ਰੂਹਾਨੀ ਵਿਸ਼ਿਆਂ ਬਾਰੇ ਗੱਲਾਂ ਕਰ ਕੇ ਇਕ-ਦੂਸਰੇ ਦਾ ਹੌਸਲਾ ਵਧਦਾ ਹੈ
ਰੂਹਾਨੀ ਵਿਸ਼ਿਆਂ ਬਾਰੇ ਗੱਲਾਂ ਕਰ ਕੇ ਇਕ-ਦੂਸਰੇ ਦਾ ਹੌਸਲਾ ਵਧਦਾ ਹੈ
“ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿੱਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ।”—ਅਫ਼ਸੀਆਂ 4:29.
1, 2. (ੳ) ਸਾਡੀ ਜ਼ਬਾਨ ਕਿੰਨੀ ਕੀਮਤੀ ਹੈ? (ਅ) ਯਹੋਵਾਹ ਦੇ ਸੇਵਕ ਆਪਣੀ ਜ਼ਬਾਨ ਕਿੱਦਾਂ ਇਸਤੇਮਾਲ ਕਰਨੀ ਚਾਹੁੰਦੇ ਹਨ?
ਇਕ ਕੋਸ਼ਕਾਰ ਦੇ ਮੁਤਾਬਕ “ਸਾਡੀ ਜ਼ਬਾਨ ਇਕ ਰਾਜ਼ ਹੈ; ਇਕ ਰੱਬੀ ਦਾਤ, ਇਕ ਚਮਤਕਾਰ।” ਸ਼ਾਇਦ ਅਸੀਂ ਪਰਮੇਸ਼ੁਰ ਵੱਲੋਂ ਇਸ ਦਾਤ ਬਾਰੇ ਇੱਦਾਂ ਸੋਚਿਆ ਹੀ ਨਾ ਹੋਵੇ। (ਯਾਕੂਬ 1:17) ਪਰ ਜ਼ਰਾ ਉਸ ਆਦਮੀ ਬਾਰੇ ਸੋਚੋ ਜਿਸ ਲਈ ਦੌਰਾ ਪੈਣ ਤੋਂ ਬਾਅਦ ਬੋਲਣਾ ਹੀ ਔਖਾ ਬਣ ਗਿਆ ਹੈ। ਉਸ ਦੀ ਪਤਨੀ ਨੇ ਕਿਹਾ: “ਅਸੀਂ ਗੱਲਾਂ-ਬਾਤਾਂ ਕਰਨ ਕਰਕੇ ਇਕ-ਦੂਸਰੇ ਦੇ ਬੜੇ ਨਜ਼ਦੀਕ ਸੀ। ਕਾਸ਼ ਕਿ ਅਸੀਂ ਪਹਿਲਾਂ ਵਾਂਗ ਗੱਲ ਕਰ ਸਕਦੇ!”
2 ਹਾਂ, ਸਾਡੀ ਜ਼ਬਾਨ ਕਿੰਨੀ ਕੀਮਤੀ ਚੀਜ਼ ਹੈ। ਗੱਲਾਂ-ਬਾਤਾਂ ਕਰ ਕੇ ਅਸੀਂ ਕਿਸੇ ਦੇ ਪੱਕੇ ਦੋਸਤ ਬਣ ਸਕਦੇ ਹਾਂ, ਗ਼ਲਤਫ਼ਹਿਮੀਆਂ ਨੂੰ ਦੂਰ ਕਰ ਸਕਦੇ ਹਾਂ, ਨਿਰਾਸ਼ ਲੋਕਾਂ ਦਾ ਹੌਸਲਾ ਵਧਾ ਸਕਦੇ ਹਾਂ, ਕਿਸੇ ਦੀ ਨਿਹਚਾ ਮਜ਼ਬੂਤ ਕਰ ਸਕਦੇ ਹਾਂ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਬਹਾਰ ਲਿਆ ਸਕਦੇ ਹਾਂ। ਪਰ, ਇਹ ਸਭ ਕੁਝ ਆਪਣੇ ਆਪ ਹੀ ਨਹੀਂ ਹੁੰਦਾ। ਸੁਲੇਮਾਨ ਰਾਜੇ ਨੇ ਕਿਹਾ: “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” (ਕਹਾਉਤਾਂ 12:18) ਹਾਂ, ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਗੱਲਾਂ-ਬਾਤਾਂ ਸੁਣ ਕੇ ਦੂਸਰੇ ਲੋਕਾਂ ਨੂੰ ਦੁੱਖ ਪਹੁੰਚਣ ਦੀ ਬਜਾਇ ਉਹ ਚੰਗਾ ਮਹਿਸੂਸ ਕਰਨ। ਇਸ ਦੇ ਨਾਲ-ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਅਸੀਂ ਆਪਣੀ ਜ਼ਬਾਨ ਨਾਲ ਯਹੋਵਾਹ ਦੀ ਵਡਿਆਈ ਕਰੀਏ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਸਾਰੇ ਦਿਨ ਅਸੀਂ ਪਰਮੇਸ਼ੁਰ ਵਿੱਚ ਪਰਫੁੱਲਤ ਹੁੰਦੇ ਹਾਂ, ਅਤੇ ਅਸੀਂ ਸਦਾ ਤੇਰੇ ਨਾਮ ਦਾ ਧੰਨਵਾਦ ਕਰਾਂਗੇ।” (ਜ਼ਬੂਰਾਂ ਦੀ ਪੋਥੀ 44:8) ਹਾਂ, ਅਸੀਂ ਪ੍ਰਚਾਰ ਕਰਦੇ ਹੋਏ ਅਤੇ ਆਮ ਗੱਲਾਂ-ਬਾਤਾਂ ਰਾਹੀਂ ਇੱਦਾਂ ਕਰ ਸਕਦੇ ਹਾਂ।
3, 4. (ੳ) ਆਪਣੀ ਜ਼ਬਾਨ ਸੰਬੰਧੀ ਸਾਨੂੰ ਸਾਰਿਆਂ ਨੂੰ ਕਿਹੜੀ ਮੁਸ਼ਕਲ ਹੈ? (ਅ) ਕੀ ਕੋਈ ਫ਼ਰਕ ਪੈਂਦਾ ਹੈ ਕਿ ਅਸੀਂ ਕੀ ਕਹਿੰਦੇ ਹਾਂ?
3 ਚੇਲੇ ਯਾਕੂਬ ਨੇ ਕਿਹਾ ਕਿ “ਜੀਭ ਨੂੰ ਕੋਈ ਮਨੁੱਖ ਵੱਸ ਵਿੱਚ ਨਹੀਂ ਕਰ ਸੱਕਦਾ।” “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ। ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ ਅਤੇ ਸਾਰੀ ਦੇਹੀ ਨੂੰ ਭੀ ਲਗਾਮ ਦੇ ਸੱਕਦਾ ਹੈ।” (ਯਾਕੂਬ 3:2, 8) ਸਾਡੇ ਵਿੱਚੋਂ ਕੋਈ ਵੀ ਸਿੱਧ ਜਾਂ ਸੰਪੂਰਣ ਨਹੀਂ ਹੈ। ਇਸ ਕਰਕੇ ਕਦੀ-ਕਦੀ ਅਸੀਂ ਆਪਣੀਆਂ ਗੱਲਾਂ ਰਾਹੀਂ ਪਰਮੇਸ਼ੁਰ ਨੂੰ ਅਤੇ ਦੂਸਰਿਆਂ ਨੂੰ ਦੁੱਖ ਪਹੁੰਚਾਉਂਦੇ ਹਾਂ। ਭੁੱਲਣਹਾਰ ਹੋਣ ਕਰਕੇ ਸਾਨੂੰ ਆਪਣੀਆਂ ਗੱਲਾਂ-ਬਾਤਾਂ ਵੱਲ ਧਿਆਨ ਦੇਣ ਦੀ ਲੋੜ ਹੈ। ਵੈਸੇ ਯਿਸੂ ਨੇ ਵੀ ਕਿਹਾ ਕਿ “ਮਨੁੱਖ ਹਰੇਕ ਅਕਾਰਥ ਗੱਲ ਜੋ ਬੋਲਣ ਨਿਆਉਂ ਦੇ ਦਿਨ ਉਹ ਦਾ ਹਿਸਾਬ ਦੇਣਗੇ। ਇਸ ਲਈ ਜੋ ਤੂੰ ਆਪਣੀਆਂ ਗੱਲਾਂ ਤੋਂ ਧਰਮੀ ਅਤੇ ਆਪਣੀਆਂ ਗੱਲਾਂ ਤੋਂ ਦੋਸ਼ੀ ਠਹਿਰਾਇਆ ਜਾਏਂਗਾ।” (ਮੱਤੀ 12:36, 37) ਹਾਂ, ਅਸੀਂ ਆਪਣੀਆਂ ਗੱਲਾਂ ਲਈ ਪਰਮੇਸ਼ੁਰ ਨੂੰ ਲੇਖਾ ਦੇਣਾ ਹੈ।
4 ਅਸੀਂ ਦੂਸਰਿਆਂ ਨੂੰ ਆਪਣੀਆਂ ਗੱਲਾਂ ਰਾਹੀਂ ਦੁੱਖ ਦੇਣ ਤੋਂ ਕਿੱਦਾਂ ਬਚ ਸਕਦੇ ਹਾਂ? ਇਕ ਵਧੀਆ ਤਰੀਕਾ ਹੈ ਰੂਹਾਨੀ ਗੱਲਾਂ ਬਾਰੇ ਬਾਤਚੀਤ ਕਰਨੀ। ਇਸ ਲੇਖ ਵਿਚ ਅਸੀਂ ਦੇਖਣਾ ਹੈ ਕਿ ਅਸੀਂ ਇਹ ਕਿੱਦਾਂ ਕਰ ਸਕਦੇ ਹਾਂ, ਅਸੀਂ ਕਿਹੋ ਜਿਹੇ ਵਿਸ਼ਿਆਂ ਬਾਰੇ ਗੱਲ ਕਰ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਨ ਦੇ ਕੀ ਲਾਭ ਹਨ।
ਆਪਣੇ ਦਿਲ ਦੀ ਰਾਖੀ ਕਰੋ
5. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਚੰਗੀਆਂ ਗੱਲਾਂ-ਬਾਤਾਂ ਦਾ ਦਿਲ ਨਾਲ ਸੰਬੰਧ ਹੈ?
5 ਯਿਸੂ ਨੇ ਕਿਹਾ ਕਿ “ਜੋ ਮਨ ਵਿੱਚ ਭਰਿਆ ਹੋਇਆ ਹੈ ਉਹੋ ਮੂੰਹ ਉੱਤੇ ਆਉਂਦਾ ਹੈ।” (ਮੱਤੀ 12:34) ਹਾਂ, ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਸਾਡੀਆਂ ਗੱਲਾਂ-ਬਾਤਾਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ। ਕਹਿਣ ਦਾ ਭਾਵ ਕਿ ਅਸੀਂ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰਨੀ ਪਸੰਦ ਕਰਦੇ ਹਾਂ ਜੋ ਸਾਨੂੰ ਜ਼ਰੂਰੀ ਲੱਗਦੀਆਂ ਹਨ। ਤਾਂ ਫਿਰ ਸਾਨੂੰ ਆਪਣੇ ਆਪ ਤੋਂ ਪੁੱਛਣ ਦੀ ਲੋੜ ਹੈ ਕਿ ‘ਮੇਰਾ ਦਿਲ ਕੀ ਕਹਿੰਦਾ ਹੈ? ਜਦੋਂ ਮੈਂ ਆਪਣੇ ਪਰਿਵਾਰ ਜਾਂ ਮਸੀਹੀ ਭੈਣਾਂ-ਭਰਾਵਾਂ ਨਾਲ ਹੁੰਦਾ ਹਾਂ, ਤਾਂ ਕੀ ਮੈਂ ਰੂਹਾਨੀ ਚੀਜ਼ਾਂ ਬਾਰੇ ਗੱਲਾਂ ਕਰਦਾ ਹਾਂ? ਜਾਂ ਕੀ ਮੈਂ ਖੇਡਾਂ, ਕੱਪੜਿਆਂ, ਫ਼ਿਲਮਾਂ, ਖਾਣੇ, ਸ਼ਾਪਿੰਗ, ਜਾਂ ਹੋਰ ਕਿਸੇ ਮਾਮੂਲੀ ਚੀਜ਼ ਬਾਰੇ ਜ਼ਿਆਦਾ ਗੱਲਾਂ ਕਰਦਾ ਹਾਂ?’ ਸ਼ਾਇਦ ਅਣਜਾਣੇ ਵਿਚ ਅਸੀਂ ਆਪਣੀ ਜ਼ਿੰਦਗੀ ਵਿਚ ਅਤੇ ਆਪਣੇ ਮਨ ਵਿਚ ਘੱਟ ਜ਼ਰੂਰੀ ਚੀਜ਼ਾਂ ਵੱਲ ਧਿਆਨ ਦੇ ਰਹੇ ਹਾਂ। ਜ਼ਰੂਰੀ ਚੀਜ਼ਾਂ ਨੂੰ ਪਹਿਲ ਦੇਣ ਨਾਲ ਸਾਡੀ ਜ਼ਿੰਦਗੀ ਦੇ ਨਾਲ-ਨਾਲ ਸਾਡੀਆਂ ਗੱਲਾਂ-ਬਾਤਾਂ ਉੱਤੇ ਵੀ ਚੰਗਾ ਅਸਰ ਪਵੇਗਾ।—ਫ਼ਿਲਿੱਪੀਆਂ 1:10.
6. ਸੋਚ-ਵਿਚਾਰ ਕਰਨ ਨਾਲ ਸਾਡੀ ਗੱਲਬਾਤ ਤੇ ਕੀ ਅਸਰ ਪਵੇਗਾ?
6 ਚੰਗੀਆਂ ਚੀਜ਼ਾਂ ਬਾਰੇ ਸੋਚ-ਵਿਚਾਰ ਕਰਨਾ ਆਪਣੀ ਗੱਲਬਾਤ ਨੂੰ ਵਧੀਆ ਬਣਾਉਣ ਦਾ ਇਕ ਹੋਰ ਤਰੀਕਾ ਹੈ। ਜੇ ਅਸੀਂ ਰੂਹਾਨੀ ਚੀਜ਼ਾਂ ਬਾਰੇ ਸੋਚਣ ਦੀ ਕੋਸ਼ਿਸ਼ ਕਰਾਂਗਾ, ਤਾਂ ਸਾਡੇ ਬੁੱਲ੍ਹਾਂ ਤੇ ਵੀ ਰੂਹਾਨੀ ਵਿਸ਼ੇ ਹੋਣਗੇ। ਦਾਊਦ ਰਾਜੇ ਦਾ ਇਹੀ ਤਜਰਬਾ ਸੀ। ਉਸ ਨੇ ਗਾਇਆ: “ਹੇ ਯਹੋਵਾਹ, . . . ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਜੋਗ ਹੋਵੇ।” (ਜ਼ਬੂਰਾਂ ਦੀ ਪੋਥੀ 19:14) ਜ਼ਬੂਰਾਂ ਦੇ ਲਿਖਾਰੀ ਆਸਾਫ਼ ਨੇ ਵੀ ਪਰਮੇਸ਼ੁਰ ਨੂੰ ਕਿਹਾ: “ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ।” (ਜ਼ਬੂਰਾਂ ਦੀ ਪੋਥੀ 77:12) ਜੇ ਸਾਡੇ ਮਨ ਅਤੇ ਦਿਲ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਨਾਲ ਭਰੇ ਹੋਣ, ਤਾਂ ਸਾਡੇ ਮੂੰਹੋਂ ਵੀ ਸੋਹਣੇ-ਸੋਹਣੇ ਲਫ਼ਜ਼ ਨਿਕਲਣਗੇ। ਯਿਰਮਿਯਾਹ ਨਬੀ ਯਹੋਵਾਹ ਦੀ ਸਿੱਖਿਆ ਨੂੰ ਆਪਣੇ ਕੋਲ ਨਹੀਂ ਰੱਖ ਸਕਿਆ, ਸਗੋਂ ਉਸ ਨੇ ਇਸ ਦਾ ਪ੍ਰਚਾਰ ਕੀਤਾ। (ਯਿਰਮਿਯਾਹ 20:9) ਜੇ ਅਸੀਂ ਸਮਾਂ ਕੱਢ ਕੇ ਰੂਹਾਨੀ ਗੱਲਾਂ ਤੇ ਡੂੰਘੀ ਤਰ੍ਹਾਂ ਸੋਚ-ਵਿਚਾਰ ਕਰਾਂਗੇ, ਤਾਂ ਸਾਡੇ ਤੇ ਵੀ ਇਹੋ ਜਿਹਾ ਅਸਰ ਪਵੇਗਾ।—1 ਤਿਮੋਥਿਉਸ 4:15.
7, 8. ਅਸੀਂ ਕਿਹੋ ਜਿਹੇ ਵਿਸ਼ਿਆਂ ਬਾਰੇ ਗੱਲਬਾਤ ਕਰ ਕੇ ਦੂਸਰਿਆਂ ਦਾ ਹੌਸਲਾ ਵਧਾ ਸਕਦੇ ਹਾਂ?
7 ਜੇ ਅਸੀਂ ਅਧਿਆਤਮਿਕ ਕੰਮਾਂ ਦਾ ਵਧੀਆ ਪ੍ਰੋਗ੍ਰਾਮ ਬਣਾਈ ਰੱਖਾਂਗੇ, ਤਾਂ ਸਾਡੇ ਮਨ ਵਿਚ ਗੱਲਬਾਤ ਕਰਨ ਦੇ ਬਥੇਰੇ ਵਿਸ਼ੇ ਹੋਣਗੇ। ਅਸੈਂਬਲੀਆਂ, ਮੀਟਿੰਗਾਂ, ਨਵੀਆਂ ਕਿਤਾਬਾਂ ਅਤੇ ਡੇਲੀ ਟੈਕਸਟ ਵਿਚ ਸਾਨੂੰ ਵਧੀਆ ਤੋਂ ਵਧੀਆ ਨੁਕਤੇ ਦੱਸੇ ਜਾਂਦੇ ਹਨ ਜਿਨ੍ਹਾਂ ਨੂੰ ਅਸੀਂ ਇਕ-ਦੂਜੇ ਨਾਲ ਸਾਂਝੀ ਕਰ ਸਕਦੇ ਹਾਂ। (ਮੱਤੀ 13:52) ਇਸ ਦੇ ਨਾਲ-ਨਾਲ ਅਸੀਂ ਪ੍ਰਚਾਰ ਦੇ ਕੰਮ ਵਿਚ ਮਿਲੇ ਤਜਰਬੇ ਸੁਣਾ ਕੇ ਆਪਣੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇ ਸਕਦੇ ਹਾਂ।
8 ਰਾਜਾ ਸੁਲੇਮਾਨ ਇਸਰਾਏਲ ਦੇ ਇਲਾਕੇ ਵਿਚ ਦਰਖ਼ਤਾਂ, ਜਾਨਵਰਾਂ, ਪੰਛੀਆਂ ਅਤੇ ਮੱਛੀਆਂ ਨੂੰ ਦੇਖ ਕੇ ਬੜਾ ਪ੍ਰਭਾਵਿਤ ਹੋਇਆ ਸੀ। (1 ਰਾਜਿਆਂ 4:33) ਉਸ ਨੂੰ ਪਰਮੇਸ਼ੁਰ ਦੀ ਸ੍ਰਿਸ਼ਟੀ ਬਾਰੇ ਗੱਲ ਕਰਨ ਦਾ ਬਹੁਤ ਸ਼ੌਕ ਸੀ। ਅਸੀਂ ਵੀ ਉਸ ਦੀ ਰੀਸ ਕਰ ਸਕਦੇ ਹਾਂ। ਯਹੋਵਾਹ ਦੇ ਸੇਵਕ ਤਰ੍ਹਾਂ-ਤਰ੍ਹਾਂ ਦੇ ਵਿਸ਼ਿਆਂ ਬਾਰੇ ਗੱਲ ਕਰਨੀ ਪਸੰਦ ਕਰਦੇ ਹਨ, ਪਰ ਇਕ ਗੱਲ ਸਾਫ਼ ਹੈ ਕਿ ਸੱਚੇ ਮਸੀਹੀ ਆਪਣੀਆਂ ਗੱਲਾਂ-ਬਾਤਾਂ ਵਿਚ ਹਮੇਸ਼ਾ ਰੂਹਾਨੀ ਚੀਜ਼ਾਂ ਨੂੰ ਅਹਿਮੀਅਤ ਦਿੰਦੇ ਹਨ।—1 ਕੁਰਿੰਥੀਆਂ 2:13.
‘ਇਨ੍ਹਾਂ ਗੱਲਾਂ ਤੇ ਵਿਚਾਰ ਕਰੋ’
9. ਪੌਲੁਸ ਨੇ ਫ਼ਿਲਿੱਪੀਆਂ ਨੂੰ ਕਿਹੜੀ ਸਲਾਹ ਦਿੱਤੀ ਸੀ?
9 ਅਸੀਂ ਜਿਸ ਮਰਜ਼ੀ ਵਿਸ਼ੇ ਬਾਰੇ ਗੱਲ ਕਰ ਸਕਦੇ ਹਾਂ, ਪਰ ਜੇ ਅਸੀਂ ਪੌਲੁਸ ਰਸੂਲ ਦੀ ਸਲਾਹ ਮੰਨੀਏ, ਤਾਂ ਸਾਡੀਆਂ ਗੱਲਾਂ ਦੂਸਰਿਆਂ ਨੂੰ ਜ਼ਰੂਰ ਉਤਸ਼ਾਹ ਦੇਣਗੀਆਂ। ਫ਼ਿਲਿੱਪੀਆਂ ਦੀ ਕਲੀਸਿਯਾ ਨੂੰ ਉਸ ਨੇ ਲਿਖਿਆ: “ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ, ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੋ।” (ਫ਼ਿਲਿੱਪੀਆਂ 4:8) ਇਹ ਅੱਠ ਗੱਲਾਂ ਇੰਨੀਆਂ ਜ਼ਰੂਰੀ ਹਨ ਕਿ ਪੌਲੁਸ ਨੇ ਕਿਹਾ ਕਿ ਸਾਨੂੰ ਇਨ੍ਹਾਂ ਤੇ ਵਿਚਾਰ ਕਰਦੇ ਰਹਿਣਾ ਚਾਹੀਦਾ ਹੈ। ਹਾਂ, ਸਾਨੂੰ ਆਪਣੇ ਮਨਾਂ ਅਤੇ ਦਿਲਾਂ ਵਿਚ ਇਹ ਗੱਲਾਂ ਬਿਠਾਉਣੀਆਂ ਚਾਹੀਦੀਆਂ ਹਨ। ਤਾਂ ਫਿਰ ਆਓ ਅਸੀਂ ਦੇਖੀਏ ਕਿ ਇਨ੍ਹਾਂ ਵੱਲ ਧਿਆਨ ਦੇਣ ਨਾਲ ਅਸੀਂ ਆਪਣੀਆਂ ਗੱਲਾਂ-ਬਾਤਾਂ ਨੂੰ ਕਿੱਦਾਂ ਸੁਧਾਰ ਸਕਦੇ ਹਾਂ।
10. ਅਸੀਂ ਸੱਚੀਆਂ ਗੱਲਾਂ ਕਿੱਦਾਂ ਕਰ ਸਕਦੇ ਹਾਂ?
10ਸੱਚੀਆਂ ਗੱਲਾਂ ਸਿਰਫ਼ ਉਹ ਨਹੀਂ ਹੁੰਦੀਆਂ ਜੋ ਸਹੀ ਹਨ। ਪਰ ਇਸ ਦਾ ਮਤਲਬ ਹੈ ਉਹ ਗੱਲਾਂ ਜੋ ਖਰੀਆਂ ਅਤੇ ਭਰੋਸੇਯੋਗ ਹਨ, ਜਿੱਦਾਂ ਕਿ ਅਸੀਂ ਪਰਮੇਸ਼ੁਰ ਦੇ ਬਚਨ ਵਿਚ ਪਾਉਂਦੇ ਹਾਂ। ਇਸ ਲਈ ਜਦੋਂ ਅਸੀਂ ਦੂਸਰਿਆਂ ਨੂੰ ਦੱਸਦੇ ਹਾਂ ਕਿ ਸਾਨੂੰ ਬਾਈਬਲ ਵਿੱਚੋਂ ਕਿਹੜੀਆਂ ਸੱਚਾਈਆਂ ਪਸੰਦ ਹਨ, ਜਾਂ ਕਿਹੜੇ ਭਾਸ਼ਣ ਸੁਣ ਕੇ ਸਾਡਾ ਹੌਸਲਾ ਵਧਿਆ, ਜਾਂ ਕਿਹੜੀ ਸਲਾਹ ਨੇ ਸਾਡੀ ਮਦਦ ਕੀਤੀ, ਤਾਂ ਅਸਲ ਵਿਚ ਅਸੀਂ ਸੱਚੀਆਂ ਗੱਲਾਂ ਤੇ ਵਿਚਾਰ ਕਰ ਰਹੇ ਹਾਂ। ਪਰ ਦੂਸਰੇ ਪਾਸੇ, ਅਸੀਂ ‘ਗਿਆਨ ਕਹਾਉਣ ਵਾਲੇ ਝੂਠ ਮੂਠ’ ਨੂੰ ਰੱਦ ਕਰਦੇ ਹਾਂ, ਜੋ ਸਿਰਫ਼ ਉਪਰੋਂ-ਉਪਰੋਂ ਹੀ ਸੱਚਾ ਲੱਗਦਾ ਹੈ। (1 ਤਿਮੋਥਿਉਸ 6:20) ਇਸ ਦੇ ਨਾਲ-ਨਾਲ ਅਸੀਂ ਨਾ ਹੀ ਚੁਗ਼ਲੀਆਂ ਕਰਦੇ ਹਾਂ ਅਤੇ ਨਾ ਅਜਿਹੀਆਂ ਕਹਾਣੀਆਂ ਫੈਲਾਉਂਦੇ ਹਾਂ ਜਿਨ੍ਹਾਂ ਦਾ ਕੋਈ ਸਬੂਤ ਨਾ ਹੋਵੇ।
11. ਅਸੀਂ ਕਿਹੜੇ ਆਦਰ ਜੋਗ ਮਾਮਲਿਆਂ ਬਾਰੇ ਚਰਚਾ ਕਰ ਸਕਦੇ ਹਾਂ?
ਰਸੂਲਾਂ ਦੇ ਕਰਤੱਬ 14:27; 2 ਤਿਮੋਥਿਉਸ 3:1-5.
11ਆਦਰ ਜੋਗ ਗੱਲਾਂ ਮਾਮੂਲੀ ਨਹੀਂ ਪਰ ਮਤਲਬ ਦੀਆਂ ਗੰਭੀਰ ਗੱਲਾਂ ਹੁੰਦੀਆਂ ਹਨ। ਮਿਸਾਲ ਲਈ, ਪ੍ਰਚਾਰ ਦਾ ਕੰਮ, ਅਖ਼ੀਰਲੇ ਦਿਨਾਂ ਵਿਚ ਰਹਿਣਾ ਅਤੇ ਨੇਕ ਚਾਲ-ਚਲਣ ਦੀ ਜ਼ਰੂਰਤ, ਇਹ ਸਾਰੇ ਅਹਿਮ ਵਿਸ਼ੇ ਹਨ। ਜਦੋਂ ਅਸੀਂ ਅਜਿਹੇ ਗੰਭੀਰ ਵਿਸ਼ਿਆਂ ਬਾਰੇ ਗੱਲ ਕਰਦੇ ਹਾਂ, ਤਾਂ ਅਸੀਂ ਰੂਹਾਨੀ ਤੌਰ ਤੇ ਜਾਗਦੇ ਰਹਿਣ, ਆਪਣੀ ਵਫ਼ਾਦਾਰੀ ਕਾਇਮ ਰੱਖਣ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਿਣ ਦੇ ਆਪਣੇ ਇਰਾਦੇ ਨੂੰ ਹੋਰ ਪੱਕਾ ਕਰਦੇ ਹਾਂ। ਹਾਂ, ਜਦੋਂ ਪ੍ਰਚਾਰ ਕਰਦੇ ਹੋਏ ਸਾਨੂੰ ਕੋਈ ਖ਼ਾਸ ਖ਼ੁਸ਼ੀ ਮਿਲਦੀ ਹੈ, ਜਾਂ ਦੁਨੀਆਂ ਦੀਆਂ ਘਟਨਾਵਾਂ ਸਾਨੂੰ ਯਾਦ ਦਿਲਾਉਂਦੀਆਂ ਹਨ ਕਿ ਅਸੀਂ ਅਖ਼ੀਰਲੇ ਦਿਨਾਂ ਵਿਚ ਜੀ ਰਹੇ ਹਾਂ, ਤਾਂ ਅਸੀਂ ਇਨ੍ਹਾਂ ਮਾਮਲਿਆਂ ਬਾਰੇ ਬਥੇਰੀ ਗੱਲਬਾਤ ਕਰ ਸਕਦੇ ਹਾਂ।—12. ਜੇ ਅਸੀਂ ਪੌਲੁਸ ਦੀ ਸਲਾਹ ਲਾਗੂ ਕਰ ਕੇ ਜਥਾਰਥ ਅਤੇ ਸ਼ੁੱਧ ਗੱਲਾਂ ਤੇ ਵਿਚਾਰ ਕਰਨਾ ਹੈ, ਤਾਂ ਸਾਨੂੰ ਕਿਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?
12ਜਥਾਰਥ ਦਾ ਮਤਲਬ ਹੈ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਹੋਣਾ ਯਾਨੀ ਉਸ ਦੇ ਮਿਆਰਾਂ ਤੇ ਪੂਰੇ ਉਤਰਨਾ। ਸ਼ੁੱਧ ਹੋਣ ਦਾ ਮਤਲਬ ਹੈ ਆਪਣੇ ਸੋਚ-ਵਿਚਾਰਾਂ ਅਤੇ ਚਾਲ-ਚਲਣ ਨੂੰ ਸਾਫ਼ ਤੇ ਪਵਿੱਤਰ ਰੱਖਣਾ। ਗੰਦੇ ਚੁਟਕਲੇ ਦੱਸਣੇ, ਆਪਣੀ ਗੱਲਬਾਤ ਵਿਚ ਗੰਦੇ ਇਸ਼ਾਰੇ ਕਰਨੇ, ਜਾਂ ਦੂਸਰਿਆਂ ਨੂੰ ਬਦਨਾਮ ਅਫ਼ਸੀਆਂ 5:3; ਕੁਲੁੱਸੀਆਂ 3:8) ਜੇ ਕੰਮ ਤੇ ਜਾਂ ਸਕੂਲੇ ਦੂਸਰੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ, ਤਾਂ ਇਹ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਉਨ੍ਹਾਂ ਤੋਂ ਦੂਰ ਹੋ ਜਾਈਏ।
ਕਰਨਾ ਬਿਲਕੁਲ ਗ਼ਲਤ ਹੈ। (13. ਇਹ ਦੱਸੋ ਕਿ ਅਸੀਂ ਸੁਹਾਉਣੀਆਂ ਅਤੇ ਨੇਕ ਨਾਮੀ ਦੀਆਂ ਕਿਹੋ ਜਿਹੀਆਂ ਗੱਲਾਂ ਕਰ ਸਕਦੇ ਹਾਂ।
13 ਪੌਲੁਸ ਨੇ ਇਹ ਵੀ ਕਿਹਾ ਕਿ ਸਾਨੂੰ ਸੁਹਾਉਣੀਆਂ ਗੱਲਾਂ ਤੇ ਵਿਚਾਰ ਕਰਨਾ ਚਾਹੀਦਾ ਹੈ। ਉਸ ਦਾ ਮਤਲਬ ਸੀ ਕਿ ਸਾਨੂੰ ਨਫ਼ਰਤ, ਵੈਰ ਅਤੇ ਝਗੜੇ ਪੈਦਾ ਕਰਨ ਵਾਲੀਆਂ ਗੱਲਾਂ ਦੀ ਬਜਾਇ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ ਜਿਨ੍ਹਾਂ ਰਾਹੀਂ ਸਾਡਾ ਆਪਸੀ ਪਿਆਰ ਵਧੇਗਾ। ਨੇਕ ਨਾਮੀ ਦੀਆਂ ਗੱਲਾਂ ਉਹ ਹੁੰਦੀਆਂ ਜੋ ਨੇਕਨਾਮ ਵਿਅਕਤੀ ਤੋਂ ਆਈਆਂ ਹੋਣ ਅਤੇ ਸਹੀ ਸਿੱਧ ਕੀਤੀਆਂ ਜਾਂ ਸਕਦੀਆਂ ਹਨ। ਮਿਸਾਲ ਲਈ, ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿਚ ਵਫ਼ਾਦਾਰ ਭੈਣਾਂ-ਭਰਾਵਾਂ ਦੀਆਂ ਕਹਾਣੀਆਂ ਵਧੀਆ ਹਨ। ਇਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਦੂਸਰਿਆਂ ਨੂੰ ਕਿਉਂ ਨਾ ਦੱਸੋ ਕਿ ਤੁਹਾਨੂੰ ਇਹ ਕਿੱਦਾਂ ਲੱਗੀਆਂ? ਇਸ ਦੇ ਨਾਲ-ਨਾਲ ਇਨ੍ਹਾਂ ਲੇਖਾਂ ਵਿਚ ਆਪਣੇ ਭੈਣਾਂ-ਭਰਾਵਾਂ ਦੀ ਸੱਚਾਈ ਵਿਚ ਤਰੱਕੀ ਬਾਰੇ ਪੜ੍ਹ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ! ਅਜਿਹੀਆਂ ਚੀਜ਼ਾਂ ਬਾਰੇ ਗੱਲਬਾਤ ਕਰਨ ਨਾਲ ਸਾਡੀ ਕਲੀਸਿਯਾ ਪਿਆਰ ਅਤੇ ਏਕਤਾ ਵਿਚ ਜ਼ਰੂਰ ਤਕੜੀ ਕੀਤੀ ਜਾਵੇਗੀ।
14. (ੳ) ਸਦਗੁਣੀ ਬਣਨ ਲਈ ਕੀ ਜ਼ਰੂਰੀ ਹੈ? (ਅ) ਅਸੀਂ ਆਪਣੀ ਜੀਭ ਨਾਲ ਦੂਸਰਿਆਂ ਦੀ ਸੋਭਾ ਕਿੱਦਾਂ ਕਰ ਸਕਦੇ ਹਾਂ?
14 ਪੌਲੁਸ ਨੇ ਇਹ ਵੀ ਕਿਹਾ ਕਿ ‘ਜੋ ਕੁਝ ਗੁਣ ਹੈ’ ਸਾਨੂੰ ਇਸ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਜਿਹੜੀ ਗੱਲ ਚੰਗੀ ਅਤੇ ਨੇਕ ਹੈ ਇਸ ਨੂੰ ਸਦਗੁਣੀ ਕਿਹਾ ਜਾ ਸਕਦਾ ਹੈ। ਇਸ ਲਈ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਸਾਡੀ ਜ਼ਬਾਨ ਬਾਈਬਲ ਦੇ ਮਿਆਰਾਂ ਅਨੁਸਾਰ ਚੱਲਦੀ ਹੈ ਤਾਂਕਿ ਸਾਡੇ ਮੂੰਹੋਂ ਸਿਰਫ਼ ਨੇਕ, ਪਵਿੱਤਰ ਅਤੇ ਸਦਗੁਣੀ ਗੱਲਾਂ ਨਿਕਲਣ। ਅਸੀਂ ਇਕ-ਦੂਜੇ ਦੀ ਸੋਭਾ ਵੀ ਕਰ ਸਕਦੇ ਹਾਂ। ਜੇ ਤੁਹਾਨੂੰ ਮੀਟਿੰਗ ਵਿਚ ਕਿਸੇ ਦੀ ਟਾਕ ਸੋਹਣੀ ਲੱਗੇ, ਜਾਂ ਕਿਸੇ ਦੀ ਵਫ਼ਾਦਾਰੀ ਤੋਂ ਹੌਸਲਾ ਮਿਲੇ, ਤਾਂ ਇਸ ਬਾਰੇ ਉਸ ਭੈਣ-ਭਰਾ ਨਾਲ ਅਤੇ ਹੋਰਨਾਂ ਨਾਲ ਗੱਲ ਕਰੋ। ਪੌਲੁਸ ਰਸੂਲ ਨੇ ਭੈਣਾਂ-ਭਰਾਵਾਂ ਦੇ ਵਧੀਆ ਗੁਣਾਂ ਦੀ ਕਈ ਵਾਰ ਸੋਭਾ ਕੀਤੀ ਸੀ। (ਰੋਮੀਆਂ 16:12; ਫ਼ਿਲਿੱਪੀਆਂ 2:19-22; ਫਿਲੇਮੋਨ 4-7) ਇਸ ਦੇ ਨਾਲ-ਨਾਲ ਅਸੀਂ ਆਪਣੇ ਸਿਰਜਣਹਾਰ ਦੇ ਕੰਮਾਂ ਦੀ ਵੀ ਪ੍ਰਸ਼ੰਸਾ ਕਰ ਸਕਦੇ ਹਾਂ। ਉਸ ਦੀ ਸ੍ਰਿਸ਼ਟੀ ਬਾਰੇ ਅਸੀਂ ਬੇਅੰਤ ਗੱਲਾਂ-ਬਾਤਾਂ ਕਰ ਸਕਦੇ ਹਾਂ।—ਕਹਾਉਤਾਂ 6:6-8; 20:12; 26:2.
ਜ਼ਰੂਰੀ ਵਿਸ਼ਿਆਂ ਬਾਰੇ ਗੱਲਬਾਤ ਕਰੋ
15. ਆਪਣੇ ਬੱਚਿਆਂ ਨਾਲ ਗੱਲਬਾਤ ਕਰਨ ਦੇ ਸੰਬੰਧ ਵਿਚ ਬਾਈਬਲ ਵਿਚ ਮਾਪਿਆਂ ਨੂੰ ਕਿਹੜਾ ਹੁਕਮ ਦਿੱਤਾ ਗਿਆ ਹੈ?
15ਬਿਵਸਥਾ ਸਾਰ 6:6, 7 ਵਿਚ ਲਿਖਿਆ ਹੈ ਕਿ “ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” ਇਸ ਹੁਕਮ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਰੂਹਾਨੀ ਵਿਸ਼ਿਆਂ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ ਤੇ ਇਨ੍ਹਾਂ ਮੌਕਿਆਂ ਤੋਂ ਉਨ੍ਹਾਂ ਨੂੰ ਕੋਈ-ਨ-ਕੋਈ ਫ਼ਾਇਦਾ ਹੋਣਾ ਚਾਹੀਦਾ ਹੈ।
16, 17. ਮਸੀਹੀ ਮਾਪੇ ਯਹੋਵਾਹ ਅਤੇ ਅਬਰਾਹਾਮ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ?
16 ਜ਼ਰਾ ਸੋਚੋ ਕਿ ਯਹੋਵਾਹ ਅਤੇ ਯਿਸੂ ਨੇ ਕਿੰਨੀਆਂ ਗੱਲਾਂ-ਬਾਤਾਂ ਕੀਤੀਆਂ ਹੋਣੀਆਂ ਜਦੋਂ ਉਹ ਯਿਸੂ ਨੂੰ ਧਰਤੀ ਉੱਤੇ ਮਿਲਣ ਵਾਲੀਆਂ ਜ਼ਿੰਮੇਵਾਰੀਆਂ ਤੇ ਵਿਚਾਰ ਕਰਦੇ ਸਨ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ “ਪਿਤਾ ਜਿਨ ਮੈਨੂੰ ਘੱਲਿਆ ਉਸੇ ਨੇ ਮੈਨੂੰ ਹੁਕਮ ਦਿੱਤਾ ਭਈ ਮੈਂ ਕੀ ਬਚਨ ਕਰਾਂ ਅਤੇ ਕੀ ਬੋਲਾਂ।” (ਯੂਹੰਨਾ 12:49; ਬਿਵਸਥਾ ਸਾਰ 18:18) ਅਬਰਾਹਾਮ ਨੇ ਆਪਣੇ ਬੇਟੇ ਇਸਹਾਕ ਨਾਲ ਵੀ ਬਹੁਤ ਗੱਲਾਂ-ਬਾਤਾਂ ਕੀਤੀਆਂ ਹੋਣੀਆਂ ਜਦੋਂ ਉਹ ਆਪਣੇ ਉੱਤੇ ਅਤੇ ਆਪਣੇ ਪਿਉ-ਦਾਦਿਆਂ ਉੱਤੇ ਯਹੋਵਾਹ ਦੀਆਂ ਬਰਕਤਾਂ ਨੂੰ ਯਾਦ ਕਰ ਰਿਹਾ ਸੀ। ਅਜਿਹੇ ਚਰਚਿਆਂ ਕਰਕੇ ਯਿਸੂ ਅਤੇ ਇਸਹਾਕ ਨੇ ਜ਼ਰੂਰ ਸਿੱਖਿਆ ਹੋਣਾ ਕਿ ਉਹ ਪਰਮੇਸ਼ੁਰ ਦੇ ਅਧੀਨ ਹੋ ਕੇ ਉਸ ਦੀ ਮਰਜ਼ੀ ਕਿੱਦਾਂ ਕਰ ਸਕਦੇ ਸਨ।—ਉਤਪਤ 22:7-9; ਮੱਤੀ 26:39.
17 ਇਹ ਬੱਚਿਆਂ ਲਈ ਵੀ ਜ਼ਰੂਰੀ ਹੈ ਕਿ ਮਾਪੇ ਉਨ੍ਹਾਂ ਨਾਲ ਗੱਲਬਾਤ ਕਰਨ। ਅੱਜ-ਕੱਲ੍ਹ ਮਾਪੇ ਕਾਫ਼ੀ ਬਿਜ਼ੀ ਹੁੰਦੇ ਹਨ, ਪਰ ਫਿਰ ਵੀ ਇਹ ਲਾਜ਼ਮੀ ਹੈ ਕਿ ਉਹ ਆਪਣੇ ਬੱਚਿਆਂ ਨਾਲ ਗੱਲ ਕਰਨ ਲਈ ਸਮਾਂ ਕੱਢਣ। ਜੇ ਹੋ ਸਕੇ, ਤਾਂ ਕਿਉਂ ਨਾ ਦਿਨ ਵਿਚ ਇਕ ਵਾਰੀ ਸਾਰਾ ਪਰਿਵਾਰ ਇਕੱਠਾ ਮਿਲ ਕੇ ਰੋਟੀ ਖਾਏ? ਅਜਿਹੇ ਮੌਕਿਆਂ ਤੇ ਸਾਰੇ ਜਣੇ ਗੱਲਬਾਤ ਕਰ ਸਕਦੇ ਹਨ ਅਤੇ ਇਕ-ਦੂਜੇ ਨੂੰ ਰੂਹਾਨੀ ਤੌਰ ਤੇ ਤੰਦਰੁਸਤ ਕਰ ਸਕਦੇ ਹਨ।
18. ਕਿਸ ਉਦਾਹਰਣ ਤੋਂ ਪਤਾ ਲੱਗਦਾ ਹੈ ਕਿ ਮਾਪਿਆਂ ਅਤੇ ਬੱਚਿਆਂ ਵਿਚਕਾਰ ਗੱਲਬਾਤ ਦਾ ਚੰਗਾ ਅਸਰ ਪੈ ਸਕਦਾ ਹੈ?
18 ਏਲੇਖਾਨਡ੍ਰੋ 22 ਕੁ ਸਾਲਾਂ ਦਾ ਲੜਕਾ ਹੈ ਜੋ ਪਾਇਨੀਅਰੀ ਕਰਦਾ ਹੈ। ਪਰ ਉਸ ਨੂੰ ਯਾਦ ਹੈ ਕਿ ਜਦੋਂ ਉਹ 14 ਸਾਲਾਂ ਦਾ ਸੀ, ਤਾਂ ਉਸ ਨੂੰ ਸੱਚਾਈ ਬਾਰੇ ਕੁਝ ਸ਼ੱਕ ਸਨ। ਉਸ ਨੇ ਦੱਸਿਆ ਕਿ “ਸਕੂਲ ਦੇ ਫ੍ਰਿੰਡਾਂ ਅਤੇ ਟੀਚਰਾਂ ਦੇ ਖ਼ਿਆਲਾਂ ਦਾ ਮੇਰੇ ਉੱਤੇ ਕਾਫ਼ੀ ਅਸਰ ਪਿਆ। ਮੈਂ ਪਰਮੇਸ਼ੁਰ ਬਾਰੇ ਅਤੇ ਬਾਈਬਲ ਦੀ ਸੱਚਾਈ ਬਾਰੇ ਸ਼ੱਕ ਕਰਨ ਲੱਗਾ। ਮੇਰੇ ਮੰਮੀ-ਡੈਡੀ ਨੇ ਬੜੀ ਮਿਹਨਤ ਨਾਲ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਨਤੀਜੇ ਵਜੋਂ ਉਸ ਔਖੇ ਸਮੇਂ ਦੌਰਾਨ ਉਨ੍ਹਾਂ ਦੀ ਸਿੱਖਿਆ ਨੇ ਮੇਰੇ ਸ਼ੱਕ ਦੂਰ ਕੀਤੇ ਅਤੇ ਨਾਲੋਂ-ਨਾਲ ਅਗਾਹਾਂ ਦੇ ਫ਼ੈਸਲਿਆਂ ਲਈ ਵੀ ਇਕ ਚੰਗੀ ਨੀਂਹ ਰੱਖੀ ਗਈ।” ਏਲੇਖਾਨਡ੍ਰੋ ਅੱਗੇ ਦੱਸਦਾ ਹੈ ਕਿ “ਮੈਂ ਹਾਲੇ ਵੀ ਆਪਣੇ ਮਾਪਿਆਂ ਨਾਲ ਰਹਿੰਦਾ ਹਾਂ। ਪਰ ਅਸੀਂ ਇੰਨੇ ਬਿਜ਼ੀ ਹੁੰਦੇ ਹਾਂ ਕਿ ਮੈਨੂੰ ਅਤੇ ਮੇਰੇ ਡੈਡੀ ਨੂੰ ਗੱਲਬਾਤ ਕਰਨ ਦਾ ਘੱਟ ਹੀ ਮੌਕਾ ਮਿਲਦਾ ਹੈ। ਇਸ ਕਰਕੇ ਮੈਂ ਹਰ ਹਫ਼ਤੇ ਇਕ ਵਾਰ ਉਨ੍ਹਾਂ ਦੇ ਕੰਮ ਦੀ ਜਗ੍ਹਾ ਜਾਂਦਾ ਹਾਂ ਅਤੇ ਅਸੀਂ ਇਕੱਠੇ ਬੈਠ ਕੇ ਰੋਟੀ ਖਾਂਦੇ ਹਾਂ। ਉਸ ਨਾਲ ਬੈਠ ਕੇ ਗੱਲਬਾਤ ਕਰਨੀ ਮੈਨੂੰ ਬਹੁਤ ਵਧੀਆ ਲੱਗਦੀ ਹੈ।”
19. ਰੂਹਾਨੀ ਵਿਸ਼ਿਆਂ ਬਾਰੇ ਗੱਲਬਾਤ ਕਰਨੀ ਸਾਡੇ ਸਾਰਿਆਂ ਲਈ ਕਿਉਂ ਜ਼ਰੂਰੀ ਹੈ?
19 ਅਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਵੀ ਰੂਹਾਨੀ ਵਿਸ਼ਿਆਂ ਬਾਰੇ ਗੱਲਾਂ ਕਰ ਕੇ ਲਾਭ ਹਾਸਲ ਕਰ ਸਕਦੇ ਹਾਂ। ਪੌਲੁਸ ਰਸੂਲ ਬਾਰੇ ਸੋਚੋ ਜਿਸ ਨੇ ਰੋਮ ਦੇ ਮਸੀਹੀਆਂ ਨੂੰ ਕਿਹਾ: “ਮੈਂ ਤੁਹਾਡੇ ਦਰਸ਼ਣ ਨੂੰ ਬਹੁਤ ਤਰਸਦਾ ਹਾਂ . . . ਕਿ ਤੁਸਾਂ ਵਿੱਚ ਰਲ ਕੇ ਆਪਸ ਦੀ ਨਿਹਚਾ ਦੇ ਕਾਰਨ ਜਿਹੜੀ ਤੁਹਾਡੇ ਅਤੇ ਮੇਰੇ ਵਿੱਚ ਹੈ ਸਾਡੀ ਦੋਹਾਂ ਦੀ ਨਿਸ਼ਾ ਹੋਵੇ।” (ਰੋਮੀਆਂ 1:11, 12) ਅਸੀਂ ਵੀ ਮੀਟਿੰਗਾਂ ਤੇ, ਪ੍ਰਚਾਰ ਦੇ ਕੰਮ ਵਿਚ, ਇਕੱਠਾਂ ਵਿਚ, ਜਾਂ ਸਫ਼ਰ ਕਰਦਿਆਂ ਇਕ-ਦੂਸਰੇ ਨਾਲ ਗੱਲਾਂ-ਬਾਤਾਂ ਕਰ ਸਕਦੇ ਹਾਂ। ਕੀ ਤੁਸੀਂ ਅਜਿਹੇ ਮੌਕਿਆਂ ਨੂੰ ਪਸੰਦ ਨਹੀਂ ਕਰਦੇ? ਯੋਹਾਨਸ ਨਾਂ ਦੇ ਇਕ ਬਜ਼ੁਰਗ ਨੇ ਕਿਹਾ: “ਭੈਣਾਂ-ਭਰਾਵਾਂ ਨਾਲ ਰੂਹਾਨੀ ਵਿਸ਼ਿਆਂ ਬਾਰੇ ਗੱਲਬਾਤ ਕਰਨੀ ਸਾਡੀ ਇਕ ਜ਼ਰੂਰਤ ਹੈ। ਇਸ ਤਰ੍ਹਾਂ ਕਰ ਕੇ ਸਾਡਾ ਦਿਲ ਹੌਲਾ ਹੁੰਦਾ ਹੈ ਅਤੇ ਅਸੀਂ ਜ਼ਿੰਦਗੀ ਦੇ ਬੋਝ ਭੁੱਲ ਜਾਂਦੇ ਹਾਂ। ਮੈਂ ਸਿਆਣਿਆਂ ਨੂੰ ਅਕਸਰ ਪੁੱਛਦਾ ਹੁੰਦਾ ਕਿ ਉਹ ਕਿੱਦਾਂ ਆਪਣੀ ਵਫ਼ਾਦਾਰੀ ਬਣਾਈ ਰੱਖ ਸਕੇ। ਕਈ ਸਾਲਾਂ ਦੌਰਾਨ ਮੈਂ ਕਈਆਂ ਨਾਲ ਬਾਤਚੀਤ ਕੀਤੀ ਹੈ ਅਤੇ ਸਾਰਿਆਂ ਨੇ ਮੈਨੂੰ ਕੋਈ-ਨ-ਕੋਈ ਸਲਾਹ ਦੱਸੀ ਹੈ ਜਿਸ ਤੋਂ ਮੈਨੂੰ ਬਹੁਤ ਫ਼ਾਇਦਾ ਹੋਇਆ ਹੈ।”
20. ਸ਼ਰਮੀਲੇ ਭੈਣਾਂ-ਭਰਾਵਾਂ ਨਾਲ ਅਸੀਂ ਕਿੱਦਾਂ ਗੱਲ ਕਰ ਸਕਦੇ ਹਾਂ?
20 ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਅਸੀਂ ਕਿਸੇ ਰੂਹਾਨੀ ਵਿਸ਼ੇ ਬਾਰੇ ਗੱਲ ਸ਼ੁਰੂ ਕਰਦੇ ਹਾਂ ਅਤੇ ਦੂਸਰੇ ਹਾਮੀ ਨਹੀਂ ਭਰਦੇ? ਤਦ ਵੀ ਹਾਰ ਨਾ ਮੰਨੋ। ਸ਼ਾਇਦ ਹੋਰ ਕਿਸੇ ਵੇਲੇ ਮੌਕਾ ਮਿਲੇਗਾ। ਜਿੱਦਾਂ ਸੁਲੇਮਾਨ ਨੇ ਕਿਹਾ: “ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।” (ਕਹਾਉਤਾਂ 25:11) ਇਹ ਨਾ ਭੁੱਲੋ ਕਿ ਕਈਆਂ ਲੋਕਾਂ ਦਾ ਸ਼ਰਮੀਲਾ ਸੁਭਾਅ ਹੁੰਦਾ ਹੈ। “ਮਨੁੱਖ ਦੇ ਮਨ ਦੀ ਸਲਾਹ ਡੂੰਘੇ ਪਾਣੀ ਵਰਗੀ ਹੈ, ਪਰ ਸਮਝ ਵਾਲਾ ਉਹ ਨੂੰ ਬਾਹਰ ਕੱਢ ਲਿਆਵੇਗਾ।” * (ਕਹਾਉਤਾਂ 20:5) ਇੱਦਾਂ ਨਾ ਹੋਵੇ ਕਿ ਅਸੀਂ ਦੂਸਰਿਆਂ ਦੇ ਰਵੱਈਏ ਕਰਕੇ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰਨ ਤੋਂ ਪਿੱਛੇ ਹਟੀਏ ਜੋ ਸਾਡੇ ਦਿਲ ਨੂੰ ਛੋਹੰਦੀਆਂ ਹਨ।
ਰੂਹਾਨੀ ਵਿਸ਼ਿਆਂ ਬਾਰੇ ਗੱਲਾਂ ਕਰਨ ਦੇ ਫ਼ਾਇਦੇ
21, 22. ਰੂਹਾਨੀ ਵਿਸ਼ਿਆਂ ਬਾਰੇ ਗੱਲਾਂ ਕਰਨ ਤੋਂ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
21 “ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿੱਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ।” (ਅਫ਼ਸੀਆਂ 4:29; ਰੋਮੀਆਂ 10:10) ਸਾਨੂੰ ਸ਼ਾਇਦ ਇਕ-ਦੂਜੇ ਦੀ ਗੱਲਬਾਤ ਸਹੀ ਵਿਸ਼ਿਆਂ ਤੇ ਲਿਆਉਣ ਲਈ ਮਿਹਨਤ ਕਰਨੀ ਪਵੇ, ਪਰ ਇਸ ਦਾ ਜ਼ਰੂਰ ਫ਼ਾਇਦਾ ਹੋਵੇਗਾ। ਰੂਹਾਨੀ ਗੱਲਾਂ ਕਰ ਕੇ ਅਸੀਂ ਆਪਣੀ ਨਿਹਚਾ ਦਾ ਸਬੂਤ ਦੇ ਸਕਦੇ ਹਾਂ ਅਤੇ ਆਪਣੇ ਭਾਈਚਾਰੇ ਨੂੰ ਤਕੜਾ ਕਰ ਸਕਦੇ ਹਾਂ।
22 ਤਾਂ ਫਿਰ, ਆਓ ਆਪਾਂ ਆਪਣੀ ਅਨਮੋਲ ਜ਼ਬਾਨ ਦੂਸਰਿਆਂ ਨੂੰ ਹੌਸਲਾ ਦੇਣ ਅਤੇ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਵਰਤੀਏ। ਇਸ ਤਰ੍ਹਾਂ ਕਰਨ ਨਾਲ ਦੂਸਰਿਆਂ ਨੂੰ ਲਾਭ ਮਿਲੇਗਾ ਅਤੇ ਸਾਡਾ ਜੀ ਵੀ ਖ਼ੁਸ਼ ਹੋਵੇਗਾ। ਇਸ ਤੋਂ ਵਧ ਯਹੋਵਾਹ ਸਾਡੀਆਂ ਗੱਲਾਂ-ਬਾਤਾਂ ਨੂੰ ਸੁਣਦਾ ਹੈ ਅਤੇ ਜਦੋਂ ਅਸੀਂ ਆਪਣੀ ਜ਼ਬਾਨ ਸਹੀ ਤਰੀਕੇ ਨਾਲ ਵਰਤਦੇ ਹਾਂ, ਤਾਂ ਉਸ ਦਾ ਦਿਲ ਖ਼ੁਸ਼ ਹੁੰਦਾ ਹੈ। (ਜ਼ਬੂਰਾਂ ਦੀ ਪੋਥੀ 139:4; ਕਹਾਉਤਾਂ 27:11) ਜੇ ਅਸੀਂ ਰੂਹਾਨੀ ਵਿਸ਼ਿਆਂ ਬਾਰੇ ਗੱਲ ਕਰਾਂਗੇ, ਤਾਂ ਅਸੀਂ ਯਕੀਨ ਕਰ ਸਕਦੇ ਹਾਂ ਕਿ ਪਰਮੇਸ਼ੁਰ ਸਾਨੂੰ ਕਦੀ ਨਹੀਂ ਭੁੱਲੇਗਾ। ਸਾਡੇ ਜ਼ਮਾਨੇ ਵਿਚ ਯਹੋਵਾਹ ਦੇ ਸੇਵਕਾਂ ਬਾਰੇ ਬਾਈਬਲ ਕਹਿੰਦੀ ਹੈ: “ਤਦ ਯਹੋਵਾਹ ਦਾ ਭੈ ਮੰਨਣ ਵਾਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ। ਯਹੋਵਾਹ ਨੇ ਧਿਆਨ ਦੇ ਕੇ ਸੁਣੀਆਂ ਤਾਂ ਯਹੋਵਾਹ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗੀਰੀ ਦੀ ਪੁਸਤਕ ਲਿਖੀ ਗਈ।” (ਮਲਾਕੀ 3:16; 4:5) ਤਾਂ ਫਿਰ ਇਹ ਕਿੰਨਾ ਜ਼ਰੂਰੀ ਹੈ ਕਿ ਸਾਡੀਆਂ ਗੱਲਾਂ-ਬਾਤਾਂ ਦੂਸਰਿਆਂ ਨੂੰ ਰੂਹਾਨੀ ਤੌਰ ਤੇ ਤਕੜੀਆਂ ਕਰਨ।
[ਫੁਟਨੋਟ]
^ ਪੈਰਾ 20 ਇਸਰਾਏਲ ਵਿਚ ਕਈ ਖੂਹ ਕਾਫ਼ੀ ਡੂੰਘੇ ਹੁੰਦੇ ਸਨ। ਖੋਜਕਾਰਾਂ ਨੇ ਗਿਬਓਨ ਸ਼ਹਿਰ ਵਿਚ ਇਕ ਵੱਡਾ ਖੂਹ ਲੱਭਿਆ ਹੈ ਜੋ 25 ਮੀਟਰ ਡੂੰਘਾ ਹੈ। ਉਸ ਦੇ ਅੰਦਰ ਇਕ ਪੌੜੀ ਵੀ ਹੈ ਤਾਂਕਿ ਲੋਕ ਪਾਣੀ ਕੱਢਣ ਲਈ ਥੱਲੇ ਜਾ ਸਕਣ।
ਤੁਸੀਂ ਕਿੱਦਾਂ ਜਵਾਬ ਦਿਓਗੇ?
• ਸਾਡੀ ਗੱਲਬਾਤ ਤੋਂ ਸਾਡੇ ਬਾਰੇ ਕੀ ਪਤਾ ਲੱਗਦਾ ਹੈ?
• ਅਸੀਂ ਦੂਸਰਿਆਂ ਨੂੰ ਹੌਸਲਾ ਦੇਣ ਲਈ ਕਿਹੋ ਜਿਹੀਆਂ ਚੀਜ਼ਾਂ ਬਾਰੇ ਗੱਲਬਾਤ ਕਰ ਸਕਦੇ ਹਾਂ?
• ਪਰਿਵਾਰ ਅਤੇ ਕਲੀਸਿਯਾ ਵਿਚ ਗੱਲਬਾਤ ਦੀ ਕੀ ਅਹਿਮੀਅਤ ਹੈ?
• ਹੌਸਲਾ ਦੇਣ ਵਾਲੀਆਂ ਗੱਲਾਂ-ਬਾਤਾਂ ਦੇ ਕਿਹੜੇ ਲਾਭ ਹੁੰਦੇ ਹਨ?
[ਸਵਾਲ]
[ਸਫ਼ੇ 12 ਉੱਤੇ ਤਸਵੀਰਾਂ]
ਅਜਿਹੀਆਂ ਗੱਲਾਂ ਨਾਲ ਦੂਸਰਿਆਂ ਦਾ ਹੌਸਲਾ ਵਧਾਓ
“ਜਿਹੜੀਆਂ ਗੱਲਾਂ ਸੱਚੀਆਂ ਹਨ”
“ਜਿਹੜੀਆਂ ਆਦਰ ਜੋਗ ਹਨ”
“ਜੋ ਕੁਝ ਸੋਭਾ ਹੈ”
“ਜਿਹੜੀਆਂ ਨੇਕ ਨਾਮੀ ਦੀਆਂ ਹਨ”
[ਕ੍ਰੈਡਿਟ ਲਾਈਨਾਂ]
Video cover, Stalin: U.S. Army photo; Creator book cover, Eagle Nebula: J. Hester and P. Scowen (AZ State Univ.), NASA
[ਸਫ਼ੇ 13 ਉੱਤੇ ਤਸਵੀਰ]
ਖਾਣ ਦਾ ਵੇਲਾ ਰੂਹਾਨੀ ਵਿਸ਼ਿਆਂ ਬਾਰੇ ਗੱਲਬਾਤ ਕਰਨ ਦਾ ਵਧੀਆ ਮੌਕਾ ਹੈ