Skip to content

Skip to table of contents

ਮਾਰਟਿਨ ਲੂਥਰ—ਉਸ ਦੀ ਜ਼ਿੰਦਗੀ ਅਤੇ ਸਮਾਜ ਨੂੰ ਉਸ ਦੀ ਦੇਣ

ਮਾਰਟਿਨ ਲੂਥਰ—ਉਸ ਦੀ ਜ਼ਿੰਦਗੀ ਅਤੇ ਸਮਾਜ ਨੂੰ ਉਸ ਦੀ ਦੇਣ

ਮਾਰਟਿਨ ਲੂਥਰ—ਉਸ ਦੀ ਜ਼ਿੰਦਗੀ ਅਤੇ ਸਮਾਜ ਨੂੰ ਉਸ ਦੀ ਦੇਣ

“ਇਹ ਕਿਹਾ ਜਾਂਦਾ ਹੈ ਕਿ ਜਿੰਨੀਆਂ ਕਿਤਾਬਾਂ [ਮਾਰਟਿਨ ਲੂਥਰ] ਬਾਰੇ ਲਿਖੀਆਂ ਗਈਆਂ ਹਨ, ਉੱਨੀਆਂ ਕਿਤਾਬਾਂ ਇਤਿਹਾਸ ਵਿਚ ਉਸ ਦੇ ਸੁਆਮੀ ਯਿਸੂ ਮਸੀਹ ਤੋਂ ਛੁੱਟ ਹੋਰ ਕਿਸੇ ਬੰਦੇ ਬਾਰੇ ਨਹੀਂ ਲਿਖੀਆਂ ਗਈਆਂ।” ਟਾਈਮਜ਼ ਰਸਾਲੇ ਨੇ ਇਸ ਤਰ੍ਹਾਂ ਲਿਖਿਆ। ਲੂਥਰ ਦੀਆਂ ਗੱਲਾਂ ਤੇ ਕੰਮਾਂ ਨੇ ਚਰਚ ਦੇ ਸੁਧਾਰ ਅੰਦੋਲਨ ਨੂੰ ਜਨਮ ਦਿੱਤਾ। ਇਸ ਸੁਧਾਰ ਅੰਦੋਲਨ ਨੂੰ “ਮਨੁੱਖਜਾਤੀ ਦੇ ਇਤਿਹਾਸ ਵਿਚ ਸਭ ਤੋਂ ਮਹੱਤਵਪੂਰਣ ਅੰਦੋਲਨ” ਕਿਹਾ ਗਿਆ ਹੈ। ਇਸ ਅੰਦੋਲਨ ਰਾਹੀਂ ਲੂਥਰ ਨੇ ਯੂਰਪ ਵਿਚ ਪੂਰੇ ਧਰਮ ਦਾ ਨਕਸ਼ਾ ਹੀ ਬਦਲ ਦਿੱਤਾ ਤੇ ਉੱਥੇ ਮੱਧਕਾਲੀ ਯੁਗ ਨੂੰ ਖ਼ਤਮ ਕਰਨ ਵਿਚ ਯੋਗਦਾਨ ਪਾਇਆ। ਲੂਥਰ ਨੇ ਆਪਣੀਆਂ ਲਿਖਤਾਂ ਦੁਆਰਾ ਜਰਮਨ ਭਾਸ਼ਾ ਦੇ ਆਧੁਨਿਕ ਲਿਖਤੀ ਰੂਪ ਦਾ ਆਧਾਰ ਵੀ ਰੱਖਿਆ। ਉਸ ਨੇ ਬਾਈਬਲ ਦਾ ਜੋ ਅਨੁਵਾਦ ਕੀਤਾ ਸੀ, ਉਹ ਹੁਣ ਤਕ ਜਰਮਨ ਭਾਸ਼ਾ ਵਿਚ ਸਭ ਤੋਂ ਜ਼ਿਆਦਾ ਹਰਮਨਪਿਆਰਾ ਰਿਹਾ ਹੈ।

ਮਾਰਟਿਨ ਲੂਥਰ ਕਿਸ ਤਰ੍ਹਾਂ ਦਾ ਵਿਅਕਤੀ ਸੀ? ਯੂਰਪ ਉੱਤੇ ਉਸ ਦਾ ਕਿਉਂ ਇੰਨਾ ਪ੍ਰਭਾਵ ਪਿਆ?

ਲੂਥਰ ਦਾ ਵਿਦਵਾਨ ਬਣਨਾ

ਮਾਰਟਿਨ ਲੂਥਰ ਜਰਮਨੀ ਦੇ ਆਈਸਲੇਬਨ ਸ਼ਹਿਰ ਵਿਚ ਨਵੰਬਰ 1483 ਨੂੰ ਪੈਦਾ ਹੋਇਆ ਸੀ। ਭਾਵੇਂ ਉਸ ਦਾ ਪਿਤਾ ਤਾਂਬੇ ਦੀ ਖਾਣ ਵਿਚ ਮਜ਼ਦੂਰੀ ਕਰਦਾ ਸੀ, ਫਿਰ ਵੀ ਉਸ ਨੇ ਮਾਰਟਿਨ ਨੂੰ ਚੰਗਾ ਪੜ੍ਹਾਇਆ-ਲਿਖਾਇਆ। ਸਾਲ 1501 ਵਿਚ, ਮਾਰਟਿਨ ਅਰਫਰਟ ਯੂਨੀਵਰਸਿਟੀ ਵਿਚ ਪੜ੍ਹਨ ਲੱਗ ਪਿਆ। ਉੱਥੇ ਲਾਇਬ੍ਰੇਰੀ ਵਿਚ ਉਸ ਨੇ ਪਹਿਲੀ ਵਾਰ ਬਾਈਬਲ ਪੜ੍ਹੀ। ਉਸ ਨੇ ਕਿਹਾ: “ਇਹ ਕਿਤਾਬ ਪੜ੍ਹ ਕੇ ਮੈਨੂੰ ਬੇਹੱਦ ਖ਼ੁਸ਼ੀ ਹੋਈ ਅਤੇ ਮੇਰਾ ਇਹੋ ਸੁਪਨਾ ਸੀ ਕਿ ਇਕ ਦਿਨ ਮੇਰੇ ਕੋਲ ਆਪਣੀ ਬਾਈਬਲ ਹੋਵੇ।”

ਬਾਈ ਸਾਲ ਦੀ ਉਮਰ ਤੇ ਲੂਥਰ ਅਰਫਰਟ ਵਿਚ ਔਗਸਟੀਨ ਈਸਾਈ ਮੱਠ ਵਿਚ ਰਹਿਣ ਲੱਗ ਪਿਆ। ਬਾਅਦ ਵਿਚ ਉਸ ਨੇ ਵਿਟਨਬਰਗ ਯੂਨੀਵਰਸਿਟੀ ਤੋਂ ਧਰਮ-ਸ਼ਾਸਤਰ ਦੀ ਡਿਗਰੀ ਪ੍ਰਾਪਤ ਕੀਤੀ। ਲੂਥਰ ਨੂੰ ਲੱਗਦਾ ਸੀ ਕਿ ਉਹ ਪਰਮੇਸ਼ੁਰ ਦੀ ਕਿਰਪਾ ਦੇ ਯੋਗ ਨਹੀਂ ਸੀ ਅਤੇ ਕਈ ਵਾਰ ਉਹ ਆਪਣੀ ਦੋਸ਼ੀ ਜ਼ਮੀਰ ਕਰਕੇ ਨਿਰਾਸ਼ ਹੋ ਜਾਂਦਾ ਸੀ। ਪਰ ਬਾਈਬਲ ਦਾ ਅਧਿਐਨ, ਪ੍ਰਾਰਥਨਾ ਅਤੇ ਮਨਨ ਕਰਨ ਨਾਲ ਉਸ ਨੂੰ ਪਾਪੀਆਂ ਬਾਰੇ ਪਰਮੇਸ਼ੁਰ ਦੇ ਨਜ਼ਰੀਏ ਬਾਰੇ ਸਹੀ ਸਮਝ ਪ੍ਰਾਪਤ ਹੋਈ। ਲੂਥਰ ਨੇ ਦੇਖਿਆ ਕਿ ਪਰਮੇਸ਼ੁਰ ਦੀ ਮਿਹਰ ਕੰਮਾਂ ਦੁਆਰਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਾਪੀ ਇਨਸਾਨ ਕਦੇ ਵੀ ਇਸ ਦੇ ਯੋਗ ਨਹੀਂ ਬਣ ਸਕਦੇ। ਇਸ ਦੀ ਬਜਾਇ, ਜੋ ਲੋਕ ਯਿਸੂ ਦੇ ਬਲੀਦਾਨ ਵਿਚ ਨਿਹਚਾ ਕਰਦੇ ਹਨ, ਪਰਮੇਸ਼ੁਰ ਉਨ੍ਹਾਂ ਉੱਤੇ ਆਪਣੀ ਮਰਜ਼ੀ ਨਾਲ ਮਿਹਰ ਕਰਦਾ ਹੈ।—ਰੋਮੀਆਂ 1:16; 3:23, 24, 28.

ਲੂਥਰ ਨੇ ਇਹ ਸਿੱਟਾ ਕਿਵੇਂ ਕੱਢਿਆ ਕਿ ਉਸ ਦੀ ਇਹ ਨਵੀਂ ਸਮਝ ਸਹੀ ਸੀ? ਮੁਢਲੇ ਚਰਚ ਦੇ ਇਤਿਹਾਸ ਦੇ ਪ੍ਰੋਫ਼ੈਸਰ ਕੁਰਟ ਆਲਾਂਟ ਨੇ ਲਿਖਿਆ: “ਉਸ ਨੇ ਇਹ ਜਾਣਨ ਲਈ ਪੂਰੀ ਬਾਈਬਲ ਤੇ ਮਨਨ ਕੀਤਾ ਕਿ ਉਸ ਦੀ ਇਹ ਨਵੀਂ ਸਮਝ ਬਾਈਬਲ ਦੀਆਂ ਦੂਸਰੀਆਂ ਗੱਲਾਂ ਨਾਲ ਮੇਲ ਖਾਂਦੀ ਸੀ ਜਾਂ ਨਹੀਂ। ਉਸ ਨੇ ਦੇਖਿਆ ਕਿ ਬਾਈਬਲ ਦੀ ਹਰ ਗੱਲ ਇਸ ਨਾਲ ਸਹਿਮਤ ਸੀ।” ਨਿਹਚਾ ਦੁਆਰਾ, ਨਾ ਕਿ ਕੰਮਾਂ ਦੁਆਰਾ ਪਾਪ ਤੋਂ ਮੁਕਤੀ ਪ੍ਰਾਪਤ ਕਰਨ ਦੀ ਸਿੱਖਿਆ ਲੂਥਰ ਦੀਆਂ ਸਿੱਖਿਆਵਾਂ ਦਾ ਮੁੱਖ ਆਧਾਰ ਰਹੀ।

ਪਾਪ-ਮੁਕਤੀ ਦੇ ਵਪਾਰ ਦੇ ਖ਼ਿਲਾਫ਼

ਲੂਥਰ ਦੀ ਇਹ ਨਵੀਂ ਸਮਝ ਰੋਮਨ ਕੈਥੋਲਿਕ ਚਰਚ ਦੀ ਸਿੱਖਿਆ ਦੇ ਉਲਟ ਸੀ। ਉਸ ਸਮੇਂ ਆਮ ਤੌਰ ਤੇ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਮੌਤ ਤੋਂ ਬਾਅਦ ਪਾਪੀਆਂ ਨੂੰ ਕੁਝ ਸਮੇਂ ਲਈ ਸਜ਼ਾ ਭੁਗਤਣੀ ਪੈਂਦੀ ਸੀ। ਪਰ ਇਹ ਕਿਹਾ ਜਾਂਦਾ ਸੀ ਕਿ ਇਸ ਸਮੇਂ ਨੂੰ ਘਟਾਇਆ ਜਾ ਸਕਦਾ ਸੀ ਜੇ ਕੋਈ ਚਰਚ ਨੂੰ ਪੈਸਾ ਦੇ ਕੇ ਪਾਪ-ਮੁਕਤੀ ਖ਼ਰੀਦ ਲੈਂਦਾ ਸੀ। ਪੋਪ ਨੇ ਇਸ ਪ੍ਰਬੰਧ ਨੂੰ ਆਪਣੀ ਮਨਜ਼ੂਰੀ ਦਿੱਤੀ ਹੋਈ ਸੀ। ਮਾਇਨਜ਼ ਦੇ ਆਰਚਬਿਸ਼ਪ ਅਲਬਰਟ ਦੇ ਦਲਾਲ ਯੋਹਾਨ ਟੈਟਸਲ ਵਰਗੇ ਵਪਾਰੀਆਂ ਨੇ ਲੋਕਾਂ ਨੂੰ ਪਾਪ-ਮੁਕਤੀ ਵੇਚ ਕੇ ਬਹੁਤ ਪੈਸਾ ਕਮਾਇਆ। ਬਹੁਤ ਸਾਰੇ ਲੋਕ ਸੋਚਦੇ ਸਨ ਕਿ ਜੇ ਉਹ ਪਾਪ-ਮੁਕਤੀ ਖ਼ਰੀਦ ਲੈਂਦੇ ਸੀ, ਤਾਂ ਆਉਣ ਵਾਲੇ ਸਮੇਂ ਵਿਚ ਜੇ ਉਹ ਕੋਈ ਪਾਪ ਕਰਦੇ, ਤਾਂ ਉਹ ਵੀ ਮਾਫ਼ ਹੋ ਜਾਵੇਗਾ।

ਲੂਥਰ ਨੂੰ ਪਾਪ-ਮੁਕਤੀ ਦੇ ਵਪਾਰ ਤੇ ਬਹੁਤ ਗੁੱਸਾ ਆਇਆ। ਉਹ ਜਾਣਦਾ ਸੀ ਕਿ ਇਨਸਾਨ ਪਰਮੇਸ਼ੁਰ ਨਾਲ ਸੌਦੇਬਾਜ਼ੀ ਨਹੀਂ ਕਰ ਸਕਦੇ ਸਨ। ਸਾਲ 1517 ਵਿਚ ਉਸ ਨੇ ਆਪਣੇ ਮਸ਼ਹੂਰ 95 ਸ਼ੋਧ-ਪੱਤਰ ਲਿਖੇ ਜਿਨ੍ਹਾਂ ਵਿਚ ਉਸ ਨੇ ਚਰਚ ਤੇ ਦੋਸ਼ ਲਾਇਆ ਕਿ ਉਹ ਧਰਮ ਦੇ ਨਾਂ ਤੇ ਪੈਸੇ ਦੀ ਗ਼ਲਤ ਵਰਤੋਂ ਕਰ ਰਿਹਾ ਸੀ ਅਤੇ ਬਾਈਬਲ ਦੀਆਂ ਸਿੱਖਿਆਵਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਿਹਾ ਸੀ। ਇਨ੍ਹਾਂ ਸ਼ੋਧ-ਪੱਤਰਾਂ ਦੁਆਰਾ ਉਹ ਬਗਾਵਤ ਕਰਨ ਲਈ ਨਹੀਂ, ਸਗੋਂ ਸੁਧਾਰ ਕਰਨ ਲਈ ਹੱਲਾਸ਼ੇਰੀ ਦੇਣੀ ਚਾਹੁੰਦਾ ਸੀ। ਇਸ ਲਈ ਉਸ ਨੇ ਆਪਣੇ ਸ਼ੋਧ-ਪੱਤਰ ਦੀਆਂ ਨਕਲਾਂ ਮਾਇਨਜ਼ ਦੇ ਆਰਚਬਿਸ਼ਪ ਅਲਬਰਟ ਅਤੇ ਹੋਰ ਦੂਸਰੇ ਵਿਦਵਾਨਾਂ ਨੂੰ ਘੱਲੀਆਂ। ਬਹੁਤ ਸਾਰੇ ਇਤਿਹਾਸਕਾਰ ਕਹਿੰਦੇ ਹਨ ਕਿ 1517 ਵਿਚ ਜਾਂ ਇਸ ਦੇ ਆਸ-ਪਾਸ ਸੁਧਾਰ ਅੰਦੋਲਨ ਦਾ ਜਨਮ ਹੋਇਆ ਸੀ।

ਸਿਰਫ਼ ਲੂਥਰ ਨੇ ਹੀ ਚਰਚ ਦੀਆਂ ਗ਼ਲਤੀਆਂ ਉੱਤੇ ਆਪਣਾ ਅਫ਼ਸੋਸ ਜ਼ਾਹਰ ਨਹੀਂ ਕੀਤਾ ਸੀ। ਇਕ ਸੌ ਸਾਲ ਪਹਿਲਾਂ, ਚੈਕੋਸਲਵਾਕੀਆ ਦੇ ਧਰਮ ਸੁਧਾਰਕ ਯਾਨ ਹਸ ਨੇ ਪਾਪ-ਮੁਕਤੀ ਦੇ ਵਪਾਰ ਦਾ ਵਿਰੋਧ ਕੀਤਾ ਸੀ। ਹਸ ਤੋਂ ਵੀ ਪਹਿਲਾਂ ਇੰਗਲੈਂਡ ਦੇ ਜੌਨ ਵਿੱਕਲਿਫ਼ ਨੇ ਕਿਹਾ ਸੀ ਕਿ ਚਰਚ ਦੀਆਂ ਕੁਝ ਰਸਮਾਂ ਬਾਈਬਲ ਉੱਤੇ ਆਧਾਰਿਤ ਨਹੀਂ ਸਨ। ਲੂਥਰ ਦੇ ਜ਼ਮਾਨੇ ਵਿਚ ਰੋਟਰਡਮ ਦੇ ਰਹਿਣ ਵਾਲੇ ਇਰੈਸਮਸ ਅਤੇ ਇੰਗਲੈਂਡ ਦੇ ਰਹਿਣ ਵਾਲੇ ਟਿੰਡੇਲ ਨੇ ਵੀ ਸੁਧਾਰ ਕਰਨ ਲਈ ਆਵਾਜ਼ ਉਠਾਈ ਸੀ। ਜਰਮਨੀ ਵਿਚ ਯੋਹਾਨਸ ਗੁਟਨਬਰਗ ਨੇ ਹਿੱਲਣਯੋਗ ਟਾਈਪ ਵਾਲੀ ਛਪਾਈ ਮਸ਼ੀਨ ਬਣਾਈ ਸੀ। ਉਸ ਮਸ਼ੀਨ ਸਦਕਾ ਲੂਥਰ ਦੀ ਆਵਾਜ਼ ਦੂਸਰੇ ਸੁਧਾਰਕਾਂ ਦੀ ਆਵਾਜ਼ ਨਾਲੋਂ ਜ਼ਿਆਦਾ ਉੱਚੀ ਤੇ ਦੂਰ-ਦੂਰ ਤਕ ਸੁਣਾਈ ਦਿੱਤੀ।

ਸਾਲ 1455 ਵਿਚ, ਮਾਇਨਜ਼ ਵਿਚ ਗੁਟਨਬਰਗ ਦੀ ਛਪਾਈ ਮਸ਼ੀਨ ਚੱਲ ਰਹੀ ਸੀ। ਸੋਲਵੀਂ ਸਦੀ ਦੇ ਸ਼ੁਰੂ ਵਿਚ ਜਰਮਨੀ ਦੇ 60 ਸ਼ਹਿਰਾਂ ਅਤੇ ਯੂਰਪ ਦੇ ਹੋਰ 12 ਦੇਸ਼ਾਂ ਵਿਚ ਛਪਾਈ ਮਸ਼ੀਨਾਂ ਚੱਲ ਰਹੀਆਂ ਸਨ। ਇਤਿਹਾਸ ਵਿਚ ਪਹਿਲੀ ਵਾਰ ਆਮ ਜਨਤਾ ਨੂੰ ਵੱਖੋ-ਵੱਖਰੇ ਮਾਮਲਿਆਂ ਬਾਰੇ ਇੰਨੀ ਛੇਤੀ ਪਤਾ ਲੱਗ ਰਿਹਾ ਸੀ। ਸ਼ਾਇਦ ਲੂਥਰ ਦੀ ਮਨਜ਼ੂਰੀ ਲਏ ਬਿਨਾਂ ਹੀ ਉਸ ਦੇ 95 ਸ਼ੋਧ-ਪੱਤਰ ਛਾਪ ਕੇ ਵੰਡ ਦਿੱਤੇ ਗਏ। ਇਸ ਕਰਕੇ ਚਰਚ ਵਿਚ ਸੁਧਾਰ ਕਰਨ ਦਾ ਮਾਮਲਾ ਕੋਈ ਛੋਟਾ-ਮੋਟਾ ਮਾਮਲਾ ਨਹੀਂ ਰਹਿ ਗਿਆ। ਹਰ ਪਾਸੇ ਇਸ ਬਾਰੇ ਬਹਿਸਾਂ ਹੋਣ ਲੱਗੀਆਂ ਅਤੇ ਮਾਰਟਿਨ ਲੂਥਰ ਇਕਦਮ ਜਰਮਨੀ ਦਾ ਸਭ ਤੋਂ ਮਸ਼ਹੂਰ ਵਿਅਕਤੀ ਬਣ ਗਿਆ।

“ਸੂਰਜ ਅਤੇ ਚੰਦ” ਦਾ ਜਵਾਬ

ਸਦੀਆਂ ਤਕ ਯੂਰਪ ਉੱਤੇ ਦੋ ਸ਼ਕਤੀਆਂ, ਪਵਿੱਤਰ ਰੋਮਨ ਸਾਮਰਾਜ ਅਤੇ ਰੋਮਨ ਕੈਥੋਲਿਕ ਚਰਚ ਦਾ ਪ੍ਰਭਾਵ ਰਿਹਾ। ਲੂਥਰਨ ਵਰਲਡ ਫੈਡਰੇਸ਼ਨ ਦਾ ਸਾਬਕਾ ਪ੍ਰਧਾਨ ਹਾਂਸ ਲੀਲਯੇ ਦੱਸਦਾ ਹੈ: “ਸਮਰਾਟ ਅਤੇ ਪੋਪ ਦਾ ਇਕ-ਦੂਜੇ ਨਾਲ ਸੂਰਜ ਚੰਦ ਵਰਗਾ ਰਿਸ਼ਤਾ ਸੀ।” ਪਰ ਕੋਈ ਇਹ ਨਹੀਂ ਜਾਣਦਾ ਸੀ ਕਿ ਕੌਣ ਸੂਰਜ ਸੀ ਤੇ ਕੌਣ ਚੰਦ। ਸੋਲਵੀਂ ਸਦੀ ਦੇ ਸ਼ੁਰੂ ਵਿਚ ਦੋਵੇਂ ਸ਼ਕਤੀਆਂ ਦਾ ਯੂਰਪ ਉੱਤੇ ਪਹਿਲਾਂ ਵਰਗਾ ਪ੍ਰਭਾਵ ਨਹੀਂ ਰਿਹਾ। ਲੋਕਾਂ ਨੂੰ ਤਬਦੀਲੀ ਦੇ ਆਸਾਰ ਨਜ਼ਰ ਆ ਰਹੇ ਸਨ।

ਪੋਪ ਲੀਓ ਦਸਵੇਂ ਨੇ 95 ਸ਼ੋਧ-ਪੱਤਰਾਂ ਦੇ ਜਵਾਬ ਵਿਚ ਲੂਥਰ ਨੂੰ ਧਮਕਾਇਆ ਕਿ ਉਹ ਮਾਫ਼ੀ ਮੰਗ ਲਵੇ, ਨਹੀਂ ਤਾਂ ਉਸ ਨੂੰ ਚਰਚ ਵਿੱਚੋਂ ਛੇਕ ਦਿੱਤਾ ਜਾਵੇਗਾ। ਬਿਨਾਂ ਡਰੇ ਲੂਥਰ ਨੇ ਪੋਪ ਦੇ ਧਮਕੀ ਭਰੇ ਹੁਕਮਨਾਮੇ ਨੂੰ ਸ਼ਰੇਆਮ ਸਾੜ ਦਿੱਤਾ ਅਤੇ ਹੋਰ ਵੀ ਪੱਤਰ ਛਪਵਾਏ ਜਿਨ੍ਹਾਂ ਵਿਚ ਉਸ ਨੇ ਰਾਜਕੁਮਾਰਾਂ ਅਤੇ ਆਮ ਜਨਤਾ ਨੂੰ ਪੋਪ ਦੀ ਸਹਿਮਤੀ ਤੋਂ ਬਿਨਾਂ ਹੀ ਆਪਣੇ-ਆਪਣੇ ਖੇਤਰਾਂ ਵਿਚ ਸੁਧਾਰ ਕਰਨ ਦੀ ਹੱਲਾਸ਼ੇਰੀ ਦਿੱਤੀ। ਸਾਲ 1521 ਵਿਚ ਪੋਪ ਲੀਓ ਦਸਵੇਂ ਨੇ ਲੂਥਰ ਨੂੰ ਚਰਚ ਵਿੱਚੋਂ ਛੇਕ ਦਿੱਤਾ। ਲੂਥਰ ਨੇ ਇਸ ਤੇ ਇਤਰਾਜ਼ ਕੀਤਾ ਕਿ ਉਸ ਨੂੰ ਬਿਨਾਂ ਮੁਕੱਦਮਾ ਚਲਾਏ ਛੇਕਿਆ ਗਿਆ ਸੀ। ਇਸ ਲਈ ਸਮਰਾਟ ਚਾਰਲਜ਼ ਪੰਜਵੇਂ ਨੇ ਉਸ ਨੂੰ ਵਰਮਜ਼ ਵਿਚ ਸ਼ਾਹੀ ਸਭਾ ਸਾਮ੍ਹਣੇ ਪੇਸ਼ ਹੋਣ ਦਾ ਹੁਕਮ ਦਿੱਤਾ। ਅਪ੍ਰੈਲ 1521 ਵਿਚ ਵਿਟਨਬਰਗ ਤੋਂ ਵਰਮਜ਼ ਤਕ ਲੂਥਰ ਦਾ 15 ਦਿਨਾਂ ਦਾ ਸਫ਼ਰ ਇਕ ਜਲੂਸ ਵਾਂਗ ਸੀ। ਆਮ ਲੋਕ ਉਸ ਵੱਲ ਸਨ ਤੇ ਹਰ ਕੋਈ ਉਸ ਨੂੰ ਦੇਖਣਾ ਚਾਹੁੰਦਾ ਸੀ।

ਲੂਥਰ ਵਰਮਜ਼ ਵਿਚ ਸਮਰਾਟ, ਰਾਜਕੁਮਾਰਾਂ ਅਤੇ ਪੋਪ ਦੇ ਖ਼ਾਸ ਪ੍ਰਤਿਨਿਧ ਸਾਮ੍ਹਣੇ ਪੇਸ਼ ਹੋਇਆ। ਸਾਲ 1415 ਵਿਚ ਕਾਂਸਟਨਸ ਵਿਚ ਇਸੇ ਤਰ੍ਹਾਂ ਯਾਨ ਹਸ ਦੀ ਵੀ ਪੇਸ਼ੀ ਹੋਈ ਸੀ ਅਤੇ ਉਸ ਨੂੰ ਸੂਲੀ ਉੱਤੇ ਸਾੜ ਦਿੱਤਾ ਗਿਆ ਸੀ। ਚਰਚ ਅਤੇ ਸਾਮਰਾਜ ਦੀਆਂ ਨਜ਼ਰਾਂ ਲੂਥਰ ਉੱਤੇ ਟਿੱਕੀਆਂ ਹੋਈਆਂ ਸਨ। ਲੂਥਰ ਨੇ ਕਿਹਾ ਕਿ ਉਹ ਤਾਂ ਹੀ ਮਾਫ਼ੀ ਮੰਗੇਗਾ ਜੇ ਉਸ ਦੇ ਵਿਰੋਧੀ ਬਾਈਬਲ ਤੋਂ ਉਸ ਨੂੰ ਗ਼ਲਤ ਸਾਬਤ ਕਰ ਦੇਣ। ਪਰ ਬਾਈਬਲ ਬਾਰੇ ਲੂਥਰ ਜਿੰਨਾ ਗਿਆਨ ਕਿਸੇ ਕੋਲ ਨਹੀਂ ਸੀ। ਸੁਣਵਾਈ ਤੋਂ ਬਾਅਦ ਚਰਚ ਅਤੇ ਸਾਮਰਾਜ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ। ਲੂਥਰ ਨੂੰ ਮੁਜ਼ਰਮ ਕਰਾਰ ਦੇ ਦਿੱਤਾ ਗਿਆ ਤੇ ਉਸ ਦੀਆਂ ਲਿਖਤਾਂ ਤੇ ਪਾਬੰਦੀ ਲਾ ਦਿੱਤੀ ਗਈ। ਪੋਪ ਵੱਲੋਂ ਛੇਕੇ ਜਾਣ ਕਰਕੇ ਅਤੇ ਸਮਰਾਟ ਵੱਲੋਂ ਮੁਜ਼ਰਮ ਕਰਾਰ ਦਿੱਤੇ ਜਾਣ ਕਰਕੇ ਲੂਥਰ ਦੀ ਜ਼ਿੰਦਗੀ ਖ਼ਤਰੇ ਵਿਚ ਪੈ ਗਈ।

ਫਿਰ ਨਾਟਕੀ ਢੰਗ ਨਾਲ ਅਚਾਨਕ ਕੁਝ ਘਟਨਾਵਾਂ ਵਾਪਰੀਆਂ। ਵਿਟਨਬਰਗ ਵਾਪਸ ਆਉਂਦੇ ਸਮੇਂ ਰਾਹ ਵਿਚ ਲੂਥਰ ਨੂੰ ਝੂਠੀ-ਮੂਠੀ ਅਗਵਾ ਕਰ ਲਿਆ ਗਿਆ। ਅਗਵਾ ਕਰਨ ਦੇ ਇਸ ਪੂਰੇ ਡਰਾਮੇ ਦਾ ਪ੍ਰਬੰਧ ਲੂਥਰ ਦੇ ਇਕ ਹਿਮਾਇਤੀ ਸੈਕਸਨੀ ਦੇ ਫ੍ਰੈਡਰਿਕ ਨੇ ਕੀਤਾ ਸੀ। ਇਸ ਤਰ੍ਹਾਂ ਲੂਥਰ ਆਪਣੇ ਦੁਸ਼ਮਣਾਂ ਦੀ ਪਹੁੰਚ ਤੋਂ ਦੂਰ ਚਲਾ ਗਿਆ। ਲੂਥਰ ਨੂੰ ਚੋਰੀ-ਛਿਪੇ ਇਕ ਦੂਰ-ਦੁਰਾਡੇ ਵਾਰਟਬਰਗ ਕਿਲੇ ਵਿਚ ਲੈ ਜਾਇਆ ਗਿਆ। ਉੱਥੇ ਉਸ ਨੇ ਦਾੜ੍ਹੀ ਰੱਖ ਲਈ ਅਤੇ ਨਵਾਂ ਨਾਂ ਜੰਕਰ ਜੁਰਗ ਰੱਖ ਲਿਆ।

ਸਤੰਬਰ ਬਾਈਬਲ ਦੀ ਵੱਡੀ ਮੰਗ

ਲੂਥਰ ਅਗਲੇ ਦਸ ਮਹੀਨੇ ਸਮਰਾਟ ਤੇ ਪੋਪ ਤੋਂ ਬਚਣ ਲਈ ਵਾਰਟਬਰਗ ਕਿਲੇ ਵਿਚ ਰਿਹਾ। ਇਕ ਕਿਤਾਬ ਦੱਸਦੀ ਹੈ ਕਿ “ਵਾਰਟਬਰਗ ਵਿਚ ਉਸ ਨੇ ਲਿਖਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਰੱਖਿਆ।” ਉੱਥੇ ਰਹਿੰਦੇ ਹੋਏ ਉਸ ਨੇ ਜੋ ਸਭ ਤੋਂ ਵੱਡਾ ਕੰਮ ਕੀਤਾ, ਉਹ ਸੀ ਇਰੈਸਮਸ ਦੀ ਬਾਈਬਲ ਦੇ ਯੂਨਾਨੀ ਸ਼ਾਸਤਰ ਦਾ ਜਰਮਨ ਭਾਸ਼ਾ ਵਿਚ ਅਨੁਵਾਦ ਕਰਨਾ। ਇਹ ਬਾਈਬਲ ਸਤੰਬਰ 1522 ਵਿਚ ਛਾਪੀ ਗਈ ਸੀ ਤੇ ਇਹ ਨਹੀਂ ਦੱਸਿਆ ਗਿਆ ਸੀ ਕਿ ਇਸ ਦਾ ਅਨੁਵਾਦਕ ਲੂਥਰ ਸੀ। ਇਸ ਨੂੰ ਸਤੰਬਰ ਬਾਈਬਲ ਕਿਹਾ ਜਾਂਦਾ ਸੀ। ਇਸ ਦੀ ਕੀਮਤ ਡੇਢ ਗਿਲਡਰ ਸੀ ਜੋ ਕਿ ਇਕ ਨੌਕਰਾਣੀ ਦੀ ਪੂਰੇ ਸਾਲ ਦੀ ਮਜ਼ਦੂਰੀ ਦੇ ਬਰਾਬਰ ਸੀ। ਫਿਰ ਵੀ ਸਤੰਬਰ ਬਾਈਬਲ ਦੀ ਮੰਗ ਬਹੁਤ ਸੀ। ਬਾਰਾਂ ਮਹੀਨਿਆਂ ਦੇ ਅੰਦਰ-ਅੰਦਰ ਇਸ ਦੀਆਂ 2 ਐਡੀਸ਼ਨਾਂ ਵਿਚ 6,000 ਕਾਪੀਆਂ ਛਾਪੀਆਂ ਗਈਆਂ। ਇਸ ਤੋਂ ਅਗਲੇ 12 ਸਾਲਾਂ ਦੌਰਾਨ ਇਹ ਲਗਭਗ 69 ਐਡੀਸ਼ਨਾਂ ਵਿਚ ਛਾਪੀ ਗਈ।

ਸਾਲ 1525 ਵਿਚ ਮਾਰਟਿਨ ਲੂਥਰ ਨੇ ਕਾਟਾਰੀਨਾ ਫੋਨ ਬੋਰਾ ਨਾਲ ਵਿਆਹ ਕਰਾ ਲਿਆ ਜੋ ਪਹਿਲਾਂ ਇਕ ਨਨ ਹੁੰਦੀ ਸੀ। ਕਾਟਾਰੀਨਾ ਘਰ ਦੇ ਕੰਮ ਬਹੁਤ ਚੰਗੀ ਤਰ੍ਹਾਂ ਕਰਦੀ ਸੀ ਅਤੇ ਆਪਣੇ ਪਤੀ ਦੀ ਦਰਿਆ ਦਿਲੀ ਕਰਕੇ ਵੱਡੀਆਂ ਮੰਗਾਂ ਨੂੰ ਪੂਰਾ ਕਰਦੀ ਸੀ। ਲੂਥਰ ਦੇ ਘਰ ਵਿਚ ਸਿਰਫ਼ ਉਸ ਦੀ ਪਤਨੀ ਤੇ ਛੇ ਬੱਚੇ ਹੀ ਨਹੀਂ ਸਨ, ਸਗੋਂ ਉਸ ਦੇ ਦੋਸਤ, ਵਿਦਵਾਨ ਅਤੇ ਸ਼ਰਨਾਰਥੀ ਵੀ ਸਨ। ਜ਼ਿੰਦਗੀ ਦੇ ਬਾਅਦ ਦੇ ਸਾਲਾਂ ਵਿਚ ਉਸ ਨੂੰ ਇਕ ਸਲਾਹਕਾਰ ਹੋਣ ਦਾ ਮਾਣ ਮਿਲੀਆਂ। ਉਸ ਦੇ ਘਰ ਵਿਚ ਮਹਿਮਾਨਾਂ ਦੇ ਤੌਰ ਤੇ ਠਹਿਰੇ ਵਿਦਵਾਨ ਅਕਸਰ ਆਪਣੇ ਨਾਲ ਪੈੱਨ ਅਤੇ ਪੇਪਰ ਰੱਖਦੇ ਸਨ ਤਾਂਕਿ ਉਹ ਉਸ ਦੀਆਂ ਗੱਲਾਂ ਲਿਖ ਸਕਣ। ਇਨ੍ਹਾਂ ਸਾਰੀਆਂ ਗੱਲਾਂ ਨੂੰ ਇਕ ਕਿਤਾਬ ਦੇ ਰੂਪ ਵਿਚ ਛਾਪਿਆ ਗਿਆ ਜਿਸ ਦਾ ਨਾਂ ਸੀ ਲੂਥਰਜ਼ ਟੇਬਲ ਟਾਕ। ਕਾਫ਼ੀ ਸਮੇਂ ਤਕ ਜਰਮਨ ਭਾਸ਼ਾ ਵਿਚ ਬਾਈਬਲ ਤੋਂ ਬਾਅਦ ਇਹੀ ਕਿਤਾਬ ਸਭ ਤੋਂ ਜ਼ਿਆਦਾ ਮਸ਼ਹੂਰ ਰਹੀ।

ਹੁਨਰਮੰਦ ਅਨੁਵਾਦਕ ਅਤੇ ਅਣਥੱਕ ਲੇਖਕ

ਸਾਲ 1534 ਵਿਚ ਲੂਥਰ ਨੇ ਬਾਈਬਲ ਦੇ ਇਬਰਾਨੀ ਸ਼ਾਸਤਰ ਦਾ ਅਨੁਵਾਦ ਵੀ ਪੂਰਾ ਕਰ ਲਿਆ ਸੀ। ਉਸ ਦੇ ਅਨੁਵਾਦ ਵਿਚ ਸਟਾਈਲ ਅਤੇ ਰਵਾਨਗੀ ਵਿਚ ਵਧੀਆ ਸੰਤੁਲਨ ਸੀ। ਇਸ ਕਰਕੇ ਉਸ ਦੀ ਬਾਈਬਲ ਨੂੰ ਆਮ ਲੋਕ ਵੀ ਸਮਝ ਸਕਦੇ ਸਨ। ਆਪਣੇ ਅਨੁਵਾਦ ਕਰਨ ਦੇ ਤਰੀਕੇ ਬਾਰੇ ਲੂਥਰ ਨੇ ਲਿਖਿਆ: “ਸਾਨੂੰ ਘਰ ਵਿਚ ਮਾਂ ਨਾਲ, ਗਲੀਆਂ ਵਿਚ ਬੱਚਿਆਂ ਨਾਲ ਅਤੇ ਬਜ਼ਾਰ ਵਿਚ ਆਮ ਆਦਮੀ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਹਨ ਅਤੇ ਦੇਖਣਾ ਚਾਹੀਦਾ ਹੈ ਕਿ ਉਹ ਆਪਣੀ ਗੱਲ ਕਿਸ ਤਰ੍ਹਾਂ ਸਮਝਾਉਂਦੇ ਹਨ। ਫਿਰ ਇਸ ਦੇ ਅਨੁਸਾਰ ਅਨੁਵਾਦ ਕਰਨਾ ਚਾਹੀਦਾ ਹੈ।” ਲੂਥਰ ਨੇ ਆਪਣੀ ਬਾਈਬਲ ਦੁਆਰਾ ਜਰਮਨ ਭਾਸ਼ਾ ਦੇ ਆਧੁਨਿਕ ਲਿਖਤੀ ਰੂਪ ਦਾ ਆਧਾਰ ਰੱਖਿਆ ਜੋ ਪੂਰੇ ਜਰਮਨੀ ਵਿਚ ਵਰਤਿਆ ਜਾਣ ਲੱਗਾ।

ਲੂਥਰ ਇਕ ਅਨੁਵਾਦਕ ਹੋਣ ਦੇ ਨਾਲ-ਨਾਲ ਇਕ ਹੁਨਰਮੰਦ ਲੇਖਕ ਵੀ ਸੀ। ਕਿਹਾ ਜਾਂਦਾ ਹੈ ਕਿ ਜਿੰਨਾ ਚਿਰ ਉਹ ਕੰਮ ਕਰਦਾ ਰਿਹਾ, ਉਹ ਹਰ ਦੋ ਹਫ਼ਤਿਆਂ ਵਿਚ ਇਕ ਲੇਖ ਲਿਖਦਾ ਸੀ। ਕੁਝ ਲੇਖ ਬਹੁਤ ਹੀ ਵਾਦ-ਵਿਵਾਦ ਵਾਲੇ ਸਨ। ਜੇ ਉਸ ਦੇ ਪਹਿਲਾਂ-ਪਹਿਲ ਲਿਖੇ ਸ਼ੋਧ-ਪੱਤਰ ਬਹੁਤ ਹੀ ਸਖ਼ਤ ਸਨ, ਤਾਂ ਉਮਰ ਦੇ ਹਿਸਾਬ ਨਾਲ ਇਹ ਨਰਮ ਨਹੀਂ ਹੋਏ। ਉਸ ਦੇ ਬਾਅਦ ਦੇ ਲੇਖ ਹੋਰ ਵੀ ਕੁਰਖਤ ਹੋ ਗਏ। ਇਕ ਕੋਸ਼ ਅਨੁਸਾਰ ਲੂਥਰ ਦੀਆਂ ਲਿਖਤਾਂ ਤੋਂ “ਉਸ ਦੇ ਬੇਹੱਦ ਗੁੱਸੇ” ਅਤੇ “ਨਿਮਰਤਾ ਤੇ ਪਿਆਰ ਦੀ ਘਾਟ” ਅਤੇ ਨਾਲ ਹੀ ਨਾਲ “ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੀ ਧੁੰਨ” ਨਜ਼ਰ ਆਉਂਦੀ ਹੈ।

ਜਦੋਂ ਕਿਸਾਨਾਂ ਦੀ ਲੜਾਈ ਲੱਗੀ ਅਤੇ ਸਾਰੇ ਪਾਸੇ ਖ਼ੂਨ ਦੀਆਂ ਨਦੀਆਂ ਵਹੀਆਂ, ਤਾਂ ਲੂਥਰ ਤੋਂ ਇਸ ਲੜਾਈ ਬਾਰੇ ਉਸ ਦੇ ਵਿਚਾਰ ਪੁੱਛੇ ਗਏ। ਕੀ ਕਿਸਾਨਾਂ ਕੋਲ ਆਪਣੇ ਜ਼ਮੀਨਦਾਰਾਂ ਦੇ ਖ਼ਿਲਾਫ਼ ਬਗਾਵਤ ਕਰਨ ਦਾ ਕੋਈ ਜਾਇਜ਼ ਕਾਰਨ ਸੀ? ਲੂਥਰ ਨੇ ਕਿਸਾਨਾਂ ਦੇ ਹੱਕ ਵਿਚ ਆਪਣੇ ਵਿਚਾਰ ਦੇ ਕੇ ਲੋਕਾਂ ਦਾ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਵਿਸ਼ਵਾਸ ਕਰਦਾ ਸੀ ਕਿ ਪਰਮੇਸ਼ੁਰ ਦੇ ਸੇਵਕਾਂ ਨੂੰ ਇਖ਼ਤਿਆਰ ਵਾਲਿਆਂ ਦੀ ਗੱਲ ਮੰਨਣੀ ਚਾਹੀਦੀ ਸੀ। (ਰੋਮੀਆਂ 13:1) ਆਪਣਾ ਵਿਚਾਰ ਸਪੱਸ਼ਟ ਤਰੀਕੇ ਨਾਲ ਦਿੰਦੇ ਹੋਏ ਲੂਥਰ ਨੇ ਕਿਹਾ ਕਿ ਇਸ ਬਗਾਵਤ ਨੂੰ ਦਬਾਉਣ ਲਈ “ਜੋ ਵੀ ਕੱਟ-ਵੱਢ ਜਾਂ ਮਾਰ ਸਕਦਾ ਹੈ, ਉਹ ਇਸ ਤਰ੍ਹਾਂ ਕਰੇ।” ਹਾਂਸ ਲੀਲਯੇ ਨੇ ਇਸ ਤੇ ਟਿੱਪਣੀ ਕੀਤੀ ਕਿ ਲੂਥਰ ਦੇ ਇਸ ਜਵਾਬ ਨਾਲ “ਲੋਕਾਂ ਦੇ ਦਿਲਾਂ ਵਿਚ ਉਸ ਲਈ ਸਤਿਕਾਰ ਨਹੀਂ ਰਿਹਾ।” ਇਸ ਤੋਂ ਇਲਾਵਾ, ਮਸੀਹੀ ਧਰਮ ਨੂੰ ਨਾ ਅਪਣਾਉਣ ਵਾਲੇ ਯਹੂਦੀਆਂ ਬਾਰੇ ਲੂਥਰ ਨੇ ਬਾਅਦ ਵਿਚ ਲੇਖ ਲਿਖੇ ਸਨ। ਉਸ ਦਾ ਇਕ ਖ਼ਾਸ ਲੇਖ ਸੀ ਯਹੂਦੀਆਂ ਅਤੇ ਉਨ੍ਹਾਂ ਦੇ ਝੂਠ ਬਾਰੇ (ਅੰਗ੍ਰੇਜ਼ੀ)। ਇਨ੍ਹਾਂ ਲੇਖਾਂ ਕਰਕੇ ਉਸ ਨੂੰ ਯਹੂਦੀਆਂ ਦਾ ਦੁਸ਼ਮਣ ਕਿਹਾ ਜਾਣ ਲੱਗਾ।

ਸਮਾਜ ਨੂੰ ਲੂਥਰ ਦੀ ਦੇਣ

ਲੂਥਰ, ਕੈਲਵਿਨ ਅਤੇ ਜ਼ਵਿੰਗਲੀ ਵਰਗੇ ਵਿਅਕਤੀਆਂ ਦੇ ਵਿਚਾਰਾਂ ਕਰਕੇ ਜੋ ਸੁਧਾਰ ਅੰਦੋਲਨ ਸ਼ੁਰੂ ਹੋਇਆ ਸੀ, ਉਸ ਕਰਕੇ ਇਕ ਨਵੇਂ ਧਰਮ ਨੇ ਜਨਮ ਲਿਆ ਜਿਸ ਦਾ ਨਾਂ ਸੀ ਪ੍ਰੋਟੈਸਟੈਂਟ ਧਰਮ। ਪ੍ਰੋਟੈਸਟੈਂਟ ਧਰਮ ਵਿਚ ਲੂਥਰ ਦਾ ਸਭ ਤੋਂ ਵੱਡਾ ਯੋਗਦਾਨ ਸੀ ਨਿਹਚਾ ਰਾਹੀਂ ਪਾਪ-ਮੁਕਤੀ ਪ੍ਰਾਪਤ ਕਰਨ ਦੀ ਸਿੱਖਿਆ। ਜਰਮਨੀ ਦੇ ਲੋਕਾਂ ਨੇ ਜਾਂ ਤਾਂ ਪ੍ਰੋਟੈਸਟੈਂਟ ਧਰਮ ਦਾ ਪੱਖ ਲਿਆ ਜਾਂ ਫਿਰ ਕੈਥੋਲਿਕ ਧਰਮ ਦਾ। ਪ੍ਰੋਟੈਸਟੈਂਟ ਧਰਮ ਫੈਲ ਗਿਆ ਅਤੇ ਸਕੈਂਡੇਨੇਵੀਆ, ਸਵਿੱਟਜ਼ਰਲੈਂਡ, ਇੰਗਲੈਂਡ ਅਤੇ ਨੀਦਰਲੈਂਡਜ਼ ਵਿਚ ਬਹੁਤ ਮਸ਼ਹੂਰ ਹੋ ਗਿਆ। ਅੱਜ ਕਰੋੜਾਂ ਲੋਕ ਇਸ ਧਰਮ ਨੂੰ ਮੰਨਦੇ ਹਨ।

ਜਿਹੜੇ ਲੋਕ ਲੂਥਰ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹਨ, ਉਹ ਵੀ ਉਸ ਦਾ ਬਹੁਤ ਆਦਰ ਕਰਦੇ ਹਨ। ਸਾਬਕਾ ਜਰਮਨ ਲੋਕਤੰਤਰੀ ਗਣਰਾਜ, ਜਿਸ ਦੀਆਂ ਹੱਦਾਂ ਵਿਚ ਆਈਸਲੇਬਨ, ਅਰਫਰਟ, ਵਿਟਨਬਰਗ ਅਤੇ ਵਾਰਟਬਰਗ ਇਲਾਕੇ ਪੈਂਦੇ ਸਨ, ਨੇ 1983 ਵਿਚ ਲੂਥਰ ਦਾ 500ਵਾਂ ਜਨਮ-ਦਿਨ ਮਨਾਇਆ। ਇਸ ਸਮਾਜਵਾਦੀ ਦੇਸ਼ ਨੇ ਮੰਨਿਆ ਕਿ ਲੂਥਰ ਜਰਮਨ ਇਤਿਹਾਸ ਅਤੇ ਸਭਿਆਚਾਰ ਵਿਚ ਇਕ ਬਹੁਤ ਹੀ ਮਹੱਤਵਪੂਰਣ ਵਿਅਕਤੀ ਸੀ। ਇਸ ਤੋਂ ਇਲਾਵਾ, 1980 ਦੇ ਦਹਾਕੇ ਵਿਚ ਇਕ ਕੈਥੋਲਿਕ ਧਰਮ-ਸ਼ਾਸਤਰੀ ਨੇ ਲੂਥਰ ਦੇ ਪ੍ਰਭਾਵ ਬਾਰੇ ਸੰਖੇਪ ਵਿਚ ਕਿਹਾ: “ਲੂਥਰ ਤੋਂ ਬਾਅਦ ਕੋਈ ਵੀ ਅਜਿਹਾ ਵਿਅਕਤੀ ਪੈਦਾ ਨਹੀਂ ਹੋਇਆ ਜੋ ਉਸ ਦਾ ਮੁਕਾਬਲਾ ਕਰ ਸਕੇ।” ਪ੍ਰੋਫ਼ੈਸਰ ਆਲਾਂਟ ਨੇ ਲਿਖਿਆ: “ਹਰ ਸਾਲ ਮਾਰਟਿਨ ਲੂਥਰ ਅਤੇ ਸੁਧਾਰ ਅੰਦੋਲਨ ਬਾਰੇ ਘੱਟੋ-ਘੱਟ 500 ਨਵੀਆਂ ਕਿਤਾਬਾਂ ਲਿਖੀਆਂ ਜਾਂਦੀਆਂ ਹਨ ਅਤੇ ਉਹ ਵੀ ਦੁਨੀਆਂ ਦੀਆਂ ਸਾਰੀਆਂ ਮੁੱਖ ਭਾਸ਼ਾਵਾਂ ਵਿਚ।”

ਮਾਰਟਿਨ ਲੂਥਰ ਬਹੁਤ ਹੀ ਹੁਸ਼ਿਆਰ ਅਤੇ ਤੇਜ਼ ਯਾਦਾਸ਼ਤ ਦਾ ਮਾਲਕ, ਸ਼ਬਦਾਂ ਦਾ ਧਨੀ ਅਤੇ ਅਣਥੱਕ ਕਾਮਾ ਸੀ। ਪਰ ਉਹ ਕਾਹਲਾ ਅਤੇ ਆਲੋਚਨਾ ਕਰਨ ਵਾਲਾ ਇਨਸਾਨ ਵੀ ਸੀ ਅਤੇ ਉਸ ਨੂੰ ਦੂਜਿਆਂ ਦੇ ਪਖੰਡ ਤੇ ਬਹੁਤ ਗੁੱਸਾ ਆਉਂਦਾ ਸੀ। ਜਦੋਂ ਉਹ ਫਰਵਰੀ 1546 ਵਿਚ ਆਈਸਲੇਬਨ ਵਿਚ ਆਪਣੇ ਆਖ਼ਰੀ ਸਾਹਾਂ ਤੇ ਸੀ, ਤਾਂ ਉਸ ਦੇ ਦੋਸਤਾਂ ਨੇ ਉਸ ਨੂੰ ਪੁੱਛਿਆ ਕਿ ਉਹ ਅਜੇ ਵੀ ਆਪਣੇ ਵਿਚਾਰਾਂ ਤੇ ਦ੍ਰਿੜ੍ਹ ਸੀ ਜੋ ਉਹ ਦੂਸਰਿਆਂ ਨੂੰ ਸਿਖਾਉਂਦਾ ਸੀ। “ਹਾਂ,” ਉਸ ਨੇ ਜਵਾਬ ਦਿੱਤਾ। ਲੂਥਰ ਤਾਂ ਇਸ ਦੁਨੀਆਂ ਤੋਂ ਕੂਚ ਕਰ ਗਿਆ, ਪਰ ਬਹੁਤ ਸਾਰੇ ਲੋਕ ਅਜੇ ਵੀ ਉਸ ਦੇ ਵਿਚਾਰਾਂ ਨੂੰ ਮੰਨਦੇ ਹਨ।

[ਸਫ਼ੇ 27 ਉੱਤੇ ਤਸਵੀਰ]

ਲੂਥਰ ਨੇ ਪਾਪ-ਮੁਕਤੀ ਦੀ ਸੌਦੇਬਾਜ਼ੀ ਦਾ ਵਿਰੋਧ ਕੀਤਾ

[ਕ੍ਰੈਡਿਟ ਲਾਈਨ]

Mit freundlicher Genehmigung: Wartburg-Stiftung

[ਸਫ਼ੇ 28 ਉੱਤੇ ਤਸਵੀਰ]

ਲੂਥਰ ਨੇ ਉਦੋਂ ਤਕ ਮਾਫ਼ੀ ਮੰਗਣ ਤੋਂ ਇਨਕਾਰ ਕੀਤਾ ਜਦੋਂ ਤਕ ਉਸ ਦੇ ਵਿਰੋਧੀ ਬਾਈਬਲ ਤੋਂ ਉਸ ਨੂੰ ਗ਼ਲਤ ਸਾਬਤ ਨਹੀਂ ਕਰਦੇ

[ਕ੍ਰੈਡਿਟ ਲਾਈਨ]

From the book The Story of Liberty, 1878

[ਸਫ਼ੇ 29 ਉੱਤੇ ਤਸਵੀਰਾਂ]

ਵਾਰਟਬਰਗ ਕਿਲੇ ਵਿਚ ਲੂਥਰ ਦਾ ਕਮਰਾ ਜਿੱਥੇ ਉਸ ਨੇ ਬਾਈਬਲ ਦਾ ਅਨੁਵਾਦ ਕੀਤਾ ਸੀ

[ਕ੍ਰੈਡਿਟ ਲਾਈਨ]

ਦੋਨੋਂ ਤਸਵੀਰਾਂ: Mit freundlicher Genehmigung: Wartburg-Stiftung

[ਸਫ਼ੇ 26 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

From the book Martin Luther The Reformer, 3rd Edition, published by Toronto Willard Tract Depository, Toronto, Ontario

[ਸਫ਼ੇ 30 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

From the book The History of Protestantism (Vol. I)