Skip to content

Skip to table of contents

ਆਪਣੇ ਗਿਆਨ ਨਾਲ ਸੰਜਮ ਨੂੰ ਵਧਾਓ

ਆਪਣੇ ਗਿਆਨ ਨਾਲ ਸੰਜਮ ਨੂੰ ਵਧਾਓ

ਆਪਣੇ ਗਿਆਨ ਨਾਲ ਸੰਜਮ ਨੂੰ ਵਧਾਓ

‘ਗਿਆਨ ਨਾਲ ਸੰਜਮ ਨੂੰ ਵਧਾਈ ਜਾਓ।’—2 ਪਤਰਸ 1:5-8.

1. ਕਿਸ ਗੱਲ ਕਰਕੇ ਇਨਸਾਨ ਅਕਸਰ ਮੁਸੀਬਤ ਵਿਚ ਪੈ ਜਾਂਦਾ ਹੈ?

ਅਮਰੀਕਾ ਵਿਚ ਨਸ਼ੀਲੀਆਂ ਦਵਾਈਆਂ ਵਿਰੁੱਧ ਚਲਾਈ ਗਈ ਇਕ ਵੱਡੀ ਮੁਹਿੰਮ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਨੂੰ “ਨਾਂਹ ਕਹਿਣ” ਦੀ ਨਸੀਹਤ ਦਿੱਤੀ ਗਈ ਸੀ। ਪਰ ਇਹ ਕਿੰਨਾ ਵਧੀਆ ਹੋਵੇਗਾ ਜੇ ਸਾਰੇ ਲੋਕ ਨਾ ਕੇਵਲ ਨਸ਼ਿਆਂ ਨੂੰ ਨਾਂਹ ਕਹਿਣ, ਸਗੋਂ ਸ਼ਰਾਬੀਪੁਣੇ, ਨੁਕਸਾਨਦੇਹ ਜਾਂ ਅਨੈਤਿਕ ਜੀਵਨ-ਢੰਗਾਂ, ਬਿਜ਼ਨਿਸ ਵਿਚ ਬੇਈਮਾਨੀ ਅਤੇ “ਸਰੀਰਕ ਵਾਸਨਾਵਾਂ” ਨੂੰ ਵੀ ਨਾਂਹ ਕਹਿਣ! (ਰੋਮੀਆਂ 13:14, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਨਾਂਹ ਕਹਿਣਾ ਹਮੇਸ਼ਾ ਆਸਾਨ ਨਹੀਂ ਹੁੰਦਾ।

2. (ੳ) ਬਾਈਬਲ ਵਿਚ ਕਿਹੜੀਆਂ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਨਾਂਹ ਕਹਿਣ ਦੀ ਨਾਕਾਬਲੀਅਤ ਕੋਈ ਨਵੀਂ ਸਮੱਸਿਆ ਨਹੀਂ ਹੈ? (ਅ) ਇਨ੍ਹਾਂ ਉਦਾਹਰਣਾਂ ਤੋਂ ਸਾਨੂੰ ਕੀ ਕਰਨ ਦਾ ਹੌਸਲਾ ਮਿਲਣਾ ਚਾਹੀਦਾ ਹੈ?

2 ਨਾਮੁਕੰਮਲ ਹੋਣ ਕਰਕੇ ਹਰ ਇਨਸਾਨ ਲਈ ਸੰਜਮ ਰੱਖਣਾ ਔਖਾ ਹੈ। ਇਸ ਲਈ ਜੇ ਸਾਨੂੰ ਕਿਸੇ ਗੱਲ ਵਿਚ ਸੰਜਮੀ ਹੋਣਾ ਮੁਸ਼ਕਲ ਲੱਗ ਰਿਹਾ ਹੈ, ਤਾਂ ਅਸੀਂ ਇਹ ਜ਼ਰੂਰ ਜਾਣਨਾ ਚਾਹਾਂਗੇ ਕਿ ਅਸੀਂ ਆਪਣੀ ਇਸ ਕਮਜ਼ੋਰੀ ਉੱਤੇ ਕਿਵੇਂ ਕਾਬੂ ਪਾ ਸਕਦੇ ਹਾਂ। ਬਾਈਬਲ ਵਿਚ ਕੁਝ ਵਿਅਕਤੀਆਂ ਬਾਰੇ ਦੱਸਿਆ ਗਿਆ ਹੈ ਜੋ ਪਰਮੇਸ਼ੁਰ ਦੀ ਸੇਵਾ ਕਰਨ ਦੀ ਬੜੀ ਕੋਸ਼ਿਸ਼ ਕਰਦੇ ਹੋਏ ਵੀ ਕਦੇ-ਕਦਾਈਂ ਗ਼ਲਤ ਕੰਮਾਂ ਨੂੰ ਨਾਂਹ ਨਹੀਂ ਕਹਿ ਸਕੇ ਸਨ। ਦਾਊਦ ਦੇ ਬਥ-ਸ਼ਬਾ ਨਾਲ ਕੀਤੇ ਪਾਪ ਨੂੰ ਚੇਤੇ ਕਰੋ। ਉਨ੍ਹਾਂ ਦੇ ਪਾਪ ਕਰਕੇ ਦੋ ਨਿਰਦੋਸ਼ ਜਾਨਾਂ ਗਈਆਂ। ਇਕ ਤਾਂ ਦਾਊਦ ਅਤੇ ਬਥ-ਸ਼ਬਾ ਦਾ ਪੁੱਤਰ ਸੀ ਜੋ ਉਨ੍ਹਾਂ ਦੇ ਪਾਪ ਕਰਕੇ ਪੈਦਾ ਹੋਇਆ ਸੀ ਅਤੇ ਦੂਸਰਾ ਬਥ-ਸ਼ਬਾ ਦਾ ਪਤੀ। (2 ਸਮੂਏਲ 11:1-27; 12:15-18) ਜਾਂ ਫਿਰ ਪੌਲੁਸ ਰਸੂਲ ਬਾਰੇ ਸੋਚੋ ਜਿਸ ਨੇ ਖੁੱਲ੍ਹੇ-ਆਮ ਇਹ ਕਬੂਲ ਕੀਤਾ ਸੀ: “ਜਿਹੜੀ ਭਲਿਆਈ ਮੈਂ ਕਰਨਾ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ ਸਗੋਂ ਜਿਹੜੀ ਬੁਰਿਆਈ ਮੈਂ ਨਹੀਂ ਚਾਹੁੰਦਾ ਸੋਈ ਕਰਦਾ ਹਾਂ।” (ਰੋਮੀਆਂ 7:19) ਕੀ ਤੁਸੀਂ ਵੀ ਕਦੇ ਇਸ ਤਰ੍ਹਾਂ ਮਹਿਸੂਸ ਕੀਤਾ ਹੈ? ਪੌਲੁਸ ਨੇ ਅੱਗੇ ਕਿਹਾ: “ਮੈਂ ਤਾਂ ਅੰਦਰਲੇ ਪੁਰਸ਼ ਅਨੁਸਾਰ ਪਰਮੇਸ਼ੁਰ ਦੇ ਕਾਨੂਨ ਵਿੱਚ ਅਨੰਦ ਹੁੰਦਾ ਹਾਂ। ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂਨ ਵੀ ਵੇਖਦਾ ਹਾਂ ਜੋ ਮੇਰੀ ਬੁੱਧ ਦੇ ਕਾਨੂਨ ਨਾਲ ਲੜਦਾ ਹੈ ਅਤੇ ਮੈਨੂੰ ਓਸ ਪਾਪ ਦੇ ਕਾਨੂਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ ਬੰਧਨ ਵਿੱਚ ਲੈ ਆਉਂਦਾ ਹੈ। ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ?” (ਰੋਮੀਆਂ 7:22-24) ਬਾਈਬਲ ਵਿਚ ਦਿੱਤੀਆਂ ਅਜਿਹੀਆਂ ਉਦਾਹਰਣਾਂ ਨੂੰ ਪੜ੍ਹ ਕੇ ਸਾਡਾ ਇਰਾਦਾ ਹੋਰ ਵੀ ਪੱਕਾ ਹੋਣਾ ਚਾਹੀਦਾ ਹੈ ਕਿ ਅਸੀਂ ਸੰਜਮੀ ਬਣਨ ਦੇ ਸੰਘਰਸ਼ ਵਿਚ ਕਦੇ ਹਾਰ ਨਹੀਂ ਮੰਨਾਂਗੇ।

ਸੰਜਮੀ ਬਣਨਾ ਸਿੱਖਣਾ ਪੈਂਦਾ ਹੈ

3. ਸਮਝਾਓ ਕਿ ਸੰਜਮ ਪੈਦਾ ਕਰਨਾ ਕਿਉਂ ਕੋਈ ਸੌਖਾ ਕੰਮ ਨਹੀਂ ਹੈ।

3 ਸੰਜਮੀ ਹੋਣ ਦਾ ਇਕ ਮਤਲਬ ਹੈ ਨਾਂਹ ਕਹਿਣ ਦੀ ਹਿੰਮਤ ਹੋਣੀ। ਦੂਜਾ ਪਤਰਸ 1:5-7 ਵਿਚ ਸੰਜਮ ਨੂੰ ਨਿਹਚਾ, ਨੇਕੀ, ਗਿਆਨ, ਧੀਰਜ, ਭਗਤੀ ਅਤੇ ਭਰੱਪਣ ਦੇ ਪ੍ਰੇਮ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਸਾਰੇ ਗੁਣ ਜਨਮ ਤੋਂ ਸਾਡੇ ਵਿਚ ਪੂਰੀ ਤਰ੍ਹਾਂ ਮੌਜੂਦ ਨਹੀਂ ਹੁੰਦੇ। ਇਨ੍ਹਾਂ ਨੂੰ ਵਿਕਸਿਤ ਕਰਨਾ ਪੈਂਦਾ ਹੈ। ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਵਿਚ ਇਹ ਗੁਣ ਚੰਗੀ ਤਰ੍ਹਾਂ ਦਿਖਾਉਣ ਲਈ ਦ੍ਰਿੜ੍ਹ ਹੋਣ ਅਤੇ ਮਿਹਨਤ ਕਰਨ ਦੀ ਲੋੜ ਹੈ। ਇਸੇ ਤਰ੍ਹਾਂ, ਸੰਜਮ ਪੈਦਾ ਕਰਨਾ ਵੀ ਕੋਈ ਸੌਖਾ ਕੰਮ ਨਹੀਂ ਹੈ।

4. ਕਈ ਲੋਕ ਕਿਉਂ ਕਹਿੰਦੇ ਹਨ ਕਿ ਸੰਜਮ ਰੱਖਣਾ ਉਨ੍ਹਾਂ ਲਈ ਕੋਈ ਔਖਾ ਕੰਮ ਨਹੀਂ ਹੈ, ਪਰ ਇਹ ਕਿਸ ਗੱਲ ਦਾ ਸਬੂਤ ਹੈ?

4 ਇਹ ਸੱਚ ਹੈ ਕਿ ਲੱਖਾਂ ਲੋਕ ਸ਼ਾਇਦ ਕਹਿਣਗੇ ਕਿ ਸੰਜਮ ਰੱਖਣਾ ਉਨ੍ਹਾਂ ਲਈ ਕੋਈ ਔਖਾ ਕੰਮ ਨਹੀਂ। ਉਹ ਇਸ ਲਈ ਇਹ ਕਹਿੰਦੇ ਹਨ ਕਿਉਂਕਿ ਉਹ ਆਪਣੇ ਹੀ ਢੰਗ ਨਾਲ ਜ਼ਿੰਦਗੀ ਗੁਜ਼ਾਰਦੇ ਹਨ ਅਤੇ ਜਾਣੇ-ਅਣਜਾਣੇ ਵਿਚ ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕਰਦੇ ਹਨ। ਉਹ ਇਸ ਦੇ ਨਤੀਜਿਆਂ ਵੱਲ ਕੋਈ ਧਿਆਨ ਨਹੀਂ ਦਿੰਦੇ ਜਿਹੜੇ ਉਨ੍ਹਾਂ ਨੂੰ ਜਾਂ ਦੂਸਰਿਆਂ ਨੂੰ ਭੁਗਤਣੇ ਪੈਣਗੇ। (ਯਹੂਦਾਹ 10) ਅੱਜ ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਲੋਕਾਂ ਵਿਚ ਨਾਂਹ ਕਹਿਣ ਦੀ ਹਿੰਮਤ ਨਹੀਂ ਹੈ ਜਾਂ ਉਹ ਨਾਂਹ ਕਹਿਣਾ ਹੀ ਨਹੀਂ ਚਾਹੁੰਦੇ। ਇਹ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਵਾਕਈ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ ਜਿਨ੍ਹਾਂ ਬਾਰੇ ਪੌਲੁਸ ਨੇ ਪਹਿਲਾਂ ਹੀ ਇਹ ਦੱਸ ਦਿੱਤਾ ਸੀ: ‘ਭੈੜੇ ਸਮੇਂ ਆ ਜਾਣਗੇ ਕਿਉਂ ਜੋ ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ ਅਤੇ ਅਸੰਜਮੀ ਹੋਣਗੇ।’—2 ਤਿਮੋਥਿਉਸ 3:1-3.

5. ਯਹੋਵਾਹ ਦੇ ਗਵਾਹ ਸੰਜਮ ਪੈਦਾ ਕਰਨ ਵਿਚ ਇੰਨੀ ਦਿਲਚਸਪੀ ਕਿਉਂ ਲੈਂਦੇ ਹਨ ਅਤੇ ਕਿਹੜੀ ਚੰਗੀ ਸਲਾਹ ਅੱਜ ਦੇ ਜ਼ਮਾਨੇ ਵਿਚ ਵੀ ਸਾਡੀ ਮਦਦ ਕਰ ਸਕਦੀ ਹੈ?

5 ਯਹੋਵਾਹ ਦੇ ਗਵਾਹਾਂ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਸੰਜਮ ਰੱਖਣਾ ਬਹੁਤ ਮੁਸ਼ਕਲ ਕੰਮ ਹੈ। ਪੌਲੁਸ ਵਾਂਗ ਉਹ ਪਰਮੇਸ਼ੁਰ ਦੇ ਮਿਆਰਾਂ ਉੱਤੇ ਚੱਲ ਕੇ ਉਸ ਦੇ ਜੀਅ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ, ਪਰ ਨਾਮੁਕੰਮਲ ਹੋਣ ਕਰਕੇ ਗ਼ਲਤ ਇੱਛਾਵਾਂ ਉਨ੍ਹਾਂ ਨੂੰ ਵੱਖਰੇ ਰਾਹ ਉੱਤੇ ਚੱਲਣ ਲਈ ਲਗਾਤਾਰ ਉਕਸਾਉਂਦੀਆਂ ਹਨ। ਇਸ ਕਾਰਨ ਲੰਬੇ ਸਮੇਂ ਤੋਂ ਉਨ੍ਹਾਂ ਦੀ ਇਸ ਵਿਸ਼ੇ ਵਿਚ ਦਿਲਚਸਪੀ ਰਹੀ ਹੈ ਕਿ ਉਹ ਇਸ ਲੜਾਈ ਨੂੰ ਕਿਵੇਂ ਜਿੱਤ ਸਕਦੇ ਹਨ। ਸਾਲ 1916 ਵਿਚ ਪਹਿਰਾਬੁਰਜ ਰਸਾਲੇ ਦੇ ਇਕ ਅੰਕ ਵਿਚ “ਆਪਣੇ ਆਪ ਉੱਤੇ, ਨਾਲੇ ਆਪਣੇ ਵਿਚਾਰਾਂ, ਬੋਲੀ ਤੇ ਚਾਲ-ਚਲਣ ਉੱਤੇ ਕਾਬੂ ਰੱਖਣ” ਬਾਰੇ ਚਰਚਾ ਕੀਤੀ ਗਈ ਸੀ। ਇਸ ਨੇ ਫ਼ਿਲਿੱਪੀਆਂ 4:8 ਦੀ ਸਲਾਹ ਨੂੰ ਹਮੇਸ਼ਾ ਯਾਦ ਰੱਖਣ ਦੀ ਪ੍ਰੇਰਣਾ ਦਿੱਤੀ ਜੋ ਤਕਰੀਬਨ 2,000 ਸਾਲ ਪਹਿਲਾਂ ਲਿਖੀ ਗਈ ਸੀ। ਭਾਵੇਂ ਇਸ ਸਲਾਹ ਨੂੰ ਅੱਜ ਲਾਗੂ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਹੈ, ਪਰ ਇਹ ਪਰਮੇਸ਼ੁਰੀ ਸਲਾਹ ਲਾਗੂ ਕਰ ਕੇ ਸਾਨੂੰ ਫ਼ਾਇਦਾ ਹੋਵੇਗਾ। ਪਰਮੇਸ਼ੁਰ ਦੇ ਲੋਕ ਦੁਨਿਆਵੀ ਕਾਮਨਾਵਾਂ ਨੂੰ ਨਾਂਹ ਕਹਿਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਇਸ ਤਰ੍ਹਾਂ ਕਰ ਕੇ ਉਹ ਆਪਣੇ ਸਿਰਜਣਹਾਰ ਨੂੰ ਹਾਂ ਕਹਿ ਰਹੇ ਹਨ।

6. ਸੰਜਮ ਪੈਦਾ ਕਰਦੇ ਸਮੇਂ ਸਾਨੂੰ ਕਿਉਂ ਨਿਰਾਸ਼ ਹੋਣ ਦੀ ਲੋੜ ਨਹੀਂ?

6 ਸੰਜਮ ਦੇ ਗੁਣ ਨੂੰ ਗਲਾਤੀਆਂ 5:22, 23 ਵਿਚ ਦੱਸੇ ਗਏ ‘ਪਵਿੱਤਰ ਆਤਮਾ ਦੇ ਫਲ’ ਵਿਚ ਸ਼ਾਮਲ ਕੀਤਾ ਗਿਆ ਹੈ। ਜੇ ਅਸੀਂ “ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ [ਅਤੇ] ਨਰਮਾਈ” ਦੇ ਨਾਲ-ਨਾਲ ਸੰਜਮ ਵੀ ਪੈਦਾ ਕਰੀਏ, ਤਾਂ ਸਾਨੂੰ ਬਹੁਤ ਸਾਰੇ ਫ਼ਾਇਦੇ ਹੋਣਗੇ। ਪਤਰਸ ਨੇ ਕਿਹਾ ਸੀ ਕਿ ਇਨ੍ਹਾਂ ਗੁਣਾਂ ਨੂੰ ਪੈਦਾ ਕਰਨ ਨਾਲ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ‘ਆਲਸੀ ਜਾਂ ਨਿਸਫਲ’ ਨਹੀਂ ਹੋਵਾਂਗੇ। (2 ਪਤਰਸ 1:8) ਪਰ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਜਾਂ ਆਪਣੇ ਆਪ ਨੂੰ ਨਿਕੰਮੇ ਨਹੀਂ ਸਮਝਣਾ ਚਾਹੀਦਾ ਜੇ ਆਪਣੇ ਵਿਚ ਇਹ ਗੁਣ ਪੈਦਾ ਕਰਨ ਵਿਚ ਬਹੁਤ ਸਮਾਂ ਲੱਗ ਰਿਹਾ ਹੈ। ਤੁਸੀਂ ਦੇਖਿਆ ਹੋਣਾ ਕਿ ਸਕੂਲ ਵਿਚ ਕੁਝ ਬੱਚੇ ਦੂਸਰਿਆਂ ਨਾਲੋਂ ਜਲਦੀ ਸਿੱਖਦੇ ਹਨ। ਜਾਂ ਦਫ਼ਤਰ ਵਿਚ ਇਕ ਵਿਅਕਤੀ ਕੋਈ ਨਵਾਂ ਕੰਮ ਦੂਸਰਿਆਂ ਨਾਲੋਂ ਜਲਦੀ ਸਿੱਖ ਜਾਂਦਾ ਹੈ। ਇਸੇ ਤਰ੍ਹਾਂ, ਮਸੀਹੀ ਗੁਣਾਂ ਨੂੰ ਪੈਦਾ ਕਰਨ ਵਿਚ ਕੁਝ ਮਸੀਹੀਆਂ ਨੂੰ ਦੂਸਰਿਆਂ ਨਾਲੋਂ ਘੱਟ ਸਮਾਂ ਲੱਗਦਾ ਹੈ। ਪਰ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਆਪਣੇ ਵਿਚ ਚੰਗੇ ਗੁਣ ਪੈਦਾ ਕਰਦੇ ਰਹੀਏ। ਯਹੋਵਾਹ ਨੇ ਆਪਣੇ ਬਚਨ ਅਤੇ ਕਲੀਸਿਯਾ ਦੁਆਰਾ ਇਨ੍ਹਾਂ ਗੁਣਾਂ ਨੂੰ ਪੈਦਾ ਕਰਨ ਵਿਚ ਸਾਡੀ ਮਦਦ ਕਰਨ ਦੇ ਪ੍ਰਬੰਧ ਕੀਤੇ ਹਨ ਜਿਨ੍ਹਾਂ ਤੋਂ ਸਾਨੂੰ ਪੂਰਾ-ਪੂਰਾ ਲਾਭ ਲੈਣਾ ਚਾਹੀਦਾ ਹੈ। ਅਸੀਂ ਕਿੰਨੀ ਛੇਤੀ ਪਰਮੇਸ਼ੁਰੀ ਗੁਣ ਪੈਦਾ ਕਰਦੇ ਹਾਂ ਇਸ ਨਾਲੋਂ ਜ਼ਿਆਦਾ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹੀਏ।

7. ਕਿਹੜੀ ਗੱਲ ਦਿਖਾਉਂਦੀ ਹੈ ਕਿ ਸੰਜਮ ਦਾ ਗੁਣ ਬਹੁਤ ਮਹੱਤਵਪੂਰਣ ਹੈ?

7 ਭਾਵੇਂ ਕਿ ਸੰਜਮ ਦਾ ਗੁਣ ਪਵਿੱਤਰ ਆਤਮਾ ਦੇ ਫਲ ਦੀ ਸੂਚੀ ਵਿਚ ਆਖ਼ਰ ਵਿਚ ਦਿੱਤਾ ਗਿਆ ਹੈ, ਪਰ ਇਹ ਦੂਸਰੇ ਗੁਣਾਂ ਨਾਲੋਂ ਘੱਟ ਮਹੱਤਤਾ ਨਹੀਂ ਰੱਖਦਾ। ਇਸ ਦੀ ਬਜਾਇ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਅਸੀਂ ਮੁਕੰਮਲ ਤੌਰ ਤੇ ਸੰਜਮ ਰੱਖ ਸਕਦੇ, ਤਾਂ ਅਸੀਂ ਕੋਈ ਵੀ ‘ਸਰੀਰ ਦਾ ਕੰਮ’ ਨਾ ਕਰਦੇ। ਪਰ ਨਾਮੁਕੰਮਲ ਇਨਸਾਨ ਕੋਲੋਂ ਕੋਈ-ਨ-ਕੋਈ ਸਰੀਰ ਦਾ ਕੰਮ ਹੋ ਹੀ ਜਾਂਦਾ ਹੈ ਜਿਵੇਂ “ਹਰਾਮਕਾਰੀ, ਗੰਦ ਮੰਦ, ਲੁੱਚਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਦਤਾਂ।” (ਗਲਾਤੀਆਂ 5:19, 20) ਤਾਂ ਫਿਰ ਸਾਨੂੰ ਅਜਿਹੇ ਭੈੜੇ ਕੰਮ ਕਰਨ ਦੇ ਝੁਕਾਵਾਂ ਨੂੰ ਆਪਣੇ ਦਿਲ ਤੇ ਦਿਮਾਗ਼ ਵਿੱਚੋਂ ਕੱਢਣ ਅਤੇ ਸੰਜਮ ਪੈਦਾ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।

ਕਈਆਂ ਨੂੰ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ

8. ਕੁਝ ਭੈਣਾਂ-ਭਰਾਵਾਂ ਨੂੰ ਸੰਜਮ ਰੱਖਣਾ ਕਿਉਂ ਬਹੁਤ ਮੁਸ਼ਕਲ ਲੱਗਦਾ ਹੈ?

8 ਕੁਝ ਮਸੀਹੀਆਂ ਨੂੰ ਸੰਜਮ ਰੱਖਣ ਵਿਚ ਦੂਸਰਿਆਂ ਨਾਲੋਂ ਜ਼ਿਆਦਾ ਮੁਸ਼ਕਲ ਪੇਸ਼ ਆਉਂਦੀ ਹੈ। ਕਿਉਂ? ਹੋ ਸਕਦਾ ਹੈ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਸੰਜਮੀ ਹੋਣਾ ਨਾ ਸਿਖਾਇਆ ਹੋਵੇ ਜਾਂ ਜ਼ਿੰਦਗੀ ਦੇ ਤਜਰਬਿਆਂ ਨੇ ਉਨ੍ਹਾਂ ਨੂੰ ਅਸੰਜਮੀ ਬਣਾ ਦਿੱਤਾ ਹੋਵੇ। ਜੇ ਸਾਨੂੰ ਸੰਜਮ ਪੈਦਾ ਕਰਨ ਅਤੇ ਸੰਜਮ ਰੱਖਣ ਵਿਚ ਕੋਈ ਮੁਸ਼ਕਲ ਨਹੀਂ ਆਈ ਹੈ, ਤਾਂ ਇਹ ਬੜੀ ਖ਼ੁਸ਼ੀ ਦੀ ਗੱਲ ਹੈ। ਪਰ ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਨਾਲ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਸੰਜਮ ਰੱਖਣਾ ਮੁਸ਼ਕਲ ਲੱਗਦਾ ਹੈ। ਭਾਵੇਂ ਉਨ੍ਹਾਂ ਵਿਚ ਸੰਜਮ ਦੀ ਘਾਟ ਕਰਕੇ ਸਾਨੂੰ ਕੋਈ ਪਰੇਸ਼ਾਨੀ ਹੁੰਦੀ ਹੈ, ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਸਾਰੇ ਹੀ ਨਾਮੁਕੰਮਲ ਹਾਂ। ਸਾਡੇ ਕੋਲ ਦੂਸਰਿਆਂ ਦੀ ਆਲੋਚਨਾ ਕਰਨ ਦਾ ਕੋਈ ਕਾਰਨ ਨਹੀਂ ਹੈ।—ਰੋਮੀਆਂ 3:23; ਅਫ਼ਸੀਆਂ 4:2.

9. ਕੁਝ ਭੈਣਾਂ-ਭਰਾਵਾਂ ਵਿਚ ਕਿਹੜੀਆਂ ਕਮਜ਼ੋਰੀਆਂ ਹਨ ਅਤੇ ਇਹ ਕਦੋਂ ਪੂਰੀ ਤਰ੍ਹਾਂ ਖ਼ਤਮ ਕੀਤੀਆਂ ਜਾਣਗੀਆਂ?

9 ਉਦਾਹਰਣ ਲਈ: ਕੁਝ ਮਸੀਹੀਆਂ ਨੇ ਤਮਾਖੂ ਖਾਣ ਜਾਂ ਨਸ਼ੇ ਕਰਨ ਦੀਆਂ ਆਦਤਾਂ ਛੱਡੀਆਂ ਹਨ, ਪਰ ਹੋ ਸਕਦਾ ਹੈ ਕਿ ਉਨ੍ਹਾਂ ਵਿਚ ਕਦੇ-ਕਦੇ ਇਨ੍ਹਾਂ ਚੀਜ਼ਾਂ ਲਈ ਬੜੀ ਤਲਬ ਉੱਠੇ। ਜਾਂ ਹੋ ਸਕਦਾ ਹੈ ਕਿ ਕੁਝ ਭੈਣਾਂ-ਭਰਾਵਾਂ ਲਈ ਭੋਜਨ ਖਾਣ ਤੇ ਸ਼ਰਾਬ ਪੀਣ ਦੇ ਮਾਮਲੇ ਵਿਚ ਸੰਜਮ ਵਰਤਣਾ ਔਖਾ ਹੋਵੇ। ਕੁਝ ਭੈਣ-ਭਰਾ ਆਪਣੀ ਜ਼ਬਾਨ ਨੂੰ ਲਗਾਮ ਨਹੀਂ ਦਿੰਦੇ ਅਤੇ ਬਿਨਾਂ ਸੋਚੇ-ਸਮਝੇ ਕੁਝ-ਨ-ਕੁਝ ਕਹਿ ਦਿੰਦੇ ਹਨ। ਇਸ ਤਰ੍ਹਾਂ ਦੀਆਂ ਕਮਜ਼ੋਰੀਆਂ ਉੱਤੇ ਕਾਬੂ ਪਾਉਣ ਵਾਸਤੇ ਉਨ੍ਹਾਂ ਨੂੰ ਸੰਜਮ ਪੈਦਾ ਕਰਨ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ। ਕਿਉਂ? ਕਿਉਂਕਿ ਯਾਕੂਬ 3:2 ਕਹਿੰਦਾ ਹੈ: “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ। ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ ਅਤੇ ਸਾਰੀ ਦੇਹੀ ਨੂੰ ਭੀ ਲਗਾਮ ਦੇ ਸੱਕਦਾ ਹੈ।” ਕੁਝ ਲੋਕ ਜੂਆ ਖੇਡਣ ਦੀ ਬੜੀ ਤਲਬ ਮਹਿਸੂਸ ਕਰਦੇ ਹਨ। ਜਾਂ ਹੋ ਸਕਦਾ ਕਿ ਉਹ ਆਪਣੇ ਗੁੱਸੇ ਉੱਤੇ ਕਾਬੂ ਨਹੀਂ ਰੱਖ ਪਾਉਂਦੇ। ਇਸ ਤਰ੍ਹਾਂ ਦੀਆਂ ਕਮਜ਼ੋਰੀਆਂ ਉੱਤੇ ਕਾਬੂ ਪਾਉਣ ਲਈ ਕਾਫ਼ੀ ਸਮਾਂ ਲੱਗ ਸਕਦਾ ਹੈ। ਭਾਵੇਂ ਕਿ ਅਸੀਂ ਹੁਣ ਗ਼ਲਤ ਕਾਮਨਾਵਾਂ ਉੱਤੇ ਕਾਫ਼ੀ ਹੱਦ ਤਕ ਕਾਬੂ ਪਾ ਸਕਦੇ ਹਾਂ, ਪਰ ਇਹ ਸਿਰਫ਼ ਉਦੋਂ ਹੀ ਪੂਰੀ ਤਰ੍ਹਾਂ ਖ਼ਤਮ ਕੀਤੀਆਂ ਜਾਣਗੀਆਂ ਜਦੋਂ ਅਸੀਂ ਸਾਰੇ ਮੁਕੰਮਲ ਹੋ ਜਾਵਾਂਗੇ। ਉਦੋਂ ਤਕ ਸਾਨੂੰ ਸੰਜਮ ਰੱਖਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਤਾਂਕਿ ਅਸੀਂ ਦੁਬਾਰਾ ਪਾਪ ਦੀ ਜ਼ਿੰਦਗੀ ਵੱਲ ਨਾ ਮੁੜ ਜਾਈਏ। ਆਓ ਆਪਾਂ ਸਾਰੇ ਇਕ ਦੂਸਰੇ ਦੀ ਸੰਜਮ ਪੈਦਾ ਕਰਨ ਵਿਚ ਮਦਦ ਕਰੀਏ ਤਾਂਕਿ ਕੋਈ ਵੀ ਭੈਣ ਜਾਂ ਭਰਾ ਹਿੰਮਤ ਨਾ ਹਾਰ ਜਾਵੇ।—ਰਸੂਲਾਂ ਦੇ ਕਰਤੱਬ 14:21, 22.

10. (ੳ) ਕੁਝ ਲੋਕਾਂ ਲਈ ਕਾਮ-ਪ੍ਰਵਿਰਤੀ ਦੇ ਮਾਮਲੇ ਵਿਚ ਸੰਜਮ ਰੱਖਣਾ ਕਿਉਂ ਬਹੁਤ ਔਖਾ ਹੁੰਦਾ ਹੈ? (ਅ) ਇਕ ਭਰਾ ਨੇ ਕਿਹੜੀ ਵੱਡੀ ਤਬਦੀਲੀ ਕੀਤੀ? (ਸਫ਼ਾ 16 ਉੱਤੇ ਡੱਬੀ ਦੇਖੋ।)

10 ਕਾਮ-ਪ੍ਰਵਿਰਤੀ ਦੇ ਮਾਮਲੇ ਵਿਚ ਵੀ ਕਈਆਂ ਨੂੰ ਸੰਜਮ ਰੱਖਣਾ ਮੁਸ਼ਕਲ ਲੱਗਦਾ ਹੈ। ਕਾਮ-ਪ੍ਰਵਿਰਤੀ ਆਪਣੇ ਆਪ ਵਿਚ ਬੁਰੀ ਨਹੀਂ ਹੈ ਕਿਉਂਕਿ ਯਹੋਵਾਹ ਪਰਮੇਸ਼ੁਰ ਨੇ ਇਨਸਾਨਾਂ ਵਿਚ ਇਹ ਪ੍ਰਵਿਰਤੀ ਪਾਈ ਹੈ। ਫਿਰ ਵੀ ਕਈਆਂ ਨੂੰ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਕਾਮ-ਪ੍ਰਵਿਰਤੀ ਦੇ ਸੰਬੰਧ ਵਿਚ ਸੰਜਮ ਰੱਖਣਾ ਬਹੁਤ ਔਖਾ ਲੱਗਦਾ ਹੈ। ਹੋ ਸਕਦਾ ਹੈ ਕਿ ਕੁਦਰਤੀ ਤੌਰ ਤੇ ਉਨ੍ਹਾਂ ਵਿਚ ਦੂਸਰਿਆਂ ਨਾਲੋਂ ਜ਼ਿਆਦਾ ਕਾਮ-ਪ੍ਰਵਿਰਤੀ ਹੋਵੇ ਜਿਸ ਕਰਕੇ ਉਨ੍ਹਾਂ ਲਈ ਇਸ ਤੇ ਕਾਬੂ ਰੱਖਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਅਸੀਂ ਜਿਸ ਦੁਨੀਆਂ ਵਿਚ ਰਹਿ ਰਹੇ ਹਾਂ, ਇਹ ਕਾਮ-ਪੂਰਤੀ ਉੱਤੇ ਜ਼ੋਰ ਦਿੰਦੀ ਹੈ ਅਤੇ ਕਈ ਤਰੀਕਿਆਂ ਨਾਲ ਸਾਡੇ ਵਿਚ ਕਾਮ ਦੀ ਅੱਗ ਭੜਕਾਉਂਦੀ ਹੈ। ਇਹ ਕੁਆਰੇ ਮਸੀਹੀਆਂ ਲਈ ਵੱਡੀ ਮੁਸ਼ਕਲ ਪੈਦਾ ਕਰ ਸਕਦੀ ਹੈ ਜੋ ਸ਼ਾਇਦ ਕੁਝ ਸਮੇਂ ਲਈ ਵਿਆਹ ਦੀਆਂ ਚਿੰਤਾਵਾਂ ਤੋਂ ਆਜ਼ਾਦ ਰਹਿ ਕੇ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੇ ਹਨ। (1 ਕੁਰਿੰਥੀਆਂ 7:32, 33, 37, 38) ਪਰ ਜੇ ਕਿਸੇ ਵਿਚ ਕਾਮ-ਪ੍ਰਵਿਰਤੀ ਬਹੁਤ ਤੀਬਰ ਹੈ, ਤਾਂ ਉਹ ਸ਼ਾਇਦ ਵਿਆਹ ਕਰਾਉਣ ਦਾ ਫ਼ੈਸਲਾ ਕਰੇ ਜੋ ਕਿ ਚੰਗੀ ਗੱਲ ਹੈ। ਇਸ ਤਰ੍ਹਾਂ ਕਰ ਕੇ ਉਹ ਬਾਈਬਲ ਦੀ ਇਹ ਸਲਾਹ ਮੰਨ ਰਿਹਾ ਹੋਵੇਗਾ ਕਿ ਵਾਸ਼ਨਾ ਵਿਚ “ਸੜਨ ਨਾਲੋਂ ਵਿਆਹ ਕਰਨਾ ਚੰਗਾ ਹੈ।” ਪਰ ਉਨ੍ਹਾਂ ਨੂੰ ਬਾਈਬਲ ਦੀ ਸਲਾਹ ਮੁਤਾਬਕ, “ਕੇਵਲ ਪ੍ਰਭੁ ਵਿੱਚ” ਵਿਆਹ ਕਰਾਉਣ ਦਾ ਪੱਕਾ ਫ਼ੈਸਲਾ ਕਰਨਾ ਚਾਹੀਦਾ ਹੈ। (1 ਕੁਰਿੰਥੀਆਂ 7:9, 39) ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਇਹੋ ਜਿਹੇ ਭਗਤਾਂ ਤੋਂ ਬਹੁਤ ਖ਼ੁਸ਼ ਹੁੰਦਾ ਹੈ ਕਿਉਂਕਿ ਉਹ ਉਸ ਦੇ ਪਵਿੱਤਰ ਮਿਆਰਾਂ ਉੱਤੇ ਚੱਲਦੇ ਹਨ। ਉੱਚੇ ਨੈਤਿਕ ਮਿਆਰਾਂ ਉੱਤੇ ਚੱਲਣ ਵਾਲੇ ਇਨ੍ਹਾਂ ਵਫ਼ਾਦਾਰ ਭੈਣਾਂ-ਭਰਾਵਾਂ ਨਾਲ ਸੰਗਤ ਕਰ ਕੇ ਦੂਸਰੇ ਮਸੀਹੀ ਵੀ ਬੜਾ ਮਾਣ ਮਹਿਸੂਸ ਕਰਦੇ ਹਨ।

11. ਅਸੀਂ ਅਜਿਹੇ ਭੈਣ ਜਾਂ ਭਰਾ ਦੀ ਕਿਵੇਂ ਮਦਦ ਕਰ ਸਕਦੇ ਹਾਂ ਜੋ ਵਿਆਹ ਤਾਂ ਕਰਾਉਣਾ ਚਾਹੁੰਦਾ ਹੈ, ਪਰ ਉਸ ਨੂੰ ਕੋਈ ਸਾਥੀ ਨਹੀਂ ਲੱਭਦਾ?

11 ਪਰ ਉਦੋਂ ਕੀ ਕਰੀਏ ਜੇ ਕੋਈ ਚੰਗਾ ਜੀਵਨ ਸਾਥੀ ਨਹੀਂ ਮਿਲਦਾ? ਜ਼ਰਾ ਉਸ ਭੈਣ ਜਾਂ ਭਰਾ ਦੀ ਨਿਰਾਸ਼ਾ ਦਾ ਅੰਦਾਜ਼ਾ ਲਗਾਓ ਜੋ ਵਿਆਹ ਤਾਂ ਕਰਾਉਣਾ ਚਾਹੁੰਦਾ ਹੈ, ਪਰ ਉਸ ਨੂੰ ਕੋਈ ਜੀਵਨ ਸਾਥੀ ਨਹੀਂ ਮਿਲਦਾ! ਉਹ ਸ਼ਾਇਦ ਆਪਣੇ ਦੋਸਤਾਂ ਦੇ ਵਿਆਹ ਹੁੰਦੇ ਅਤੇ ਉਨ੍ਹਾਂ ਨੂੰ ਵਿਆਹੁਤਾ ਜ਼ਿੰਦਗੀ ਦਾ ਸੁਖ ਲੈਂਦੇ ਦੇਖਦਾ ਹੈ ਜਦ ਕਿ ਉਹ ਆਪ ਅਜੇ ਕੁਆਰਾ ਹੀ ਹੈ। ਇਸ ਹਾਲਤ ਵਿਚ ਕੁਝ ਸ਼ਾਇਦ ਹੱਥਰਸੀ ਦੀ ਗੰਦੀ ਆਦਤ ਪਾ ਲੈਣ। ਹਾਲਾਤ ਜੋ ਵੀ ਹੋਣ, ਪਰ ਕੋਈ ਵੀ ਮਸੀਹੀ ਅਣਜਾਣੇ ਵਿਚ ਆਪਣੇ ਭੈਣ ਜਾਂ ਭਰਾ ਦੀ ਹਿੰਮਤ ਨਹੀਂ ਢਾਹੁਣੀ ਚਾਹੇਗਾ ਜੋ ਪਹਿਲਾਂ ਹੀ ਆਪਣਾ ਚਾਲ-ਚਲਣ ਨੇਕ ਰੱਖਣ ਲਈ ਜੱਦੋ-ਜਹਿਦ ਕਰ ਰਿਹਾ ਹੈ। ਇੱਦਾਂ ਦੇ ਸਵਾਲ ਉਨ੍ਹਾਂ ਦੀ ਹਿੰਮਤ ਢਾਹ ਸਕਦੇ ਹਨ ਜਿਵੇਂ “ਫੇਰ ਕਦੋਂ ਵਿਆਹ ਕਰਾਉਣਾ ਤੂੰ?” ਭਾਵੇਂ ਅਸੀਂ ਉਨ੍ਹਾਂ ਨੂੰ ਦੁੱਖ ਪਹੁੰਚਾਉਣ ਦੀ ਨੀਅਤ ਨਾਲ ਇਸ ਤਰ੍ਹਾਂ ਨਹੀਂ ਪੁੱਛਦੇ, ਪਰ ਫਿਰ ਵੀ ਕਿੰਨਾ ਚੰਗਾ ਹੋਵੇਗਾ ਜੇ ਅਸੀਂ ਸੰਜਮ ਰੱਖਦੇ ਹੋਏ ਆਪਣੀ ਜ਼ਬਾਨ ਨੂੰ ਲਗਾਮ ਦੇਈਏ! (ਜ਼ਬੂਰਾਂ ਦੀ ਪੋਥੀ 39:1) ਜਿਹੜੇ ਕੁਆਰੇ ਭੈਣ-ਭਰਾ ਸ਼ੁੱਧ ਚਾਲ-ਚਲਣ ਰੱਖਦੇ ਹਨ, ਉਹ ਸਾਡੀ ਦਿਲੀ ਤਾਰੀਫ਼ ਦੇ ਕਾਬਲ ਹਨ। ਉਨ੍ਹਾਂ ਨੂੰ ਆਪਣੀਆਂ ਗੱਲਾਂ ਨਾਲ ਨਿਰਾਸ਼ ਕਰਨ ਦੀ ਬਜਾਇ, ਆਓ ਆਪਾਂ ਉਨ੍ਹਾਂ ਦਾ ਉਤਸ਼ਾਹ ਵਧਾਉਣ ਦਾ ਜਤਨ ਕਰੀਏ। ਮਿਸਾਲ ਲਈ, ਜਦੋਂ ਅਸੀਂ ਕੁਝ ਭੈਣ-ਭਰਾਵਾਂ ਨੂੰ ਖਾਣੇ ਲਈ ਬੁਲਾਉਂਦੇ ਹਾਂ, ਤਾਂ ਅਸੀਂ ਕੁਆਰੇ ਭੈਣ-ਭਰਾਵਾਂ ਨੂੰ ਵੀ ਸੱਦ ਸਕਦੇ ਹਾਂ ਤਾਂਕਿ ਉਹ ਵੀ ਪਰਿਪੱਕ ਭੈਣਾਂ-ਭਰਾਵਾਂ ਦੀ ਸੰਗਤ ਦਾ ਆਨੰਦ ਮਾਣ ਸਕਣ।

ਪਤੀ-ਪਤਨੀ ਲਈ ਵੀ ਸੰਜਮ ਰੱਖਣਾ ਜ਼ਰੂਰੀ

12. ਵਿਆਹੇ ਲੋਕਾਂ ਲਈ ਵੀ ਕੁਝ ਹੱਦ ਤਕ ਸੰਜਮ ਰੱਖਣਾ ਕਿਉਂ ਜ਼ਰੂਰੀ ਹੈ?

12 ਵਿਆਹ ਕਰਾਉਣ ਦਾ ਇਹ ਮਤਲਬ ਨਹੀਂ ਕਿ ਪਤੀ-ਪਤਨੀ ਨੂੰ ਕਾਮ-ਪੂਰਤੀ ਦੇ ਮਾਮਲੇ ਵਿਚ ਸੰਜਮ ਰੱਖਣ ਦੀ ਲੋੜ ਨਹੀਂ। ਮਿਸਾਲ ਲਈ, ਪਤੀ-ਪਤਨੀ ਦੀ ਕਾਮ-ਪ੍ਰਵਿਰਤੀ ਘੱਟ-ਵੱਧ ਹੋ ਸਕਦੀ ਹੈ। ਜਾਂ ਹੋ ਸਕਦਾ ਕਿ ਇਕ ਸਾਥੀ ਦੀ ਸਿਹਤ ਖ਼ਰਾਬ ਹੋਣ ਕਰਕੇ ਉਨ੍ਹਾਂ ਲਈ ਕਦੇ-ਕਦੇ ਸਰੀਰਕ ਸੰਬੰਧ ਰੱਖਣਾ ਮੁਸ਼ਕਲ ਹੋਵੇ ਜਾਂ ਅਸੰਭਵ ਹੀ ਹੋਵੇ। ਜਾਂ ਸ਼ਾਇਦ ਜ਼ਿੰਦਗੀ ਦੇ ਕੌੜੇ ਤਜਰਬੇ ਕਰਕੇ ਪਤੀ ਜਾਂ ਪਤਨੀ ਲਈ ਇਸ ਹੁਕਮ ਨੂੰ ਮੰਨਣਾ ਮੁਸ਼ਕਲ ਹੋਵੇ: “ਪਤੀ ਆਪਣੀ ਪਤਨੀ ਦਾ ਹੱਕ ਪੂਰਾ ਕਰੇ ਅਤੇ ਇਸੇ ਤਰ੍ਹਾਂ ਪਤਨੀ ਆਪਣੇ ਪਤੀ ਦਾ।” ਇਸ ਹਾਲਤ ਵਿਚ ਦੂਸਰੇ ਸਾਥੀ ਨੂੰ ਸੰਜਮ ਰੱਖਣ ਦੀ ਲੋੜ ਹੋਵੇਗੀ। ਫਿਰ ਵੀ ਪਤੀ-ਪਤਨੀ ਦੋਨਾਂ ਨੂੰ ਪੌਲੁਸ ਦੀ ਪਿਆਰ ਭਰੀ ਸਲਾਹ ਯਾਦ ਰੱਖਣੀ ਚਾਹੀਦੀ ਹੈ: “ਇਕ ਦੂਜੇ ਨੂੰ ਵੰਚਿਤ ਨਾ ਕਰੋ। ਜੇਕਰ ਇਸ ਤਰ੍ਹਾਂ ਕਰੋ ਵੀ, ਤਾਂ ਕੁਝ ਸਮੇਂ ਦੇ ਲਈ ਇਕ ਦੂਜੇ ਦੀ ਸਲਾਹ ਨਾਲ ਕਰੋ ਕਿ ਤੁਹਾਨੂੰ ਪ੍ਰਾਰਥਨਾ ਲਈ ਸਮਾਂ ਮਿਲ ਸਕੇ। ਪਰ ਇਸ ਦੇ ਪਿਛੋ ਫਿਰ ਇਕੱਠੇ ਰਹੋ, ਤਾਂ ਜੋ ਤੁਹਾਡੇ ਸਵੈ-ਕਾਬੂ ਵਿਚ ਨਾ ਹੋਣ ਦੇ ਕਾਰਨ ਸ਼ੈਤਾਨ ਤੁਹਾਨੂੰ ਪਰਤਾਵੇ ਵਿਚ ਨਾ ਪਾ ਦੇਵੇ।”—1 ਕੁਰਿੰਥੁਸ 7:3, 5, ਨਵਾਂ ਅਨੁਵਾਦ।

13. ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਲਈ ਕੀ ਕਰ ਸਕਦੇ ਹਾਂ ਜੋ ਸੰਜਮ ਪੈਦਾ ਕਰਨ ਲਈ ਸੰਘਰਸ਼ ਕਰ ਰਹੇ ਹਨ?

13 ਜੇਕਰ ਪਤੀ-ਪਤਨੀ ਦੋਨਾਂ ਨੇ ਇਸ ਮਾਮਲੇ ਵਿਚ ਸਹੀ ਹੱਦ ਤਕ ਸੰਜਮ ਰੱਖਣਾ ਸਿੱਖਿਆ ਹੈ, ਤਾਂ ਬਹੁਤ ਵਧੀਆ ਗੱਲ ਹੈ। ਫਿਰ ਵੀ ਉਨ੍ਹਾਂ ਨੂੰ ਆਪਣੇ ਉਨ੍ਹਾਂ ਭੈਣਾਂ-ਭਰਾਵਾਂ ਨਾਲ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਹੈ ਜੋ ਅਜੇ ਤਕ ਇਸ ਮਾਮਲੇ ਵਿਚ ਸੰਜਮ ਰੱਖਣ ਲਈ ਸੰਘਰਸ਼ ਕਰ ਰਹੇ ਹਨ। ਆਓ ਆਪਾਂ ਕਦੇ ਵੀ ਆਪਣੇ ਅਧਿਆਤਮਿਕ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰਨੀ ਨਾ ਭੁੱਲੀਏ ਕਿ ਯਹੋਵਾਹ ਉਨ੍ਹਾਂ ਨੂੰ ਸਮਝ, ਹਿੰਮਤ ਅਤੇ ਦ੍ਰਿੜ੍ਹਤਾ ਬਖ਼ਸ਼ੇ ਤਾਂਕਿ ਉਹ ਸੰਜਮੀ ਬਣਨ ਅਤੇ ਗ਼ਲਤ ਇੱਛਾਵਾਂ ਨੂੰ ਕਾਬੂ ਕਰਨ ਲਈ ਆਪਣੀ ਲੜਾਈ ਨਾ ਛੱਡਣ।—ਫ਼ਿਲਿੱਪੀਆਂ 4:6, 7.

ਇਕ ਦੂਸਰੇ ਦੀ ਮਦਦ ਕਰਦੇ ਰਹੋ

14. ਸਾਨੂੰ ਕਿਉਂ ਆਪਣੇ ਭੈਣਾਂ-ਭਰਾਵਾਂ ਨਾਲ ਹਮਦਰਦੀ ਤੇ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ?

14 ਕਦੇ-ਕਦੇ ਹੋ ਸਕਦਾ ਹੈ ਕਿ ਜਦੋਂ ਅਸੀਂ ਕਿਸੇ ਗੱਲ ਵਿਚ ਸੰਜਮੀ ਹੁੰਦੇ ਹਾਂ, ਤਾਂ ਉਸੇ ਮਾਮਲੇ ਵਿਚ ਸੰਜਮ ਨਾ ਰੱਖਣ ਵਾਲੇ ਭੈਣਾਂ-ਭਰਾਵਾਂ ਪ੍ਰਤੀ ਹਮਦਰਦੀ ਰੱਖਣੀ ਸਾਡੇ ਲਈ ਸ਼ਾਇਦ ਮੁਸ਼ਕਲ ਹੋਵੇ। ਪਰ ਹਰ ਇਨਸਾਨ ਦਾ ਸੁਭਾਅ ਵੱਖੋ-ਵੱਖਰਾ ਹੁੰਦਾ ਹੈ। ਕੁਝ ਲੋਕ ਬਹੁਤ ਜਜ਼ਬਾਤੀ ਹੁੰਦੇ ਹਨ ਅਤੇ ਉਹ ਆਸਾਨੀ ਨਾਲ ਜਜ਼ਬਾਤਾਂ ਦੇ ਰੌਂ ਵਿਚ ਵਹਿ ਜਾਂਦੇ ਹਨ। ਦੂਸਰੇ ਲੋਕ ਆਪਣੇ ਜਜ਼ਬਾਤਾਂ ਨੂੰ ਕਾਬੂ ਵਿਚ ਰੱਖਣਾ ਜਾਣਦੇ ਹਨ। ਪਰ ਸਾਨੂੰ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਭਾਵੇਂ ਕੁਝ ਭੈਣਾਂ-ਭਰਾਵਾਂ ਨੂੰ ਕਿਸੇ ਗੱਲ ਵਿਚ ਸੰਜਮੀ ਹੋਣਾ ਬੜਾ ਔਖਾ ਲੱਗਦਾ ਹੈ, ਫਿਰ ਵੀ ਇਸ ਦਾ ਇਹ ਮਤਲਬ ਨਹੀਂ ਕਿ ਉਹ ਬੁਰੇ ਇਨਸਾਨ ਹਨ। ਸਾਡੇ ਭੈਣ-ਭਰਾਵਾਂ ਨੂੰ ਹਮਦਰਦੀ ਅਤੇ ਪਿਆਰ ਦੀ ਲੋੜ ਹੈ। ਆਪਣੀ ਖ਼ੁਸ਼ੀ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਪ੍ਰਤੀ ਸਦਾ ਦਇਆਵਾਨ ਹੋਈਏ ਜੋ ਸੰਜਮ ਪੈਦਾ ਕਰਨ ਲਈ ਜੱਦੋ-ਜਹਿਦ ਕਰ ਰਹੇ ਹਨ। ਇਹੋ ਗੱਲ ਅਸੀਂ ਮੱਤੀ 5:7 ਵਿਚ ਦਿੱਤੇ ਯਿਸੂ ਦੇ ਸ਼ਬਦਾਂ ਤੋਂ ਦੇਖ ਸਕਦੇ ਹਾਂ।

15. ਸੰਜਮ ਰੱਖਣ ਦੇ ਮਾਮਲੇ ਵਿਚ ਜ਼ਬੂਰਾਂ ਦੀ ਪੋਥੀ 130:3 ਦੇ ਸ਼ਬਦ ਕਿਵੇਂ ਸਾਨੂੰ ਤਸੱਲੀ ਦਿੰਦੇ ਹਨ?

15 ਜੇ ਸਾਡਾ ਕੋਈ ਭੈਣ ਜਾਂ ਭਰਾ ਕਦੀ-ਕਦਾਈਂ ਮਸੀਹੀ ਗੁਣ ਦਿਖਾਉਣ ਵਿਚ ਨਾਕਾਮ ਹੋ ਜਾਂਦਾ ਹੈ, ਤਾਂ ਸਾਨੂੰ ਕਦੇ ਵੀ ਉਸ ਨੂੰ ਬੁਰਾ ਸਮਝਣ ਵਿਚ ਕਾਹਲੀ ਨਹੀਂ ਕਰਨੀ ਚਾਹੀਦੀ। ਸਾਨੂੰ ਇਸ ਗੱਲ ਤੋਂ ਕਿੰਨਾ ਹੌਸਲਾ ਮਿਲਦਾ ਹੈ ਕਿ ਯਹੋਵਾਹ ਸੰਜਮ ਰੱਖਣ ਦੇ ਮਾਮਲੇ ਵਿਚ ਸਿਰਫ਼ ਸਾਡੀਆਂ ਨਾਕਾਮੀਆਂ ਨੂੰ ਹੀ ਨਹੀਂ, ਸਗੋਂ ਸਾਡੀਆਂ ਕਾਮਯਾਬੀਆਂ ਨੂੰ ਵੀ ਦੇਖਦਾ ਹੈ ਭਾਵੇਂ ਸਾਡੇ ਭੈਣ-ਭਰਾ ਦੇਖਣ ਜਾਂ ਨਾ ਦੇਖਣ। ਜ਼ਬੂਰਾਂ ਦੀ ਪੋਥੀ 130:3 ਦੇ ਸ਼ਬਦਾਂ ਨੂੰ ਯਾਦ ਰੱਖਣ ਨਾਲ ਸਾਨੂੰ ਬਹੁਤ ਤਸੱਲੀ ਮਿਲਦੀ ਹੈ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?”

16, 17. (ੳ) ਸੰਜਮ ਦੇ ਮਾਮਲੇ ਵਿਚ ਅਸੀਂ ਗਲਾਤੀਆਂ 6:2, 5 ਦੀ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ? (ਅ) ਅਸੀਂ ਅਗਲੇ ਲੇਖ ਵਿਚ ਸੰਜਮ ਬਾਰੇ ਹੋਰ ਕੀ ਸਿੱਖਾਂਗੇ?

16 ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਸਾਰਿਆਂ ਨੂੰ ਸੰਜਮ ਪੈਦਾ ਕਰਨ ਦੀ ਲੋੜ ਹੈ ਅਤੇ ਇਸ ਤਰ੍ਹਾਂ ਕਰਨ ਵਿਚ ਸਾਡੇ ਮਸੀਹੀ ਭੈਣ-ਭਰਾ ਸਾਡੀ ਮਦਦ ਕਰਨ ਲਈ ਸਦਾ ਤਿਆਰ ਰਹਿੰਦੇ ਹਨ। ਭਾਵੇਂ ਸਾਨੂੰ ਸਾਰਿਆਂ ਨੂੰ ਆਪਣੀ ਇਸ ਜ਼ਿੰਮੇਵਾਰੀ ਦਾ ਭਾਰ ਆਪ ਚੁੱਕਣਾ ਪੈਣਾ ਹੈ, ਪਰ ਫਿਰ ਵੀ ਸਾਨੂੰ ਕਮਜ਼ੋਰੀਆਂ ਉੱਤੇ ਕਾਬੂ ਪਾਉਣ ਵਿਚ ਇਕ ਦੂਸਰੇ ਦੀ ਮਦਦ ਕਰਨ ਦੀ ਤਾਕੀਦ ਕੀਤੀ ਗਈ ਹੈ। (ਗਲਾਤੀਆਂ 6:2, 5) ਅਸੀਂ ਆਪਣੇ ਮਾਤਾ-ਪਿਤਾ, ਪਤੀ ਜਾਂ ਪਤਨੀ ਜਾਂ ਦੋਸਤ ਦੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਜੋ ਸਾਨੂੰ ਗ਼ਲਤ ਥਾਵਾਂ ਤੇ ਜਾਣ, ਬੁਰੀਆਂ ਚੀਜ਼ਾਂ ਦੇਖਣ ਜਾਂ ਗ਼ਲਤ ਕੰਮ ਕਰਨ ਤੋਂ ਵਰਜਦਾ ਹੈ। ਉਹ ਸਾਡੀ ਸੰਜਮ ਰੱਖਣ ਵਿਚ ਮਦਦ ਕਰ ਰਿਹਾ ਹੈ ਤਾਂਕਿ ਅਸੀਂ ਗ਼ਲਤ ਚੀਜ਼ਾਂ ਨੂੰ ਨਾਂਹ ਕਹਿ ਸਕੀਏ ਅਤੇ ਇਨ੍ਹਾਂ ਤੋਂ ਦੂਰ ਰਹਿਣ ਲਈ ਦ੍ਰਿੜ੍ਹ ਰਹਿ ਸਕੀਏ!

17 ਹੁਣ ਤਕ ਅਸੀਂ ਸੰਜਮ ਬਾਰੇ ਜੋ ਚਰਚਾ ਕੀਤੀ ਹੈ, ਉਸ ਨਾਲ ਬਹੁਤ ਸਾਰੇ ਮਸੀਹੀ ਸਹਿਮਤ ਹੋਣਗੇ। ਪਰ ਉਹ ਸ਼ਾਇਦ ਸੰਜਮ ਰੱਖਣ ਦੇ ਮਾਮਲੇ ਵਿਚ ਸੁਧਾਰ ਕਰਨ ਦੀ ਲੋੜ ਵੀ ਮਹਿਸੂਸ ਕਰਨ। ਉਹ ਨਾਮੁਕੰਮਲ ਹੋਣ ਦੇ ਬਾਵਜੂਦ ਵੀ ਆਪਣੇ ਤੋਂ ਜ਼ਿਆਦਾ ਤੋਂ ਜ਼ਿਆਦਾ ਸੰਜਮ ਰੱਖਣ ਦੀ ਆਸ ਰੱਖਦੇ ਹਨ। ਕੀ ਤੁਸੀਂ ਵੀ ਆਪਣੇ ਤੋਂ ਇਹੀ ਆਸ ਰੱਖਦੇ ਹੋ? ਜੇ ਹਾਂ, ਤਾਂ ਫਿਰ ਤੁਸੀਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਇਸ ਫਲ ਨੂੰ ਪੈਦਾ ਕਰਨ ਲਈ ਕੀ ਕਰ ਸਕਦੇ ਹੋ? ਆਪਣੇ ਅਧਿਆਤਮਿਕ ਟੀਚਿਆਂ ਤਕ ਪਹੁੰਚਣ ਵਿਚ ਸੰਜਮ ਤੁਹਾਡੀ ਕਿਵੇਂ ਮਦਦ ਕਰੇਗਾ? ਆਓ ਆਪਾਂ ਇਸ ਦਾ ਜਵਾਬ ਅਗਲੇ ਲੇਖ ਵਿਚ ਦੇਖੀਏ।

ਕੀ ਤੁਹਾਨੂੰ ਯਾਦ ਹੈ?

ਸੰਜਮ ਪੈਦਾ ਕਰਨਾ . . .

• ਮਸੀਹੀਆਂ ਲਈ ਕਿਉਂ ਜ਼ਰੂਰੀ ਹੈ?

• ਕਈਆਂ ਲਈ ਕਿਉਂ ਬਹੁਤ ਔਖਾ ਹੁੰਦਾ ਹੈ?

• ਪਤੀ-ਪਤਨੀ ਲਈ ਕਿਉਂ ਜ਼ਰੂਰੀ ਹੈ?

• ਇਸ ਵਿਚ ਅਸੀਂ ਇਕ-ਦੂਸਰੇ ਦੀ ਕਿਵੇਂ ਮਦਦ ਕਰ ਸਕਦੇ ਹਾਂ?

[ਸਵਾਲ]

[ਡੱਬੀ/ਸਫ਼ੇ 16 ਉੱਤੇ ਤਸਵੀਰ]

ਉਸ ਨੇ ਨਾਂਹ ਕਹਿਣਾ ਸਿੱਖਿਆ

ਜਰਮਨੀ ਵਿਚ ਇਕ ਯਹੋਵਾਹ ਦਾ ਗਵਾਹ ਤਕਨੀਕੀ ਪ੍ਰਸਾਰਣ ਕਲਰਕ ਦੇ ਤੌਰ ਤੇ ਕੰਮ ਕਰਦਾ ਸੀ। ਉਸ ਨੂੰ ਲਗਭਗ 30 ਵੱਖ-ਵੱਖ ਟੈਲੀਵਿਯਨ ਤੇ ਰੇਡੀਓ ਪ੍ਰੋਗ੍ਰਾਮਾਂ ਉੱਤੇ ਨਿਗਰਾਨੀ ਰੱਖਣੀ ਪੈਂਦੀ ਸੀ। ਜੇ ਕਿਸੇ ਪ੍ਰੋਗ੍ਰਾਮ ਦੇ ਪ੍ਰਸਾਰਣ ਵਿਚ ਖ਼ਰਾਬੀ ਆਉਂਦੀ ਸੀ, ਤਾਂ ਉਸ ਸਮੱਸਿਆ ਨੂੰ ਦੂਰ ਕਰਨ ਲਈ ਉਸ ਨੂੰ ਪ੍ਰੋਗ੍ਰਾਮ ਵੱਲ ਧਿਆਨ ਦੇਣਾ ਪੈਂਦਾ ਸੀ। ਉਹ ਕਹਿੰਦਾ ਹੈ: “ਅਕਸਰ ਉਸੇ ਪ੍ਰੋਗ੍ਰਾਮ ਦੇ ਪ੍ਰਸਾਰਣ ਵਿਚ ਖ਼ਰਾਬੀ ਆਉਂਦੀ ਸੀ ਜਿਸ ਵਿਚ ਕੋਈ ਹਿੰਸਾ ਭਰਿਆ ਜਾਂ ਸੈਕਸ ਦਾ ਸੀਨ ਦਿਖਾਇਆ ਜਾ ਰਿਹਾ ਹੁੰਦਾ ਸੀ। ਮੈਂ ਕਈ ਦਿਨਾਂ ਜਾਂ ਹਫ਼ਤਿਆਂ ਤਕ ਇਹ ਭੈੜੇ ਸੀਨ ਨਹੀਂ ਭੁਲਾ ਪਾਉਂਦਾ ਸੀ, ਮਾਨੋ ਕਿਸੇ ਨੇ ਇਹ ਸੀਨ ਮੇਰੇ ਦਿਮਾਗ਼ ਤੇ ਦਾਗ਼ ਦਿੱਤੇ ਹੋਣ।” ਉਸ ਨੇ ਕਬੂਲ ਕੀਤਾ ਕਿ ਇਨ੍ਹਾਂ ਸੀਨਾਂ ਦਾ ਉਸ ਦੀ ਅਧਿਆਤਮਿਕ ਸਿਹਤ ਉੱਤੇ ਬੁਰਾ ਅਸਰ ਪਿਆ: “ਮੈਂ ਹਰ ਛੋਟੀ-ਮੋਟੀ ਗੱਲ ਤੇ ਗੁੱਸੇ ਨਾਲ ਭੜਕ ਉੱਠਦਾ ਸੀ। ਹਿੰਸਾ ਭਰੇ ਸੀਨ ਦੇਖਣ ਨਾਲ ਮੇਰੇ ਲਈ ਆਪਣੇ ਗੁੱਸੇ ਉੱਤੇ ਕਾਬੂ ਰੱਖਣਾ ਮੁਸ਼ਕਲ ਹੋ ਗਿਆ ਸੀ। ਸੈਕਸ ਦੇ ਸੀਨ ਦੇਖਣ ਕਰਕੇ ਮੇਰੇ ਅਤੇ ਮੇਰੀ ਪਤਨੀ ਵਿਚਕਾਰ ਹਮੇਸ਼ਾ ਤਣਾਅ ਰਹਿੰਦਾ ਸੀ। ਹਰ ਦਿਨ ਮੈਨੂੰ ਬੁਰੇ ਪ੍ਰਭਾਵਾਂ ਨਾਲ ਲੜਨਾ ਪੈਂਦਾ ਸੀ। ਮੈਂ ਇਸ ਲੜਾਈ ਵਿਚ ਹਾਰਨਾ ਨਹੀਂ ਚਾਹੁੰਦਾ ਸੀ, ਇਸ ਲਈ ਮੈਂ ਹੋਰ ਕੋਈ ਕੰਮ ਲੱਭਣ ਦਾ ਫ਼ੈਸਲਾ ਕੀਤਾ, ਭਾਵੇਂ ਕਿ ਮੈਨੂੰ ਤਨਖ਼ਾਹ ਘੱਟ ਹੀ ਮਿਲੇ। ਹਾਲ ਹੀ ਵਿਚ ਮੈਨੂੰ ਇਕ ਨਵੀਂ ਨੌਕਰੀ ਮਿਲੀ। ਮੇਰੀ ਮਨੋਕਾਮਨਾ ਪੂਰੀ ਹੋਈ।”

[ਸਫ਼ੇ 15 ਉੱਤੇ ਤਸਵੀਰਾਂ]

ਬਾਈਬਲ ਦਾ ਅਧਿਐਨ ਕਰ ਕੇ ਮਿਲਣ ਵਾਲਾ ਗਿਆਨ ਸੰਜਮ ਪੈਦਾ ਕਰਨ ਵਿਚ ਸਾਡੀ ਮਦਦ ਕਰਦਾ ਹੈ