Skip to content

Skip to table of contents

ਕੀ ਕੋਈ ਹੈ ਜੋ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕੇ?

ਕੀ ਕੋਈ ਹੈ ਜੋ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕੇ?

ਕੀ ਕੋਈ ਹੈ ਜੋ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕੇ?

ਨਵੰਬਰ 1, 1755 ਦਾ ਦਿਨ ਈਸਾਈਆਂ ਦਾ ਇਕ ਖ਼ਾਸ ਤਿਉਹਾਰ ਸੀ ਜਿਸ ਨੂੰ ਮਨਾਉਣ ਲਈ ਲਿਸਬਨ ਸ਼ਹਿਰ ਦੇ ਤਕਰੀਬਨ ਸਾਰੇ ਲੋਕ ਚਰਚ ਵਿਚ ਬੈਠੇ ਸਨ। ਉਸੇ ਦਿਨ ਇਕ ਜ਼ਬਰਦਸਤ ਭੁਚਾਲ ਆਇਆ ਜਿਸ ਨੇ ਹਜ਼ਾਰਾਂ ਮਕਾਨ ਤਬਾਹ ਕਰ ਦਿੱਤੇ ਅਤੇ ਲੱਖਾਂ ਲੋਕਾਂ ਦੀਆਂ ਜਾਨਾਂ ਲੈ ਲਈਆਂ।

ਇਸ ਦੁਰਘਟਨਾ ਤੋਂ ਕੁਝ ਸਮੇਂ ਬਾਅਦ, ਫਰਾਂਸੀਸੀ ਲਿਖਾਰੀ ਵੋਲਟੈਰ ਨੇ ਇਸ ਬਾਰੇ ਇਕ ਕਵਿਤਾ ਲਿਖੀ ਜਿਸ ਵਿਚ ਉਸ ਨੇ ਕਿਹਾ ਕਿ ਪਰਮੇਸ਼ੁਰ ਨੇ ਇਹ ਭੁਚਾਲ ਇਨਸਾਨਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇਣ ਲਈ ਨਹੀਂ ਸੀ ਲਿਆਂਦਾ। ਵੋਲਟੈਰ ਦਾ ਦਾਅਵਾ ਸੀ ਕਿ ਅਜਿਹੀਆਂ ਦੁਰਘਟਨਾਵਾਂ ਨੂੰ ਸਮਝਣਾ ਇਨਸਾਨਾਂ ਦੇ ਵੱਸ ਦੀ ਗੱਲ ਨਹੀਂ ਸੀ। ਉਸ ਨੇ ਲਿਖਿਆ:

ਚੁੱਪ ਹੈ ਕੁਦਰਤ, ਸਵਾਲ ਕਰਨਾ ਹੈ ਉਸ ਨੂੰ ਫ਼ਜ਼ੂਲ;

ਲੋੜ ਹੈ ਅਜਿਹੇ ਈਸ਼ਵਰ ਦੀ ਜੋ ਬੋਲੇ ਦੋ ਬੋਲ ਇਨਸਾਨਾਂ ਨਾਲ।

ਵੋਲਟੈਰ ਪਹਿਲਾ ਬੰਦਾ ਨਹੀਂ ਸੀ ਜਿਸ ਨੇ ਰੱਬ ਬਾਰੇ ਸਵਾਲ ਖੜ੍ਹੇ ਕੀਤੇ ਸਨ। ਇਤਿਹਾਸ ਦੌਰਾਨ ਜਦ ਵੀ ਕੋਈ ਦੁਰਘਟਨਾ ਵਾਪਰੀ ਹੈ ਜਾਂ ਤਬਾਹੀ ਆਈ ਹੈ, ਤਾਂ ਲੋਕਾਂ ਦੇ ਮਨਾਂ ਵਿਚ ਸਵਾਲ ਪੈਦਾ ਹੋਏ ਹਨ। ਅੱਜ ਤੋਂ ਤਕਰੀਬਨ ਸਾਢੇ ਤਿੰਨ ਹਜ਼ਾਰ ਸਾਲ ਪਹਿਲਾਂ ਅੱਯੂਬ ਨਾਂ ਦੇ ਬੰਦੇ ਦੇ ਸਾਰੇ ਬੱਚੇ ਇੱਕੋ ਵਾਰ ਮੌਤ ਦੀ ਨੀਂਦ ਸੌਂ ਗਏ ਸਨ ਅਤੇ ਖ਼ੁਦ ਉਸ ਨੂੰ ਵੀ ਇਕ ਭੈੜੀ ਬੀਮਾਰੀ ਨੇ ਆ ਘੇਰਿਆ ਸੀ। ਇਸ ਔਖੀ ਘੜੀ ਵਿਚ ਉਸ ਨੇ ਰੱਬ ਨੂੰ ਪੁੱਛਿਆ: “ਦੁਖਿਆਰੇ ਨੂੰ ਚਾਨਣ ਕਿਉਂ ਦਿੱਤਾ ਜਾਂਦਾ ਹੈ, ਅਤੇ ਕੌੜੀ ਜਾਨ ਨੂੰ ਜੀਉਣ?” (ਅੱਯੂਬ 3:20) ਅੱਜ ਕਈ ਲੋਕ ਸੋਚਦੇ ਹਨ ਕਿ ਜੇ ਰੱਬ ਭਲਾ ਤੇ ਪਿਆਰ ਕਰਨ ਵਾਲਾ ਹੈ, ਤਾਂ ਇੰਨਾ ਦੁੱਖ-ਦਰਦ ਦੇਖ ਕੇ ਉਹ ਕਿਉਂ ਨਹੀਂ ਕੁਝ ਕਰਦਾ?

ਜਦ ਭੁੱਖ, ਜੰਗ, ਬੀਮਾਰੀ ਅਤੇ ਮੌਤ ਹਕੀਕਤ ਬਣ ਕੇ ਲੋਕਾਂ ਦੀਆਂ ਅੱਖਾਂ ਸਾਮ੍ਹਣੇ ਆਉਂਦੀਆਂ ਹਨ, ਤਾਂ ਉਹ ਬਿਲਕੁਲ ਯਕੀਨ ਨਹੀਂ ਕਰ ਸਕਦੇ ਕਿ ਪਰਮੇਸ਼ੁਰ ਨੂੰ ਇਨਸਾਨਾਂ ਦੀ ਪਰਵਾਹ ਹੈ। ਇਕ ਨਾਸਤਿਕ ਫ਼ਿਲਾਸਫ਼ਰ ਨੇ ਚੁਭਵੇਂ ਸ਼ਬਦਾਂ ਵਿਚ ਕਿਹਾ: ‘ਇਕ ਬੱਚੇ ਨੂੰ ਦੁਖੀ ਹੁੰਦਾ ਦੇਖ ਕੇ ਕੌਣ ਕਹਿ ਸਕਦਾ ਕਿ ਪਰਮੇਸ਼ੁਰ ਹੈ। ਕੋਈ ਵੀ ਨਹੀਂ।’ ਦੂਜੇ ਵਿਸ਼ਵ ਯੁੱਧ ਦੌਰਾਨ ਹੋਏ ਸਰਬਨਾਸ਼ ਵਰਗੀਆਂ ਵੱਡੀਆਂ ਤਬਾਹੀਆਂ ਦੇਖਣ ਤੋਂ ਬਾਅਦ ਵੀ ਲੋਕ ਇਸੇ ਤਰ੍ਹਾਂ ਸੋਚਦੇ ਹਨ। ਧਿਆਨ ਦਿਓ ਕਿ ਇਕ ਯਹੂਦੀ ਲੇਖਕ ਨੇ ਇਕ ਅਖ਼ਬਾਰ ਵਿਚ ਕੀ ਕਿਹਾ ਸੀ: ‘ਆਉਸ਼ਵਿਟਸ ਦੇ ਨਜ਼ਰਬੰਦੀ-ਕੈਂਪ ਵਿਚ ਹੋਏ ਅਤਿਆਚਾਰ ਨੂੰ ਦੇਖ ਕੇ ਅਸੀਂ ਸਿਰਫ਼ ਇਹ ਕਹਿ ਸਕਦੇ ਹਾਂ ਕਿ ਇਨਸਾਨਾਂ ਲਈ ਕੁਝ ਕਰਨ ਵਾਲਾ ਪਰਮੇਸ਼ੁਰ ਹੈ ਹੀ ਨਹੀਂ।’ ਸੰਨ 1997 ਵਿਚ ਫਰਾਂਸ ਵਿਚ ਇਕ ਸਰਵੇਖਣ ਕੀਤਾ ਗਿਆ ਸੀ ਜਿਸ ਤੋਂ ਪਤਾ ਚੱਲਿਆ ਕਿ ਉੱਥੇ ਦੇ ਤਕਰੀਬਨ 40 ਫੀ ਸਦੀ ਲੋਕ ਰੱਬ ਵਿਚ ਵਿਸ਼ਵਾਸ ਨਹੀਂ ਕਰਦੇ, ਭਾਵੇਂ ਕਿ ਉਸ ਦੇਸ਼ ਦੇ ਜ਼ਿਆਦਾਤਰ ਲੋਕ ਕੈਥੋਲਿਕ ਮੱਤ ਦੇ ਹਨ। ਇਸ ਤਰ੍ਹਾਂ ਕਿਉਂ ਹੈ? ਕਿਉਂਕਿ ਲੋਕਾਂ ਨੇ ਰਵਾਂਡਾ ਵਿਚ ਹੋਏ ਨਸਲੀ ਕਤਲਾਮ ਵਰਗੇ ਬਹੁਤ ਸਾਰੇ ਕਤਲਾਮ ਦੇਖੇ ਹਨ।

ਵਿਸ਼ਵਾਸ ਕਰਨ ਵਿਚ ਬਣਦਾ ਰੋੜਾ?

ਪਰਮੇਸ਼ੁਰ ਦੁਰਘਟਨਾਵਾਂ ਨੂੰ ਰੋਕਣ ਲਈ ਕੁਝ ਕਰਦਾ ਕਿਉਂ ਨਹੀਂ? ਇਕ ਕੈਥੋਲਿਕ ਇਤਿਹਾਸਕਾਰ ਦਾਅਵਾ ਕਰਦਾ ਹੈ ਕਿ ਇਹ ਸਵਾਲ ਬਹੁਤ ਸਾਰੇ ਲੋਕਾਂ ਲਈ ਪਰਮੇਸ਼ੁਰ ਵਿਚ “ਵਿਸ਼ਵਾਸ ਕਰਨ ਵਿਚ ਵੱਡਾ ਰੋੜਾ” ਬਣਦਾ ਹੈ। ਉਹ ਪੁੱਛਦਾ ਹੈ: “ਕੀ ਅਜਿਹੇ ਪਰਮੇਸ਼ੁਰ ਵਿਚ ਵਿਸ਼ਵਾਸ ਕੀਤਾ ਜਾ ਸਕਦਾ ਹੈ ਜੋ ਬਹੁਤ ਸਾਰੇ ਨਿਰਦੋਸ਼ ਲੋਕਾਂ ਨੂੰ ਦਮ ਤੋੜਦੇ ਅਤੇ ਦੁਨੀਆਂ ਵਿਚ ਨਸਲੀ ਤੇ ਜਾਤੀ ਕਤਲਾਮ ਨੂੰ ਦੇਖ ਕੇ ਕੁਝ ਨਹੀਂ ਕਰਦਾ?”

ਇਕ ਕੈਥੋਲਿਕ ਅਖ਼ਬਾਰ ਦੇ ਲੇਖ ਵਿਚ ਇਸੇ ਤਰ੍ਹਾਂ ਗੱਲ ਕੀਤੀ ਗਈ ਸੀ: “ਜ਼ਿੰਦਗੀ ਦੁੱਖ-ਤਕਲੀਫ਼ ਨਾਲ ਭਰੀ ਹੋਈ ਦੇਖ ਕੇ ਲੋਕ ਪੁੱਛਦੇ ਹਨ, ‘ਹੇ ਰੱਬਾ, ਤੂੰ ਕਿੱਥੇ ਹੈਂ?’ ਪਰ ਕਿਸੇ ਨੂੰ ਕੋਈ ਜਵਾਬ ਨਹੀਂ ਮਿਲਦਾ, ਜਿਵੇਂ ਕਿਤੇ ਰੱਬ ਨੇ ਉਨ੍ਹਾਂ ਦੀ ਦੁਹਾਈ ਸੁਣਨ ਤੋਂ ਆਪਣੇ ਕੰਨਾਂ ਤੇ ਹੱਥ ਧਰ ਲਏ ਹੋਣ।”

ਪੋਪ ਜੌਨ-ਪੌਲ ਨੇ 1984 ਵਿਚ ਆਪਣੇ ਇਕ ਪੱਤਰ ਵਿਚ ਇਸ ਸਵਾਲ ਬਾਰੇ ਗੱਲ ਕੀਤੀ ਸੀ। ਉਸ ਨੇ ਲਿਖਿਆ: “ਭਾਵੇਂ ਕੁਦਰਤ ਵੱਲ ਦੇਖ ਕੇ ਸਾਨੂੰ ਯਕੀਨ ਹੁੰਦਾ ਹੈ ਕਿ ਰੱਬ ਬੁੱਧੀਮਾਨ, ਸ਼ਕਤੀਸ਼ਾਲੀ ਤੇ ਅੱਤ-ਮਹਾਨ ਹੈ, ਪਰ ਦੁਨੀਆਂ ਵਿਚ ਬੁਰਾਈ ਤੇ ਦੁੱਖ-ਤਕਲੀਫ਼ ਦੇਖ ਕੇ ਅਸੀਂ ਰੱਬ ਬਾਰੇ ਇਹ ਗੱਲਾਂ ਭੁੱਲ ਜਾਂਦੇ ਹਾਂ, ਖ਼ਾਸਕਰ ਜਦੋਂ ਅਸੀਂ ਭਲੇ ਲੋਕਾਂ ਨੂੰ ਦੁੱਖ ਭੋਗਦੇ ਦੇਖਦੇ ਹਾਂ ਜਾਂ ਅਪਰਾਧੀਆਂ ਨੂੰ ਬਿਨਾਂ ਸਜ਼ਾ ਦੇ ਸਹੀ-ਸਲਾਮਤ ਘੁੰਮਦੇ-ਫਿਰਦੇ ਦੇਖਦੇ ਹਾਂ।”

ਕੀ ਅਸੀਂ ਇਨਸਾਨਾਂ ਦੀ ਮਾੜੀ ਹਾਲਤ ਦੇਖ ਕੇ ਵੀ ਰੱਬ ਵਿਚ ਵਿਸ਼ਵਾਸ ਕਰ ਸਕਦੇ ਹਾਂ? ਕੀ ਬਾਈਬਲ ਦੇ ਅਨੁਸਾਰ ਇਹ ਸਹੀ ਹੈ ਕਿ ਉਹ ਸਭਨਾਂ ਨਾਲ ਪਿਆਰ ਕਰਦਾ ਹੈ ਤੇ ਉਹ ਸਰਬਸ਼ਕਤੀਮਾਨ ਹੈ? ਕੀ ਉਹ ਕਦੇ ਦਖ਼ਲ ਦੇ ਕੇ ਕਿਸੇ ਇਨਸਾਨ ਦੀ ਮਦਦ ਕਰਦਾ ਹੈ ਜਾਂ ਕਿਸੇ ਦੁਰਘਟਨਾ ਨੂੰ ਹੋਣ ਤੋਂ ਰੋਕਦਾ ਹੈ? ਕੀ ਰੱਬ ਸਾਡੇ ਲਈ ਅੱਜ ਕੁਝ ਕਰਦਾ ਹੈ? ਵੋਲਟੈਰ ਦੇ ਸ਼ਬਦਾਂ ਅਨੁਸਾਰ ਕੀ ਅਜਿਹਾ ਕੋਈ ਈਸ਼ਵਰ ਹੈ ਜੋ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ‘ਇਨਸਾਨਾਂ ਨਾਲ ਦੋ ਬੋਲ ਬੋਲੇ’? ਜਵਾਬ ਲਈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਗਲਾ ਲੇਖ ਪੜ੍ਹੋ।

[ਸਫ਼ੇ 3 ਉੱਤੇ ਤਸਵੀਰ]

1755 ਵਿਚ ਲਿਸਬਨ ਦੀ ਤਬਾਹੀ ਤੋਂ ਬਾਅਦ ਵੋਲਟੈਰ ਨੇ ਦਾਅਵਾ ਕੀਤਾ ਸੀ ਕਿ ਅਜਿਹੀਆਂ ਦੁਰਘਟਨਾਵਾਂ ਨੂੰ ਸਮਝਣਾ ਇਨਸਾਨਾਂ ਦੇ ਵੱਸ ਦੀ ਗੱਲ ਨਹੀਂ ਸੀ

[ਕ੍ਰੈਡਿਟ ਲਾਈਨਾਂ]

Voltaire: From the book Great Men and Famous Women; Lisbon: J.P. Le Bas, Praça da Patriarcal depois do terramoto de 1755. Foto: Museu da Cidade/Lisboa

[ਸਫ਼ੇ 4 ਉੱਤੇ ਤਸਵੀਰ]

ਕਈ ਲੋਕ ਰੱਬ ਵਿਚ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੇ ਬਹੁਤ ਸਾਰੇ ਨਸਲੀ ਕਤਲਾਮ ਦੇਖੇ ਹਨ ਜਿਨ੍ਹਾਂ ਵਿੱਚੋਂ ਇਕ ਹੈ 1994 ਵਿਚ ਰਵਾਂਡਾ ਵਿਚ ਹੋਇਆ ਨਸਲੀ ਕਤਲਾਮ

[ਕ੍ਰੈਡਿਟ ਲਾਈਨ]

AFP PHOTO