Skip to content

Skip to table of contents

ਅਜ਼ਮਾਇਸ਼ਾਂ ਹੇਠ ਧੀਰਜ ਰੱਖਣ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ

ਅਜ਼ਮਾਇਸ਼ਾਂ ਹੇਠ ਧੀਰਜ ਰੱਖਣ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ

ਅਜ਼ਮਾਇਸ਼ਾਂ ਹੇਠ ਧੀਰਜ ਰੱਖਣ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ

“ਜੇ ਤੁਸੀਂ ਸ਼ੁਭ ਕਰਮਾਂ ਦੇ ਕਾਰਨ ਦੁੱਖ ਝੱਲ ਕੇ ਧੀਰਜ ਕਰੋ ਤਾਂ ਇਹ ਪਰਮੇਸ਼ੁਰ ਨੂੰ ਪਰਵਾਨ ਹੈ।”—1 ਪਤਰਸ 2:20.

1. ਜੇ ਮਸੀਹੀ ਪਰਮੇਸ਼ੁਰ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਕਿਹੜੇ ਸਵਾਲ ਤੇ ਗੌਰ ਕਰਨਾ ਚਾਹੀਦਾ ਹੈ?

ਮਸੀਹੀਆਂ ਨੇ ਯਹੋਵਾਹ ਨਾਲ ਵਾਅਦਾ ਕੀਤਾ ਹੈ ਕਿ ਉਹ ਹਮੇਸ਼ਾ ਉਸ ਦੀ ਮਰਜ਼ੀ ਤੇ ਚੱਲਦੇ ਰਹਿਣਗੇ। ਇਸ ਵਾਅਦੇ ਨੂੰ ਨਿਭਾਉਣ ਲਈ ਉਹ ਯਿਸੂ ਦੇ ਨਮੂਨੇ ਤੇ ਚੱਲਣ ਅਤੇ ਸੱਚਾਈ ਦੀ ਸਾਖੀ ਭਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। (ਮੱਤੀ 16:24; ਯੂਹੰਨਾ 18:37; 1 ਪਤਰਸ 2:21) ਪਰ ਅਸੀਂ ਦੇਖ ਚੁੱਕੇ ਹਾਂ ਕਿ ਯਿਸੂ ਅਤੇ ਹੋਰ ਵਫ਼ਾਦਾਰ ਚੇਲੇ ਆਪਣੀ ਨਿਹਚਾ ਕਰਕੇ ਸ਼ਹੀਦ ਹੋਏ ਸਨ। ਤਾਂ ਫਿਰ, ਕੀ ਇਸ ਦਾ ਇਹ ਮਤਲਬ ਹੈ ਕਿ ਸਾਰੇ ਮਸੀਹੀਆਂ ਨੂੰ ਸ਼ਹੀਦ ਹੋਣਾ ਪਵੇਗਾ?

2. ਮਸੀਹੀ ਅਜ਼ਮਾਇਸ਼ਾਂ ਨੂੰ ਕਿਸ ਨਜ਼ਰੀਏ ਤੋਂ ਵਿਚਾਰਦੇ ਹਨ?

2 ਮਸੀਹੀ ਹੋਣ ਕਰਕੇ ਸਾਡੇ ਤੋਂ ਮੌਤ ਤਕ ਵਫ਼ਾਦਾਰ ਰਹਿਣ ਦੀ ਆਸ ਰੱਖੀ ਜਾਂਦੀ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਆਪਣੀ ਵਫ਼ਾਦਾਰੀ ਦਾ ਸਬੂਤ ਦੇਣ ਲਈ ਸਾਨੂੰ ਆਪਣੀ ਜਾਨ ਦੇਣੀ ਹੀ ਪਵੇਗੀ। (2 ਤਿਮੋਥਿਉਸ 4:7; ਪਰਕਾਸ਼ ਦੀ ਪੋਥੀ 2:10) ਤਾਂ ਫਿਰ, ਭਾਵੇਂ ਅਸੀਂ ਆਪਣੀ ਵਫ਼ਾਦਾਰੀ ਕਰਕੇ ਕਸ਼ਟ ਸਹਿਣ ਅਤੇ ਮਰਨ ਲਈ ਤਿਆਰ ਹਾਂ, ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਇਸ ਵਿਚ ਖ਼ੁਸ਼ੀਆਂ ਮਨਾਉਂਦੇ ਹਾਂ। ਸਾਨੂੰ ਕਸ਼ਟ ਤੋਂ ਕੋਈ ਖ਼ੁਸ਼ੀ ਨਹੀਂ ਮਿਲਦੀ ਅਤੇ ਨਾ ਸਾਨੂੰ ਬੇਇੱਜ਼ਤ ਹੋਣ ਤੋਂ ਕਿਸੇ ਕਿਸਮ ਦਾ ਮਜ਼ਾ ਆਉਂਦਾ ਹੈ। ਦੁੱਖ-ਤਕਲੀਫ਼ ਸਾਡੇ ਤੇ ਜ਼ਰੂਰ ਆਉਣਗੇ, ਇਸ ਲਈ ਸਾਨੂੰ ਸੋਚਣਾ ਚਾਹੀਦਾ ਹੈ ਕਿ ਇਨ੍ਹਾਂ ਦੌਰਾਨ ਸਾਨੂੰ ਕੀ ਕਰਨਾ ਚਾਹੀਦਾ ਹੈ?

ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ

3. ਸਤਾਹਟ ਦਾ ਸਾਮ੍ਹਣਾ ਕਰਨ ਦੇ ਸੰਬੰਧ ਵਿਚ ਤੁਸੀਂ ਕਿਹੜੇ ਬਾਈਬਲ ਬਿਰਤਾਂਤ ਦੱਸ ਸਕਦੇ ਹੋ? (ਅਗਲੇ ਸਫ਼ੇ ਤੇ “ਉਨ੍ਹਾਂ ਨੇ ਜ਼ੁਲਮ ਨੂੰ ਕਿਵੇਂ ਸਹਿਣ ਕੀਤਾ?” ਨਾਮਕ ਡੱਬੀ ਦੇਖੋ।)

3 ਬਾਈਬਲ ਵਿਚ ਅਸੀਂ ਕਈ ਬਿਰਤਾਂਤ ਪੜ੍ਹਦੇ ਹਾਂ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪੁਰਾਣੇ ਜ਼ਮਾਨਿਆਂ ਵਿਚ ਪਰਮੇਸ਼ੁਰ ਦੇ ਸੇਵਕਾਂ ਨੇ ਜਾਨ ਖ਼ਤਰੇ ਵਿਚ ਹੋਣ ਤੇ ਕੀ ਕੀਤਾ ਸੀ। ਅਸੀਂ ਦੇਖਦੇ ਹਾਂ ਕਿ ਉਨ੍ਹਾਂ ਨੇ ਵੱਖਰੀਆਂ-ਵੱਖਰੀਆਂ ਸਥਿਤੀਆਂ ਵਿਚ ਵੱਖਰੇ-ਵੱਖਰੇ ਕਦਮ ਚੁੱਕੇ ਸਨ। ਅਸੀਂ ਉਨ੍ਹਾਂ ਦੀ ਮਿਸਾਲ ਤੋਂ ਸਿੱਖਦੇ ਹਾਂ ਕਿ ਜੇ ਅਸੀਂ ਕਦੀ ਉਨ੍ਹਾਂ ਵਰਗੀਆਂ ਹਾਲਤਾਂ ਵਿਚ ਹੋਈਏ, ਤਾਂ ਅਸੀਂ ਕੀ ਕਰ ਸਕਦੇ ਹਾਂ। “ਉਨ੍ਹਾਂ ਨੇ ਜ਼ੁਲਮ ਨੂੰ ਕਿਵੇਂ ਸਹਿਣ ਕੀਤਾ?” ਨਾਮਕ ਡੱਬੀ ਦੇ ਬਿਰਤਾਂਤਾਂ ਤੇ ਗੌਰ ਕਰੋ ਅਤੇ ਦੇਖੋ ਕਿ ਤੁਸੀਂ ਇਨ੍ਹਾਂ ਤੋਂ ਕੀ ਸਿੱਖ ਸਕਦੇ ਹੋ।

4. ਅਜ਼ਮਾਇਸ਼ਾਂ ਅਧੀਨ ਯਿਸੂ ਅਤੇ ਦੂਸਰੇ ਵਫ਼ਾਦਾਰ ਸੇਵਕਾਂ ਨੇ ਕੀ ਕੀਤਾ ਸੀ?

4 ਭਾਵੇਂ ਯਿਸੂ ਅਤੇ ਪਰਮੇਸ਼ੁਰ ਦੇ ਦੂਸਰੇ ਵਫ਼ਾਦਾਰ ਸੇਵਕਾਂ ਨੇ ਸਤਾਹਟ ਦਾ ਸਾਮ੍ਹਣਾ ਹਾਲਾਤ ਅਨੁਸਾਰ ਵੱਖਰੇ-ਵੱਖਰੇ ਤਰੀਕਿਆਂ ਨਾਲ ਕੀਤਾ ਸੀ, ਪਰ ਉਨ੍ਹਾਂ ਨੇ ਜਾਣ-ਬੁੱਝ ਕੇ ਆਪਣੀਆਂ ਜਾਨਾਂ ਖ਼ਤਰੇ ਵਿਚ ਨਹੀਂ ਪਾਈਆਂ। ਖ਼ਤਰੇ ਦੇ ਵਿਚ ਉਨ੍ਹਾਂ ਨੇ ਬਹਾਦਰੀ ਤਾਂ ਜ਼ਰੂਰ ਦਿਖਾਈ, ਪਰ ਇਸ ਦੇ ਨਾਲ-ਨਾਲ ਉਹ ਹੁਸ਼ਿਆਰ ਵੀ ਰਹੇ। (ਮੱਤੀ 10:16, 23) ਉਨ੍ਹਾਂ ਦਾ ਟੀਚਾ ਸੀ ਪ੍ਰਚਾਰ ਦਾ ਕੰਮ ਜਾਰੀ ਰੱਖਣਾ ਅਤੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ। ਇਨ੍ਹਾਂ ਮਸੀਹੀਆਂ ਨੇ ਵੱਖਰੀਆਂ-ਵੱਖਰੀਆਂ ਅਜ਼ਮਾਇਸ਼ਾਂ ਅਧੀਨ ਜੋ ਕੀਤਾ ਸੀ, ਉਹ ਸਾਡੇ ਲਈ ਇਕ ਵਧੀਆ ਨਮੂਨਾ ਹੈ ਕਿ ਅਸੀਂ ਸਮਾਨ ਹਾਲਤਾਂ ਵਿਚ ਕੀ ਕਰ ਸਕਦੇ ਹਾਂ।

5. ਮਲਾਵੀ ਵਿਚ 1960 ਦੇ ਦਹਾਕੇ ਵਿਚ ਮਸੀਹੀ ਭਰਾਵਾਂ ਨਾਲ ਕੀ ਹੋਇਆ ਅਤੇ ਉਨ੍ਹਾਂ ਨੇ ਕਿਹੜੇ ਕਦਮ ਚੁੱਕੇ?

5 ਆਧੁਨਿਕ ਦਿਨਾਂ ਵਿਚ ਯਹੋਵਾਹ ਦੇ ਲੋਕ ਯੁੱਧਾਂ ਕਰਕੇ ਘਾਟਾ, ਪਾਬੰਦੀਆਂ ਅਤੇ ਕੁੱਟ-ਮਾਰ ਦੇ ਸ਼ਿਕਾਰ ਬਣੇ ਹਨ। ਮਿਸਾਲ ਦੇ ਤੌਰ ਤੇ 1960 ਦੇ ਦਹਾਕੇ ਵਿਚ ਮਲਾਵੀ ਵਿਚ ਯਹੋਵਾਹ ਦੇ ਗਵਾਹਾਂ ਤੇ ਸਖ਼ਤ ਜ਼ੁਲਮ ਕੀਤੇ ਗਏ ਸਨ। ਉਨ੍ਹਾਂ ਦੇ ਕਿੰਗਡਮ ਹਾਲ, ਘਰ, ਕਾਰੋਬਾਰ ਅਤੇ ਖਾਣਾ ਯਾਨੀ ਜੋ ਵੀ ਉਨ੍ਹਾਂ ਕੋਲ ਸੀ ਉਹ ਸਾਰੇ ਦੇ ਸਾਰਾ ਨਾਸ਼ ਕਰ ਦਿੱਤਾ ਗਿਆ ਸੀ। ਭਰਾਵਾਂ ਨੂੰ ਕੁੱਟਿਆ-ਮਾਰਿਆ ਹੀ ਨਹੀਂ ਗਿਆ, ਸਗੋਂ ਉਨ੍ਹਾਂ ਤੇ ਹੋਰ ਵੀ ਕਈ ਤਰ੍ਹਾਂ ਦੇ ਜ਼ੁਲਮ ਕੀਤੇ ਗਏ ਸਨ। ਇਸ ਕਰਕੇ ਭਰਾਵਾਂ ਨੇ ਕੀ ਕੀਤਾ? ਹਜ਼ਾਰਾਂ ਨੂੰ ਆਪਣੇ ਪਿੰਡਾਂ ਤੋਂ ਭੱਜਣਾ ਪਿਆ। ਕਈਆਂ ਨੇ ਬੀਆਬਾਨ ਇਲਾਕਿਆਂ ਵਿਚ ਅਤੇ ਦੂਸਰੇ ਥੋੜ੍ਹੇ ਚਿਰ ਲਈ ਨਾਲ ਦੇ ਦੇਸ਼ ਮੋਜ਼ਾਮਬੀਕ ਚਲੇ ਗਏ। ਕਈ ਵਫ਼ਾਦਾਰ ਮਸੀਹੀਆਂ ਨੂੰ ਮਲਾਵੀ ਵਿਚ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ, ਪਰ ਦੂਸਰੇ ਉਸ ਖ਼ਤਰਨਾਕ ਜਗ੍ਹਾ ਤੋਂ ਭੱਜ ਗਏ। ਇਨ੍ਹਾਂ ਹਾਲਤਾਂ ਦੇ ਅਧੀਨ ਇਹ ਸਮਝਦਾਰੀ ਦੀ ਗੱਲ ਸੀ ਅਤੇ ਇਸ ਤਰ੍ਹਾਂ ਉਹ ਯਿਸੂ ਤੇ ਪੌਲੁਸ ਦੀ ਮਿਸਾਲ ਤੇ ਚੱਲੇ।

6. ਸਖ਼ਤ ਅਜ਼ਮਾਇਸ਼ਾਂ ਦੇ ਬਾਵਜੂਦ ਮਲਾਵੀ ਦੇ ਭਰਾਵਾਂ ਨੇ ਕਿਹੜੇ ਕੰਮ ਕਰਨੇ ਨਹੀਂ ਛੱਡੇ?

6 ਭਾਵੇਂ ਕਿ ਮਲਾਵੀ ਦੇ ਭਰਾਵਾਂ ਨੂੰ ਸਤਾਹਟ ਕਰਕੇ ਲੁਕਣਾ ਪਿਆ ਜਾਂ ਉੱਥੋਂ ਭੱਜਣਾ ਪਿਆ, ਪਰ ਫਿਰ ਵੀ ਉਹ ਪਰਮੇਸ਼ੁਰ ਦੇ ਨਿਰਦੇਸ਼ਨ ਵਿਚ ਚੱਲੇ। ਜਿੰਨਾ ਉਨ੍ਹਾਂ ਕੋਲੋਂ ਹੋ ਸਕਿਆ, ਉਨ੍ਹਾਂ ਨੇ ਚੋਰੀ-ਛਿਪੇ ਮਸੀਹੀ ਸਭਾਵਾਂ ਅਤੇ ਹੋਰ ਰੂਹਾਨੀ ਕੰਮ ਜਾਰੀ ਰੱਖੇ। ਇਸ ਦਾ ਨਤੀਜਾ ਕੀ ਨਿਕਲਿਆ? ਪਾਬੰਦੀ ਲੱਗਣ ਤੋਂ ਪਹਿਲਾਂ ਯਾਨੀ 1967 ਵਿਚ ਉੱਥੇ ਦੇ ਰਾਜ ਪ੍ਰਚਾਰਕਾਂ ਦੀ ਗਿਣਤੀ 18,519 ਹੋ ਗਈ ਸੀ। ਸੰਨ 1972 ਵਿਚ ਉੱਥੇ ਪਾਬੰਦੀ ਜਾਰੀ ਸੀ ਅਤੇ ਭਾਵੇਂ ਕਿ ਕਈ ਭੈਣ-ਭਰਾ ਆਪਣੇ ਦੇਸ਼ੋਂ ਨਿਕਲ ਕੇ ਮੋਜ਼ਾਮਬੀਕ ਚਲੇ ਗਏ ਸਨ, ਪਰ ਉੱਥੇ ਰਾਜ ਪ੍ਰਚਾਰਕਾਂ ਦੀ ਗਿਣਤੀ 23,398 ਤਕ ਵਧ ਗਈ ਸੀ। ਹਰ ਪ੍ਰਚਾਰਕ ਪ੍ਰਚਾਰ ਵਿਚ ਤਕਰੀਬਨ 16-16 ਘੰਟੇ ਬਿਤਾਉਂਦਾ ਸੀ। ਬਿਨਾਂ ਸ਼ੱਕ ਉਨ੍ਹਾਂ ਨੇ ਜੋ ਵੀ ਕੀਤਾ, ਉਸ ਨਾਲ ਯਹੋਵਾਹ ਦੀ ਮਹਿਮਾ ਹੋਈ ਅਤੇ ਉਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਯਹੋਵਾਹ ਦੀ ਅਸੀਸ ਉਨ੍ਹਾਂ ਵਫ਼ਾਦਾਰ ਭਰਾਵਾਂ ਤੇ ਸੀ। *

7, 8. ਮੁਸੀਬਤਾਂ ਦੇ ਬਾਵਜੂਦ ਕਈਆਂ ਨੇ ਆਪਣਾ ਦੇਸ਼ ਕਿਉਂ ਨਹੀਂ ਛੱਡਿਆ?

7 ਦੂਸਰੇ ਪਾਸੇ, ਕੁਝ ਭੈਣ-ਭਰਾ ਵਿਰੋਧ ਦੇ ਬਾਵਜੂਦ ਆਪਣੇ ਦੇਸ਼ ਵਿਚ ਰਹਿੰਦੇ ਹਨ। ਇਹ ਸੱਚ ਹੈ ਕਿ ਆਪਣਾ ਦੇਸ਼ ਛੱਡ ਕੇ ਉਹ ਅਜ਼ਮਾਇਸ਼ਾਂ ਤੋਂ ਬਚ ਸਕਦੇ ਹਨ, ਪਰ ਨਵੇਂ ਦੇਸ਼ ਵਿਚ ਨਵੀਆਂ ਮੁਸੀਬਤਾਂ ਖੜ੍ਹੀਆਂ ਹੋ ਸਕਦੀਆਂ ਹਨ। ਕੀ ਉਹ ਨਵੇਂ ਦੇਸ਼ ਵਿਚ ਮਸੀਹੀ ਭਾਈਚਾਰੇ ਨਾਲ ਮਿਲ ਕੇ ਰੂਹਾਨੀ ਪ੍ਰਬੰਧਾਂ ਦਾ ਫ਼ਾਇਦਾ ਲੈ ਸਕਣਗੇ? ਆਮ ਤੌਰ ਤੇ ਜਿਨ੍ਹਾਂ ਦੇਸ਼ਾਂ ਵਿਚ ਉਹ ਭੱਜ ਕੇ ਜਾਂਦੇ ਹਨ ਉਹ ਜ਼ਿਆਦਾ ਅਮੀਰ ਹੁੰਦੇ ਹਨ ਅਤੇ ਉੱਥੇ ਦੌਲਤ ਇਕੱਠੀ ਕਰਨ ਦਾ ਲਾਲਚ ਉਨ੍ਹਾਂ ਨੂੰ ਫਸਾ ਸਕਦਾ ਹੈ। ਤਾਂ ਫਿਰ ਜਿਉਂ-ਜਿਉਂ ਭਰਾ ਨਵੇਂ ਦੇਸ਼ ਟਿਕਣ ਦੀ ਕੋਸ਼ਿਸ਼ ਕਰਦੇ ਹਨ ਇਹ ਵੀ ਸਵਾਲ ਪੈਦਾ ਹੁੰਦਾ ਹੈ: ਕੀ ਉਹ ਆਪਣੇ ਰੂਹਾਨੀ ਕੰਮਾਂ-ਕਾਰਾਂ ਵਿਚ ਲੱਗੇ ਰਹਿ ਸਕਣਗੇ?—1 ਤਿਮੋਥਿਉਸ 6:9.

8 ਕੁਝ ਭੈਣ-ਭਰਾ ਧਾਰ ਲੈਂਦੇ ਹਨ ਕਿ ਉਹ ਆਪਣਾ ਘਰ-ਬਾਰ ਛੱਡ ਕੇ ਨਹੀਂ ਜਾਣਗੇ ਕਿਉਂਕਿ ਉਨ੍ਹਾਂ ਨੂੰ ਉੱਥੇ ਦੇ ਆਪਣੇ ਸੰਗੀ ਭੈਣਾਂ-ਭਰਾਵਾਂ ਦੀ ਰੂਹਾਨੀ ਖ਼ੁਸ਼ਹਾਲੀ ਦੀ ਚਿੰਤਾ ਹੁੰਦੀ ਹੈ। ਉਹ ਉੱਥੇ ਰਹਿ ਕੇ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦਾ ਫ਼ੈਸਲਾ ਕਰ ਲੈਂਦੇ ਹਨ ਤਾਂਕਿ ਉਹ ਉੱਥੇ ਪ੍ਰਚਾਰ ਕਰਦੇ ਰਹਿ ਸਕਣ ਅਤੇ ਆਪਣੇ ਭਰਾਵਾਂ ਨੂੰ ਹੌਸਲਾ ਦਿੰਦੇ ਰਹਿ ਸਕਣ। (ਫ਼ਿਲਿੱਪੀਆਂ 1:14) ਅਜਿਹੇ ਫ਼ੈਸਲਿਆਂ ਕਰਕੇ ਕਈਆਂ ਨੂੰ ਅਦਾਲਤਾਂ ਵਿਚ ਜਾ ਕੇ ਸਾਖੀ ਦੇਣ ਦੇ ਮੌਕੇ ਮਿਲੇ ਹਨ ਅਤੇ ਉਨ੍ਹਾਂ ਨੂੰ ਜਿੱਤ ਵੀ ਪ੍ਰਾਪਤ ਹੋਈ ਹੈ। *

9. ਜ਼ੁਲਮ ਕਰਕੇ ਆਪਣਾ ਘਰ-ਬਾਰ ਛੱਡਣ ਤੋਂ ਪਹਿਲਾਂ ਸਾਨੂੰ ਕਿਹੜੀਆਂ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ?

9 ਦੇਸ਼ ਵਿਚ ਰਹਿਣਾ ਜਾ ਨਾ ਰਹਿਣਾ ਹਰੇਕ ਦਾ ਨਿੱਜੀ ਫ਼ੈਸਲਾ ਹੁੰਦਾ ਹੈ। ਪਰ ਫਿਰ ਵੀ, ਇਸ ਤਰ੍ਹਾਂ ਦੇ ਫ਼ੈਸਲੇ ਪ੍ਰਾਰਥਨਾ ਅਤੇ ਯਹੋਵਾਹ ਦੇ ਨਿਰਦੇਸ਼ਨ ਵਿਚ ਚੱਲ ਕੇ ਹੀ ਕੀਤੇ ਜਾਣੇ ਚਾਹੀਦੇ ਹਨ। ਅਸੀਂ ਜੋ ਵੀ ਫ਼ੈਸਲਾ ਕਰਦੇ ਹਾਂ ਸਾਨੂੰ ਪੌਲੁਸ ਰਸੂਲ ਦੇ ਸ਼ਬਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ: “ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।” (ਰੋਮੀਆਂ 14:12) ਜਿਸ ਤਰ੍ਹਾਂ ਅਸੀਂ ਪਹਿਲਾਂ ਚਰਚਾ ਕਰ ਚੁੱਕੇ ਹਾਂ, ਯਹੋਵਾਹ ਦੀ ਇਹ ਮੰਗ ਹੈ ਕਿ ਜੋ ਮਰਜ਼ੀ ਹੋਵੇ ਅਸੀਂ ਉਸ ਪ੍ਰਤੀ ਵਫ਼ਾਦਾਰ ਰਹੀਏ। ਉਸ ਦੇ ਕਈ ਸੇਵਕਾਂ ਨੂੰ ਅੱਜ ਜ਼ੁਲਮ ਸਹਿਣਾ ਪੈ ਰਿਹਾ ਹੈ ਅਤੇ ਕਈਆਂ ਨੂੰ ਸ਼ਾਇਦ ਆਉਣ ਵਾਲੇ ਸਮਿਆਂ ਵਿਚ ਜ਼ੁਲਮ ਦਾ ਸਾਮ੍ਹਣਾ ਸਹਿਣਾ ਪਵੇ। ਸਾਰਿਆਂ ਨੂੰ ਕਿਸੇ-ਨ-ਕਿਸੇ ਤਰੀਕੇ ਨਾਲ ਅਜ਼ਮਾਇਆ ਜਾਵੇਗਾ ਅਤੇ ਕਿਸੇ ਨੂੰ ਨਹੀਂ ਸੋਚਣਾ ਚਾਹੀਦਾ ਕਿ ਉਸ ਉੱਤੇ ਪਰਤਾਵੇ ਨਹੀਂ ਆਉਣਗੇ। (ਯੂਹੰਨਾ 15:19, 20) ਯਹੋਵਾਹ ਦੇ ਸਮਰਪਿਤ ਸੇਵਕ ਹੋਣ ਕਰਕੇ ਅਸੀਂ ਉਸ ਦੀ ਹਕੂਮਤ ਅਤੇ ਉਸ ਦੇ ਨਾਂ ਬਾਰੇ ਖੜ੍ਹੇ ਕੀਤੇ ਸਵਾਲਾਂ ਦੇ ਮਾਮਲੇ ਵਿਚ ਸ਼ਾਮਲ ਹਾਂ।—ਹਿਜ਼ਕੀਏਲ 38:23; ਮੱਤੀ 6:9, 10.

“ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ”

10. ਬੁਰਾਈ ਦਾ ਸਾਮ੍ਹਣਾ ਕਰਦੇ ਹੋਏ ਯਿਸੂ ਅਤੇ ਉਸ ਦੇ ਰਸੂਲਾਂ ਨੇ ਸਾਡੇ ਲਈ ਕਿਹੜੀ ਮਿਸਾਲ ਕਾਇਮ ਕੀਤੀ ਹੈ?

10 ਯਿਸੂ ਅਤੇ ਉਸ ਦੇ ਰਸੂਲਾਂ ਦੀ ਮਿਸਾਲ ਤੋਂ ਅਸੀਂ ਦਬਾਅ ਦਾ ਸਾਮ੍ਹਣਾ ਕਰਨ ਬਾਰੇ ਇਕ ਹੋਰ ਗੱਲ ਸਿੱਖਦੇ ਹਾਂ ਕਿ ਸਾਨੂੰ ਕਦੀ ਬੁਰਾਈ ਦੇ ਵੱਟੇ ਕਿਸੇ ਨਾਲ ਬੁਰਾਈ ਨਹੀਂ ਕਰਨੀ ਚਾਹੀਦੀ। ਅਸੀਂ ਬਾਈਬਲ ਵਿਚ ਕਿਤੇ ਨਹੀਂ ਪੜ੍ਹਦੇ ਕਿ ਯਿਸੂ ਅਤੇ ਉਸ ਦੇ ਚੇਲਿਆਂ ਨੇ ਜ਼ੁਲਮ ਦੇ ਖ਼ਿਲਾਫ਼ ਕੋਈ ਅੰਦੋਲਨ ਕੀਤਾ ਸੀ ਜਾਂ ਵਿਰੋਧੀਆਂ ਨਾਲ ਲੜੇ ਸਨ। ਇਸ ਦੀ ਬਜਾਇ ਪੌਲੁਸ ਨੇ ਮਸੀਹੀਆਂ ਨੂੰ ਕਿਹਾ ਸੀ: “ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ। . . . ਹੇ ਪਿਆਰਿਓ, ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ ਕਿਉਂ ਜੋ ਲਿਖਿਆ ਹੋਇਆ ਹੈ ਕਿ ਪ੍ਰਭੁ ਆਖਦਾ ਹੈ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ। . . . ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ।”—ਰੋਮੀਆਂ 12:17-21; ਜ਼ਬੂਰਾਂ ਦੀ ਪੋਥੀ 37:1-4; ਕਹਾਉਤਾਂ 20:22.

11. ਇਕ ਇਤਿਹਾਸਕਾਰ ਦੇ ਮੁਤਾਬਕ ਮਸੀਹੀਆਂ ਦਾ ਸਰਕਾਰ ਦੇ ਪ੍ਰਤੀ ਕੀ ਰਵੱਈਆ ਸੀ?

11 ਮੁਢਲੇ ਮਸੀਹੀਆਂ ਨੇ ਇਸ ਸਲਾਹ ਨੂੰ ਮੰਨਿਆ ਸੀ। ਇਕ ਇਤਿਹਾਸਕਾਰ ਨੇ ਸੰਨ 30-70 ਸਾ.ਯੁ. ਵਿਚ ਸਰਕਾਰ ਪ੍ਰਤੀ ਮਸੀਹੀਆਂ ਦੇ ਰਵੱਈਏ ਬਾਰੇ ਲਿਖਿਆ: “ਸਾਡੇ ਕੋਲ ਕੋਈ ਸਬੂਤ ਨਹੀਂ ਹੈ ਕਿ ਮਸੀਹੀਆਂ ਨੇ ਆਪਣੇ ਸਤਾਉਣ ਵਾਲਿਆਂ ਤੋਂ ਬਦਲਾ ਲਿਆ। ਜ਼ਿਆਦਾ ਤੋਂ ਜ਼ਿਆਦਾ, ਉਨ੍ਹਾਂ ਨੇ ਆਪਣੇ ਵਿਰੋਧੀਆਂ ਦੀ ਨਿੰਦਿਆ ਕਰ ਕੇ ਜਾਂ ਉਨ੍ਹਾਂ ਕੋਲੋਂ ਲੁਕ-ਛਿਪ ਕੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ। ਜਦੋਂ ਸਰਕਾਰ ਨੇ ਮਸੀਹੀਆਂ ਨੂੰ ਮਸੀਹ ਦੇ ਹੁਕਮਾਂ ਨੂੰ ਤੋੜਨ ਲਈ ਕਿਹਾ, ਤਾਂ ਉਨ੍ਹਾਂ ਨੇ ਬਸ ਦ੍ਰਿੜ੍ਹਤਾ ਨਾਲ ਇਸ ਦਾ ਇਨਕਾਰ ਕੀਤਾ ਪਰ ਹੋਰ ਕੁਝ ਨਹੀਂ ਕੀਤਾ।”

12. ਬਦਲਾ ਲੈਣ ਦੀ ਬਜਾਇ ਧੀਰਜ ਨਾਲ ਸਤਾਹਟ ਸਹਿਣੀ ਕਿਉਂ ਚੰਗੀ ਗੱਲ ਹੈ?

12 ਪਰ, ਕੀ ਸਤਾਹਟ ਪ੍ਰਤੀ ਅਜਿਹਾ ਸਹਿਣਸ਼ੀਲ ਰਵੱਈਆ ਰੱਖਣਾ ਠੀਕ ਹੈ? ਜੇ ਕੋਈ ਜ਼ੁਲਮ ਇਸੇ ਤਰ੍ਹਾਂ ਸਹਿੰਦਾ ਰਹੇ, ਤਾਂ ਕੀ ਉਹ ਦੂਜਿਆਂ ਦੇ ਜ਼ੁਲਮਾਂ ਦਾ ਸੌਖਿਆਂ ਹੀ ਸ਼ਿਕਾਰ ਨਹੀਂ ਹੁੰਦਾ ਰਹੇਗਾ? ਕੀ ਡਟ ਕੇ ਮੁਕਾਬਲਾ ਕਰਨਾ ਸਿਆਣੀ ਗੱਲ ਨਹੀਂ ਹੋਵੇਗੀ? ਮਨੁੱਖੀ ਨਜ਼ਰੀਏ ਤੋਂ ਇਹ ਸ਼ਾਇਦ ਸਹੀ ਲੱਗੇ। ਪਰ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਪੂਰਾ ਵਿਸ਼ਵਾਸ ਕਰਦੇ ਹਾਂ ਕਿ ਹਰ ਵੇਲੇ ਯਹੋਵਾਹ ਦੀ ਸਲਾਹ ਤੇ ਚੱਲਣਾ ਸਭ ਤੋਂ ਵਧੀਆ ਗੱਲ ਹੈ। ਅਸੀਂ ਪਤਰਸ ਦੇ ਇਹ ਸ਼ਬਦ ਯਾਦ ਰੱਖਦੇ ਹਾਂ: “ਜੇ ਤੁਸੀਂ ਸ਼ੁਭ ਕਰਮਾਂ ਦੇ ਕਾਰਨ ਦੁਖ ਝੱਲ ਕੇ ਧੀਰਜ ਕਰੋ ਤਾਂ ਇਹ ਪਰਮੇਸ਼ੁਰ ਨੂੰ ਪਰਵਾਨ ਹੈ।” (1 ਪਤਰਸ 2:20) ਸਾਨੂੰ ਪਤਾ ਹੈ ਕਿ ਯਹੋਵਾਹ ਸਭ ਕੁਝ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਇਨ੍ਹਾਂ ਹਾਲਤਾਂ ਨੂੰ ਹਮੇਸ਼ਾ ਲਈ ਨਹੀਂ ਰਹਿਣ ਦੇਵੇਗਾ। ਪਰ ਅਸੀਂ ਇਸ ਬਾਰੇ ਪੂਰਾ ਯਕੀਨ ਕਿਵੇਂ ਕਰ ਸਕਦੇ ਹਾਂ? ਬਾਬਲ ਵਿਚ ਕੈਦ ਆਪਣੇ ਲੋਕਾਂ ਨੂੰ ਯਹੋਵਾਹ ਨੇ ਕਿਹਾ ਸੀ: “ਜਿਹੜਾ ਤੁਹਾਨੂੰ ਛੋਹੰਦਾ ਹੈ ਉਹ [ਮੇਰੀ] ਅੱਖ ਦੀ ਕਾਕੀ ਨੂੰ ਛੋਹੰਦਾ ਹੈ।” (ਜ਼ਕਰਯਾਹ 2:8) ਤੁਸੀਂ ਕਿਸੇ ਨੂੰ ਤੁਹਾਡੀ ਅੱਖ ਦੀ ਕਾਕੀ ਨੂੰ ਕਿੰਨੇ ਚਿਰ ਲਈ ਛੋਹ ਲੈਣ ਦਿਓਗੇ? ਤਾਂ ਫਿਰ, ਯਹੋਵਾਹ ਆਪਣੇ ਸਮੇਂ ਤੇ ਛੁਟਕਾਰਾ ਦੇਵੇਗਾ। ਇਸ ਬਾਰੇ ਕੋਈ ਸ਼ੱਕ ਨਹੀਂ ਹੈ।—2 ਥੱਸਲੁਨੀਕੀਆਂ 1:5-8.

13. ਯਿਸੂ ਨੇ ਆਪਣੀ ਗਿਰਫ਼ਤਾਰੀ ਵੇਲੇ ਆਪਣੇ ਦੁਸ਼ਮਣਾਂ ਦਾ ਕਿਉਂ ਵਿਰੋਧ ਨਹੀਂ ਕੀਤਾ?

13 ਇਸ ਦੇ ਸੰਬੰਧ ਵਿਚ ਅਸੀਂ ਯਿਸੂ ਦੇ ਨਮੂਨੇ ਵੱਲ ਦੇਖ ਸਕਦੇ ਹਾਂ। ਉਸ ਨੇ ਗਥਸਮਨੀ ਦੇ ਬਾਗ਼ ਵਿਚ ਆਪਣੀ ਗਿਰਫ਼ਤਾਰੀ ਦਾ ਕੋਈ ਵਿਰੋਧ ਨਹੀਂ ਕੀਤਾ ਸੀ। ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਹ ਆਪਣੇ ਆਪ ਨੂੰ ਬਚਾ ਨਹੀਂ ਸਕਦਾ ਸੀ। ਅਸਲ ਵਿਚ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: ‘ਕੀ ਤੁਸੀਂ ਇਹ ਸਮਝਦੇ ਹੋ ਜੋ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸੱਕਦਾ ਅਤੇ ਉਹ ਹੁਣੇ ਦੂਤਾਂ ਦੀਆਂ ਬਾਰਾਂ ਫੌਜਾਂ ਤੋਂ ਵਧੀਕ ਮੇਰੇ ਕੋਲ ਹਾਜਰ ਨਾ ਕਰੇਗਾ? ਫੇਰ ਓਹ ਲਿਖਤਾਂ ਭਈ ਅਜਿਹਾ ਹੋਣਾ ਜਰੂਰ ਹੈ ਕਿੱਕੁਰ ਪੂਰੀਆਂ ਹੁੰਦੀਆਂ?’ (ਮੱਤੀ 26:53, 54) ਚਾਹੇ ਉਸ ਨੂੰ ਖ਼ੁਦ ਦੁੱਖ ਝੱਲਣਾ ਪੈਣਾ ਸੀ, ਯਿਸੂ ਦੀ ਖ਼ਾਹਸ਼ ਸੀ ਕਿ ਯਹੋਵਾਹ ਦੀ ਇੱਛਾ ਪੂਰੀ ਹੋ ਕੇ ਰਹੇ। ਉਸ ਨੂੰ ਦਾਊਦ ਦੀ ਲਿਖੀ ਭਵਿੱਖਬਾਣੀ ਵਿਚ ਪੂਰਾ ਯਕੀਨ ਸੀ: “ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ, ਨਾ ਆਪਣੇ ਪਵਿੱਤਰ ਪੁਰਖ ਨੂੰ ਗੋਰ ਵੇਖਣ ਦੇਵੇਂਗਾ।” (ਜ਼ਬੂਰਾਂ ਦੀ ਪੋਥੀ 16:10) ਕਈ ਸਾਲ ਬਾਅਦ ਪੌਲੁਸ ਰਸੂਲ ਨੇ ਉਸ ਬਾਰੇ ਕਿਹਾ: “[ਯਿਸੂ] ਨੇ ਉਸ ਅਨੰਦ ਨਮਿੱਤ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁਖ ਝੱਲਿਆ ਅਤੇ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।”—ਇਬਰਾਨੀਆਂ 12:2.

ਯਹੋਵਾਹ ਦਾ ਨਾਂ ਪਵਿੱਤਰ ਕਰਨ ਦੀ ਖ਼ੁਸ਼ੀ

14. ਕਿਹੜੀ ਖ਼ੁਸ਼ੀ ਨੇ ਯਿਸੂ ਨੂੰ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਦੀ ਹਿੰਮਤ ਦਿੱਤੀ?

14 ਕਿਹੜੀ ਖ਼ੁਸ਼ੀ ਨੇ ਯਿਸੂ ਨੂੰ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਦੀ ਹਿੰਮਤ ਦਿੱਤੀ ਸੀ? ਕਿਉਂ ਜੋ ਯਿਸੂ ਪਰਮੇਸ਼ੁਰ ਦਾ ਪਿਆਰਾ ਪੁੱਤਰ ਸੀ, ਇਸ ਲਈ ਪਰਮੇਸ਼ੁਰ ਦੇ ਹੋਰ ਸਾਰੇ ਸੇਵਕਾਂ ਤੋਂ ਪਹਿਲਾਂ ਉਹ ਸ਼ਤਾਨ ਦਾ ਮੁੱਖ ਨਿਸ਼ਾਨਾ ਸੀ। ਜੇ ਯਿਸੂ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਨੂੰ ਬਣਾਈ ਰੱਖਦਾ, ਤਾਂ ਇਹ ਸ਼ਤਾਨ ਦੇ ਮਿਹਣਿਆਂ ਦਾ ਸਭ ਤੋਂ ਵਧੀਆ ਜਵਾਬ ਹੋਣਾ ਸੀ। (ਕਹਾਉਤਾਂ 27:11) ਤਾਂ ਹੁਣ ਯਿਸੂ ਦੀ ਖ਼ੁਸ਼ੀ ਦੀ ਕਲਪਨਾ ਕਰੋ ਜਦੋਂ ਉਸ ਨੂੰ ਜੀ ਉਠਾਇਆ ਗਿਆ ਸੀ। ਉਹ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਉਸ ਨੇ ਧਰਤੀ ਉੱਤੇ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾ ਕੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਦਾ ਸਮਰਥਨ ਕੀਤਾ ਜਿਸ ਕਰਕੇ ਯਹੋਵਾਹ ਦਾ ਨਾਂ ਪਵਿੱਤਰ ਹੋਇਆ! ਇਸ ਦੇ ਨਾਲ-ਨਾਲ ਉਸ ਨੂੰ ‘ਪਰਮੇਸ਼ੁਰ ਦੇ ਸੱਜੇ ਪਾਸੇ ਬੈਠਣ’ ਦਾ ਖ਼ਾਸ ਸਨਮਾਨ ਮਿਲਿਆ ਅਤੇ ਇਹ ਵੀ ਯਿਸੂ ਲਈ ਬਹੁਤ ਖ਼ੁਸ਼ੀ ਦਾ ਕਾਰਨ ਸੀ।—ਜ਼ਬੂਰਾਂ ਦੀ ਪੋਥੀ 110:1, 2; 1 ਤਿਮੋਥਿਉਸ 6:15, 16.

15, 16. ਇਕ ਨਜ਼ਰਬੰਦੀ ਕੈਂਪ ਵਿਚ ਗਵਾਹਾਂ ਨੇ ਕਿਸ ਤਰ੍ਹਾਂ ਦੇ ਜ਼ੁਲਮ ਸਹੇ ਸਨ ਅਤੇ ਉਨ੍ਹਾਂ ਨੂੰ ਸਹਿਣ ਕਰਨ ਦੀ ਸ਼ਕਤੀ ਕਿੱਥੋਂ ਮਿਲੀ ਸੀ?

15 ਯਿਸੂ ਵਾਂਗ ਮਸੀਹੀਆਂ ਨੂੰ ਵੀ ਅਜ਼ਮਾਇਸ਼ਾਂ ਸਹਿ ਕੇ ਯਹੋਵਾਹ ਦਾ ਨਾਂ ਪਵਿੱਤਰ ਕਰਨ ਵਿਚ ਖ਼ੁਸ਼ੀ ਮਿਲਦੀ ਹੈ। ਇਸ ਦੀ ਇਕ ਢੁਕਵੀਂ ਉਦਾਹਰਣ ਉਨ੍ਹਾਂ ਮਸੀਹੀਆਂ ਦੀ ਹੈ ਜਿਨ੍ਹਾਂ ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਜਰਮਨੀ ਦੇ ਜ਼ਾਕਸਨਹਾਊਸਨ ਨਜ਼ਰਬੰਦੀ ਕੈਂਪ ਵਿਚ ਕੈਦ ਕੀਤਾ ਗਿਆ ਸੀ। ਯੁੱਧ ਦੇ ਅਖ਼ੀਰ ਵਿਚ ਉਨ੍ਹਾਂ ਨੂੰ ਇਕ ਮੌਤ ਦੀ ਯਾਤਰਾ ਤੇ ਲਿਜਾਇਆ ਗਿਆ ਸੀ। ਇਸ ਯਾਤਰਾ ਦੇ ਦੌਰਾਨ ਹਜ਼ਾਰਾਂ ਲੋਕਾਂ ਦੀ ਠੰਢ, ਭੁੱਖ ਅਤੇ ਬੀਮਾਰੀ ਕਾਰਨ ਮੌਤ ਹੋਈ ਅਤੇ ਕਈਆਂ ਨੂੰ ਹਿਟਲਰ ਦੇ ਸਿਪਾਹੀਆਂ ਨੇ ਮਾਰ ਦਿੱਤਾ। ਪਰ ਪਰਮੇਸ਼ੁਰ ਦੇ 230 ਸੇਵਕਾਂ ਵਿੱਚੋਂ ਇਕ ਵੀ ਨਾ ਮਰਿਆ ਕਿਉਂਕਿ ਉਹ ਇਕੱਠੇ ਰਹਿ ਕੇ ਇਕ-ਦੂਜੇ ਦੀ ਮਦਦ ਕਰਦੇ ਰਹੇ, ਭਾਵੇਂ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੇ ਖ਼ੁਦ ਆਪਣੀਆਂ ਜਾਨਾਂ ਖ਼ਤਰੇ ਵਿਚ ਪਾਈਆਂ।

16 ਇਨ੍ਹਾਂ ਭਰਾਵਾਂ ਨੂੰ ਇੰਨੇ ਸਖ਼ਤ ਜ਼ੁਲਮ ਸਹਿਣ ਦੀ ਹਿੰਮਤ ਕਿੱਥੋਂ ਮਿਲੀ ਸੀ? ਜਦ ਉਹ ਸੁਰੱਖਿਅਤ ਜਗ੍ਹਾ ਪਹੁੰਚੇ, ਉਨ੍ਹਾਂ ਨੇ ਆਪਣੀ ਖ਼ੁਸ਼ੀ ਦੇ ਨਾਲ-ਨਾਲ ਯਹੋਵਾਹ ਦਾ ਸ਼ੁਕਰ ਕਰਨ ਲਈ ਇਕ ਮਤਾ ਲਿਖਿਆ। ਇਸ ਦਸਤਾਵੇਜ਼ ਦਾ ਨਾਂ ਸੀ “ਮੈਕਲਨਬਰਗ ਦੇ ਸ਼ਫੈਰੀਨ ਸ਼ਹਿਰ ਦੇ ਜੰਗਲ ਵਿਚ ਛੇ ਦੇਸ਼ਾਂ ਦੇ 230 ਯਹੋਵਾਹ ਦੇ ਗਵਾਹਾਂ ਦਾ ਮਤਾ।” ਇਸ ਵਿਚ ਉਨ੍ਹਾਂ ਨੇ ਲਿਖਿਆ: “ਪਰਤਾਵਿਆਂ ਨਾਲ ਭਰਿਆ ਲੰਬਾ ਸਮਾਂ ਹੁਣ ਬਹੁਤ ਪਿੱਛੇ ਰਹਿ ਗਿਆ ਹੈ ਅਤੇ ਜਿਹੜੇ ਮੌਤ ਤੋਂ ਬਚ ਗਏ ਹਨ, ਉਹ ਜਿਵੇਂ ਬਲਦੀ ਹੋਈ ਭੱਠੀ ਵਿੱਚੋਂ ਬਚ ਗਏ ਹਨ। ਉਨ੍ਹਾਂ ਤੋਂ ਅੱਗ ਨਾਲ ਜਲਣ ਦੀ ਬੋ ਵੀ ਨਹੀਂ ਆਉਂਦੀ ਹੈ। (ਦਾਨੀਏਲ 3:27 ਦੇਖੋ।) ਇਸ ਦੀ ਬਜਾਇ ਉਨ੍ਹਾਂ ਨੂੰ ਯਹੋਵਾਹ ਤੋਂ ਸ਼ਕਤੀ ਮਿਲੀ ਹੈ ਅਤੇ ਉਹ ਆਪਣੇ ਰਾਜੇ ਯਿਸੂ ਤੋਂ ਅਗਲਾ ਨਿਰਦੇਸ਼ਨ ਉਡੀਕ ਰਹੇ ਹਨ ਤਾਂਕਿ ਉਹ ਉਸ ਦੇ ਕੰਮ ਵਿਚ ਰੁੱਝ ਜਾਣ।” *

17. ਸਾਡੇ ਸਮੇਂ ਵਿਚ ਪਰਮੇਸ਼ੁਰ ਦੇ ਸੇਵਕਾਂ ਤੇ ਕਿਸ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਆ ਰਹੀਆਂ ਹਨ?

17 ਉਨ੍ਹਾਂ 230 ਵਫ਼ਾਦਾਰ ਭਰਾਵਾਂ ਵਾਂਗ ਸਾਡੀ ਨਿਹਚਾ ਵੀ ਪਰਖੀ ਜਾ ਸਕਦੀ ਹੈ, ਭਾਵੇਂ ਕਿ ਅਸੀਂ ਅਜੇ “ਲਹੂ ਦੇ ਵਹਾਏ ਜਾਣ ਤੀਕੁਰ ਸਾਹਮਣਾ ਨਹੀਂ ਕੀਤਾ।” (ਇਬਰਾਨੀਆਂ 12:4) ਅਜ਼ਮਾਇਸ਼ਾਂ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਹਨ। ਇਹ ਸਕੂਲ ਵਿਚ ਸੰਗੀ ਵਿਦਿਆਰਥੀਆਂ ਦਾ ਮਖੌਲ ਹੋ ਸਕਦਾ ਹੈ ਜਾਂ ਹਾਣੀਆਂ ਵੱਲੋਂ ਕੋਈ ਅਨੈਤਿਕ ਜਾਂ ਗ਼ਲਤ ਕੰਮ ਕਰਨ ਦਾ ਦਬਾਅ ਹੋ ਸਕਦਾ ਹੈ। ਮਸੀਹੀਆਂ ਹੋਣ ਦੇ ਨਾਤੇ ਅਸੀਂ ਵੀ ਠਾਣਿਆ ਹੈ ਕਿ ਅਸੀਂ ਲਹੂ ਲੈਣ ਜਾਂ ਦੇਣ ਤੋਂ ਬਚਾਂਗੇ ਜਾਂ ਕੇਵਲ ਪ੍ਰਭੂ ਵਿਚ ਵਿਆਹ ਕਰਾਂਗੇ। ਕਈ ਵਾਰੀ ਇਨ੍ਹਾਂ ਅਸੂਲਾਂ ਤੇ ਚੱਲਣ ਕਰਕੇ ਸਾਡੀ ਅਜ਼ਮਾਇਸ਼ ਹੋ ਸਕਦੀ ਹੈ। ਅਸੀਂ ਇਸ ਕਰਕੇ ਵੀ ਅਜ਼ਮਾਏ ਜਾ ਸਕਦੇ ਹਾਂ ਜਦੋਂ ਸਾਡੇ ਵਿਆਹੁਤਾ ਸਾਥੀ ਨੂੰ ਬੱਚਿਆਂ ਦਾ ਸੱਚਾਈ ਵਿਚ ਪਾਲਣ-ਪੋਸਣ ਕਰਨਾ ਨਾ ਮਨਜ਼ੂਰ ਹੋਵੇ।—ਰਸੂਲਾਂ ਦੇ ਕਰਤੱਬ 15:29; 1 ਕੁਰਿੰਥੀਆਂ 7:39; ਅਫ਼ਸੀਆਂ 6:4; 1 ਪਤਰਸ 3:1, 2.

18. ਸਾਨੂੰ ਇਸ ਗੱਲ ਦਾ ਭਰੋਸਾ ਕਿਉਂ ਹੈ ਕਿ ਅਸੀਂ ਖ਼ਤਰਨਾਕ ਅਜ਼ਮਾਇਸ਼ਾਂ ਦਾ ਵੀ ਸਾਮ੍ਹਣਾ ਕਰ ਸਕਦੇ ਹਾਂ?

18 ਅਸੀਂ ਜਾਣਦੇ ਹਾਂ ਕਿ ਅਸੀਂ ਇਸੇ ਲਈ ਦੁੱਖ ਸਹਿੰਦੇ ਹਾਂ ਕਿਉਂਕਿ ਅਸੀਂ ਯਹੋਵਾਹ ਅਤੇ ਉਸ ਦੇ ਰਾਜ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਪਹਿਲਾ ਦਰਜਾ ਦਿੰਦੇ ਹਾਂ। ਪਰ ਸਾਡੇ ਤੇ ਭਾਵੇਂ ਜੋ ਮਰਜ਼ੀ ਅਜ਼ਮਾਇਸ਼ਾਂ ਆਉਣ, ਅਸੀਂ ਇਨ੍ਹਾਂ ਦਾ ਸਾਮ੍ਹਣਾ ਕਰਨ ਵਿਚ ਖ਼ੁਸ਼ ਹਾਂ ਅਤੇ ਇਸ ਨੂੰ ਇਕ ਸਨਮਾਨ ਸਮਝਦੇ ਹਾਂ। ਸਾਨੂੰ ਪਤਰਸ ਦੇ ਭਰੋਸੇ-ਭਰੇ ਸ਼ਬਦਾਂ ਤੋਂ ਦਿਲਾਸਾ ਮਿਲਦਾ ਹੈ: “ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਨੂੰ ਬੋਲੀਆਂ ਵੱਜਣ ਤਾਂ ਧੰਨ ਹੋ ਇਸ ਲਈ ਜੋ ਤੇਜ ਦਾ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਉੱਤੇ ਠਹਿਰਦਾ ਹੈ।” (1 ਪਤਰਸ 4:14) ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਸਾਨੂੰ ਸਭ ਤੋਂ ਖ਼ਤਰਨਾਕ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲਦੀ ਹੈ। ਜਦ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਪਰਮੇਸ਼ੁਰ ਦੀ ਵਡਿਆਈ ਅਤੇ ਪ੍ਰਸ਼ੰਸਾ ਹੁੰਦੀ ਹੈ।—2 ਕੁਰਿੰਥੀਆਂ 4:7; ਅਫ਼ਸੀਆਂ 3:16; ਫ਼ਿਲਿੱਪੀਆਂ 4:13.

ਕੀ ਤੁਸੀਂ ਸਮਝਾ ਸਕਦੇ ਹੋ?

• ਮਸੀਹੀ ਜ਼ੁਲਮ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹਨ?

• ਜਿਸ ਤਰ੍ਹਾਂ ਯਿਸੂ ਅਤੇ ਦੂਸਰੇ ਵਫ਼ਾਦਾਰ ਮਸੀਹੀਆਂ ਨੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਸੀ, ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ?

• ਜ਼ੁਲਮ ਦੇ ਵੱਟੇ ਜ਼ੁਲਮ ਕਰਨਾ ਬੁੱਧੀਮਤਾ ਦੀ ਗੱਲ ਕਿਉਂ ਨਹੀਂ ਹੈ?

• ਕਿਹੜੀ ਖ਼ੁਸ਼ੀ ਨੇ ਯਿਸੂ ਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕੀਤੀ ਸੀ ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?

[ਸਵਾਲ]

[Box/Pictures on page 15]

ਉਨ੍ਹਾਂ ਨੇ ਜ਼ੁਲਮ ਕਿਵੇਂ ਸਹਿਣ ਕੀਤਾ

• ਹੇਰੋਦੇਸ ਨੇ ਆਪਣੇ ਸਿਪਾਹੀਆਂ ਨੂੰ ਬੈਤਲਹਮ ਦੇ ਦੋ ਵਰ੍ਹਿਆਂ ਅਤੇ ਘੱਟ ਉਮਰ ਦੇ ਸਾਰੇ ਮੁੰਡਿਆਂ ਨੂੰ ਮਾਰਨ ਲਈ ਘੱਲਿਆ ਸੀ। ਪਰ ਉਨ੍ਹਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ, ਇਕ ਦੂਤ ਦੇ ਕਹਿਣੇ ਤੇ ਯੂਸੁਫ਼ ਅਤੇ ਮਰਿਯਮ ਯਿਸੂ ਨੂੰ ਲੈ ਕੇ ਮਿਸਰ ਨੂੰ ਭੱਜ ਗਏ।—ਮੱਤੀ 2:13-16.

• ਯਿਸੂ ਦੀ ਜ਼ਬਰਦਸਤ ਸਾਖੀ ਕਾਰਨ ਕਈ ਵਾਰ ਉਸ ਦੇ ਵਿਰੋਧੀਆਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਹਰੇਕ ਵਾਰੀ ਉਨ੍ਹਾਂ ਦੇ ਹੱਥੋਂ ਕਿਸੇ-ਨ-ਕਿਸੇ ਢੰਗ ਨਾਲ ਬਚ ਨਿਕਲਿਆ।—ਮੱਤੀ 21:45, 46; ਲੂਕਾ 4:28-30; ਯੂਹੰਨਾ 8:57-59.

• ਜਦ ਗਥਸਮਨੀ ਦੇ ਬਾਗ਼ ਵਿਚ ਸਿਪਾਹੀ ਯਿਸੂ ਨੂੰ ਗਿਰਫ਼ਤਾਰ ਕਰਨ ਆਏ, ਤਾਂ ਲੁਕਣ ਦੀ ਬਜਾਇ ਉਸ ਨੇ ਉਨ੍ਹਾਂ ਨੂੰ ਖੁੱਲ੍ਹੇ-ਆਮ ਦੋ ਵਾਰੀ ਦੱਸਿਆ ਕਿ “ਮੈਂ ਹੀ ਹਾਂ।” ਉਸ ਨੇ ਆਪਣੇ ਚੇਲਿਆਂ ਨੂੰ ਲੜਨ ਤੋਂ ਵੀ ਰੋਕਿਆ ਜਿਸ ਕਰਕੇ ਸਿਪਾਹੀ ਉਸ ਨੂੰ ਫੜ ਕੇ ਲੈ ਗਏ।—ਯੂਹੰਨਾ 18:3-12.

• ਯਰੂਸ਼ਲਮ ਵਿਚ ਪਤਰਸ ਅਤੇ ਕਈ ਹੋਰਾਂ ਨੂੰ ਗਿਰਫ਼ਤਾਰ ਕਰ ਕੇ ਕੋਰੜੇ ਮਾਰਨ ਤੋਂ ਬਾਅਦ ਕਿਹਾ ਗਿਆ ਸੀ ਕਿ ਉਹ ਯਿਸੂ ਬਾਰੇ ਗੱਲਾਂ ਕਰਨੀਆਂ ਬੰਦ ਕਰ ਦੇਣ। ਪਰ ਛੁੱਟਣ ਤੋਂ ਬਾਅਦ ਉਹ “ਮਹਾਂ ਸਭਾ ਦੇ ਸਾਹਮਣਿਓਂ ਚੱਲੇ ਗਏ। ਅਤੇ ਓਹ ਰੋਜ ਹੈਕਲ ਵਿਚ ਅਤੇ ਘਰੀਂ ਉਪਦੇਸ਼ ਕਰਨ ਅਰ ਇਹ ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯਿਸੂ ਉਹੀ ਮਸੀਹ ਹੈ!”—ਰਸੂਲਾਂ ਦੇ ਕਰਤੱਬ 5:40-42.

• ਜਦ ਸੌਲੁਸ ਯਾਨੀ ਪੌਲੁਸ ਨੂੰ ਪਤਾ ਲੱਗਾ ਕਿ ਦੰਮਿਸਕ ਵਿਚ ਰਹਿੰਦੇ ਯਹੂਦੀ ਉਸ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ, ਤਾਂ ਭਰਾਵਾਂ ਨੇ ਉਸ ਨੂੰ ਟੋਕਰੇ ਵਿਚ ਬਿਠਾ ਕੇ ਖਿੜਕੀ ਰਾਹੀਂ ਉਤਾਰ ਦਿੱਤਾ ਅਤੇ ਉਹ ਉੱਥੋਂ ਬਚ ਨਿਕਲਿਆ।—ਰਸੂਲਾਂ ਦੇ ਕਰਤੱਬ 9:22-25.

• ਕਈ ਸਾਲ ਬਾਅਦ, ਭਾਵੇਂ ਕਿ ਫ਼ੇਸਤੁਸ ਅਤੇ ਰਾਜਾ ਅਗ੍ਰਿੱਪਾ ਨੇ ਫ਼ੈਸਲਾ ਕਰ ਲਿਆ ਸੀ ਕਿ ਪੌਲੁਸ ਨੇ “ਕਤਲ ਦੇ ਲਾਇਕ ਕੁਝ ਨਹੀਂ ਕੀਤਾ,” ਫਿਰ ਵੀ ਉਸ ਨੇ ਕੈਸਰ ਨੂੰ ਅਪੀਲ ਕੀਤੀ।—ਰਸੂਲਾਂ ਦੇ ਕਰਤੱਬ 25:10-12, 24-27; 26:30-32.

[ਸਫ਼ੇ 16, 17 ਉੱਤੇ ਤਸਵੀਰਾਂ]

ਭਾਵੇਂ ਕਿ ਮਲਾਵੀ ਦੇ ਹਜ਼ਾਰਾਂ ਭਰਾਵਾਂ ਨੂੰ ਆਪਣੇ ਦੇਸ਼ੋਂ ਭੱਜਣਾ ਪਿਆ, ਪਰ ਫਿਰ ਵੀ ਇਹ ਵਫ਼ਾਦਾਰ ਭਰਾ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹੇ

[ਸਫ਼ੇ 17 ਉੱਤੇ ਤਸਵੀਰਾਂ]

ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਰਨ ਦੀ ਖ਼ੁਸ਼ੀ ਕਰਕੇ ਇਹ ਵਫ਼ਾਦਾਰ ਮਸੀਹੀ ਮੌਤ ਦੀ ਯਾਤਰਾ ਦੌਰਾਨ ਅਤੇ ਨਜ਼ਰਬੰਦੀ ਕੈਂਪਾਂ ਵਿਚ ਨਾਜ਼ੀਆਂ ਦੇ ਜ਼ੁਲਮ ਸਹਿ ਸਕੇ

[ਕ੍ਰੈਡਿਟ ਲਾਈਨ]

ਮੌਤ ਦੀ ਯਾਤਰਾ: KZ-Gedenkstätte Dachau, courtesy of the USHMM Photo Archives

[ਸਫ਼ੇ 18 ਉੱਤੇ ਤਸਵੀਰਾਂ]

ਅਜ਼ਮਾਇਸ਼ਾਂ ਅਤੇ ਦਬਾਅ ਕਈ ਕਿਸਮ ਦੇ ਹੋ ਸਕਦੇ ਹਨ

[ਫੁਟਨੋਟ]

^ ਪੈਰਾ 6 ਮਲਾਵੀ ਵਿਚ ਭਰਾਵਾਂ ਨਾਲ 1960 ਦੇ ਦਹਾਕੇ ਵਿਚ ਜੋ ਵੀ ਹੋਇਆ, ਉਹ ਸਿਰਫ਼ ਸਤਾਹਟ ਦੀ ਸ਼ੁਰੂਆਤ ਹੀ ਸੀ। ਉਨ੍ਹਾਂ ਨੂੰ ਤਿੰਨ ਦਹਾਕਿਆਂ ਤਕ ਮਾਰ-ਕੁਟਾਈ ਅਤੇ ਜ਼ੁਲਮ ਸਹਿਣਾ ਪਿਆ। ਉਨ੍ਹਾਂ ਦੀ ਪੂਰੀ ਕਹਾਣੀ ਪੜ੍ਹਨ ਲਈ ਯਹੋਵਾਹ ਦੇ ਗਵਾਹਾਂ ਦੀ 1999 ਯੀਅਰ ਬੁੱਕ, ਸਫ਼ੇ 171-212 ਦੇਖੋ।

^ ਪੈਰਾ 8ਆਰਮੀਨੀਆ ਵਿਚ ਸੱਚੀ ਉਪਾਸਨਾ ਦੀ ਜਿੱਤ” ਨਾਮਕ ਲੇਖ ਦੇਖੋ ਜੋ 1 ਅਪ੍ਰੈਲ 2003, ਸਫ਼ੇ 11-14 ਦੇ ਪਹਿਰਾਬੁਰਜ ਵਿਚ ਹੈ।

^ ਪੈਰਾ 16 ਪੂਰਾ ਮਤਾ ਪੜ੍ਹਨ ਲਈ ਯਹੋਵਾਹ ਦੇ ਗਵਾਹਾਂ ਦੀ 1974 ਯੀਅਰ ਬੁੱਕ, ਸਫ਼ੇ 208-9 ਦੇਖੋ। ਮੌਤ ਦੀ ਯਾਤਰਾ ਤੋਂ ਬਚਣ ਵਾਲੇ ਇਕ ਮਸੀਹੀ ਦੀ ਕਹਾਣੀ ਪੜ੍ਹਨ ਲਈ ਪਹਿਰਾਬੁਰਜ 1 ਜਨਵਰੀ 1998, ਸਫ਼ੇ 25-29 ਦੇਖੋ।