Skip to content

Skip to table of contents

ਯਹੋਵਾਹ ਸਾਡੀ ਹਮੇਸ਼ਾ ਦੇਖ-ਭਾਲ ਕਰਦਾ ਹੈ

ਯਹੋਵਾਹ ਸਾਡੀ ਹਮੇਸ਼ਾ ਦੇਖ-ਭਾਲ ਕਰਦਾ ਹੈ

ਜੀਵਨੀ

ਯਹੋਵਾਹ ਸਾਡੀ ਹਮੇਸ਼ਾ ਦੇਖ-ਭਾਲ ਕਰਦਾ ਹੈ

ਏਨੇਲੇਸ ਮਜ਼ਾਂਗਾ ਦੀ ਜ਼ਬਾਨੀ

ਸਾਲ 1972 ਸੀ। ਮਲਾਵੀ ਯੂਥ ਲੀਗ ਦੇ ਦਸ ਨੌਜਵਾਨ ਸਾਡੇ ਘਰ ਘੁਸ ਆਏ ਤੇ ਮੈਨੂੰ ਘੜੀਸ ਕੇ ਬਾਹਰ ਗੰਨਿਆਂ ਦੇ ਖੇਤ ਵਿਚ ਲੈ ਗਏ। ਉੱਥੇ ਉਹ ਮੈਨੂੰ ਕੁੱਟ-ਮਾਰ ਕੇ ਅਧਮੋਈ ਛੱਡ ਗਏ।

ਮਲਾਵੀ ਵਿਚ ਯਹੋਵਾਹ ਦੇ ਕਈਆਂ ਗਵਾਹਾਂ ਨੇ ਇਸੇ ਤਰ੍ਹਾਂ ਦੇ ਦੁੱਖ ਸਹੇ। ਉਨ੍ਹਾਂ ਤੇ ਅਜਿਹੇ ਹਮਲੇ ਤੇ ਸਿਤਮ ਕਿਉਂ ਕੀਤੇ ਗਏ ਸਨ? ਉਨ੍ਹਾਂ ਨੂੰ ਇਹ ਸਭ ਕੁਝ ਜਰ ਲੈਣ ਦੀ ਤਾਕਤ ਕਿੱਥੋਂ ਮਿਲੀ? ਮੈਂ ਤੁਹਾਨੂੰ ਆਪਣੇ ਪਰਿਵਾਰ ਦੀ ਕਹਾਣੀ ਸੁਣਾਉਣੀ ਚਾਹੁੰਦੀ ਹਾਂ, ਤਾਂ ਫਿਰ ਆਓ ਸੁਣੋ।

ਮੇਰਾ ਜਨਮ 31 ਦਸੰਬਰ 1921 ਵਿਚ ਇਕ ਧਰਮੀ ਖ਼ਾਨਦਾਨ ਵਿਚ ਹੋਇਆ ਸੀ। ਮੇਰੇ ਪਿਤਾ ਜੀ ਪ੍ਰੈਸਬੀਟਰੀ ਚਰਚ ਦੇ ਪਾਦਰੀ ਹੁੰਦੇ ਸਨ। ਮੈਂ ਅੰਕੋਮ ਨਾਂ ਦੇ ਛੋਟੇ ਜਿਹੇ ਸ਼ਹਿਰ ਵਿਚ ਪਲੀ ਸੀ, ਜੋ ਕਿ ਮਲਾਵੀ ਦੀ ਰਾਜਧਾਨੀ ਲਿਲੋਂਗਵੇ ਦੇ ਲਾਗੇ ਹੀ ਹੈ। ਪੰਦਰਾਂ ਸਾਲ ਦੀ ਉਮਰ ਤੇ ਮੇਰਾ ਵਿਆਹ ਏਮਾਸ ਮਜ਼ਾਂਗਾ ਨਾਲ ਹੋ ਗਿਆ।

ਇਕ ਦਿਨ ਪਿਤਾ ਜੀ ਦਾ ਇਕ ਪਾਦਰੀ ਦੋਸਤ ਸਾਨੂੰ ਮਿਲਣ ਆਇਆ। ਉਸ ਨੇ ਦੇਖਿਆ ਕਿ ਸਾਡੇ ਘਰ ਦੇ ਲਾਗੇ ਯਹੋਵਾਹ ਦੇ ਗਵਾਹ ਰਹਿੰਦੇ ਸਨ ਤੇ ਉਹ ਸਾਨੂੰ ਖ਼ਬਰਦਾਰ ਕਰਨ ਆਇਆ ਸੀ ਕਿ ਅਸੀਂ ਉਨ੍ਹਾਂ ਨਾਲ ਕੋਈ ਆਉਣੀ-ਜਾਣੀ ਨਾ ਸ਼ੁਰੂ ਕਰ ਲਈਏ। ਉਸ ਨੇ ਕਿਹਾ ਕਿ ਯਹੋਵਾਹ ਦੇ ਗਵਾਹਾਂ ਨੂੰ ਭੂਤ ਚਿੰਬੜੇ ਹੋਏ ਨੇ ਤੇ ਜੇ ਅਸੀਂ ਉਨ੍ਹਾਂ ਨਾਲ ਮਿਲੇ-ਗਿਲੇ, ਤਾਂ ਸਾਨੂੰ ਵੀ ਇਸ ਦਾ ਖ਼ਤਰਾ ਸੀ। ਇਸ ਗੱਲ ਦਾ ਸਾਨੂੰ ਇੰਨਾ ਡਰ ਸੀ ਕਿ ਅਸੀਂ ਕਿਸੇ ਹੋਰ ਪਿੰਡ ਰਹਿਣ ਚਲੇ ਗਏ ਜਿੱਥੇ ਮੇਰੇ ਪਤੀ ਨੇ ਦੁਕਾਨਦਾਰੀ ਦਾ ਕੰਮ ਸ਼ੁਰੂ ਕਰ ਲਿਆ। ਪਰ ਸਾਨੂੰ ਇਹ ਜਾਣਨ ਵਿਚ ਦੇਰ ਨਹੀਂ ਲੱਗੀ ਕਿ ਯਹੋਵਾਹ ਦੇ ਗਵਾਹ ਸਾਡੇ ਨਵੇਂ ਘਰ ਦੇ ਲਾਗੇ ਵੀ ਰਹਿੰਦੇ ਸਨ।

ਏਮਾਸ ਬਾਈਬਲ ਪੜ੍ਹਨ ਦਾ ਸ਼ੌਕੀਨ ਸੀ ਤੇ ਕੁਝ ਹੀ ਸਮੇਂ ਵਿਚ ਉਸ ਨੇ ਗਵਾਹਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਉਸ ਨੂੰ ਬਾਈਬਲ ਤੋਂ ਕਈ ਸਵਾਲਾਂ ਦੇ ਜਵਾਬ ਦਿੱਤੇ ਜਿਸ ਤੋਂ ਬਾਅਦ ਏਮਾਸ ਨੇ ਉਨ੍ਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ-ਪਹਿਲਾਂ ਤਾਂ ਉਹ ਦੁਕਾਨ ਵਿਚ ਸਟੱਡੀ ਕਰਦੇ ਹੁੰਦੇ ਸਨ ਪਰ ਫਿਰ ਉਹ ਸਾਡੇ ਘਰ ਸਟੱਡੀ ਕਰਨ ਲੱਗ ਪਏ। ਜਦ ਵੀ ਯਹੋਵਾਹ ਦੇ ਗਵਾਹ ਸਾਡੇ ਘਰ ਆਉਂਦੇ ਸਨ, ਤਾਂ ਮੈਂ ਘਰੋਂ ਨਿਕਲ ਜਾਂਦੀ ਸੀ ਕਿਉਂਕਿ ਮੈਨੂੰ ਉਨ੍ਹਾਂ ਤੋਂ ਡਰ ਲੱਗਦਾ ਸੀ। ਇਸ ਦੇ ਬਾਵਜੂਦ ਏਮਾਸ ਸਟੱਡੀ ਕਰਦਾ ਰਿਹਾ। ਸਟੱਡੀ ਸ਼ੁਰੂ ਕਰਨ ਤੋਂ ਤਕਰੀਬਨ ਛੇ ਮਹੀਨੇ ਬਾਅਦ, ਉਸ ਨੇ ਮੈਨੂੰ ਦੱਸਣ ਤੋਂ ਬਗੈਰ ਅਪ੍ਰੈਲ 1951 ਵਿਚ ਬਪਤਿਸਮਾ ਲੈ ਲਿਆ। ਉਸ ਨੂੰ ਡਰ ਸੀ ਕਿ ਇਸ ਦੀ ਖ਼ਬਰ ਸੁਣ ਕੇ ਮੈਂ ਉਸ ਨੂੰ ਛੱਡ ਕੇ ਚਲੀ ਜਾਵਾਂਗੀ।

ਔਖੀਆਂ ਘੜੀਆਂ

ਇਕ ਦਿਨ ਮੇਰੀ ਸਹੇਲੀ ਏਲਨ ਨੇ ਮੈਨੂੰ ਦੱਸ ਦਿੱਤਾ ਕਿ ਮੇਰੇ ਪਤੀ ਨੇ ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲੈ ਲਿਆ ਹੈ। ਮੇਰਾ ਤਾਂ ਜਿਵੇਂ ਪਾਰਾ ਹੀ ਚੜ੍ਹ ਗਿਆ! ਉਸੇ ਦਿਨ ਤੋਂ ਮੈਂ ਉਸ ਨਾਲ ਬੋਲਣਾ ਬੰਦ ਕਰ ਦਿੱਤਾ ਅਤੇ ਉਸ ਲਈ ਰੋਟੀ ਤਿਆਰ ਕਰਨੀ ਛੱਡ ਦਿੱਤੀ। ਨਾ ਹੀ ਮੈਂ ਉਸ ਦੇ ਨਹਾਉਣ ਲਈ ਪਾਣੀ ਲਿਆ ਕੇ ਗਰਮ ਕਰਦੀ ਸੀ। ਸਾਡੇ ਮੁਲਕ ਵਿਚ ਇਹ ਸਾਰੇ ਕੰਮ ਇਕ ਪਤਨੀ ਦੀ ਜ਼ਿੰਮੇਵਾਰੀ ਸਮਝੇ ਜਾਂਦੇ ਹਨ।

ਏਮਾਸ ਨੇ ਇਹ ਸਭ ਕੁਝ ਤਿੰਨ ਹਫ਼ਤਿਆਂ ਲਈ ਜਰਿਆ। ਪਰ ਫਿਰ ਉਸ ਨੇ ਮੈਨੂੰ ਬਿਠਾ ਕੇ ਸਮਝਾਇਆ ਕਿ ਉਸ ਨੇ ਯਹੋਵਾਹ ਦਾ ਗਵਾਹ ਬਣਨ ਦਾ ਫ਼ੈਸਲਾ ਕਿਉਂ ਕੀਤਾ ਸੀ। ਉਸ ਨੇ ਮੈਨੂੰ ਬਾਈਬਲ ਤੋਂ ਕਈ ਹਵਾਲੇ ਪੜ੍ਹ ਕੇ ਸੁਣਾਏ। ਉਸ ਨੇ 1 ਕੁਰਿੰਥੀਆਂ 9:16 ਦਾ ਹਵਾਲਾ ਵੀ ਪੜ੍ਹਿਆ। ਉਸ ਦੀਆਂ ਗੱਲਾਂ ਦਾ ਮੇਰੇ ਤੇ ਬਹੁਤ ਅਸਰ ਪਿਆ। ਮੈਂ ਸੋਚਿਆ ਕਿ ਮੈਨੂੰ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਤਾਂ ਫਿਰ ਮੈਂ ਵੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਦਾ ਫ਼ੈਸਲਾ ਕਰ ਲਿਆ। ਉਸੇ ਸ਼ਾਮ ਮੇਰੇ ਪਿਆਰੇ ਪਤੀ ਨੇ ਸੁੱਖ ਦਾ ਸਾਹ ਲਿਆ ਜਦੋਂ ਮੈਂ ਉਸ ਲਈ ਰੋਟੀ ਤਿਆਰ ਕੀਤੀ।

ਸਾਕਾਂ ਤੇ ਦੋਸਤਾਂ ਨੂੰ ਸੱਚਾਈ ਬਾਰੇ ਦੱਸਣਾ

ਸਾਡੇ ਮਾਪਿਆਂ ਨੂੰ ਜਦੋਂ ਪਤਾ ਲੱਗਾ ਕਿ ਅਸੀਂ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਰੱਖਣ ਲੱਗ ਪਏ ਹਾਂ, ਤਾਂ ਉਨ੍ਹਾਂ ਨੇ ਬਹੁਤ ਬੁਰਾ ਮਨਾਇਆ। ਮੇਰੇ ਮਾਤਾ-ਪਿਤਾ ਨੇ ਸਾਨੂੰ ਚਿੱਠੀ ਘੱਲੀ ਕਿ ਅਸੀਂ ਕਦੇ ਮੁੜ ਕੇ ਉਨ੍ਹਾਂ ਦੇ ਘਰ ਨਾ ਜਾਈਏ। ਇਸ ਦਾ ਸਾਨੂੰ ਦੁੱਖ ਤਾਂ ਹੋਇਆ ਸੀ, ਪਰ ਅਸੀਂ ਯਿਸੂ ਦੇ ਵਾਅਦੇ ਤੇ ਇਤਬਾਰ ਕੀਤਾ ਕਿ ਸਾਨੂੰ ਰੂਹਾਨੀ ਤੌਰ ਤੇ ਕਈ ਭੈਣ-ਭਰਾ ਤੇ ਮਾਤਾ-ਪਿਤਾ ਮਿਲਣਗੇ।—ਮੱਤੀ 19:29.

ਬਾਈਬਲ ਸਟੱਡੀ ਵਿਚ ਮੈਂ ਜਲਦੀ ਤਰੱਕੀ ਕੀਤੀ ਤੇ ਅਗਸਤ 1951 ਵਿਚ ਆਪਣੇ ਪਤੀ ਦੇ ਬਪਤਿਸਮੇ ਤੋਂ ਸਿਰਫ਼ ਸਾਢੇ ਤਿੰਨ ਮਹੀਨਿਆਂ ਬਾਅਦ ਮੈਂ ਬਪਤਿਸਮਾ ਲੈ ਲਿਆ। ਮੈਂ ਬਹੁਤ ਹੀ ਚਾਹੁੰਦੀ ਸੀ ਕਿ ਮੇਰੀ ਸਹੇਲੀ ਏਲਨ ਵੀ ਸੱਚਾਈ ਸਿੱਖੇ ਤੇ ਜਦ ਮੈਂ ਉਸ ਨਾਲ ਗੱਲ ਕੀਤੀ, ਤਾਂ ਉਹ ਮੇਰੇ ਨਾਲ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਹੋ ਗਈ। ਮਈ 1952 ਵਿਚ ਮੈਂ ਕਿੰਨੀ ਖ਼ੁਸ਼ ਸਾਂ ਜਦ ਏਲਨ ਬਪਤਿਸਮਾ ਲੈ ਕੇ ਮੇਰੀ ਭੈਣ ਬਣ ਗਈ। ਇਸ ਤੋਂ ਬਾਅਦ ਸਾਡੀ ਦੋਸਤੀ ਹੋਰ ਵੀ ਵਧ ਗਈ ਅਤੇ ਅਸੀਂ ਅੱਜ ਤਕ ਪੱਕੀਆਂ ਸਹੇਲੀਆਂ ਹਾਂ।

ਸੰਨ 1954 ਵਿਚ ਏਮਾਸ ਨੂੰ ਸਰਕਟ ਨਿਗਾਹਬਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਉਸ ਸਮੇਂ ਸਾਡੇ ਛੇ ਬੱਚੇ ਸਨ। ਉਨੀਂ ਦਿਨੀਂ ਜਿਨ੍ਹਾਂ ਸਫ਼ਰੀ ਨਿਗਾਹਬਾਨਾਂ ਦੇ ਘਰ ਬੱਚੇ ਸਨ, ਉਹ ਇਕ ਹਫ਼ਤਾ ਕਿਸੇ ਕਲੀਸਿਯਾ ਨੂੰ ਮਿਲਣ ਜਾਂਦੇ ਸਨ ਤੇ ਅਗਲਾ ਹਫ਼ਤਾ ਆਪਣੇ ਪਰਿਵਾਰ ਨਾਲ ਗੁਜ਼ਾਰਦੇ ਸਨ। ਏਮਾਸ ਜਦੋਂ ਕਿਸੇ ਕਲੀਸਿਯਾ ਨੂੰ ਮਿਲਣ ਜਾਂਦਾ ਸੀ, ਤਾਂ ਉਹ ਹਮੇਸ਼ਾ ਮੈਨੂੰ ਬੱਚਿਆਂ ਨਾਲ ਬਾਈਬਲ ਸਟੱਡੀ ਕਰਨ ਲਈ ਕਹਿ ਕੇ ਜਾਂਦਾ ਸੀ। ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਬੱਚਿਆਂ ਨੂੰ ਸਟੱਡੀ ਬੋਰ ਨਾ ਕਰੇ। ਅਸੀਂ ਹਮੇਸ਼ਾ ਦਿਲੋਂ ਬੋਲਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਯਹੋਵਾਹ ਤੇ ਉਸ ਦੇ ਬਚਨ ਨਾਲ ਕਿੰਨਾ ਪਿਆਰ ਕਰਦੇ ਸਾਂ। ਅਸੀਂ ਇਕੱਠੇ ਪ੍ਰਚਾਰ ਕਰਨ ਵੀ ਜਾਂਦੇ ਸਨ। ਇਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਦੀ ਨਿਹਚਾ ਨੂੰ ਮਜ਼ਬੂਤ ਕਰ ਸਕੇ ਤੇ ਜਦੋਂ ਉਨ੍ਹਾਂ ਨੂੰ ਸਿਤਮ ਸਹਿਣੇ ਪਏ, ਤਾਂ ਉਹ ਇਸ ਦਾ ਸਾਮ੍ਹਣਾ ਕਰਨ ਲਈ ਤਿਆਰ ਸਨ।

ਅਤਿਆਚਾਰਾਂ ਦੀ ਸ਼ੁਰੂਆਤ

ਸੰਨ 1964 ਵਿਚ ਮਲਾਵੀ ਨੂੰ ਆਜ਼ਾਦੀ ਮਿਲ ਗਈ ਅਤੇ ਰਾਸ਼ਟਰਪਤੀ ਬਾਂਡਾ ਦੀ ਹਕੂਮਤ ਚੱਲ ਪਈ। ਜਦੋਂ ਉਸ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਯਹੋਵਾਹ ਦੇ ਗਵਾਹ ਸਿਆਸੀ ਮਾਮਲਿਆਂ ਵਿਚ ਨਿਰਪੱਖ ਹਨ, ਤਾਂ ਉਨ੍ਹਾਂ ਨੇ ਸਾਨੂੰ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ। ਉਹ ਚਾਹੁੰਦੇ ਸਨ ਕਿ ਹਰੇਕ ਉਨ੍ਹਾਂ ਦੀ ਪਾਰਟੀ ਦਾ ਪੱਖ ਲਵੇ ਅਤੇ ਸਬੂਤ ਵਜੋਂ ਪਾਰਟੀ ਦਾ ਮੈਂਬਰਸ਼ਿਪ ਕਾਰਡ ਖ਼ਰੀਦੇ। * ਅਸੀਂ ਇਹ ਕਾਰਡ ਖ਼ਰੀਦਣ ਤੋਂ ਇਨਕਾਰ ਕਰ ਦਿੱਤਾ। ਸਿੱਟੇ ਵਜੋਂ ਯੂਥ ਲੀਗ ਦੇ ਮੈਂਬਰਾਂ ਨੇ ਸਾਡੀ ਮੱਕੀ ਦੀ ਫ਼ਸਲ ਨੂੰ ਤਬਾਹ ਕਰ ਦਿੱਤਾ ਜੋ ਸਾਡੇ ਅਗਲੇ ਸਾਲ ਦੇ ਗੁਜ਼ਾਰੇ ਲਈ ਸੀ। ਮੱਕੀ ਨੂੰ ਕੱਟਦੇ ਸਮੇਂ ਉਹ ਨੌਜਵਾਨ ਇਹ ਗੀਤ ਗਾ ਰਹੇ ਸਨ: “ਜਿਹੜੇ ਕੈਮੂਜ਼ੂ [ਰਾਸ਼ਟਰਪਤੀ ਬਾਂਡਾ] ਦਾ ਕਾਰਡ ਨਹੀਂ ਖ਼ਰੀਦਦੇ, ਕੀੜੇ ਉਨ੍ਹਾਂ ਦੀ ਹਰੀ ਮੱਕੀ ਖਾਣਗੇ ਤੇ ਉਹ ਭੁੱਖੇ ਮਰਨਗੇ।” ਪਰ ਭਾਵੇਂ ਸਾਡੇ ਕੋਲ ਖਾਣ ਨੂੰ ਕੁਝ ਨਹੀਂ ਸੀ, ਅਸੀਂ ਮਾਯੂਸ ਨਹੀਂ ਹੋਏ। ਅਸੀਂ ਜਾਣਦੇ ਸੀ ਕਿ ਯਹੋਵਾਹ ਸਾਡੇ ਨਾਲ ਸੀ। ਉਸ ਨੇ ਪਿਆਰ ਨਾਲ ਸਾਨੂੰ ਤਾਕਤ ਬਖ਼ਸ਼ੀ।—ਫ਼ਿਲਿੱਪੀਆਂ 4:12, 13.

ਅਗਸਤ 1964 ਦੀ ਇਕ ਰਾਤ ਮੈਂ ਬੱਚਿਆਂ ਨਾਲ ਘਰ ਸੀ। ਅਸੀਂ ਸਾਰੇ ਸੁੱਤੇ ਪਏ ਸਨ ਜਦ ਗਾਉਣ ਦੀਆਂ ਆਵਾਜ਼ਾਂ ਸੁਣ ਕੇ ਮੇਰੀ ਅੱਖ ਖੁੱਲ੍ਹ ਗਈ। ਖੁਫੀਆ ਕਬਾਇਲੀ ਬਰਾਦਰੀ ਦੇ ਲੋਕਾਂ ਦੀ ਟੋਲੀ ਸਾਡੇ ਘਰ ਨੂੰ ਆ ਰਹੀ ਸੀ। ਇਨ੍ਹਾਂ ਲੋਕਾਂ ਤੋਂ ਸਭ ਡਰਦੇ ਹਨ ਕਿਉਂਕਿ ਇਹ ਮੁਰਦਿਆਂ ਦੀਆਂ ਭਟਕਦੀਆਂ ਰੂਹਾਂ ਦਾ ਢੌਂਗ ਕਰ ਕੇ ਲੋਕਾਂ ਤੇ ਹਮਲਾ ਕਰਦੇ ਹਨ। ਯੂਥ ਲੀਗ ਨੇ ਇਸ ਟੋਲੀ ਨੂੰ ਸਾਡੇ ਤੇ ਹਮਲਾ ਕਰਨ ਲਈ ਘੱਲਿਆ ਸੀ। ਮੈਂ ਫਟਾਫਟ ਬੱਚਿਆਂ ਨੂੰ ਜਗਾਇਆ ਤੇ ਉਨ੍ਹਾਂ ਲੋਕਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਅਸੀਂ ਸਾਰੇ ਘਰੋਂ ਜੰਗਲ ਨੂੰ ਨੱਸ ਗਏ।

ਲੁਕ-ਛਿਪ ਕੇ ਅਸੀਂ ਆਪਣੇ ਘਰ ਵੱਲ ਦੇਖਿਆ। ਟੋਲੀ ਨੇ ਸਾਡੇ ਘਰ ਦੀ ਘਾਹ-ਫੂਸ ਨਾਲ ਬਣੀ ਹੋਈ ਛੱਤ ਨੂੰ ਅੱਗ ਲਾ ਦਿੱਤੀ ਸੀ। ਉਹ ਲਟ-ਲਟ ਬਲ਼ੀ ਤੇ ਸਾਡਾ ਸਾਰਾ ਕੁਝ ਖ਼ਾਕ ਵਿਚ ਰਲ ਗਿਆ। ਉਸ ਬਲ਼ਦੀ ਅੱਗ ਤੋਂ ਪਰੇ ਤੁਰਦੇ ਹੋਏ ਅਸੀਂ ਉਸ ਟੋਲੀ ਦੇ ਲੋਕਾਂ ਨੂੰ ਕਹਿੰਦੇ ਸੁਣਿਆ: “ਅਸੀਂ ਯਹੋਵਾਹ ਦੇ ਉਸ ਗਵਾਹ ਲਈ ਸੋਹਣੀ ਅੱਗ ਬਾਲ਼ੀ, ਹੁਣ ਉਹ ਆਪਣੇ ਆਪ ਨੂੰ ਨਿੱਘਾ ਰੱਖ ਸਕਦਾ ਹੈ।” ਅਸੀਂ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕੀਤਾ ਕਿ ਅਸੀਂ ਸਹੀ-ਸਲਾਮਤ ਬਚ ਨਿਕਲੇ ਸਨ। ਹਾਂ, ਉਨ੍ਹਾਂ ਨੇ ਸਾਡਾ ਸਾਰਾ ਕੁਝ ਮਿੱਟੀ ਵਿਚ ਰਲਾ ਜ਼ਰੂਰ ਦਿੱਤਾ ਸੀ, ਪਰ ਉਹ ਸਾਨੂੰ ਯਹੋਵਾਹ ਦੀ ਸ਼ਰਨ ਵਿਚ ਜਾਣ ਤੋਂ ਨਹੀਂ ਰੋਕ ਸਕੇ ਸਨ।—ਜ਼ਬੂਰਾਂ ਦੀ ਪੋਥੀ 118:8.

ਬਾਅਦ ਵਿਚ ਸਾਨੂੰ ਪਤਾ ਲੱਗਾ ਕਿ ਖੁਫੀਆ ਕਬਾਇਲੀ ਬਰਾਦਰੀ ਦੀਆਂ ਟੋਲੀਆਂ ਨੇ ਸਾਡੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਦੇ ਪੰਜ ਪਰਿਵਾਰਾਂ ਨਾਲ ਇਸੇ ਤਰ੍ਹਾਂ ਕੀਤਾ ਸੀ। ਲਾਗੇ ਦੀਆਂ ਕਲੀਸਿਯਾਵਾਂ ਤੋਂ ਭੈਣਾਂ-ਭਰਾਵਾਂ ਨੇ ਆ ਕੇ ਸਾਡੀ ਮਦਦ ਕੀਤੀ। ਉਨ੍ਹਾਂ ਨੇ ਸਾਡੇ ਘਰ ਮੁੜ ਬਣਾਏ ਤੇ ਕਈਆਂ ਹਫ਼ਤਿਆਂ ਲਈ ਸਾਡੇ ਲਈ ਰੋਟੀ-ਪਾਣੀ ਦਾ ਇੰਤਜ਼ਾਮ ਕੀਤਾ। ਅਸੀਂ ਉਨ੍ਹਾਂ ਦੇ ਕਿੰਨੇ ਅਹਿਸਾਨਮੰਦ ਸਾਂ।

ਅਤਿਆਚਾਰਾਂ ਵਿਚ ਵਾਧਾ

ਸਤੰਬਰ 1967 ਵਿਚ ਪੂਰੇ ਮੁਲਕ ਵਿਚ ਯਹੋਵਾਹ ਦੇ ਗਵਾਹਾਂ ਨੂੰ ਗਿਰਫ਼ਤਾਰ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ। ਮਲਾਵੀ ਯੂਥ ਲੀਗ ਅਤੇ ਯੰਗ ਪਾਇਨੀਅਰਜ਼ ਬੇਰਹਿਮੀ ਨਾਲ ਲੁੱਟ-ਮਾਰ ਕਰਨ ਨਿਕਲ ਪਏ। ਉਨ੍ਹਾਂ ਨੇ ਛੁਰੇ ਲੈ ਕੇ ਘਰ-ਘਰ ਗਵਾਹਾਂ ਦੀ ਤਲਾਸ਼ ਕੀਤੀ। ਜਦ ਵੀ ਉਨ੍ਹਾਂ ਨੂੰ ਗਵਾਹ ਮਿਲੇ, ਉਹ ਉਨ੍ਹਾਂ ਨੂੰ ਸਿਆਸੀ ਪਾਰਟੀ ਦਾ ਕਾਰਡ ਵੇਚਣ ਦੀ ਕੋਸ਼ਿਸ਼ ਕਰਦੇ।

ਉਨ੍ਹਾਂ ਸਾਡੇ ਘਰ ਪਹੁੰਚ ਕੇ ਸਾਨੂੰ ਪੁੱਛਿਆ ਕਿ ਸਾਡੇ ਕੋਲ ਪਾਰਟੀ ਕਾਰਡ ਹੈ ਕਿ ਨਹੀਂ। ਮੈਂ ਕਿਹਾ: “ਬਿਲਕੁਲ ਨਹੀਂ, ਮੈਂ ਨਹੀਂ ਖ਼ਰੀਦਿਆ। ਨਾ ਮੈਂ ਅੱਜ ਖ਼ਰੀਦਣਾ ਹੈ ਤੇ ਨਾ ਕੱਲ੍ਹ ਨੂੰ ਖ਼ਰੀਦਾਂਗੀ।” ਫਿਰ ਉਹ ਮੈਨੂੰ ਤੇ ਮੇਰੇ ਪਤੀ ਨੂੰ ਫੜ ਕੇ ਉਸੇ ਵਕਤ ਪੁਲਸ ਸਟੇਸ਼ਨ ਲੈ ਗਏ। ਸਾਨੂੰ ਕੁਝ ਨਾਲ ਲੈ ਜਾਣ ਦਾ ਮੌਕਾ ਵੀ ਨਹੀਂ ਮਿਲਿਆ। ਜਦ ਸਾਡੇ ਛੋਟੇ ਬੱਚੇ ਘਰ ਆਏ, ਤਾਂ ਉਹ ਬੜੇ ਪਰੇਸ਼ਾਨ ਸਨ ਕਿਉਂਕਿ ਉਨ੍ਹਾਂ ਨੂੰ ਕੁਝ ਨਹੀਂ ਸੀ ਪਤਾ ਅਸੀਂ ਕਿੱਥੇ ਲੋਪ ਹੋ ਗਏ ਸਨ। ਚੰਗਾ ਹੋਇਆ ਸਾਡਾ ਵੱਡਾ ਲੜਕਾ ਡੈਨੀਅਲ ਉਸ ਵੇਲੇ ਘਰ ਆ ਗਿਆ। ਉਸ ਨੇ ਇਕ ਗੁਆਂਢੀ ਤੋਂ ਪਤਾ ਕੀਤਾ ਕਿ ਕੀ ਵਾਪਰਿਆ ਸੀ ਤੇ ਉਹ ਇਕਦਮ ਛੋਟਿਆਂ ਨੂੰ ਨਾਲ ਲੈ ਕੇ ਪੁਲਸ ਸਟੇਸ਼ਨ ਨੂੰ ਹੋ ਤੁਰਿਆ। ਉੱਥੇ ਪਹੁੰਚ ਕੇ ਉਨ੍ਹਾਂ ਨੇ ਦੇਖਿਆ ਕਿ ਸਾਨੂੰ ਇਕ ਟਰੱਕ ਵਿਚ ਬਿਠਾਇਆ ਜਾ ਰਿਹਾ ਸੀ। ਪੁਲਸ ਨੇ ਬੱਚਿਆਂ ਨੂੰ ਵੀ ਟਰੱਕ ਵਿਚ ਬਿਠਾ ਦਿੱਤਾ ਤੇ ਅਸੀਂ ਸਾਰੇ ਲਿਲੋਂਗਵੇ ਸ਼ਹਿਰ ਪਹੁੰਚ ਗਏ।

ਲਿਲੋਂਗਵੇ ਦੇ ਪੁਲਸ ਹੈੱਡ-ਕੁਆਰਟਰ ਵਿਚ ਇਕ ਬਣਾਉਟੀ ਮੁਕੱਦਮਾ ਚਲਾਇਆ ਗਿਆ। ਉਨ੍ਹਾਂ ਸਾਨੂੰ ਪੁੱਛਿਆ: “ਕੀ ਤੁਸੀਂ ਯਹੋਵਾਹ ਦੇ ਗਵਾਹ ਬਣੇ ਰਹੋਗੇ?” ਅਸੀਂ ਕਿਹਾ: “ਜੀ ਹਾਂ, ਜ਼ਰੂਰ!” ਸਾਨੂੰ ਪਤਾ ਸੀ ਕਿ ਇਸ ਜਵਾਬ ਨਾਲ ਸਾਨੂੰ ਘੱਟੋ-ਘੱਟ ਸੱਤ ਸਾਲ ਦੀ ਕੈਦ ਹੋਵੇਗੀ। ਜਿਹੜੇ ਸਾਡੀ ਸੰਸਥਾ ਦੇ ਮੁਖੀਏ ਮੰਨੇ ਜਾਂਦੇ ਸਨ, ਉਨ੍ਹਾਂ ਨੂੰ 14 ਸਾਲ ਦੀ ਸਜ਼ਾ ਮਿਲਦੀ ਸੀ।

ਅਸੀਂ ਬਿਨਾਂ ਰੋਟੀ ਜਾਂ ਆਰਾਮ ਇਕ ਰਾਤ ਲਿਲੋਂਗਵੇ ਗੁਜ਼ਾਰੀ। ਇਸ ਤੋਂ ਬਾਅਦ ਪੁਲਸ ਸਾਨੂੰ ਸ਼ਹਿਰ ਤੋਂ ਥੋੜ੍ਹੀ ਹੀ ਦੂਰ ਮਾਉਲ ਜੇਲ੍ਹ ਨੂੰ ਲੈ ਗਈ। ਉੱਥੇ ਜੇਲ੍ਹ ਦੇ ਹਰ ਕਮਰੇ ਵਿਚ ਇੰਨੀ ਭੀੜ ਸੀ ਕਿ ਕਿਸੇ ਕੋਲ ਫਰਸ਼ ਤੇ ਸੌਣ ਦੀ ਥਾਂ ਨਹੀਂ ਸੀ। ਲੈਟਰੀਨ ਵਾਸਤੇ ਹਰੇਕ ਕਮਰੇ ਵਿਚ ਇਕ ਬਾਲਟੀ ਸੀ। ਖਾਣ ਨੂੰ ਸਿਰਫ਼ ਰੁੱਖੀ-ਮਿੱਸੀ ਰੋਟੀ ਸੀ। ਅਸੀਂ ਦੋ ਹਫ਼ਤੇ ਇਸ ਹਾਲਤ ਵਿਚ ਗੁਜ਼ਾਰੇ ਜਿਸ ਤੋਂ ਬਾਅਦ ਜੇਲ੍ਹ ਦੇ ਅਧਿਕਾਰੀਆਂ ਨੇ ਸੋਚਿਆ ਕਿ ਅਸੀਂ ਕੁਝ ਬੁਰਾ ਤਾਂ ਨਹੀਂ ਕਰਨਾ। ਉਨ੍ਹਾਂ ਸਾਨੂੰ ਜੇਲ੍ਹ ਦੇ ਵਿਹੜੇ ਵਿਚ ਥੋੜ੍ਹਾ-ਬਹੁਤਾ ਘੁੰਮ-ਫਿਰ ਲੈਣ ਦਿੱਤਾ। ਅਸੀਂ ਇੰਨੇ ਸਾਰੇ ਗਵਾਹ ਇਕੱਠੇ ਸੀ ਕਿ ਅਸੀਂ ਇਕ-ਦੂਜੇ ਦਾ ਹੌਸਲਾ ਵਧਾ ਸਕੇ ਤੇ ਜੋ ਕੈਦੀ ਗਵਾਹ ਨਹੀਂ ਸਨ, ਅਸੀਂ ਉਨ੍ਹਾਂ ਨੂੰ ਗਵਾਹੀ ਦੇ ਸਕੇ। ਅਸੀਂ ਬੜੇ ਹੈਰਾਨ ਹੋਏ ਜਦ ਤਿੰਨ ਮਹੀਨਿਆਂ ਦੀ ਕੈਦ ਤੋਂ ਬਾਅਦ ਅਸੀਂ ਰਿਹਾ ਕੀਤੇ ਗਏ। ਪਰ ਇਸ ਤਰ੍ਹਾਂ ਕਿਉਂ ਕੀਤਾ ਗਿਆ ਸੀ? ਕਿਉਂਕਿ ਸੰਸਾਰ ਭਰ ਤੋਂ ਲੋਕਾਂ ਨੇ ਮਲਾਵੀ ਦੀ ਸਰਕਾਰ ਉੱਤੇ ਸਾਨੂੰ ਆਜ਼ਾਦ ਕਰਨ ਲਈ ਜ਼ੋਰ ਪਾਇਆ ਸੀ।

ਪੁਲਸ ਦੇ ਸਿਪਾਹੀਆਂ ਨੇ ਸਾਨੂੰ ਘਰ ਵਾਪਸ ਜਾਣ ਲਈ ਕਿਹਾ, ਪਰ ਉਨ੍ਹਾਂ ਸਾਨੂੰ ਇਹ ਵੀ ਦੱਸਿਆ ਕਿ ਮਲਾਵੀ ਵਿਚ ਯਹੋਵਾਹ ਦੇ ਗਵਾਹਾਂ ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਹ ਪਾਬੰਦੀ 20 ਅਕਤੂਬਰ 1967 ਤੋਂ ਲੈ ਕੇ 12 ਅਗਸਤ 1993 ਤਕ ਰਹੀ। ਇਹ 26 ਸਾਲ ਬੜੀ ਔਖਿਆਈ ਨਾਲ ਗੁਜ਼ਰੇ, ਪਰ ਯਹੋਵਾਹ ਦੀ ਮਦਦ ਨਾਲ ਅਸੀਂ ਸਿਆਸੀ ਮਾਮਲਿਆਂ ਤੋਂ ਦੂਰ ਰਹਿਣ ਵਿਚ ਕਾਮਯਾਬ ਰਹੇ।

ਸ਼ਿਕਾਰੀ ਦੇ ਅੱਗੋਂ ਨੱਸ-ਭੱਜ

ਅਕਤੂਬਰ 1972 ਵਿਚ ਸਰਕਾਰ ਨੇ ਇਕ ਨਵਾਂ ਫ਼ਰਮਾਨ ਜਾਰੀ ਕੀਤਾ ਕਿ ਯਹੋਵਾਹ ਦੇ ਸਾਰੇ ਗਵਾਹਾਂ ਨੂੰ ਉਨ੍ਹਾਂ ਦੀਆਂ ਨੌਕਰੀਆਂ ਤੋਂ ਲਾਹ ਦਿੱਤਾ ਜਾਵੇ ਅਤੇ ਗਵਾਹਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚੋਂ ਭਜਾ ਦਿੱਤਾ ਜਾਵੇ। ਇਸ ਫ਼ਰਮਾਨ ਕਰਕੇ ਮਲਾਵੀ ਵਿਚ ਨਵੇਂ ਸਿਰਿਓਂ ਅਤਿਆਚਾਰ ਹੋਣ ਲੱਗੇ। ਗਵਾਹਾਂ ਦਾ ਜਾਨਵਰਾਂ ਵਾਂਗ ਸ਼ਿਕਾਰ ਹੋਣ ਲੱਗ ਪਿਆ।

ਇਸ ਸਮੇਂ ਇਕ ਨੌਜਵਾਨ ਭਰਾ ਸਾਡੇ ਘਰ ਏਮਾਸ ਲਈ ਇਕ ਜ਼ਰੂਰੀ ਖ਼ਬਰ ਲੈ ਕੇ ਆਇਆ: ‘ਯੂਥ ਲੀਗ ਦੇ ਮੈਂਬਰ ਤੁਹਾਡਾ ਸਿਰ ਵੱਢਣ ਦੀਆਂ ਤਿਆਰੀਆਂ ਕਰ ਰਹੇ ਹਨ। ਉਹ ਤੁਹਾਡੇ ਸਿਰ ਨੂੰ ਇਕ ਖੰਭੇ ਉੱਤੇ ਗੱਡ ਕੇ ਸਰਪੰਚ ਕੋਲ ਲੈ ਜਾਣਾ ਚਾਹੁੰਦੇ ਹਨ।’ ਏਮਾਸ ਨੇ ਫਟਾਫਟ ਘਰੋਂ ਜਾਣ ਦਾ ਇੰਤਜ਼ਾਮ ਕੀਤਾ, ਪਰ ਜਾਣ ਤੋਂ ਪਹਿਲਾਂ ਉਸ ਨੇ ਇਹ ਬੰਦੋਬਸਤ ਵੀ ਕੀਤਾ ਕਿ ਅਸੀਂ ਜਲਦੀ-ਜਲਦੀ ਉਸ ਦੇ ਮਗਰ ਜਾਈਏ। ਤੇਜ਼ੀ ਨਾਲ ਮੈਂ ਬੱਚਿਆਂ ਨੂੰ ਉਸ ਦੇ ਮਗਰ ਘੱਲ ਦਿੱਤਾ। ਫਿਰ ਜਦ ਮੈਂ ਖ਼ੁਦ ਜਾਣ ਹੀ ਵਾਲੀ ਸੀ, ਯੂਥ ਲੀਗ ਦੇ ਦਸ ਨੌਜਵਾਨ ਏਮਾਸ ਨੂੰ ਲੱਭਦੇ ਹੋਏ ਸਾਡੇ ਘਰ ਆ ਵੜੇ। ਅੰਦਰ ਆ ਕੇ ਉਨ੍ਹਾਂ ਦੇਖਿਆ ਕਿ ਏਮਾਸ ਤਾਂ ਉੱਥੇ ਹੈ ਨਹੀਂ ਸੀ। ਗੁੱਸੇ ਵਿਚ ਆ ਕੇ ਉਹ ਮੈਨੂੰ ਬਾਹਰ ਘੜੀਸ ਕੇ ਲੈ ਗਏ ਜਿੱਥੇ ਉਨ੍ਹਾਂ ਮੈਨੂੰ ਗੰਨਿਆਂ ਅਤੇ ਠੁੱਡਿਆਂ ਨਾਲ ਕੁੱਟਿਆ-ਮਾਰਿਆ। ਜਦ ਉਨ੍ਹਾਂ ਨੂੰ ਲੱਗਾ ਕਿ ਮੇਰੀ ਜਾਨ ਗਈ, ਉਹ ਮੈਨੂੰ ਉੱਥੇ ਹੀ ਛੱਡ ਗਏ। ਹੋਸ਼ ਆਉਣ ਤੋਂ ਬਾਅਦ ਮੈਂ ਗੋਡਿਆਂ ਭਾਰ ਰਿੜ੍ਹ ਕੇ ਘਰ ਅੰਦਰ ਆਈ।

ਉਸ ਰਾਤ ਏਮਾਸ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਮੇਰੀ ਭਾਲ ਵਿਚ ਘਰ ਵਾਪਸ ਆਇਆ। ਮੈਨੂੰ ਜ਼ਖ਼ਮੀ ਦੇਖ ਕੇ ਉਹ ਇਕ ਦੋਸਤ ਦੀ ਕਾਰ ਵਿਚ ਮੈਨੂੰ ਇਕ ਭਰਾ ਦੇ ਘਰ ਲਿਲੋਂਗਵੇ ਲੈ ਗਏ। ਮੈਂ ਉੱਥੇ ਉਸ ਸਮੇਂ ਤਕ ਰਹੀ ਜਦ ਤਕ ਮੈਂ ਠੀਕ ਨਹੀਂ ਹੋ ਗਈ। ਫਿਰ ਅਸੀਂ ਮੁਲਕ ਛੱਡਣ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਰਫਿਊਜੀਆਂ ਲਈ ਕੋਈ ਥਾਂ ਨਹੀਂ

ਸਾਡੀ ਲੜਕੀ ਡੀਨੇਸ ਤੇ ਉਸ ਦੇ ਪਤੀ ਕੋਲ ਇਕ ਵੱਡਾ ਟਰੱਕ ਸੀ। ਇਸ ਟਰੱਕ ਦਾ ਡ੍ਰਾਈਵਰ ਪਹਿਲਾਂ ਮਲਾਵੀ ਯੰਗ ਪਾਇਨੀਅਰਜ਼ ਦਾ ਮੈਂਬਰ ਹੁੰਦਾ ਸੀ, ਪਰ ਫਿਰ ਉਸ ਨੇ ਗਵਾਹਾਂ ਤੇ ਤਰਸ ਖਾਣਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ ਕਿ ਉਹ ਸਾਡੀ ਤੇ ਦੂਸਰੇ ਗਵਾਹਾਂ ਦੀ ਮਦਦ ਕਰੇਗਾ। ਉਸ ਨੇ ਯੰਗ ਪਾਇਨੀਅਰਜ਼ ਦੀ ਵਰਦੀ ਪਾ ਕੇ ਟਰੱਕ ਚਲਾਇਆ ਅਤੇ ਉਸ ਨੂੰ ਨਾਕਾਬੰਦੀਆਂ ਤੇ ਕਿਸੇ ਨੇ ਨਹੀਂ ਰੋਕਿਆ। ਕਈ ਸ਼ਾਮ ਉਹ ਗਵਾਹਾਂ ਨੂੰ ਲੁਕ-ਛਿਪ ਕੇ ਟਰੱਕ ਵਿਚ ਬਿਠਾ ਕੇ ਜ਼ੈਂਬੀਆ ਪਹੁੰਚਾਉਂਦਾ ਰਿਹਾ। ਇਸ ਤਰ੍ਹਾਂ ਉਸ ਨੇ ਆਪਣੇ ਆਪ ਨੂੰ ਖ਼ਤਰੇ ਵਿਚ ਪਾ ਕੇ ਸੈਂਕੜਿਆਂ ਗਵਾਹਾਂ ਦੀ ਮਦਦ ਕੀਤੀ।

ਕੁਝ ਮਹੀਨਿਆਂ ਬਾਅਦ ਜ਼ੈਂਬੀਆ ਦੀ ਸਰਕਾਰ ਨੇ ਸਾਨੂੰ ਵਾਪਸ ਮਲਾਵੀ ਭੇਜ ਦਿੱਤਾ, ਪਰ ਸਾਨੂੰ ਆਪਣੇ ਪਿੰਡਾਂ ਵਿਚ ਜਾਣ ਦੀ ਇਜਾਜ਼ਤ ਨਹੀਂ ਸੀ। ਜੋ ਕੁਝ ਅਸੀਂ ਪਿੱਛੇ ਛੱਡ ਗਏ ਸਾਂ, ਉਹ ਹੁਣ ਤਕ ਚੁਰਾ ਲਿਆ ਗਿਆ ਸੀ। ਸਾਡੇ ਘਰ ਦੀ ਛੱਤ ਤੋਂ ਲੋਹੇ ਦੀਆਂ ਚਾਦਰਾਂ ਵੀ ਲਾਹ ਲਈਆਂ ਗਈਆਂ ਸਨ। ਹੋਰ ਕੋਈ ਚਾਰਾ ਨਾ ਦਿਸਣ ਕਰਕੇ ਅਸੀਂ ਮੋਜ਼ਾਮਬੀਕ ਨੂੰ ਨੱਸ ਪਏ ਜਿੱਥੇ ਅਸੀਂ ਮਲਾਂਗੇਨੀ ਕੈਂਪ ਵਿਚ ਢਾਈ ਸਾਲ ਗੁਜ਼ਾਰੇ। ਫਿਰ ਜੂਨ 1975 ਵਿਚ ਮੋਜ਼ਾਮਬੀਕ ਵਿਚ ਇਕ ਨਵੀਂ ਸਰਕਾਰ ਸੱਤਾ ਵਿਚ ਆਈ ਜਿਸ ਨੇ ਸਾਨੂੰ ਵਾਪਸ ਮਲਾਵੀ ਭੇਜ ਦਿੱਤਾ। ਪਰ ਯਹੋਵਾਹ ਦੇ ਗਵਾਹਾਂ ਲਈ ਉੱਥੇ ਅਜੇ ਕੋਈ ਤਬਦੀਲੀ ਨਹੀਂ ਹੋਈ ਸੀ। ਸਾਨੂੰ ਕੋਈ ਰਾਹ ਨਜ਼ਰ ਨਹੀਂ ਸੀ ਆਉਂਦਾ। ਅਸੀਂ ਫਿਰ ਤੋਂ ਜ਼ੈਂਬੀਆ ਨੱਸ ਪਏ। ਉੱਥੇ ਅਸੀਂ ਚੀਗੁਮੁਕੀਰ ਕੈਂਪ ਵਿਚ ਰਹੇ।

ਦੋ ਮਹੀਨਿਆਂ ਬਾਅਦ ਕੈਂਪ ਦੇ ਬਾਹਰ ਸੜਕ ਤੇ ਕਈ ਬੱਸਾਂ ਤੇ ਮਿਲਟਰੀ ਦੇ ਟਰੱਕ ਖੜ੍ਹੇ ਸਨ। ਕਈ ਸੌ ਜ਼ੈਂਬੀਆਈ ਫ਼ੌਜੀ ਬੰਦੂਕਾਂ ਤਾਣ ਕੇ ਕੈਂਪ ਵਿਚ ਦਾਖ਼ਲ ਹੋਏ। ਉਨ੍ਹਾਂ ਸਾਨੂੰ ਕਿਹਾ ਕਿ ਸਾਡੇ ਲਈ ਸੋਹਣੇ-ਸੋਹਣੇ ਘਰ ਬਣਾਏ ਗਏ ਸਨ ਤੇ ਇਹ ਬੱਸਾਂ ਸਾਨੂੰ ਉੱਥੇ ਪਹੁੰਚਾ ਦੇਣਗੀਆਂ। ਪਰ ਸਾਨੂੰ ਪਤਾ ਸੀ ਕਿ ਇਹ ਝੂਠ ਹੈ। ਫ਼ੌਜੀਆਂ ਨੇ ਲੋਕਾਂ ਨੂੰ ਮੱਲੋ-ਮੱਲੀ ਬੱਸਾਂ ਤੇ ਟਰੱਕਾਂ ਵਿਚ ਧੱਕਣਾ ਸ਼ੁਰੂ ਕਰ ਦਿੱਤਾ ਤੇ ਹਰ ਪਾਸੇ ਹਫੜਾ-ਦਫੜੀ ਪੈ ਗਈ। ਫ਼ੌਜੀਆਂ ਨੇ ਹਵਾ ਵਿਚ ਆਪਣੀਆਂ ਆਟੋਮੈਟਿਕ ਰਫਲਾਂ ਚਲਾ ਦਿੱਤੀਆਂ ਅਤੇ ਸਾਡੇ ਹਜ਼ਾਰਾਂ ਹੀ ਭੈਣ-ਭਾਈ ਡਰ ਦੇ ਮਾਰੇ ਇੱਧਰ-ਉੱਧਰ ਨੱਸ ਪਏ।

ਇਸ ਹਫੜਾ-ਦਫੜੀ ਵਿਚ ਏਮਾਸ ਗਿਰ ਪਿਆ ਤੇ ਲੋਕਾਂ ਦੇ ਪੈਰਾਂ ਹੇਠ ਮਿੱਧਿਆ ਗਿਆ। ਇਕ ਭਰਾ ਨੇ ਜਾ ਕੇ ਉਸ ਨੂੰ ਬਚਾ ਲਿਆ। ਅਸੀਂ ਸੋਚਿਆ ਕਿ ਬਾਈਬਲ ਦੀ ਭਵਿੱਖਬਾਣੀ ਅਨੁਸਾਰ ਵੱਡੀ ਬਿਪਤਾ ਸ਼ੁਰੂ ਹੋ ਗਈ ਸੀ। ਸਾਰੇ ਰਫਿਊਜੀ ਮਲਾਵੀ ਵੱਲ ਵਾਪਸ ਭੱਜੇ। ਅਜੇ ਅਸੀਂ ਜ਼ੈਂਬੀਆ ਵਿਚ ਹੀ ਸੀ ਜਦ ਰਾਹ ਵਿਚ ਇਕ ਨਦੀ ਆਈ। ਭਰਾਵਾਂ ਨੇ ਇਕ-ਦੂਜੇ ਦੇ ਹੱਥ ਫੜ ਕੇ ਮਾਨੋ ਇਕ ਪੁਲ ਜਿਹਾ ਬਣਾਇਆ ਤੇ ਇਕ-ਦੂਜੇ ਨੂੰ ਦੂਸਰੇ ਪਾਸੇ ਪਾਰ ਕਰਵਾਇਆ। ਦੂਜੇ ਪਾਸੇ ਜ਼ੈਂਬੀਆਈ ਫ਼ੌਜੀਆਂ ਨੇ ਸਾਨੂੰ ਇਕੱਠੇ ਕਰ ਕੇ ਜ਼ਬਰਦਸਤੀ ਮਲਾਵੀ ਵਾਪਸ ਪਹੁੰਚਾ ਦਿੱਤਾ।

ਮਲਾਵੀ ਪਹੁੰਚ ਕੇ ਸਾਨੂੰ ਇਹ ਨਹੀਂ ਪਤਾ ਲੱਗਦਾ ਸੀ ਕਿ ਅਸੀਂ ਕਿੱਥੇ ਜਾਈਏ। ਅਸੀਂ ਜਾਣ ਗਏ ਸਾਂ ਕਿ ਸਿਆਸੀ ਇਕੱਠਾਂ ਤੇ ਅਖ਼ਬਾਰਾਂ ਦੇ ਜ਼ਰੀਏ ਲੋਕਾਂ ਨੂੰ ਖ਼ਬਰਦਾਰ ਕੀਤਾ ਜਾ ਰਿਹਾ ਸੀ ਕਿ ਉਹ ਆਪਣਿਆਂ ਪਿੰਡਾਂ ਵਿਚ ਨਵੇਂ ਲੋਕਾਂ ਦੀ ਭਾਲ ਵਿਚ ਰਹਿਣ। ਉਨ੍ਹਾਂ ਦਾ ਮਤਲਬ ਸੀ ਕਿ ਲੋਕ ਧਿਆਨ ਦੇਣ ਕਿ ਯਹੋਵਾਹ ਦੇ ਗਵਾਹ ਤਾਂ ਨਹੀਂ ਉਨ੍ਹਾਂ ਦੇ ਇਲਾਕੇ ਵਿਚ ਆ ਗਏ। ਇਸ ਕਰਕੇ ਅਸੀਂ ਸੋਚਿਆ ਕਿ ਪਿੰਡ ਜਾਣ ਦੀ ਬਜਾਇ ਅਸੀਂ ਰਾਜਧਾਨੀ ਨੂੰ ਜਾਵਾਂਗੇ ਜਿੱਥੇ ਸਾਡੇ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਵੇਗਾ। ਉੱਥੇ ਅਸੀਂ ਇਕ ਛੋਟਾ ਜਿਹਾ ਘਰ ਵੀ ਕਰਾਏ ਤੇ ਲੈ ਸਕੇ ਅਤੇ ਏਮਾਸ ਨੇ ਫਿਰ ਤੋਂ ਸਫ਼ਰੀ ਨਿਗਾਹਬਾਨ ਦੇ ਤੌਰ ਤੇ ਕਲੀਸਿਯਾਵਾਂ ਨੂੰ ਜਾਣਾ ਸ਼ੁਰੂ ਕਰ ਦਿੱਤਾ।

ਮੀਟਿੰਗਾਂ ਤੋਂ ਮਦਦ

ਇਨ੍ਹਾਂ ਮੁਸ਼ਕਲ ਸਮਿਆਂ ਵਿਚ ਅਸੀਂ ਵਫ਼ਾਦਾਰ ਕਿਵੇਂ ਰਹਿ ਸਕੇ? ਕਲੀਸਿਯਾ ਦੀਆਂ ਮੀਟਿੰਗਾਂ ਦੇ ਜ਼ਰੀਏ! ਮੋਜ਼ਾਮਬੀਕ ਤੇ ਜ਼ੈਂਬੀਆ ਦੇ ਰਫਿਊਜੀ ਕੈਂਪਾਂ ਵਿਚ ਅਸੀਂ ਤਾਂ ਖੁੱਲ੍ਹੇ-ਆਮ ਘਾਹ-ਫੂਸ ਦੀਆਂ ਛੱਤਾਂ ਵਾਲੇ ਕਿੰਗਡਮ ਹਾਲਾਂ ਵਿਚ ਜਾ ਸਕਦੇ ਸੀ। ਪਰ ਮਲਾਵੀ ਵਿਚ ਮੀਟਿੰਗ ਤੇ ਜਾਣਾ ਸਿਰਫ਼ ਔਖਾ ਹੀ ਨਹੀਂ ਸੀ, ਪਰ ਖ਼ਤਰਨਾਕ ਵੀ। ਫਿਰ ਵੀ ਸਾਨੂੰ ਮੀਟਿੰਗਾਂ ਜਾਣ ਦਾ ਫ਼ਾਇਦਾ ਬਹੁਤ ਹੁੰਦਾ ਸੀ। ਪਕੜੇ ਜਾਣ ਦੇ ਡਰ ਕਾਰਨ ਅਸੀਂ ਆਮ ਤੌਰ ਤੇ ਰਾਤ ਨੂੰ ਦੂਰ-ਦੂਰੇਡੀਆਂ ਥਾਵਾਂ ਤੇ ਮੀਟਿੰਗਾਂ ਲਗਾਉਂਦੇ ਸੀ। ਅਸੀਂ ਨਹੀਂ ਸੀ ਚਾਹੁੰਦੇ ਕਿ ਕਿਸੇ ਨੂੰ ਪਤਾ ਲੱਗੇ ਕਿ ਮੀਟਿੰਗ ਹੋ ਰਹੀ ਹੈ, ਇਸ ਕਰਕੇ ਭਾਸ਼ਣ ਸੁਣਨ ਤੋਂ ਬਾਅਦ ਅਸੀਂ ਤਾਲੀਆਂ ਵਜਾਉਣ ਦੀ ਬਜਾਇ ਹੱਥ ਮਲਦੇ ਸਾਂ।

ਬਪਤਿਸਮੇ ਵੀ ਰਾਤ ਨੂੰ ਕੀਤੇ ਜਾਂਦੇ ਸਨ। ਸਾਡੇ ਲੜਕੇ ਆਬੀਯੁਡ ਨੇ ਵੀ ਇਸੇ ਤਰ੍ਹਾਂ ਲੁਕ-ਛਿਪ ਕੇ ਬਪਤਿਸਮਾ ਲਿਆ ਸੀ। ਭਾਸ਼ਣ ਤੋਂ ਬਾਅਦ ਉਹ ਬਪਤਿਸਮੇ ਦੇ ਬਾਕੀ ਉਮੀਦਵਾਰਾਂ ਨਾਲ ਹਨੇਰੇ ਵਿਚ ਇਕ ਡੂੰਘੇ ਟੋਏ ਵੱਲ ਤੁਰ ਪਿਆ ਜਿੱਥੇ ਉਨ੍ਹਾਂ ਸਾਰਿਆਂ ਨੇ ਬਪਤਿਸਮਾ ਲਿਆ।

ਸਾਡਾ ਘਰ ਪਨਾਹ ਦੀ ਜਗ੍ਹਾ

ਸਾਡੇ ਕੰਮ ਤੇ ਸਰਕਾਰ ਦੀ ਪਾਬੰਦੀ ਦੇ ਆਖ਼ਰੀ ਸਾਲਾਂ ਦੌਰਾਨ ਲਿਲੋਂਗਵੇ ਵਿਚ ਸਾਡਾ ਘਰ ਪਨਾਹ ਦੀ ਜਗ੍ਹਾ ਬਣ ਗਿਆ ਜਿੱਥੇ ਜ਼ੈਂਬੀਆ ਦੇ ਸ਼ਾਖਾ ਦਫ਼ਤਰ ਤੋਂ ਬਾਈਬਲ ਦਾ ਸਾਹਿੱਤ ਤੇ ਚਿੱਠੀ-ਪੱਤਰ ਚੋਰੀ-ਛਿਪੇ ਪਹੁੰਚਾਏ ਜਾਂਦੇ ਸਨ। ਭਰਾ ਸਾਈਕਲਾਂ ਤੇ ਆ ਕੇ ਸਾਹਿੱਤ ਨੂੰ ਮਲਾਵੀ ਦੇ ਹਰ ਕੋਨੇ ਤਕ ਪਹੁੰਚਾ ਦਿੰਦੇ ਸਨ। ਪਹਿਰਾਬੁਰਜ ਦੇ ਰਸਾਲੇ ਕਾਫ਼ੀ ਹਲਕੇ ਸਨ ਕਿਉਂਕਿ ਉਹ ਬਾਰੀਕ ਕਾਗਜ਼ ਤੇ ਛਾਪੇ ਹੋਏ ਹੁੰਦੇ ਸਨ ਜਿਸ ਕਰਕੇ ਸਾਈਕਲ ਚਲਾਉਣ ਵਾਲੇ ਭਰਾ ਦੁਗਣੇ ਰਸਾਲੇ ਲੈ ਜਾ ਸਕਦੇ ਸਨ। ਇਹ ਭਰਾ ਪਹਿਰਾਬੁਰਜ ਦੇ ਛੋਟੇ ਰਸਾਲੇ ਵੀ ਵੰਡਦੇ ਸਨ ਜਿਨ੍ਹਾਂ ਵਿਚ ਸਿਰਫ਼ ਸਟੱਡੀ ਕਰਨ ਵਾਲੇ ਲੇਖ ਹੁੰਦੇ ਸਨ। ਇਹ ਛੋਟੇ ਰਸਾਲੇ ਸਿਰਫ਼ ਇੱਕੋ ਸਫ਼ੇ ਉੱਤੇ ਛਾਪੇ ਹੁੰਦੇ ਸਨ ਤੇ ਭਰਾ ਇਨ੍ਹਾਂ ਨੂੰ ਆਪਣੀ ਕਮੀਜ਼ ਦੀ ਜੇਬ ਵਿਚ ਛੁਪਾ ਸਕਦੇ ਸਨ।

ਇਨ੍ਹਾਂ ਭਰਾਵਾਂ ਨੇ ਜੰਗਲ ਵਿਚ ਦੀ ਰਾਤੋ-ਰਾਤ ਸਾਹਿੱਤ ਨਾਲ ਲੱਦੇ ਹੋਏ ਸਾਈਕਲ ਚਲਾ ਕੇ ਆਪਣੀਆਂ ਜਾਨਾਂ ਖ਼ਤਰੇ ਵਿਚ ਪਾਈਆਂ। ਪੁਲਸ ਦੀਆਂ ਨਾਕਾਬੰਦੀਆਂ ਜਾਂ ਹੋਰ ਕਿਸੇ ਜੋਖੋਂ ਦੇ ਬਾਵਜੂਦ, ਇਨ੍ਹਾਂ ਭਰਾਵਾਂ ਨੇ ਹਰ ਮੌਸਮ ਵਿਚ ਆਪਣੇ ਭੈਣਾਂ-ਭਰਾਵਾਂ ਤਕ ਰੂਹਾਨੀ ਭੋਜਨ ਪਹੁੰਚਾਇਆ। ਸਾਡੇ ਇਹ ਭਰਾ ਕਿੰਨੇ ਹਿੰਮਤੀ ਸਨ!

ਯਹੋਵਾਹ ਵਿਧਵਾਵਾਂ ਦੀ ਦੇਖ-ਭਾਲ ਕਰਦਾ ਹੈ

ਦਸੰਬਰ 1992 ਵਿਚ ਏਮਾਸ ਸਰਕਟ ਨਿਗਾਹਬਾਨ ਵਜੋਂ ਇਕ ਭਾਸ਼ਣ ਦੇ ਰਿਹਾ ਸੀ ਜਦ ਉਸ ਨੂੰ ਇਕ ਦੌਰਾ ਪਿਆ। ਬਾਅਦ ਵਿਚ ਉਹ ਬੋਲ ਨਹੀਂ ਸਕਦਾ ਸੀ। ਕੁਝ ਸਮੇਂ ਬਾਅਦ ਉਸ ਨੂੰ ਦੂਜਾ ਦੌਰਾ ਪਿਆ ਤੇ ਉਸ ਦਾ ਇਕ ਪਾਸਾ ਰਹਿ ਗਿਆ। ਉਸ ਦੀ ਮਾੜੀ ਸਿਹਤ ਕਾਰਨ ਸਾਨੂੰ ਹੋਰ ਤੰਗੀਆਂ ਸਹਿਣੀਆਂ ਪਈਆਂ, ਪਰ ਭੈਣਾਂ-ਭਰਾਵਾਂ ਦੇ ਪਿਆਰ ਨੇ ਮੇਰੀ ਸਾਰੀ ਮਾਯੂਸੀ ਖ਼ਤਮ ਕਰ ਦਿੱਤੀ। ਮੈਂ ਆਪਣੇ ਪਤੀ ਦੀ ਦੇਖ-ਭਾਲ ਆਪਣੇ ਘਰ ਵਿਚ ਆਪ ਕਰ ਸਕੀ, ਪਰ ਫਿਰ ਨਵੰਬਰ 1994 ਵਿਚ ਏਮਾਸ ਪੂਰਾ ਹੋ ਗਿਆ। ਏਮਾਸ ਨੇ ਆਪਣੀ ਮੌਤ ਤੋਂ ਪਹਿਲਾਂ ਮਲਾਵੀ ਵਿਚ ਯਹੋਵਾਹ ਦੇ ਗਵਾਹਾਂ ਤੋਂ ਪਾਬੰਦੀ ਹਟਾਈ ਗਈ ਦੇਖੀ। ਉਸ ਦੀ ਉਮਰ 76 ਸਾਲਾਂ ਦੀ ਸੀ ਤੇ ਸਾਡੇ ਵਿਆਹ ਹੋਏ ਨੂੰ 57 ਸਾਲ ਹੋਏ ਸਨ। ਮੈਨੂੰ ਅਜੇ ਵੀ ਆਪਣੇ ਵਫ਼ਾਦਾਰ ਸਾਥੀ ਦੇ ਵਿਛੋੜੇ ਦਾ ਬਹੁਤ ਦੁੱਖ ਹੁੰਦਾ ਹੈ।

ਮੇਰੇ ਵਿਧਵਾ ਹੋਣ ਤੋਂ ਬਾਅਦ ਮੇਰਾ ਜਵਾਈ ਮੈਨੂੰ ਆਪਣੇ ਘਰ ਲੈ ਗਿਆ ਅਤੇ ਉਸ ਨੇ ਆਪਣੀ ਪਤਨੀ ਤੇ ਪੰਜ ਬੱਚਿਆਂ ਦੇ ਨਾਲ-ਨਾਲ ਮੇਰੀ ਵੀ ਦੇਖ-ਭਾਲ ਕੀਤੀ। ਅਫ਼ਸੋਸ ਦੀ ਗੱਲ ਹੈ ਕਿ ਅਗਸਤ 2000 ਵਿਚ ਕੁਝ ਸਮੇਂ ਬੀਮਾਰ ਹੋਣ ਤੋਂ ਬਾਅਦ ਉਹ ਵੀ ਦਮ ਤੋੜ ਗਿਆ। ਮੇਰੀ ਧੀ ਨੇ ਸਾਡੇ ਸਾਰਿਆਂ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਨਾ ਸੀ? ਮੈਨੂੰ ਫਿਰ ਤੋਂ ਯਕੀਨ ਹੋਇਆ ਕਿ ਯਹੋਵਾਹ “ਯਤੀਮਾਂ ਦਾ ਪਿਤਾ ਅਤੇ ਵਿਧਵਾਂ ਦਾ ਨਿਆਉਂ ਕਰਨ ਵਾਲਾ” ਹੈ। (ਜ਼ਬੂਰਾਂ ਦੀ ਪੋਥੀ 68:5) ਉਸ ਸਾਨੂੰ ਆਪਣੇ ਸੇਵਕਾਂ ਦੇ ਜ਼ਰੀਏ ਇਕ ਬਹੁਤ ਹੀ ਸੋਹਣੇ ਘਰ ਨਾਲ ਬਖ਼ਸ਼ਿਆ। ਇਹ ਕਿਸ ਤਰ੍ਹਾਂ ਹੋਇਆ? ਜਦੋਂ ਸਾਡੀ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਸਾਡੀ ਹਾਲਤ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੇ ਕੁਝ ਹੀ ਹਫ਼ਤਿਆਂ ਵਿਚ ਸਾਡੇ ਲਈ ਇਕ ਨਵਾਂ ਘਰ ਬਣਾ ਦਿੱਤਾ। ਹੋਰਨਾਂ ਕਲੀਸਿਯਾਵਾਂ ਤੋਂ ਰਾਜਗੀਰੀ ਦਾ ਕੰਮ ਜਾਣਨ ਵਾਲੇ ਭਰਾ ਵੀ ਹੱਥ ਵਟਾਉਣ ਆਏ। ਸਾਨੂੰ ਯਕੀਨ ਨਹੀਂ ਸੀ ਹੁੰਦਾ ਕਿ ਇੰਨੇ ਸਾਰੇ ਭਰਾਵਾਂ ਨੇ ਪਿਆਰ ਨਾਲ ਸਾਡੇ ਲਈ ਘਰ ਬਣਾਇਆ। ਇਹ ਘਰ ਉਨ੍ਹਾਂ ਦੇ ਆਪਣੇ ਘਰਾਂ ਨਾਲੋਂ ਵੀ ਵਧੀਆ ਹੈ। ਆਂਢ-ਗੁਆਂਢ ਦੇ ਲੋਕਾਂ ਨੂੰ ਵੀ ਅਜਿਹਾ ਪਿਆਰ ਦੇਖ ਕੇ ਸੋਹਣੀ ਗਵਾਹੀ ਮਿਲੀ ਕਿ ਯਹੋਵਾਹ ਦੇ ਗਵਾਹ ਪਿਆਰ ਬਾਰੇ ਗੱਲ ਹੀ ਨਹੀਂ ਕਰਦੇ, ਪਰ ਇਕ-ਦੂਜੇ ਨਾਲ ਪਿਆਰ ਕਰਦੇ ਵੀ ਹਨ। ਹੁਣ ਜਦ ਮੈਂ ਰਾਤ ਨੂੰ ਸੌਣ ਜਾਂਦੀ ਹਾਂ, ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਫਿਰਦੌਸ ਵਿਚ ਪਹੁੰਚ ਗਈ ਹਾਂ! ਜੀ ਹਾਂ, ਸਾਡਾ ਬਹੁਤ ਹੀ ਸੋਹਣਾ ਘਰ ਇੱਟਾਂ ਦਾ ਬਣਿਆ ਜ਼ਰੂਰ ਹੈ, ਪਰ ਬਹੁਤ ਸਾਰੇ ਕਹਿੰਦੇ ਹਨ ਕਿ ਇਹ ਅਸਲ ਵਿਚ ਪਿਆਰ ਦਾ ਬਣਿਆ ਹੋਇਆ ਹੈ।—ਗਲਾਤੀਆਂ 6:10.

ਯਹੋਵਾਹ ਅਜੇ ਵੀ ਸਾਡੀ ਦੇਖ-ਭਾਲ ਕਰਦਾ ਹੈ

ਭਾਵੇਂ ਮੇਰੀ ਜ਼ਿੰਦਗੀ ਵਿਚ ਵੱਡੇ-ਵੱਡੇ ਤੂਫ਼ਾਨ ਵੀ ਆਏ ਹਨ, ਪਰ ਮੈਂ ਜਾਣ ਗਈ ਹਾਂ ਕਿ ਯਹੋਵਾਹ ਮੈਨੂੰ ਕਦੇ ਭੁੱਲਿਆ ਨਹੀਂ ਹੈ। ਮੇਰੇ ਨੌਂ ਬੱਚਿਆਂ ਵਿੱਚੋਂ ਸੱਤ ਜ਼ਿੰਦਾ ਹਨ ਅਤੇ ਮੇਰੇ ਪਰਿਵਾਰ ਦੇ ਹੁਣ 123 ਜੀਅ ਹਨ। ਮੈਂ ਕਿੰਨੀ ਖ਼ੁਸ਼ ਹਾਂ ਕਿ ਇਹ ਤਕਰੀਬਨ ਸਾਰੇ ਯਹੋਵਾਹ ਦੀ ਸੇਵਾ ਕਰ ਰਹੇ ਹਨ!

ਹੁਣ ਮੇਰੀ ਉਮਰ 82 ਸਾਲ ਹੈ ਅਤੇ ਮੇਰਾ ਦਿਲ ਖ਼ੁਸ਼ੀ ਨਾਲ ਭਰ ਜਾਂਦਾ ਹੈ ਜਦ ਮੈਂ ਸੋਚਦੀ ਹਾਂ ਕਿ ਯਹੋਵਾਹ ਦੀ ਆਤਮਾ ਨੇ ਮਲਾਵੀ ਵਿਚ ਕੀ-ਕੀ ਕਰ ਵਿਖਾਇਆ ਹੈ। ਸਿਰਫ਼ ਪਿੱਛਲੇ ਚਾਰ ਸਾਲਾਂ ਵਿਚ ਹੀ ਮੈਂ ਇਕ ਕਿੰਗਡਮ ਹਾਲ ਦੀ ਥਾਂ 600 ਦੇਖੇ ਹਨ। ਹੁਣ ਲਿਲੋਂਗਵੇ ਵਿਚ ਸਾਡਾ ਆਪਣਾ ਸ਼ਾਖਾ ਦਫ਼ਤਰ ਹੈ ਅਤੇ ਰੂਹਾਨੀ ਭੋਜਨ ਮਿਲਣ ਵਿਚ ਸਾਨੂੰ ਕੋਈ ਰੁਕਾਵਟ ਨਹੀਂ ਮਹਿਸੂਸ ਹੁੰਦੀ। ਮੈਂ ਸੱਚ-ਸੱਚ ਕਹਿ ਸਕਦੀ ਹਾਂ ਕਿ ਮੈਂ ਯਸਾਯਾਹ 54:17 ਵਿਚ ਪਰਮੇਸ਼ੁਰ ਦੇ ਵਾਅਦੇ ਦੀ ਪੂਰਤੀ ਦੇਖੀ ਹੈ ਜਿੱਥੇ ਉਹ ਸਾਨੂੰ ਹੌਸਲਾ ਦਿੰਦਾ ਹੈ ਕਿ “ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ।” ਯਹੋਵਾਹ ਦੀ ਸੇਵਾ ਵਿਚ 50 ਸਾਲ ਬਿਤਾਉਣ ਤੋਂ ਬਾਅਦ ਮੈਂ ਪੂਰੇ ਯਕੀਨ ਨਾਲ ਕਹਿ ਸਕਦੀ ਹਾਂ ਕਿ ਜਦੋਂ ਵੀ ਸਾਡੇ ਤੇ ਦੁੱਖ ਦੀਆਂ ਘੜੀਆਂ ਆਉਂਦੀਆਂ ਹਨ, ਤਾਂ ਯਹੋਵਾਹ ਹਮੇਸ਼ਾ ਸਾਡੀ ਦੇਖ-ਭਾਲ ਕਰਦਾ ਹੈ।

[ਸਫ਼ੇ 24 ਉੱਤੇ ਤਸਵੀਰ]

ਮੇਰੇ ਪਤੀ ਏਮਾਸ ਨੇ ਅਪ੍ਰੈਲ 1951 ਵਿਚ ਬਪਤਿਸਮਾ ਲਿਆ ਸੀ

[ਸਫ਼ੇ 26 ਉੱਤੇ ਤਸਵੀਰ]

ਸਾਈਕਲ ਚਲਾਉਣ ਵਾਲੇ ਹਿੰਮਤੀ ਭਰਾ

[ਸਫ਼ੇ 28 ਉੱਤੇ ਤਸਵੀਰ]

ਪਿਆਰ ਨਾਲ ਬਣਾਇਆ ਗਿਆ ਘਰ

[ਫੁਟਨੋਟ]

^ ਪੈਰਾ 17 ਮਲਾਵੀ ਵਿਚ ਯਹੋਵਾਹ ਦੇ ਗਵਾਹਾਂ ਬਾਰੇ ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੀ 1999 ਯੀਅਰ ਬੁੱਕ (ਅੰਗ੍ਰੇਜ਼ੀ) ਦੇ 149-223 ਸਫ਼ੇ ਦੇਖੋ। ਇਹ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।