Skip to content

Skip to table of contents

ਸਭਾ ਵਿਚ ਯਹੋਵਾਹ ਦੀ ਉਸਤਤ ਕਰੋ

ਸਭਾ ਵਿਚ ਯਹੋਵਾਹ ਦੀ ਉਸਤਤ ਕਰੋ

ਸਭਾ ਵਿਚ ਯਹੋਵਾਹ ਦੀ ਉਸਤਤ ਕਰੋ

ਮਸੀਹੀ ਸਭਾਵਾਂ ਸਾਨੂੰ ਰੂਹਾਨੀ ਤੌਰ ਤੇ ਤਕੜੇ ਰੱਖਣ ਲਈ ਯਹੋਵਾਹ ਵੱਲੋਂ ਕੀਤਾ ਗਿਆ ਪ੍ਰਬੰਧ ਹੈ। ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋਣ ਨਾਲ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੇ ਪ੍ਰਬੰਧਾਂ ਦੀ ਕਦਰ ਕਰਦੇ ਹਾਂ। ਇਸ ਦੇ ਨਾਲ-ਨਾਲ ਸਾਨੂੰ ਆਪਣੇ ਭਰਾਵਾਂ ਨੂੰ “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ” ਦਾ ਮੌਕਾ ਮਿਲਦਾ ਹੈ ਅਤੇ ਇਹ ਦਿਖਾਉਣ ਦਾ ਵਧੀਆ ਤਰੀਕਾ ਹੈ ਕਿ ਅਸੀਂ ਇਕ-ਦੂਜੇ ਨੂੰ ਪਿਆਰ ਕਰਦੇ ਹਾਂ। (ਇਬਰਾਨੀਆਂ 10:24; ਯੂਹੰਨਾ 13:35) ਤਾਂ ਫਿਰ ਅਸੀਂ ਮਸੀਹੀ ਸਭਾਵਾਂ ਵਿਚ ਆਪਣੇ ਭਰਾਵਾਂ ਦਾ ਹੌਸਲਾ ਕਿਵੇਂ ਵਧਾ ਸਕਦੇ ਹਾਂ?

ਸਾਰਿਆਂ ਸਾਮ੍ਹਣੇ ਆਪਣੀ ਨਿਹਚਾ ਪ੍ਰਗਟ ਕਰੋ

ਰਾਜਾ ਦਾਊਦ ਨੇ ਆਪਣੇ ਬਾਰੇ ਲਿਖਿਆ: “ਮੈਂ ਆਪਣਿਆਂ ਭਾਈਆਂ ਨੂੰ ਤੇਰਾ ਨਾਮ ਸੁਣਾਵਾਂਗਾ, ਅਤੇ ਸਭਾ ਵਿੱਚ ਤੇਰੀ ਉਸਤਤ ਕਰਾਂਗਾ। ਮਹਾਂ ਸਭਾ ਵਿੱਚ ਮੇਰਾ ਉਸਤਤ ਕਰਨਾ ਤੇਰੀ ਵੱਲੋਂ ਹੁੰਦਾ ਹੈ।” “ਮੈਂ ਮਹਾ ਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ, ਬਹੁਤਿਆਂ ਲੋਕਾਂ ਵਿੱਚ ਮੈਂ ਤੇਰੀ ਉਸਤਤ ਕਰਾਂਗਾ।” “ਮੈਂ ਮਹਾ ਸਭਾ ਵਿੱਚ ਧਰਮ ਦੀ ਖੁਸ਼ ਖਬਰੀ ਦਾ ਪਰਚਾਰ ਕੀਤਾ ਹੈ,—ਵੇਖ, ਮੈਂ ਆਪਣੇ ਬੁੱਲ੍ਹਾਂ ਨੂੰ ਨਹੀਂ ਰੋਕਾਂਗਾ।”—ਜ਼ਬੂਰਾਂ ਦੀ ਪੋਥੀ 22:22, 25; 35:18; 40:9.

ਇਸੇ ਤਰ੍ਹਾਂ ਪੌਲੁਸ ਰਸੂਲ ਦੇ ਦਿਨਾਂ ਵਿਚ ਜਦੋਂ ਮਸੀਹੀ ਲੋਕ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਇਕੱਠੇ ਹੁੰਦੇ ਸਨ, ਤਾਂ ਉਹ ਵੀ ਯਹੋਵਾਹ ਦੀ ਮਹਿਮਾ ਕਰਦੇ ਅਤੇ ਉਸ ਵਿਚ ਆਪਣੀ ਨਿਹਚਾ ਪ੍ਰਗਟ ਕਰਦੇ ਸਨ। ਇਸ ਤਰ੍ਹਾਂ ਉਨ੍ਹਾਂ ਨੇ ਇਕ-ਦੂਜੇ ਨੂੰ ਪ੍ਰੇਮ ਅਤੇ ਸ਼ੁਭ ਕਰਮਾਂ ਲਈ ਉਭਾਰਿਆ। ਦਾਊਦ ਤੇ ਪੌਲੁਸ ਦੇ ਦਿਨਾਂ ਤੋਂ ਕਈ ਸਦੀਆਂ ਬਾਅਦ, ਅੱਜ ਅਸੀਂ ਸੱਚ-ਮੁੱਚ ‘ਵੇਖਦੇ ਹਾਂ ਭਈ ਯਹੋਵਾਹ ਦਾ ਦਿਨ ਨੇੜੇ ਆਉਂਦਾ’ ਜਾ ਰਿਹਾ ਹੈ। (ਇਬਰਾਨੀਆਂ 10:24, 25) ਸ਼ਤਾਨ ਦੀ ਦੁਸ਼ਟ ਦੁਨੀਆਂ ਦਾ ਨਾਸ਼ ਵੀ ਨੇੜੇ ਹੈ ਅਤੇ ਦੁੱਖਾਂ-ਤਕਲੀਫ਼ਾਂ ਵਧਦੀਆਂ ਜਾ ਰਹੀਆਂ ਹਨ। ਇਸ ਲਈ, ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅੱਜ ਸਾਨੂੰ “ਧੀਰਜ ਕਰਨ ਦੀ ਲੋੜ ਹੈ।” (ਇਬਰਾਨੀਆਂ 10:36) ਇਸ ਔਖੇ ਸਮੇਂ ਵਿਚ ਸਾਡਾ ਸਾਥ ਕੌਣ ਦੇਵੇਗਾ? ਸਿਰਫ਼ ਸਾਡੇ ਮਸੀਹੀ ਭੈਣ-ਭਰਾ। ਜੀ ਹਾਂ, ਉਹੀ ਸਾਨੂੰ ਧੀਰਜ ਰੱਖਣ ਲਈ ਹੌਸਲਾ ਦੇ ਸਕਦੇ ਹਨ।

ਪੁਰਾਣੇ ਸਮਿਆਂ ਦੀ ਤਰ੍ਹਾਂ, ਅੱਜ ਵੀ ਮਸੀਹੀ ਭੈਣ-ਭਰਾ “ਸਭਾ ਵਿੱਚ” ਆਪਣੀ ਨਿਹਚਾ ਪ੍ਰਗਟ ਕਰ ਸਕਦੇ ਹਨ। ਜਦੋਂ ਸਭਾਵਾਂ ਵਿਚ ਹਾਜ਼ਰੀਨਾਂ ਨੂੰ ਸਵਾਲ ਪੁੱਛੇ ਜਾਂਦੇ ਹਨ, ਤਾਂ ਸਾਰਿਆਂ ਨੂੰ ਟਿੱਪਣੀਆਂ ਕਰਨ ਦਾ ਮੌਕਾ ਮਿਲਦਾ ਹੈ। ਕੀ ਸਾਡੀਆਂ ਟਿੱਪਣੀਆਂ ਤੋਂ ਦੂਸਰਿਆਂ ਨੂੰ ਕੋਈ ਫ਼ਾਇਦਾ ਹੁੰਦਾ ਹੈ? ਜ਼ਰੂਰ ਹੁੰਦਾ ਹੈ! ਮਿਸਾਲ ਵਜੋਂ, ਜਦੋਂ ਅਸੀਂ ਟਿੱਪਣੀ ਕਰਦੇ ਹਾਂ ਕਿ ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰ ਕੇ ਅਸੀਂ ਸਮੱਸਿਆਵਾਂ ਤੋਂ ਕਿਵੇਂ ਬਚ ਸਕਦੇ ਹਾਂ ਜਾਂ ਉਨ੍ਹਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ, ਤਾਂ ਇਸ ਨਾਲ ਦੂਸਰੇ ਭੈਣਾਂ-ਭਰਾਵਾਂ ਨੂੰ ਬਾਈਬਲ ਦੇ ਸਿਧਾਂਤ ਲਾਗੂ ਕਰਨ ਲਈ ਹੌਸਲਾ ਮਿਲੇਗਾ। ਕਦੀ-ਕਦੀ ਸਾਡੀਆਂ ਕਿਤਾਬਾਂ ਵਿਚ ਬਾਈਬਲ ਦੇ ਹਵਾਲਿਆਂ ਦਾ ਸਿਰਫ਼ ਜ਼ਿਕਰ ਕੀਤਾ ਜਾਂਦਾ ਹੈ, ਪਰ ਅਸੀਂ ਆਪਣੀਆਂ ਟਿੱਪਣੀਆਂ ਵਿਚ ਇਨ੍ਹਾਂ ਨੂੰ ਸਮਝਾ ਸਕਦੇ ਹਾਂ। ਜਾਂ ਹੋ ਸਕਦਾ ਹੈ ਕਿ ਅਸੀਂ ਨਿੱਜੀ ਅਧਿਐਨ ਕਰਨ ਦੁਆਰਾ ਕੋਈ ਵਧੀਆ ਗੱਲ ਸਿੱਖੀ ਹੈ ਜੋ ਅਸੀਂ ਕਲੀਸਿਯਾ ਨਾਲ ਸਾਂਝੀ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਦੂਸਰਿਆਂ ਨੂੰ ਵੀ ਡੂੰਘਾ ਅਧਿਐਨ ਕਰਨ ਲਈ ਪ੍ਰੇਰਿਤ ਕਰਾਂਗੇ।

ਜੇ ਅਸੀਂ ਟਿੱਪਣੀ ਕਰਨ ਤੋਂ ਸੰਗਦੇ ਹਾਂ ਜਾਂ ਡਰਦੇ ਹਾਂ, ਤਾਂ ਅਸੀਂ ਇਹ ਯਾਦ ਰੱਖ ਕੇ ਆਪਣੇ ਡਰ ਉੱਤੇ ਕਾਬੂ ਪਾ ਸਕਦੇ ਹਾਂ ਕਿ ਟਿੱਪਣੀਆਂ ਕਰਨ ਨਾਲ ਸਾਨੂੰ ਅਤੇ ਦੂਸਰਿਆਂ ਨੂੰ ਫ਼ਾਇਦਾ ਹੋਵੇਗਾ। ਖ਼ਾਸ ਕਰਕੇ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਲਈ ਸਭਾਵਾਂ ਵਿਚ ਟਿੱਪਣੀਆਂ ਕਰਨੀਆਂ ਜ਼ਰੂਰੀ ਹਨ। ਇਨ੍ਹਾਂ ਭਰਾਵਾਂ ਤੋਂ ਆਸ ਰੱਖੀ ਜਾਂਦੀ ਹੈ ਕਿ ਮੀਟਿੰਗਾਂ ਵਿਚ ਹਾਜ਼ਰ ਹੋਣ ਦੇ ਨਾਲ-ਨਾਲ ਉਹ ਇਨ੍ਹਾਂ ਵਿਚ ਹਿੱਸਾ ਲੈਣ ਵਿਚ ਵੀ ਚੰਗੀ ਮਿਸਾਲ ਕਾਇਮ ਕਰਨਗੇ। ਪਰ ਜੇ ਸਾਨੂੰ ਮੀਟਿੰਗਾਂ ਵਿਚ ਟਿੱਪਣੀਆਂ ਕਰਨੀਆਂ ਮੁਸ਼ਕਲ ਲੱਗਦੀਆਂ ਹਨ, ਤਾਂ ਅਸੀਂ ਇਸ ਬਾਰੇ ਕੀ ਕਰ ਸਕਦੇ ਹਾਂ?

ਟਿੱਪਣੀਆਂ ਕਰਨ ਵਿਚ ਮਦਦ

ਯਾਦ ਰੱਖੋ ਕਿ ਟਿੱਪਣੀਆਂ ਕਰਨੀਆਂ ਸਾਡੀ ਭਗਤੀ ਦਾ ਇਕ ਹਿੱਸਾ ਹੈ। ਜਰਮਨੀ ਤੋਂ ਇਕ ਭੈਣ ਨੇ ਆਪਣੀਆਂ ਟਿੱਪਣੀਆਂ ਬਾਰੇ ਕਿਹਾ: “ਸ਼ਤਾਨ ਸਾਨੂੰ ਪਰਮੇਸ਼ੁਰ ਦੀ ਮਹਿਮਾ ਕਰਨ ਤੋਂ ਰੋਕਣਾ ਚਾਹੁੰਦਾ ਹੈ ਅਤੇ ਮੈਂ ਆਪਣੀਆਂ ਟਿੱਪਣੀਆਂ ਰਾਹੀਂ ਮਾਨੋ ਕਹਿ ਰਹੀ ਹਾਂ ਕਿ ਉਹ ਮੈਨੂੰ ਆਪਣੀ ਨਿਹਚਾ ਪ੍ਰਗਟ ਕਰਨ ਤੋਂ ਨਹੀਂ ਰੋਕ ਸਕਦਾ।” ਇਸੇ ਕਲੀਸਿਯਾ ਦੇ ਇਕ ਨਵੇਂ ਭਰਾ ਨੇ ਕਿਹਾ: “ਟਿੱਪਣੀਆਂ ਦੇਣ ਦੇ ਸੰਬੰਧ ਵਿਚ ਮੈਂ ਅਕਸਰ ਪ੍ਰਾਰਥਨਾ ਕਰਦਾ ਹਾਂ।”

ਅੱਛੀ ਤਰ੍ਹਾਂ ਤਿਆਰੀ ਕਰੋ। ਜੇ ਅਸੀਂ ਮੀਟਿੰਗਾਂ ਲਈ ਪਹਿਲਾਂ ਤੋਂ ਹੀ ਤਿਆਰੀ ਨਾ ਕੀਤੀ ਹੋਵੇ, ਤਾਂ ਸਾਡੇ ਲਈ ਟਿੱਪਣੀ ਕਰਨੀ ਮੁਸ਼ਕਲ ਹੋਵੇਗੀ ਜਾਂ ਸਾਡੀ ਟਿੱਪਣੀ ਜ਼ਿਆਦਾ ਪ੍ਰਭਾਵਕਾਰੀ ਨਹੀਂ ਹੋਵੇਗੀ। ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ (ਅੰਗ੍ਰੇਜ਼ੀ) * ਪੁਸਤਕ ਦੇ 70ਵੇਂ ਸਫ਼ੇ ਤੇ ਸਭਾਵਾਂ ਵਿਚ ਟਿੱਪਣੀਆਂ ਕਰਨ ਬਾਰੇ ਅੱਛੀ ਸਲਾਹ ਦਿੱਤੀ ਗਈ ਹੈ।

ਹਰੇਕ ਮੀਟਿੰਗ ਵਿਚ ਘੱਟੋ-ਘੱਟ ਇਕ ਵਾਰ ਟਿੱਪਣੀ ਕਰਨ ਦਾ ਟੀਚਾ ਰੱਖੋ। ਇਸ ਦਾ ਮਤਲਬ ਹੋਵੇਗਾ ਕਿ ਸਾਨੂੰ ਇਕ ਨਾਲੋਂ ਜ਼ਿਆਦਾ ਟਿੱਪਣੀ ਤਿਆਰ ਕਰਨ ਦੀ ਲੋੜ ਹੋਵੇਗੀ। ਜਿੰਨਾ ਜ਼ਿਆਦਾ ਅਸੀਂ ਆਪਣਾ ਹੱਥ ਖੜ੍ਹਾ ਕਰਾਂਗੇ ਉੱਨਾ ਹੀ ਸੰਭਵ ਹੈ ਕਿ ਭਰਾ ਸਾਨੂੰ ਦੇਖੇਗਾ। ਤੁਸੀਂ ਭਰਾ ਨੂੰ ਸ਼ਾਇਦ ਪਹਿਲਾਂ ਦੱਸ ਸਕਦੇ ਹੋ ਕਿ ਤੁਸੀਂ ਕਿਨ੍ਹਾਂ ਪੈਰਿਆਂ ਉੱਤੇ ਟਿੱਪਣੀ ਕਰਨੀ ਚਾਹੁੰਦੇ ਹੋ। ਇਹ ਖ਼ਾਸਕਰ ਉਨ੍ਹਾਂ ਲਈ ਫ਼ਾਇਦੇਮੰਦ ਹੈ ਜਿਨ੍ਹਾਂ ਨੇ ਅੱਗੇ ਕਦੇ ਟਿੱਪਣੀ ਨਹੀਂ ਕੀਤੀ ਜਾਂ ਜਿਹੜੇ “ਮਹਾਂ ਸਭਾ” ਵਿਚ ਟਿੱਪਣੀ ਕਰਨ ਤੋਂ ਘਬਰਾਉਂਦੇ ਹਨ। ਪਰ ਜੇ ਸਾਨੂੰ ਪਤਾ ਹੈ ਕਿ ਕਿਸੇ ਖ਼ਾਸ ਪੈਰੇ ਉੱਤੇ ਭਰਾ ਸਾਡੇ ਜਵਾਬ ਦੀ ਉਡੀਕ ਕਰ ਰਿਹਾ ਹੈ, ਤਾਂ ਸਾਨੂੰ ਟਿੱਪਣੀ ਕਰਨ ਦੀ ਹਿੰਮਤ ਮਿਲੇਗੀ।

ਪਹਿਲਾਂ-ਪਹਿਲਾਂ ਹੀ ਟਿੱਪਣੀ ਕਰੋ। ਕਿਸੇ ਮੁਸ਼ਕਲ ਕੰਮ ਨੂੰ ਟਾਲਣ ਨਾਲ ਉਹ ਸੌਖਾ ਨਹੀਂ ਹੋ ਜਾਂਦਾ। ਕਿਉਂ ਨਾ ਸਭਾ ਦੇ ਸ਼ੁਰੂ-ਸ਼ੁਰੂ ਵਿਚ ਟਿੱਪਣੀ ਕਰਨ ਦੀ ਕੋਸ਼ਿਸ਼ ਕਰੋ? ਤੁਸੀਂ ਸ਼ਾਇਦ ਹੈਰਾਨ ਹੋਵੋਗੇ ਕਿ ਪਹਿਲੀ ਟਿੱਪਣੀ ਕਰਨ ਤੋਂ ਬਾਅਦ ਦੂਜੀ-ਤੀਜੀ ਟਿੱਪਣੀ ਕਰਨੀ ਕਿੰਨੀ ਸੌਖੀ ਹੋ ਜਾਂਦੀ ਹੈ।

ਸਹੀ ਜਗ੍ਹਾ ਤੇ ਬੈਠੋ। ਕਈਆਂ ਨੂੰ ਕਿੰਗਡਮ ਹਾਲ ਵਿਚ ਅਗਲੀਆਂ ਸੀਟਾਂ ਤੇ ਬੈਠਣ ਨਾਲ ਟਿੱਪਣੀ ਕਰਨੀ ਜ਼ਿਆਦਾ ਸੌਖੀ ਲੱਗਦੀ ਹੈ। ਅੱਗੇ ਬੈਠ ਕੇ ਉਨ੍ਹਾਂ ਦਾ ਧਿਆਨ ਸੌਖਿਆਂ ਨਹੀਂ ਭਟਕਦਾ ਅਤੇ ਜਦ ਉਹ ਹੱਥ ਖੜ੍ਹਾ ਕਰਦੇ ਹਨ, ਤਾਂ ਭਰਾ ਉਨ੍ਹਾਂ ਦਾ ਹੱਥ ਆਸਾਨੀ ਨਾਲ ਦੇਖ ਸਕਦਾ ਹੈ। ਪਰ ਇਹ ਯਾਦ ਰੱਖੋ ਕਿ ਜੇ ਤੁਸੀਂ ਅਗਲੀਆਂ ਸੀਟਾਂ ਤੇ ਬੈਠੇ ਹੋ, ਤਾਂ ਟਿੱਪਣੀ ਕਰਦੇ ਸਮੇਂ ਉੱਚੀ ਤੇ ਸਾਫ਼ ਆਵਾਜ਼ ਵਿਚ ਬੋਲੋ ਤਾਂਕਿ ਪਿੱਛੇ ਬੈਠੇ ਭੈਣ-ਭਰਾ ਵੀ ਸੁਣ ਸਕਣ। ਇਹ ਖ਼ਾਸ ਕਰਕੇ ਉਦੋਂ ਜ਼ਰੂਰੀ ਹੁੰਦਾ ਹੈ ਜਦੋਂ ਸਾਡੇ ਹਾਲ ਵਿਚ ਮਾਈਕ੍ਰੋਫ਼ੋਨ ਨਹੀਂ ਇਸਤੇਮਾਲ ਕੀਤੇ ਜਾਂਦੇ।

ਧਿਆਨ ਨਾਲ ਸੁਣੋ। ਜੇ ਅਸੀਂ ਧਿਆਨ ਨਾਲ ਸੁਣਾਂਗੇ, ਤਾਂ ਅਸੀਂ ਕਿਸੇ ਦੇ ਦਿੱਤੇ ਜਵਾਬ ਨੂੰ ਦੁਹਰਾਉਣ ਦੀ ਗ਼ਲਤੀ ਨਹੀਂ ਕਰਾਂਗੇ। ਇਸ ਦੇ ਨਾਲ-ਨਾਲ ਹੋਰਾਂ ਦੀ ਗੱਲ ਸੁਣ ਕੇ ਸ਼ਾਇਦ ਸਾਨੂੰ ਚਰਚਾ ਕੀਤੇ ਜਾ ਰਹੇ ਵਿਸ਼ੇ ਨਾਲ ਢੁਕਦਾ ਕੋਈ ਹਵਾਲਾ ਜਾਂ ਨੁਕਤਾ ਯਾਦ ਆ ਜਾਏ। ਕਦੀ-ਕਦੀ ਅਸੀਂ ਚਰਚਾ ਕੀਤੇ ਜਾ ਰਹੇ ਨੁਕਤੇ ਦੇ ਸੰਬੰਧ ਵਿਚ ਆਪਣਾ ਕੋਈ ਨਿੱਜੀ ਤਜਰਬਾ ਦੱਸ ਸਕਦੇ ਹਾਂ। ਇਸ ਤਰ੍ਹਾਂ ਦੀਆਂ ਟਿੱਪਣੀਆਂ ਬਹੁਤ ਲਾਭਦਾਇਕ ਹੁੰਦੀਆਂ ਹਨ।

ਆਪਣੇ ਲਫ਼ਜ਼ਾਂ ਵਿਚ ਜਵਾਬ ਦੇਣਾ ਸਿੱਖੋ। ਪੈਰੇ ਵਿੱਚੋਂ ਜਵਾਬ ਲੱਭ ਕੇ ਪੜ੍ਹਨਾ ਸ਼ਾਇਦ ਸ਼ੁਰੂ-ਸ਼ੁਰੂ ਵਿਚ ਟਿੱਪਣੀ ਕਰਨ ਦਾ ਚੰਗਾ ਤਰੀਕਾ ਹੋਵੇ। ਪਰ ਹੌਲੀ-ਹੌਲੀ ਸਾਨੂੰ ਆਪਣੇ ਹੀ ਲਫ਼ਜ਼ਾਂ ਵਿਚ ਟਿੱਪਣੀ ਕਰਨੀ ਸਿੱਖਣੀ ਚਾਹੀਦੀ ਹੈ ਕਿਉਂਕਿ ਇਹ ਦਿਖਾਵੇਗਾ ਕਿ ਅਸੀਂ ਵਿਸ਼ੇ ਨੂੰ ਅੱਛੀ ਤਰ੍ਹਾਂ ਸਮਝ ਲਿਆ ਹੈ। ਇਹ ਜ਼ਰੂਰੀ ਨਹੀਂ ਹੈ ਕਿ ਟਿੱਪਣੀ ਕਰਦੇ ਸਮੇਂ ਅਸੀਂ ਕਿਤਾਬਾਂ ਵਿੱਚੋਂ ਅੱਖਰ-ਬ-ਅੱਖਰ ਪੜ੍ਹ ਕੇ ਸੁਣਾਈਏ। ਯਹੋਵਾਹ ਦੇ ਗਵਾਹ ਕਿਤਾਬਾਂ ਵਿਚ ਲਿਖੀਆਂ ਗੱਲਾਂ ਨੂੰ ਦੁਹਰਾਉਂਦੇ ਹੀ ਨਹੀਂ ਪਰ ਇਨ੍ਹਾਂ ਨੂੰ ਸਮਝਦੇ ਹਨ।

ਵਿਸ਼ੇ ਨੂੰ ਧਿਆਨ ਵਿਚ ਰੱਖੋ। ਅਜਿਹੀਆਂ ਟਿੱਪਣੀਆਂ ਦੇਣ ਤੋਂ ਬਚੋ ਜੋ ਚਰਚਾ ਕੀਤੇ ਜਾ ਰਹੇ ਵਿਸ਼ੇ ਨਾਲ ਸੰਬੰਧ ਨਹੀਂ ਰੱਖਦੀਆਂ ਜਾਂ ਚਰਚਾ ਨੂੰ ਕਿਸੇ ਹੋਰ ਵਿਸ਼ਾ ਵੱਲ ਮੋੜ ਦਿੰਦੀਆਂ ਹਨ। ਸਾਡੀ ਟਿੱਪਣੀ ਦਾ ਚਰਚਾ ਕੀਤੇ ਜਾ ਰਹੇ ਵਿਸ਼ੇ ਨਾਲ ਸੰਬੰਧ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਟਿੱਪਣੀਆਂ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਸਾਰਿਆਂ ਦੀ ਮਦਦ ਕਰਨਗੀਆਂ ਜਿਸ ਤੋਂ ਸਾਰਿਆਂ ਨੂੰ ਰੂਹਾਨੀ ਲਾਭ ਹੋਵੇਗਾ।

ਹੋਰਾਂ ਦਾ ਹੌਸਲਾ ਵਧਾਉਣ ਦਾ ਟੀਚਾ ਰੱਖੋ। ਟਿੱਪਣੀ ਕਰਨ ਦਾ ਇਕ ਖ਼ਾਸ ਮਕਸਦ ਦੂਸਰਿਆਂ ਨੂੰ ਹੌਸਲਾ ਦੇਣਾ ਹੈ। ਇਸ ਲਈ ਸਾਨੂੰ ਅਜਿਹੀ ਕੋਈ ਵੀ ਗੱਲ ਨਹੀਂ ਕਹਿਣੀ ਚਾਹੀਦੀ ਜਿਸ ਤੋਂ ਕਿਸੇ ਨੂੰ ਦੁੱਖ ਪਹੁੰਚੇ। ਨਾਲੇ ਸਾਨੂੰ ਹੋਰਾਂ ਨੂੰ ਵੀ ਟਿੱਪਣੀ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਇਸ ਲਈ ਆਪਣੀ ਟਿੱਪਣੀ ਵਿਚ ਸਾਰੇ ਨੁਕਤਿਆਂ ਨੂੰ ਸ਼ਾਮਲ ਨਾ ਕਰੋ। ਜੇ ਅਸੀਂ ਲੰਬਾ-ਚੌੜਾ ਜਵਾਬ ਦਿੰਦੇ ਹਾਂ, ਤਾਂ ਸ਼ਾਇਦ ਇਹ ਪਤਾ ਨਾ ਲੱਗੇ ਕਿ ਅਸੀਂ ਕੀ ਕਹਿਣਾ ਚਾਹੁੰਦੇ ਹਾਂ। ਕਈ ਵਾਰ ਥੋੜ੍ਹੇ ਲਫ਼ਜ਼ਾਂ ਵਿਚ ਕਹੀ ਗੱਲ ਦਾ ਜ਼ਿਆਦਾ ਫ਼ਾਇਦਾ ਹੁੰਦਾ ਹੈ ਅਤੇ ਇਸ ਤਰ੍ਹਾਂ ਨਵੇਂ ਭੈਣ-ਭਰਾਵਾਂ ਨੂੰ ਵੀ ਛੋਟੇ-ਛੋਟੇ ਜਵਾਬ ਦੇਣ ਲਈ ਹੌਸਲਾ ਮਿਲਦਾ ਹੈ।

ਮੀਟਿੰਗ ਚਲਾਉਣ ਵਾਲਿਆਂ ਦੀ ਜ਼ਿੰਮੇਵਾਰੀ

ਮੀਟਿੰਗ ਚਲਾਉਣ ਵਾਲੇ ਭਰਾ ਦੀ ਜ਼ਿੰਮੇਵਾਰੀ ਹੈ ਕਿ ਉਹ ਦੂਸਰਿਆਂ ਨੂੰ ਟਿੱਪਣੀ ਕਰਨ ਲਈ ਹੌਸਲਾ ਦੇਵੇ। ਉਸ ਨੂੰ ਭੈਣਾਂ-ਭਰਾਵਾਂ ਵੱਲ ਦੇਖ ਕੇ ਉਨ੍ਹਾਂ ਦੇ ਜਵਾਬਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਇਹ ਕਿੰਨੀ ਮਾੜੀ ਗੱਲ ਹੋਵੇਗੀ ਜੇ ਕਿਸੇ ਦੀ ਗੱਲ ਧਿਆਨ ਨਾਲ ਨਾ ਸੁਣਨ ਕਰਕੇ ਭਰਾ ਉਹੀ ਗੱਲ ਨੂੰ ਦੁਹਰਾਉਂਦਾ ਹੈ ਜਾਂ ਅਜਿਹਾ ਸਵਾਲ ਪੁੱਛਦਾ ਹੈ ਜਿਸ ਦਾ ਜਵਾਬ ਕਿਸੇ ਨੇ ਹੁਣੇ ਹੀ ਦਿੱਤਾ ਹੋਵੇ!

ਇਹ ਵੀ ਕਿੰਨੀ ਨਿਰਾਸ਼ਾ ਵਾਲੀ ਗੱਲ ਹੋਵੇਗੀ ਜੇ ਭਰਾ ਹਰੇਕ ਜਵਾਬ ਨੂੰ ਆਪਣੇ ਸ਼ਬਦਾਂ ਵਿਚ ਦੁਹਰਾਏ। ਇਸ ਤਰ੍ਹਾਂ ਕਰਨ ਨਾਲ ਭੈਣ-ਭਰਾ ਸ਼ਾਇਦ ਸੋਚਣ ਕਿ ਉਨ੍ਹਾਂ ਦੀ ਟਿੱਪਣੀ ਸਹੀ ਨਹੀਂ ਸੀ। ਦੂਸਰੇ ਪਾਸੇ, ਇਹ ਕਿੰਨੀ ਵਧੀਆ ਗੱਲ ਹੋਵੇਗੀ ਜੇ ਹਰ ਟਿੱਪਣੀ ਕਿਸੇ ਖ਼ਾਸ ਨੁਕਤੇ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿਚ ਮਦਦ ਕਰੇ। ‘ਅਸੀਂ ਆਪਣੀ ਕਲੀਸਿਯਾ ਵਿਚ ਇਸ ਨੁਕਤੇ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ?’ ਜਾਂ ‘ਪੈਰੇ ਵਿਚ ਦਿੱਤਾ ਗਿਆ ਕਿਹੜਾ ਹਵਾਲਾ ਇਸ ਨੁਕਤੇ ਦੀ ਪੁਸ਼ਟੀ ਕਰਦਾ ਹੈ?’ ਵਰਗੇ ਸਵਾਲ ਦੂਸਰਿਆਂ ਨੂੰ ਜਵਾਬ ਦੇਣ ਲਈ ਪ੍ਰੇਰਿਤ ਕਰਨਗੇ। ਇਨ੍ਹਾਂ ਸਵਾਲਾਂ ਰਾਹੀਂ ਕਈ ਵਧੀਆ ਤੇ ਲਾਭਦਾਇਕ ਜਵਾਬ ਮਿਲ ਸਕਦੇ ਹਨ।

ਜਦੋਂ ਕੋਈ ਨਵਾਂ ਭੈਣ-ਭਰਾ ਟਿੱਪਣੀ ਕਰਦਾ ਹੈ, ਜਾਂ ਉਹ ਜਿਸ ਨੂੰ ਟਿੱਪਣੀ ਕਰਨੀ ਮੁਸ਼ਕਲ ਲੱਗਦੀ ਹੈ, ਤਾਂ ਉਸ ਦੀ ਸਿਫ਼ਤ ਕਰਨੀ ਚੰਗੀ ਗੱਲ ਹੋਵੇਗੀ। ਪਰ ਕਈ ਲੋਕਾਂ ਨੂੰ ਸਾਰਿਆਂ ਦੇ ਸਾਮ੍ਹਣੇ ਆਪਣੀ ਪ੍ਰਸ਼ੰਸਾ ਸੁਣ ਕੇ ਬੜੀ ਸ਼ਰਮ ਆਉਂਦੀ ਹੈ। ਇਸ ਲਈ ਮੀਟਿੰਗ ਤੋਂ ਬਾਅਦ ਇਵੇਂ ਕਰਨਾ ਬਿਹਤਰ ਹੋਵੇਗਾ ਅਤੇ ਉਸ ਵੇਲੇ ਸ਼ਾਇਦ ਉਨ੍ਹਾਂ ਨੂੰ ਸੁਧਾਰ ਕਰਨ ਲਈ ਚੰਗੀ ਸਲਾਹ ਵੀ ਦਿੱਤੀ ਜਾ ਸਕਦੀ ਹੈ।

ਆਮ ਤੌਰ ਤੇ, ਜੇ ਇਕ ਵਿਅਕਤੀ ਹਮੇਸ਼ਾ ਆਪ ਹੀ ਗੱਲਾਂ ਕਰਦਾ ਰਹਿੰਦਾ ਹੈ, ਤਾਂ ਦੂਸਰੇ ਲੋਕ ਸ਼ਾਇਦ ਬੋਲਣ ਤੋਂ ਝਿਜਕਣਗੇ। ਉਸ ਦੀ ਗੱਲ ਸੁਣਨ ਵਾਲੇ ਸੋਚਣਗੇ ਕਿ ਉਨ੍ਹਾਂ ਨੂੰ ਕੁਝ ਹੋਰ ਬੋਲਣ ਦੀ ਲੋੜ ਹੀ ਨਹੀਂ। ਉਹ ਬੇਦਿਲੀ ਨਾਲ ਉਸ ਦੀਆਂ ਗੱਲਾਂ ਸੁਣਦੇ ਹਨ ਜਾਂ ਸੁਣਦੇ ਹੀ ਨਹੀਂ। ਜੇ ਮੀਟਿੰਗ ਚਲਾਉਣ ਵਾਲਾ ਇਸ ਤਰ੍ਹਾਂ ਕਰੇ, ਤਾਂ ਦੂਸਰੇ ਭੈਣ-ਭਰਾ ਵੀ ਇਸੇ ਤਰ੍ਹਾਂ ਮਹਿਸੂਸ ਕਰ ਸਕਦੇ ਹਨ। ਇਸ ਦੀ ਬਜਾਇ ਉਹ ਇਕ-ਅੱਧਾ ਛੋਟਾ-ਮੋਟਾ ਸਵਾਲ ਪੁੱਛ ਕੇ ਭਰਾਵਾਂ ਨੂੰ ਵਿਸ਼ੇ ਉੱਤੇ ਗਹਿਰਾਈ ਨਾਲ ਸੋਚਣ ਅਤੇ ਜਵਾਬ ਦੇਣ ਲਈ ਉਤਸ਼ਾਹਿਤ ਕਰ ਸਕਦਾ ਹੈ। ਪਰ ਉਸ ਨੂੰ ਇਸ ਤਰ੍ਹਾਂ ਦੇ ਸਵਾਲ ਜ਼ਰੂਰਤ ਪੈਣ ਤੇ ਕਦੀ-ਕਦੀ ਹੀ ਪੁੱਛਣੇ ਚਾਹੀਦੇ ਹਨ।

ਕਈਆਂ ਨੂੰ ਹੱਥ ਖੜ੍ਹਾ ਕਰਨ ਤੋਂ ਪਹਿਲਾਂ ਕੁਝ ਸਕਿੰਟਾਂ ਲਈ ਆਪਣੇ ਮਨ ਵਿਚ ਤਿਆਰੀ ਕਰਨੀ ਪੈਂਦੀ ਹੈ। ਇਸ ਲਈ ਭਰਾ ਨੂੰ ਸਭ ਤੋਂ ਪਹਿਲਾਂ ਹੱਥ ਖੜ੍ਹਾ ਕਰਨ ਵਾਲੇ ਦਾ ਨਾਂ ਲੈਣ ਵਿਚ ਕਾਹਲੀ ਨਹੀਂ ਕਰਨੀ ਚਾਹੀਦੀ। ਥੋੜ੍ਹਾ ਚਿਰ ਇੰਤਜ਼ਾਰ ਕਰ ਕੇ ਭਰਾ ਉਨ੍ਹਾਂ ਨੂੰ ਮੌਕਾ ਦੇ ਸਕਦਾ ਹੈ ਜਿਨ੍ਹਾਂ ਨੇ ਹਾਲੇ ਟਿੱਪਣੀ ਨਹੀਂ ਕੀਤੀ ਹੁੰਦੀ। ਇਸ ਤੋਂ ਇਲਾਵਾ, ਜੇ ਸਵਾਲ ਅਜਿਹੇ ਵਿਸ਼ਿਆਂ ਉੱਤੇ ਹੁੰਦੇ ਹਨ ਜਿਹੜੇ ਕਿ ਬੱਚਿਆਂ ਦੀ ਸਮਝ ਤੋਂ ਪਰੇ ਹਨ, ਤਾਂ ਭਰਾ ਸਮਝਦਾਰੀ ਨਾਲ ਬੱਚਿਆਂ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਨਹੀਂ ਕਹੇਗਾ।

ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਕੋਈ ਗ਼ਲਤ ਜਵਾਬ ਦਿੰਦਾ ਹੈ? ਭਰਾ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਨੂੰ ਸ਼ਰਮਿੰਦਾ ਨਾ ਕਰੇ। ਭਾਵੇਂ ਜਵਾਬ ਗ਼ਲਤ ਹੋਵੇ, ਪਰ ਫਿਰ ਵੀ ਇਸ ਵਿਚ ਕੋਈ-ਨ-ਕੋਈ ਸੱਚਾਈ ਹੁੰਦੀ ਹੈ। ਤਾਂ ਫਿਰ ਭਰਾ ਸਮਝਦਾਰੀ ਨਾਲ ਟਿੱਪਣੀ ਦੇ ਸਹੀ ਹਿੱਸੇ ਵੱਲ ਧਿਆਨ ਖਿੱਚਦੇ ਹੋਏ ਸਵਾਲ ਨੂੰ ਹੋਰ ਲਫ਼ਜ਼ਾਂ ਵਿਚ ਪੁੱਛ ਸਕਦਾ ਹੈ। ਇਸ ਤਰ੍ਹਾਂ ਉਹ ਕਿਸੇ ਨੂੰ ਸ਼ਰਮਿੰਦਾ ਕੀਤੇ ਬਗੈਰ ਗ਼ਲਤੀ ਨੂੰ ਸੁਧਾਰ ਸਕਦਾ ਹੈ।

ਇਕ ਹੋਰ ਗੱਲ ਇਹ ਹੈ ਕਿ ਇਹੋ ਜਿਹੇ ਸਵਾਲ ਨਹੀਂ ਪੁੱਛੇ ਜਾਣੇ ਚਾਹੀਦੇ ਜਿਵੇਂ ਕਿ ‘ਹੋਰ ਕਿਸੇ ਨੇ ਕੁਝ ਕਹਿਣਾ ਹੈ?’ ‘ਕਿਹ ਨੇ ਅਜੇ ਟਿੱਪਣੀ ਨਹੀਂ ਕੀਤੀ? ਇਹ ਤੁਹਾਡਾ ਆਖ਼ਰੀ ਮੌਕਾ ਹੈ!’ ਇਸ ਤਰ੍ਹਾਂ ਦੇ ਸਵਾਲਾਂ ਰਾਹੀਂ ਕਲੀਸਿਯਾ ਨੂੰ ਟਿੱਪਣੀਆਂ ਕਰਨ ਲਈ ਹੌਸਲਾ ਨਹੀਂ ਮਿਲੇਗਾ। ਦੇਰ ਨਾਲ ਟਿੱਪਣੀ ਕਰਨ ਵਾਲੇ ਭੈਣਾਂ-ਭਰਾਵਾਂ ਦੀ ਬੇਇੱਜ਼ਤੀ ਨਹੀਂ ਕੀਤੀ ਜਾਣੀ ਚਾਹੀਦੀ। ਇਸ ਦੀ ਬਜਾਇ, ਉਨ੍ਹਾਂ ਨੂੰ ਆਪਣਾ ਗਿਆਨ ਦੂਸਰਿਆਂ ਨਾਲ ਸਾਂਝਾ ਕਰ ਕੇ ਯਹੋਵਾਹ ਅਤੇ ਭਰਾਵਾਂ ਲਈ ਆਪਣਾ ਪਿਆਰ ਜ਼ਾਹਰ ਕਰਨ ਲਈ ਹੌਸਲਾ ਦਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਭਰਾ ਨੂੰ ਕਈਆਂ ਦੇ ਨਾਂ ਇੱਕੋ ਵਾਰ ਨਹੀਂ ਲੈਣੇ ਚਾਹੀਦੇ ਜਿਵੇਂ ਕਿ “ਫਲਾਨੇ ਤੋਂ ਬਾਅਦ ਅਸੀਂ ਫਲਾਨੇ ਭਰਾ ਅਤੇ ਫਿਰ ਫਲਾਨੀ ਭੈਣ ਦੀ ਟਿੱਪਣੀ ਸੁਣਾਂਗੇ।” ਉਸ ਨੂੰ ਇਕ ਭਰਾ ਜਾਂ ਭੈਣ ਦੀ ਪੂਰੀ ਗੱਲ ਸੁਣਨ ਤੋਂ ਬਾਅਦ ਕਿਸੇ ਹੋਰ ਨੂੰ ਟਿੱਪਣੀ ਦੇਣ ਲਈ ਕਹਿਣਾ ਚਾਹੀਦਾ ਹੈ। ਸ਼ਾਇਦ ਪਹਿਲੇ ਜਵਾਬ ਤੋਂ ਬਾਅਦ ਹੋਰ ਟਿੱਪਣੀ ਦੀ ਲੋੜ ਹੀ ਨਾ ਹੋਵੇ।

ਟਿੱਪਣੀ ਕਰਨੀ ਇਕ ਸਨਮਾਨ ਹੈ

ਮਸੀਹੀ ਸਭਾਵਾਂ ਵਿਚ ਜਾਣਾ ਸਾਡੀ ਰੂਹਾਨੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਚ ਟਿੱਪਣੀਆਂ ਕਰਨੀਆਂ ਇਕ ਸਨਮਾਨ ਹੈ। ਇਹ ‘ਸਭਾ ਵਿਚ ਯਹੋਵਾਹ ਦੀ ਉਸਤਤ’ ਕਰਨ ਦਾ ਇਕ ਖ਼ਾਸ ਤਰੀਕਾ ਹੈ। ਅਸੀਂ ਜਿੰਨੀਆਂ ਜ਼ਿਆਦਾ ਟਿੱਪਣੀਆਂ ਕਰਨ ਦੀ ਕੋਸ਼ਿਸ਼ ਕਰਾਂਗੇ, ਉੱਨਾ ਹੀ ਜ਼ਿਆਦਾ ਅਸੀਂ ਦਾਊਦ ਦੀ ਨਕਲ ਕਰ ਰਹੇ ਹੋਵਾਂਗੇ। ਇਸ ਦੇ ਨਾਲ-ਨਾਲ ਅਸੀਂ ਪੌਲੁਸ ਦੀ ਸਲਾਹ ਵੀ ਲਾਗੂ ਕਰ ਰਹੇ ਹੋਵਾਂਗੇ। ਮੀਟਿੰਗਾਂ ਵਿਚ ਹਿੱਸਾ ਲੈਣ ਰਾਹੀਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਭਰਾਵਾਂ ਨਾਲ ਪਿਆਰ ਕਰਦੇ ਹਾਂ ਅਤੇ ਅਸੀਂ ਯਹੋਵਾਹ ਦੀ ਵੱਡੀ ਕਲੀਸਿਯਾ ਦਾ ਹਿੱਸਾ ਹਾਂ। ਜਿਉਂ-ਜਿਉਂ ‘ਅਸੀਂ ਵੇਖਦੇ ਹਾਂ ਭਈ ਯਹੋਵਾਹ ਦਾ ਦਿਨ ਨੇੜੇ ਆਉਂਦਾ ਹੈ,’ ਅਸੀਂ ਇਸੇ ਕਲੀਸਿਯਾ ਵਿਚ ਸੁਰੱਖਿਅਤ ਰਹਿਣਾ ਚਾਹਾਂਗੇ।—ਇਬਰਾਨੀਆਂ 10:25.

[ਸਫ਼ੇ 20 ਉੱਤੇ ਤਸਵੀਰਾਂ]

ਸਭਾਵਾਂ ਵਿਚ ਧਿਆਨ ਨਾਲ ਸੁਣਨ ਦੇ ਨਾਲ-ਨਾਲ ਟਿੱਪਣੀਆਂ ਕਰਨੀਆਂ ਵੀ ਬਹੁਤ ਜ਼ਰੂਰੀ ਹਨ

[ਸਫ਼ੇ 21 ਉੱਤੇ ਤਸਵੀਰ]

ਮੀਟਿੰਗ ਚਲਾਉਣ ਵਾਲਾ ਹਰੇਕ ਟਿੱਪਣੀ ਧਿਆਨ ਨਾਲ ਸੁਣਦਾ ਹੈ

[ਫੁਟਨੋਟ]

^ ਪੈਰਾ 10 ਇਹ ਪੁਸਤਕ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।