ਕੀ ਤੁਸੀਂ ‘ਪ੍ਰੈਣ ਦੀ ਆਰ ਉੱਤੇ ਲੱਤ ਮਾਰ’ ਰਹੇ ਹੋ?
ਕੀ ਤੁਸੀਂ ‘ਪ੍ਰੈਣ ਦੀ ਆਰ ਉੱਤੇ ਲੱਤ ਮਾਰ’ ਰਹੇ ਹੋ?
ਬਾਈਬਲ ਦੇ ਜ਼ਮਾਨੇ ਵਿਚ ਆਰ ਇਕ ਲੰਬਾ ਡੰਡਾ ਹੁੰਦਾ ਸੀ ਜਿਸ ਦੇ ਸਿਰੇ ਤੇ ਲੋਹੇ ਦੀ ਇਕ ਤਿੱਖੀ ਨੋਕ ਲੱਗੀ ਹੁੰਦੀ ਸੀ। ਇਹ ਭਾਰ ਢੋਣ ਵਾਲੇ ਪਸ਼ੂਆਂ ਨੂੰ ਅੱਗੇ ਤੋਰਨ ਲਈ ਵਰਤਿਆ ਜਾਂਦਾ ਸੀ। ਜੇ ਪਸ਼ੂ ਆਕੜ ਕੇ ਖੜ੍ਹਾ ਰਹਿੰਦਾ ਸੀ ਜਾਂ ਪਿੱਛੇ ਨੂੰ ਹੋਣ ਦੀ ਕੋਸ਼ਿਸ਼ ਕਰਦਾ ਸੀ, ਤਾਂ ਇਸ ਦਾ ਨਤੀਜਾ ਕੀ ਨਿਕਲਦਾ ਸੀ? ਰਾਹਤ ਪਾਉਣ ਦੀ ਬਜਾਇ, ਉਹ ਆਪਣੇ ਆਪ ਉੱਤੇ ਤਕਲੀਫ਼ ਲਿਆਉਂਦਾ ਸੀ।
ਯਿਸੂ ਮਸੀਹ ਦੇ ਜੀ ਉਠਾਏ ਜਾਣ ਤੋਂ ਬਾਅਦ, ਉਸ ਨੇ ਸੌਲੁਸ ਨਾਂ ਦੇ ਬੰਦੇ ਨੂੰ ਦਰਸ਼ਣ ਦਿੱਤਾ ਸੀ ਜਿਸ ਨਾਲ ਉਸ ਨੇ ਆਰ ਬਾਰੇ ਗੱਲ ਕੀਤੀ ਸੀ। ਇਹ ਬੰਦਾ ਯਿਸੂ ਦੇ ਕੁਝ ਚੇਲਿਆਂ ਨੂੰ ਗਿਰਫ਼ਤਾਰ ਕਰਨ ਜਾ ਰਿਹਾ ਸੀ। ਲਿਸ਼ਕਦੀ ਰੌਸ਼ਨੀ ਵਿੱਚੋਂ ਸੌਲੁਸ ਨੇ ਯਿਸੂ ਦੀ ਆਵਾਜ਼ ਇਹ ਕਹਿੰਦੀ ਹੋਈ ਸੁਣੀ: “ਹੇ ਸੌਲੁਸ ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ? ਪ੍ਰੈਣ ਦੀ ਆਰ ਉੱਤੇ ਲੱਤ ਮਾਰਨੀ ਤੇਰੇ ਲਈ ਔਖੀ ਹੈ!” ਮਸੀਹੀਆਂ ਨਾਲ ਬੁਰਾ ਸਲੂਕ ਕਰ ਕੇ ਅਸਲ ਵਿਚ ਸੌਲੁਸ ਪਰਮੇਸ਼ੁਰ ਨਾਲ ਲੜ ਰਿਹਾ ਸੀ। ਇਹ ਅਜਿਹਾ ਰਸਤਾ ਸੀ ਜਿਸ ਉੱਤੇ ਚੱਲ ਕੇ ਉਹ ਆਪਣਾ ਹੀ ਨੁਕਸਾਨ ਕਰ ਰਿਹਾ ਸੀ।—ਰਸੂਲਾਂ ਦੇ ਕਰਤੱਬ 26:14.
ਕੀ ਅਸੀਂ ਵੀ ਅਣਜਾਣੇ ਵਿਚ ‘ਪ੍ਰੈਣ ਦੀ ਆਰ ਉੱਤੇ ਲੱਤ ਮਾਰ’ ਸਕਦੇ ਹਾਂ? ਬਾਈਬਲ ਵਿਚ ‘ਬੁੱਧਵਾਨਾਂ ਦੇ ਬਚਨਾਂ’ ਦੀ ਤੁਲਨਾ ਆਰ ਨਾਲ ਕੀਤੀ ਜਾਂਦੀ ਹੈ ਜੋ ਸਾਨੂੰ ਸਹੀ ਰਸਤੇ ਤੇ ਪਾ ਸਕਦੇ ਹਨ। (ਉਪਦੇਸ਼ਕ ਦੀ ਪੋਥੀ 12:11) ਪਰਮੇਸ਼ੁਰ ਦੇ ਬਚਨ ਦੀ ਵਧੀਆ ਸਲਾਹ ਸਾਨੂੰ ਪ੍ਰੇਰਣਾ ਦੇ ਸਕਦੀ ਹੈ ਅਤੇ ਜੇ ਅਸੀਂ ਚਾਹੀਏ ਇਹ ਸਾਨੂੰ ਸੇਧ ਦੇ ਸਕਦੀ ਹੈ। (2 ਤਿਮੋਥਿਉਸ 3:16) ਪਰ ਜੇ ਅਸੀਂ ਇਸ ਦੇ ਖ਼ਿਲਾਫ਼ ਜਾਈਏ, ਤਾਂ ਸਾਡਾ ਆਪਣਾ ਹੀ ਨੁਕਸਾਨ ਹੋਵੇਗਾ।
ਸੌਲੁਸ ਨੇ ਯਿਸੂ ਦੇ ਸ਼ਬਦਾਂ ਨੂੰ ਮੰਨ ਲਿਆ ਅਤੇ ਆਪਣਾ ਗ਼ਲਤ ਰਸਤਾ ਬਦਲ ਕੇ ਮਸੀਹੀ ਪੌਲੁਸ ਰਸੂਲ ਬਣ ਗਿਆ। ਜੇ ਅਸੀਂ ਪਰਮੇਸ਼ੁਰ ਦੀ ਸਲਾਹ ਉੱਤੇ ਚੱਲੀਏ, ਤਾਂ ਸਾਨੂੰ ਵੀ ਸਦਾ ਲਈ ਬਰਕਤਾਂ ਮਿਲ ਸਕਦੀਆਂ ਹਨ।—ਕਹਾਉਤਾਂ 3:1-6.
[ਸਫ਼ੇ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
L. Chapons/Illustrirte Familien-Bibel nach der deutschen Uebersetzung Dr. Martin Luthers