Skip to content

Skip to table of contents

ਧਰਮੀ ਹੋਣ ਕਰਕੇ ਸਤਾਏ ਗਏ

ਧਰਮੀ ਹੋਣ ਕਰਕੇ ਸਤਾਏ ਗਏ

ਧਰਮੀ ਹੋਣ ਕਰਕੇ ਸਤਾਏ ਗਏ

“ਧੰਨ ਓਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ।”—ਮੱਤੀ 5:10.

1. ਯਿਸੂ ਪੁੰਤਿਯੁਸ ਪਿਲਾਤੁਸ ਦੇ ਅੱਗੇ ਕਿਉਂ ਖੜ੍ਹਾ ਸੀ ਅਤੇ ਉਸ ਨੇ ਪਿਲਾਤੁਸ ਨੂੰ ਕੀ ਕਿਹਾ ਸੀ?

“ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ।” (ਯੂਹੰਨਾ 18:37) ਜਦੋਂ ਯਿਸੂ ਨੇ ਇਹ ਸ਼ਬਦ ਕਹੇ ਸਨ, ਉਸ ਵੇਲੇ ਉਹ ਯਹੂਦਿਯਾ ਦੇ ਰੋਮੀ ਹਾਕਮ ਪੁੰਤਿਯੁਸ ਪਿਲਾਤੁਸ ਦੇ ਅੱਗੇ ਖੜ੍ਹਾ ਸੀ। ਯਿਸੂ ਨੂੰ ਨਾ ਤਾਂ ਉੱਥੇ ਬੁਲਾਇਆ ਗਿਆ ਸੀ ਅਤੇ ਨਾ ਹੀ ਉਹ ਆਪਣੀ ਮਰਜ਼ੀ ਨਾਲ ਉੱਥੇ ਗਿਆ ਸੀ। ਯਿਸੂ ਪਿਲਾਤੁਸ ਦੇ ਸਾਮ੍ਹਣੇ ਇਸ ਲਈ ਖੜ੍ਹਾ ਸੀ ਕਿਉਂਕਿ ਯਹੂਦੀ ਧਾਰਮਿਕ ਆਗੂਆਂ ਨੇ ਉਸ ਤੇ ਝੂਠਾ ਦੋਸ਼ ਲਾਇਆ ਸੀ ਅਤੇ ਕਿਹਾ ਸੀ ਕਿ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।—ਯੂਹੰਨਾ 18:29-31.

2. ਯਿਸੂ ਨੇ ਕਿਹੜਾ ਕਦਮ ਚੁੱਕਿਆ ਅਤੇ ਇਸ ਦਾ ਨਤੀਜਾ ਕੀ ਨਿਕਲਿਆ?

2 ਯਿਸੂ ਅੱਛੀ ਤਰ੍ਹਾਂ ਜਾਣਦਾ ਸੀ ਕਿ ਪਿਲਾਤੁਸ ਕੋਲ ਉਸ ਨੂੰ ਛੱਡਣ ਜਾਂ ਮੌਤ ਦੀ ਸਜ਼ਾ ਦੇਣ ਦਾ ਅਧਿਕਾਰ ਸੀ। (ਯੂਹੰਨਾ 19:10) ਪਰ ਫਿਰ ਵੀ ਉਹ ਪਿਲਾਤੁਸ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕਰਨ ਤੋਂ ਨਹੀਂ ਝਿਜਕਿਆ। ਜਾਨ ਖ਼ਤਰੇ ਵਿਚ ਹੋਣ ਦੇ ਬਾਵਜੂਦ ਵੀ ਉਸ ਨੇ ਮੌਕੇ ਦਾ ਫ਼ਾਇਦਾ ਲੈਂਦੇ ਹੋਏ ਉਸ ਇਲਾਕੇ ਦੇ ਸਭ ਤੋਂ ਉੱਚ ਅਧਿਕਾਰੀ ਯਾਨੀ ਪਿਲਾਤੁਸ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਖ਼ੁਸ਼ ਖ਼ਬਰੀ ਦੀ ਸਾਖੀ ਦਿੱਤੀ। ਸਾਖੀ ਦੇਣ ਦੇ ਬਾਵਜੂਦ ਯਿਸੂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਨੂੰ ਸੂਲੀ ਤੇ ਟੰਗ ਕੇ ਸ਼ਹੀਦ ਕਰ ਦਿੱਤਾ ਗਿਆ।—ਮੱਤੀ 27:24-26; ਮਰਕੁਸ 15:15; ਲੂਕਾ 23:24, 25; ਯੂਹੰਨਾ 19:13-16.

ਸ਼ਹੀਦ ਜਾਂ ਗਵਾਹ?

3. “ਸ਼ਹੀਦ” ਦਾ ਮੁਢਲਾ ਭਾਵ ਕੀ ਹੈ, ਪਰ ਅੱਜ ਇਸ ਦਾ ਕੀ ਮਤਲਬ ਹੈ?

3 ਅੱਜ-ਕੱਲ੍ਹ ਜ਼ਿਆਦਾਤਰ ਲੋਕਾਂ ਦੇ ਅਨੁਸਾਰ ਸ਼ਹੀਦ ਲਫ਼ਜ਼ ਇਕ ਕੱਟੜ ਵਿਅਕਤੀ ਨੂੰ ਦਰਸਾਉਂਦਾ ਹੈ। ਜਦੋਂ ਕੋਈ ਆਪਣੇ ਵਿਸ਼ਵਾਸਾਂ ਲਈ, ਖ਼ਾਸ ਕਰਕੇ ਆਪਣੇ ਧਰਮ ਲਈ ਮਰਨ ਨੂੰ ਤਿਆਰ ਹੁੰਦਾ ਹੈ, ਤਾਂ ਉਸ ਨੂੰ ਅੱਤਵਾਦੀ ਜਾਂ ਸਮਾਜ ਲਈ ਖ਼ਤਰਾ ਸਮਝਿਆ ਜਾਂਦਾ ਹੈ। ਪਰ “ਸ਼ਹੀਦ” ਲਫ਼ਜ਼ ਦਾ ਮੁਢਲਾ ਭਾਵ “ਗਵਾਹ” ਹੁੰਦਾ ਹੈ ਯਾਨੀ ਉਹ ਵਿਅਕਤੀ ਜੋ ਸਾਖੀ ਦਿੰਦਾ ਹੈ, ਜਿਵੇਂ ਕਿ ਇਕ ਮੁਕੱਦਮੇ ਦੌਰਾਨ। ਪਰ ਹੁਣ ਇਸ ਦਾ ਮਤਲਬ ਬਦਲ ਗਿਆ ਹੈ ਅਤੇ ਇਹ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ “ਜੋ ਸਾਖੀ ਦੇਣ ਲਈ ਆਪਣੀ ਜਾਨ ਕੁਰਬਾਨ ਕਰ ਦਿੰਦਾ ਹੈ” ਜਾਂ ਜੋ ਆਪਣੀ ਜਾਨ ਕੁਰਬਾਨ ਕਰ ਕੇ ਸਾਖੀ ਦਿੰਦਾ ਹੈ।

4. ਯਿਸੂ ਖ਼ਾਸ ਕਰਕੇ ਕਿਸ ਭਾਵ ਵਿਚ ਸ਼ਹੀਦ ਸੀ?

4 ਯਿਸੂ ਖ਼ਾਸ ਕਰਕੇ ਇਸ ਸ਼ਬਦ ਦੇ ਮੁਢਲੇ ਭਾਵ ਦੇ ਅਨੁਸਾਰ ਇਕ ਸ਼ਹੀਦ ਸੀ। ਜਿਸ ਤਰ੍ਹਾਂ ਉਸ ਨੇ ਪਿਲਾਤੁਸ ਨੂੰ ਦੱਸਿਆ, ਉਹ “ਸਚਿਆਈ ਉੱਤੇ ਸਾਖੀ” ਦੇਣ ਲਈ ਆਇਆ ਸੀ। ਉਸ ਦੀ ਸਾਖੀ ਨੇ ਲੋਕਾਂ ਤੇ ਵੱਖੋ-ਵੱਖਰਾ ਪ੍ਰਭਾਵ ਪਾਇਆ ਸੀ। ਆਮ ਲੋਕਾਂ ਵਿੱਚੋਂ ਕੁਝ ਉਸ ਦੀਆਂ ਗੱਲਾਂ ਸੁਣ ਕੇ ਅਤੇ ਉਸ ਦੇ ਕੰਮਾਂ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਉਸ ਉੱਤੇ ਨਿਹਚਾ ਕਰਨ ਲੱਗੇ। (ਯੂਹੰਨਾ 2:23; 8:30) ਬਾਕੀ ਲੋਕ ਅਤੇ ਖ਼ਾਸ ਕਰਕੇ ਧਾਰਮਿਕ ਆਗੂ ਵੀ ਪ੍ਰਭਾਵਿਤ ਹੋਏ ਸਨ, ਪਰ ਉਸ ਨੂੰ ਕਬੂਲ ਕਰਨ ਦੀ ਬਜਾਇ ਉਨ੍ਹਾਂ ਨੇ ਯਿਸੂ ਨਾਲ ਡਾਢੀ ਨਫ਼ਰਤ ਕੀਤੀ। ਯਿਸੂ ਦੇ ਕਈ ਰਿਸ਼ਤੇਦਾਰ ਵੀ ਸਨ ਜਿਨ੍ਹਾਂ ਨੇ ਉਸ ਵਿਚ ਨਿਹਚਾ ਨਹੀਂ ਕੀਤੀ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜਗਤ ਤੁਹਾਡੇ ਨਾਲ ਵੈਰ ਨਹੀਂ ਕਰ ਸੱਕਦਾ ਪਰ ਮੇਰੇ ਨਾਲ ਵੈਰ ਕਰਦਾ ਹੈ ਕਿਉਂ ਜੋ ਮੈਂ ਉਸ ਉੱਤੇ ਸਾਖੀ ਦਿੰਦਾ ਹਾਂ ਭਈ ਉਹ ਦੇ ਕੰਮ ਬੁਰੇ ਹਨ।” (ਯੂਹੰਨਾ 7:7) ਸੱਚਾਈ ਉੱਤੇ ਸਾਖੀ ਦੇਣ ਕਰਕੇ ਉਸ ਉੱਤੇ ਕੌਮ ਦੇ ਲੀਡਰਾਂ ਦਾ ਕ੍ਰੋਧ ਭੜਕਿਆ ਜਿਸ ਕਰਕੇ ਉਸ ਨੂੰ ਜਾਨੋਂ ਮਾਰ ਦਿੱਤਾ ਗਿਆ। ਤਾਂ ਫਿਰ ਯਿਸੂ ਸੱਚ-ਮੁੱਚ ਇਕ ਸ਼ਹੀਦ ਯਾਨੀ “ਵਫ਼ਾਦਾਰ ਅਤੇ ਸੱਚਾ ਗਵਾਹ” ਸੀ।—ਪਰਕਾਸ਼ ਦੀ ਪੋਥੀ 3:14.

‘ਤੁਹਾਡੇ ਨਾਲ ਵੈਰ ਰੱਖਿਆ ਜਾਵੇਗਾ’

5. ਆਪਣੀ ਸੇਵਕਾਈ ਦੇ ਮੁੱਢ ਵਿਚ ਯਿਸੂ ਨੇ ਸਤਾਹਟ ਅਤੇ ਜ਼ੁਲਮ ਬਾਰੇ ਕੀ ਕਿਹਾ ਸੀ?

5 ਯਿਸੂ ਨੇ ਦੱਸਿਆ ਕਿ ਸਿਰਫ਼ ਉਸ ਨੂੰ ਹੀ ਨਹੀਂ, ਪਰ ਉਸ ਦੇ ਪੈਰੋਕਾਰਾਂ ਨੂੰ ਵੀ ਸਤਾਇਆ ਜਾਵੇਗਾ। ਆਪਣੀ ਸੇਵਕਾਈ ਦੇ ਮੁੱਢ ਵਿਚ ਉਸ ਨੇ ਮਸ਼ਹੂਰ ਪਹਾੜੀ ਉਪਦੇਸ਼ ਵਿਚ ਆਪਣੇ ਸੁਣਨ ਵਾਲਿਆਂ ਨੂੰ ਕਿਹਾ: “ਧੰਨ ਓਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ ਕਿਉਂ ਜੋ ਸੁਰਗ ਦਾ ਰਾਜ ਉਨ੍ਹਾਂ ਦਾ ਹੈ। ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ। ਅਨੰਦ ਹੋਵੋ ਅਤੇ ਖ਼ੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ।”—ਮੱਤੀ 5:10-12.

6. ਯਿਸੂ ਨੇ 12 ਰਸੂਲਾਂ ਨੂੰ ਪ੍ਰਚਾਰ ਦੇ ਕੰਮ ਤੇ ਭੇਜਦੇ ਹੋਏ ਕਿਹੜੀ ਚੇਤਾਵਨੀ ਦਿੱਤੀ ਸੀ?

6 ਬਾਅਦ ਵਿਚ ਜਦੋਂ ਯਿਸੂ ਨੇ 12 ਰਸੂਲਾਂ ਨੂੰ ਪ੍ਰਚਾਰ ਕਰਨ ਲਈ ਭੇਜਿਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਪਰ ਮਨੁੱਖਾਂ ਤੋਂ ਚੌਕਸ ਰਹੋ ਕਿਉਂ ਜੋ ਓਹ ਤੁਹਾਨੂੰ ਮਜਲਿਸਾਂ ਦੇ ਹਵਾਲੇ ਕਰਨਗੇ ਅਤੇ ਆਪਣੀਆਂ ਸਮਾਜਾਂ ਵਿੱਚ ਤੁਹਾਨੂੰ ਕੋਰੜੇ ਮਾਰਨਗੇ। ਅਤੇ ਤੁਸੀਂ ਮੇਰੇ ਕਾਰਨ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਹਾਜਰ ਕੀਤੇ ਜਾਓਗੇ ਜੋ ਉਨ੍ਹਾਂ ਉੱਤੇ ਅਰ ਪਰਾਈਆਂ ਕੌਮਾਂ ਉੱਤੇ ਸਾਖੀ ਹੋਵੇ।” ਪਰ, ਯਿਸੂ ਨੇ ਦੱਸਿਆ ਕਿ ਸਿਰਫ਼ ਧਾਰਮਿਕ ਆਗੂ ਹੀ ਚੇਲਿਆਂ ਨੂੰ ਨਹੀਂ ਸਤਾਉਣਗੇ। ਉਸ ਨੇ ਦੱਸਿਆ: “ਭਾਈ ਭਾਈ ਨੂੰ ਅਤੇ ਪਿਉ ਪੁੱਤ੍ਰ ਨੂੰ ਮੌਤ ਲਈ ਫੜਵਾਏਗਾ ਅਤੇ ਬਾਲਕ ਆਪਣੇ ਮਾਪਿਆਂ ਦੇ ਵਿਰੁੱਧ ਉੱਠ ਖੜੇ ਹੋਣਗੇ ਅਤੇ ਉਨ੍ਹਾਂ ਨੂੰ ਮਰਵਾ ਸੁੱਟਣਗੇ। ਅਤੇ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਮੱਤੀ 10:17, 18, 21, 22) ਪਹਿਲੀ ਸਦੀ ਦੇ ਮਸੀਹੀਆਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਅਤੇ ਇਸ ਨੂੰ ਸੱਚ ਸਾਬਤ ਕਰਦਾ ਹੈ।

ਵਫ਼ਾਦਾਰੀ ਅਤੇ ਧੀਰਜ ਦਾ ਰਿਕਾਰਡ

7. ਇਸਤੀਫ਼ਾਨ ਕਿਉਂ ਸ਼ਹੀਦ ਹੋਇਆ ਸੀ?

7 ਯਿਸੂ ਦੇ ਮਰਨ ਤੋਂ ਬਾਅਦ ਇਸਤੀਫ਼ਾਨ ਪਹਿਲਾ ਮਸੀਹੀ ਸੀ ਜੋ ਸੱਚਾਈ ਉੱਤੇ ਸਾਖੀ ਦੇਣ ਕਰਕੇ ਮਾਰਿਆ ਗਿਆ। ਉਹ “ਕਿਰਪਾ ਅਰ ਸ਼ਕਤੀ ਨਾਲ ਭਰਪੂਰ ਹੋ ਕੇ ਵੱਡੇ ਅਚੰਭੇ ਅਤੇ ਨਿਸ਼ਾਨ ਲੋਕਾਂ ਦੇ ਵਿੱਚ ਕਰਦਾ ਸੀ।” ਉਸ ਦੇ ਵਿਰੋਧੀ “ਉਸ ਬੁੱਧ ਅਰ ਆਤਮਾ ਦਾ ਜਿਹ ਦੇ ਨਾਲ ਉਹ ਗੱਲਾਂ ਕਰਦਾ ਸੀ ਸਾਹਮਣਾ ਨਾ ਕਰ ਸੱਕੇ।” (ਰਸੂਲਾਂ ਦੇ ਕਰਤੱਬ 6:8, 10) ਈਰਖਾ ਨਾਲ ਭਰੇ ਉਹ ਲੋਕ ਉਸ ਨੂੰ ਯਹੂਦੀ ਮਹਾਸਭਾ ਦੇ ਸਾਮ੍ਹਣੇ ਘੜੀਸ ਕੇ ਲੈ ਗਏ। ਝੂਠਾ ਦੋਸ਼ ਲਾਉਣ ਵਾਲਿਆਂ ਤੋਂ ਨਿਡਰ ਹੋ ਕੇ ਇਸਤੀਫ਼ਾਨ ਨੇ ਸੱਚਾਈ ਉੱਤੇ ਪੂਰੀ ਹਿੰਮਤ ਨਾਲ ਸਾਖੀ ਦਿੱਤੀ। ਅਖ਼ੀਰ ਵਿਚ ਉਸ ਦੇ ਵਿਰੋਧੀਆਂ ਨੇ ਪੱਥਰ ਮਾਰ-ਮਾਰ ਕੇ ਉਸ ਦਾ ਕਤਲ ਕਰ ਦਿੱਤਾ।—ਰਸੂਲਾਂ ਦੇ ਕਰਤੱਬ 7:59, 60.

8. ਯਰੂਸ਼ਲਮ ਵਿਚ ਮਸੀਹੀਆਂ ਉੱਤੇ ਹੋਏ ਜ਼ੁਲਮ ਦਾ ਕੀ ਅਸਰ ਪਿਆ?

8 ਇਸਤੀਫ਼ਾਨ ਦੀ ਮੌਤ ਤੋਂ ਬਾਅਦ, “ਕਲੀਸਿਯਾ ਉੱਤੇ ਜੋ ਯਰੂਸ਼ਲਮ ਵਿੱਚ ਸੀ ਵੱਡਾ ਕਸ਼ਟ ਹੋਣ ਲੱਗਾ ਅਤੇ ਰਸੂਲਾਂ ਤੋਂ ਬਿਨਾ ਓਹ ਸਭ ਯਹੂਦਿਯਾ ਅਰ ਸਾਮਰਿਯਾ ਦੇ ਦੇਸਾਂ ਵਿੱਚ ਖਿੰਡ ਗਏ।” (ਰਸੂਲਾਂ ਦੇ ਕਰਤੱਬ 8:1) ਪਰ ਕੀ ਇਸ ਕਸ਼ਟ ਨੇ ਮਸੀਹੀਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਅਤੇ ਗਵਾਹੀ ਦੇਣ ਤੋਂ ਰੋਕਿਆ? ਬਿਲਕੁਲ ਨਹੀਂ! ਇਸ ਦੀ ਬਜਾਇ ਅਗਲਾ ਹਵਾਲਾ ਦੱਸਦਾ ਹੈ: “ਜਿਹੜੇ ਖਿੰਡ ਗਏ ਸਨ ਬਚਨ ਦੀ ਖੁਸ਼ ਖਬਰੀ ਸੁਣਾਉਂਦੇ ਫਿਰੇ।” (ਰਸੂਲਾਂ ਦੇ ਕਰਤੱਬ 8:4) ਉਨ੍ਹਾਂ ਨੇ ਪਤਰਸ ਰਸੂਲ ਵਾਂਗ ਮਹਿਸੂਸ ਕੀਤਾ ਹੋਣਾ ਜਿਸ ਨੇ ਕਿਹਾ ਸੀ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।” (ਰਸੂਲਾਂ ਦੇ ਕਰਤੱਬ 5:29) ਜ਼ੁਲਮ ਦੇ ਬਾਵਜੂਦ ਇਹ ਵਫ਼ਾਦਾਰ ਮਸੀਹੀ ਦਲੇਰੀ ਨਾਲ ਪਰਮੇਸ਼ੁਰ ਦੇ ਕੰਮ ਵਿਚ ਲੱਗੇ ਰਹੇ ਭਾਵੇਂ ਉਹ ਜਾਣਦੇ ਸਨ ਕਿ ਗਵਾਹੀ ਦੇਣ ਦੇ ਕੰਮ ਕਰਕੇ ਉਨ੍ਹਾਂ ਤੇ ਹੋਰ ਵੀ ਦੁੱਖ-ਤਕਲੀਫ਼ ਆਵੇਗੀ।—ਰਸੂਲਾਂ ਦੇ ਕਰਤੱਬ 11:19-21.

9. ਮਸੀਹੀਆਂ ਨੇ ਕਿਸ ਤਰ੍ਹਾਂ ਦੇ ਜ਼ੁਲਮ ਸਹੇ?

9 ਭੈਣਾਂ-ਭਰਾਵਾਂ ਤੇ ਬਹੁਤ ਦੁੱਖ-ਤਕਲੀਫ਼ਾਂ ਆਈਆਂ। ਰਸੂਲਾਂ ਦੇ ਕਰਤੱਬ ਵਿਚ ਅਸੀਂ ਸੌਲੁਸ ਬਾਰੇ ਪੜ੍ਹਦੇ ਹਾਂ ਕਿ ਉਹ ਇਸਤੀਫ਼ਾਨ ਦੇ ਕਤਲ ਕਰਕੇ ਖ਼ੁਸ਼ ਸੀ। ਉਸ ਬਾਰੇ ਲਿਖਿਆ ਹੈ ਕਿ ਉਹ ‘ਅਜੇ ਪ੍ਰਭੁ ਦੇ ਚੇਲਿਆਂ ਦੇ ਦਬਕਾਉਣ ਅਤੇ ਕਤਲ ਕਰਨ ਤੇ ਦਮ ਮਾਰਦਾ ਹੋਇਆ ਸਰਦਾਰ ਜਾਜਕ ਦੇ ਕੋਲ ਗਿਆ ਅਤੇ ਉਸ ਕੋਲੋਂ ਦੰਮਿਸਕ ਦੀਆਂ ਸਮਾਜਾਂ ਦੇ ਨਾਉਂ ਇਸ ਪਰਕਾਰ ਦੀਆਂ ਚਿੱਠੀਆਂ ਮੰਗੀਆਂ ਭਈ ਜੋ ਇਸ ਪੰਥ ਦੇ ਉਸ ਨੂੰ ਮਿਲਣ ਭਾਵੇਂ ਮਨੁੱਖ ਭਾਵੇਂ ਤੀਵੀਂ ਤਾਂ ਓਹਨਾਂ ਨੂੰ ਬੱਧੇ ਹੋਏ ਯਰੂਸ਼ਲਮ ਵਿੱਚ ਲਿਆਵੇ।’ (ਰਸੂਲਾਂ ਦੇ ਕਰਤੱਬ 9:1, 2) ਇਸ ਤੋਂ ਕੁਝ ਸਮੇਂ ਬਾਅਦ ਤਕਰੀਬਨ 44 ਸਾ.ਯੁ. ਵਿਚ “ਰਾਜਾ ਹੇਰੋਦੇਸ ਨੇ ਕਲੀਸਿਯਾ ਦੇ ਵਿੱਚ ਕਈ ਲੋਕਾਂ ਨੂੰ ਦੁੱਖ ਦੇਣ ਲਈ ਹੱਥ ਚੁੱਕਿਆ ਅਤੇ ਉਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਵੱਢ ਸੁੱਟਿਆ।”—ਰਸੂਲਾਂ ਦੇ ਕਰਤੱਬ 12:1, 2.

10. ਰਸੂਲਾਂ ਦੇ ਕਰਤੱਬ ਅਤੇ ਪਰਕਾਸ਼ ਦੀ ਪੋਥੀ ਵਿਚ ਕਿਸ ਤਰ੍ਹਾਂ ਦੇ ਜ਼ੁਲਮਾਂ ਦਾ ਰਿਕਾਰਡ ਦਿੱਤਾ ਗਿਆ ਹੈ?

10 ਰਸੂਲਾਂ ਦੇ ਕਰਤੱਬ ਦੇ ਬਾਕੀ ਹਿੱਸੇ ਵਿਚ ਅਸੀਂ ਵਫ਼ਾਦਾਰ ਮਸੀਹੀਆਂ ਦੀਆਂ ਅਜ਼ਮਾਇਸ਼ਾਂ, ਕੈਦਾਂ ਅਤੇ ਮਾਰ-ਕੁੱਟ ਬਾਰੇ ਪੜ੍ਹਦੇ ਹਾਂ। ਪੌਲੁਸ, ਜਿਹੜਾ ਕਿਸੇ ਸਮੇਂ ਤੇ ਕਲੀਸਿਯਾ ਨੂੰ ਸਤਾਉਂਦਾ ਹੁੰਦਾ ਸੀ, ਉਹ ਵੀ ਬਦਲ ਕੇ ਇਕ ਵਫ਼ਾਦਾਰ ਮਸੀਹੀ ਬਣ ਗਿਆ। ਲੱਗਦਾ ਹੈ ਕਿ ਉਸ ਨੂੰ ਤਕਰੀਬਨ 65 ਸਾ.ਯੁ. ਵਿਚ ਰੋਮੀ ਸਮਰਾਟ ਨੀਰੋ ਦੇ ਹੁਕਮ ਤੇ ਸ਼ਹੀਦ ਕੀਤਾ ਗਿਆ ਸੀ। (2 ਕੁਰਿੰਥੀਆਂ 11:23-27; 2 ਤਿਮੋਥਿਉਸ 4:6-8) ਅਖ਼ੀਰ, ਪਹਿਲੀ ਸਦੀ ਦੇ ਅਖ਼ੀਰ ਵਿਚ ਲਿਖੀ ਗਈ ਪਰਕਾਸ਼ ਦੀ ਪੋਥੀ ਵਿਚ ਅਸੀਂ ਬਿਰਧ ਯੂਹੰਨਾ ਰਸੂਲ ਬਾਰੇ ਪੜ੍ਹਦੇ ਹਾਂ ਜਿਸ ਨੂੰ “ਪਰਮੇਸ਼ੁਰ ਦੇ ਬਚਨ ਅਤੇ ਯਿਸੂ ਦੀ ਸਾਖੀ ਦੇ ਕਾਰਨ” ਪਾਤਮੁਸ ਟਾਪੂ ਤੇ ਕੈਦ ਕੀਤਾ ਗਿਆ ਸੀ। ਇਸੇ ਪੋਥੀ ਵਿਚ ਅਸੀਂ ‘ਇਕ ਗਵਾਹ ਅਤੇ ਮਾਤਬਰ ਜਨ ਅੰਤਿਪਾਸ’ ਬਾਰੇ ਪੜ੍ਹਦੇ ਹਾਂ ਜੋ ਪਰਗਮੁਮ ਸ਼ਹਿਰ “ਮਾਰਿਆ ਗਿਆ” ਸੀ।—ਪਰਕਾਸ਼ ਦੀ ਪੋਥੀ 1:9; 2:13.

11. ਸਤਾਹਟ ਬਾਰੇ ਯਿਸੂ ਦੇ ਸ਼ਬਦ ਮੁਢਲੇ ਮਸੀਹੀਆਂ ਦੇ ਸੰਬੰਧ ਵਿਚ ਕਿਵੇਂ ਪੂਰੇ ਹੋਏ ਸਨ?

11 ਇਹ ਸਾਰੀਆਂ ਗੱਲਾਂ ਨੇ ਯਿਸੂ ਦੇ ਅਗਲੇ ਸ਼ਬਦਾਂ ਨੂੰ ਸੱਚ ਸਾਬਤ ਕੀਤਾ: “ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਓਹ ਤੁਹਾਨੂੰ ਵੀ ਸਤਾਉਣਗੇ।” (ਯੂਹੰਨਾ 15:20) ਵਫ਼ਾਦਾਰ ਮਸੀਹੀਆਂ ਨੂੰ ਤਸੀਹੇ ਦੇ-ਦੇ ਕੇ, ਵਹਿਸ਼ੀ ਜਾਨਵਰਾਂ ਅੱਗੇ ਸੁੱਟ ਕੇ ਜਾਂ ਹੋਰ ਤਰੀਕਿਆਂ ਨਾਲ ਮੌਤ ਦੇ ਘਾਟ ਉਤਾਰਿਆ ਗਿਆ। ਪਰ ਉਹ ਮੌਤ ਦਾ ਸਾਮ੍ਹਣਾ ਵੀ ਕਰਨ ਲਈ ਤਿਆਰ ਸਨ ਤਾਂਕਿ ਉਹ ਯਿਸੂ ਦੇ ਸ਼ਬਦਾਂ ਨੂੰ ਪੂਰਾ ਕਰ ਸਕਣ: “[ਤੁਸੀਂ ] ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।”—ਰਸੂਲਾਂ ਦੇ ਕਰਤੱਬ 1:8.

12. ਕੀ ਮਸੀਹੀਆਂ ਦਾ ਸਤਾਇਆ ਜਾਣਾ ਸਿਰਫ਼ ਪੁਰਾਣੇ ਦਿਨਾਂ ਦੀ ਗੱਲ ਹੈ?

12 ਜੇ ਕੋਈ ਸੋਚਦਾ ਹੈ ਕਿ ਅੱਜ-ਕੱਲ੍ਹ ਮਸੀਹੀਆਂ ਨੂੰ ਇਸ ਤਰ੍ਹਾਂ ਨਹੀਂ ਸਤਾਇਆ ਜਾਂਦਾ, ਤਾਂ ਇਹ ਉਸ ਦੀ ਗ਼ਲਤਫ਼ਹਿਮੀ ਹੈ। ਅਸੀਂ ਦੇਖਿਆ ਹੈ ਕਿ ਪੌਲੁਸ ਨੇ ਕਾਫ਼ੀ ਦੁੱਖਾਂ ਦਾ ਸਾਮ੍ਹਣਾ ਕੀਤਾ ਸੀ ਅਤੇ ਉਸ ਨੇ ਲਿਖਿਆ: “ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।” (2 ਤਿਮੋਥਿਉਸ 3:12) ਜ਼ੁਲਮ ਬਾਰੇ ਪਤਰਸ ਨੇ ਕਿਹਾ ਸੀ: “ਤੁਸੀਂ ਇਸੇ ਕਾਰਨ ਸੱਦੇ ਗਏ ਇਸ ਲਈ ਜੋ ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।” (1 ਪਤਰਸ 2:21) ਉਸ ਸਮੇਂ ਤੋਂ ਲੈ ਕੇ ਅੱਜ “ਅੰਤ ਦਿਆਂ ਦਿਨਾਂ” ਤਕ, ਯਹੋਵਾਹ ਦੇ ਲੋਕ ਨਫ਼ਰਤ ਅਤੇ ਦੁਸ਼ਮਣੀ ਦਾ ਨਿਸ਼ਾਨਾ ਬਣੇ ਹਨ। (2 ਤਿਮੋਥਿਉਸ 3:1) ਧਰਤੀ ਦੇ ਹਰ ਕੋਨੇ ਵਿਚ ਕਿਸੇ-ਨ-ਕਿਸੇ ਸਮੇਂ ਹਰ ਤਰ੍ਹਾਂ ਦੀ ਸਰਕਾਰ ਦੇ ਹੱਥੀਂ ਯਹੋਵਾਹ ਦੇ ਗਵਾਹਾਂ ਨੇ ਸਮੂਹ ਵਜੋਂ ਅਤੇ ਇਕੱਲੇ-ਇਕੱਲੇ ਨੇ ਜ਼ੁਲਮ ਦਾ ਸਾਮ੍ਹਣਾ ਕੀਤਾ ਹੈ।

ਉਨ੍ਹਾਂ ਨਾਲ ਇੰਨਾ ਵੈਰ ਕਿਉਂ ਕੀਤਾ ਜਾਂਦਾ ਹੈ?

13. ਸਤਾਹਟ ਦੇ ਸੰਬੰਧ ਵਿਚ, ਅੱਜ ਯਹੋਵਾਹ ਦੇ ਸੇਵਕਾਂ ਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

13 ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਵਿੱਚੋਂ ਜ਼ਿਆਦਾਤਰ ਮਸੀਹੀ ਪ੍ਰਚਾਰ ਕਰਨ ਤੇ ਸਭਾਵਾਂ ਵਿਚ ਜਾਣ ਲਈ ਆਜ਼ਾਦ ਹਨ। ਲੋਕਾਂ ਵਿਚ ਸਾਡੀ ਨੇਕਨਾਮੀ ਹੈ ਕਿਉਂਕਿ ਅਸੀਂ ਨਾ ਤਾਂ ਲੜਾਈ-ਝਗੜਾ ਪਸੰਦ ਕਰਦੇ ਹਾਂ ਅਤੇ ਨਾ ਹੀ ਦੇਸ਼ ਦੇ ਕਿਸੇ ਕਾਨੂੰਨ ਦੀ ਉਲੰਘਣਾ ਕਰਦੇ ਹਾਂ। ਪਰ ਫਿਰ ਵੀ ਬਾਈਬਲ ਸਾਨੂੰ ਯਾਦ ਕਰਾਉਂਦੀ ਹੈ: “ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ।” (1 ਕੁਰਿੰਥੀਆਂ 7:31) ਹਾਲਾਤ ਝੱਟ ਬਦਲ ਸਕਦੇ ਹਨ ਅਤੇ ਜੇ ਅਸੀਂ ਤਬਦੀਲੀਆਂ ਦਾ ਸਾਮ੍ਹਣਾ ਕਰਨ ਲਈ ਮਾਨਸਿਕ, ਜਜ਼ਬਾਤੀ ਅਤੇ ਰੂਹਾਨੀ ਤੌਰ ਤੇ ਤਿਆਰ ਨਹੀਂ ਹਾਂ, ਤਾਂ ਅਸੀਂ ਠੋਕਰ ਖਾ ਸਕਦੇ ਹਾਂ। ਤਾਂ ਫਿਰ ਅਸੀਂ ਆਪਣੀ ਰਾਖੀ ਕਰਨ ਲਈ ਕੀ ਕਰ ਸਕਦੇ ਹਾਂ? ਇਕ ਵਧੀਆ ਤਰੀਕਾ ਹੈ ਇਹ ਯਾਦ ਰੱਖਣਾ ਹੈ ਕਿ ਸਾਡੇ ਨਾਲ ਵੈਰ ਕਿਉਂ ਕੀਤਾ ਜਾਂਦਾ ਹੈ।

14. ਪਤਰਸ ਨੇ ਮਸੀਹੀਆਂ ਦੇ ਸਤਾਏ ਜਾਣ ਦਾ ਕਿਹੜਾ ਕਾਰਨ ਦਿੱਤਾ ਸੀ?

14 ਪਤਰਸ ਰਸੂਲ ਨੇ ਲਗਭਗ 62-64 ਸਾ.ਯੁ. ਵਿਚ ਲਿਖੀ ਆਪਣੀ ਪਹਿਲੀ ਪੱਤਰੀ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਸੀ। ਉਸ ਵੇਲੇ ਸਾਰੇ ਰੋਮੀ ਸਾਮਰਾਜ ਵਿਚ ਮਸੀਹੀਆਂ ਨੂੰ ਸਤਾਇਆ ਜਾ ਰਿਹਾ ਸੀ। ਉਸ ਨੇ ਕਿਹਾ: “ਹੇ ਪਿਆਰਿਓ, ਜਿਹੜੀ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ ਉਹ ਨੂੰ ਅਚਰਜ ਨਾ ਮੰਨੋ ਭਈ ਜਿੱਕੁਰ ਤੁਹਾਡੇ ਨਾਲ ਕੋਈ ਅਣੋਖੀ ਗੱਲ ਪਈ ਬੀਤਦੀ ਹੈ।” ਆਪਣੀ ਗੱਲ ਹੋਰ ਚੰਗੀ ਤਰ੍ਹਾਂ ਸਮਝਾਉਣ ਲਈ ਉਸ ਨੇ ਅੱਗੇ ਕਿਹਾ: “ਐਉਂ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਖੂਨੀ ਯਾ ਚੋਰ ਯਾ ਬੁਰਿਆਰ ਯਾ ਹੋਰਨਾਂ ਦੇ ਕੰਮ ਵਿੱਚ ਲੱਤ ਅੜਾਉਣ ਵਾਲਾ ਹੋ ਕੇ ਦੁਖ ਪਾਵੇ! ਪਰ ਜੇ ਕੋਈ ਮਸੀਹੀ ਹੋਣ ਕਰਕੇ ਦੁਖ ਪਾਵੇ ਤਾਂ ਲੱਜਿਆਵਾਨ ਨਾ ਹੋਵੇ ਸਗੋਂ ਇਸ ਨਾਮ ਦੇ ਕਾਰਨ ਪਰਮੇਸ਼ੁਰ ਦੀ ਵਡਿਆਈ ਕਰੇ।” ਪਤਰਸ ਇਹ ਕਹਿ ਰਿਹਾ ਸੀ ਕਿ ਉਹ ਕਿਸੇ ਗ਼ਲਤੀ ਕਰਕੇ ਨਹੀਂ, ਸਗੋਂ ਮਸੀਹੀ ਹੋਣ ਕਰਕੇ ਦੁੱਖ ਸਹਿ ਰਹੇ ਸਨ। ਜੇ ਉਹ ਆਲੇ-ਦੁਆਲੇ ਦੇ ਲੋਕਾਂ ਵਾਂਗ “ਅੱਤ ਬਦਚਲਣੀ ਵਿੱਚ” ਚੱਲਦੇ, ਤਾਂ ਦੁਨੀਆਂ ਨੇ ਉਨ੍ਹਾਂ ਦਾ ਸੁਆਗਤ ਕਰਨਾ ਸੀ। ਪਰ ਕਿਉਂ ਜੋ ਉਹ ਮਸੀਹ ਦੀ ਪੈਰਵੀ ਕਰ ਰਹੇ ਸਨ ਇਸ ਲਈ ਉਨ੍ਹਾਂ ਨੇ ਕਸ਼ਟ ਭੋਗਿਆ। ਅੱਜ ਵੀ ਸੱਚੇ ਮਸੀਹੀਆਂ ਨੂੰ ਇਸੇ ਤਰ੍ਹਾਂ ਸਤਾਇਆ ਜਾਂਦਾ ਹੈ।—1 ਪਤਰਸ 4:4, 12, 15, 16.

15. ਅੱਜ ਵੱਖੋ-ਵੱਖਰੀਆਂ ਥਾਂਵਾਂ ਤੇ ਯਹੋਵਾਹ ਦੇ ਗਵਾਹਾਂ ਨਾਲ ਕਿਉਂ ਵੱਖੋ-ਵੱਖਰੇ ਤਰੀਕੇ ਨਾਲ ਸਲੂਕ ਕੀਤਾ ਜਾਂਦਾ ਹੈ?

15 ਯਹੋਵਾਹ ਦੇ ਗਵਾਹਾਂ ਨੂੰ ਕਈ ਮੌਕਿਆਂ ਤੇ ਇਕ-ਦੂਜੇ ਨਾਲ ਰਲ-ਮਿਲ ਕੇ ਕੰਮ ਕਰਨ ਦੀ ਲੋੜ ਪੈਂਦੀ ਹੈ ਜਿਵੇਂ ਕਿ ਆਪਣੀਆਂ ਸੰਮੇਲਨਾਂ ਵਿਚ ਜਾਂ ਇਮਾਰਤਾਂ ਉਸਾਰਨ ਦੇ ਕੰਮ ਵਿਚ। ਦੁਨੀਆਂ ਭਰ ਵਿਚ ਕਈਆਂ ਨੇ ਉਨ੍ਹਾਂ ਦੀ ਏਕਤਾ ਅਤੇ ਕੰਮ ਕਰਨ ਦੇ ਵਧੀਆ ਤਰੀਕੇ ਦੀ ਤਾਰੀਫ਼ ਕੀਤੀ ਹੈ। ਲੋਕ ਮੰਨਦੇ ਹਨ ਕਿ ਗਵਾਹ ਈਮਾਨਦਾਰ ਤੇ ਮਿਹਨਤੀ ਲੋਕ ਹਨ, ਉਹ ਉੱਚੇ ਮਿਆਰਾਂ ਵਾਲੇ ਹਨ ਅਤੇ ਉਹ ਪਰਿਵਾਰਕ ਜੀਵਨ ਨੂੰ ਬੜਾ ਕੀਮਤੀ ਸਮਝਦੇ ਹਨ। ਉਨ੍ਹਾਂ ਬਾਰੇ ਇਹ ਵੀ ਕਿਹਾ ਗਿਆ ਹੈ ਕਿ ਉਹ ਹਮੇਸ਼ਾ ਸਾਫ਼-ਸੁਥਰੇ ਨਜ਼ਰ ਆਉਂਦੇ ਹਨ। * ਦੂਸਰੇ ਪਾਸੇ, ਇਸ ਲੇਖ ਦੇ ਲਿਖੇ ਜਾਣ ਦੌਰਾਨ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਘੱਟੋ-ਘੱਟ 28 ਦੇਸ਼ਾਂ ਵਿਚ ਪਾਬੰਦੀ ਲੱਗੀ ਹੋਈ ਸੀ। ਕਈ ਦੇਸ਼ਾਂ ਵਿਚ ਗਵਾਹਾਂ ਨੂੰ ਉਨ੍ਹਾਂ ਦੇ ਧਰਮ ਕਰਕੇ ਕੁੱਟਿਆ-ਮਾਰਿਆ ਅਤੇ ਲੁੱਟਿਆ ਵੀ ਜਾਂਦਾ ਹੈ। ਤਾਂ ਫਿਰ ਇਹ ਕਿਉਂ ਹੈ ਕਿ ਇਕ ਪਾਸੇ ਗਵਾਹਾਂ ਦੀ ਤਾਰੀਫ਼ ਕੀਤੀ ਜਾਂਦੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਨਾਲ ਵੈਰ ਕੀਤਾ ਜਾਂਦਾ ਹੈ? ਦੂਸਰਾ ਸਵਾਲ ਹੈ ਕਿ ਪਰਮੇਸ਼ੁਰ ਉਨ੍ਹਾਂ ਤੇ ਜ਼ੁਲਮ ਕਿਉਂ ਹੋਣ ਦਿੰਦਾ ਹੈ?

16. ਪਰਮੇਸ਼ੁਰ ਆਪਣੇ ਸੇਵਕਾਂ ਤੇ ਕਿਸ ਖ਼ਾਸ ਕਾਰਨ ਕਰਕੇ ਦੁੱਖ ਆਉਣ ਦਿੰਦਾ ਹੈ?

16 ਸਭ ਤੋਂ ਪਹਿਲੀ ਗੱਲ, ਸਾਨੂੰ ਕਹਾਉਤਾਂ 27:11 ਦੇ ਸ਼ਬਦ ਯਾਦ ਰੱਖਣੇ ਚਾਹੀਦੇ ਹਨ: “ਹੇ ਮੇਰੇ ਪੁੱਤ੍ਰ , ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।” ਜੀ ਹਾਂ, ਯਹੋਵਾਹ ਆਪਣੀ ਹਕੂਮਤ ਦੇ ਵਾਦ-ਵਿਸ਼ੇ ਕਰਕੇ ਇਨ੍ਹਾਂ ਹਾਲਤਾਂ ਨੂੰ ਇਜਾਜ਼ਤ ਦਿੰਦਾ ਹੈ ਜਿਸ ਨੂੰ ਸ਼ਤਾਨ ਨੇ ਖੜ੍ਹਾ ਕੀਤਾ ਸੀ। ਸਦੀਆਂ ਦੌਰਾਨ ਢੇਰ ਸਾਰਾ ਸਬੂਤ ਜਮ੍ਹਾ ਹੋ ਗਿਆ ਹੈ ਕਿ ਯਹੋਵਾਹ ਦੇ ਸੇਵਕ ਹਰ ਹਾਲਤ ਵਿਚ ਵਫ਼ਾਦਾਰ ਰਹਿੰਦੇ ਹਨ। ਪਰ ਫਿਰ ਵੀ ਸ਼ਤਾਨ ਜਿਵੇਂ ਅੱਯੂਬ ਦੇ ਦਿਨਾਂ ਵਿਚ ਯਹੋਵਾਹ ਨੂੰ ਮਿਹਣੇ ਮਾਰਦਾ ਸੀ, ਅੱਜ ਵੀ ਉਹ ਮਿਹਣੇ ਮਾਰਨ ਤੋਂ ਨਹੀਂ ਹਟਿਆ ਹੈ। (ਅੱਯੂਬ 1:9-11; 2:4, 5) ਪਰਮੇਸ਼ੁਰ ਦਾ ਰਾਜ ਸਥਾਪਿਤ ਹੋ ਚੁੱਕਾ ਹੈ ਅਤੇ ਇਸ ਅਧੀਨ ਵਫ਼ਾਦਾਰ ਲੋਕਾਂ ਦੀ ਗਿਣਤੀ ਦੁਨੀਆਂ ਭਰ ਵਿਚ ਵਧਦੀ ਜਾ ਰਹੀ ਹੈ। ਇਸ ਕਰਕੇ ਸ਼ਤਾਨ ਆਪਣੇ ਦਾਅਵੇ ਨੂੰ ਸੱਚ ਸਾਬਤ ਕਰਨ ਲਈ ਆਪਣਾ ਪੂਰਾ ਦਮ ਲਾ ਰਿਹਾ ਹੈ। ਤਾਂ ਫਿਰ ਉਹ ਲੋਕ ਜੋ ਹੁਣ ਪਰਮੇਸ਼ੁਰ ਦੇ ਰਾਜ ਅਧੀਨ ਹਨ, ਕੀ ਉਹ ਕਿਸੇ ਵੀ ਦੁੱਖ-ਤਕਲੀਫ਼ ਦੇ ਬਾਵਜੂਦ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣਗੇ? ਇਸ ਸਵਾਲ ਦਾ ਜਵਾਬ ਯਹੋਵਾਹ ਦਾ ਹਰ ਇਕ ਸੇਵਕ ਆਪ ਹੀ ਦੇ ਸਕਦਾ ਹੈ।—ਪਰਕਾਸ਼ ਦੀ ਪੋਥੀ 12:12, 17.

17. ਯਿਸੂ ਦੇ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਸੀ, “ਇਹ ਤੁਹਾਡੇ ਉੱਤੇ ਗਵਾਹੀ ਦੇ ਲਈ ਬੀਤੇਗਾ।”?

17 ਜਦ ਯਿਸੂ ਆਪਣੇ ਸੇਵਕਾਂ ਨੂੰ ਇਸ “ਜੁਗ ਦੇ ਅੰਤ” ਦੇ ਲੱਛਣ ਬਾਰੇ ਦੱਸ ਰਿਹਾ ਸੀ, ਤਾਂ ਉਸ ਨੇ ਇਕ ਹੋਰ ਕਾਰਨ ਦੱਸਿਆ ਜਿਸ ਕਰਕੇ ਯਹੋਵਾਹ ਆਪਣੇ ਸੇਵਕਾਂ ਤੇ ਦੁੱਖ ਆਉਣ ਦਿੰਦਾ ਹੈ। ਉਸ ਨੇ ਉਨ੍ਹਾਂ ਨੂੰ ਦੱਸਿਆ: “[ਲੋਕ ਤੁਹਾਨੂੰ] ਮੇਰੇ ਨਾਮ ਦੇ ਕਾਰਨ ਰਾਜਿਆਂ ਅਰ ਹਾਕਮਾਂ ਦੇ ਸਾਮ੍ਹਣੇ ਲੈ ਜਾਣਗੇ। ਇਹ ਤੁਹਾਡੇ ਉੱਤੇ ਗਵਾਹੀ ਦੇ ਲਈ ਬੀਤੇਗਾ।” (ਮੱਤੀ 24:3, 9; ਲੂਕਾ 21:12, 13) ਯਿਸੂ ਨੇ ਆਪ ਹੇਰੋਦੇਸ ਤੇ ਪੁੰਤਿਯੁਸ ਪਿਲਾਤੁਸ ਨੂੰ ਸੱਚਾਈ ਬਾਰੇ ਗਵਾਹੀ ਦਿੱਤੀ ਸੀ। ਪੌਲੁਸ ਰਸੂਲ ਨੂੰ ਵੀ “ਰਾਜਿਆਂ ਅਰ ਹਾਕਮਾਂ” ਦੇ ਹਵਾਲੇ ਕੀਤਾ ਗਿਆ ਸੀ। ਯਿਸੂ ਮਸੀਹ ਦੇ ਨਿਰਦੇਸ਼ਨ ਅਧੀਨ ਪੌਲੁਸ ਨੇ ਸਭ ਤੋਂ ਉੱਚੇ ਹਾਕਮ ਨੂੰ ਗਵਾਹੀ ਦੇਣ ਦਾ ਮੌਕਾ ਲੱਭਿਆ। ਉਸ ਨੇ ਕਿਹਾ: “ਮੈਂ ਕੈਸਰ ਦੀ ਦੁਹਾਈ ਦਿੰਦਾ ਹਾਂ!” (ਰਸੂਲਾਂ ਦੇ ਕਰਤੱਬ 23:11; 25:8-12) ਇਸੇ ਤਰ੍ਹਾਂ, ਅੱਜ ਯਹੋਵਾਹ ਦੇ ਗਵਾਹ ਔਖਿਆਈਆਂ ਦੇ ਵਿਚ ਹੁੰਦੇ ਹੋਏ ਵੀ ਅਧਿਕਾਰੀਆਂ ਅਤੇ ਆਮ ਜਨਤਾ ਨੂੰ ਗਵਾਹੀ ਦੇ ਸਕੇ ਹਨ। *

18, 19. (ੳ) ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਨਾਲ ਸਾਨੂੰ ਕੀ ਫ਼ਾਇਦਾ ਹੋਵੇਗਾ? (ਅ) ਅਗਲੇ ਲੇਖ ਵਿਚ ਕਿਹੜੇ ਸਵਾਲਾਂ ਤੇ ਗੌਰ ਕੀਤਾ ਜਾਵੇਗਾ?

18 ਅਖ਼ੀਰ ਵਿਚ ਅਜ਼ਮਾਇਸ਼ਾਂ ਤੋਂ ਸਾਨੂੰ ਖ਼ੁਦ ਫ਼ਾਇਦਾ ਹੋ ਸਕਦਾ ਹੈ। ਇਹ ਕਿਸ ਤਰ੍ਹਾਂ? ਯਿਸੂ ਦੇ ਚੇਲੇ ਯਾਕੂਬ ਨੇ ਸੰਗੀ ਮਸੀਹੀਆਂ ਨੂੰ ਲਿਖਿਆ: “ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰਨ ਅਨੰਦ ਦੀ ਗੱਲ ਜਾਣੋ। ਕਿਉਂ ਜੋ ਤੁਸੀਂ ਜਾਣਦੇ ਹੋ ਭਈ ਤੁਹਾਡੀ ਨਿਹਚਾ ਦੀ ਪਰੀਖਿਆ ਧੀਰਜ ਬਣਾਉਂਦੀ ਹੈ।” ਜੀ ਹਾਂ, ਅਜ਼ਮਾਇਸ਼ਾਂ ਰਾਹੀਂ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਅਸੀਂ ਧੀਰਜ ਰੱਖਣਾ ਵੀ ਸਿੱਖਦੇ ਹਾਂ। ਇਸ ਲਈ ਅਸੀਂ ਅਜ਼ਮਾਇਸ਼ਾਂ ਤੋਂ ਡਰਦੇ ਨਹੀਂ ਹਾਂ ਅਤੇ ਨਾ ਹੀ ਅਸੀਂ ਇਨ੍ਹਾਂ ਤੋਂ ਬਚਣ ਲਈ ਆਪਣੇ ਮਸੀਹੀ ਮਿਆਰਾਂ ਦਾ ਸਮਝੌਤਾ ਕਰਦੇ ਹਾਂ। ਇਸ ਦੀ ਬਜਾਇ, ਅਸੀਂ ਯਾਕੂਬ ਦੀ ਅਗਲੀ ਸਲਾਹ ਨੂੰ ਲਾਗੂ ਕਰਦੇ ਹਾਂ: “ਧੀਰਜ ਦੇ ਕੰਮ ਨੂੰ ਪੂਰਿਆਂ ਹੋ ਲੈਣ ਦਿਓ ਭਈ ਤੁਸੀਂ ਸਿੱਧ ਅਤੇ ਸੰਪੂਰਨ ਹੋਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ।”—ਯਾਕੂਬ 1:2-4.

19 ਇਹ ਸੱਚ ਹੈ ਕਿ ਪਰਮੇਸ਼ੁਰ ਦੇ ਬਚਨ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਤੇ ਦੁੱਖ-ਤਕਲੀਫ਼ ਕਿਉਂ ਆਉਂਦੀ ਹੈ ਅਤੇ ਉਹ ਇਨ੍ਹਾਂ ਦੀ ਇਜਾਜ਼ਤ ਕਿਉਂ ਦਿੰਦਾ ਹੈ। ਪਰ ਫਿਰ ਵੀ ਇਸ ਦਾ ਇਹ ਮਤਲਬ ਨਹੀਂ ਹੈ ਕਿ ਇਨ੍ਹਾਂ ਦਾ ਸਾਮ੍ਹਣਾ ਕਰਨਾ ਕੋਈ ਸੌਖੀ ਗੱਲ ਹੈ। ਅਸੀਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਕਿਵੇਂ ਤਕੜੇ ਹੋ ਸਕਦੇ ਹਾਂ? ਅਸੀਂ ਉਦੋਂ ਕੀ ਕਰ ਸਕਦੇ ਹਾਂ ਜਦ ਸਾਨੂੰ ਸਤਾਇਆ ਜਾਂਦਾ ਹੈ? ਅਸੀਂ ਇਨ੍ਹਾਂ ਮਹੱਤਵਪੂਰਣ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਪਤਾ ਕਰਾਂਗੇ।

ਕੀ ਤੁਸੀਂ ਸਮਝਾ ਸਕਦੇ ਹੋ?

• ਯਿਸੂ ਨੂੰ ਖ਼ਾਸ ਕਰਕੇ ਕਿਸ ਭਾਵ ਵਿਚ ਸ਼ਹੀਦ ਕਿਹਾ ਜਾ ਸਕਦਾ ਹੈ?

• ਅਜ਼ਮਾਇਸ਼ਾਂ ਨੇ ਪਹਿਲੀ ਸਦੀ ਦੇ ਮਸੀਹੀਆਂ ਤੇ ਕਿਹੋ ਜਿਹਾ ਅਸਰ ਪਾਇਆ ਸੀ?

• ਪਤਰਸ ਦੇ ਅਨੁਸਾਰ ਮੁਢਲੇ ਮਸੀਹੀਆਂ ਨੂੰ ਕਿਉਂ ਸਤਾਇਆ ਗਿਆ ਸੀ?

• ਯਹੋਵਾਹ ਆਪਣੇ ਸੇਵਕਾਂ ਤੇ ਜ਼ੁਲਮ ਕਿਉਂ ਹੋਣ ਦਿੰਦਾ ਹੈ?

[ਸਵਾਲ]

[ਸਫ਼ਾ 10, 11 ਉੱਤੇ ਤਸਵੀਰਾਂ]

ਪਹਿਲੀ ਸਦੀ ਦੇ ਮਸੀਹੀ ਕਿਸੇ ਗ਼ਲਤੀ ਕਰਕੇ ਨਹੀਂ ਪਰ ਯਿਸੂ ਦੀ ਪੈਰਵੀ ਕਰਨ ਕਰਕੇ ਸਤਾਏ ਗਏ ਸਨ

ਪੌਲੁਸ

ਯਾਕੂਬ

ਯੂਹੰਨਾ

ਅੰਤਿਪਾਸ

ਇਸਤੀਫ਼ਾਨ

[ਫੁਟਨੋਟ]