“ਇਹ ਤਾਂ ਮੈਂ ਨਵੀਂ ਹੀ ਗੱਲ ਸੁਣ ਰਹੀ ਹਾਂ!”
ਰਾਜ ਘੋਸ਼ਕ ਰਿਪੋਰਟ ਕਰਦੇ ਹਨ
“ਇਹ ਤਾਂ ਮੈਂ ਨਵੀਂ ਹੀ ਗੱਲ ਸੁਣ ਰਹੀ ਹਾਂ!”
ਡੋਰੋਟਾ ਪੋਲੈਂਡ ਵਿਚ ਰਹਿੰਦੀ ਹੈ। ਯਹੋਵਾਹ ਦੀ ਗਵਾਹ ਹੋਣ ਦੇ ਨਾਤੇ, ਉਹ ਆਪਣਾ ਪੂਰਾ ਸਮਾਂ ਪ੍ਰਚਾਰ ਦੇ ਕੰਮ ਵਿਚ ਲਾਉਂਦੀ ਹੈ। ਇਕ ਦਿਨ ਉਹ ਆਪਣੇ 14 ਸਾਲਾਂ ਦੇ ਮੁੰਡੇ ਨੂੰ ਬਾਕਾਇਦਾ ਡਾਕਟਰੀ ਮੁਆਇਨੇ ਲਈ ਸਕੂਲ ਦੀ ਕਲਿਨਿਕ ਲੈ ਕੇ ਗਈ। ਡਾਕਟਰੀ ਮੁਆਇਨੇ ਦੌਰਾਨ ਯਾਨੀਨਾ * ਨਾਂ ਦੀ ਡਾਕਟਰਨੀ ਨੇ ਡੋਰੋਟਾ ਨੂੰ ਪੁੱਛਿਆ ਕਿ ਉਸ ਦਾ ਪੁੱਤਰ ਘਰ ਦੇ ਕਿਹੜੇ-ਕਿਹੜੇ ਕੰਮ ਕਰਦਾ ਹੈ।
“ਜਦੋਂ ਮੈਂ ਕਿਸੇ ਕਾਰਨ ਖਾਣਾ ਤਿਆਰ ਨਹੀਂ ਕਰ ਸਕਦੀ, ਤਾਂ ਮੇਰਾ ਪੁੱਤ ਘਰ ਦੇ ਸਾਰੇ ਛੇ ਜੀਆਂ ਲਈ ਖਾਣਾ ਤਿਆਰ ਕਰਦਾ ਹੈ,” ਡੋਰੋਟਾ ਨੇ ਜਵਾਬ ਦਿੱਤਾ। “ਉਹ ਘਰ ਦੀ ਸਫ਼ਾਈ ਵੀ ਕਰਦਾ ਹੈ ਤੇ ਘਰ ਦੀ ਮੁਰੰਮਤ ਦੇ ਛੋਟੇ-ਮੋਟੇ ਕੰਮ ਵੀ ਕਰ ਲੈਂਦਾ ਹੈ। ਉਸ ਨੂੰ ਪੜ੍ਹਨਾ ਵੀ ਬਹੁਤ ਪਸੰਦ ਹੈ। ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੈ।”
“ਅੱਛਾ!” ਯਾਨੀਨਾ ਨੇ ਕਿਹਾ। “ਮੈਨੂੰ ਇੱਥੇ ਕੰਮ ਕਰਦੀ ਨੂੰ 12 ਸਾਲ ਹੋ ਗਏ ਹਨ ਤੇ ਮੈਂ ਪਹਿਲੀ ਵਾਰ ਅਜਿਹਾ ਕੁਝ ਸੁਣ ਰਹੀ ਹਾਂ।”
ਡੋਰੋਟਾ ਨੂੰ ਲੱਗਾ ਕਿ ਇਹ ਬਾਈਬਲ ਬਾਰੇ ਗੱਲਬਾਤ ਕਰਨ ਦਾ ਚੰਗਾ ਮੌਕਾ ਹੈ, ਇਸ ਲਈ ਉਸ ਨੇ ਕਿਹਾ: “ਅੱਜ-ਕੱਲ੍ਹ ਬਹੁਤ ਸਾਰੇ ਮਾਂ-ਬਾਪ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਿਖਲਾਈ ਨਹੀਂ ਦਿੰਦੇ। ਤਾਹੀਓਂ ਉਨ੍ਹਾਂ ਦੇ ਬੱਚੇ ਆਪਣੀ ਕਦਰ ਕਰਨੀ ਨਹੀਂ ਸਿੱਖਦੇ।”
“ਤੁਹਾਨੂੰ ਇਹ ਸਭ ਕੁਝ ਕਿੱਦਾਂ ਪਤਾ ਹੈ?” ਯਾਨੀਨਾ ਨੇ ਪੁੱਛਿਆ। “ਕਈ ਮਾਂ-ਬਾਪ ਤਾਂ ਇਨ੍ਹਾਂ ਗੱਲਾਂ ਬਾਰੇ ਕੁਝ ਜਾਣਦੇ ਵੀ ਨਹੀਂ।”
“ਬਾਈਬਲ ਤੋਂ ਮੈਨੂੰ ਬਹੁਤ ਸਾਰੀ ਵਧੀਆ ਜਾਣਕਾਰੀ ਮਿਲਦੀ ਹੈ,” ਡੋਰੋਟਾ ਨੇ ਜਵਾਬ ਦਿੱਤਾ। “ਮਿਸਾਲ ਲਈ, ਬਿਵਸਥਾ ਸਾਰ 6:6-9 ਮੁਤਾਬਕ ਬੱਚਿਆਂ ਨੂੰ ਸਿਖਾਉਣ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਸਿਖਾਉਣ ਦੀ ਲੋੜ ਹੈ। ਕੀ ਸਾਨੂੰ ਪਹਿਲਾਂ ਆਪਣੇ ਦਿਲ ਤੇ ਮਨ ਵਿਚ ਉਹ ਗੱਲਾਂ ਨਹੀਂ ਬਿਠਾਉਣੀਆਂ ਚਾਹੀਦੀਆਂ ਜੋ ਅਸੀਂ ਆਪਣੇ ਬੱਚਿਆਂ ਵਿਚ ਦੇਖਣੀਆਂ ਚਾਹੁੰਦੇ ਹਾਂ?”
ਯਾਨੀਨਾ ਨੇ ਹੱਕੀ-ਬੱਕੀ ਹੋ ਕੇ ਕਿਹਾ: “ਇਹ ਤਾਂ ਬਹੁਤ ਵਧੀਆ ਗੱਲ ਕਹੀ ਤੁਸੀਂ!” ਫਿਰ ਉਸ ਨੇ ਡੋਰੋਟਾ ਨੂੰ ਪੁੱਛਿਆ ਕਿ ਬੱਚਿਆਂ ਨੂੰ ਪਾਲਣ ਤੇ ਸਿਖਾਉਣ ਵਿਚ ਬਾਈਬਲ ਨੇ ਉਸ ਦੀ ਕਿਸ ਤਰ੍ਹਾਂ ਮਦਦ ਕੀਤੀ ਹੈ।
“ਅਸੀਂ ਹਰ ਹਫ਼ਤੇ ਆਪਣੇ ਬੱਚਿਆਂ ਨਾਲ ਬਾਈਬਲ ਪੜ੍ਹਦੇ ਹਾਂ,” ਡੋਰੋਟਾ ਨੇ ਸਮਝਾਇਆ। “ਅਸੀਂ ਇਕ ਪੁਸਤਕ ਵਰਤਦੇ ਹਾਂ ਜਿਸ ਦਾ ਵਿਸ਼ਾ ਹੈ ਯੂਵਾਓ ਕੇ ਪ੍ਰਸ਼ਨ—ਵਿਵਹਾਰਕ ਉੱਤਰ।” (ਹਿੰਦੀ) * ਫਿਰ ਉਸ ਨੇ ਇਸ ਪੁਸਤਕ ਬਾਰੇ ਕੁਝ ਗੱਲਾਂ ਦੱਸੀਆਂ ਅਤੇ ਇਸ ਵਿਚ ਦਿੱਤੇ ਕੁਝ ਵਿਸ਼ਿਆਂ ਦਾ ਜ਼ਿਕਰ ਕੀਤਾ।
“ਇਹ ਤਾਂ ਮੈਂ ਨਵੀਂ ਹੀ ਗੱਲ ਸੁਣ ਰਹੀ ਹਾਂ!” ਯਾਨੀਨਾ ਨੇ ਕਿਹਾ। “ਕੀ ਮੈਨੂੰ ਇਹ ਪੁਸਤਕ ਮਿਲ ਸਕਦੀ ਹੈ?”
ਉਸੇ ਦਿਨ ਇਕ ਘੰਟੇ ਬਾਅਦ, ਡੋਰੋਟਾ ਇਹ ਪੁਸਤਕ ਲੈ ਕੇ ਯਾਨੀਨਾ ਕੋਲ ਵਾਪਸ ਗਈ।
ਪੁਸਤਕ ਵੱਲ ਦੇਖਦੀ ਹੋਈ ਯਾਨੀਨਾ ਨੇ ਪੁੱਛਿਆ: “ਤੁਸੀਂ ਕਿਹੜੇ ਧਰਮ ਨੂੰ ਮੰਨਦੇ ਹੋ?”
“ਮੈਂ ਯਹੋਵਾਹ ਦੀ ਗਵਾਹ ਹਾਂ।”
“ਯਹੋਵਾਹ ਦੇ ਗਵਾਹ ਹੋਰਨਾਂ ਧਰਮਾਂ ਦੇ ਲੋਕਾਂ ਨਾਲ ਕਿਹੋ ਜਿਹਾ ਵਰਤਾਉ ਕਰਦੇ ਹਨ?”
“ਜਿੱਦਾਂ ਮੈਂ ਤੁਹਾਡੀ ਇੱਜ਼ਤ ਕਰਦੀ ਹਾਂ, ਇਸੇ ਤਰ੍ਹਾਂ,” ਡੋਰੋਟਾ ਨੇ ਜਵਾਬ ਦਿੱਤਾ ਤੇ ਉਸ ਨੇ ਅੱਗੇ ਕਿਹਾ: “ਅਸੀਂ ਚਾਹੁੰਦੇ ਹਾਂ ਕਿ ਸਾਰੇ ਜਣੇ ਬਾਈਬਲ ਦੀ ਸੱਚਾਈ ਸਿੱਖਣ।”
“ਤੁਹਾਡੇ ਨਾਲ ਗੱਲ ਕਰ ਕੇ ਮੈਨੂੰ ਬਹੁਤ ਚੰਗਾ ਲੱਗਾ,” ਯਾਨੀਨਾ ਨੇ ਕਿਹਾ।
ਜਾਣ ਤੋਂ ਪਹਿਲਾਂ ਡੋਰੋਟਾ ਨੇ ਯਾਨੀਨਾ ਨੂੰ ਬਾਈਬਲ ਪੜ੍ਹਨ ਦੀ ਸਲਾਹ ਦਿੱਤੀ। “ਇਹ ਤੁਹਾਡੀ ਜ਼ਿੰਦਗੀ ਨੂੰ ਮਕਸਦ ਭਰੀ ਬਣਾਵੇਗੀ ਅਤੇ ਤੁਹਾਡੇ ਕੰਮ ਵਿਚ ਤੁਹਾਨੂੰ ਮਦਦ ਦੇਵੇਗੀ।”
“ਤੁਹਾਡੀਆਂ ਗੱਲਾਂ ਸੁਣ ਕੇ ਮੈਂ ਤਾਂ ਹੁਣ ਫ਼ੈਸਲਾ ਕਰ ਲਿਆ ਹੈ ਕਿ ਇਸ ਨੂੰ ਮੈਂ ਜ਼ਰੂਰ ਪੜ੍ਹਾਂਗੀ,” ਯਾਨੀਨਾ ਨੇ ਕਿਹਾ।
ਡੋਰੋਟਾ ਨੇ ਸਮਝਦਾਰੀ ਅਤੇ ਪੱਕੇ ਇਰਾਦੇ ਨਾਲ ਡਾਕਟਰ ਨਾਲ ਗੱਲ ਕਰ ਕੇ ਆਪਣੀ ਆਮ ਮੁਲਾਕਾਤ ਨੂੰ ਗਵਾਹੀ ਦੇਣ ਦੇ ਸੁਨਹਿਰੀ ਮੌਕੇ ਵਿਚ ਬਦਲ ਦਿੱਤਾ।—1 ਪਤਰਸ 3:15.
[ਫੁਟਨੋਟ]
^ ਪੈਰਾ 3 ਇਹ ਉਸ ਦਾ ਅਸਲੀ ਨਾਂ ਨਹੀਂ ਹੈ।
^ ਪੈਰਾ 10 ਇਹ ਪੁਸਤਕ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।