Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਮੁਰਦਿਆਂ ਲਈ ਬਪਤਿਸਮਾ ਕੀ ਹੈ?

ਪੌਲੁਸ ਰਸੂਲ ਨੇ ਸਵਰਗੀ ਆਸ ਵਾਲੇ ਲੋਕਾਂ ਦੇ ਜੀ ਉਠਾਏ ਜਾਣ ਦੇ ਸੰਬੰਧ ਵਿਚ ਬੜੀ ਦਿਲਚਸਪ ਗੱਲ ਲਿਖੀ ਸੀ: “ਨਹੀਂ ਤਾਂ ਜਿਹੜੇ ਮੁਰਦਿਆਂ ਦੇ ਲਈ ਬਪਤਿਸਮਾ ਲੈਂਦੇ ਹਨ ਓਹ ਕੀ ਕਰਨਗੇ? ਜੇ ਮੁਰਦੇ ਮੂਲੋਂ ਜੀ ਨਹੀਂ ਉੱਠਦੇ ਤਾਂ ਉਨ੍ਹਾਂ ਦੇ ਲਈ ਓਹ ਕਾਹਨੂੰ ਬਪਤਿਸਮਾ ਲੈਂਦੇ ਹਨ?”—1 ਕੁਰਿੰਥੀਆਂ 15:29.

ਕੀ ਪੌਲੁਸ ਇੱਥੇ ਇਹ ਕਹਿ ਰਿਹਾ ਸੀ ਕਿ ਜੀਉਂਦੇ ਲੋਕਾਂ ਨੂੰ ਉਨ੍ਹਾਂ ਲਈ ਬਪਤਿਸਮਾ ਲੈਣਾ ਚਾਹੀਦਾ ਹੈ ਜੋ ਬਪਤਿਸਮਾ ਲਏ ਬਿਨਾਂ ਮਰ ਗਏ ਸਨ? ਸ਼ਾਇਦ ਪੰਜਾਬੀ ਦੀ ਪਵਿੱਤਰ ਬਾਈਬਲ ਅਤੇ ਬਾਈਬਲ ਦੇ ਹੋਰਨਾਂ ਤਰਜਮਿਆਂ ਤੋਂ ਇਸੇ ਤਰ੍ਹਾਂ ਲੱਗੇ। ਪਰ ਬਾਈਬਲ ਦੀਆਂ ਹੋਰ ਆਇਤਾਂ ਅਤੇ ਪੌਲੁਸ ਦੁਆਰਾ ਵਰਤੀ ਗਈ ਯੂਨਾਨੀ ਭਾਸ਼ਾ ਨੂੰ ਧਿਆਨ ਨਾਲ ਪਰਖਣ ਦੁਆਰਾ ਅਸੀਂ ਦੇਖ ਸਕਾਂਗੇ ਕਿ ਇਸ ਦਾ ਮਤਲਬ ਕੁਝ ਹੋਰ ਹੀ ਹੈ। ਪੌਲੁਸ ਦੇ ਕਹਿਣ ਦਾ ਭਾਵ ਇਹ ਸੀ ਕਿ ਮਸਹ ਕੀਤੇ ਹੋਏ ਮਸੀਹੀ ਅਜਿਹਾ ਜੀਵਨ-ਢੰਗ ਅਪਣਾਉਣ ਲਈ ਬਪਤਿਸਮਾ ਲੈਂਦੇ ਹਨ ਜਿਸ ਦੇ ਅੰਤ ਵਿਚ ਉਨ੍ਹਾਂ ਨੂੰ ਵੀ ਮਸੀਹ ਦੀ ਤਰ੍ਹਾਂ ਵਫ਼ਾਦਾਰੀ ਨਾਲ ਮਰਨਾ ਪਵੇਗਾ। ਫਿਰ ਉਸ ਵਾਂਗ ਉਹ ਵੀ ਸਵਰਗ ਵਿਚ ਜੀਉਣ ਲਈ ਜੀ ਉਠਾਏ ਜਾਣਗੇ।

ਬਾਈਬਲ ਦੀਆਂ ਹੋਰ ਆਇਤਾਂ ਤੋਂ ਵੀ ਇਹੀ ਗੱਲ ਸਮਝ ਆਉਂਦੀ ਹੈ। ਰੋਮੀਆਂ ਨੂੰ ਲਿਖਦੇ ਸਮੇਂ ਪੌਲੁਸ ਨੇ ਕਿਹਾ: “[ਕੀ] ਤੁਸੀਂ ਇਸ ਗੱਲ ਤੋਂ ਅਣਜਾਣ ਹੋ ਭਈ ਸਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਯਿਸੂ ਦਾ ਬਪਤਿਸਮਾ ਲਿਆ ਉਹ ਦੀ ਮੌਤ ਦਾ ਬਪਤਿਸਮਾ ਲਿਆ?” (ਰੋਮੀਆਂ 6:3) ਫ਼ਿਲਿੱਪੀਆਂ ਨੂੰ ਚਿੱਠੀ ਵਿਚ ਆਪਣੇ ਬਾਰੇ ਲਿਖਦੇ ਹੋਏ ਪੌਲੁਸ ਨੇ ‘ਮਸੀਹ ਦਿਆਂ ਦੁਖਾਂ ਦੀ ਸਾਂਝ ਨੂੰ ਜਾਣਨ ਅਤੇ ਉਹ ਦੀ ਮੌਤ ਦੇ ਸਰੂਪ ਨਾਲ ਮਿਲਣ’ ਦੀ ਗੱਲ ਕਹੀ ਸੀ, ‘ਭਈ ਉਹ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਤੀਕ ਅੱਪੜ ਪਵੇ।’ (ਫ਼ਿਲਿੱਪੀਆਂ 3:10, 11) ਪੌਲੁਸ ਸਮਝਾ ਰਿਹਾ ਸੀ ਕਿ ਯਿਸੂ ਦੇ ਮਸਹ ਕੀਤੇ ਹੋਏ ਚੇਲੇ ਨੂੰ ਸਵਰਗ ਵਿਚ ਜੀਉਣ ਲਈ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਰਹਿਣਾ ਪਵੇਗਾ, ਰੋਜ਼ ਮੌਤ ਦਾ ਸਾਮ੍ਹਣਾ ਕਰਨਾ ਪਵੇਗਾ ਅਤੇ ਅਖ਼ੀਰ ਵਿਚ ਵਫ਼ਾਦਾਰੀ ਨਾਲ ਮਰਨਾ ਪਵੇਗਾ।

ਧਿਆਨ ਦਿਓ ਕਿ ਬਾਈਬਲ ਵਿਚ ਮੌਤ ਦਾ ਸੰਬੰਧ ਬਪਤਿਸਮੇ ਨਾਲ ਜੋੜਨ ਵਾਲੇ ਸਾਰੇ ਹਵਾਲੇ ਜੀਉਂਦੇ ਵਿਅਕਤੀਆਂ ਦੀ ਗੱਲ ਕਰਦੇ ਹਨ ਜੋ ਬਪਤਿਸਮਾ ਲੈਂਦੇ ਹਨ, ਨਾ ਕਿ ਮੁਰਦਿਆਂ ਦੀ। ਪੌਲੁਸ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਇਹ ਵੀ ਕਿਹਾ: “ਤੁਸੀਂ ਬਪਤਿਸਮਾ ਵਿੱਚ ਉਹ ਦੇ ਨਾਲ ਦੱਬੇ ਗਏ ਜਿਹ ਦੇ ਵਿੱਚ ਪਰਮੇਸ਼ੁਰ ਦੀ ਕਰਨੀ ਉੱਤੇ ਨਿਹਚਾ ਰੱਖ ਕੇ ਜਿਵੇਂ ਉਸ ਨੇ ਉਹ ਨੂੰ ਮੁਰਦਿਆਂ ਵਿੱਚੋਂ ਉਠਾਇਆ ਤੁਸੀਂ ਉਹ ਦੇ ਨਾਲ ਉਠਾਏ ਵੀ ਗਏ।”—ਕੁਲੁੱਸੀਆਂ 2:12.

ਪਹਿਲਾ ਕੁਰਿੰਥੀਆਂ 15:29 ਵਿਚ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ ਕਈਆਂ ਬਾਈਬਲਾਂ ਵਿਚ “ਲਈ” ਕੀਤਾ ਗਿਆ ਹੈ ਉਸ ਦਾ ਮਤਲਬ “ਬਣਨ ਦੀ ਖ਼ਾਤਰ” ਵੀ ਹੋ ਸਕਦਾ ਹੈ। ਇਸ ਲਈ ਬਾਈਬਲ ਦੀਆਂ ਹੋਰ ਆਇਤਾਂ ਦੀ ਸਮਝ ਅਨੁਸਾਰ, ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਵਿਚ ਇਸ ਆਇਤ ਦਾ ਸਹੀ ਤਰਜਮਾ ਇਸ ਤਰ੍ਹਾਂ ਕੀਤਾ ਗਿਆ ਹੈ: “ਉਹ ਕੀ ਕਰਨਗੇ ਜੋ ਮੁਰਦੇ ਬਣਨ ਦੀ ਖ਼ਾਤਰ ਬਪਤਿਸਮਾ ਲੈਂਦੇ ਹਨ? ਜੇਕਰ ਮੁਰਦੇ ਜ਼ਿੰਦਾ ਨਹੀਂ ਕੀਤੇ ਜਾਣਗੇ, ਤਾਂ ਫਿਰ ਉਹ ਮੁਰਦੇ ਬਣਨ ਦੀ ਖ਼ਾਤਰ ਬਪਤਿਸਮਾ ਕਿਉਂ ਲੈਂਦੇ ਹਨ?”