Skip to content

Skip to table of contents

“ਬੁੱਧਵਾਨ ਦੀ ਤਾਲੀਮ” ਜੀਉਣ ਦਾ ਸੋਤਾ ਹੈ

“ਬੁੱਧਵਾਨ ਦੀ ਤਾਲੀਮ” ਜੀਉਣ ਦਾ ਸੋਤਾ ਹੈ

“ਬੁੱਧਵਾਨ ਦੀ ਤਾਲੀਮ” ਜੀਉਣ ਦਾ ਸੋਤਾ ਹੈ

“ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ! ਉਹ ਦੇ ਨਿਆਉਂ ਕੇਡੇ ਅਣ-ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ!” ਪੌਲੁਸ ਨੇ ਇਹ ਕਹਿ ਕੇ ਪਰਮੇਸ਼ੁਰ ਦੀ ਪ੍ਰਸ਼ੰਸਾ ਕੀਤੀ। (ਰੋਮੀਆਂ 11:33) ਵਫ਼ਾਦਾਰ ਅੱਯੂਬ ਨੇ ਕਿਹਾ: ‘ਯਹੋਵਾਹ ਦਿਲੋਂ ਬੁੱਧੀਮਾਨ ਹੈ।’ (ਅੱਯੂਬ 9:4) ਜੀ ਹਾਂ, ਧਰਤੀ ਤੇ ਆਸਮਾਨ ਦੇ ਸਿਰਜਣਹਾਰ ਦੀ ਬੁੱਧੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਅਜਿਹੇ ਸਿਰਜਣਹਾਰ ਦੀ ਤਾਲੀਮ ਜਾਂ ਲਿਖਤੀ ਬਚਨ ਬਾਰੇ ਕੀ ਕਿਹਾ ਜਾ ਸਕਦਾ ਹੈ?

ਜ਼ਬੂਰਾਂ ਦੇ ਲਿਖਾਰੀ ਨੇ ਭਜਨ ਵਿਚ ਕਿਹਾ: “ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ, ਉਹ ਜਾਨ ਨੂੰ ਬਹਾਲ ਕਰਦੀ ਹੈ, ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ। ਯਹੋਵਾਹ ਦੇ ਫ਼ਰਮਾਨ ਸਿੱਧੇ ਹਨ, ਓਹ ਦਿਲ ਨੂੰ ਅਨੰਦ ਕਰਦੇ ਹਨ, ਯਹੋਵਾਹ ਦਾ ਹੁਕਮ ਨਿਰਮਲ ਹੈ, ਉਹ ਅੱਖੀਆਂ ਨੂੰ ਚਾਨਣ ਦਿੰਦਾ ਹੈ।” (ਜ਼ਬੂਰਾਂ ਦੀ ਪੋਥੀ 19:7, 8) ਪ੍ਰਾਚੀਨ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਜ਼ਰੂਰ ਇਨ੍ਹਾਂ ਸ਼ਬਦਾਂ ਨੂੰ ਸਹੀ ਪਾਇਆ ਹੋਣਾ! ਉਸ ਨੇ ਕਿਹਾ: “ਬੁੱਧਵਾਨ ਦੀ ਤਾਲੀਮ ਜੀਉਣ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਰੇ ਰਹਿਣ ਲਈ ਹੈ।” (ਕਹਾਉਤਾਂ 13:14) ਕਹਾਉਤਾਂ ਦੇ 13ਵੇਂ ਅਧਿਆਇ ਦੀਆਂ ਪਹਿਲੀਆਂ 13 ਆਇਤਾਂ ਵਿਚ ਸੁਲੇਮਾਨ ਨੇ ਦਿਖਾਇਆ ਕਿ ਪਰਮੇਸ਼ੁਰ ਦੇ ਬਚਨ ਦੀ ਸਲਾਹ ਜ਼ਿੰਦਗੀ ਵਿਚ ਸੁਧਾਰ ਕਰਨ ਅਤੇ ਖ਼ਤਰਿਆਂ ਤੋਂ ਬਚੇ ਰਹਿਣ ਵਿਚ ਕਿਸ ਤਰ੍ਹਾਂ ਸਾਡੀ ਮਦਦ ਕਰ ਸਕਦੀ ਹੈ।

ਸਿੱਖਿਆ ਨੂੰ ਸਵੀਕਾਰ ਕਰੋ

ਕਹਾਉਤਾਂ 13:1 ਵਿਚ ਕਿਹਾ ਗਿਆ ਹੈ ਕਿ “ਬੁੱਧਵਾਨ ਪੁੱਤ੍ਰ ਤਾਂ ਆਪਣੇ ਪਿਉ ਦੀ ਸਿੱਖਿਆ ਸੁਣਦਾ ਹੈ, ਪਰ ਮਖੌਲੀਆ ਤਾੜ ਨੂੰ ਨਹੀਂ ਸੁਣਦਾ।” ਇਕ ਪਿਤਾ ਪਿਆਰ ਨਾਲ ਸਿੱਖਿਆ ਜਾਂ ਤਾੜਨਾ ਦਿੰਦਾ ਹੈ। ਪਹਿਲਾਂ ਉਹ ਪਿਆਰ ਨਾਲ ਸਿਖਾਉਂਦਾ ਹੈ। ਪਰ ਜੇ ਉਸ ਦਾ ਪੁੱਤਰ ਨਹੀਂ ਸੁਣਦਾ, ਤਾਂ ਉਹ ਉਸ ਨੂੰ ਸਜ਼ਾ ਦਿੰਦਾ ਹੈ। ਜਿਹੜਾ ਪੁੱਤਰ ਆਪਣੇ ਪਿਤਾ ਦੀ ਸਿੱਖਿਆ ਨੂੰ ਸੁਣਦਾ ਹੈ ਉਹ ਬੁੱਧਵਾਨ ਹੁੰਦਾ ਹੈ।

ਬਾਈਬਲ ਦੱਸਦੀ ਹੈ: “ਜਿਹ ਦੇ ਨਾਲ ਪਿਆਰ ਕਰਦਾ ਹੈ, ਪ੍ਰਭੁ ਉਹ ਨੂੰ ਤਾੜਦਾ ਹੈ, ਅਤੇ ਹਰੇਕ ਪੁੱਤ੍ਰ ਨੂੰ ਜਿਹ ਨੂੰ ਉਹ ਕਬੂਲ ਕਰਦਾ ਹੈ, ਉਹ ਕੋਰੜੇ ਮਾਰਦਾ ਹੈ।” (ਇਬਰਾਨੀਆਂ 12:6) ਸਾਡਾ ਸਵਰਗੀ ਪਿਤਾ ਯਹੋਵਾਹ ਸਾਨੂੰ ਆਪਣੇ ਬਚਨ ਬਾਈਬਲ ਰਾਹੀਂ ਤਾੜਨਾ ਦਿੰਦਾ ਹੈ। ਜਦੋਂ ਅਸੀਂ ਸ਼ਰਧਾ ਨਾਲ ਬਾਈਬਲ ਪੜ੍ਹਦੇ ਹਾਂ ਅਤੇ ਇਸ ਵਿਚ ਲਿਖੀਆਂ ਗੱਲਾਂ ਤੇ ਚੱਲਦੇ ਹਾਂ, ਤਾਂ ਉਸ ਦਾ ਬਚਨ ਇਕ ਤਰੀਕੇ ਨਾਲ ਸਾਨੂੰ ਤਾੜਨਾ ਦਿੰਦਾ ਹੈ। ਯਹੋਵਾਹ ਦੀ ਗੱਲ ਸੁਣਨ ਨਾਲ ਸਾਨੂੰ ਹੀ ਫ਼ਾਇਦਾ ਹੁੰਦਾ ਹੈ।—ਯਸਾਯਾਹ 48:17.

ਸਾਡੀ ਅਧਿਆਤਮਿਕ ਭਲਾਈ ਚਾਹੁਣ ਵਾਲਾ ਸਾਥੀ ਵਿਸ਼ਵਾਸੀ ਵੀ ਸਾਨੂੰ ਤਾੜਨਾ ਦੇ ਸਕਦਾ ਹੈ। ਪਰਮੇਸ਼ੁਰ ਦੇ ਬਚਨ ਮੁਤਾਬਕ ਦਿੱਤੀ ਜਾਣ ਵਾਲੀ ਕੋਈ ਵੀ ਚੰਗੀ ਸਲਾਹ ਨੂੰ ਉਸ ਇਨਸਾਨ ਦੀ ਸਲਾਹ ਨਹੀਂ, ਸਗੋਂ ਸੱਚਾਈ ਦੇ ਸੋਮੇ ਯਹੋਵਾਹ ਦੀ ਸਲਾਹ ਸਮਝਣਾ ਚਾਹੀਦਾ ਹੈ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ ਤੇ ਇਸ ਸਲਾਹ ਮੁਤਾਬਕ ਆਪਣੀ ਸੋਚ ਨੂੰ ਸੁਧਾਰਦੇ ਹਾਂ, ਬਾਈਬਲ ਦੀ ਹੋਰ ਸਹੀ ਸਮਝ ਹਾਸਲ ਕਰਦੇ ਹਾਂ ਤੇ ਆਪਣੇ ਵਿਚ ਸੁਧਾਰ ਕਰਦੇ ਹਾਂ, ਤਾਂ ਸਾਨੂੰ ਇਸ ਤਾੜਨਾ ਤੋਂ ਫ਼ਾਇਦਾ ਹੁੰਦਾ ਹੈ। ਇਸੇ ਤਰ੍ਹਾਂ, ਮਸੀਹੀ ਸਭਾਵਾਂ ਅਤੇ ਬਾਈਬਲ-ਆਧਾਰਿਤ ਕਿਤਾਬਾਂ ਤੋਂ ਮਿਲਣ ਵਾਲੀ ਸਲਾਹ ਤੋਂ ਵੀ ਸਾਨੂੰ ਫ਼ਾਇਦਾ ਹੁੰਦਾ ਹੈ। ਕੋਈ ਸਲਾਹ ਪੜ੍ਹ ਕੇ ਜਾਂ ਸੁਣ ਕੇ ਉਸ ਉੱਤੇ ਚੱਲਣਾ ਆਪਣੇ ਆਪ ਨੂੰ ਸਿਖਾਉਣ ਦਾ ਬਹੁਤ ਵਧੀਆ ਤਰੀਕਾ ਹੈ।

ਪਰ ਮਖੌਲ ਕਰਨ ਵਾਲੇ ਲੋਕ ਤਾੜਨਾ ਨੂੰ ਸਵੀਕਾਰ ਨਹੀਂ ਕਰਦੇ। ਇਕ ਕਿਤਾਬ ਇਸ ਤਰ੍ਹਾਂ ਕਹਿੰਦੀ ਹੈ: “ਕਿਉਂਕਿ ਉਹ ਸੋਚਦਾ ਹੈ ਕਿ ਉਹ ਆਪਣਾ ਭਲਾ-ਬੁਰਾ ਜਾਣਦਾ ਹੈ, ਇਸ ਲਈ ਉਹ ਸਿੱਖਿਆ ਨੂੰ ਸਵੀਕਾਰ ਨਹੀਂ ਕਰਦਾ।” ਜੇ ਕੋਈ ਉਸ ਨੂੰ ਤਾੜਨਾ ਦਿੰਦਾ ਹੈ, ਤਾਂ ਵੀ ਉਹ ਸੁਣਦਾ ਨਹੀਂ। ਪਰ ਕੀ ਉਹ ਕਦੀ ਆਪਣੇ ਪਿਤਾ ਯਹੋਵਾਹ ਦੀ ਸਿੱਖਿਆ ਨੂੰ ਗ਼ਲਤ ਸਾਬਤ ਕਰ ਸਕਦਾ ਹੈ? ਯਹੋਵਾਹ ਕਦੇ ਵੀ ਗ਼ਲਤ ਨਹੀਂ ਹੁੰਦਾ ਤੇ ਨਾ ਕਦੇ ਹੋਵੇਗਾ। ਸਿੱਖਿਆ ਨੂੰ ਸਵੀਕਾਰ ਨਾ ਕਰ ਕੇ ਮਖੌਲ ਕਰਨ ਵਾਲਾ ਆਪ ਹੀ ਮਖੌਲ ਦਾ ਪਾਤਰ ਬਣ ਜਾਂਦਾ ਹੈ। ਗਿਣੇ-ਮਿੱਥੇ ਸ਼ਬਦਾਂ ਨਾਲ ਸੁਲੇਮਾਨ ਨੇ ਬਹੁਤ ਸੋਹਣੇ ਤਰੀਕੇ ਨਾਲ ਦਿਖਾਇਆ ਕਿ ਸਿੱਖਿਆ ਨੂੰ ਸਵੀਕਾਰ ਕਰਨਾ ਕਿੰਨਾ ਅਹਿਮ ਹੈ!

ਆਪਣੀ ਜ਼ਬਾਨ ਨੂੰ ਲਗਾਮ ਦਿਓ!

ਗੱਲਬਾਤ ਕਰਨ ਦੇ ਸੰਬੰਧ ਵਿਚ ਪਰਮੇਸ਼ੁਰ ਦੇ ਬਚਨ ਦੀ ਸਲਾਹ ਮੰਨਣ ਦੀ ਅਹਿਮੀਅਤ ਬਾਰੇ ਦੱਸਣ ਲਈ ਰਾਜਾ ਸੁਲੇਮਾਨ ਮੂੰਹ ਦੀ ਤੁਲਨਾ ਫਲ ਦੇਣ ਵਾਲੇ ਦਰਖ਼ਤ ਨਾਲ ਕਰਦਾ ਹੈ। ਉਹ ਕਹਿੰਦਾ ਹੈ: “ਮਨੁੱਖ ਆਪਣੇ ਮੂੰਹ ਦੇ ਫਲ ਤੋਂ ਭਲਿਆਈ ਨੂੰ, ਪਰੰਤੂ ਛਲੀਏ ਦੀ ਜਾਨ ਜ਼ੁਲਮ ਨੂੰ ਖਾਵੇਗੀ।” (ਕਹਾਉਤਾਂ 13:2) ਮੂੰਹ ਦਾ ਫਲ ਉਸ ਵਿੱਚੋਂ ਨਿਕਲਣ ਵਾਲੇ ਸ਼ਬਦ ਹਨ। ਇਨਸਾਨ ਉਹੀ ਵੱਢਦਾ ਹੈ ਜੋ ਉਸ ਨੇ ਆਪਣੇ ਸ਼ਬਦਾਂ ਨਾਲ ਬੀਜਿਆ ਹੈ। ਇਕ ਵਿਦਵਾਨ ਕਹਿੰਦਾ ਹੈ: “ਜੇ ਉਹ ਆਪਣੇ ਗੁਆਂਢੀਆਂ ਨਾਲ ਦੋਸਤੀ ਕਰਨ ਦੇ ਇਰਾਦੇ ਨਾਲ ਪਿਆਰ-ਭਰੇ ਸ਼ਬਦ ਕਹਿੰਦਾ ਹੈ, ਤਾਂ ਉਹ ਭਲਾਈ ਖਾਵੇਗਾ ਅਤੇ ਖ਼ੁਸ਼ੀ ਤੇ ਸ਼ਾਂਤੀ ਨਾਲ ਰਹੇਗਾ।” ਪਰ ਧੋਖੇਬਾਜ਼ ਬੰਦੇ ਨਾਲ ਇਸ ਤਰ੍ਹਾਂ ਨਹੀਂ ਹੁੰਦਾ। ਉਹ ਮਾਰ-ਕੁਟਾਈ ਕਰ ਕੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਸ ਨੂੰ ਜ਼ੁਲਮ ਦੇ ਨਤੀਜੇ ਭੁਗਤਣੇ ਪੈਂਦੇ ਹਨ। ਮੌਤ ਦਾ ਫਾਹਾ ਉਸ ਦੀ ਉਡੀਕ ਕਰਦਾ ਹੈ।

ਸੁਲੇਮਾਨ ਅੱਗੇ ਕਹਿੰਦਾ ਹੈ: “ਜੋ ਆਪਣੇ ਮੂੰਹ ਦੀ ਰਾਖੀ ਕਰਦਾ ਹੈ, ਉਹ ਆਪਣੀ ਜਾਨ ਦੀ ਪਾਲਨਾ ਕਰਦਾ ਹੈ, ਪਰ ਜੋ ਆਪਣੇ ਬੁੱਲ੍ਹਾਂ ਨੂੰ ਟੱਡਦਾ ਹੈ, ਉਹ ਦੇ ਲਈ ਬਰਬਾਦੀ ਹੋਵੇਗੀ।” (ਕਹਾਉਤਾਂ 13:3) ਮੂਰਖਾਂ ਵਾਂਗ ਬਿਨਾਂ ਸੋਚੇ-ਸਮਝੇ ਬੋਲਣ ਨਾਲ ਸਾਡੀ ਬਦਨਾਮੀ ਹੁੰਦੀ ਹੈ, ਦੂਸਰਿਆਂ ਦੇ ਜਜ਼ਬਾਤਾਂ ਨੂੰ ਸੱਟ ਲੱਗਦੀ ਹੈ, ਰਿਸ਼ਤੇ ਖ਼ਰਾਬ ਹੁੰਦੇ ਹਨ ਤੇ ਸਰੀਰਕ ਤੌਰ ਤੇ ਵੀ ਸਾਡਾ ਨੁਕਸਾਨ ਹੋ ਸਕਦਾ ਹੈ। ਇਸ ਨਾਲ ਯਹੋਵਾਹ ਵੀ ਨਾਰਾਜ਼ ਹੁੰਦਾ ਹੈ ਤੇ ਉਹ ਹਰ ਇਨਸਾਨ ਨੂੰ ਉਸ ਦੀਆਂ ਗੱਲਾਂ ਕਰਕੇ ਜਵਾਬਦੇਹ ਠਹਿਰਾਉਂਦਾ ਹੈ। (ਮੱਤੀ 12:36, 37) ਆਪਣੀ ਜ਼ਬਾਨ ਨੂੰ ਲਗਾਮ ਦੇਣ ਨਾਲ ਅਸੀਂ ਬਰਬਾਦੀ ਤੋਂ ਬਚੇ ਰਹਾਂਗੇ। ਪਰ ਅਸੀਂ ਆਪਣੀ ਜ਼ਬਾਨ ਨੂੰ ਲਗਾਮ ਦੇਣੀ ਕਿੱਦਾਂ ਸਿੱਖ ਸਕਦੇ ਹਾਂ?

ਇਕ ਆਸਾਨ ਤਰੀਕਾ ਹੈ ਕਿ ਅਸੀਂ ਜ਼ਿਆਦਾ ਗੱਲਾਂ ਨਾ ਕਰੀਏ। ਬਾਈਬਲ ਕਹਿੰਦੀ ਹੈ: “ਗੱਪਾਂ ਦੇ ਵਾਧੇ ਵਿੱਚ ਅਪਰਾਧ ਦੀ ਕਮੀ ਨਹੀਂ।” (ਕਹਾਉਤਾਂ 10:19) ਦੂਸਰਾ ਤਰੀਕੇ ਹੈ ਕਿ ਅਸੀਂ ਬੋਲਣ ਤੋਂ ਪਹਿਲਾਂ ਸੋਚੀਏ। ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਸੁਲੇਮਾਨ ਨੇ ਲਿਖਿਆ: “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ।” (ਕਹਾਉਤਾਂ 12:18) ਜੇ ਬਿਨਾਂ ਸੋਚੇ-ਸਮਝੇ ਕੋਈ ਗੱਲ ਕਹੀ ਜਾਂਦੀ ਹੈ, ਤਾਂ ਇਸ ਨਾਲ ਕਹਿਣ ਵਾਲੇ ਨੂੰ ਅਤੇ ਸੁਣਨ ਵਾਲਿਆਂ ਨੂੰ ਦੁੱਖ ਪਹੁੰਚ ਸਕਦਾ ਹੈ। ਇਸ ਲਈ ਬਾਈਬਲ ਸਾਨੂੰ ਇਹ ਚੰਗੀ ਸਲਾਹ ਦਿੰਦੀ ਹੈ: “ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ।” (ਟੇਢੇ ਟਾਈਪ ਸਾਡੇ।)—ਕਹਾਉਤਾਂ 15:28.

ਮਿਹਨਤੀ ਬਣੋ

ਸੁਲੇਮਾਨ ਕਹਿੰਦਾ ਹੈ: “ਘੌਲੀਏ ਦਾ ਜੀ ਤਾਂ ਲੋਚਦਾ ਪਰ ਉਹ ਨੂੰ ਲੱਭਦਾ ਕੁਝ ਵੀ ਨਹੀਂ, ਪਰ ਉੱਦਮੀ ਦੀ ਜਾਨ ਮੋਟੀ ਹੋ ਜਾਵੇਗੀ।” (ਕਹਾਉਤਾਂ 13:4) ਇਕ ਕਿਤਾਬ ਕਹਿੰਦੀ ਹੈ: “[ਇਸ ਕਹਾਵਤ] ਦਾ ਇਹ ਮਤਲਬ ਹੈ ਕਿ ਸਿਰਫ਼ ਲੋਚ ਜਾਂ ਇੱਛਾ ਰੱਖਣੀ ਹੀ ਕਾਫ਼ੀ ਨਹੀਂ ਹੈ, ਸਗੋਂ ਉਸ ਨੂੰ ਪੂਰਾ ਕਰਨ ਲਈ ਉੱਦਮ ਕਰਨਾ ਜ਼ਿਆਦਾ ਜ਼ਰੂਰੀ ਹੈ। ਘੌਲ ਕਰਨ ਵਾਲੇ ਸੁਸਤ ਲੋਕ ਸਿਰਫ਼ ਲੋਚਦੇ ਰਹਿੰਦੇ ਹਨ . . . ਪਰ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਦਾ।” ਪਰ ਉੱਦਮੀ ਬੰਦੇ “ਦੀ ਜਾਨ ਮੋਟੀ” ਹੋ ਜਾਂਦੀ ਹੈ ਯਾਨੀ ਉਸ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।

ਉਨ੍ਹਾਂ ਲੋਕਾਂ ਬਾਰੇ ਕੀ ਕਿਹਾ ਜਾ ਸਕਦਾ ਹੈ ਜੋ ਜਵਾਬਦੇਹੀ ਤੋਂ ਬਚਣ ਲਈ ਯਹੋਵਾਹ ਨੂੰ ਆਪਣਾ ਸਮਰਪਣ ਨਹੀਂ ਕਰਦੇ? ਉਹ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਜੀਉਣ ਦੀ ਇੱਛਾ ਤਾਂ ਰੱਖਦੇ ਹਨ, ਪਰ ਕੀ ਉਹ ਇਸ ਇੱਛਾ ਨੂੰ ਪੂਰਾ ਕਰਨ ਲਈ ਕੁਝ ਕਰਨ ਨੂੰ ਤਿਆਰ ਹੁੰਦੇ ਹਨ? “ਵੱਡੀ ਬਿਪਤਾ” ਵਿੱਚੋਂ ਬਚਣ ਵਾਲੇ ਲੋਕਾਂ ਲਈ ਇਕ ਮੰਗ ਇਹ ਹੈ ਕਿ ਉਹ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਉੱਤੇ ਨਿਹਚਾ ਕਰਨ, ਯਹੋਵਾਹ ਨੂੰ ਆਪਣਾ ਸਮਰਪਣ ਕਰਨ ਤੇ ਪਾਣੀ ਦਾ ਬਪਤਿਸਮਾ ਲੈ ਕੇ ਆਪਣੇ ਸਮਰਪਣ ਦਾ ਸਬੂਤ ਦੇਣ।—ਪਰਕਾਸ਼ ਦੀ ਪੋਥੀ 7:14, 15.

ਇਸ ਉੱਤੇ ਵੀ ਵਿਚਾਰ ਕਰੋ ਕਿ ਕਲੀਸਿਯਾ ਵਿਚ ਨਿਗਾਹਬਾਨ ਬਣਨ ਲਈ ਕੀ ਕਰਨਾ ਜ਼ਰੂਰੀ ਹੈ। ਨਿਗਾਹਬਾਨ ਬਣਨ ਦੀ ਇੱਛਾ ਰੱਖਣੀ ਚੰਗੀ ਗੱਲ ਹੈ ਤੇ ਬਾਈਬਲ ਵੀ ਇਸ ਤਰ੍ਹਾਂ ਕਰਨ ਦਾ ਉਤਸ਼ਾਹ ਦਿੰਦੀ ਹੈ। (1 ਤਿਮੋਥਿਉਸ 3:1) ਪਰ ਸਿਰਫ਼ ਇੱਛਾ ਰੱਖਣੀ ਹੀ ਕਾਫ਼ੀ ਨਹੀਂ ਹੈ। ਇਸ ਨੂੰ ਪ੍ਰਾਪਤ ਕਰਨ ਲਈ ਲੋੜੀਂਦੇ ਗੁਣ ਤੇ ਯੋਗਤਾਵਾਂ ਪੈਦਾ ਕਰਨੀਆਂ ਬਹੁਤ ਜ਼ਰੂਰੀ ਹਨ। ਇਸ ਲਈ ਚਾਹੀਦਾ ਹੈ ਕਿ ਇੱਛਾ ਰੱਖਣ ਵਾਲੇ ਭਰਾ ਮਿਹਨਤ ਕਰਨ।

ਧਾਰਮਿਕਤਾ ਰਾਖੀ ਕਰਦੀ ਹੈ

ਧਰਮੀ ਇਨਸਾਨ ਆਪਣੇ ਵਿਚ ਪਰਮੇਸ਼ੁਰੀ ਗੁਣ ਪੈਦਾ ਕਰਦਾ ਹੈ ਅਤੇ ਸੱਚ ਬੋਲਦਾ ਹੈ। ਉਸ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਝੂਠ ਬੋਲਣਾ ਪਰਮੇਸ਼ੁਰ ਦੇ ਨਿਯਮ ਦੇ ਖ਼ਿਲਾਫ਼ ਹੈ। (ਕਹਾਉਤਾਂ 6:16-19; ਕੁਲੁੱਸੀਆਂ 3:9) ਇਸ ਬਾਰੇ ਸੁਲੇਮਾਨ ਕਹਿੰਦਾ ਹੈ: “ਧਰਮੀ ਨੂੰ ਝੂਠ ਤੋਂ ਸੂਗ ਆਉਂਦੀ ਹੈ, ਪਰ ਦੁਸ਼ਟ ਸ਼ਰਮ ਅਤੇ ਖੱਜਲਪੁਣੇ ਤੇ ਚੱਲਦਾ ਹੈ।” (ਕਹਾਉਤਾਂ 13:5) ਧਰਮੀ ਇਨਸਾਨ ਝੂਠ ਬੋਲਣ ਤੋਂ ਸਿਰਫ਼ ਪਰਹੇਜ਼ ਹੀ ਨਹੀਂ ਕਰਦਾ, ਸਗੋਂ ਉਹ ਝੂਠ ਨਾਲ ਨਫ਼ਰਤ ਵੀ ਕਰਦਾ ਹੈ। ਉਹ ਜਾਣਦਾ ਹੈ ਕਿ ਛੋਟੇ-ਮੋਟੇ ਝੂਠ ਵੀ ਚੰਗੇ ਰਿਸ਼ਤਿਆਂ ਨੂੰ ਬਰਬਾਦ ਕਰ ਸਕਦੇ ਹਨ। ਇਸ ਤੋਂ ਇਲਾਵਾ, ਝੂਠ ਬੋਲਣ ਵਾਲੇ ਬੰਦੇ ਦਾ ਨਾਂ ਵੀ ਖ਼ਰਾਬ ਹੋ ਜਾਂਦਾ ਹੈ। ਦੁਸ਼ਟ ਵਿਅਕਤੀ ਬੇਸ਼ਰਮੀ ਨਾਲ ਝੂਠ ਬੋਲ ਕੇ ਜਾਂ ਕੋਈ ਹੋਰ ਗ਼ਲਤ ਕੰਮ ਕਰ ਕੇ ਆਪਣੀ ਬਦਨਾਮੀ ਕਰਾਉਂਦਾ ਹੈ।

ਇਹ ਦਿਖਾਉਣ ਲਈ ਕਿ ਉਹ ਕੰਮ ਕਰਨਾ ਫ਼ਾਇਦੇਮੰਦ ਹੈ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਹੈ, ਬੁੱਧੀਮਾਨ ਰਾਜਾ ਸੁਲੇਮਾਨ ਕਹਿੰਦਾ ਹੈ: “ਜਿਹੜਾ ਸਿੱਧੀ ਚਾਲ ਚੱਲਦਾ ਹੈ ਧਰਮ ਉਹ ਦੀ ਰੱਛਿਆ ਕਰਦਾ ਹੈ, ਪਰ ਦੁਸ਼ਟਪੁਣਾ ਪਾਪੀ ਨੂੰ ਉਲਟਾ ਦਿੰਦਾ ਹੈ।” (ਕਹਾਉਤਾਂ 13:6) ਇਕ ਕਿਲੇ ਵਾਂਗ, ਧਾਰਮਿਕਤਾ ਸਾਡੀ ਰਾਖੀ ਕਰਦੀ ਹੈ, ਪਰ ਦੁਸ਼ਟਤਾ ਸਾਨੂੰ ਬਰਬਾਦ ਕਰ ਦਿੰਦੀ ਹੈ।

ਦਿਖਾਵਾ ਨਾ ਕਰੋ

ਮਨੁੱਖੀ ਸੁਭਾਅ ਨੂੰ ਸਮਝਦੇ ਹੋਏ ਰਾਜਾ ਸੁਲੇਮਾਨ ਲਿਖਦਾ ਹੈ: “ਕੋਈ ਤਾਂ ਧਨੀ ਬਣਿਆ ਫਿਰਦਾ ਹੈ ਪਰ ਉਹ ਦੇ ਕੋਲ ਕੱਖ ਵੀ ਨਹੀਂ, ਅਤੇ ਕੋਈ ਕੰਗਾਲ ਬਣਿਆ ਫਿਰਦਾ ਹੈ ਪਰ ਉਹ ਦੇ ਕੋਲ ਬਹੁਤ ਧਨ ਹੈ।” (ਕਹਾਉਤਾਂ 13:7) ਕਈ ਲੋਕ ਹੁੰਦੇ ਕੁਝ ਹਨ, ਪਰ ਉਹ ਦਿਖਾਵਾ ਕੁਝ ਹੋਰ ਕਰਦੇ ਹਨ। ਕੁਝ ਗ਼ਰੀਬ ਅਮੀਰ ਹੋਣ ਦਾ ਦਿਖਾਵਾ ਕਰਦੇ ਹਨ। ਉਹ ਸ਼ਾਇਦ ਆਪਣੀ ਇੱਜ਼ਤ ਬਚਾਉਣ ਜਾਂ ਕਾਮਯਾਬ ਹੋਣ ਦਾ ਦਿਖਾਵਾ ਕਰਨ ਲਈ ਇਸ ਤਰ੍ਹਾਂ ਕਰਦੇ ਹਨ। ਕੁਝ ਅਮੀਰ ਲੋਕ ਆਪਣੀ ਧਨ-ਦੌਲਤ ਨੂੰ ਲੁਕਾਉਣ ਲਈ ਗ਼ਰੀਬ ਹੋਣ ਦਾ ਦਿਖਾਵਾ ਕਰਦੇ ਹਨ।

ਨਾ ਤਾਂ ਝੂਠਾ ਦਿਖਾਵਾ ਕਰਨਾ ਠੀਕ ਹੈ ਤੇ ਨਾ ਹੀ ਲੁਕਾਅ ਰੱਖਣਾ ਠੀਕ ਹੈ। ਜੇ ਸਾਡੇ ਕੋਲ ਜ਼ਿਆਦਾ ਪੈਸਾ ਨਹੀਂ ਹੈ, ਤਾਂ ਅਮੀਰ ਦਿੱਸਣ ਲਈ ਫ਼ਜ਼ੂਲ ਚੀਜ਼ਾਂ ਤੇ ਪੈਸਾ ਬਰਬਾਦ ਕਰਨ ਨਾਲ ਸਾਡੇ ਪਰਿਵਾਰ ਨੂੰ ਜ਼ਰੂਰੀ ਚੀਜ਼ਾਂ ਤੋਂ ਵਾਂਝਾ ਰਹਿਣਾ ਪੈ ਸਕਦਾ ਹੈ। ਅਮੀਰ ਹੁੰਦੇ ਹੋਏ ਵੀ ਗ਼ਰੀਬੀ ਦਾ ਦਿਖਾਵਾ ਕਰਨ ਵਾਲਾ ਇਨਸਾਨ ਆਪਣੇ ਆਪ ਨੂੰ ਕੰਜੂਸ ਬਣਾਉਂਦਾ ਹੈ ਤੇ ਆਪਣੀ ਇੱਜ਼ਤ ਗੁਆ ਬੈਠਦਾ ਹੈ। ਉਸ ਨੂੰ ਉਹ ਖ਼ੁਸ਼ੀ ਵੀ ਨਹੀਂ ਮਿਲਦੀ ਜੋ ਖੁੱਲ੍ਹ-ਦਿਲੀ ਦਿਖਾਉਣ ਨਾਲ ਮਿਲਦੀ ਹੈ। (ਰਸੂਲਾਂ ਦੇ ਕਰਤੱਬ 20:35) ਈਮਾਨਦਾਰੀ ਨਾਲ ਜ਼ਿੰਦਗੀ ਬਸਰ ਕਰਨ ਨਾਲ ਹੀ ਜ਼ਿੰਦਗੀ ਖ਼ੁਸ਼ੀਆਂ ਭਰੀ ਬਣਦੀ ਹੈ।

ਸਾਦੀ ਜ਼ਿੰਦਗੀ ਗੁਜ਼ਾਰੋ

ਸੁਲੇਮਾਨ ਕਹਿੰਦਾ ਹੈ: “ਮਨੁੱਖ ਦੀ ਜਾਨ ਦੀ ਚੱਟੀ ਉਹ ਦਾ ਧਨ ਹੈ, ਪਰ ਨਿਰਧਨ ਧਮਕੀ ਨੂੰ ਸੁਣਦਾ ਹੀ ਨਹੀਂ।” (ਕਹਾਉਤਾਂ 13:8) ਇਸ ਕਹਾਵਤ ਤੋਂ ਕਿਹੜਾ ਸਬਕ ਸਿੱਖਣ ਨੂੰ ਮਿਲਦਾ ਹੈ?

ਅਮੀਰ ਹੋਣ ਦੇ ਬਹੁਤ ਫ਼ਾਇਦੇ ਹਨ, ਪਰ ਹਮੇਸ਼ਾ ਨਹੀਂ। ਇਨ੍ਹਾਂ ਭੈੜੇ ਸਮਿਆਂ ਵਿਚ ਅਮੀਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਮੇਸ਼ਾ ਖ਼ਤਰਾ ਰਹਿੰਦਾ ਹੈ ਕਿ ਕੋਈ ਪੈਸੇ ਲਈ ਉਨ੍ਹਾਂ ਨੂੰ ਅਗਵਾ ਨਾ ਕਰ ਲਵੇ। ਕਈ ਵਾਰ ਅਮੀਰ ਆਦਮੀ ਫਿਰੌਤੀ ਦੇ ਕੇ ਆਪਣੀ ਜਾਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੀ ਜਾਨ ਬਚਾ ਲੈਂਦਾ ਹੈ। ਪਰ ਅਕਸਰ ਅਗਵਾ ਕੀਤੇ ਹੋਏ ਵਿਅਕਤੀ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ। ਅਜਿਹਾ ਖ਼ਤਰਾ ਅਮੀਰਾਂ ਦੇ ਸਿਰ ਤੇ ਹਮੇਸ਼ਾ ਮੰਡਰਾਉਂਦਾ ਰਹਿੰਦਾ ਹੈ।

ਪਰ ਗ਼ਰੀਬਾਂ ਨੂੰ ਅਜਿਹੀ ਕੋਈ ਚਿੰਤਾ ਨਹੀਂ ਹੁੰਦੀ। ਭਾਵੇਂ ਉਸ ਕੋਲ ਅਮੀਰ ਲੋਕਾਂ ਵਾਂਗ ਐਸ਼ੋ-ਆਰਾਮ ਦੀਆਂ ਚੀਜ਼ਾਂ ਨਾ ਹੋਣ, ਪਰ ਉਸ ਨੂੰ ਅਗਵਾ ਹੋਣ ਦਾ ਵੀ ਕੋਈ ਖ਼ਤਰਾ ਨਹੀਂ ਹੁੰਦਾ। ਸਾਦੀ ਜ਼ਿੰਦਗੀ ਗੁਜ਼ਾਰਨ ਅਤੇ ਪੈਸੇ ਪਿੱਛੇ ਨਾ ਭੱਜਣ ਦਾ ਇਹ ਇਕ ਫ਼ਾਇਦਾ ਹੈ।—2 ਤਿਮੋਥਿਉਸ 2:4.

“ਜੋਤ” ਵਿਚ ਆਨੰਦ ਮਨਾਓ

ਸੁਲੇਮਾਨ ਇਹ ਦੱਸਣਾ ਜਾਰੀ ਰੱਖਦਾ ਹੈ ਕਿ ਯਹੋਵਾਹ ਦੇ ਤਰੀਕਿਆਂ ਅਨੁਸਾਰ ਕੰਮ ਕਰਨ ਨਾਲ ਸਾਡਾ ਹੀ ਫ਼ਾਇਦਾ ਹੁੰਦਾ ਹੈ। ਉਹ ਦੱਸਦਾ ਹੈ: “ਧਰਮੀ ਦੀ ਜੋਤ ਮੌਜ ਮਾਰਦੀ, ਪਰ ਦੁਸ਼ਟਾਂ ਦਾ ਦੀਵਾ ਬੁਝਾਇਆ ਜਾਵੇਗਾ।”ਕਹਾਉਤਾਂ 13:9.

ਇਹ ਜੋਤ ਉਸ ਚੀਜ਼ ਨੂੰ ਦਰਸਾਉਂਦੀ ਹੈ ਜਿਸ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਰਾਹ ਨੂੰ ਰੌਸ਼ਨ ਕਰਦੇ ਹਾਂ। ‘ਪਰਮੇਸ਼ੁਰ ਦਾ ਬਚਨ ਧਰਮੀ ਦੇ ਪੈਰਾਂ ਲਈ ਦੀਪਕ, ਅਤੇ ਉਸ ਦੇ ਰਾਹ ਦਾ ਚਾਨਣ ਹੈ।’ (ਜ਼ਬੂਰਾਂ ਦੀ ਪੋਥੀ 119:105) ਪਰਮੇਸ਼ੁਰ ਦੇ ਬਚਨ ਵਿਚ ਸਿਰਜਣਹਾਰ ਦੇ ਗਿਆਨ ਅਤੇ ਬੁੱਧ ਦਾ ਨਾ ਖ਼ਤਮ ਹੋਣ ਵਾਲਾ ਭੰਡਾਰ ਹੈ। ਅਸੀਂ ਪਰਮੇਸ਼ੁਰ ਦੀ ਇੱਛਾ ਅਤੇ ਮਕਸਦ ਬਾਰੇ ਜਿੰਨਾ ਜ਼ਿਆਦਾ ਜਾਣਾਂਗੇ, ਸਾਡੀ ਜ਼ਿੰਦਗੀ ਦੇ ਰਾਹ ਵਿਚ ਅਧਿਆਤਮਿਕ ਚਾਨਣ ਉੱਨਾ ਹੀ ਜ਼ਿਆਦਾ ਚਮਕੇਗਾ। ਸਾਨੂੰ ਇਸ ਤੋਂ ਕਿੰਨੀ ਖ਼ੁਸ਼ੀ ਮਿਲਦੀ ਹੈ! ਅਸੀਂ ਦੁਨੀਆਂ ਦੀ ਸਿਆਣਪ ‘ਜਿਹੜੀ ਝੂਠ ਮੂਠ ਗਿਆਨ ਕਹਾਉਂਦੀ ਹੈ’ ਦੇ ਧੋਖੇ ਵਿਚ ਆ ਕੇ ਕਿਉਂ ਗੁਮਰਾਹ ਹੋਈਏ?—1 ਤਿਮੋਥਿਉਸ 6:20; 1 ਕੁਰਿੰਥੀਆਂ 1:20; ਕੁਲੁੱਸੀਆਂ 2:8.

ਦੁਸ਼ਟ ਦਾ ਦੀਵਾ ਭਾਵੇਂ ਕਿੰਨੀ ਵੀ ਰੌਸ਼ਨੀ ਕਿਉਂ ਨਾ ਦਿੰਦਾ ਹੋਵੇ ਤੇ ਦੁਸ਼ਟ ਭਾਵੇਂ ਕਿੰਨਾ ਵੀ ਖ਼ੁਸ਼ਹਾਲ ਕਿਉਂ ਨਾ ਨਜ਼ਰ ਆਵੇ, ਉਸ ਦਾ ਦੀਵਾ ਬੁਝਾ ਦਿੱਤਾ ਜਾਵੇਗਾ। ਉਹ ਹਨੇਰੇ ਵਿਚ ਟੱਕਰਾਂ ਮਾਰਦਾ ਫਿਰੇਗਾ। ਇਸ ਤੋਂ ਇਲਾਵਾ, ਉਸ ਲਈ “ਅੱਗੇ ਨੂੰ ਕੋਈ ਆਸ” ਯਾਨੀ ਚੰਗਾ ਭਵਿੱਖ ਨਹੀਂ ਹੋਵੇਗਾ।—ਕਹਾਉਤਾਂ 24:20.

ਉਸ ਵੇਲੇ ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਸਾਨੂੰ ਕਿਸੇ ਖ਼ਾਸ ਸਥਿਤੀ ਵਿਚ ਪਤਾ ਨਹੀਂ ਹੁੰਦਾ ਕਿ ਅਸੀਂ ਕੀ ਕਰੀਏ? ਜੇ ਸਾਨੂੰ ਪਤਾ ਨਹੀਂ ਹੈ ਕਿ ਕੋਈ ਕੰਮ ਕਰਨਾ ਸਾਡੇ ਇਖ਼ਤਿਆਰ ਵਿਚ ਹੈ ਜਾਂ ਨਹੀਂ, ਤਾਂ ਕੀ ਕਰਨਾ ਚਾਹੀਦਾ ਹੈ? ਕਹਾਉਤਾਂ 13:10 ਸਾਨੂੰ ਚੇਤਾਵਨੀ ਦਿੰਦਾ ਹੈ: “ਹੰਕਾਰ ਨਾਲ ਝਗੜੇ ਹੀ ਝਗੜੇ ਹੁੰਦੇ ਹਨ।” ਬਿਨਾਂ ਕੁਝ ਜਾਣੇ ਜਾਂ ਆਪਣੇ ਇਖ਼ਤਿਆਰ ਤੋਂ ਬਾਹਰ ਜਾ ਕੇ ਕੰਮ ਕਰਨਾ ਹੰਕਾਰ ਹੈ ਅਤੇ ਇਸ ਨਾਲ ਲੜਾਈ-ਝਗੜਾ ਹੋਣ ਦੀ ਸੰਭਾਵਨਾ ਰਹਿੰਦੀ ਹੈ। ਕੀ ਇਹ ਚੰਗਾ ਨਹੀਂ ਹੋਵੇਗਾ ਕਿ ਅਸੀਂ ਗਿਆਨਵਾਨ ਤੇ ਸਮਝਦਾਰ ਬੰਦੇ ਕੋਲੋਂ ਸਲਾਹ ਲਈਏ? ਬੁੱਧੀਮਾਨ ਰਾਜਾ ਕਹਿੰਦਾ ਹੈ: “ਜਿਹੜੇ ਸਲਾਹ ਨੂੰ ਮੰਨਦੇ ਹਨ ਓਹਨਾਂ ਨਾਲ ਬੁੱਧ ਹੈ।”

ਗ਼ਲਤ ਆਸਾਂ ਲਾਉਣ ਤੋਂ ਖ਼ਬਰਦਾਰ ਰਹੋ

ਪੈਸਾ ਬਹੁਤ ਕੰਮ ਆਉਂਦਾ ਹੈ। ਜੇ ਹੱਥ ਵਿਚ ਥੋੜ੍ਹਾ-ਬਹੁਤਾ ਪੈਸਾ ਹੈ, ਤਾਂ ਇਹ ਕੰਜੂਸੀ ਵਰਤਣ ਜਾਂ ਗ਼ਰੀਬੀ ਵਿਚ ਦਿਨ ਕੱਟਣ ਨਾਲੋਂ ਚੰਗਾ ਹੈ। (ਉਪਦੇਸ਼ਕ ਦੀ ਪੋਥੀ 7:11, 12) ਪਰ ਬੇਈਮਾਨੀ ਨਾਲ ਕਮਾਏ ਪੈਸੇ ਦੇ ਫ਼ਾਇਦੇ ਧੋਖਾ ਦੇ ਸਕਦੇ ਹਨ। ਸੁਲੇਮਾਨ ਖ਼ਬਰਦਾਰ ਕਰਦਾ ਹੈ: “ਐਵੇਂ ਕਿਵੇਂ ਦਾ ਧਨ ਘਟ ਜਾਵੇਗਾ, ਪਰ ਮਿਹਨਤ ਦਾ ਧਨ ਵਧ ਜਾਵੇਗਾ।”ਕਹਾਉਤਾਂ 13:11.

ਉਦਾਹਰਣ ਲਈ, ਜੂਆ ਖੇਡਣ ਦੇ ਲਾਲਚ ਤੇ ਗੌਰ ਕਰੋ। ਇਕ ਜੁਆਰੀ ਮਿਹਨਤ ਨਾਲ ਕਮਾਏ ਪੈਸਿਆਂ ਨਾਲ ਜੂਆ ਖੇਡਦਾ ਹੈ, ਇਸ ਆਸ ਨਾਲ ਕਿ ਉਹ ਜੂਏ ਵਿਚ ਬਹੁਤ ਸਾਰੇ ਪੈਸੇ ਜਿੱਤ ਜਾਵੇਗਾ। ਪਰ ਉਹ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਨਹੀਂ ਰੱਖਦਾ। ਜੇ ਜੁਆਰੀ ਜਿੱਤ ਵੀ ਜਾਂਦਾ ਹੈ, ਤਾਂ ਕੀ ਹੁੰਦਾ ਹੈ? ਕਿਉਂਕਿ ਪੈਸਾ ਬਿਨਾਂ ਮਿਹਨਤ ਕੀਤੇ ਹੱਥ ਆਇਆ ਹੈ, ਇਸ ਲਈ ਉਹ ਸ਼ਾਇਦ ਪੈਸੇ ਦੀ ਬਹੁਤ ਘੱਟ ਕਦਰ ਕਰੇ। ਇਸ ਤੋਂ ਇਲਾਵਾ ਉਸ ਨੂੰ ਹੱਥ ਵਿਚ ਆਏ ਪੈਸਿਆਂ ਨੂੰ ਸਾਂਭਣਾ ਨਾ ਆਉਂਦਾ ਹੋਵੇ। ਜੋ ਪੈਸਾ ਇੰਨੀ ਜਲਦੀ ਆਇਆ ਹੈ, ਉੱਨੀ ਹੀ ਜਲਦੀ ਇਹ ਉਸ ਦੇ ਹੱਥੋਂ ਨਿਕਲ ਵੀ ਸਕਦਾ ਹੈ। ਦੂਸਰੇ ਪਾਸੇ, ਜੋ ਮਿਹਨਤ ਕਰ ਕੇ ਇਕ-ਇਕ ਪੈਸਾ ਜੋੜਦਾ ਹੈ, ਉਹ ਪੈਸੇ ਨੂੰ ਧਿਆਨ ਨਾਲ ਵਰਤਦਾ ਹੈ।

ਸੁਲੇਮਾਨ ਕਹਿੰਦਾ ਹੈ: “ਆਸ ਦੀ ਢਿੱਲ ਦਿਲ ਨੂੰ ਬਿਮਾਰ ਕਰਦੀ ਹੈ, ਪਰ ਆਸ ਦਾ ਪੂਰਾ ਹੋਣਾ ਜੀਵਨ ਦਾ ਬਿਰਛ ਹੈ।” (ਕਹਾਉਤਾਂ 13:12) ਆਸਾਂ ਪੂਰੀਆਂ ਨਾ ਹੋਣ ਤੇ ਨਿਰਾਸ਼ਾ ਹੁੰਦੀ ਹੈ ਤੇ ਦਿਲ ਨੂੰ ਦੁੱਖ ਹੁੰਦਾ ਹੈ। ਇਹ ਹਰ ਰੋਜ਼ ਹੁੰਦਾ ਹੈ। ਪਰ ਜਿਹੜੀਆਂ ਆਸਾਂ ਪਰਮੇਸ਼ੁਰ ਦੇ ਬਚਨ ਦੇ ਆਧਾਰ ਤੇ ਲਾਈਆਂ ਜਾਂਦੀਆਂ ਹਨ, ਉਨ੍ਹਾਂ ਤੋਂ ਸਾਨੂੰ ਨਿਰਾਸ਼ਾ ਨਹੀਂ ਹੋਵੇਗੀ। ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਪੂਰੀਆਂ ਹੋਣਗੀਆਂ। ਜੇ ਸਾਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਪੂਰਾ ਹੋਣ ਵਿਚ ਦੇਰ ਹੋ ਰਹੀ ਹੈ, ਤਾਂ ਵੀ ਸਾਨੂੰ ਨਿਰਾਸ਼ਾ ਨਹੀਂ ਹੋਵੇਗੀ।

ਉਦਾਹਰਣ ਲਈ, ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਨਵਾਂ ਸੰਸਾਰ ਜ਼ਰੂਰ ਆਵੇਗਾ। (2 ਪਤਰਸ 3:13) ਅਸੀਂ ਪੂਰੀ ਆਸ ਨਾਲ ਪਰਮੇਸ਼ੁਰ ਦੇ ਵਾਅਦਿਆਂ ਦੇ ਪੂਰਾ ਹੋਣ ਦੀ ਖ਼ੁਸ਼ੀ-ਖ਼ੁਸ਼ੀ ਉਡੀਕ ਕਰਦੇ ਹਾਂ। ਉਦੋਂ ਕੀ ਹੁੰਦਾ ਹੈ ਜਦੋਂ ਅਸੀਂ ਉਡੀਕ ਕਰਦੇ ਹੋਏ “ਪ੍ਰਭੁ ਦੇ ਕੰਮ ਵਿੱਚ” ਅਤੇ ਆਪਣੇ ਮਸੀਹੀ ਭੈਣ-ਭਰਾਵਾਂ ਨੂੰ ਹੌਸਲਾ ਦੇਣ ਅਤੇ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਵਿਚ ਰੁੱਝੇ ਰਹਿੰਦੇ ਹਾਂ? ਸਾਡਾ ‘ਦਿਲ ਬਿਮਾਰ’ ਹੋਣ ਦੀ ਬਜਾਇ ਖ਼ੁਸ਼ੀ ਨਾਲ ਭਰਿਆ ਰਹਿੰਦਾ ਹੈ। (1 ਕੁਰਿੰਥੀਆਂ 15:58; ਇਬਰਾਨੀਆਂ 10:24, 25; ਯਾਕੂਬ 4:8) ਜਦੋਂ ਲੰਬੇ ਸਮੇਂ ਤੋਂ ਲਾਈਆਂ ਆਸਾਂ ਪੂਰੀਆਂ ਹੁੰਦੀਆਂ ਹਨ, ਤਾਂ ਇਹ ਜੀਵਨ ਦਾ ਬਿਰਛ ਸਾਬਤ ਹੁੰਦੀਆਂ ਹਨ ਜਿਸ ਤੋਂ ਸ਼ਕਤੀ ਤੇ ਤਾਜ਼ਗੀ ਮਿਲਦੀ ਹੈ।

ਪਰਮੇਸ਼ੁਰ ਦੀ ਤਾਲੀਮ—ਜੀਵਨ ਦਾ ਸੋਤਾ

ਪਰਮੇਸ਼ੁਰ ਦੇ ਹੁਕਮ ਮੰਨਣ ਦੀ ਅਹਿਮੀਅਤ ਬਾਰੇ ਕਹਾਉਤਾਂ 13:13 ਦੱਸਦਾ ਹੈ: “ਜਿਹੜਾ ਬਚਨ ਨੂੰ ਤੁੱਛ ਜਾਣਦਾ ਹੈ ਉਹ ਆਪਣਾ ਨਾਸ ਕਰਦਾ ਹੈ, ਪਰ ਜਿਹੜਾ ਹੁਕਮ ਦਾ ਭੈ ਮੰਨਦਾ ਹੈ ਉਹ ਨੂੰ ਚੰਗਾ ਫਲ ਮਿਲਦਾ ਹੈ।” ਜੇ ਅਸੀਂ ਪਰਮੇਸ਼ੁਰ ਦੇ ਹੁਕਮਾਂ ਨੂੰ ਨਹੀਂ ਮੰਨਦੇ, ਤਾਂ ਸਾਨੂੰ ਨੁਕਸਾਨ ਸਹਿਣਾ ਪਵੇਗਾ। ਸਾਨੂੰ ਕੀ ਨੁਕਸਾਨ ਹੋ ਸਕਦਾ ਹੈ?

“ਬੁੱਧਵਾਨ ਦੀ ਤਾਲੀਮ ਜੀਉਣ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਰੇ ਰਹਿਣ ਲਈ ਹੈ।” (ਕਹਾਉਤਾਂ 13:14) ਬੁੱਧੀ ਦੇ ਭੰਡਾਰ ਯਹੋਵਾਹ ਪਰਮੇਸ਼ੁਰ ਦੀ ਤਾਲੀਮ ਤੋਂ ਬਗੈਰ ਜੀਉਣ ਨਾਲ ਸਾਨੂੰ ਉਹ ਅਗਵਾਈ ਨਹੀਂ ਮਿਲੇਗੀ ਜਿਸ ਨਾਲ ਸਾਡੀ ਜ਼ਿੰਦਗੀ ਬਿਹਤਰ ਤੇ ਲੰਬੀ ਹੋ ਸਕਦੀ ਹੈ। ਇਹ ਸਾਡੇ ਲਈ ਕਿੰਨਾ ਵੱਡਾ ਨੁਕਸਾਨ ਹੋਵੇਗਾ! ਇਸ ਲਈ, ਸਾਡੇ ਲਈ ਸਮਝਦਾਰੀ ਦੀ ਗੱਲ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਬਾਈਬਲ ਵੱਲ ਪੂਰਾ ਧਿਆਨ ਦੇਈਏ ਅਤੇ ਇਸ ਅਨੁਸਾਰ ਆਪਣੀਆਂ ਸੋਚਾਂ, ਗੱਲਾਂ ਤੇ ਕੰਮਾਂ ਨੂੰ ਬਦਲੀਏ।—2 ਕੁਰਿੰਥੀਆਂ 10:5; ਕੁਲੁੱਸੀਆਂ 1:10.

[ਸਫ਼ੇ 23 ਉੱਤੇ ਤਸਵੀਰਾਂ]

ਬਾਈਬਲ ਦੀ ਸਲਾਹ ਤੇ ਚੱਲਣਾ ਆਪਣੇ ਆਪ ਨੂੰ ਸਿਖਾਉਣ ਦਾ ਬਹੁਤ ਵਧੀਆ ਤਰੀਕਾ ਹੈ

[ਸਫ਼ੇ 24, 25 ਉੱਤੇ ਤਸਵੀਰਾਂ]

“ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ”

[ਸਫ਼ੇ 24, 26 ਉੱਤੇ ਤਸਵੀਰਾਂ]

“ਪ੍ਰਭੁ ਦੇ ਕੰਮ ਵਿੱਚ” ਰੁੱਝੇ ਰਹਿਣ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ