Skip to content

Skip to table of contents

ਮਜ਼ਬੂਤ ਨਿਹਚਾ ਅਤੇ ਬਹਾਦਰੀ ਦੀ ਕਹਾਣੀ—ਯੂਕਰੇਨ ਵਿਚ ਯਹੋਵਾਹ ਦੇ ਗਵਾਹ

ਮਜ਼ਬੂਤ ਨਿਹਚਾ ਅਤੇ ਬਹਾਦਰੀ ਦੀ ਕਹਾਣੀ—ਯੂਕਰੇਨ ਵਿਚ ਯਹੋਵਾਹ ਦੇ ਗਵਾਹ

ਮਜ਼ਬੂਤ ਨਿਹਚਾ ਅਤੇ ਬਹਾਦਰੀ ਦੀ ਕਹਾਣੀ—ਯੂਕਰੇਨ ਵਿਚ ਯਹੋਵਾਹ ਦੇ ਗਵਾਹ

ਜਿਸ ਤਰ੍ਹਾਂ ਪਹਿਲੀ ਸਦੀ ਵਿਚ ਮਸੀਹੀਆਂ ਨੂੰ ਸਤਾਇਆ ਗਿਆ ਸੀ, ਉਸੇ ਤਰ੍ਹਾਂ ਅੱਜ ਵੀ ਉਨ੍ਹਾਂ ਨੂੰ ਸਤਾਇਆ ਜਾਂਦਾ ਹੈ। (ਮੱਤੀ 10:22; ਯੂਹੰਨਾ 15:20) ਯਹੋਵਾਹ ਦੇ ਗਵਾਹਾਂ ਨੂੰ ਘੱਟ ਹੀ ਦੇਸ਼ਾਂ ਵਿਚ ਉੱਨਾ ਸਤਾਇਆ ਗਿਆ ਹੈ ਜਿੰਨਾ ਯੂਕਰੇਨ ਵਿਚ। ਉਸ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਤੇ 52 ਸਾਲਾਂ ਤਕ ਪਾਬੰਦੀ ਲੱਗੀ ਰਹੀ।

ਯਹੋਵਾਹ ਦੇ ਗਵਾਹਾਂ ਦੀ 2002 ਯੀਅਰ ਬੁੱਕ (ਅੰਗ੍ਰੇਜ਼ੀ) ਵਿਚ ਯੂਕਰੇਨ ਵਿਚ ਰਹਿੰਦੇ ਪਰਮੇਸ਼ੁਰ ਦੇ ਲੋਕਾਂ ਦੀ ਕਹਾਣੀ ਦੱਸੀ ਗਈ ਹੈ। ਇਹ ਉਨ੍ਹਾਂ ਦੀ ਕਹਾਣੀ ਹੈ ਜਿਨ੍ਹਾਂ ਨੇ ਪੂਰੀ ਨਿਹਚਾ ਤੇ ਬਹਾਦਰੀ ਨਾਲ ਸਤਾਹਟ ਦਾ ਸਾਮ੍ਹਣਾ ਕੀਤਾ। ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਨੇ ਯੂਕਰੇਨ ਵਿਚ ਆਪਣੇ ਭੈਣਾਂ-ਭਰਾਵਾਂ ਦੀ ਤਾਰੀਫ਼ ਕੀਤੀ। ਅਗਲੀਆਂ ਟਿੱਪਣੀਆਂ ਯੂਕਰੇਨ ਵਿਚ ਯਹੋਵਾਹ ਦੇ ਗਵਾਹਾਂ ਦੀ ਬ੍ਰਾਂਚ ਆਫਿਸ ਨੂੰ ਭੇਜੀਆਂ ਗਈਆਂ ਸਨ।

“ਮੈਂ ਹੁਣੇ ਹੀ 2002 ਦੀ ਯੀਅਰ ਬੁੱਕ ਪੂਰੀ ਕੀਤੀ ਹੈ। ਯੂਕਰੇਨ ਵਿਚ ਤੁਹਾਡੇ ਕੰਮਾਂ-ਕਾਰਾਂ ਬਾਰੇ ਪੜ੍ਹਦੇ-ਪੜ੍ਹਦੇ ਮੇਰਾ ਰੋਣਾ ਨਿਕਲ ਗਿਆ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਹਾਡੀ ਜੋਸ਼ੀਲੀ ਮਿਸਾਲ ਅਤੇ ਪੱਕੀ ਨਿਹਚਾ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ। ਮੈਨੂੰ ਫ਼ਖ਼ਰ ਹੈ ਕਿ ਤੁਸੀਂ ਮੇਰੇ ਭੈਣ-ਭਰਾ ਹੋ। ਮੈਂ ਦਿਲੋਂ ਤੁਹਾਡਾ ਧੰਨਵਾਦ ਕਰਦੀ ਹਾਂ।”—ਆਂਡਰੇ, ਫਰਾਂਸ।

“ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੈਂ 2002 ਦੀ ਯੀਅਰ ਬੁੱਕ ਲਈ ਤੁਹਾਡੀ ਅਤੇ ਯਹੋਵਾਹ ਦੀ ਕਿੰਨੀ ਧੰਨਵਾਦੀ ਹਾਂ! ਮੇਰੀਆਂ ਅੱਖਾਂ ਭਰ ਆਈਆਂ ਜਦੋਂ ਮੈਂ ਉਨ੍ਹਾਂ ਭਰਾਵਾਂ ਦੀਆਂ ਕਹਾਣੀਆਂ ਪੜ੍ਹੀਆਂ ਜਿਨ੍ਹਾਂ ਨੇ ਜੇਲ੍ਹਾਂ ਅਤੇ ਨਜ਼ਰਬੰਦੀ ਕੈਂਪਾਂ ਵਿਚ ਆਪਣੀ ਜਵਾਨੀ ਕੱਟੀ। ਉਨ੍ਹਾਂ ਦੀ ਬਹਾਦਰੀ ਵਾਕਈ ਤਾਰੀਫ਼ ਦੇ ਕਾਬਲ ਹੈ! ਭਾਵੇਂ ਮੈਨੂੰ ਸੱਚਾਈ ਵਿਚ 27 ਸਾਲ ਹੋ ਗਏ ਹਨ, ਪਰ ਫਿਰ ਵੀ ਮੈਂ ਉਨ੍ਹਾਂ ਭੈਣਾਂ-ਭਰਾਵਾਂ ਤੋਂ ਬਹੁਤ ਕੁਝ ਸਿੱਖ ਸਕਦੀ ਹਾਂ। ਉਨ੍ਹਾਂ ਨੇ ਸਾਡੇ ਸਵਰਗੀ ਪਿਤਾ ਯਹੋਵਾਹ ਵਿਚ ਮੇਰੀ ਨਿਹਚਾ ਨੂੰ ਮਜ਼ਬੂਤ ਕੀਤਾ ਹੈ।”—ਵੀਰਾ, ਸਾਬਕਾ ਯੂਗੋਸਲਾਵੀਆ।

“ਮੈਂ ਖ਼ੁਸ਼ ਹੋਣ ਕਰਕੇ ਇਹ ਚਿੱਠੀ ਲਿਖ ਰਹੀ ਹਾਂ ਕਿਉਂਕਿ ਤੁਸੀਂ ਦੁਖਦਾਇਕ ਸਮਿਆਂ ਵਿਚ ਵੀ ਆਪਣਾ ਧੀਰਜ ਅਤੇ ਆਪਣੀ ਵਫ਼ਾਦਾਰੀ ਕਾਇਮ ਰੱਖੀ। ਯਹੋਵਾਹ ਵਿਚ ਤੁਹਾਡਾ ਪੱਕਾ ਵਿਸ਼ਵਾਸ ਅਤੇ ਵਫ਼ਾਦਾਰ ਰਹਿਣ ਦੇ ਤੁਹਾਡੇ ਪੱਕੇ ਇਰਾਦੇ ਕਰਕੇ ਤੁਸੀਂ ਯਹੋਵਾਹ ਨਾਲ ਇਕ ਵਧੀਆ ਨਾਂ ਕਮਾਇਆ ਹੈ। ਇਸ ਦੇ ਨਾਲ-ਨਾਲ, ਅਜ਼ਮਾਇਸ਼ਾਂ ਦੇ ਬਾਵਜੂਦ ਤੁਹਾਡੀ ਨਿਮਰਤਾ ਨੇ ਮੇਰੇ ਵਿਸ਼ਵਾਸ ਨੂੰ ਹੋਰ ਵੀ ਪੱਕਾ ਕਰ ਦਿੱਤਾ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਕਦੀ ਨਹੀਂ ਛੱਡਦਾ। ਤੁਸੀਂ ਦ੍ਰਿੜ੍ਹ ਰਹਿ ਕੇ, ਬਹਾਦਰ ਬਣ ਕੇ ਅਤੇ ਹਾਰ ਨਾ ਮੰਨਣ ਕਰਕੇ ਸਾਡੇ ਲਈ ਵਧੀਆ ਮਿਸਾਲ ਪੇਸ਼ ਕੀਤੀ ਹੈ। ਤੁਹਾਡੀਆਂ ਮੁਸ਼ਕਲਾਂ ਦੇ ਸਾਮ੍ਹਣੇ ਮੈਨੂੰ ਆਪਣੀਆਂ ਮੁਸ਼ਕਲਾਂ ਬਹੁਤ ਛੋਟੀਆਂ ਲੱਗਦੀਆਂ ਹਨ।”—ਟੂਟਾਰੀਹੀਆ, ਫ੍ਰੈਂਚ ਪੌਲੀਨੀਸ਼ੀਆ।

“ਯੀਅਰ ਬੁੱਕ ਪੜ੍ਹਨ ਤੋਂ ਬਾਅਦ ਮੈਨੂੰ ਤਾਂ ਤੁਹਾਨੂੰ ਲਿਖਣਾ ਹੀ ਪਿਆ। ਸਾਰੇ ਵਧੀਆ ਤਜਰਬਿਆਂ ਨੇ ਮੇਰੇ ਦਿਲ ਨੂੰ ਛੋਹ ਲਿਆ। ਮੈਂ ਦੇਖਿਆ ਕਿ ਯਹੋਵਾਹ ਦੇ ਸੰਗਠਨ ਵਿਚ ਭਰਾ ਵਫ਼ਾਦਾਰੀ ਅਤੇ ਏਕਤਾ ਨਾਲ ਸੇਵਾ ਕਰਦੇ ਹਨ। ਉਹ ਉਨ੍ਹਾਂ ਦੀ ਅਗਵਾਈ ਕਰਦਾ ਹੈ ਅਤੇ ਵੇਲੇ ਸਿਰ ਉਨ੍ਹਾਂ ਨੂੰ ਤਾਕਤ ਦਿੰਦਾ ਹੈ। ਮੇਰੇ ਲਈ ਇਸ ਸੰਗਠਨ ਦਾ ਮੈਂਬਰ ਹੋਣਾ ਕਿੰਨਾ ਵੱਡਾ ਸਨਮਾਨ ਹੈ। ਮੈਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਯਹੋਵਾਹ ਦੇ ਇਨ੍ਹਾਂ ਸੇਵਕਾਂ ਨੂੰ ਇੰਨਾ ਸਤਾਇਆ ਗਿਆ ਅਤੇ ਕਈਆਂ ਨੇ ਆਪਣੀਆਂ ਜਾਨਾਂ ਵੀ ਗੁਆਈਆਂ। ਪਰ ਉਨ੍ਹਾਂ ਦੀ ਦਲੇਰੀ ਅਤੇ ਜੋਸ਼ ਬਾਰੇ ਪੜ੍ਹ ਕੇ ਮੈਨੂੰ ਬਹੁਤ ਖ਼ੁਸ਼ੀ ਵੀ ਹੋਈ ਕਿ ਇਸ ਦੇ ਨਤੀਜੇ ਵਜੋਂ ਬਹੁਤ ਸਾਰੇ ਲੋਕਾਂ ਨੇ ਸੱਚਾਈ ਸਿੱਖ ਕੇ ਸਾਡੇ ਪਿਆਰੇ ਸਵਰਗੀ ਪਿਤਾ ਬਾਰੇ ਜਾਣਿਆ।”—ਕੋਲੇਟ, ਨੀਦਰਲੈਂਡਜ਼।

“ਜਦੋਂ ਮੈਂ ਅਤੇ ਮੇਰੀ ਪਤਨੀ ਨੇ ਯੀਅਰ ਬੁੱਕ ਵਿਚ ਯੂਕਰੇਨ ਬਾਰੇ ਪੜ੍ਹਿਆ, ਤਾਂ ਸਾਡੇ ਦਿਲਾਂ ਤੇ ਇੰਨਾ ਗਹਿਰਾ ਅਸਰ ਪਿਆ ਕਿ ਸਾਨੂੰ ਇਹ ਖਤ ਲਿਖਣਾ ਹੀ ਪਿਆ! ਤੁਸੀਂ ਵਫ਼ਾਦਾਰ ਭੈਣ-ਭਰਾਵਾਂ ਨੇ ਅਜ਼ਮਾਇਸ਼ਾਂ ਦੌਰਾਨ ਧੀਰਜ ਰੱਖਣ ਦਾ ਇਕ ਵਧੀਆ ਨਮੂਨਾ ਕਾਇਮ ਕੀਤਾ ਹੈ। ਕਹਾਉਤਾਂ 27:11 ਦੇ ਮੁਤਾਬਕ, ਯਹੋਵਾਹ ਇਹ ਜਾਣ ਕੇ ਕਿੰਨਾ ਖ਼ੁਸ਼ ਹੁੰਦਾ ਹੋਵੇਗਾ ਕਿ ਯੂਕਰੇਨ ਦੇ ਇੰਨੇ ਸਾਰੇ ਵਫ਼ਾਦਾਰ ਭੈਣਾਂ-ਭਰਾਵਾਂ ਨੇ ਸ਼ਤਾਨ ਦੇ ਦੁਸ਼ਟ ਕੰਮਾਂ ਦੇ ਬਾਵਜੂਦ ਆਪਣੀ ਖਰਿਆਈ ਬਣਾਈ ਰੱਖੀ!”—ਐਲਨ, ਆਸਟ੍ਰੇਲੀਆ।

“ਜਦ ਮੈਂ ਆਪਣੇ ਯੂਕਰੇਨੀ ਭਰਾਵਾਂ ਬਾਰੇ ਪੜ੍ਹਿਆ, ਤਾਂ ਮੇਰਾ ਰੋਣਾ ਨਿਕਲ ਗਿਆ। ਉਨ੍ਹਾਂ ਨੇ ਕਿੰਨੇ ਦੁੱਖ ਸਹੇ—ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਗਿਆ, ਤਸੀਹੇ ਦਿੱਤੇ ਗਏ, ਉਨ੍ਹਾਂ ਉੱਤੇ ਅਤਿਆਚਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਤੋਂ ਜੁਦਾ ਕੀਤਾ ਗਿਆ। ਮੈਂ ਤੁਹਾਡੀਆਂ ਕਲੀਸਿਯਾਵਾਂ ਵਿਚ ਅਜਿਹੇ ਸਾਰੇ ਪਿਆਰੇ ਭੈਣਾਂ-ਭਰਾਵਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਦਾ ਕਿੰਨਾ ਆਦਰ ਕਰਦਾ ਹਾਂ! ਮੈਨੂੰ ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਬਹਾਦਰੀ ਤੇ ਬਹੁਤ ਮਾਣ ਹੈ। ਮੈਂ ਜਾਣਦਾ ਹਾਂ ਕਿ ਉਨ੍ਹਾਂ ਨੂੰ ਯਹੋਵਾਹ ਦੀ ਪਵਿੱਤਰ ਆਤਮਾ ਤੋਂ ਸ਼ਕਤੀ ਮਿਲੀ। ਯਹੋਵਾਹ ਸਾਡੇ ਸਾਰਿਆਂ ਦੇ ਨਜ਼ਦੀਕ ਹੈ ਅਤੇ ਸਾਡੀ ਸਾਰਿਆਂ ਦੀ ਮਦਦ ਕਰਨੀ ਚਾਹੁੰਦਾ ਹੈ।”—ਸਰਜਈ, ਰੂਸ।

“ਮੈਂ 2002 ਦੀ ਯੀਅਰ ਬੁੱਕ ਪੜ੍ਹ ਕੇ ਬਹੁਤ ਰੋਈ। ਸਾਡੀ ਕਲੀਸਿਯਾ ਵਿਚ ਬਹੁਤ ਸਾਰੇ ਭੈਣ-ਭਰਾ ਤੁਹਾਡੇ ਬਾਰੇ ਗੱਲ ਕਰਦੇ ਹਨ। ਤੁਸੀਂ ਸਾਡੇ ਲਈ ਬਹੁਤ ਪਿਆਰੇ ਹੋ। ਮੈਂ ਇੰਨੇ ਵੱਡੇ ਰੂਹਾਨੀ ਪਰਿਵਾਰ ਦੀ ਮੈਂਬਰ ਹੋਣ ਕਰਕੇ ਬਹੁਤ ਖ਼ੁਸ਼ ਹਾਂ।”—ਯੂਨਹੀ, ਦੱਖਣੀ ਕੋਰੀਆ।

“ਮੇਰੇ ਉੱਤੇ ਤੁਹਾਡੀ ਨਿਹਚਾ, ਧੀਰਜ ਅਤੇ ਯਹੋਵਾਹ ਤੇ ਉਸ ਦੇ ਰਾਜ ਲਈ ਤੁਹਾਡੇ ਪ੍ਰੇਮ ਦਾ ਬਹੁਤ ਪ੍ਰਭਾਵ ਪਿਆ। ਕਈ ਵਾਰੀ ਅਸੀਂ ਆਪਣੀ ਆਜ਼ਾਦੀ ਅਤੇ ਯਹੋਵਾਹ ਤੋਂ ਮਿਲਦੀ ਰੂਹਾਨੀ ਖ਼ੁਰਾਕ ਦੀ ਕਦਰ ਕਰਨੀ ਭੁੱਲ ਜਾਂਦੇ ਹਾਂ। ਪਰ ਤੁਸੀਂ ਇਹ ਗੱਲਾਂ ਨਹੀਂ ਭੁੱਲੇ। ਤੁਹਾਡੀ ਨਿਹਚਾ ਰਾਹੀਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਜੇ ਅਸੀਂ ਆਪਣੇ ਪਰਮੇਸ਼ੁਰ ਦੇ ਨਜ਼ਦੀਕ ਰਹੀਏ, ਤਾਂ ਉਹ ਸਾਨੂੰ ਹਰ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਲਈ ਤਾਕਤ ਦੇਵੇਗਾ।”—ਪਾਓਲੂ, ਬ੍ਰਾਜ਼ੀਲ।

“ਮੈਨੂੰ 2002 ਦੀ ਯੀਅਰ ਬੁੱਕ ਵਿਚ ਤੁਹਾਡੇ ਤਜਰਬਿਆਂ ਬਾਰੇ ਪੜ੍ਹਨ ਦਾ ਮੌਕਾ ਮਿਲਿਆ। ਮੇਰੇ ਦਿਲ ਤੇ ਇਨ੍ਹਾਂ ਦਾ ਡੂੰਘਾ ਅਸਰ ਪਿਆ, ਖ਼ਾਸ ਕਰਕੇ ਭੈਣ ਲਿਡੀਆ ਕੁਰਡਾਸ ਦੇ ਤਜਰਬੇ ਦਾ। ਮੈਂ ਇਸ ਭੈਣ ਦੇ ਕਰੀਬ ਮਹਿਸੂਸ ਕੀਤਾ।”—ਨੀਡੀਆ, ਕਾਸਟਾ ਰੀਕਾ।

“ਅੱਜ ਮੈਂ 2002 ਦੀ ਯੀਅਰ ਬੁੱਕ ਪੜ੍ਹਨੀ ਖ਼ਤਮ ਕੀਤੀ। ਇਸ ਨੂੰ ਪੜ੍ਹ ਕੇ ਯਹੋਵਾਹ ਵਿਚ ਮੇਰੀ ਨਿਹਚਾ ਹੋਰ ਵੀ ਵਧੀ। ਮੈਂ ਉਨ੍ਹਾਂ ਭਰਾਵਾਂ ਦੀ ਕਹਾਣੀ ਕਦੀ ਨਹੀਂ ਭੁੱਲਾਂਗੀ ਜਿਨ੍ਹਾਂ ਬਾਰੇ ਸ਼ੱਕ ਪੈਦਾ ਕੀਤੇ ਗਏ ਸਨ। ਇਸ ਤੋਂ ਮੈਂ ਸਿੱਖਿਆ ਕਿ ਮੈਨੂੰ ਉਨ੍ਹਾਂ ਭਰਾਵਾਂ ਤੇ ਕਦੀ ਸ਼ੱਕ ਨਹੀਂ ਕਰਨਾ ਚਾਹੀਦਾ ਜਿਹੜੇ ਸਾਡੀ ਅਗਵਾਈ ਕਰਦੇ ਹਨ। ਤੁਹਾਡਾ ਬਹੁਤ-ਬਹੁਤ ਧੰਨਵਾਦ! ਇਹ ਰੂਹਾਨੀ ਭੋਜਨ ਸਾਡੀ ਨਿਹਚਾ ਲਈ ਚੰਗਾ ਹੈ ਅਤੇ ਸਾਡੇ ਮਨ ਨੂੰ ਉਸ ਸਮੇਂ ਲਈ ਤਿਆਰ ਕਰਦਾ ਹੈ ਜਦੋਂ ਸ਼ਾਇਦ ਸਾਡੀ ਨਿਹਚਾ ਪਰਖੀ ਜਾਵੇ।”—ਲਟੀਸੀਆ, ਅਮਰੀਕਾ।

“ਇਸ ਯੀਅਰ ਬੁੱਕ ਲਈ ਸ਼ੁਕਰੀਆ। ਸਾਡੇ ਵਿੱਚੋਂ ਕਈਆਂ ਨੇ ਯੂਕਰੇਨ ਵਿਚ ਆਪਣੇ ਭੈਣਾਂ-ਭਰਾਵਾਂ ਦੇ ਕੰਮਾਂ ਬਾਰੇ ਪਹਿਲੀ ਵਾਰ ਪੜ੍ਹਿਆ ਹੈ। ਇੱਥੋਂ ਦੇ ਭਰਾਵਾਂ ਨੂੰ ਹੌਸਲਾ ਮਿਲਿਆ। ਕਈ, ਖ਼ਾਸ ਕਰਕੇ ਜਵਾਨ, ਹੋਰ ਜੋਸ਼ ਨਾਲ ਸੇਵਾ ਕਰਨ ਲੱਗ ਪਏ ਹਨ। ਕਈ ਭੈਣਾਂ-ਭਰਾਵਾਂ ਨੇ ਪਾਇਨੀਅਰੀ ਸ਼ੁਰੂ ਕੀਤੀ ਹੈ। ਸਾਨੂੰ ਸਾਰਿਆਂ ਨੂੰ ਉਨ੍ਹਾਂ ਭੈਣਾਂ-ਭਰਾਵਾਂ ਦੀਆਂ ਕਹਾਣੀਆਂ ਤੋਂ ਬੜਾ ਹੌਸਲਾ ਮਿਲਿਆ ਜਿਨ੍ਹਾਂ ਨੇ ਪਾਬੰਦੀ ਦੌਰਾਨ ਯਹੋਵਾਹ ਦੀ ਸੇਵਾ ਕੀਤੀ।”—ਯੂਕਰੇਨ ਵਿਚ ਇਕ ਕਲੀਸਿਯਾ ਦੀ ਸੇਵਾ ਕਮੇਟੀ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਯੂਕਰੇਨ ਵਿਚ ਸਾਡੇ ਭੈਣਾਂ-ਭਰਾਵਾਂ ਦੀ ਵਫ਼ਾਦਾਰੀ ਨੇ ਦੁਨੀਆਂ ਭਰ ਵਿਚ ਯਹੋਵਾਹ ਦੇ ਲੋਕਾਂ ਨੂੰ ਬੜਾ ਹੌਸਲਾ ਦਿੱਤਾ ਹੈ। ਦਰਅਸਲ, ਹਰੇਕ ਸਾਲ ਯੀਅਰ ਬੁੱਕ ਵਿਚ ਦਿੱਤੇ ਤਜਰਬੇ ਪੜ੍ਹ ਕੇ ਅਸੀਂ ਇਨ੍ਹਾਂ ਖ਼ਾਸ ਸਮਿਆਂ ਵਿਚ ਆਪਣੀ ਨਿਹਚਾ ਨੂੰ ਮਜ਼ਬੂਤ ਕਰ ਸਕਦੇ ਹਾਂ ਅਤੇ ਸਹਿਣ-ਸ਼ਕਤੀ ਨੂੰ ਵਧਾ ਸਕਦੇ ਹਾਂ।—ਇਬਰਾਨੀਆਂ 12:1.