਪੜ੍ਹ ਕੇ ਤੁਸੀਂ ਸ਼ਾਇਦ ਸੋਚੋ ਕਿ ‘ਕਾਸ਼ ਯਹੋਵਾਹ ਉੱਤੇ ਮੇਰਾ ਭਰੋਸਾ ਵੀ ਇੰਨਾ ਪੱਕਾ ਹੁੰਦਾ।’ ਪਰ ਸਵਾਲ ਇਹ ਹੈ ਕਿ ਸਾਡਾ ਭਰੋਸਾ ਇੰਨਾ ਪੱਕਾ ਕਿਸ ਤਰ੍ਹਾਂ ਹੋ ਸਕਦਾ ਹੈ? ਆਓ ਆਪਾਂ ਇਸ ਸੰਬੰਧੀ ਦੋ ਗੱਲਾਂ ਵੱਲ ਧਿਆਨ ਦੇਈਏ। ਪਹਿਲਾਂ ਸਾਨੂੰ ਇਸ ਬਾਰੇ ਗੱਲ ਕਰਨ ਦੀ ਲੋੜ ਹੈ ਕਿ ਯਹੋਵਾਹ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਨਹੀਂ ਹੈ। ਦੂਜੀ ਗੱਲ ਸਾਨੂੰ ਇਹ ਪਤਾ ਕਰਨ ਦੀ ਲੋੜ ਹੈ ਕਿ ਯਹੋਵਾਹ ਉੱਤੇ ਭਰੋਸਾ ਰੱਖਣ ਦਾ ਮਤਲਬ ਹੈ ਕੀ।

ਦੁੱਖਾਂ ਦੇ ਅਸਲੀ ਕਾਰਨ

4, 5. ਲੋਕਾਂ ਨੂੰ ਪਰਮੇਸ਼ੁਰ ਉੱਤੇ ਭਰੋਸਾ ਰੱਖਣ ਤੋਂ ਕਿਹੜੀ ਗੱਲ ਰੋਕਦੀ ਹੈ?

4 ਲੋਕਾਂ ਨੂੰ ਪਰਮੇਸ਼ੁਰ ਉੱਤੇ ਭਰੋਸਾ ਰੱਖਣ ਤੋਂ ਕਿਹੜੀ ਗੱਲ ਰੋਕਦੀ ਹੈ? ਬਹੁਤ ਸਾਰੇ ਲੋਕ ਇਹ ਨਹੀਂ ਸਮਝ ਪਾਉਂਦੇ ਕਿ ਦੁਨੀਆਂ ਵਿਚ ਬੁਰਾਈ ਕਿਉਂ ਹੈ। ਕਈ ਮੰਨਦੇ ਹਨ ਕਿ ਰੱਬ ਹੀ ਬੰਦਿਆਂ ਨੂੰ ਸਤਾਉਂਦਾ ਹੈ। ਜਦੋਂ ਕਿਸੇ ਦੁਰਘਟਨਾ ਵਿਚ ਕਿਸੇ ਦੀ ਜਾਨ ਚਲੀ ਜਾਂਦੀ ਹੈ, ਤਾਂ ਧਾਰਮਿਕ ਆਗੂ ਸ਼ਾਇਦ ਕਹਿਣ ਕਿ “ਰੱਬ ਨੇ ਉਸ ਨੂੰ ਆਪਣੇ ਕੋਲ ਬੁਲਾ ਲਿਆ ਹੈ।” ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਨੇ ਪਹਿਲਾਂ ਹੀ ਸਾਡੀ ਕਿਸਮਤ ਲਿਖ ਛੱਡੀ ਹੈ, ਕਹਿਣ ਦਾ ਭਾਵ ਕਿ ਇਸ ਦੁਨੀਆਂ ਵਿਚ ਹੋਣ ਵਾਲੀ ਹਰ ਦੁਰਘਟਨਾ ਦੇ ਪਿੱਛੇ ਉਸੇ ਦਾ ਹੱਥ ਹੈ। ਜੇ ਅਸੀਂ ਇਨ੍ਹਾਂ ਗੱਲਾਂ ਤੇ ਵਿਸ਼ਵਾਸ ਕਰਦੇ ਹਾਂ, ਤਾਂ ਅਜਿਹੇ ਪੱਥਰ-ਦਿਲ ਪਰਮੇਸ਼ੁਰ ਉੱਤੇ ਭਰੋਸਾ ਰੱਖਣਾ ਬਹੁਤ ਮੁਸ਼ਕਲ ਹੈ। ਸ਼ਤਾਨ ਲੋਕਾਂ ਦੇ ਮਨਾਂ ਨੂੰ ਅੰਨ੍ਹਾ ਕਰਦਾ ਹੈ ਅਤੇ ‘ਭੂਤਾਂ ਦੀਆਂ ਅਜਿਹੀਆਂ ਸਾਰੀਆਂ ਸਿੱਖਿਆਂ’ ਨੂੰ ਅੱਗੇ ਫੈਲਾਉਣਾ ਚਾਹੁੰਦਾ ਹੈ।—1 ਤਿਮੋਥਿਉਸ 4:1; 2 ਕੁਰਿੰਥੀਆਂ 4:4.

5 ਸ਼ਤਾਨ ਚਾਹੁੰਦਾ ਹੈ ਕਿ ਯਹੋਵਾਹ ਤੋਂ ਲੋਕਾਂ ਦਾ ਭਰੋਸਾ ਉੱਠ ਜਾਵੇ। ਪਰਮੇਸ਼ੁਰ ਦਾ ਇਹ ਵੈਰੀ ਨਹੀਂ ਚਾਹੁੰਦਾ ਕਿ ਸਾਨੂੰ ਇਨਸਾਨਾਂ ਦੇ ਦੁੱਖਾਂ ਦੇ ਅਸਲੀ ਕਾਰਨ ਪਤਾ ਲੱਗਣ। ਜੇ ਅਸੀਂ ਬਾਈਬਲ ਤੋਂ ਇਹ ਕਾਰਨ ਸਿੱਖੇ ਹਨ, ਤਾਂ ਉਹ ਚਾਹੁੰਦਾ ਹੈ ਕਿ ਅਸੀਂ ਉਨ੍ਹਾਂ ਨੂੰ ਭੁੱਲ ਜਾਈਏ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਮੇਂ-ਸਮੇਂ ਤੇ ਦੁੱਖਾਂ ਦੇ ਤਿੰਨ ਖ਼ਾਸ ਕਾਰਨਾਂ ਉੱਤੇ ਗੌਰ ਕਰਦੇ ਰਹੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਦਿਲਾਂ ਨੂੰ ਤਸੱਲੀ ਦੇ ਸਕਦੇ ਹਾਂ ਕਿ ਯਹੋਵਾਹ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਨਹੀਂ ਹੈ।—ਫ਼ਿਲਿੱਪੀਆਂ 1:9, 10.

6. ਪਹਿਲਾ ਪਤਰਸ 5:8 ਵਿਚ ਸੱਚੇ ਮਸੀਹੀਆਂ ਦੇ ਦੁੱਖਾਂ ਦਾ ਕਿਹੜਾ ਕਾਰਨ ਦਿੱਤਾ ਗਿਆ ਹੈ?

6 ਇਨਸਾਨ ਦੇ ਦੁੱਖਾਂ ਦਾ ਇਕ ਕਾਰਨ ਇਹ ਹੈ ਕਿ ਸ਼ਤਾਨ ਯਹੋਵਾਹ ਦੇ ਸੇਵਕਾਂ ਦੀ ਵਫ਼ਾਦਾਰੀ ਤੋੜਨੀ ਚਾਹੁੰਦਾ ਹੈ। ਉਸ ਨੇ ਅੱਯੂਬ ਦੀ ਵਫ਼ਾਦਾਰੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਉਸ ਸਮੇਂ ਸ਼ਤਾਨ ਅਸਫ਼ਲ ਰਿਹਾ, ਪਰ ਉਸ ਨੇ ਆਪਣੀ ਕੋਸ਼ਿਸ਼ ਨਹੀਂ ਛੱਡੀ। ਇਸ ਜਗਤ ਦਾ ਸਰਦਾਰ ਹੋਣ ਦੇ ਨਾਤੇ ਉਹ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ, ਹਾਂ ਸਾਨੂੰ ‘ਪਾੜ ਖਾਣਾ’ ਚਾਹੁੰਦਾ ਹੈ। (1 ਪਤਰਸ 5:8) ਸ਼ਤਾਨ ਚਾਹੁੰਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਈਏ। ਇਸੇ ਕਾਰਨ ਉਹ ਲੋਕਾਂ ਨੂੰ ਉਕਸਾਉਂਦਾ ਹੈ ਕਿ ਉਹ ਸਾਡੇ ਤੇ ਅਤਿਆਚਾਰ ਕਰਨ। ਅਤਿਆਚਾਰ ਭਾਵੇਂ ਜਿੰਨਾ ਮਰਜ਼ੀ ਦਰਦ ਭਰਿਆ ਕਿਉਂ ਨਾ ਹੋਵੇ, ਫਿਰ ਵੀ ਇਸ ਨੂੰ ਸਹਾਰਨ ਦੇ ਚੰਗੇ ਕਾਰਨ ਹਨ। ਇਸ ਨੂੰ ਸਹਾਰ ਕੇ ਅਸੀਂ ਸ਼ਤਾਨ ਨੂੰ ਝੂਠਾ ਸਾਬਤ ਕਰਦੇ ਹਾਂ ਅਤੇ ਯਹੋਵਾਹ ਦੇ ਜੀ ਨੂੰ ਖ਼ੁਸ਼ ਕਰਦੇ ਹਾਂ। (ਅੱਯੂਬ 2:4; ਕਹਾਉਤਾਂ 27:11) ਜਦੋਂ ਯਹੋਵਾਹ ਸਾਨੂੰ ਅਤਿਆਚਾਰ ਸਹਿਣ ਦੀ ਤਾਕਤ ਦਿੰਦਾ ਹੈ, ਤਾਂ ਉਸ ਉੱਤੇ ਸਾਡਾ ਭਰੋਸਾ ਹੋਰ ਵੀ ਪੱਕਾ ਹੋ ਜਾਂਦਾ ਹੈ।—ਜ਼ਬੂਰਾਂ ਦੀ ਪੋਥੀ 9:9, 10.

7. ਗਲਾਤੀਆਂ 6:7 ਵਿਚ ਦੁੱਖਾਂ ਦੇ ਕਾਰਨ ਬਾਰੇ ਕੀ ਸਮਝਾਇਆ ਗਿਆ ਹੈ?

7 ਦੁੱਖਾਂ ਦਾ ਦੂਜਾ ਕਾਰਨ ਇਸ ਸਿਧਾਂਤ ਤੋਂ ਪਤਾ ਚੱਲਦਾ ਹੈ: “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।” (ਗਲਾਤੀਆਂ 6:7) ਜਦੋਂ ਲੋਕ ਬੁਰੇ ਕੰਮ ਕਰਦੇ ਹਨ, ਤਾਂ ਇਸ ਦਾ ਨਤੀਜਾ ਵੀ ਬੁਰਾ ਨਿਕਲਦਾ ਹੈ। ਮਿਸਾਲ ਲਈ, ਸ਼ਾਇਦ ਕੋਈ ਕਾਰ ਬਹੁਤ ਤੇਜ਼ ਚਲਾਏ ਜਿਸ ਦੇ ਨਤੀਜੇ ਵਜੋਂ ਹਾਦਸਾ ਹੋ ਜਾਵੇ। ਕਈ ਲੋਕ ਸਿਗਰਟ ਪੀਂਦੇ ਹਨ ਜਿਸ ਤੋਂ ਉਨ੍ਹਾਂ ਨੂੰ ਦਿਲ ਦੀ ਬੀਮਾਰੀ ਜਾਂ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ। ਬਦਚਲਣ ਲੋਕਾਂ ਦੇ ਪਰਿਵਾਰ ਟੁੱਟ ਸਕਦੇ ਹਨ, ਉਹ ਆਪਣੀਆਂ ਨਜ਼ਰਾਂ ਵਿਚ ਡਿੱਗ ਸਕਦੇ ਹਨ, ਉਨ੍ਹਾਂ ਨੂੰ ਲਿੰਗੀ ਰੋਗ ਲੱਗ ਸਕਦੇ ਹਨ ਅਤੇ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਦੇ ਬੱਚੇ ਪੈਦਾ ਹੋ ਸਕਦੇ ਹਨ। ਲੋਕ ਸ਼ਾਇਦ ਅਜਿਹੇ ਦੁੱਖਾਂ ਲਈ ਰੱਬ ਨੂੰ ਉਲਾਹਮਾ ਦੇਣ, ਪਰ ਅਸਲ ਵਿਚ ਉਹ ਆਪਣੇ ਹੀ ਬੁਰੇ ਫ਼ੈਸਲਿਆਂ ਦਾ ਨਤੀਜਾ ਭੁਗਤ ਰਹੇ ਹਨ।—ਕਹਾਉਤਾਂ 19:3.

8. ਉਪਦੇਸ਼ਕ 9:11 ਅਨੁਸਾਰ ਲੋਕਾਂ ਉੱਤੇ ਦੁੱਖ ਕਿਉਂ ਆਉਂਦੇ ਹਨ?

8ਉਪਦੇਸ਼ਕ 9:11 ਵਿਚ ਦੁੱਖਾਂ ਦਾ ਤੀਜਾ ਕਾਰਨ ਦਿੱਤਾ ਗਿਆ ਹੈ: “ਮੈਂ ਇਸ ਸੰਸਾਰ ਵਿਚ ਇਕ ਗੱਲ ਹੋਰ ਹੁੰਦੀ ਦੇਖੀ: ਤੇਜ਼ ਦੌੜਨ ਵਾਲਾ ਹਮੇਸ਼ਾ ਪਹਿਲੇ ਦਰਜ਼ੇ ਤੇ ਨਹੀਂ ਆਉਂਦਾ। ਬਹਾਦਰ ਹਮੇਸ਼ਾ ਲੜਾਈ ਵਿਚ ਜਿੱਤਦਾ ਨਹੀਂ, ਬੁੱਧੀਮਾਨ ਹਮੇਸ਼ਾ ਰੋਟੀ ਨਹੀਂ ਕਮਾਉਂਦੇ, ਸਮਝਦਾਰ ਹਮੇਸ਼ਾ ਉੱਚੀ ਪਦਵੀ ਤੇ ਨਹੀਂ ਪਹੁੰਚਦਾ। ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਕਈ ਵਾਰ ਕੁਝ ਲੋਕ ਗ਼ਲਤ ਵਕਤ ਤੇ ਗ਼ਲਤ ਜਗ੍ਹਾ ਹੁੰਦੇ ਹਨ। ਅਸੀਂ ਭਾਵੇਂ ਤਾਕਤਵਰ ਹੋਈਏ ਜਾਂ ਕਮਜ਼ੋਰ, ਦੁੱਖ ਅਤੇ ਮੌਤ ਅਚਾਨਕ ਸਾਡੇ ਸਾਰਿਆਂ ਉੱਤੇ ਕਬਜ਼ਾ ਕਰ ਸਕਦੇ ਹਨ। ਉਦਾਹਰਣ ਲਈ, ਯਿਸੂ ਦੇ ਜ਼ਮਾਨੇ ਵਿਚ ਇਕ ਬੁਰਜ ਡਿੱਗਣ ਨਾਲ ਯਰੂਸ਼ਲਮ ਵਿਚ 18 ਲੋਕਾਂ ਦੀ ਮੌਤ ਹੋਈ। ਪਰ ਯਿਸੂ ਨੇ ਦਿਖਾਇਆ ਸੀ ਕਿ ਪਰਮੇਸ਼ੁਰ ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਪਿੱਛਲੇ ਪਾਪਾਂ ਦੀ ਸਜ਼ਾ ਨਹੀਂ ਦੇ ਰਿਹਾ ਸੀ। (ਲੂਕਾ 13:4) ਅਜਿਹੇ ਦੁੱਖਾਂ ਲਈ ਯਹੋਵਾਹ ਜ਼ਿੰਮੇਵਾਰ ਨਹੀਂ ਹੈ।

9. ਕਈ ਲੋਕ ਦੁੱਖਾਂ ਬਾਰੇ ਕੀ ਨਹੀਂ ਸਮਝ ਪਾਉਂਦੇ?

9 ਦੁੱਖਾਂ ਦੇ ਇਹ ਕੁਝ ਕਾਰਨ ਸਮਝਣੇ ਬਹੁਤ ਜ਼ਰੂਰੀ ਹਨ। ਫਿਰ ਵੀ, ਇਸ ਦੇ ਸੰਬੰਧ ਵਿਚ ਇਕ ਹੋਰ ਗੱਲ ਹੈ ਜੋ ਲੋਕਾਂ ਨੂੰ ਸਮਝ ਨਹੀਂ ਆਉਂਦੀ। ਉਹ ਕੀ ਹੈ? ਇਹ ਕਿ ਯਹੋਵਾਹ ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?

ਯਹੋਵਾਹ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?

10, 11. (ੳ) ਰੋਮੀਆਂ 8:19-22 ਦੇ ਅਨੁਸਾਰ “ਸਾਰੀ ਸਰਿਸ਼ਟੀ” ਨੂੰ ਕੀ ਹੋਇਆ ਸੀ? (ਅ) ਅਸੀਂ ਕਿੱਦਾਂ ਜਾਣ ਸਕਦੇ ਹਾਂ ਕਿ ਸ੍ਰਿਸ਼ਟੀ ਨੂੰ ਅਨਰਥ ਦੇ ਅਧੀਨ ਕਿਸ ਨੇ ਕੀਤਾ ਸੀ?

10 ਪੌਲੁਸ ਰਸੂਲ ਨੇ ਰੋਮੀਆਂ ਨੂੰ ਚਿੱਠੀ ਲਿਖ ਕੇ ਇਸ ਵਿਸ਼ੇ ਬਾਰੇ ਮਹੱਤਵਪੂਰਣ ਜਾਣਕਾਰੀ ਦਿੱਤੀ ਸੀ। ਉਸ ਨੇ ਲਿਖਿਆ: “ਸਰਿਸ਼ਟੀ ਵੱਡੀ ਚਾਹ ਨਾਲ ਪਰਮੇਸ਼ੁਰ ਦੇ ਪੁੱਤ੍ਰਾਂ ਦੇ ਪਰਕਾਸ਼ ਹੋਣ ਨੂੰ ਉਡੀਕਦੀ ਹੈ। ਕਿਉਂ ਜੋ ਸਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ, ਆਪਣੀ ਇੱਛਿਆ ਨਾਲ ਨਹੀਂ ਸਗੋਂ ਅਧੀਨ ਕਰਨ ਵਾਲੇ ਦੇ ਕਾਰਨ ਪਰ ਉਮੇਦ ਨਾਲ। ਇਸ ਲਈ ਜੋ ਸਰਿਸ਼ਟੀ ਆਪ ਵੀ ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇ। ਅਸੀਂ ਜਾਣਦੇ ਤਾਂ ਹਾਂ ਭਈ ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।”—ਰੋਮੀਆਂ 8:19-22.

11 ਇਨ੍ਹਾਂ ਆਇਤਾਂ ਨੂੰ ਸਮਝਣ ਲਈ ਸਾਨੂੰ ਕੁਝ ਸਵਾਲ ਪੁੱਛਣ ਦੀ ਲੋੜ ਹੈ। ਮਿਸਾਲ ਲਈ, ਸ੍ਰਿਸ਼ਟੀ ਨੂੰ ਅਨਰਥ ਦੇ ਅਧੀਨ ਕਿਸ ਨੇ ਕੀਤਾ ਸੀ? ਕਈ ਕਹਿੰਦੇ ਹਨ ਸ਼ਤਾਨ ਨੇ, ਦੂਜੇ ਕਹਿੰਦੇ ਹਨ ਆਦਮ ਨੇ। ਪਰ ਇਨ੍ਹਾਂ ਦੋਹਾਂ ਵਿੱਚੋਂ ਕਿਸੇ ਨੇ ਨਹੀਂ ਕੀਤਾ ਸੀ। ਕਿਉਂ ਨਹੀਂ? ਕਿਉਂਕਿ ਜਿਸ ਨੇ ਸ੍ਰਿਸ਼ਟੀ ਨੂੰ ਅਨਰਥ ਦੇ ਅਧੀਨ ਕੀਤਾ, ਉਸ ਨੇ “ਉਮੇਦ ਨਾਲ” ਕੀਤਾ ਸੀ। ਨਾ ਆਦਮ ਤੇ ਨਾ ਹੀ ਸ਼ਤਾਨ ਕੋਈ ਉਮੀਦ ਦੇ ਸਕਦਾ ਸੀ। ਸਿਰਫ਼ ਯਹੋਵਾਹ ਹੀ ਵਫ਼ਾਦਾਰ ਲੋਕਾਂ ਨੂੰ ‘ਬਿਨਾਸ ਦੀ ਗੁਲਾਮੀ ਤੋਂ ਛੁੱਟਕਾਰੇ’ ਦੀ ਉਮੀਦ ਦਿੰਦਾ ਹੈ। ਤਾਂ ਫਿਰ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਸ੍ਰਿਸ਼ਟੀ ਨੂੰ ਅਨਰਥ ਦੇ ਅਧੀਨ ਕੀਤਾ ਸੀ।

12. “ਸਾਰੀ ਸਰਿਸ਼ਟੀ” ਬਾਰੇ ਕਈ ਕੀ ਕਹਿੰਦੇ ਹਨ, ਪਰ ਇਸ ਦਾ ਸਹੀ ਮਤਲਬ ਕੀ ਹੈ?

12 ਪਰ ਇੱਥੇ “ਸਾਰੀ ਸਰਿਸ਼ਟੀ” ਦਾ ਮਤਲਬ ਕੀ ਹੈ? ਕਈ ਕਹਿੰਦੇ ਹਨ ਕਿ ਇਹ ਸਾਰੀਆਂ ਜੀਉਂਦੀਆਂ ਚੀਜ਼ਾਂ ਹਨ ਯਾਨੀ ਜਾਨਵਰ ਅਤੇ ਪੇੜ-ਪੌਦੇ ਵੀ। ਪਰ ਕੀ ਜਾਨਵਰ ਅਤੇ ਪੌਦੇ “ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ” ਨੂੰ ਪ੍ਰਾਪਤ ਕਰਨ ਦੀ ਉਮੀਦ ਰੱਖਦੇ ਹਨ? ਨਹੀਂ! (2 ਪਤਰਸ 2:12) ਤਾਂ ਫਿਰ “ਸਾਰੀ ਸਰਿਸ਼ਟੀ” ਦਾ ਮਤਲਬ ਸਿਰਫ਼ ਮਨੁੱਖਜਾਤੀ ਹੋ ਸਕਦਾ ਹੈ। ਇਨਸਾਨਾਂ ਨੂੰ ਹੀ ਉਮੀਦ ਦੀ ਜ਼ਰੂਰਤ ਹੈ ਕਿਉਂਕਿ ਆਦਮ ਤੇ ਹੱਵਾਹ ਦੀ ਬਗਾਵਤ ਕਰਕੇ ਉਹ ਪਾਪ ਤੇ ਮੌਤ ਦੇ ਪੰਜੇ ਵਿਚ ਫੱਸੇ ਹੋਏ ਹਨ।—ਰੋਮੀਆਂ 5:12.

13. ਆਦਮ ਤੇ ਹੱਵਾਹ ਦੀ ਬਗਾਵਤ ਦੇ ਕਾਰਨ ਇਨਸਾਨਾਂ ਨੂੰ ਕਿਹੋ ਜਿਹੀ ਜ਼ਿੰਦਗੀ ਮਿਲੀ?

13 ਆਦਮ ਤੇ ਹੱਵਾਹ ਦੀ ਬਗਾਵਤ ਦੇ ਕਾਰਨ ਇਨਸਾਨਾਂ ਦੀ ਜ਼ਿੰਦਗੀ ਕਿਹੋ ਜਿਹੀ ਰਹੀ ਹੈ? ਪੌਲੁਸ ਨੇ ਕਿਹਾ ਕਿ ਮਨੁੱਖਜਾਤੀ ਅਨਰਥ ਦੇ ਅਧੀਨ ਕੀਤੀ ਗਈ। * ਇਨਸਾਨਾਂ ਨੂੰ ਮੁਕੰਮਲ ਤੇ ਹਮੇਸ਼ਾ ਲਈ ਜੀਉਣ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੇ ਇਕ ਸੁੰਦਰ ਧਰਤੀ ਉੱਤੇ ਮਿਲ ਕੇ ਰਹਿਣਾ ਸੀ। ਪਰ ਅਨਰਥ ਹੋ ਗਿਆ! ਇਨਸਾਨਾਂ ਨੂੰ ਉਹ ਜ਼ਿੰਦਗੀ ਨਹੀਂ ਮਿਲੀ ਜਿਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਬਣਾਇਆ ਸੀ। ਇਸ ਦੀ ਬਜਾਇ ਉਨ੍ਹਾਂ ਦੀ ਜ਼ਿੰਦਗੀ ਬਹੁਤ ਹੀ ਛੋਟੀ ਤੇ ਦੁੱਖਾਂ ਭਰੀ ਹੁੰਦੀ ਹੈ। ਅੱਯੂਬ ਨੇ ਇਸ ਬਾਰੇ ਠੀਕ ਹੀ ਲਿਖਿਆ ਸੀ ਕਿ “ਆਦਮੀ ਜੋ ਤੀਵੀਂ ਤੋਂ ਜੰਮਦਾ ਹੈ ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ।”—ਅੱਯੂਬ 14:1.

14, 15. (ੳ) ਮਨੁੱਖਜਾਤੀ ਨੂੰ ਦਿੱਤੀ ਸਜ਼ਾ ਤੋਂ ਯਹੋਵਾਹ ਦਾ ਇਨਸਾਫ਼ ਕਿਵੇਂ ਨਜ਼ਰ ਆਉਂਦਾ ਹੈ? (ਅ) ਪੌਲੁਸ ਨੇ ਕਿਉਂ ਕਿਹਾ ਸੀ ਕਿ ਮਨੁੱਖਜਾਤੀ “ਆਪਣੀ ਇੱਛਿਆ ਨਾਲ” ਅਨਰਥ ਦੇ ਅਧੀਨ ਨਹੀਂ ਕੀਤੀ ਗਈ ਸੀ?

14 ਹੁਣ ਅਸੀਂ ਅਸਲੀ ਸਵਾਲ ਤੇ ਆਉਂਦੇ ਹਾਂ: ‘ਸਾਰੀ ਧਰਤੀ ਦੇ ਨਿਆਈ’ ਨੇ ਇਨਸਾਨ ਨੂੰ ਦੁੱਖਾਂ-ਭਰੀ ਜ਼ਿੰਦਗੀ ਕਿਉਂ ਦਿੱਤੀ? (ਉਤਪਤ 18:26) ਕੀ ਯਹੋਵਾਹ ਨੇ ਇਸ ਤਰ੍ਹਾਂ ਕਰ ਕੇ ਠੀਕ ਕੀਤਾ? ਯਾਦ ਕਰੋ ਕਿ ਸਾਡੇ ਪਹਿਲੇ ਮਾਂ-ਬਾਪ ਨੇ ਕੀ ਕੀਤਾ ਸੀ। ਸ਼ਤਾਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਯਹੋਵਾਹ ਤੋਂ ਬਿਨਾਂ ਇਕ ਬਿਹਤਰ ਜੀਵਨ ਗੁਜ਼ਾਰ ਸਕਦੇ ਸਨ ਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਹਕੂਮਤ ਦੀ ਕੋਈ ਲੋੜ ਨਹੀਂ। ਆਦਮ ਤੇ ਹੱਵਾਹ ਨੇ ਪਰਮੇਸ਼ੁਰ ਦੇ ਖ਼ਿਲਾਫ਼ ਜਾ ਕੇ ਸ਼ਤਾਨ ਦਾ ਪੱਖ ਪੂਰਿਆ। ਤਾਂ ਫਿਰ ਯਹੋਵਾਹ ਨੇ ਸਜ਼ਾ ਸੁਣਾਉਂਦੇ ਹੋਏ ਉਨ੍ਹਾਂ ਨੂੰ ਉਹੀ ਕੁਝ ਦਿੱਤਾ ਜੋ ਉਹ ਚਾਹੁੰਦੇ ਸਨ। ਉਸ ਨੇ ਇਨਸਾਨਾਂ ਨੂੰ ਆਪਣੇ ਆਪ ਉੱਤੇ ਰਾਜ ਕਰਨ ਦਾ ਮੌਕਾ ਦਿੱਤਾ ਅਤੇ ਇਸ ਤਰ੍ਹਾਂ ਉਹ ਸ਼ਤਾਨ ਅਧੀਨ ਆ ਗਏ। ਭਾਵੇਂ ਪਰਮੇਸ਼ੁਰ ਨੇ ਸਾਨੂੰ ਅਨਰਥ ਦੇ ਅਧੀਨ ਕੀਤਾ ਹੈ, ਪਰ ਹਮੇਸ਼ਾ ਲਈ ਨਹੀਂ। ਕੀ ਇਹ ਇਨਸਾਫ਼ ਨਹੀਂ ਹੈ?

15 ਅਸੀਂ ਪਾਪ ਅਤੇ ਵਿਨਾਸ਼ ਦੀ ਗ਼ੁਲਾਮੀ ਵਿਚ ਪੈਦਾ ਹੋਏ ਹਾਂ। ਇਹ ਸੱਚ ਹੈ ਕਿ ਇਹ ਸਾਡੀ “ਆਪਣੀ ਇੱਛਿਆ ਨਾਲ” ਨਹੀਂ ਹੋਇਆ ਸੀ। ਪਰ ਯਹੋਵਾਹ ਦੀ ਦਇਆ ਕਰਕੇ ਆਦਮ ਅਤੇ ਹੱਵਾਹ ਜੀਉਂਦੇ ਰਹਿ ਸਕੇ ਅਤੇ ਔਲਾਦ ਪੈਦਾ ਕਰ ਸਕੇ। ਉਨ੍ਹਾਂ ਦੀ ਔਲਾਦ ਹੋਣ ਕਰਕੇ ਅਸੀਂ ਪਾਪ ਅਤੇ ਮੌਤ ਦੇ ਅਧੀਨ ਹਾਂ, ਪਰ ਅਸੀਂ ਉਹ ਕਰ ਸਕਦੇ ਹਾਂ ਜੋ ਆਦਮ ਤੇ ਹੱਵਾਹ ਨੇ ਨਹੀਂ ਕੀਤਾ। ਅਸੀਂ ਯਹੋਵਾਹ ਦੀ ਗੱਲ ਸੁਣ ਸਕਦੇ ਹਾਂ ਅਤੇ ਉਸ ਦੀ ਸਹੀ ਤੇ ਧਰਮੀ ਹਕੂਮਤ ਨੂੰ ਕਬੂਲ ਕਰ ਸਕਦੇ ਹਾਂ। ਇਤਿਹਾਸ ਗਵਾਹ ਹੈ ਕਿ ਯਹੋਵਾਹ ਤੋਂ ਦੂਰ ਰਹਿ ਕੇ ਇਨਸਾਨਾਂ ਦੀ ਹਕੂਮਤ ਦਾ ਨਤੀਜਾ ਸਿਰਫ਼ ਦੁੱਖ, ਨਿਰਾਸ਼ਾ ਅਤੇ ਅਨਰਥ ਨਿਕਲਿਆ ਹੈ। ਇਸ ਦੇ ਨਾਲ-ਨਾਲ ਸ਼ਤਾਨ ਦਾ ਪ੍ਰਭਾਵ ਹੋਰ ਵੀ ਦੁੱਖ ਲਿਆਉਂਦਾ ਹੈ।—ਯਿਰਮਿਯਾਹ 10:23; ਪਰਕਾਸ਼ ਦੀ ਪੋਥੀ 4:11; ਉਪਦੇਸ਼ਕ ਦੀ ਪੋਥੀ 8:9.

16. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦੁੱਖਾਂ ਲਈ ਜ਼ਿੰਮੇਵਾਰ ਨਹੀਂ ਹੈ? (ਅ) ਯਹੋਵਾਹ ਨੇ ਵਫ਼ਾਦਾਰ ਲੋਕਾਂ ਨੂੰ ਕਿਹੜੀ ਉਮੀਦ ਦਿੱਤੀ ਹੈ?

16 ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਯਹੋਵਾਹ ਨੇ ਮਨੁੱਖਜਾਤੀ ਨੂੰ ਅਨਰਥ ਦੇ ਅਧੀਨ ਕਰ ਕੇ ਠੀਕ ਹੀ ਕੀਤਾ ਸੀ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਹੀ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਹੈ? ਇਸ ਨੂੰ ਸਮਝਣ ਲਈ ਜ਼ਰਾ ਇਕ ਜੱਜ ਬਾਰੇ ਸੋਚੋ ਜੋ ਇਕ ਮੁਜਰਮ ਨੂੰ ਸਜ਼ਾ ਦਿੰਦਾ ਹੈ। ਉਹ ਮੁਜਰਮ ਸਜ਼ਾ ਕੱਟਦੇ ਹੋਏ ਸ਼ਾਇਦ ਕਾਫ਼ੀ ਦੁੱਖ ਵੀ ਝੱਲੇ, ਪਰ ਕੀ ਉਹ ਆਪਣੇ ਦੁੱਖਾਂ ਲਈ ਜੱਜ ਨੂੰ ਉਲਾਹਮਾ ਦੇ ਸਕਦਾ ਹੈ? ਨਹੀਂ! ਇਸੇ ਤਰ੍ਹਾਂ ਯਹੋਵਾਹ ਨੂੰ ਵੀ ਦੁਸ਼ਟਤਾ ਲਈ ਉਲਾਹਮਾ ਨਹੀਂ ਦਿੱਤਾ ਜਾ ਸਕਦਾ। ਯਾਕੂਬ 1:13 ਵਿਚ ਲਿਖਿਆ ਹੈ: “ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ।” ਆਓ ਆਪਾਂ ਇਹ ਵੀ ਯਾਦ ਰੱਖੀਏ ਕਿ ਇਕ ਜੱਜ ਵਜੋਂ ਯਹੋਵਾਹ ਨੇ ਇਹ ਸਜ਼ਾ “ਉਮੇਦ ਨਾਲ” ਦਿੱਤੀ ਸੀ। ਉਸ ਨੇ ਆਦਮ ਅਤੇ ਹੱਵਾਹ ਦੇ ਵਫ਼ਾਦਾਰ ਬੱਚਿਆਂ ਲਈ ਪਿਆਰ ਨਾਲ ਇੰਤਜ਼ਾਮ ਕੀਤਾ ਹੈ ਕਿ ਉਹ ਇਸ ਅਨਰਥ ਦਾ ਅੰਤ ਦੇਖ ਕੇ “ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ” ਪ੍ਰਾਪਤ ਕਰਨ ਵਿਚ ਖ਼ੁਸ਼ੀ ਪਾਉਣ। ਫਿਰ ਕਦੀ ਵੀ ਇਨਸਾਨਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੋਵੇਗੀ ਕਿ ਉਨ੍ਹਾਂ ਨੂੰ ਦੁਬਾਰਾ ਅਨਰਥ ਦੇ ਅਧੀਨ ਕੀਤਾ ਜਾਵੇਗਾ। ਜਿਸ ਤਰੀਕੇ ਨਾਲ ਯਹੋਵਾਹ ਇਸ ਮਾਮਲੇ ਨੂੰ ਸੁਲਝਾਏਗਾ, ਉਸ ਤੋਂ ਇਹ ਗੱਲ ਹਮੇਸ਼ਾ ਲਈ ਸਾਬਤ ਹੋ ਜਾਵੇਗੀ ਕਿ ਯਹੋਵਾਹ ਦੀ ਹਕੂਮਤ ਹੀ ਸਹੀ ਹੈ।—ਯਸਾਯਾਹ 25:8.

17. ਦੁੱਖਾਂ ਦੇ ਕਾਰਨ ਜਾਣਨ ਤੋਂ ਬਾਅਦ ਸਾਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?

17 ਦੁੱਖਾਂ ਦੇ ਇਹ ਕਾਰਨ ਦੇਖਣ ਤੋਂ ਬਾਅਦ ਕੀ ਅਸੀਂ ਦੁਨੀਆਂ ਵਿਚ ਫੈਲੀ ਬੁਰਾਈ ਲਈ ਯਹੋਵਾਹ ਨੂੰ ਦੋਸ਼ੀ ਕਹਿ ਸਕਦੇ ਹਾਂ? ਜਾਂ ਕੀ ਸਾਡੇ ਕੋਲ ਉਸ ਉੱਤੇ ਭਰੋਸਾ ਨਾ ਰੱਖਣ ਦਾ ਕੋਈ ਕਾਰਨ ਹੈ? ਨਹੀਂ, ਸਗੋਂ ਇਹ ਜਾਣਕਾਰੀ ਲੈ ਕੇ ਅਸੀਂ ਮੂਸਾ ਦੇ ਸ਼ਬਦਾਂ ਨਾਲ ਸਹਿਮਤ ਹੁੰਦੇ ਹਾਂ: “[ਯਹੋਵਾਹ] ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।” (ਬਿਵਸਥਾ ਸਾਰ 32:4) ਆਓ ਆਪਾਂ ਸਮੇਂ-ਸਮੇਂ ਤੇ ਇਨ੍ਹਾਂ ਗੱਲਾਂ ਉੱਤੇ ਮਨਨ ਕਰੀਏ ਅਤੇ ਇਨ੍ਹਾਂ ਨੂੰ ਯਾਦ ਰੱਖੀਏ। ਫਿਰ ਜਦੋਂ ਅਸੀਂ ਪਰਤਾਵਿਆਂ ਦਾ ਸਾਮ੍ਹਣਾ ਕਰਾਂਗੇ, ਅਸੀਂ ਸ਼ਤਾਨ ਨੂੰ ਆਪਣੇ ਮਨਾਂ ਵਿਚ ਸ਼ੱਕ ਪੈਦਾ ਨਹੀਂ ਕਰਨ ਦੇਵਾਂਗੇ। ਆਓ ਹੁਣ ਅਸੀਂ ਦੂਜੀ ਗੱਲ ਉੱਤੇ ਗੌਰ ਕਰੀਏ ਕਿ ਯਹੋਵਾਹ ਉੱਤੇ ਭਰੋਸਾ ਰੱਖਣ ਦਾ ਮਤਲਬ ਕੀ ਹੈ।

ਯਹੋਵਾਹ ਉੱਤੇ ਭਰੋਸਾ ਰੱਖਣ ਦਾ ਮਤਲਬ

18, 19. ਯਹੋਵਾਹ ਉੱਤੇ ਭਰੋਸਾ ਰੱਖਣ ਬਾਰੇ ਬਾਈਬਲ ਸਾਨੂੰ ਕੀ ਦੱਸਦੀ ਹੈ, ਪਰ ਇਸ ਦੇ ਸੰਬੰਧ ਵਿਚ ਲੋਕਾਂ ਵਿਚ ਕੀ ਗ਼ਲਤਫ਼ਹਿਮੀ ਹੈ?

18 ਬਾਈਬਲ ਸਾਨੂੰ ਇਹ ਪ੍ਰੇਰਣਾ ਦਿੰਦੀ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾਉਤਾਂ 3:5, 6) ਇਹ ਸ਼ਬਦ ਕਿੰਨੇ ਸੋਹਣੇ ਹਨ! ਇਸ ਦੁਨੀਆਂ ਵਿਚ ਜੇ ਅਸੀਂ ਆਪਣੇ ਪਿਆਰੇ ਸਵਰਗੀ ਪਿਤਾ ਯਹੋਵਾਹ ਉੱਤੇ ਭਰੋਸਾ ਨਹੀਂ ਰੱਖ ਸਕਦੇ, ਤਾਂ ਹੋਰ ਕਿਸ ਉੱਤੇ ਰੱਖ ਸਕਦੇ ਹਾਂ? ਫਿਰ ਵੀ ਇਨ੍ਹਾਂ ਸ਼ਬਦਾਂ ਨੂੰ ਪੜ੍ਹਨਾ ਇਕ ਗੱਲ ਹੈ, ਪਰ ਇਨ੍ਹਾਂ ਉੱਤੇ ਅਮਲ ਕਰਨਾ ਵੱਖਰੀ ਗੱਲ ਹੈ।

19 ਯਹੋਵਾਹ ਉੱਤੇ ਭਰੋਸਾ ਰੱਖਣ ਬਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਕਈ ਸੋਚਦੇ ਹਨ ਕਿ ਇਹ ਤਾਂ ਇਕ ਕੁਦਰਤੀ ਭਾਵਨਾ ਹੈ ਜਿਸ ਤੋਂ ਮਨ ਨੂੰ ਸ਼ਾਂਤੀ ਮਿਲਦੀ ਹੈ। ਦੂਸਰੇ ਸੋਚਦੇ ਹਨ ਕਿ ਰੱਬ ਉੱਤੇ ਭਰੋਸਾ ਰੱਖਣ ਦਾ ਮਤਲਬ ਇਹ ਹੈ ਕਿ ਉਹ ਉਨ੍ਹਾਂ ਨੂੰ ਹਰ ਦੁੱਖ ਤੋਂ ਬਚਾ ਕੇ ਰੱਖੇਗਾ, ਉਨ੍ਹਾਂ ਦੀ ਹਰ ਮੁਸ਼ਕਲ ਦੂਰ ਕਰੇਗਾ ਅਤੇ ਰੋਜ਼ ਦੀਆਂ ਮੁਸੀਬਤਾਂ ਨੂੰ ਇਕਦਮ ਠੀਕ ਕਰ ਦੇਵੇਗਾ। ਪਰ ਅਜਿਹੀ ਸੋਚਣੀ ਗ਼ਲਤ ਹੈ। ਇਹ ਲੋਕਾਂ ਦੀ ਗ਼ਲਤਫ਼ਹਿਮੀ ਹੈ। ਭਰੋਸਾ ਸਿਰਫ਼ ਮਨ ਦੀ ਭਾਵਨਾ ਜਾਂ ਕਲਪਨਾ ਨਹੀਂ ਹੈ। ਆਓ ਆਪਾਂ ਦੇਖੀਏ ਕਿ ਪਰਮੇਸ਼ੁਰ ਉੱਤੇ ਭਰੋਸਾ ਰੱਖਣ ਦਾ ਕੀ ਮਤਲਬ ਹੈ।

20, 21. ਯਹੋਵਾਹ ਉੱਤੇ ਭਰੋਸਾ ਰੱਖਣ ਦਾ ਮਤਲਬ ਕੀ ਹੈ? ਉਦਾਹਰਣ ਦਿਓ।

20ਕਹਾਉਤਾਂ 3:5 ਵਿਚ ਲਿਖਿਆ ਹੈ ਕਿ ਸਾਨੂੰ ਆਪਣੀ ਹੀ ਸਮਝ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ। ਕੀ ਇਸ ਦਾ ਇਹ ਮਤਲਬ ਹੈ ਕਿ ਸਾਨੂੰ ਆਪਣੀ ਸਮਝ ਨਹੀਂ ਵਰਤਣੀ ਚਾਹੀਦੀ? ਨਹੀਂ, ਕਿਉਂਕਿ ਯਹੋਵਾਹ ਨੇ ਹੀ ਸਾਨੂੰ ਇਹ ਯੋਗਤਾ ਦਿੱਤੀ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਸੇਵਾ ਕਰਨ ਲਈ ਆਪਣੀ ਸਮਝ ਵਰਤੀਏ। ਪਰ ਅਸੀਂ ਕਿਸ ਤਰ੍ਹਾਂ ਦਿਖਾਉਂਦੇ ਹਾਂ ਕਿ ਅਸੀਂ ਕਿਸ ਉੱਤੇ ਇਤਬਾਰ ਕਰਦੇ ਹਾਂ? ਜਦ ਸਾਡੀ ਸੋਚਣੀ ਯਹੋਵਾਹ ਦੀ ਸੋਚਣੀ ਤੋਂ ਵੱਖਰੀ ਹੁੰਦੀ ਹੈ, ਤਾਂ ਕੀ ਅਸੀਂ ਮੰਨਦੇ ਹਾਂ ਕਿ ਯਹੋਵਾਹ ਦੀ ਬੁੱਧ ਸਾਡੀ ਬੁੱਧ ਨਾਲੋਂ ਕਿਤੇ ਉੱਤਮ ਹੈ? (ਯਸਾਯਾਹ 55:8, 9) ਯਹੋਵਾਹ ਉੱਤੇ ਭਰੋਸਾ ਰੱਖਣ ਦਾ ਮਤਲਬ ਹੈ ਕਿ ਅਸੀਂ ਉਸ ਦੀ ਸੋਚਣੀ ਅਨੁਸਾਰ ਚੱਲੀਏ।

21 ਮਿਸਾਲ ਲਈ: ਉਸ ਛੋਟੇ ਬੱਚੇ ਬਾਰੇ ਸੋਚੋ ਜੋ ਕਾਰ ਦੀ ਪਿੱਛਲੀ ਸੀਟ ਉੱਤੇ ਬੈਠਾ ਹੈ ਅਤੇ ਉਸ ਦੇ ਮਾਪੇ ਮੋਹਰੇ ਬੈਠੇ ਹਨ। ਉਸ ਦਾ ਪਿਤਾ ਕਾਰ ਚਲਾ ਰਿਹਾ ਹੈ। ਜਦੋਂ ਸਫ਼ਰ ਦੌਰਾਨ ਕੋਈ ਮੁਸ਼ਕਲ ਖੜ੍ਹੀ ਹੁੰਦੀ ਹੈ, ਜਿਵੇਂ ਕਿ ਕਿਸ ਰਸਤੇ ਜਾਣਾ ਹੈ ਜਾਂ ਮੌਸਮ ਖ਼ਰਾਬ ਹੋ ਜਾਂਦਾ ਹੈ ਜਾਂ ਸੜਕ ਟੁੱਟੀ-ਭੱਜੀ ਹੈ, ਤਾਂ ਇਹ ਆਗਿਆਕਾਰ ਬੱਚਾ ਆਪਣੇ ਮਾਪਿਆਂ ਉੱਤੇ ਭਰੋਸਾ ਕਿਵੇਂ ਰੱਖਦਾ ਹੈ? ਕੀ ਉਹ ਪਿੱਛੇ ਬੈਠਾ ਆਪਣੇ ਪਿਤਾ ਨੂੰ ਹੁਕਮ ਦੇਵੇਗਾ ਕਿ ‘ਸਿੱਧੇ ਜਾਓ, ਕਾਰ ਠੀਕ ਚਲਾਓ’? ਕੀ ਉਹ ਆਪਣੇ ਮਾਂ-ਬਾਪ ਦੇ ਫ਼ੈਸਲਿਆਂ ਉੱਤੇ ਸਵਾਲ ਖੜ੍ਹੇ ਕਰੇਗਾ ਜਾਂ ਉਨ੍ਹਾਂ ਦਾ ਵਿਰੋਧ ਕਰੇਗਾ ਜਦੋਂ ਉਹ ਕਹਿੰਦੇ ਹਨ ਕਿ ਉਹ ਸੀਟ ਬੈੱਲਟ ਬੰਨ੍ਹ ਕੇ ਚੁੱਪ-ਚਾਪ ਬੈਠਾ ਰਹੇ? ਨਹੀਂ, ਭਾਵੇਂ ਉਸ ਦੇ ਮਾਪੇ ਗ਼ਲਤੀਆਂ ਵੀ ਕਰਦੇ ਹਨ, ਫਿਰ ਵੀ ਉਹ ਬੱਚਾ ਉਨ੍ਹਾਂ ਉੱਤੇ ਪੂਰਾ ਭਰੋਸਾ ਰੱਖਦਾ ਹੈ। ਦੂਜੇ ਪਾਸੇ ਯਹੋਵਾਹ ਸਾਡਾ ਪਿਤਾ ਕਦੀ ਗ਼ਲਤੀ ਕਰ ਹੀ ਨਹੀਂ ਸਕਦਾ। ਇਸ ਲਈ ਸਾਨੂੰ ਉਸ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ, ਖ਼ਾਸ ਕਰਕੇ ਜਦੋਂ ਸਾਡੇ ਉੱਤੇ ਮੁਸ਼ਕਲਾਂ ਆਉਂਦੀਆਂ ਹਨ।—ਯਸਾਯਾਹ 30:21.

22, 23. (ੳ) ਮੁਸ਼ਕਲਾਂ ਦੌਰਾਨ ਸਾਨੂੰ ਯਹੋਵਾਹ ਉੱਤੇ ਭਰੋਸਾ ਕਿਉਂ ਰੱਖਣਾ ਚਾਹੀਦਾ ਹੈ ਅਤੇ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਭਰੋਸਾ ਰੱਖ ਰਹੇ ਹਾਂ? (ਅ) ਅਗਲੇ ਲੇਖ ਵਿਚ ਕਿਸ ਬਾਰੇ ਗੱਲ ਕੀਤੀ ਜਾਵੇਗੀ?

22 ਪਰ ਕਹਾਉਤਾਂ 3:6 ਵਿਚ ਸਾਨੂੰ ਕਿਹਾ ਗਿਆ ਹੈ ਕਿ ਸਾਨੂੰ ‘ਆਪਣੇ ਸਾਰਿਆਂ ਰਾਹਾਂ ਵਿੱਚ ਯਹੋਵਾਹ ਨੂੰ ਪਛਾਣਨਾ’ ਚਾਹੀਦਾ ਹੈ, ਸਿਰਫ਼ ਮੁਸ਼ਕਲਾਂ ਦੌਰਾਨ ਨਹੀਂ। ਇਸ ਲਈ ਰੋਜ਼ਾਨਾ ਫ਼ੈਸਲੇ ਕਰਦੇ ਹੋਏ ਸਾਨੂੰ ਸਬੂਤ ਦੇਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ। ਜਦੋਂ ਮੁਸ਼ਕਲਾਂ ਆਉਂਦੀਆਂ ਹਨ, ਤਾਂ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਜਾਂ ਜ਼ਿਆਦਾ ਚਿੰਤਾ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਸਾਨੂੰ ਯਹੋਵਾਹ ਦੀ ਅਗਵਾਈ ਦੇ ਖ਼ਿਲਾਫ਼ ਜਾਣਾ ਚਾਹੀਦਾ ਹੈ। ਮੁਸੀਬਤਾਂ ਵਿਚ ਸਾਨੂੰ ਯਹੋਵਾਹ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ, ਸ਼ਤਾਨ ਨੂੰ ਝੂਠਾ ਸਾਬਤ ਕਰਨਾ ਚਾਹੀਦਾ ਹੈ ਅਤੇ ਯਹੋਵਾਹ ਦੇ ਕਹਿਣੇ ਵਿਚ ਰਹਿਣ ਦੇ ਨਾਲ-ਨਾਲ ਉਹ ਗੁਣ ਪੈਦਾ ਕਰਨੇ ਚਾਹੀਦੇ ਹਨ ਜੋ ਉਸ ਨੂੰ ਖ਼ੁਸ਼ ਕਰਦੇ ਹਨ।—ਇਬਰਾਨੀਆਂ 5:7, 8.

23 ਸਾਡੀ ਜ਼ਿੰਦਗੀ ਵਿਚ ਚਾਹੇ ਜਿੰਨੇ ਮਰਜ਼ੀ ਤੂਫ਼ਾਨ ਕਿਉਂ ਨਾ ਆਉਣ, ਫਿਰ ਵੀ ਅਸੀਂ ਯਹੋਵਾਹ ਉੱਤੇ ਭਰੋਸਾ ਰੱਖ ਸਕਦੇ ਹਾਂ। ਕਿਸ ਤਰ੍ਹਾਂ? ਪ੍ਰਾਰਥਨਾ ਰਾਹੀਂ, ਯਹੋਵਾਹ ਦੇ ਬਚਨ ਤੋਂ ਸਲਾਹ ਲੈ ਕੇ ਅਤੇ ਉਸ ਦੇ ਸੰਗਠਨ ਦੀ ਅਗਵਾਈ ਵਿਚ ਚੱਲ ਕੇ। ਪਰ ਅੱਜ ਦੀ ਦੁਨੀਆਂ ਵਿਚ ਦੁੱਖਾਂ ਦਾ ਸਾਮ੍ਹਣਾ ਕਰਦੇ ਹੋਏ ਅਸੀਂ ਯਹੋਵਾਹ ਉੱਤੇ ਭਰੋਸਾ ਕਿਵੇਂ ਰੱਖ ਸਕਦੇ ਹਾਂ? ਸਾਡਾ ਅਗਲਾ ਲੇਖ ਇਸ ਬਾਰੇ ਦੱਸੇਗਾ।

ਤੁਸੀਂ ਕੀ ਜਵਾਬ ਦਿਓਗੇ?

• ਦਾਊਦ ਨੇ ਕਿਵੇਂ ਦਿਖਾਇਆ ਕਿ ਉਹ ਯਹੋਵਾਹ ਉੱਤੇ ਭਰੋਸਾ ਰੱਖਦਾ ਸੀ?

• ਦੁੱਖਾਂ ਦੇ ਤਿੰਨ ਕਾਰਨ ਕੀ ਹਨ ਅਤੇ ਸਮੇਂ-ਸਮੇਂ ਤੇ ਸਾਨੂੰ ਇਨ੍ਹਾਂ ਉੱਤੇ ਮਨਨ ਕਿਉਂ ਕਰਨਾ ਚਾਹੀਦਾ ਹੈ?

• ਯਹੋਵਾਹ ਨੇ ਮਨੁੱਖਜਾਤੀ ਨੂੰ ਅਨਰਥ ਅਧੀਨ ਕਿਉਂ ਕੀਤਾ ਹੈ ਅਤੇ ਕੀ ਇਹ ਠੀਕ ਹੈ?

• ਯਹੋਵਾਹ ਉੱਤੇ ਭਰੋਸਾ ਰੱਖਣ ਦਾ ਮਤਲਬ ਕੀ ਹੈ?

[ਸਵਾਲ]

[ਸਫ਼ੇ 8 ਉੱਤੇ ਤਸਵੀਰ]

ਦਾਊਦ ਨੇ ਯਹੋਵਾਹ ਉੱਤੇ ਭਰੋਸਾ ਰੱਖਿਆ

[ਸਫ਼ੇ 10 ਉੱਤੇ ਤਸਵੀਰ]

ਯਿਸੂ ਨੇ ਦਿਖਾਇਆ ਕਿ ਜਦੋਂ ਯਰੂਸ਼ਲਮ ਵਿਚ ਇਕ ਬੁਰਜ ਡਿੱਗਿਆ ਸੀ, ਤਾਂ ਯਹੋਵਾਹ ਇਸ ਲਈ ਜ਼ਿੰਮੇਵਾਰ ਨਹੀਂ ਸੀ

[ਫੁਟਨੋਟ]

^ ਪੈਰਾ 13 ਜਿੱਥੇ ਸੁਲੇਮਾਨ ਨੇ ਉਪਦੇਸ਼ਕ ਦੀ ਪੋਥੀ ਵਿਚ “ਵਿਅਰਥ” ਸ਼ਬਦ ਇਸਤੇਮਾਲ ਕੀਤਾ ਸੀ, ਉੱਥੇ ਯੂਨਾਨੀ ਸੈਪਟੁਜਿੰਟ ਦੇ ਅਨੁਵਾਦਕਾਂ ਨੇ ਉਹੀ ਸ਼ਬਦ ਵਰਤਿਆ ਜੋ ਪੌਲੁਸ ਨੇ ਵਰਤਿਆ ਸੀ ਯਾਨੀ “ਅਨਰਥ।” ਮਿਸਾਲ ਲਈ, ਸੁਲੇਮਾਨ ਨੇ ਕਿਹਾ ਸੀ ਕਿ “ਸਭ ਕੁਝ ਵਿਅਰਥ ਹੈ!”—ਉਪਦੇਸ਼ਕ ਦੀ ਪੋਥੀ 1:2, 14; 2:11, 17; 3:19; 12:8.