Skip to content

Skip to table of contents

“ਅਣਸਾਵੇਂ ਨਾ ਜੁੱਤੋ”

“ਅਣਸਾਵੇਂ ਨਾ ਜੁੱਤੋ”

“ਅਣਸਾਵੇਂ ਨਾ ਜੁੱਤੋ”

ਤੁਸੀਂ ਇਸ ਤਸਵੀਰ ਵਿਚ ਸਾਫ਼ ਦੇਖ ਸਕਦੇ ਹੋ ਕਿ ਊਠ ਅਤੇ ਬਲਦ ਨੂੰ ਇਕੱਠੇ ਹਲ਼ ਵਾਹੁਣ ਵਿਚ ਬੜੀ ਔਖਿਆਈ ਹੋ ਰਹੀ ਹੈ ਕਿਉਂਕਿ ਜੂਲੇ ਹੇਠ ਇੱਕੋ ਕੱਦ ਅਤੇ ਬਲ ਦੇ ਦੋ ਜਾਨਵਰ ਬੰਨ੍ਹਣੇ ਚਾਹੀਦੇ ਸਨ। ਹਲ਼ ਖਿੱਚਣ ਵਾਲੇ ਜਾਨਵਰਾਂ ਲਈ ਚਿੰਤਾ ਪ੍ਰਗਟਾਉਂਦੇ ਹੋਏ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਕਿਹਾ ਸੀ: “ਤੂੰ ਬਲਦ ਅਤੇ ਗਧੇ ਨੂੰ ਇਕੱਠਾ ਨਾ ਵਾਹੀਂ।” (ਬਿਵਸਥਾ ਸਾਰ 22:10) ਇਹੋ ਗੱਲ ਬਲਦ ਅਤੇ ਊਠ ਉੱਤੇ ਵੀ ਲਾਗੂ ਹੁੰਦੀ ਹੈ।

ਕਿਸਾਨ ਆਮ ਤੌਰ ਤੇ ਆਪਣੇ ਪਸ਼ੂਆਂ ਉੱਤੇ ਇਸ ਤਰ੍ਹਾਂ ਦਾ ਜ਼ੁਲਮ ਨਹੀਂ ਢਾਹੁੰਦੇ। ਪਰ ਜੇ ਉਸ ਕੋਲ ਦੋ ਬਲਦ ਨਾ ਹੋਣ, ਤਾਂ ਹੋ ਸਕਦਾ ਕਿ ਉਹ ਦੋ ਵੱਖੋ-ਵੱਖਰੇ ਜਾਨਵਰਾਂ ਨੂੰ ਇੱਕੋ ਜੂਲੇ ਹੇਠ ਬੰਨ੍ਹ ਕੇ ਉਨ੍ਹਾਂ ਤੋਂ ਕੰਮ ਲਵੇ। ਸ਼ਾਇਦ ਤਸਵੀਰ ਵਿਚ ਦਿਖਾਏ ਗਏ 19ਵੀਂ ਸਦੀ ਦੇ ਇਸ ਕਿਸਾਨ ਨੇ ਵੀ ਇਹੋ ਕਰਨ ਦਾ ਫ਼ੈਸਲਾ ਕੀਤਾ ਸੀ। ਦੋਨਾਂ ਜਾਨਵਰਾਂ ਦੇ ਕੱਦ ਅਤੇ ਬਲ ਵਿਚ ਵੱਡਾ ਫ਼ਰਕ ਹੋਣ ਕਰਕੇ ਕਮਜ਼ੋਰ ਜਾਨਵਰ ਨੂੰ ਵੱਡੇ ਜਾਨਵਰ ਦੇ ਨਾਲ-ਨਾਲ ਤੁਰਨ ਵਿਚ ਬਹੁਤ ਮੁਸ਼ਕਲ ਹੋਵੇਗੀ ਅਤੇ ਵੱਡੇ ਜਾਨਵਰ ਨੂੰ ਹਲ਼ ਵਾਹੁਣ ਲਈ ਜ਼ਿਆਦਾ ਜ਼ੋਰ ਲਾਉਣਾ ਪਵੇਗਾ।

ਅਣਸਾਵੇਂ ਜੋਤਣ ਦੇ ਸੰਬੰਧ ਵਿਚ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਲਿਖਿਆ ਸੀ: “ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤੋ ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ? ਯਾ ਚਾਨਣ ਦਾ ਅਨ੍ਹੇਰੇ ਨਾਲ ਕੀ ਮੇਲ ਹੈ?” (2 ਕੁਰਿੰਥੀਆਂ 6:14) ਮਸੀਹੀ ਕਿਵੇਂ ਅਣਸਾਵੇਂ ਜੂਲੇ ਹੇਠ ਆ ਸਕਦੇ ਹਨ?

ਇਕ ਮਸੀਹੀ ਅਜਿਹਾ ਜੀਵਨ ਸਾਥੀ ਚੁਣ ਕੇ ਅਣਸਾਵੇਂ ਜੂਲੇ ਹੇਠ ਆ ਸਕਦਾ ਹੈ ਜਿਸ ਦੇ ਧਾਰਮਿਕ ਵਿਸ਼ਵਾਸ ਉਸ ਤੋਂ ਵੱਖਰੇ ਹਨ। ਅਜਿਹਾ ਮੇਲ ਪਤੀ-ਪਤਨੀ ਦੋਨਾਂ ਲਈ ਅਸੁਖਾਵਾਂ ਸਾਬਤ ਹੋਵੇਗਾ ਕਿਉਂਕਿ ਬੁਨਿਆਦੀ ਧਾਰਮਿਕ ਵਿਸ਼ਵਾਸਾਂ ਉੱਤੇ ਵੀ ਉਨ੍ਹਾਂ ਦੇ ਵਿਚਾਰ ਆਪਸ ਵਿਚ ਮੇਲ ਨਹੀਂ ਖਾਣਗੇ।

ਪਹਿਲਾ ਮਨੁੱਖੀ ਵਿਆਹ ਰਚਾਉਂਦੇ ਸਮੇਂ ਯਹੋਵਾਹ ਨੇ ਕਿਹਾ ਸੀ ਕਿ ਪਤਨੀ ਆਪਣੇ ਪਤੀ ਦੀ “ਸਹਾਇਕਣ” ਹੋਵੇਗੀ। (ਉਤਪਤ 2:18) ਇਸੇ ਤਰ੍ਹਾਂ ਮਲਾਕੀ ਨਬੀ ਦੁਆਰਾ ਵੀ ਪਰਮੇਸ਼ੁਰ ਨੇ ਪਤਨੀ ਨੂੰ ਪਤੀ ਦੀ “ਸਾਥਣ” ਕਿਹਾ ਸੀ। (ਮਲਾਕੀ 2:14) ਸਾਡਾ ਸਿਰਜਣਹਾਰ ਚਾਹੁੰਦਾ ਹੈ ਕਿ ਪਤੀ-ਪਤਨੀ ਵਿਆਹ ਦੇ ਜੂਲੇ ਹੇਠ ਆ ਕੇ ਇੱਕੋ ਅਧਿਆਤਮਿਕ ਦਿਸ਼ਾ ਵੱਲ ਤੁਰਨ ਅਤੇ ਜ਼ਿੰਮੇਵਾਰੀਆਂ ਦਾ ਭਾਰ ਚੁੱਕਣ ਵਿਚ ਇਕ ਦੂਸਰੇ ਦਾ ਸਾਥ ਦੇਣ। ਇਸ ਤਰ੍ਹਾਂ ਉਨ੍ਹਾਂ ਦੋਨਾਂ ਨੂੰ ਫ਼ਾਇਦਾ ਹੋਵੇਗਾ।

“ਕੇਵਲ ਪ੍ਰਭੁ ਵਿੱਚ” ਵਿਆਹ ਕਰਾ ਕੇ ਇਕ ਮਸੀਹੀ ਆਪਣੇ ਸਵਰਗੀ ਪਿਤਾ ਦੀ ਨਸੀਹਤ ਦਾ ਸਨਮਾਨ ਕਰਦਾ ਹੈ। (1 ਕੁਰਿੰਥੀਆਂ 7:39) ਇਸ ਤਰ੍ਹਾਂ ਉਹ ਸੁਖੀ ਵਿਆਹੁਤਾ ਜੀਵਨ ਲਈ ਚੰਗੀ ਨੀਂਹ ਧਰਦਾ ਹੈ। ਸਾਵੇਂ ਜੂਲੇ ਹੇਠ ਬੱਝੇ ਬਲਦਾਂ ਵਾਂਗ, ਜਦੋਂ ਪਤੀ-ਪਤਨੀ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਇਕ ਦੂਸਰੇ ਨਾਲ ‘ਕੰਮ ਕਰਨ ਵਾਲੇ’ ਬਣਦੇ ਹਨ, ਤਾਂ ਉਹ ਪਰਮੇਸ਼ੁਰ ਦੀ ਮਹਿਮਾ ਅਤੇ ਆਦਰ ਕਰਦੇ ਹਨ।—ਫ਼ਿਲਿੱਪੀਆਂ 4:3.

[ਸਫ਼ੇ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਊਠ ਅਤੇ ਬਲਦ: From the book La Tierra Santa, Volume 1, 1830