Skip to content

Skip to table of contents

ਤਾੜਨਾ ਦੇਣ ਦਾ ਅਸਲੀ ਮਕਸਦ ਕੀ ਹੈ?

ਤਾੜਨਾ ਦੇਣ ਦਾ ਅਸਲੀ ਮਕਸਦ ਕੀ ਹੈ?

ਤਾੜਨਾ ਦੇਣ ਦਾ ਅਸਲੀ ਮਕਸਦ ਕੀ ਹੈ?

ਜਦ ਲੋਕ ਤਾੜਨਾ ਬਾਰੇ ਗੱਲ ਕਰਦੇ ਹਨ, ਤਾਂ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਇਕ ਕੋਸ਼ ਦੇ ਮੁਤਾਬਕ ਤਾੜਨਾ ਦਾ ਮਤਲਬ ਹੈ ਡਾਂਟਣਾ, ਝਿੜਕਣਾ ਜਾਂ ਸਿੱਧਾ ਕਰਨਾ। ਭਾਵੇਂ ਕਿ ਇਸ ਦੇ ਹੋਰ ਵੀ ਮਤਲਬ ਹੋ ਸਕਦੇ ਹਨ, ਪਰ ਆਮ ਕਰਕੇ ਲੋਕ ਤਾੜਨਾ ਨੂੰ ਬੁਰਾ ਹੀ ਸਮਝਦੇ ਹਨ।

ਲੇਕਿਨ ਬਾਈਬਲ ਵਿਚ ਤਾੜਨਾ ਦਾ ਅਲੱਗ ਹੀ ਮਤਲਬ ਦੱਸਿਆ ਗਿਆ ਹੈ। ਸੁਲੇਮਾਨ ਰਾਜੇ ਨੇ ਲਿਖਿਆ: “ਹੇ ਮੇਰੇ ਪੁੱਤ੍ਰ, ਤੂੰ ਯਹੋਵਾਹ ਦੀ ਤਾੜ ਨੂੰ ਤੁੱਛ ਨਾ ਜਾਣ।” (ਕਹਾਉਤਾਂ 3:11) ਇੱਥੇ ਸਿਰਫ਼ ਤਾੜ ਬਾਰੇ ਹੀ ਨਹੀਂ, ਬਲਕਿ “ਯਹੋਵਾਹ ਦੀ ਤਾੜ” ਬਾਰੇ ਗੱਲ ਕੀਤੀ ਗਈ ਹੈ। ਇਹ ਤਾੜ ਪਰਮੇਸ਼ੁਰ ਦੇ ਉੱਚੇ ਸਿਧਾਂਤਾਂ ਉੱਤੇ ਆਧਾਰਿਤ ਹੁੰਦੀ ਹੈ। ਇਸ ਤਰ੍ਹਾਂ ਦੀ ਤਾੜ ਤੋਂ ਸਾਨੂੰ ਰੂਹਾਨੀ ਤੌਰ ਤੇ ਫ਼ਾਇਦਾ ਹੁੰਦਾ ਹੈ ਅਤੇ ਇਸ ਦੀ ਮਦਦ ਨਾਲ ਅਸੀਂ ਬਿਹਤਰ ਇਨਸਾਨ ਬਣਦੇ ਹਾਂ। ਇਸ ਦੇ ਉਲਟ, ਜਿਹੜੀ ਤਾੜਨਾ ਇਨਸਾਨ ਦੀ ਸੋਚਣੀ ਉੱਤੇ ਆਧਾਰਿਤ ਹੁੰਦੀ ਹੈ ਤੇ ਯਹੋਵਾਹ ਦੇ ਉੱਚੇ ਸਿਧਾਂਤਾਂ ਦੇ ਉਲਟ ਹੁੰਦੀ ਹੈ, ਉਸ ਤੋਂ ਅਕਸਰ ਸਾਡਾ ਅਪਮਾਨ ਤੇ ਨੁਕਸਾਨ ਹੁੰਦਾ ਹੈ। ਇਸੇ ਲਈ ਲੋਕ ਤਾੜਨਾ ਨੂੰ ਬੁਰਾ ਸਮਝਦੇ ਹਨ।

ਸਾਨੂੰ ਯਹੋਵਾਹ ਦੀ ਤਾੜ ਨੂੰ ਸਵੀਕਾਰ ਕਰਨ ਦੀ ਤਾਕੀਦ ਕਿਉਂ ਕੀਤੀ ਜਾਂਦੀ ਹੈ? ਬਾਈਬਲ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦੀ ਤਾੜ ਇਨਸਾਨਾਂ ਲਈ ਉਸ ਦੇ ਪਿਆਰ ਦਾ ਸਬੂਤ ਹੈ। ਤਾਹੀਓਂ ਸੁਲੇਮਾਨ ਨੇ ਅੱਗੇ ਕਿਹਾ ਸੀ: “ਯਹੋਵਾਹ ਓਸੇ ਨੂੰ ਤਾੜਦਾ ਹੈ ਜਿਹ ਦੇ ਨਾਲ ਪਿਆਰ ਕਰਦਾ ਹੈ, ਜਿਵੇਂ ਪਿਉ ਉਸ ਪੁੱਤ੍ਰ ਨੂੰ ਜਿਸ ਤੋਂ ਉਹ ਪਰਸੰਨ ਹੈ।”—ਕਹਾਉਤਾਂ 3:12.

ਤਾੜਨਾ ਤੇ ਸਜ਼ਾ ਵਿਚ ਕੀ ਫ਼ਰਕ ਹੈ?

ਬਾਈਬਲ ਵਿਚ ਤਾੜਨਾ ਦੇ ਕਈ ਰੂਪ ਦਿੱਤੇ ਗਏ ਹਨ। ਮਿਸਾਲ ਲਈ ਅਗਵਾਈ ਕਰਨੀ, ਸਿਖਾਉਣਾ, ਸਿਖਲਾਈ ਦੇਣੀ, ਡਾਂਟਣਾ, ਸੁਧਾਰਨਾ ਤੇ ਸਜ਼ਾ ਦੇਣੀ। ਪਰ ਯਹੋਵਾਹ ਸਾਨੂੰ ਕਿਉਂ ਤਾੜਦਾ ਹੈ? ਕਿਉਂਕਿ ਉਹ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਸਾਡਾ ਭਲਾ ਚਾਹੁੰਦਾ ਹੈ। ਯਹੋਵਾਹ ਸਾਨੂੰ ਸਿਰਫ਼ ਸਜ਼ਾ ਦੇਣ ਲਈ ਕਦੀ ਵੀ ਨਹੀਂ ਤਾੜਦਾ।

ਦੂਜੇ ਪਾਸੇ, ਜਦੋਂ ਪਰਮੇਸ਼ੁਰ ਕਿਸੇ ਨੂੰ ਸਜ਼ਾ ਦਿੰਦਾ ਹੈ, ਤਾਂ ਇਹ ਹਮੇਸ਼ਾ ਉਸ ਨੂੰ ਸੁਧਾਰਨ ਜਾਂ ਸਿੱਖਿਆ ਦੇਣ ਲਈ ਨਹੀਂ ਦਿੱਤੀ ਜਾਂਦੀ। ਉਦਾਹਰਣ ਲਈ, ਜਿਸ ਦਿਨ ਤੋਂ ਆਦਮ ਤੇ ਹੱਵਾਹ ਨੇ ਪਾਪ ਕੀਤਾ ਸੀ, ਉਸੇ ਦਿਨ ਤੋਂ ਉਹ ਆਪਣੀ ਅਣਆਗਿਆਕਾਰੀ ਦੇ ਨਤੀਜੇ ਭੁਗਤਣ ਲੱਗ ਪਏ ਸਨ। ਯਹੋਵਾਹ ਨੇ ਉਨ੍ਹਾਂ ਨੂੰ ਅਦਨ ਦੇ ਸੁੰਦਰ ਬਾਗ਼ ਵਿੱਚੋਂ ਕੱਢ ਦਿੱਤਾ ਅਤੇ ਪਾਪੀ ਹੋਣ ਕਰਕੇ ਉਹ ਬੀਮਾਰ ਤੇ ਬੁੱਢੇ ਹੋਣ ਲੱਗ ਪਏ। ਕਈ ਸੌ ਸਾਲ ਦੁੱਖਾਂ-ਭਰੀ ਜ਼ਿੰਦਗੀ ਗੁਜ਼ਾਰ ਕੇ ਉਹ ਹਮੇਸ਼ਾ ਲਈ ਮੌਤ ਦੀ ਨੀਂਦ ਸੌਂ ਗਏ। ਇਹ ਸਭ ਕੁਝ ਇਸ ਲਈ ਹੋਇਆ ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ, ਪਰ ਇਹ ਉਨ੍ਹਾਂ ਨੂੰ ਸੁਧਾਰਨ ਲਈ ਨਹੀਂ ਦਿੱਤੀ ਗਈ ਸੀ। ਆਦਮ ਤੇ ਹੱਵਾਹ ਨੇ ਜਾਣ-ਬੁੱਝ ਕੇ ਪਾਪ ਕੀਤਾ ਸੀ ਤੇ ਉਨ੍ਹਾਂ ਨੂੰ ਆਪਣੀ ਕਰਨੀ ਤੇ ਕੋਈ ਪਛਤਾਵਾ ਨਹੀਂ ਸੀ। ਇਸ ਕਰਕੇ ਉਨ੍ਹਾਂ ਦੇ ਸੁਧਰਨ ਦੀ ਕੋਈ ਆਸ ਨਹੀਂ ਸੀ।

ਯਹੋਵਾਹ ਵੱਲੋਂ ਲੋਕਾਂ ਨੂੰ ਸਜ਼ਾ ਦੇਣ ਦੀਆਂ ਹੋਰ ਕਿਹੜੀਆਂ ਉਦਾਹਰਣਾਂ ਹਨ? ਯਹੋਵਾਹ ਨੇ ਨੂਹ ਦੇ ਜ਼ਮਾਨੇ ਵਿਚ ਜਲ-ਪਰਲੋ ਲਿਆਂਦੀ ਸੀ, ਸਦੂਮ ਤੇ ਅਮੂਰਾਹ ਸ਼ਹਿਰਾਂ ਦਾ ਨਾਸ਼ ਕੀਤਾ ਸੀ ਅਤੇ ਲਾਲ ਸਮੁੰਦਰ ਵਿਚ ਮਿਸਰੀ ਫ਼ੌਜ ਨੂੰ ਤਬਾਹ ਕੀਤਾ ਸੀ। ਜਦੋਂ ਯਹੋਵਾਹ ਨੇ ਇਨ੍ਹਾਂ ਲੋਕਾਂ ਨੂੰ ਸਜ਼ਾ ਦਿੱਤੀ ਸੀ, ਤਾਂ ਇਹ ਉਨ੍ਹਾਂ ਦੀ ਅਗਵਾਈ ਕਰਨ ਜਾਂ ਸਿੱਖਿਆ ਦੇਣ ਲਈ ਨਹੀਂ ਸੀ। ਅਜਿਹੀ ਸਜ਼ਾ ਦੇਣ ਬਾਰੇ ਪਤਰਸ ਰਸੂਲ ਨੇ ਲਿਖਿਆ ਕਿ ਪਰਮੇਸ਼ੁਰ ਨੇ “ਨਾ ਪੁਰਾਣੇ ਸੰਸਾਰ ਨੂੰ ਛੱਡਿਆ ਸਗੋਂ ਜਿਸ ਵੇਲੇ ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ ਆਂਦੀ ਤਾਂ ਨੂਹ ਨੂੰ ਜਿਹੜਾ ਧਰਮ ਦਾ ਪਰਚਾਰਕ ਸੀ ਸੱਤਾਂ ਹੋਰਨਾਂ ਸਣੇ ਬਚਾ ਲਿਆ। ਅਤੇ ਸਦੂਮ ਅਤੇ ਅਮੂਰਾਹ ਦੇ ਨਗਰਾਂ ਨੂੰ ਸੁਆਹ ਕਰ ਕੇ ਢਾਹ ਸੁੱਟਣ ਦਾ ਹੁਕਮ ਦਿੱਤਾ ਅਤੇ ਉਨ੍ਹਾਂ ਨੂੰ ਉਹ ਦੇ ਪਿੱਛੋਂ ਦੇ ਕੁਧਰਮੀਆਂ ਲਈ ਇੱਕ ਨਮੂਨਾ ਠਹਿਰਾ ਛੱਡਿਆ ਹੈ।”—2 ਪਤਰਸ 2:5, 6.

ਇਸ ਦਾ ਕੀ ਮਤਲਬ ਹੈ ਕਿ ਇਹ ਸਜ਼ਾਵਾਂ “ਪਿੱਛੋਂ ਦੇ ਕੁਧਰਮੀਆਂ ਲਈ ਇੱਕ ਨਮੂਨਾ” ਠਹਿਰੀਆਂ? ਪੌਲੁਸ ਨੇ ਥੱਸਲੁਨੀਕੀਆਂ ਨੂੰ ਚਿੱਠੀ ਲਿਖਦੇ ਸਮੇਂ ਇਸ ਦਾ ਜਵਾਬ ਦਿੱਤਾ। ਉਸ ਨੇ ਸਾਡੇ ਜ਼ਮਾਨੇ ਦਾ ਜ਼ਿਕਰ ਕੀਤਾ ਸੀ ਜਦੋਂ ਪਰਮੇਸ਼ੁਰ ਆਪਣੇ ਪੁੱਤਰ ਯਿਸੂ ਮਸੀਹ ਰਾਹੀਂ ‘ਓਹਨਾਂ ਨੂੰ ਬਦਲਾ ਦੇਵੇਗਾ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ।’ ਪੌਲੁਸ ਨੇ ਅੱਗੇ ਲਿਖਿਆ: ‘ਓਹ ਸਦਾ ਦੇ ਵਿਨਾਸ ਦੀ ਸਜ਼ਾ ਭੋਗਣਗੇ।’ (2 ਥੱਸਲੁਨੀਕੀਆਂ 1:8, 9) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਜਿਹੇ ਲੋਕਾਂ ਨੂੰ ਸਜ਼ਾ ਸਿਖਾਉਣ ਜਾਂ ਸੁਧਾਰਨ ਲਈ ਨਹੀਂ ਦਿੱਤੀ ਜਾਵੇਗੀ। ਪਰ ਜਦੋਂ ਯਹੋਵਾਹ ਆਪਣੇ ਸੇਵਕਾਂ ਨੂੰ ਤਾੜਨਾ ਸਵੀਕਾਰ ਕਰਨ ਲਈ ਕਹਿੰਦਾ ਹੈ, ਤਾਂ ਉਹ ਅਪਸ਼ਚਾਤਾਪੀ ਪਾਪੀਆਂ ਨੂੰ ਦਿੱਤੀ ਜਾਣ ਵਾਲੀ ਸਜ਼ਾ ਦੀ ਗੱਲ ਨਹੀਂ ਕਰ ਰਿਹਾ ਹੈ।

ਬਾਈਬਲ ਵਿਚ ਯਹੋਵਾਹ ਨੂੰ ਖ਼ਾਸ ਕਰਕੇ ਸਜ਼ਾ ਦੇਣ ਵਾਲੇ ਵਜੋਂ ਨਹੀਂ ਪੇਸ਼ ਕੀਤਾ ਜਾਂਦਾ। ਇਸ ਦੇ ਉਲਟ, ਕਈ ਵਾਰ ਉਸ ਨੂੰ ਇਕ ਪਿਆਰ ਕਰਨ ਵਾਲੇ ਗੁਰੂ ਤੇ ਧੀਰਜਵਾਨ ਸਿੱਖਿਅਕ ਵਜੋਂ ਪੇਸ਼ ਕੀਤਾ ਜਾਂਦਾ ਹੈ। (ਅੱਯੂਬ 36:22; ਜ਼ਬੂਰਾਂ ਦੀ ਪੋਥੀ 71:17; ਯਸਾਯਾਹ 54:13) ਜੀ ਹਾਂ, ਜਦੋਂ ਪਰਮੇਸ਼ੁਰ ਸਾਨੂੰ ਤਾੜਦਾ ਹੈ, ਤਾਂ ਉਹ ਹਮੇਸ਼ਾ ਪਿਆਰ ਤੇ ਧੀਰਜ ਨਾਲ ਸਾਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ। ਜੇ ਅਸੀਂ ਤਾੜਨਾ ਦੇ ਅਸਲੀ ਮਕਸਦ ਨੂੰ ਸਮਝੀਏ ਤੇ ਯਾਦ ਰੱਖੀਏ, ਤਾਂ ਸਾਡੇ ਲਈ ਤਾੜਨਾ ਸਵੀਕਾਰ ਕਰਨੀ ਸੌਖੀ ਹੋਵੇਗੀ ਤੇ ਜ਼ਰੂਰਤ ਪੈਣ ਤੇ ਅਸੀਂ ਦੂਸਰਿਆਂ ਨੂੰ ਵੀ ਸਹੀ ਤਰ੍ਹਾਂ ਤਾੜਨਾ ਦੇ ਸਕਾਂਗੇ।

ਪਿਆਰ ਕਰਨ ਵਾਲੇ ਮਾਂ-ਬਾਪ ਦੀ ਤਾੜ

ਪਰਿਵਾਰ ਅਤੇ ਮਸੀਹੀ ਕਲੀਸਿਯਾ ਵਿਚ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਤਾੜਨਾ ਦੇਣ ਦਾ ਅਸਲੀ ਕਾਰਨ ਕੀ ਹੋਣਾ ਚਾਹੀਦਾ ਹੈ। ਇਹ ਖ਼ਾਸ ਕਰਕੇ ਉਨ੍ਹਾਂ ਬਾਰੇ ਸੱਚ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਤਾੜਨਾ ਦੇਣ ਦਾ ਅਧਿਕਾਰ ਮਿਲਿਆ ਹੈ। ਮਿਸਾਲ ਲਈ, ਕਹਾਉਤਾਂ 13:24 ਵਿਚ ਮਾਪਿਆਂ ਨੂੰ ਕਿਹਾ ਗਿਆ ਹੈ: “ਜਿਹੜਾ ਪੁੱਤ੍ਰ ਉੱਤੇ ਛੂਛਕ ਨਹੀਂ ਚਲਾਉਂਦਾ ਉਹ ਉਸ ਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ।”

ਮਾਂ-ਬਾਪ ਨੂੰ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਤਾੜਨਾ ਚਾਹੀਦਾ ਹੈ? ਬਾਈਬਲ ਕਹਿੰਦੀ ਹੈ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” (ਅਫ਼ਸੀਆਂ 6:4) ਇਹੀ ਸਲਾਹ ਇਨ੍ਹਾਂ ਸ਼ਬਦਾਂ ਵਿਚ ਵੀ ਦੁਹਰਾਈ ਗਈ ਹੈ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਨੂੰ ਨਾ ਖਿਝਾਓ ਭਈ ਓਹ ਕਿਤੇ ਮਨ ਨਾ ਹਾਰ ਦੇਣ।”—ਕੁਲੁੱਸੀਆਂ 3:21.

ਤਾੜਨਾ ਦੇਣ ਦਾ ਅਸਲੀ ਮਕਸਦ ਸਮਝਣ ਵਾਲੇ ਮਾਂ-ਬਾਪ ਆਪਣੇ ਬੱਚਿਆਂ ਨਾਲ ਬੇਰਹਿਮੀ ਨਾਲ ਪੇਸ਼ ਨਹੀਂ ਆਉਣਗੇ। ਬੱਚਿਆਂ ਨੂੰ ਤਾੜਨਾ ਦੇਣ ਦੇ ਸੰਬੰਧ ਵਿਚ ਮਾਪੇ 2 ਤਿਮੋਥਿਉਸ 2:24 ਦਾ ਸਿਧਾਂਤ ਯਾਦ ਰੱਖ ਸਕਦੇ ਹਨ। ਪੌਲੁਸ ਨੇ ਲਿਖਿਆ: “ਇਹ ਜੋਗ ਨਹੀਂ ਹੈ ਜੋ ਪ੍ਰਭੁ ਦਾ ਦਾਸ ਝਗੜਾ ਕਰੇ ਸਗੋਂ ਸਭਨਾਂ ਨਾਲ ਅਸੀਲ ਅਤੇ ਸਿੱਖਿਆ ਦੇਣ ਜੋਗ . . . ਹੋਵੇ।” ਪਿਆਰ ਨਾਲ ਤਾੜਨਾ ਦੇਣ ਦਾ ਮਤਲਬ ਹੈ ਕਿ ਅਸੀਂ ਗੁੱਸੇ ਵਿਚ ਨਾ ਭੜਕੀਏ, ਚਿਲਾ ਕੇ ਗੱਲ ਨਾ ਕਰੀਏ, ਗਾਲ੍ਹਾਂ ਨਾ ਕੱਢੀਏ ਅਤੇ ਆਪਣੇ ਬੱਚਿਆਂ ਦੀ ਬੇਇੱਜ਼ਤੀ ਨਾ ਕਰੀਏ। ਇਕ ਮਸੀਹੀ ਦੀ ਜ਼ਿੰਦਗੀ ਵਿਚ ਇਨ੍ਹਾਂ ਚੀਜ਼ਾਂ ਲਈ ਕੋਈ ਜਗ੍ਹਾ ਨਹੀਂ ਹੈ।—ਅਫ਼ਸੀਆਂ 4:31; ਕੁਲੁੱਸੀਆਂ 3:8.

ਬੱਚਿਆਂ ਨੂੰ ਸੁਧਾਰਨ ਲਈ ਇਕਦਮ ਫ਼ੈਸਲਾ ਕਰ ਕੇ ਉਨ੍ਹਾਂ ਨੂੰ ਸਜ਼ਾ ਦੇਣੀ ਕਾਫ਼ੀ ਨਹੀਂ ਹੁੰਦੀ। ਕਈ ਬੱਚੇ ਵਾਰ-ਵਾਰ ਤਾੜਨਾ ਮਿਲਣ ਤੋਂ ਬਾਅਦ ਹੀ ਆਪਣੀ ਸੋਚਣੀ ਬਦਲਦੇ ਹਨ। ਇਸ ਲਈ ਮਾਪਿਆਂ ਨੂੰ ਸਮਾਂ ਕੱਢ ਕੇ ਧੀਰਜ ਨਾਲ ਤੇ ਸੋਚ-ਸਮਝ ਕੇ ਬੱਚਿਆਂ ਨੂੰ ਤਾੜਨਾ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਬੱਚਿਆਂ ਨੂੰ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ” ਉਨ੍ਹਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਬੱਚਿਆਂ ਨੂੰ ਅਜਿਹੀ ਸਿੱਖਿਆ ਦੇਣ ਵਿਚ ਕਈ ਸਾਲ ਲੱਗ ਸਕਦੇ ਹਨ।

ਬਜ਼ੁਰਗ ਨਰਮਾਈ ਨਾਲ ਤਾੜਦੇ ਹਨ

ਇਹੋ ਸਾਰੀਆਂ ਗੱਲਾਂ ਮਸੀਹੀ ਬਜ਼ੁਰਗਾਂ ਉੱਤੇ ਵੀ ਲਾਗੂ ਹੁੰਦੀਆਂ ਹਨ। ਪਿਆਰ ਕਰਨ ਵਾਲੇ ਚਰਵਾਹਿਆਂ ਵਜੋਂ ਉਹ ਭੈਣਾਂ-ਭਰਾਵਾਂ ਦੀ ਅਗਵਾਈ ਕਰਦੇ, ਉਨ੍ਹਾਂ ਨੂੰ ਸਿੱਖਿਆ ਦਿੰਦੇ ਤੇ ਲੋੜ ਪੈਣ ਤੇ ਤਾੜਨਾ ਵੀ ਦਿੰਦੇ ਹਨ। ਇਹ ਉਹ ਤਾੜਨਾ ਦਾ ਅਸਲੀ ਮਕਸਦ ਧਿਆਨ ਵਿਚ ਰੱਖ ਕੇ ਕਰਦੇ ਹਨ। (ਅਫ਼ਸੀਆਂ 4:11, 12) ਜੇਕਰ ਉਨ੍ਹਾਂ ਨੇ ਸਿਰਫ਼ ਸਜ਼ਾ ਹੀ ਦੇਣੀ ਹੁੰਦੀ, ਤਾਂ ਉਹ ਗ਼ਲਤੀ ਕਰਨ ਵਾਲੇ ਨੂੰ ਸਜ਼ਾ ਦੇਣ ਤੋਂ ਬਾਅਦ ਹੋਰ ਕੁਝ ਨਾ ਕਰਦੇ। ਪਰ ਪਰਮੇਸ਼ੁਰ ਦੀ ਤਾੜ ਵਿਚ ਇਸ ਤੋਂ ਜ਼ਿਆਦਾ ਕੁਝ ਸ਼ਾਮਲ ਹੈ। ਬਜ਼ੁਰਗ ਕਿਸੇ ਦੀ ਸਿਰਫ਼ ਇੱਕੋ ਵਾਰ ਹੀ ਮਦਦ ਨਹੀਂ ਕਰਦੇ, ਬਲਕਿ ਪਿਆਰ ਨਾਲ ਉਸ ਦੀ ਮਦਦ ਕਰਦੇ ਰਹਿੰਦੇ ਹਨ। ਉਹ ਗ਼ਲਤੀ ਕਰਨ ਵਾਲੇ ਭੈਣ ਜਾਂ ਭਰਾ ਦੀ ਦਿਲੋਂ ਪਰਵਾਹ ਕਰਦੇ ਹਨ ਤੇ ਉਸ ਨੂੰ ਕਈ ਵਾਰ ਮਿਲ ਕੇ ਹੌਸਲਾ ਤੇ ਸਿੱਖਿਆ ਦਿੰਦੇ ਹਨ।

ਦੂਜਾ ਤਿਮੋਥਿਉਸ 2:25, 26 ਦੀ ਨਸੀਹਤ ਅਨੁਸਾਰ ਭਾਵੇਂ ਕੋਈ ਜਣਾ ਬਜ਼ੁਰਗਾਂ ਦੀ ਤਾੜਨਾ ਜਲਦੀ ਸਵੀਕਾਰ ਨਾ ਕਰੇ, ਫਿਰ ਵੀ ਬਜ਼ੁਰਗਾਂ ਨੂੰ “ਨਰਮਾਈ ਨਾਲ” ਸਿੱਖਿਆ ਦਿੰਦੇ ਰਹਿਣਾ ਚਾਹੀਦਾ ਹੈ। ਇਹ ਹਵਾਲਾ ਤਾੜਨਾ ਦੇਣ ਦਾ ਅਸਲੀ ਮਕਸਦ ਦੱਸਦਾ ਹੈ: ‘ਭਈ ਕੀ ਜਾਣੀਏ ਜੋ ਪਰਮੇਸ਼ੁਰ ਉਸ ਨੂੰ ਤੋਬਾ ਕਰਨੀ ਬਖ਼ਸ਼ੇ ਭਈ ਸਤ ਦੇ ਗਿਆਨ ਨੂੰ ਪਰਾਪਤ ਕਰੇ ਅਤੇ ਸ਼ਤਾਨ ਦੀ ਫਾਹੀ ਵਿੱਚ ਫੱਸ ਕੇ ਹੋਸ਼ ਵਿੱਚ ਆਣ ਕੇ ਬਚ ਨਿੱਕਲੇ।’

ਸਮੇਂ-ਸਮੇਂ ਤੇ ਕਿਸੇ ਗ਼ਲਤੀ ਕਰਨ ਵਾਲੇ ਅਪਸ਼ਚਾਤਾਪੀ ਭੈਣ-ਭਰਾ ਨੂੰ ਕਲੀਸਿਯਾ ਤੋਂ ਛੇਕਿਆ ਜਾਂਦਾ ਹੈ। (1 ਤਿਮੋਥਿਉਸ 1:18-20) ਇਸ ਸਖ਼ਤ ਕਦਮ ਨੂੰ ਵੀ ਸਿਰਫ਼ ਸਜ਼ਾ ਨਹੀਂ, ਬਲਕਿ ਤਾੜਨਾ ਦਾ ਇਕ ਰੂਪ ਸਮਝਿਆ ਜਾਣਾ ਚਾਹੀਦਾ ਹੈ। ਸਮੇਂ-ਸਮੇਂ ਤੇ ਬਜ਼ੁਰਗ ਉਨ੍ਹਾਂ ਛੇਕੇ ਗਏ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਨੇ ਗ਼ਲਤ ਕੰਮ ਕਰਨਾ ਛੱਡ ਦਿੱਤਾ ਹੈ। ਤਾੜਨਾ ਦੇ ਅਸਲੀ ਮਤਲਬ ਮੁਤਾਬਕ ਅਜਿਹੀਆਂ ਮੁਲਾਕਾਤਾਂ ਦੌਰਾਨ ਬਜ਼ੁਰਗ ਉਨ੍ਹਾਂ ਨੂੰ ਸਮਝਾਉਂਦੇ ਹਨ ਕਿ ਜੇ ਉਹ ਕਲੀਸਿਯਾ ਵਿਚ ਵਾਪਸ ਆਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਕੀ-ਕੀ ਕਰਨ ਦੀ ਲੋੜ ਹੈ।

ਯਹੋਵਾਹ ਮਹਾਨ ਨਿਆਂਕਾਰ ਹੈ

ਯਹੋਵਾਹ ਨੇ ਮਾਪਿਆਂ, ਬਜ਼ੁਰਗਾਂ ਤੇ ਹੋਰਨਾਂ ਨੂੰ ਤਾੜਨਾ ਦੇਣ ਦਾ ਅਧਿਕਾਰ ਸੌਂਪਿਆ ਹੈ ਤੇ ਇਨ੍ਹਾਂ ਸਾਰਿਆਂ ਨੂੰ ਇਹ ਜ਼ਿੰਮੇਵਾਰੀ ਸਹੀ ਤਰ੍ਹਾਂ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਨੂੰ ਕਦੀ ਵੀ ਇਹ ਫ਼ੈਸਲਾ ਨਹੀਂ ਕਰਨਾ ਚਾਹੀਦਾ ਕਿ ਕੋਈ ਵਿਅਕਤੀ ਕਦੀ ਵੀ ਨਹੀਂ ਸੁਧਰੇਗਾ। ਇਸ ਲਈ ਉਨ੍ਹਾਂ ਨੂੰ ਕਦੀ ਵੀ ਨਫ਼ਰਤ ਨਾਲ ਜਾਂ ਬਦਲੇ ਦੀ ਭਾਵਨਾ ਨਾਲ ਤਾੜਨਾ ਨਹੀਂ ਦੇਣੀ ਚਾਹੀਦੀ।

ਇਹ ਸੱਚ ਹੈ ਕਿ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਕੁਝ ਲੋਕਾਂ ਨੂੰ ਮੌਤ ਦੀ ਸਖ਼ਤ ਸਜ਼ਾ ਦੇਵੇਗਾ। ਇਸੇ ਲਈ ਬਾਈਬਲ ਕਹਿੰਦੀ ਹੈ ਕਿ “ਜੀਉਂਦੇ ਪਰਮੇਸ਼ੁਰ ਦੇ ਹੱਥ ਵਿੱਚ ਪੈਣਾ ਭਿਆਣਕ ਗੱਲ ਹੈ!” (ਇਬਰਾਨੀਆਂ 10:31) ਪਰ ਇਸ ਸੰਬੰਧ ਵਿਚ ਕਿਸੇ ਵੀ ਇਨਸਾਨ ਨੂੰ ਆਪਣੇ ਆਪ ਨੂੰ ਯਹੋਵਾਹ ਦੇ ਤੁੱਲ ਨਹੀਂ ਸਮਝਣਾ ਚਾਹੀਦਾ। ਇਹ ਕਿੰਨੀ ਅਫ਼ਸੋਸ ਦੀ ਗੱਲ ਹੋਵੇਗੀ ਜੇ ਕੋਈ ਭੈਣ ਜਾਂ ਭਰਾ ਮਹਿਸੂਸ ਕਰੇ ਕਿ ਮਾਂ-ਬਾਪ ਜਾਂ ਕਲੀਸਿਯਾ ਵਿਚ ਕਿਸੇ ਬਜ਼ੁਰਗ ਦੇ ਹੱਥ ਵਿਚ ਪੈਣਾ ਭਿਆਨਕ ਗੱਲ ਹੈ।

ਯਹੋਵਾਹ ਕੋਲ ਸੰਤੁਲਿਤ ਤਰੀਕੇ ਨਾਲ ਸਹੀ ਤਾੜਨਾ ਦੇਣ ਦੀ ਯੋਗਤਾ ਹੈ। ਪਰ ਇਨਸਾਨਾਂ ਵਿਚ ਇਸ ਤਰ੍ਹਾਂ ਕਰਨ ਦੀ ਯੋਗਤਾ ਨਹੀਂ ਹੈ। ਪਰਮੇਸ਼ੁਰ ਕਿਸੇ ਵਿਅਕਤੀ ਦਾ ਦਿਲ ਦੇਖ ਕੇ ਜਾਣ ਸਕਦਾ ਹੈ ਕਿ ਉਹ ਵਿਅਕਤੀ ਕਦੇ ਨਹੀਂ ਸੁਧਰੇਗਾ ਤੇ ਇਸ ਲਈ ਨਾਸ਼ ਦੇ ਲਾਇਕ ਹੈ। ਪਰ ਇਕ ਇਨਸਾਨ ਅਜਿਹਾ ਫ਼ੈਸਲਾ ਨਹੀਂ ਕਰ ਸਕਦਾ। ਤਾਂ ਫਿਰ ਜਿਨ੍ਹਾਂ ਨੂੰ ਤਾੜਨਾ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ, ਉਨ੍ਹਾਂ ਨੂੰ ਹਮੇਸ਼ਾ ਦੂਸਰਿਆਂ ਨੂੰ ਸੁਧਾਰਨ ਦੇ ਹੀ ਮਕਸਦ ਨਾਲ ਤਾੜਨਾ ਦੇਣੀ ਚਾਹੀਦੀ ਹੈ।

ਯਹੋਵਾਹ ਦੀ ਤਾੜ ਸਵੀਕਾਰ ਕਰੋ

ਸਾਨੂੰ ਸਾਰਿਆਂ ਨੂੰ ਯਹੋਵਾਹ ਦੀ ਤਾੜ ਦੀ ਜ਼ਰੂਰਤ ਹੈ। (ਜ਼ਬੂਰਾਂ ਦੀ ਪੋਥੀ 94:12) ਸਾਨੂੰ ਪਰਮੇਸ਼ੁਰ ਦੇ ਬਚਨ ਤੋਂ ਮਿਲਣ ਵਾਲੀ ਤਾੜਨਾ ਸਵੀਕਾਰ ਕਰ ਕੇ ਖ਼ੁਸ਼ ਹੋਣਾ ਚਾਹੀਦਾ ਹੈ। ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ, ਤਾਂ ਅਸੀਂ ਇਸ ਵਿੱਚੋਂ ਯਹੋਵਾਹ ਦੀ ਤਾੜ ਸਵੀਕਾਰ ਕਰ ਸਕਦੇ ਹਾਂ। (2 ਤਿਮੋਥਿਉਸ 3:16, 17) ਪਰ ਸਮੇਂ-ਸਮੇਂ ਤੇ ਸਾਨੂੰ ਹੋਰਨਾਂ ਮਸੀਹੀਆਂ ਤੋਂ ਵੀ ਤਾੜਨਾ ਮਿਲਦੀ ਹੈ। ਜੇ ਅਸੀਂ ਯਾਦ ਰੱਖੀਏ ਕਿ ਉਹ ਸਾਡੇ ਭਲੇ ਲਈ ਸਾਨੂੰ ਤਾੜਨਾ ਦੇ ਰਹੇ ਹਨ, ਤਾਂ ਇਸ ਨੂੰ ਸਵੀਕਾਰ ਕਰਨਾ ਸਾਡੇ ਲਈ ਸੌਖਾ ਹੋਵੇਗਾ।

ਪੌਲੁਸ ਰਸੂਲ ਨੇ ਕਬੂਲ ਕੀਤਾ: “ਸਾਰੀ ਤਾੜਨਾ ਤਾਂ ਓਸ ਵੇਲੇ ਅਨੰਦ ਦੀ ਨਹੀਂ ਸਗੋਂ ਸੋਗ ਦੀ ਗੱਲ ਸੁੱਝਦੀ ਹੈ।” ਫਿਰ ਅੱਗੇ ਉਸ ਨੇ ਕਿਹਾ: “ਪਰ ਮਗਰੋਂ ਉਹ ਓਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫਲ ਦਿੰਦੀ ਹੈ।” (ਇਬਰਾਨੀਆਂ 12:11) ਯਹੋਵਾਹ ਸਾਨੂੰ ਤਾੜ ਕੇ ਆਪਣੇ ਪਿਆਰ ਦਾ ਸਬੂਤ ਦਿੰਦਾ ਹੈ। ਚਾਹੇ ਸਾਨੂੰ ਤਾੜਨਾ ਮਿਲੇ ਜਾਂ ਅਸੀਂ ਕਿਸੇ ਨੂੰ ਤਾੜੀਏ, ਆਓ ਆਪਾਂ ਪਰਮੇਸ਼ੁਰ ਦੀ ਤਾੜ ਦਾ ਅਸਲੀ ਮਕਸਦ ਯਾਦ ਰੱਖੀਏ ਤੇ ਬਾਈਬਲ ਦੀ ਇਹ ਵਧੀਆ ਸਲਾਹ ਲਾਗੂ ਕਰੀਏ: “ਹੇ ਮੇਰੇ ਪੁੱਤ੍ਰ, ਤੂੰ ਪ੍ਰਭੁ ਦੀ ਤਾੜ ਨੂੰ ਤੁੱਛ ਨਾ ਜਾਣ, ਅਤੇ ਜਾਂ ਉਹ ਤੈਨੂੰ ਝਿੜਕੇ ਤਾਂ ਅੱਕ ਨਾ ਜਾਈਂ, ਕਿਉਂ ਜੋ ਜਿਹ ਦੇ ਨਾਲ ਪਿਆਰ ਕਰਦਾ ਹੈ, ਪ੍ਰਭੁ ਉਹ ਨੂੰ ਤਾੜਦਾ ਹੈ।”—ਇਬਰਾਨੀਆਂ 12:5, 6.

[ਸਫ਼ੇ 21 ਉੱਤੇ ਤਸਵੀਰਾਂ]

ਅਪਸ਼ਚਾਤਾਪੀ ਪਾਪੀਆਂ ਨੂੰ ਯਹੋਵਾਹ ਦੀ ਤਾੜਨਾ ਨਹੀਂ, ਪਰ ਉਸ ਵੱਲੋਂ ਮੌਤ ਦੀ ਸਜ਼ਾ ਮਿਲਦੀ ਹੈ

[ਸਫ਼ੇ 22 ਉੱਤੇ ਤਸਵੀਰਾਂ]

ਪਿਆਰ ਦੀ ਖ਼ਾਤਰ ਬਜ਼ੁਰਗ ਰੀਸਰਚ ਕਰਨ ਲਈ ਸਮਾਂ ਕੱਢਦੇ ਹਨ ਤਾਂਕਿ ਉਹ ਗ਼ਲਤੀ ਕਰਨ ਵਾਲਿਆਂ ਦੀ ਮਦਦ ਕਰ ਸਕਣ

[ਸਫ਼ੇ 23 ਉੱਤੇ ਤਸਵੀਰਾਂ]

ਮਾਂ-ਬਾਪ ਆਪਣੇ ਬੱਚਿਆਂ ਨੂੰ ਧੀਰਜ ਅਤੇ ਪਿਆਰ ਨਾਲ “ਪ੍ਰਭੁ ਦੀ ਸਿੱਖਿਆ ਅਰ ਮੱਤ” ਦਿੰਦੇ ਹਨ