Skip to content

Skip to table of contents

ਯਹੋਵਾਹ ਦੀਨ ਲੋਕਾਂ ਨੂੰ ਸੱਚਾਈ ਵੱਲ ਖਿੱਚਦਾ ਹੈ

ਯਹੋਵਾਹ ਦੀਨ ਲੋਕਾਂ ਨੂੰ ਸੱਚਾਈ ਵੱਲ ਖਿੱਚਦਾ ਹੈ

ਜੀਵਨੀ

ਯਹੋਵਾਹ ਦੀਨ ਲੋਕਾਂ ਨੂੰ ਸੱਚਾਈ ਵੱਲ ਖਿੱਚਦਾ ਹੈ

ਆਸਾਨੋ ਕੋਸੀਨੋ ਦੀ ਜ਼ਬਾਨੀ

ਦੂਜੇ ਵਿਸ਼ਵ ਯੁੱਧ ਤੋਂ ਕੁਝ ਹੀ ਸਾਲ ਬਾਅਦ, 1949 ਵਿਚ ਇਕ ਲੰਮਾ, ਮੁਸਕਰਾਉਂਦਾ ਪਰਦੇਸੀ ਕੋਬੇ ਸ਼ਹਿਰ ਵਿਚ ਉਸ ਘਰ ਦੇ ਜੀਆਂ ਨੂੰ ਮਿਲਣ ਆਇਆ ਜਿੱਥੇ ਮੈਂ ਕੰਮ ਕਰਦੀ ਸੀ। ਉਹ ਜਪਾਨ ਵਿਚ ਆਉਣ ਵਾਲੇ ਯਹੋਵਾਹ ਦੇ ਗਵਾਹਾਂ ਦਾ ਸਭ ਤੋਂ ਪਹਿਲਾ ਮਿਸ਼ਨਰੀ ਸੀ। ਉਸ ਨੂੰ ਮਿਲ ਕੇ ਮੈਨੂੰ ਸੱਚਾਈ ਸਿੱਖਣ ਦਾ ਮੌਕਾ ਮਿਲਿਆ। ਪਰ ਆਓ ਮੈਂ ਪਹਿਲਾਂ ਤੁਹਾਨੂੰ ਆਪਣੇ ਬਾਰੇ ਇਕ-ਦੋ ਗੱਲਾਂ ਦੱਸਦੀ ਹਾਂ।

ਮੇਰਾ ਜਨਮ 1926 ਵਿਚ ਓਕਾਯਾਮਾ ਜ਼ਿਲ੍ਹੇ ਦੇ ਉੱਤਰੀ ਹਿੱਸੇ ਵਿਚ ਇਕ ਛੋਟੇ ਜਿਹੇ ਪਿੰਡ ਵਿਚ ਹੋਇਆ ਸੀ। ਮੈਂ ਅੱਠਾਂ ਬੱਚਿਆਂ ਵਿੱਚੋਂ ਪੰਜਵੇਂ ਨੰਬਰ ਤੇ ਸੀ। ਪਿਤਾ ਜੀ ਪਿੰਡ ਦੇ ਸ਼ਿੰਟੋ ਮੰਦਰ ਦੇ ਦੇਵਤੇ ਨੂੰ ਬਹੁਤ ਮੰਨਦੇ ਸਨ। ਇਸ ਲਈ ਅਸੀਂ ਬੱਚੇ ਸਾਲ ਵਿਚ ਕਈ ਧਾਰਮਿਕ ਤਿਉਹਾਰਾਂ ਦੇ ਸਮੇਂ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਬਹੁਤ ਮਜ਼ਾ ਕਰਦੇ ਸੀ।

ਬਚਪਨ ਤੋਂ ਹੀ ਮੇਰੇ ਮਨ ਵਿਚ ਜ਼ਿੰਦਗੀ ਬਾਰੇ ਕਈ ਪ੍ਰਸ਼ਨ ਸਨ, ਪਰ ਖ਼ਾਸ ਕਰਕੇ ਮੈਨੂੰ ਮੌਤ ਬਾਰੇ ਚਿੰਤਾ ਸੀ। ਸਾਡੇ ਰਿਵਾਜ ਅਨੁਸਾਰ ਇਹ ਜ਼ਰੂਰੀ ਸੀ ਕਿ ਲੋਕ ਆਪਣੇ ਆਖ਼ਰੀ ਸਾਹ ਆਪਣੇ ਹੀ ਘਰ ਲੈਣ ਅਤੇ ਬੱਚੇ ਵੀ ਉੱਥੇ ਮੌਜੂਦ ਹੋਣ। ਮੈਨੂੰ ਮੇਰੀ ਦਾਦੀ ਅਤੇ ਮੇਰੇ ਇਕ ਸਾਲ ਤੋਂ ਵੀ ਛੋਟੇ ਭਰਾ ਦੀ ਮੌਤ ਹੋਣ ਤੇ ਬਹੁਤ ਦੁੱਖ ਹੋਇਆ ਸੀ। ਉਨ੍ਹਾਂ ਦੀ ਮੌਤ ਦੇ ਸਦਮੇ ਕਰਕੇ ਮੇਰੇ ਮਨ ਵਿਚ ਇਹ ਖ਼ੌਫ਼ ਪੈਦਾ ਹੋ ਗਿਆ ਸੀ ਕਿ ਇਕ ਦਿਨ ਮੇਰੇ ਮਾਤਾ-ਪਿਤਾ ਵੀ ਮੈਨੂੰ ਛੱਡ ਕੇ ਚਲੇ ਜਾਣਗੇ ਮੈਂ ਜਾਣਨਾ ਚਾਹੁੰਦੀ ਸੀ ਕਿ ‘ਕੀ ਮੌਤ ਤੋਂ ਸਿਵਾਇ ਇਨਸਾਨ ਲਈ ਹੋਰ ਕੋਈ ਉਮੀਦ ਨਹੀਂ ਹੈ? ਕੀ ਜ਼ਿੰਦਗੀ ਦਾ ਕੋਈ ਅਰਥ ਨਹੀਂ ਹੈ?’

ਸੰਨ 1937 ਵਿਚ ਜਦ ਮੈਂ ਛੇਵੀਂ ਵਿਚ ਪੜ੍ਹਦੀ ਸੀ, ਤਾਂ ਚੀਨ ਤੇ ਜਪਾਨ ਦੀ ਜੰਗ ਸ਼ੁਰੂ ਹੋ ਗਈ। ਮਰਦਾਂ ਨੂੰ ਜੰਗ ਲੜਨ ਲਈ ਚੀਨ ਭੇਜਿਆ ਗਿਆ। ਬੱਚੇ ਆਪਣੇ ਪਿਤਾਵਾਂ ਅਤੇ ਭਰਾਵਾਂ ਨੂੰ “ਬਾਨਜ਼ਾਏ!” (ਬਾਦਸ਼ਾਹ ਜੁਗ ਜੁਗ ਜੀਵੇ) ਕਹਿ ਕੇ ਅਲਵਿਦਾ ਕਰਦੇ ਸਨ। ਸਾਰਿਆਂ ਨੂੰ ਪੂਰਾ ਯਕੀਨ ਸੀ ਕਿ ਜਪਾਨ ਦੀ ਹੀ ਜਿੱਤ ਹੋਵੇਗੀ ਕਿਉਂਕਿ ਉਹ ਬਾਦਸ਼ਾਹ ਨੂੰ ਜੀਉਂਦਾ ਦੇਵਤਾ ਅਤੇ ਜਪਾਨ ਨੂੰ ਰੱਬੀ ਦੇਸ਼ ਮੰਨਦੇ ਸਨ।

ਕੁਝ ਹੀ ਸਮੇਂ ਵਿਚ ਲੋਕਾਂ ਨੂੰ ਮੈਦਾਨੇ-ਜੰਗ ਤੋਂ ਮੌਤਾਂ ਦੀਆਂ ਖ਼ਬਰਾਂ ਮਿਲਣ ਲੱਗੀਆਂ। ਸੋਗਵਾਨ ਪਰਿਵਾਰਾਂ ਦੀ ਤਾਂ ਦੁਨੀਆਂ ਹੀ ਉਜੜ ਗਈ ਸੀ। ਲੋਕਾਂ ਦੇ ਦਿਲਾਂ ਵਿਚ ਨਫ਼ਰਤ ਦੀ ਅੱਗ ਸੁਲਗ ਰਹੀ ਸੀ ਅਤੇ ਉਹ ਦੁਸ਼ਮਣ ਫ਼ੌਜਾਂ ਦੇ ਫੱਟੜਾਂ-ਮੋਇਆਂ ਬਾਰੇ ਸੁਣ ਕੇ ਬਹੁਤ ਖ਼ੁਸ਼ ਹੁੰਦੇ ਸਨ। ਪਰ ਮੈਂ ਸੋਚਦੀ ਹੁੰਦੀ ਸੀ, ‘ਉਹ ਵੀ ਕਿਸੇ ਦੇ ਭਰਾ ਜਾਂ ਪਿਤਾ ਸਨ। ਉਨ੍ਹਾਂ ਦੀ ਮੌਤ ਤੇ ਉਨ੍ਹਾਂ ਦੇ ਪਰਿਵਾਰ ਵੀ ਕਿੰਨੇ ਦੁਖੀ ਹੋਣੇ।’ ਜਦ ਮੈਂ ਐਲੀਮੈਂਟਰੀ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ, ਉਦੋਂ ਜਪਾਨੀ ਫ਼ੌਜਾਂ ਚੀਨ ਦੇ ਅੰਦਰੂਨੀ ਹਿੱਸਿਆਂ ਵਿਚ ਪਹੁੰਚ ਚੁੱਕੀਆਂ ਸਨ।

ਪਰਦੇਸੀ ਨਾਲ ਅਚਾਨਕ ਮੁਲਾਕਾਤ

ਸਾਡਾ ਪਰਿਵਾਰ ਖੇਤੀਬਾੜੀ ਕਰਦਾ ਸੀ ਤੇ ਗ਼ਰੀਬ ਸੀ। ਇਸ ਦੇ ਬਾਵਜੂਦ ਪਿਤਾ ਜੀ ਨੇ ਮੈਨੂੰ ਪੜ੍ਹਾਈ ਕਰਨ ਦੀ ਇਜਾਜ਼ਤ ਦਿੱਤੀ ਕਿਉਂਕਿ ਇਹ ਮੁਫ਼ਤ ਸੀ। ਸਿੱਟੇ ਵਜੋਂ, 1941 ਵਿਚ ਮੈਂ ਲਗਭਗ 100 ਕਿਲੋਮੀਟਰ ਦੂਰ ਓਕਾਯਾਮਾ ਸ਼ਹਿਰ ਵਿਚ ਕੁੜੀਆਂ ਦੇ ਇਕ ਸਕੂਲ ਵਿਚ ਦਾਖ਼ਲ ਹੋ ਗਈ। ਇਸ ਸਕੂਲ ਵਿਚ ਕੁੜੀਆਂ ਨੂੰ ਚੰਗੀਆਂ ਪਤਨੀਆਂ ਤੇ ਮਾਵਾਂ ਬਣਨ ਦੀ ਸਿੱਖਿਆ ਦਿੱਤੀ ਜਾਂਦੀ ਸੀ। ਕੁੜੀਆਂ ਨੂੰ ਰਹਿਣ ਲਈ ਸ਼ਹਿਰ ਦੇ ਅਮੀਰ ਘਰਾਂ ਵਿਚ ਜਗ੍ਹਾ ਦਿੱਤੀ ਜਾਂਦੀ ਸੀ ਜਿੱਥੇ ਉਹ ਚੰਗੀ ਤਰ੍ਹਾਂ ਘਰ ਦਾ ਕੰਮ ਕਰਨਾ ਸਿੱਖ ਸਕਦੀਆਂ ਸਨ। ਸਵੇਰ ਨੂੰ ਕੁੜੀਆਂ ਘਰਾਂ ਵਿਚ ਕੰਮ ਕਰਨਾ ਸਿੱਖਦੀਆਂ ਸਨ ਤੇ ਦੁਪਹਿਰ ਤੋਂ ਬਾਅਦ ਉਹ ਸਕੂਲ ਜਾਂਦੀਆਂ ਸਨ।

ਦਾਖ਼ਲੇ ਦੀ ਰਸਮ ਤੋਂ ਬਾਅਦ ਮੇਰੀ ਅਧਿਆਪਕਾ ਕਿਮੋਨੋ ਨਾਂ ਦਾ ਜਪਾਨੀ ਪਹਿਰਾਵਾ ਪਾ ਕੇ ਮੈਨੂੰ ਇਕ ਵੱਡੇ ਘਰ ਲੈ ਗਈ। ਪਰ ਕਿਸੇ ਵਜ੍ਹਾ ਕਰਕੇ ਘਰ ਦੀ ਮਾਲਕਣ ਨੇ ਮੈਨੂੰ ਪਸੰਦ ਨਹੀਂ ਕੀਤਾ। ਮੇਰੀ ਅਧਿਆਪਕਾ ਨੇ ਕਿਹਾ: “ਚੱਲ ਆਪਾਂ ਸ਼੍ਰੀਮਤੀ ਕੋਡਾ ਦੇ ਘਰ ਚਲੀਏ।” ਉਹ ਮੈਨੂੰ ਇਕ ਪੱਛਮੀ ਕਿਸਮ ਦੇ ਘਰ ਲੈ ਗਈ ਤੇ ਦਰਵਾਜ਼ੇ ਦੀ ਘੰਟੀ ਵਜਾਈ। ਕੁਝ ਸਮੇਂ ਬਾਅਦ ਇਕ ਲੰਮੀ, ਧੌਲਿਆਂ ਵਾਲੀ ਔਰਤ ਨੇ ਦਰਵਾਜ਼ਾ ਖੋਲ੍ਹਿਆ। ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ! ਉਹ ਜਪਾਨੀ ਨਹੀਂ ਸੀ ਤੇ ਮੈਂ ਪਹਿਲਾਂ ਕਦੇ ਕਿਸੇ ਪੱਛਮੀ ਦੇਸ਼ ਦੇ ਇਨਸਾਨ ਨੂੰ ਨਹੀਂ ਦੇਖਿਆ ਸੀ। ਅਧਿਆਪਕਾ ਨੇ ਸ਼੍ਰੀਮਤੀ ਮੌਡ ਕੋਡਾ ਨਾਲ ਮੇਰੀ ਜਾਣ-ਪਛਾਣ ਕਰਾਈ ਤੇ ਛੇਤੀ ਚਲੀ ਗਈ। ਆਪਣਾ ਬੋਰੀ-ਬਿਸਤਰਾ ਚੁੱਕ ਕੇ ਮੈਂ ਡਰਦੀ ਹੋਈ ਘਰ ਅੰਦਰ ਵੜੀ। ਬਾਅਦ ਵਿਚ ਮੈਨੂੰ ਪਤਾ ਚਲਿਆ ਕਿ ਸ਼੍ਰੀਮਤੀ ਕੋਡਾ ਅਮਰੀਕਨ ਸੀ ਤੇ ਉਸ ਦੇ ਜਪਾਨੀ ਪਤੀ ਨੇ ਅਮਰੀਕਾ ਵਿਚ ਪੜ੍ਹਾਈ ਕੀਤੀ ਸੀ। ਉਹ ਬਿਜ਼ਨਿਸ ਕਾਲਜ ਵਿਚ ਅੰਗ੍ਰੇਜ਼ੀ ਸਿਖਾਇਆ ਕਰਦੀ ਸੀ।

ਅਗਲੀ ਸਵੇਰ ਤੋਂ ਹੀ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸ਼੍ਰੀਮਤੀ ਕੋਡਾ ਦੇ ਪਤੀ ਨੂੰ ਮਿਰਗੀ ਦੀ ਬੀਮਾਰੀ ਸੀ ਤੇ ਮੈਂ ਉਸ ਦੀ ਦੇਖ-ਭਾਲ ਵਿਚ ਹੱਥ ਵਟਾਇਆ ਕਰਦੀ ਸੀ। ਮੈਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਅੰਗ੍ਰੇਜ਼ੀ ਨਾ ਆਉਣ ਕਰਕੇ ਮੈਂ ਉਨ੍ਹਾਂ ਨਾਲ ਕਿਵੇਂ ਗੱਲ ਕਰਾਂਗੀ। ਪਰ ਸ਼੍ਰੀਮਤੀ ਕੋਡਾ ਨੂੰ ਜਪਾਨੀ ਬੋਲਦੇ ਸੁਣ ਕੇ ਮੈਂ ਸੁੱਖ ਦਾ ਸਾਹ ਲਿਆ। ਮੈਂ ਰੋਜ਼ ਉਨ੍ਹਾਂ ਨੂੰ ਆਪਸ ਵਿਚ ਅੰਗ੍ਰੇਜ਼ੀ ਵਿਚ ਗੱਲ-ਬਾਤ ਕਰਦੇ ਸੁਣਿਆ ਕਰਦੀ ਸੀ ਤੇ ਹੌਲੀ-ਹੌਲੀ ਮੈਂ ਅੰਗ੍ਰੇਜ਼ੀ ਸੁਣਨ ਦੇ ਆਦੀ ਹੋ ਗਈ। ਮੈਨੂੰ ਉਨ੍ਹਾਂ ਦੇ ਘਰ ਦਾ ਮਾਹੌਲ ਬਹੁਤ ਪਸੰਦ ਸੀ।

ਸ਼੍ਰੀਮਤੀ ਕੋਡਾ ਨੂੰ ਆਪਣੇ ਬੀਮਾਰ ਪਤੀ ਦੀ ਦੇਖ-ਭਾਲ ਕਰਦੇ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਾ। ਉਸ ਦਾ ਪਤੀ ਬਾਈਬਲ ਪੜ੍ਹਨ ਦਾ ਸ਼ੌਕੀਨ ਸੀ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਪੁਰਾਣੀਆਂ ਕਿਤਾਬਾਂ ਦੀ ਦੁਕਾਨ ਤੋਂ ਜਪਾਨੀ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਜਾਂਦੀ ਕਿਤਾਬ ਦ ਡਿਵਾਇਨ ਪਲੈਨ ਆਫ਼ ਦ ਏਜੀਜ਼ ਖ਼ਰੀਦੀ ਹੋਈ ਸੀ ਅਤੇ ਉਹ ਕਈ ਸਾਲਾਂ ਤੋਂ ਅੰਗ੍ਰੇਜ਼ੀ ਦੇ ਪਹਿਰਾਬੁਰਜ ਪੜ੍ਹ ਰਹੇ ਸਨ।

ਇਕ ਦਿਨ ਉਨ੍ਹਾਂ ਨੇ ਤੋਹਫ਼ੇ ਵਜੋਂ ਮੈਨੂੰ ਇਕ ਬਾਈਬਲ ਦਿੱਤੀ। ਜ਼ਿੰਦਗੀ ਵਿਚ ਪਹਿਲੀ ਵਾਰ ਬਾਈਬਲ ਪਾ ਕੇ ਮੈਂ ਬਹੁਤ ਖ਼ੁਸ਼ ਸੀ। ਮੈਂ ਸਕੂਲੋਂ ਆਉਂਦੀ-ਜਾਂਦੀ ਉਸ ਨੂੰ ਪੜ੍ਹਿਆ ਕਰਦੀ ਸੀ, ਪਰ ਮੈਨੂੰ ਬਹੁਤਾ ਕੁਝ ਸਮਝ ਨਹੀਂ ਆਉਂਦਾ ਸੀ। ਮੈਂ ਜਪਾਨੀ ਸ਼ਿੰਤੋ ਮਤ ਵਿਚ ਪਲ਼ੀ ਸੀ ਜਿਸ ਕਰਕੇ ਯਿਸੂ ਮਸੀਹ ਮੇਰੇ ਲਈ ਓਪਰਾ ਸੀ। ਉਸ ਵਕਤ ਮੈਨੂੰ ਇਹ ਨਹੀਂ ਪਤਾ ਸੀ ਕਿ ਬਾਈਬਲ ਤੋਂ ਮੈਨੂੰ ਜ਼ਿੰਦਗੀ ਤੇ ਮੌਤ ਬਾਰੇ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣੇ ਸਨ ਤੇ ਮੈਂ ਸੱਚਾਈ ਸਿੱਖ ਲੈਣੀ ਸੀ।

ਤਿੰਨ ਭੈੜੀਆਂ ਘਟਨਾਵਾਂ

ਕੋਡਾ ਪਰਿਵਾਰ ਨਾਲ ਦੋ ਸਾਲ ਝੱਟ ਹੀ ਗੁਜ਼ਰ ਗਏ। ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੈਂ ਕੁੜੀਆਂ ਦੀ ਵਾਲੰਟਰੀ ਬਰਗੇਡ ਵਿਚ ਭਰਤੀ ਹੋ ਗਈ ਅਤੇ ਜਲ-ਸੈਨਾ ਦੇ ਫ਼ੌਜੀਆਂ ਲਈ ਵਰਦੀਆਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਅਮਰੀਕੀ ਹਵਾਈ ਜਹਾਜ਼ਾਂ ਨੇ ਜਪਾਨ ਉੱਤੇ ਬੰਬ ਵਰ੍ਹਾਉਣੇ ਸ਼ੁਰੂ ਕਰ ਦਿੱਤੇ ਤੇ 6 ਅਗਸਤ 1945 ਨੂੰ ਹੀਰੋਸ਼ੀਮਾ ਉੱਤੇ ਐਟਮ ਬੰਬ ਸੁੱਟਿਆ ਗਿਆ। ਕੁਝ ਦਿਨਾਂ ਬਾਅਦ ਇਕ ਤਾਰ ਰਾਹੀਂ ਮੈਨੂੰ ਖ਼ਬਰ ਮਿਲੀ ਕਿ ਮਾਤਾ ਜੀ ਬਹੁਤ ਬੀਮਾਰ ਸਨ। ਮੈਂ ਪਹਿਲੀ ਟ੍ਰੇਨ ਫੜ ਕੇ ਘਰ ਵੱਲ ਚੱਲ ਪਈ। ਟ੍ਰੇਨੋਂ ਉਤਰਦੇ ਹੀ ਮੈਨੂੰ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਮਾਤਾ ਜੀ 11 ਅਗਸਤ ਦੇ ਦਿਨ ਪੂਰੇ ਹੋ ਗਏ ਸਨ। ਆਖ਼ਰ ਉਹੀ ਹੋਇਆ ਜਿਸ ਦਾ ਮੈਨੂੰ ਇੰਨੇ ਸਾਲਾਂ ਤੋਂ ਡਰ ਸੀ! ਮੈਂ ਫਿਰ ਕਦੇ ਵੀ ਮਾਤਾ ਜੀ ਦੀ ਆਵਾਜ਼ ਨਹੀਂ ਸੁਣ ਸਕਾਂਗੀ ਜਾਂ ਉਨ੍ਹਾਂ ਦੀ ਮੁਸਕਰਾਹਟ ਨਹੀਂ ਦੇਖ ਸਕਾਂਗੀ।

ਫਿਰ 15 ਅਗਸਤ ਨੂੰ ਜਪਾਨ ਨੇ ਖੁੱਲ੍ਹੇ-ਆਮ ਹਾਰ ਮੰਨ ਲਈ। ਇਸ ਤਰ੍ਹਾਂ ਮੈਨੂੰ ਦਸ ਦਿਨਾਂ ਦੇ ਅੰਦਰ-ਅੰਦਰ ਤਿੰਨ ਸਦਮੇ ਸਹਿਣੇ ਪਏ: ਪਹਿਲਾ, ਐਟਮ ਬੰਬ ਦਾ ਫਟਣਾ, ਫਿਰ ਮਾਤਾ ਜੀ ਦਾ ਚੱਲ ਵੱਸਣਾ ਅਤੇ ਅਖ਼ੀਰ ਵਿਚ ਜਪਾਨ ਦੀ ਹਾਰ। ਸਿਰਫ਼ ਇਕ ਗੱਲ ਤੋਂ ਮੈਨੂੰ ਦਿਲਾਸਾ ਮਿਲ ਰਿਹਾ ਸੀ ਕਿ ਹੁਣ ਜੰਗ ਖ਼ਤਮ ਹੋਣ ਨਾਲ ਹੋਰ ਲੋਕ ਨਹੀਂ ਮਾਰੇ ਜਾਣਗੇ। ਭਾਰੇ ਦਿਲ ਨਾਲ ਮੈਂ ਵਰਦੀ ਬਣਾਉਣ ਦੀ ਫੈਕਟਰੀ ਛੱਡ ਕੇ ਵਾਪਸ ਆਪਣੇ ਪਿੰਡ ਆ ਗਈ।

ਸੱਚਾਈ ਵੱਲ ਖਿੱਚੀ ਗਈ

ਇਕ ਦਿਨ ਮੈਨੂੰ ਓਕਾਯਾਮਾ ਤੋਂ ਸ਼੍ਰੀਮਤੀ ਮੌਡ ਕੋਡਾ ਦੀ ਚਿੱਠੀ ਆਈ, ਜਿਸ ਗੱਲ ਦੀ ਮੈਨੂੰ ਕਦੇ ਆਸ ਨਹੀਂ ਸੀ। ਉਸ ਨੇ ਲਿਖਿਆ ਕਿ ਉਹ ਅੰਗ੍ਰੇਜ਼ੀ ਸਕੂਲ ਖੋਲ੍ਹਣਾ ਚਾਹੁੰਦੀ ਸੀ ਅਤੇ ਉਸ ਨੂੰ ਘਰ ਦੇ ਕੁਝ ਕੰਮਾਂ-ਕਾਰਾਂ ਵਿਚ ਮੇਰੀ ਮਦਦ ਦੀ ਜ਼ਰੂਰਤ ਸੀ। ਮੈਨੂੰ ਪਤਾ ਨਹੀਂ ਸੀ ਕਿ ਮੈਂ ਕੀ ਕਰਾਂ, ਪਰ ਮੈਂ ਉਸ ਨੂੰ ਹਾਂ ਕਹਿ ਦਿੱਤੀ ਤੇ ਓਕਾਯਾਮਾ ਵਿਚ ਉਨ੍ਹਾਂ ਨਾਲ ਰਹਿਣ ਚਲੀ ਗਈ। ਕੁਝ ਸਾਲ ਬਾਅਦ ਅਸੀਂ ਸਾਰੇ ਕੋਬੇ ਰਹਿਣ ਚਲੇ ਗਏ।

ਸੰਨ 1949 ਵਿਚ ਗਰਮੀਆਂ ਦੇ ਇਕ ਦਿਨ, ਇਕ ਲੰਮਾ, ਮੁਸਕਰਾਉਂਦਾ ਪਰਦੇਸੀ ਕੋਡਾ ਪਰਿਵਾਰ ਨੂੰ ਮਿਲਣ ਆਇਆ। ਉਸ ਦਾ ਨਾਂ ਡੌਨਲਡ ਹਾਸਲਟ ਸੀ। ਉਹ ਮਿਸ਼ਨਰੀਆਂ ਲਈ ਇਕ ਘਰ ਲੱਭਣ ਲਈ ਟੋਕੀਓ ਤੋਂ ਕੋਬੇ ਆਇਆ ਸੀ। ਉਹ ਜਪਾਨ ਨੂੰ ਆਉਣ ਵਾਲੇ ਯਹੋਵਾਹ ਦੇ ਗਵਾਹਾਂ ਦਾ ਸਭ ਤੋਂ ਪਹਿਲਾ ਮਿਸ਼ਨਰੀ ਸੀ। ਉਸ ਨੂੰ ਇਕ ਘਰ ਲੱਭ ਪਿਆ ਅਤੇ ਨਵੰਬਰ 1949 ਵਿਚ ਕਈ ਮਿਸ਼ਨਰੀ ਕੋਬੇ ਪਹੁੰਚ ਗਏ। ਇਕ ਦਿਨ ਉਨ੍ਹਾਂ ਵਿੱਚੋਂ ਪੰਜ ਜਣੇ ਕੋਡਾ ਪਰਿਵਾਰ ਨੂੰ ਮਿਲਣ ਆਏ। ਉਨ੍ਹਾਂ ਵਿੱਚੋਂ ਦੋ ਮਿਸ਼ਨਰੀ ਲੋਈਡ ਬੈਰੀ ਅਤੇ ਪਰਸੀ ਇਜ਼ਲੋਬ ਨੇ ਵਾਰੋ-ਵਾਰੀ ਦਸਾਂ ਮਿੰਟਾਂ ਲਈ ਉਸ ਘਰ ਵਿਚ ਸਾਰੇ ਇਕੱਠੇ ਹੋਏ ਲੋਕਾਂ ਨੂੰ ਅੰਗ੍ਰੇਜ਼ੀ ਵਿਚ ਭਾਸ਼ਣ ਦਿੱਤਾ। ਸਾਰੇ ਮਿਸ਼ਨਰੀ ਸ਼੍ਰੀਮਤੀ ਮੌਡ ਕੋਡਾ ਨੂੰ ਭੈਣ ਕਹਿੰਦੇ ਸਨ ਅਤੇ ਉਸ ਨੂੰ ਇਸ ਸੰਗਤ ਤੋਂ ਬਹੁਤ ਹੌਸਲਾ ਮਿਲਿਆ। ਇਸ ਘਟਨਾ ਦੇ ਕਾਰਨ ਮੈਂ ਸੋਚਿਆ ਕਿ ਮੈਨੂੰ ਵੀ ਅੰਗ੍ਰੇਜ਼ੀ ਸਿੱਖਣੀ ਚਾਹੀਦੀ ਸੀ।

ਉਨ੍ਹਾਂ ਜੋਸ਼ੀਲੇ ਮਿਸ਼ਨਰੀਆਂ ਦੀ ਮਦਦ ਨਾਲ ਮੈਂ ਬਾਈਬਲ ਤੋਂ ਹੌਲੀ-ਹੌਲੀ ਸੱਚਾਈ ਸਿੱਖ ਲਈ। ਬਚਪਨ ਤੋਂ ਜਿਹੜੇ ਸਵਾਲ ਮੈਨੂੰ ਪਰੇਸ਼ਾਨ ਕਰ ਰਹੇ ਸਨ, ਮੈਨੂੰ ਉਨ੍ਹਾਂ ਦੇ ਜਵਾਬ ਮਿਲ ਗਏ। ਜੀ ਹਾਂ, ਬਾਈਬਲ ਵਿਚ ਦੱਸਿਆ ਗਿਆ ਹੈ ਕਿ ਲੋਕ ਹਮੇਸ਼ਾ ਲਈ ਫਿਰਦੌਸ ਵਰਗੀ ਧਰਤੀ ਉੱਤੇ ਜੀ ਸਕਣਗੇ ਅਤੇ ਮਰ ਚੁੱਕੇ ਲੋਕ ਵੀ ਫਿਰ ਤੋਂ ਜ਼ਿੰਦਾ ਕੀਤੇ ਜਾਣਗੇ। (ਯੂਹੰਨਾ 5:28, 29; ਪਰਕਾਸ਼ ਦੀ ਪੋਥੀ 21:1, 4) ਮੈਂ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕੀਤਾ ਕਿ ਉਸ ਨੇ ਆਪਣੇ ਪੁੱਤਰ ਯਿਸੂ ਮਸੀਹ ਦੇ ਬਲੀਦਾਨ ਦੇ ਜ਼ਰੀਏ ਇਹ ਆਸ ਮੁਮਕਿਨ ਬਣਾਈ ਹੈ।

ਖ਼ੁਸ਼ੀ ਨਾਲ ਪਰਮੇਸ਼ੁਰ ਦੀ ਸੇਵਾ

ਕੋਬੇ ਦੇ ਮਿਸ਼ਨਰੀ ਘਰ ਵਿਚ 30 ਦਸੰਬਰ 1949 ਤੋਂ 1 ਜਨਵਰੀ 1950 ਤਕ ਇਕ ਸੰਮੇਲਨ ਹੋਇਆ। ਇਹ ਜਪਾਨ ਵਿਚ ਯਹੋਵਾਹ ਦੇ ਗਵਾਹਾਂ ਦਾ ਸਭ ਤੋਂ ਪਹਿਲਾ ਸੰਮੇਲਨ ਸੀ। ਮੈਂ ਭੈਣ ਮੌਡ ਦੇ ਨਾਲ ਗਈ ਸੀ। ਇਹ ਮਿਸ਼ਨਰੀ ਘਰ ਪਹਿਲਾਂ ਇਕ ਨਾਜ਼ੀ ਅਫ਼ਸਰ ਦਾ ਸੀ ਅਤੇ ਇਸ ਤੋਂ ਅਵਾਜੀ ਟਾਪੂ ਦਾ ਸ਼ਾਨਦਾਰ ਦ੍ਰਿਸ਼ ਨਜ਼ਰ ਆਉਂਦਾ ਸੀ। ਉਸ ਸੰਮੇਲਨ ਵਿਚ ਮੈਨੂੰ ਬਹੁਤ ਕੁਝ ਸਮਝ ਨਹੀਂ ਆਇਆ ਕਿਉਂਕਿ ਉਦੋਂ ਮੈਨੂੰ ਬਾਈਬਲ ਦਾ ਜ਼ਿਆਦਾ ਗਿਆਨ ਨਹੀਂ ਸੀ। ਫਿਰ ਵੀ ਉਨ੍ਹਾਂ ਮਿਸ਼ਨਰੀਆਂ ਨੂੰ ਜਪਾਨੀ ਲੋਕਾਂ ਨਾਲ ਮਿਲਦੇ-ਗਿਲਦੇ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਾ। ਇਸ ਸੰਮੇਲਨ ਵਿਚ ਪਬਲਿਕ ਭਾਸ਼ਣ ਸੁਣਨ ਲਈ 101 ਲੋਕ ਇਕੱਠੇ ਹੋਏ ਸਨ।

ਇਸ ਤੋਂ ਥੋੜ੍ਹੇ ਸਮੇਂ ਬਾਅਦ ਮੈਂ ਵੀ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਦਾ ਫ਼ੈਸਲਾ ਕਰ ਲਿਆ। ਸ਼ਰਮਾਕਲ ਸੁਭਾਅ ਦੀ ਹੋਣ ਕਰਕੇ ਮੇਰੇ ਲਈ ਘਰ-ਘਰ ਜਾਣਾ ਸੌਖਾ ਨਹੀਂ ਸੀ। ਇਕ ਦਿਨ ਭਰਾ ਲੋਇਡ ਬੈਰੀ ਮੈਨੂੰ ਪ੍ਰਚਾਰ ਦੇ ਕੰਮ ਵਿਚ ਲੈ ਜਾਣ ਲਈ ਸਾਡੇ ਘਰ ਆਏ। ਉਹ ਮੈਨੂੰ ਨਾਲ ਦੇ ਘਰ ਲੈ ਗਏ। ਜਦ ਉਹ ਗੱਲ ਕਰ ਰਹੇ ਸਨ, ਤਾਂ ਮੈਂ ਉਨ੍ਹਾਂ ਪਿੱਛੇ ਲੁਕ ਕੇ ਉਨ੍ਹਾਂ ਦੀ ਗੱਲ ਸੁਣ ਰਹੀ ਸੀ। ਅਗਲੀ ਵਾਰ ਮੈਂ ਦੋ ਮਿਸ਼ਨਰੀ ਭੈਣਾਂ ਨਾਲ ਪ੍ਰਚਾਰ ਕਰਨ ਗਈ। ਇਕ ਬੁੱਢੀ ਜਪਾਨੀ ਤੀਵੀਂ ਨੇ ਸਾਨੂੰ ਅੰਦਰ ਬੁਲਾ ਲਿਆ ਅਤੇ ਸਾਡੀ ਗੱਲ ਸੁਣਨ ਤੋਂ ਬਾਅਦ ਸਾਨੂੰ ਇਕ-ਇਕ ਗਲਾਸ ਦੁੱਧ ਦਾ ਪਿਲਾਇਆ। ਉਸ ਤੀਵੀਂ ਨੇ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਤੇ ਬਾਅਦ ਵਿਚ ਬਪਤਿਸਮਾ ਵੀ ਲਿਆ। ਉਸ ਨੂੰ ਤਰੱਕੀ ਕਰਦੀ ਦੇਖ ਕੇ ਮੈਨੂੰ ਬਹੁਤ ਹੌਸਲਾ ਮਿਲਿਆ।

ਅਪ੍ਰੈਲ 1951 ਵਿਚ ਬਰੁਕਲਿਨ ਦੇ ਮੁੱਖ ਦਫ਼ਤਰ ਤੋਂ ਭਰਾ ਨੇਥਨ ਨੌਰ ਪਹਿਲੀ ਵਾਰ ਜਪਾਨ ਆਏ ਸਨ। ਉਨ੍ਹਾਂ ਨੇ ਟੋਕੀਓ ਦੇ ਇਕ ਵੱਡੇ ਆਡੀਟੋਰੀਅਮ ਵਿਚ ਇਕੱਠੇ ਹੋਏ ਲਗਭਗ 700 ਲੋਕਾਂ ਸਾਮ੍ਹਣੇ ਭਾਸ਼ਣ ਦਿੱਤਾ ਸੀ। ਇਸ ਖ਼ਾਸ ਮੀਟਿੰਗ ਵਿਚ ਪਹਿਰਾਬੁਰਜ ਰਸਾਲੇ ਦਾ ਜਪਾਨੀ ਐਡੀਸ਼ਨ ਰਿਲੀਸ ਕੀਤਾ ਗਿਆ। ਅਗਲੇ ਮਹੀਨੇ ਭਰਾ ਨੌਰ ਕੋਬੇ ਆਏ ਅਤੇ ਇਕ ਖ਼ਾਸ ਮੀਟਿੰਗ ਵਿਚ ਮੈਂ ਬਪਤਿਸਮਾ ਲਿਆ।

ਇਕ ਸਾਲ ਬਾਅਦ ਮੈਨੂੰ ਪਾਇਨੀਅਰੀ ਕਰਨ ਲਈ ਉਤਸ਼ਾਹ ਮਿਲਿਆ। ਉਸ ਸਮੇਂ ਜਪਾਨ ਵਿਚ ਬਹੁਤੇ ਪਾਇਨੀਅਰ ਨਹੀਂ ਸਨ ਤੇ ਮੈਨੂੰ ਫ਼ਿਕਰ ਸੀ ਕਿ ਮੈਂ ਆਪਣਾ ਗੁਜ਼ਾਰਾ ਕਿਸ ਤਰ੍ਹਾਂ ਤੋਰ ਸਕਾਂਗੀ। ਮੈਨੂੰ ਇਹ ਵੀ ਫ਼ਿਕਰ ਸੀ ਕਿ ਮੇਰਾ ਵਿਆਹ ਹੋਵੇਗਾ ਕਿ ਨਹੀਂ। ਪਰ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਹੀ ਸਭ ਤੋਂ ਜ਼ਰੂਰੀ ਗੱਲ ਹੋਣੀ ਚਾਹੀਦੀ ਹੈ। ਇਸ ਲਈ ਮੈਂ 1952 ਵਿਚ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਮੈਂ ਭੈਣ ਮੌਡ ਲਈ ਥੋੜ੍ਹਾ-ਬਹੁਤਾ ਕੰਮ ਕਰ ਕੇ ਆਪਣਾ ਗੁਜ਼ਾਰਾ ਕਰ ਸਕੀ ਸੀ।

ਉਨ੍ਹੀਂ ਦਿਨੀਂ ਮੇਰਾ ਭਰਾ ਜਿਸ ਬਾਰੇ ਮੈਂ ਸੋਚਿਆ ਸੀ ਕਿ ਉਹ ਜੰਗ ਵਿਚ ਮਾਰਿਆ ਗਿਆ ਸੀ, ਆਪਣੇ ਪਰਿਵਾਰ ਨਾਲ ਤਾਈਵਾਨ ਤੋਂ ਘਰ ਵਾਪਸ ਆ ਗਿਆ। ਮੇਰੇ ਪਰਿਵਾਰ ਵਿੱਚੋਂ ਕਿਸੇ ਨੇ ਕਦੇ ਬਾਈਬਲ ਵਿਚ ਦਿਲਚਸਪੀ ਨਹੀਂ ਲਈ ਸੀ, ਪਰ ਜੋਸ਼ ਨਾਲ ਹੁਣ ਮੈਂ ਉਨ੍ਹਾਂ ਨੂੰ ਰਸਾਲੇ ਤੇ ਪੁਸਤਿਕਾਵਾਂ ਭੇਜਣੇ ਸ਼ੁਰੂ ਕਰ ਦਿੱਤੇ। ਕੁਝ ਸਮੇਂ ਬਾਅਦ ਮੇਰਾ ਭਰਾ ਆਪਣੇ ਕੰਮ ਕਰਕੇ ਆਪਣੇ ਪਰਿਵਾਰ ਨਾਲ ਕੋਬੇ ਆ ਕੇ ਰਹਿਣ ਲੱਗ ਪਿਆ। ਮੈਂ ਆਪਣੀ ਭਰਜਾਈ ਨੂੰ ਪੁੱਛਿਆ: “ਕੀ ਤੁਸੀਂ ਰਸਾਲੇ ਪੜ੍ਹੇ ਹਨ?” ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਉਸ ਨੇ ਕਿਹਾ, “ਹਾਂ, ਬਹੁਤ ਚੰਗੇ ਲੱਗੇ।” ਇਕ ਮਿਸ਼ਨਰੀ ਭੈਣ ਨੇ ਉਸ ਨਾਲ ਅਤੇ ਮੇਰੀ ਛੋਟੀ ਭੈਣ ਜੋ ਉਨ੍ਹਾਂ ਨਾਲ ਰਹਿੰਦੀ ਸੀ, ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਉਨ੍ਹਾਂ ਦੋਹਾਂ ਨੇ ਬਪਤਿਸਮਾ ਲੈ ਲਿਆ।

ਮੈਂ ਹੋਰਨਾਂ ਮੁਲਕਾਂ ਤੋਂ ਆਏ ਭੈਣਾਂ-ਭਰਾਵਾਂ ਨੂੰ ਮਿਲੀ

ਇਕ ਦਿਨ ਮੈਂ ਹੱਕੀ-ਬੱਕੀ ਰਹਿ ਗਈ ਜਦੋਂ ਮੈਨੂੰ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਜਾਣ ਦਾ ਸੱਦਾ ਮਿਲਿਆ। ਮੈਂ ਤੇ ਭਰਾ ਟਸੁਟੋਮੂ ਫ਼ੂਕਾਸੇ ਇਸ ਮਿਸ਼ਨਰੀ ਸਕੂਲ ਦੀ 22ਵੀਂ ਕਲਾਸ ਲਈ ਬੁਲਾਏ ਗਏ ਸੀ ਅਤੇ ਅਸੀਂ ਪਹਿਲੇ ਜਪਾਨੀ ਵਿਦਿਆਰਥੀ ਸੀ। ਸੰਨ 1953 ਵਿਚ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਸਾਨੂੰ ਨਿਊਯਾਰਕ ਦੇ ਯੈਂਕੀ ਸਟੇਡੀਅਮ ਵਿਚ ਇਕ ਵੱਡੇ ਸੰਮੇਲਨ ਵਿਚ ਜਾਣ ਦਾ ਮੌਕਾ ਮਿਲਿਆ। ਮੈਂ ਹੋਰਨਾਂ ਮੁਲਕਾਂ ਤੋਂ ਆਏ ਭੈਣਾਂ-ਭਰਾਵਾਂ ਨੂੰ ਮਿਲ ਕੇ ਬਹੁਤ ਖ਼ੁਸ਼ ਹੋਈ।

ਸੰਮੇਲਨ ਦੇ ਪੰਜਵੇਂ ਦਿਨ ਜਪਾਨ ਤੋਂ ਆਏ ਸਾਰੇ ਭੈਣਾਂ-ਭਰਾਵਾਂ ਨੇ ਕਿਮੋਨੋ ਪਹਿਨਣੇ ਸਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਤਾਂ ਮਿਸ਼ਨਰੀ ਹੀ ਸਨ। ਮੇਰਾ ਸਾਮਾਨ ਅਜੇ ਅਮਰੀਕਾ ਨਹੀਂ ਪਹੁੰਚਿਆ ਸੀ ਜਿਸ ਕਰਕੇ ਮੇਰੇ ਕੋਲ ਪਹਿਨਣ ਲਈ ਕਿਮੋਨੋ ਨਹੀਂ ਸੀ। ਭੈਣ ਨੌਰ ਨੇ ਮੈਨੂੰ ਆਪਣਾ ਇਕ ਕਿਮੋਨੋ ਪਾਉਣ ਲਈ ਦਿੱਤਾ। ਜਦੋਂ ਪ੍ਰੋਗ੍ਰਾਮ ਦੌਰਾਨ ਮੀਂਹ ਪੈਣ ਲੱਗ ਪਿਆ, ਤਾਂ ਮੈਨੂੰ ਫ਼ਿਕਰ ਸੀ ਕਿ ਕਿਤੇ ਕਿਮੋਨੋ ਹੀ ਨਾ ਭਿੱਜ ਜਾਵੇ। ਅਚਾਨਕ ਕਿਸੇ ਨੇ ਪਿੱਛਿਓਂ ਮੇਰੇ ਮੋਢਿਆਂ ਤੇ ਇਕ ਰੇਨਕੋਟ ਰੱਖ ਦਿੱਤਾ। ਮੇਰੇ ਨਾਲ ਖੜ੍ਹੀ ਇਕ ਭੈਣ ਨੇ ਮੈਨੂੰ ਪੁੱਛਿਆ, “ਤੁਹਾਨੂੰ ਪਤਾ ਇਹ ਕੌਣ ਹੈ?” ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਉਹ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਫਰੈਡਰਿਕ ਫ਼੍ਰਾਂਜ਼ ਸਨ। ਉਸ ਸਮੇਂ ਮੈਨੂੰ ਯਹੋਵਾਹ ਦੇ ਲੋਕਾਂ ਦੇ ਪਿਆਰ ਦਾ ਹੋਰ ਵੀ ਪੱਕਾ ਸਬੂਤ ਮਿਲਿਆ।

ਗਿਲਿਅਡ ਦੀ 22ਵੀਂ ਕਲਾਸ ਸੱਚ-ਮੁੱਚ ਅੰਤਰਰਾਸ਼ਟਰੀ ਸੀ ਕਿਉਂਕਿ ਇਸ ਵਿਚ 37 ਮੁਲਕਾਂ ਤੋਂ ਆਏ 120 ਵਿਦਿਆਰਥੀ ਸਨ। ਭਾਵੇਂ ਅਸੀਂ ਸਾਰੇ ਇਕ-ਦੂਜੇ ਦੀ ਗੱਲ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ ਸੀ, ਫਿਰ ਵੀ ਸਾਨੂੰ ਇਕ-ਦੂਜੇ ਨਾਲ ਮਿਲਣ ਤੋਂ ਬਹੁਤ ਆਨੰਦ ਆਇਆ। ਫਰਵਰੀ 1954 ਦੇ ਇਕ ਦਿਨ ਜਦ ਬਾਹਰ ਬਰਫ਼ ਪੈ ਰਹੀ ਸੀ, ਮੈਂ ਸਕੂਲ ਤੋਂ ਗ੍ਰੈਜੂਏਟ ਹੋਈ ਤੇ ਮੈਨੂੰ ਮਿਸ਼ਨਰੀ ਦੇ ਤੌਰ ਤੇ ਜਪਾਨ ਵਾਪਸ ਭੇਜਿਆ ਗਿਆ। ਮੇਰੇ ਨਾਲ ਗ੍ਰੈਜੂਏਟ ਹੋਣ ਵਾਲੀ ਇੰਗਰ ਨਾਂ ਦੀ ਇਕ ਸਵੀਡਿਸ਼ ਭੈਣ ਮੇਰੀ ਸਾਥਣ ਸੀ। ਅਸੀਂ ਦੋਵੇਂ ਨਗੋਯਾ ਸ਼ਹਿਰ ਗਈਆਂ। ਉੱਥੇ ਅਸੀਂ ਕੁਝ ਮਿਸ਼ਨਰੀਆਂ ਦੇ ਨਾਲ ਰਹੀਆਂ ਜੋ ਕੋਰੀਆ ਵਿਚ ਜੰਗ ਹੋਣ ਕਰਕੇ ਜਪਾਨ ਆ ਗਏ ਸਨ। ਭਾਵੇਂ ਮੈਂ ਮਿਸ਼ਨਰੀ ਸੇਵਾ ਵਿਚ ਕੁਝ ਹੀ ਸਾਲ ਬਿਤਾਏ, ਪਰ ਇਹ ਬਹੁਤ ਹੀ ਸੋਹਣੇ ਸਾਲ ਸਨ।

ਅਸੀਂ ਪਤੀ-ਪਤਨੀ ਨੇ ਇਕੱਠੇ ਸੇਵਾ ਕੀਤੀ

ਸਤੰਬਰ 1957 ਵਿਚ ਮੈਨੂੰ ਟੋਕੀਓ ਬੈਥਲ ਵਿਚ ਕੰਮ ਕਰਨ ਲਈ ਬੁਲਾਇਆ ਗਿਆ। ਉਸ ਸਮੇਂ, ਇਕ ਲੱਕੜੀ ਦਾ ਬਣਿਆ ਹੋਇਆ ਦੋ-ਮੰਜ਼ਲਾ ਘਰ ਜਪਾਨ ਦੇ ਬ੍ਰਾਂਚ ਆਫਿਸ ਲਈ ਵਰਤਿਆ ਜਾ ਰਿਹਾ ਸੀ। ਬ੍ਰਾਂਚ ਵਿਚ ਸਿਰਫ਼ ਚਾਰ ਜਣੇ ਕੰਮ ਕਰਦੇ ਸਨ ਅਤੇ ਭਰਾ ਬੈਰੀ ਉਸ ਸਮੇਂ ਬ੍ਰਾਂਚ ਓਵਰਸੀਅਰ ਸਨ। ਘਰ ਵਿਚ ਬਾਕੀ ਸਾਰੇ ਮਿਸ਼ਨਰੀ ਸਨ। ਮੈਨੂੰ ਅਨੁਵਾਦ ਅਤੇ ਪਰੂਫ ਰੀਡਿੰਗ ਦਾ ਕੰਮ ਦਿੱਤਾ ਗਿਆ ਤੇ ਮੈਂ ਸਫ਼ਾਈ ਕਰਨ, ਕੱਪੜੇ ਧੋਣ, ਖਾਣਾ ਬਣਾਉਣ ਆਦਿ ਦਾ ਕੰਮ ਵੀ ਕਰਦੀ ਸੀ।

ਜਪਾਨ ਵਿਚ ਯਹੋਵਾਹ ਦੇ ਗਵਾਹਾਂ ਦਾ ਕੰਮ ਤਰੱਕੀ ਕਰ ਰਿਹਾ ਸੀ ਤੇ ਹੋਰ ਭਰਾਵਾਂ ਨੂੰ ਕੰਮ ਕਰਨ ਲਈ ਬੈਥਲ ਬੁਲਾਇਆ ਗਿਆ। ਜੂੰਜੀ ਕੋਸੀਨੋ ਇਨ੍ਹਾਂ ਨਵੇਂ ਭਰਾਵਾਂ ਵਿੱਚੋਂ ਇਕ ਸੀ ਤੇ ਉਸ ਨੂੰ ਮੇਰੀ ਕਲੀਸਿਯਾ ਵਿਚ ਬਜ਼ੁਰਗ ਦੇ ਤੌਰ ਤੇ ਨਿਯੁਕਤ ਕੀਤਾ ਗਿਆ। ਸੰਨ 1966 ਵਿਚ ਸਾਡਾ ਵਿਆਹ ਹੋ ਗਿਆ। ਸ਼ਾਦੀ ਤੋਂ ਬਾਅਦ ਜੂੰਜੀ ਨੂੰ ਸਰਕਟ ਕੰਮ ਕਰਨ ਦੀ ਜ਼ਿੰਮੇਵਾਰੀ ਮਿਲੀ। ਵੱਖਰੀਆਂ-ਵੱਖਰੀਆਂ ਕਲੀਸਿਯਾਵਾਂ ਦੇ ਭੈਣਾਂ-ਭਰਾਵਾਂ ਨੂੰ ਮਿਲਣਾ ਮੈਨੂੰ ਬਹੁਤ ਚੰਗਾ ਲੱਗਾ। ਮੈਂ ਅਜੇ ਵੀ ਤਰਜਮੇ ਦਾ ਥੋੜ੍ਹਾ-ਬਹੁਤਾ ਕੰਮ ਕਰਦੀ ਸੀ ਅਤੇ ਜਿੱਥੇ ਕਿਤੇ ਵੀ ਅਸੀਂ ਹਫ਼ਤੇ ਲਈ ਠਹਿਰਦੇ ਸੀ, ਮੈਂ ਉਸੇ ਘਰ ਵਿਚ ਆਪਣਾ ਕੰਮ ਕਰਦੀ ਸੀ। ਇਸ ਦਾ ਇਹ ਮਤਲਬ ਸੀ ਕਿ ਸਾਨੂੰ ਵੱਡੇ-ਵੱਡੇ ਕੋਸ਼ ਚੁੱਕ ਕੇ ਸਫ਼ਰ ਕਰਨਾ ਪੈਂਦਾ ਸੀ।

ਅਸੀਂ ਚਾਰ ਸਾਲ ਸਰਕਟ ਕੰਮ ਦਾ ਲੁਤਫ਼ ਉਠਾਇਆ ਅਤੇ ਅਸੀਂ ਕਲੀਸਿਯਾਵਾਂ ਵਿਚ ਵਾਧਾ ਹੁੰਦਾ ਦੇਖਿਆ। ਬ੍ਰਾਂਚ ਟੋਕੀਓ ਤੋਂ ਨੂਮਾਜ਼ੂ ਤੇ ਫਿਰ ਕਈ ਸਾਲ ਬਾਅਦ ਏਬੀਨਾ ਸ਼ਿਫ਼ਟ ਕੀਤਾ ਗਿਆ ਜਿੱਥੇ ਇਹ ਅੱਜ ਵੀ ਹੈ। ਮੈਂ ਤੇ ਜੂੰਜੀ ਹੁਣ ਕਈ ਸਾਲਾਂ ਤੋਂ ਬੈਥਲ ਵਿਚ ਕੰਮ ਕਰ ਰਹੇ ਹਾਂ। ਬੈਥਲ ਪਰਿਵਾਰ ਵਿਚ ਹੁਣ ਲਗਭਗ 600 ਮੈਂਬਰ ਹਨ। ਮਈ 2002 ਵਿਚ ਮੈਂ ਯਹੋਵਾਹ ਦੀ ਪੂਰੇ ਸਮੇਂ ਦੀ ਸੇਵਾ ਵਿਚ 50 ਸਾਲ ਪੂਰੇ ਕਰ ਲਏ ਸਨ। ਖ਼ੁਸ਼ੀ ਦਾ ਉਹ ਦਿਨ ਅਸੀਂ ਬੈਥਲ ਵਿਚ ਆਪਣੇ ਦੋਸਤਾਂ ਨਾਲ ਮਨਾਇਆ।

ਵਾਧਾ ਦੇਖਣ ਦਾ ਸਨਮਾਨ

ਜਦ 1950 ਵਿਚ ਮੈਂ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕੀਤੀ ਸੀ, ਤਾਂ ਜਪਾਨ ਵਿਚ ਯਹੋਵਾਹ ਦੇ ਬਹੁਤ ਥੋੜ੍ਹੇ ਗਵਾਹ ਸਨ। ਹੁਣ ਇੱਥੇ ਯਹੋਵਾਹ ਦੇ 2,10,000 ਤੋਂ ਜ਼ਿਆਦਾ ਗਵਾਹ ਹਨ! ਸੱਚ-ਮੁੱਚ ਕਿਹਾ ਜਾ ਸਕਦਾ ਹੈ ਕਿ ਮੇਰੇ ਵਾਂਗ ਹਜ਼ਾਰਾਂ ਲੋਕ ਸੱਚਾਈ ਵੱਲ ਖਿੱਚੇ ਗਏ ਹਨ।

ਸੰਨ 1949 ਵਿਚ ਭੈਣ ਮੌਡ ਦੇ ਘਰ ਜੋ ਚਾਰ ਮਿਸ਼ਨਰੀ ਭਰਾ ਤੇ ਇਕ ਭੈਣ ਆਏ ਸਨ, ਉਹ ਸਾਰੇ ਆਪਣੀ ਮੌਤ ਤਕ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੇ। ਮੇਰਾ ਭਰਾ ਵੀ ਮੌਤ ਤਕ ਵਫ਼ਾਦਾਰ ਰਿਹਾ। ਮਰਨ ਤੋਂ ਪਹਿਲਾਂ ਉਹ ਕਲੀਸਿਯਾ ਵਿਚ ਸਹਾਇਕ ਸੇਵਕ ਦੇ ਤੌਰ ਤੇ ਸੇਵਾ ਕਰ ਰਿਹਾ ਸੀ। ਮੇਰੀ ਭਰਜਾਈ ਵੀ ਕੁਝ 15 ਸਾਲ ਪਾਇਨੀਅਰੀ ਕਰਨ ਤੋਂ ਬਾਅਦ ਪੂਰੀ ਹੋ ਚੁੱਕੀ ਹੈ। ਮੇਰੇ ਮਾਤਾ-ਪਿਤਾ ਦੀ ਮੌਤ ਹੋਈ ਨੂੰ ਕਈ ਵਰ੍ਹੇ ਬੀਤ ਗਏ ਹਨ। ਭਵਿੱਖ ਵਿਚ ਉਨ੍ਹਾਂ ਲਈ ਕੀ ਉਮੀਦ ਹੈ? ਬਾਈਬਲ ਵਿਚ ਮੁਰਦਿਆਂ ਦੇ ਜੀ ਉੱਠਣ ਦੀ ਉਮੀਦ ਪੜ੍ਹ ਕੇ ਮੈਨੂੰ ਬੜਾ ਹੌਸਲਾ ਮਿਲਦਾ ਹੈ।—ਰਸੂਲਾਂ ਦੇ ਕਰਤੱਬ 24:15.

ਸੰਨ 1941 ਵਿਚ ਭੈਣ ਮੌਡ ਨਾਲ ਮੇਰੀ ਮੁਲਾਕਾਤ ਮੇਰੀ ਜ਼ਿੰਦਗੀ ਦਾ ਇਕ ਅਹਿਮ ਮੋੜ ਸੀ। ਜੇ ਮੈਂ ਉਸ ਨੂੰ ਨਾ ਮਿਲਦੀ ਜਾਂ ਜੇ ਮੈਂ ਜੰਗ ਖ਼ਤਮ ਹੋਣ ਤੋਂ ਬਾਅਦ ਉਸ ਦੇ ਘਰ ਦੁਬਾਰਾ ਕੰਮ ਕਰਨ ਲਈ ਨਾ ਜਾਂਦੀ, ਤਾਂ ਮੈਂ ਸ਼ਾਇਦ ਆਪਣੇ ਦੂਰ-ਦੁਰਾਡੇ ਪਿੰਡ ਜਾ ਕੇ ਰਹਿਣ ਲੱਗ ਪੈਣਾ ਸੀ ਜਿੱਥੇ ਮੈਂ ਕਿਸੇ ਮਿਸ਼ਨਰੀ ਨੂੰ ਨਹੀਂ ਮਿਲਣਾ ਸੀ। ਮੈਂ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕਰਦੀ ਹਾਂ ਕਿ ਉਸ ਨੇ ਭੈਣ ਮੌਡ ਅਤੇ ਮਿਸ਼ਨਰੀਆਂ ਦੇ ਜ਼ਰੀਏ ਮੈਨੂੰ ਸੱਚਾਈ ਵੱਲ ਖਿੱਚਿਆ ਹੈ!

[ਸਫ਼ੇ 25 ਉੱਤੇ ਤਸਵੀਰ]

ਮੌਡ ਕੋਡਾ ਤੇ ਉਸ ਦੇ ਪਤੀ ਨਾਲ। ਮੈਂ ਅੱਗੇ ਖੱਬੇ ਪਾਸੇ ਖੜ੍ਹੀ ਹਾਂ

[ਸਫ਼ੇ 27 ਉੱਤੇ ਤਸਵੀਰ]

1953 ਵਿਚ ਯੈਂਕੀ ਸਟੇਡੀਅਮ ਵਿਖੇ ਜਪਾਨ ਤੋਂ ਆਏ ਮਿਸ਼ਨਰੀਆਂ ਨਾਲ। ਮੈਂ ਐਨ ਖੱਬੇ ਪਾਸੇ ਖੜ੍ਹੀ ਹਾਂ

[ਸਫ਼ੇ 28 ਉੱਤੇ ਤਸਵੀਰ]

ਮੇਰੇ ਪਤੀ ਜੂੰਜੀ ਨਾਲ ਬੈਥਲ ਵਿਚ