Skip to content

Skip to table of contents

ਇਨਾਮ ਜਿੱਤਣ ਲਈ ਸੰਜਮ ਰੱਖੋ!

ਇਨਾਮ ਜਿੱਤਣ ਲਈ ਸੰਜਮ ਰੱਖੋ!

ਇਨਾਮ ਜਿੱਤਣ ਲਈ ਸੰਜਮ ਰੱਖੋ!

“ਦੌੜ ਵਾਲੇ ਹਰ ਤਰ੍ਹਾਂ ਦੇ ਸਵੈ-ਕਾਬੂ ਦਾ ਅਭਿਆਸ ਕਰਦੇ ਹਨ।”—1 ਕੁਰਿੰਥੁਸ 9:25, “ਪਵਿੱਤਰ ਬਾਈਬਲ ਨਵਾਂ ਅਨੁਵਾਦ।”

1. ਲੱਖਾਂ ਲੋਕਾਂ ਨੇ ਅਫ਼ਸੀਆਂ 4:22-24 ਦੀ ਸਲਾਹ ਮੁਤਾਬਕ ਯਹੋਵਾਹ ਨੂੰ ਕਿਵੇਂ ਹਾਂ ਕਹੀ ਹੈ?

ਜੇ ਤੁਸੀਂ ਯਹੋਵਾਹ ਦੇ ਗਵਾਹ ਦੇ ਤੌਰ ਤੇ ਬਪਤਿਸਮਾ ਲਿਆ ਹੈ, ਤਾਂ ਤੁਸੀਂ ਖੁੱਲ੍ਹੇ-ਆਮ ਇਹ ਇਕਰਾਰ ਕੀਤਾ ਹੈ ਕਿ ਤੁਸੀਂ ਸਦਾ ਦੀ ਜ਼ਿੰਦਗੀ ਦਾ ਇਨਾਮ ਜਿੱਤਣ ਲਈ ਮੁਕਾਬਲੇ ਵਿਚ ਹਿੱਸਾ ਲੈਣ ਲਈ ਤਿਆਰ ਹੋ। ਤੁਸੀਂ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਹਾਂ ਕਿਹਾ ਸੀ। ਯਹੋਵਾਹ ਨੂੰ ਸੱਚੇ ਦਿਲੋਂ ਆਪਣਾ ਸਮਰਪਣ ਕਰਨ ਤੋਂ ਪਹਿਲਾਂ, ਸਾਡੇ ਵਿੱਚੋਂ ਕਈਆਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਵੱਡੀਆਂ ਤਬਦੀਲੀਆਂ ਕਰਨੀਆਂ ਪਈਆਂ ਸਨ ਤਾਂਕਿ ਯਹੋਵਾਹ ਸਾਡੇ ਸਮਰਪਣ ਨੂੰ ਸਵੀਕਾਰ ਕਰੇ। ਅਸੀਂ ਮਸੀਹੀਆਂ ਨੂੰ ਦਿੱਤੀ ਪੌਲੁਸ ਰਸੂਲ ਦੀ ਸਲਾਹ ਨੂੰ ਮੰਨਿਆ ਜੋ ਕਹਿੰਦੀ ਹੈ: “ਤੁਸੀਂ ਅਗਲੇ ਚਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟੋ ਜੋ ਧੋਖਾ ਦੇਣ ਵਾਲੀਆਂ ਕਾਮਨਾਂ ਦੇ ਅਨੁਸਾਰ ਵਿਗੜਦੀ ਜਾਂਦੀ ਹੈ . . . ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।” (ਅਫ਼ਸੀਆਂ 4:22-24) ਦੂਸਰੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਰਨ ਦੇ ਮਾਮਲੇ ਵਿਚ ਹਾਂ ਕਹਿਣ ਤੋਂ ਪਹਿਲਾਂ ਸਾਨੂੰ ਆਪਣੇ ਗ਼ਲਤ ਜੀਵਨ-ਢੰਗ ਨੂੰ ਨਾਂਹ ਕਹਿਣੀ ਪਈ ਸੀ।

2, 3. ਪਹਿਲਾ ਕੁਰਿੰਥੀਆਂ 6:9-12 ਦੇ ਮੁਤਾਬਕ, ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਕਿਹੜੀਆਂ ਦੋ ਪ੍ਰਕਾਰ ਦੀਆਂ ਤਬਦੀਲੀਆਂ ਕਰਨ ਦੀ ਲੋੜ ਹੈ?

2 ਪੁਰਾਣੀ ਇਨਸਾਨੀਅਤ ਜਾਂ ਸੁਭਾਅ ਨੂੰ ਛੱਡਣ ਲਈ ਯਹੋਵਾਹ ਦੇ ਸੰਭਾਵੀ ਗਵਾਹਾਂ ਨੂੰ ਉਹ ਕੰਮ ਛੱਡਣੇ ਪੈਣਗੇ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਬਚਨ ਗ਼ਲਤ ਕਹਿੰਦਾ ਹੈ। ਕੁਰਿੰਥੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਪੌਲੁਸ ਨੇ ਇਨ੍ਹਾਂ ਵਿੱਚੋਂ ਕੁਝ ਕੰਮਾਂ ਦਾ ਜ਼ਿਕਰ ਕੀਤਾ: “ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਜ਼ਨਾਹਕਾਰ, ਨਾ ਜਨਾਨੜੇ, ਨਾ ਮੁੰਡੇਬਾਜ, ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਹੋਣਗੇ।” ਫਿਰ ਉਸ ਨੇ ਅੱਗੇ ਕਿਹਾ: “ਤੁਹਾਡੇ ਵਿੱਚੋਂ ਕਈਕੁ ਏਹੋ ਜੇਹੇ ਸਨ।” ਧਿਆਨ ਦਿਓ ਕਿ ਪੌਲੁਸ ਨੇ ਇੱਥੇ ਸਨ ਕਿਹਾ, ਨਾ ਕਿ ਹਨ। ਇਹ ਦਿਖਾਉਂਦਾ ਹੈ ਕਿ ਪਹਿਲੀ ਸਦੀ ਦੇ ਮਸੀਹੀਆਂ ਨੇ ਆਪਣੇ ਸੁਭਾਅ ਵਿਚ ਜ਼ਰੂਰੀ ਤਬਦੀਲੀਆਂ ਕੀਤੀਆਂ ਸਨ।—1 ਕੁਰਿੰਥੀਆਂ 6:9-11.

3 ਪੌਲੁਸ ਦੇ ਅਗਲੇ ਸ਼ਬਦ ਦਿਖਾਉਂਦੇ ਹਨ ਕਿ ਮਸੀਹੀਆਂ ਨੂੰ ਸ਼ਾਇਦ ਹੋਰ ਤਬਦੀਲੀਆਂ ਵੀ ਕਰਨੀਆਂ ਪੈਣ: “ਸਾਰੀਆਂ ਵਸਤਾਂ ਮੇਰੇ ਲਈ ਉਚਿਤ ਹਨ ਪਰੰਤੂ ਸੱਭੇ ਲਾਭਦਾਇਕ ਨਹੀਂ।” (1 ਕੁਰਿੰਥੀਆਂ 6:12) ਹਾਂ, ਅੱਜ ਬਹੁਤ ਸਾਰੇ ਲੋਕ ਜੋ ਯਹੋਵਾਹ ਦੇ ਗਵਾਹ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਨੂੰ ਅਜਿਹੀਆਂ ਚੀਜ਼ਾਂ ਨੂੰ ਵੀ ਨਾਂਹ ਕਹਿਣ ਦੀ ਲੋੜ ਹੈ ਜੋ ਗ਼ਲਤ ਨਾ ਹੁੰਦੇ ਹੋਏ ਵੀ ਕਿਸੇ ਲਾਭ ਦੀਆਂ ਨਹੀਂ ਹੁੰਦੀਆਂ। ਇਹ ਚੀਜ਼ਾਂ ਸਾਡਾ ਕੀਮਤੀ ਸਮਾਂ ਬਰਬਾਦ ਕਰ ਸਕਦੀਆਂ ਹਨ ਅਤੇ ਜ਼ਰੂਰੀ ਕੰਮਾਂ ਤੋਂ ਸਾਡਾ ਧਿਆਨ ਹਟਾ ਸਕਦੀਆਂ ਹਨ।

4. ਸਮਰਪਿਤ ਮਸੀਹੀ ਕਿਹੜੀ ਗੱਲ ਤੇ ਪੌਲੁਸ ਨਾਲ ਸਹਿਮਤ ਹਨ?

4 ਅਸੀਂ ਆਪਣੀ ਮਰਜ਼ੀ ਨਾਲ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਰਦੇ ਹਾਂ, ਨਾ ਕਿ ਕੁੜ-ਕੁੜ ਕੇ, ਮਾਨੋ ਅਸੀਂ ਕੋਈ ਵੱਡੀ ਕੁਰਬਾਨੀ ਦੇ ਰਹੇ ਹਾਂ। ਸਮਰਪਿਤ ਮਸੀਹੀ ਪੌਲੁਸ ਨਾਲ ਸਹਿਮਤ ਹਨ ਜਿਸ ਨੇ ਮਸੀਹ ਦਾ ਚੇਲਾ ਬਣਨ ਮਗਰੋਂ ਕਿਹਾ ਸੀ: “[ਯਿਸੂ] ਦੀ ਖਾਤਰ ਮੈਂ ਇਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਭਈ ਮੈਂ ਮਸੀਹ ਨੂੰ ਖੱਟ ਲਵਾਂ।” (ਫ਼ਿਲਿੱਪੀਆਂ 3:8) ਪਰਮੇਸ਼ੁਰ ਨੂੰ ਹਾਂ ਕਹਿੰਦੇ ਰਹਿਣ ਲਈ ਪੌਲੁਸ ਨੇ ਬੇਕਾਰ ਦੀਆਂ ਚੀਜ਼ਾਂ ਨੂੰ ਖਿੜੇ ਮੱਥੇ ਨਾਂਹ ਕਹਿ ਦਿੱਤੀ ਸੀ।

5. ਪੌਲੁਸ ਕਿਹੜੀ ਦੌੜ ਵਿਚ ਵਧੀਆ ਤਰੀਕੇ ਨਾਲ ਦੌੜਿਆ ਅਤੇ ਅਸੀਂ ਉਸ ਵਾਂਗ ਕਿਵੇਂ ਕਰ ਸਕਦੇ ਹਾਂ?

5 ਪੌਲੁਸ ਪੂਰੇ ਸੰਜਮ ਨਾਲ ਅਧਿਆਤਮਿਕ ਦੌੜ ਦੌੜਦਾ ਰਿਹਾ ਅਤੇ ਅਖ਼ੀਰ ਵਿਚ ਕਹਿ ਸਕਿਆ: “ਮੈਂ ਅੱਛੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਮੁਕਾ ਛੱਡੀ, ਮੈਂ ਨਿਹਚਾ ਦੀ ਸਾਂਭ ਕੀਤੀ ਹੈ। ਹੁਣ ਤੋਂ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ ਜਿਹੜਾ ਪ੍ਰਭੁ ਜੋ ਧਰਮੀ ਨਿਆਈ ਹੈ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਓਹਨਾਂ ਸਭਨਾਂ ਨੂੰ ਵੀ ਜਿਨ੍ਹਾਂ ਉਹ ਦੇ ਪਰਕਾਸ਼ ਹੋਣ ਨੂੰ ਪਿਆਰਾ ਜਾਣਿਆ।” (2 ਤਿਮੋਥਿਉਸ 4:7, 8) ਕੀ ਕਿਸੇ ਦਿਨ ਅਸੀਂ ਵੀ ਇਹ ਕਹਿ ਸਕਾਂਗੇ? ਅਸੀਂ ਜ਼ਰੂਰ ਕਹਿ ਸਕਾਂਗੇ ਜੇ ਅਸੀਂ ਸੰਜਮ ਨਾਲ ਆਪਣੀ ਮਸੀਹੀ ਦੌੜ ਨੂੰ ਅੰਤ ਤਕ ਦੌੜਦੇ ਰਹੀਏ।

ਭਲੇ ਕੰਮ ਕਰਨ ਲਈ ਸੰਜਮ ਦੀ ਲੋੜ

6. ਸੰਜਮ ਕੀ ਹੈ ਅਤੇ ਸਾਨੂੰ ਕਿਹੜੇ ਦੋ ਤਰੀਕਿਆਂ ਨਾਲ ਸੰਜਮ ਰੱਖਣ ਦੀ ਲੋੜ ਹੈ?

6 ਬਾਈਬਲ ਵਿਚ “ਸੰਜਮ” ਅਨੁਵਾਦ ਕੀਤੇ ਗਏ ਇਬਰਾਨੀ ਤੇ ਯੂਨਾਨੀ ਸ਼ਬਦਾਂ ਦਾ ਅਰਥ ਹੈ ਕਿ ਇਕ ਵਿਅਕਤੀ ਦਾ ਆਪਣੇ ਉੱਪਰ ਪੂਰਾ ਕੰਟ੍ਰੋਲ ਹੈ। ਇਨ੍ਹਾਂ ਸ਼ਬਦਾਂ ਤੋਂ ਸੰਕੇਤ ਮਿਲਦਾ ਹੈ ਕਿ ਉਹ ਆਪਣੇ ਆਪ ਨੂੰ ਬੁਰੇ ਕੰਮ ਕਰਨ ਤੋਂ ਰੋਕੀ ਰੱਖਦਾ ਹੈ। ਪਰ ਭਲੇ ਕੰਮ ਕਰਨ ਲਈ ਵੀ ਸੰਜਮ ਦੀ ਲੋੜ ਪੈਂਦੀ ਹੈ। ਨਾਮੁਕੰਮਲ ਇਨਸਾਨ ਸੁਭਾਵਕ ਹੀ ਗ਼ਲਤ ਕੰਮ ਕਰਦਾ ਹੈ, ਇਸ ਲਈ ਸਾਨੂੰ ਦੋ ਤਰੀਕਿਆਂ ਨਾਲ ਸੰਘਰਸ਼ ਕਰਨਾ ਪੈਂਦਾ ਹੈ। (ਉਪਦੇਸ਼ਕ ਦੀ ਪੋਥੀ 7:29; 8:11) ਸਾਨੂੰ ਆਪਣੇ ਆਪ ਨੂੰ ਬੁਰੇ ਕੰਮ ਕਰਨ ਤੋਂ ਰੋਕਣਾ ਤਾਂ ਹੈ ਹੀ, ਪਰ ਸਾਨੂੰ ਭਲੇ ਕੰਮ ਕਰਨ ਲਈ ਵੀ ਆਪਣੇ ਆਪ ਨੂੰ ਮਜਬੂਰ ਕਰਨਾ ਪੈਂਦਾ ਹੈ। ਦਰਅਸਲ, ਬੁਰੇ ਕੰਮਾਂ ਤੋਂ ਬਚੇ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਇਹੋ ਹੈ ਕਿ ਅਸੀਂ ਆਪਣੇ ਸਰੀਰ ਨੂੰ ਕਾਬੂ ਵਿਚ ਰੱਖ ਕੇ ਇਸ ਨੂੰ ਚੰਗੇ ਕੰਮ ਕਰਨ ਲਈ ਇਸਤੇਮਾਲ ਕਰੀਏ।

7. (ੳ) ਦਾਊਦ ਵਾਂਗ ਸਾਨੂੰ ਵੀ ਕਿਸ ਚੀਜ਼ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ? (ਅ) ਕਿਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਨ ਨਾਲ ਸਾਨੂੰ ਜ਼ਿਆਦਾ ਸੰਜਮ ਰੱਖਣ ਵਿਚ ਮਦਦ ਮਿਲੇਗੀ?

7 ਤਾਂ ਫਿਰ ਇਹ ਗੱਲ ਸਾਫ਼ ਹੈ ਕਿ ਜੇ ਅਸੀਂ ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਉੱਤੇ ਪੂਰਾ ਉਤਰਨਾ ਹੈ, ਤਾਂ ਸੰਜਮ ਰੱਖਣਾ ਬਹੁਤ ਜ਼ਰੂਰੀ ਹੈ। ਸਾਨੂੰ ਦਾਊਦ ਵਾਂਗ ਪ੍ਰਾਰਥਨਾ ਕਰਨੀ ਚਾਹੀਦੀ ਹੈ: “ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ।” (ਜ਼ਬੂਰਾਂ ਦੀ ਪੋਥੀ 51:10) ਅਸੀਂ ਅਨੈਤਿਕ ਕੰਮਾਂ ਜਾਂ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ ਤੋਂ ਬਚੇ ਰਹਿਣ ਦੇ ਫ਼ਾਇਦਿਆਂ ਉੱਤੇ ਸੋਚ-ਵਿਚਾਰ ਕਰ ਸਕਦੇ ਹਾਂ। ਇਨ੍ਹਾਂ ਚੀਜ਼ਾਂ ਤੋਂ ਦੂਰ ਨਾ ਰਹਿਣ ਦੇ ਨੁਕਸਾਨਾਂ ਬਾਰੇ ਸੋਚੋ: ਗੰਭੀਰ ਸਿਹਤ ਸਮੱਸਿਆਵਾਂ, ਵਿਗੜੇ ਰਿਸ਼ਤੇ ਅਤੇ ਸ਼ਾਇਦ ਅਣਿਆਈ ਮੌਤ ਵੀ। ਦੂਸਰੇ ਪਾਸੇ, ਉਨ੍ਹਾਂ ਸਾਰੇ ਫ਼ਾਇਦਿਆਂ ਬਾਰੇ ਸੋਚੋ ਜੋ ਯਹੋਵਾਹ ਦੇ ਮਿਆਰਾਂ ਅਨੁਸਾਰ ਜ਼ਿੰਦਗੀ ਬਤੀਤ ਕਰ ਕੇ ਸਾਨੂੰ ਮਿਲਦੇ ਹਨ। ਪਰ ਸਾਨੂੰ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਸਾਡਾ ਦਿਲ ਧੋਖੇਬਾਜ਼ ਹੈ। (ਯਿਰਮਿਯਾਹ 17:9) ਇਹ ਸਾਨੂੰ ਯਹੋਵਾਹ ਦੇ ਮਿਆਰਾਂ ਨੂੰ ਗੰਭੀਰਤਾ ਨਾਲ ਨਾ ਲੈਣ ਲਈ ਫੁਸਲਾ ਸਕਦਾ ਹੈ। ਇਸ ਲਈ ਸਾਨੂੰ ਆਪਣੇ ਦਿਲ ਦੀ ਧੋਖੇਬਾਜ਼ੀ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।

8. ਆਪਣੇ ਨਿੱਜੀ ਤਜਰਬੇ ਤੋਂ ਸਾਨੂੰ ਕਿਹੜੀ ਗੱਲ ਦੀ ਸੱਚਾਈ ਪਤਾ ਲੱਗਦੀ ਹੈ? ਮਿਸਾਲ ਦੇ ਕੇ ਸਮਝਾਓ।

8 ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦਾ ਤਜਰਬਾ ਹੈ ਕਿ ਸਾਡਾ ਸਰੀਰ ਅਕਸਰ ਸਾਡੇ ਜੋਸ਼ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਰਾਜ ਦੇ ਪ੍ਰਚਾਰ ਦੀ ਹੀ ਮਿਸਾਲ ਲੈ ਲਓ। ਜਦੋਂ ਇਨਸਾਨ ਇਸ ਜ਼ਿੰਦਗੀ ਦੇਣ ਵਾਲੇ ਕੰਮ ਵਿਚ ਖ਼ੁਸ਼ੀ-ਖ਼ੁਸ਼ੀ ਹਿੱਸਾ ਲੈਂਦੇ ਹਨ, ਤਾਂ ਯਹੋਵਾਹ ਬਹੁਤ ਖ਼ੁਸ਼ ਹੁੰਦਾ ਹੈ। (ਜ਼ਬੂਰਾਂ ਦੀ ਪੋਥੀ 110:3; ਮੱਤੀ 24:14) ਜ਼ਿਆਦਾਤਰ ਭੈਣ-ਭਰਾਵਾਂ ਲਈ ਸ਼ੁਰੂ-ਸ਼ੁਰੂ ਵਿਚ ਦੂਸਰਿਆਂ ਨੂੰ ਪ੍ਰਚਾਰ ਕਰਨਾ ਆਸਾਨ ਨਹੀਂ ਸੀ। ਅਸੀਂ ਸ਼ਾਇਦ ਇਸ ਕੰਮ ਨੂੰ ਕਰਨ ਤੋਂ ਕਤਰਾਉਂਦੇ ਸੀ। ਇਸ ਲਈ ਸਾਨੂੰ ਆਪਣੇ ਉੱਤੇ ਯਾਨੀ ਆਪਣੇ ਸਰੀਰ ਉੱਤੇ ਕਾਬੂ ਰੱਖਣ, ਇਸ ਨੂੰ ‘ਮਾਰਨ ਕੁੱਟਣ ਅਤੇ ਆਪਣੇ ਵੱਸ ਵਿਚ ਲਿਆਉਣ’ ਦੀ ਲੋੜ ਪਈ ਸੀ। ਹੋ ਸਕਦਾ ਕਿ ਸਾਨੂੰ ਅਜੇ ਵੀ ਇਸ ਤਰ੍ਹਾਂ ਕਰਨਾ ਪੈਂਦਾ ਹੋਵੇ।—1 ਕੁਰਿੰਥੀਆਂ 9:16, 27; 1 ਥੱਸਲੁਨੀਕੀਆਂ 2:2.

“ਸਭਨੀਂ ਗੱਲੀਂ”?

9, 10. “ਸਭਨੀਂ ਗੱਲੀਂ ਸੰਜਮੀ” ਹੋਣ ਵਿਚ ਕੀ ਸ਼ਾਮਲ ਹੈ?

9 ਬਾਈਬਲ ਸਾਨੂੰ “ਸਭਨੀਂ ਗੱਲੀਂ ਸੰਜਮੀ” ਹੋਣ ਦੀ ਸਲਾਹ ਦਿੰਦੀ ਹੈ। ਇਸ ਦਾ ਮਤਲਬ ਹੈ ਕਿ ਆਪਣੇ ਗੁੱਸੇ ਨੂੰ ਕਾਬੂ ਵਿਚ ਰੱਖਣ ਅਤੇ ਗ਼ਲਤ ਚਾਲ-ਚਲਣ ਤੋਂ ਦੂਰ ਰਹਿਣ ਤੋਂ ਇਲਾਵਾ ਹੋਰ ਗੱਲਾਂ ਵਿਚ ਵੀ ਸਾਨੂੰ ਸੰਜਮੀ ਹੋਣ ਦੀ ਲੋੜ ਹੈ। ਅਸੀਂ ਸ਼ਾਇਦ ਸੋਚੀਏ ਕਿ ਅਸੀਂ ਗੁੱਸੇ ਅਤੇ ਅਨੈਤਿਕਤਾ ਦੇ ਮਾਮਲੇ ਵਿਚ ਸੰਜਮ ਰੱਖਣਾ ਸਿੱਖ ਲਿਆ ਹੈ। ਜੇ ਇਹ ਸੱਚ ਹੈ, ਤਾਂ ਇਹ ਬੜੀ ਖ਼ੁਸ਼ੀ ਦੀ ਗੱਲ ਹੈ। ਪਰ ਜ਼ਿੰਦਗੀ ਦੇ ਹੋਰ ਪਹਿਲੂਆਂ ਵਿਚ ਵੀ ਸਾਨੂੰ ਸੰਜਮੀ ਹੋਣ ਦੀ ਲੋੜ ਹੈ। ਮਿਸਾਲ ਲਈ, ਅਸੀਂ ਸ਼ਾਇਦ ਅਮੀਰ ਦੇਸ਼ ਵਿਚ ਰਹਿੰਦੇ ਹਾਂ ਅਤੇ ਸਾਨੂੰ ਪੈਸੇ ਦੀ ਕੋਈ ਘਾਟ ਨਹੀਂ ਹੈ। ਪਰ ਫਿਰ ਵੀ ਕੀ ਫ਼ਜ਼ੂਲ-ਖ਼ਰਚੀ ਕਰਨ ਤੋਂ ਪਰਹੇਜ਼ ਕਰਨਾ ਬੁੱਧੀਮਤਾ ਨਹੀਂ ਹੋਵੇਗੀ? ਆਮ ਤੌਰ ਤੇ ਅਮੀਰ ਲੋਕਾਂ ਦੇ ਬੱਚੇ ਬਾਜ਼ਾਰ ਵਿਚ ਕੋਈ ਸੋਹਣੀ ਚੀਜ਼ ਦੇਖਦੇ ਹੀ ਉਸ ਨੂੰ ਖ਼ਰੀਦਣ ਦੀ ਜ਼ਿੱਦ ਕਰਦੇ ਹਨ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਉਹ ਬੇਲੋੜੀਆਂ ਚੀਜ਼ਾਂ ਨਾ ਖ਼ਰੀਦਣ। ਪਰ ਇਸ ਮਾਮਲੇ ਵਿਚ ਮਾਪਿਆਂ ਨੂੰ ਆਪ ਚੰਗੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਤਾਂਕਿ ਬੱਚੇ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਲੈਣ।—ਲੂਕਾ 10:38-42.

10 ਜਦੋਂ ਅਸੀਂ ਘੱਟ ਚੀਜ਼ਾਂ ਨਾਲ ਗੁਜ਼ਾਰਾ ਕਰਨਾ ਸਿੱਖਦੇ ਹਾਂ, ਤਾਂ ਅਸੀਂ ਜ਼ਿਆਦਾ ਸੰਜਮੀ ਬਣਾਂਗੇ। ਇਸ ਤੋਂ ਇਲਾਵਾ, ਅਸੀਂ ਇਸ ਗੱਲ ਲਈ ਜ਼ਿਆਦਾ ਸ਼ੁਕਰਗੁਜ਼ਾਰ ਹੋਵਾਂਗੇ ਕਿ ਸਾਡੇ ਕੋਲ ਰੋਟੀ, ਕੱਪੜਾ ਤੇ ਮਕਾਨ ਹੈ, ਜਦ ਕਿ ਬਹੁਤ ਸਾਰੇ ਲੋਕਾਂ ਕੋਲ ਇਹ ਵੀ ਨਹੀਂ ਹੁੰਦੇ। ਅਸੀਂ ਉਨ੍ਹਾਂ ਲੋਕਾਂ ਪ੍ਰਤੀ ਜ਼ਿਆਦਾ ਹਮਦਰਦ ਹੋਵਾਂਗੇ ਜੋ ਗ਼ਰੀਬੀ ਕਰਕੇ ਕਈ ਚੀਜ਼ਾਂ ਤੋਂ ਵਾਂਝੇ ਰਹਿੰਦੇ ਹਨ। ਪਰ ਦੁਨੀਆਂ ਅਜਿਹੇ ਨਜ਼ਰੀਏ ਨੂੰ ਹੱਲਾਸ਼ੇਰੀ ਨਹੀਂ ਦਿੰਦੀ, ਸਗੋਂ ਉਹ ਆਪਣੇ ਮੁਨਾਫ਼ੇ ਲਈ ਇਸ਼ਤਿਹਾਰਬਾਜ਼ੀ ਦੁਆਰਾ ਲੋਕਾਂ ਨੂੰ ਨਵੀਆਂ-ਨਵੀਆਂ ਚੀਜ਼ਾਂ ਖ਼ਰੀਦਣ ਲਈ ਪ੍ਰੇਰਦੀ ਹੈ। ਇਹ ਸੰਜਮ ਰੱਖਣ ਦੀ ਸਾਡੀ ਇੱਛਾ ਨੂੰ ਕਮਜ਼ੋਰ ਕਰ ਸਕਦੀ ਹੈ। ਹਾਲ ਹੀ ਵਿਚ ਇਕ ਖ਼ੁਸ਼ਹਾਲ ਯੂਰਪੀ ਦੇਸ਼ ਦੇ ਰਸਾਲੇ ਵਿਚ ਲਿਖਿਆ ਸੀ: “ਜੇ ਘੋਰ ਗ਼ਰੀਬੀ ਦੀ ਦੁਖਦਾਈ ਹਾਲਤ ਵਿਚ ਜੀ ਰਹੇ ਲੋਕਾਂ ਨੂੰ ਬੇਲੋੜੀਆਂ ਚੀਜ਼ਾਂ ਖ਼ਰੀਦਣ ਦੀ ਇੱਛਾ ਨੂੰ ਦਬਾਉਣ ਲਈ ਆਪਣੇ ਮਨ ਨੂੰ ਮਾਰਨਾ ਪੈਂਦਾ ਹੈ, ਤਾਂ ਸਹੂਲਤਾਂ ਨਾਲ ਭਰਪੂਰ ਅਮੀਰ ਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਲਈ ਇਸ ਤਰ੍ਹਾਂ ਕਰਨਾ ਕਿੰਨਾ ਜ਼ਿਆਦਾ ਮੁਸ਼ਕਲ ਹੋਣਾ!”

11. ਬੇਲੋੜੀਆਂ ਚੀਜ਼ਾਂ ਇਕੱਠੀਆਂ ਨਾ ਕਰਨ ਦਾ ਕੀ ਫ਼ਾਇਦਾ ਹੈ, ਪਰ ਇਸ ਤਰ੍ਹਾਂ ਕਰਨਾ ਕਿਉਂ ਮੁਸ਼ਕਲ ਹੁੰਦਾ ਹੈ?

11 ਜੇ ਸਾਨੂੰ ਇਹ ਸਮਝ ਨਹੀਂ ਆਉਂਦਾ ਕਿ ਕਿਹੜੀਆਂ ਚੀਜ਼ਾਂ ਦੀ ਸਾਨੂੰ ਸੱਚ-ਮੁੱਚ ਲੋੜ ਹੈ ਤੇ ਕਿਨ੍ਹਾਂ ਦੀ ਨਹੀਂ, ਤਾਂ ਚੰਗਾ ਹੋਵੇਗਾ ਜੇ ਅਸੀਂ ਫ਼ਜ਼ੂਲ-ਖ਼ਰਚੀ ਤੋਂ ਬਚਣ ਲਈ ਠੋਸ ਕਦਮ ਚੁੱਕੀਏ। ਉਦਾਹਰਣ ਲਈ, ਜੇ ਫ਼ਜ਼ੂਲ-ਖ਼ਰਚੀ ਸਾਡੀ ਕਮਜ਼ੋਰੀ ਹੈ, ਤਾਂ ਅਸੀਂ ਚੀਜ਼ਾਂ ਉਧਾਰ ਨਾ ਖ਼ਰੀਦਣ ਦਾ ਪੱਕਾ ਫ਼ੈਸਲਾ ਕਰ ਸਕਦੇ ਹਾਂ ਜਾਂ ਬਾਜ਼ਾਰ ਜਾਣ ਵੇਲੇ ਆਪਣੇ ਨਾਲ ਸਿਰਫ਼ ਥੋੜ੍ਹਾ ਜਿਹਾ ਪੈਸਾ ਲੈ ਕੇ ਜਾ ਸਕਦੇ ਹਾਂ। ਯਾਦ ਰੱਖੋ ਕਿ ਪੌਲੁਸ ਨੇ ਕਿਹਾ ਸੀ ਕਿ ‘ਸੰਤੋਖ ਨਾਲ ਭਗਤੀ ਹੈ ਤਾਂ ਵੱਡੀ ਖੱਟੀ ਹੈ।’ ਉਸ ਨੇ ਦਲੀਲ ਦਿੱਤੀ: “ਅਸਾਂ ਜਗਤ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਓਸ ਵਿੱਚੋਂ ਕੁਝ ਲੈ ਜਾ ਸੱਕਦੇ ਹਾਂ। ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।” (1 ਤਿਮੋਥਿਉਸ 6:6-8) ਕੀ ਅਸੀਂ ਸਾਦੀ ਜ਼ਿੰਦਗੀ ਜੀ ਕੇ ਸੰਤੁਸ਼ਟ ਰਹਿੰਦੇ ਹਾਂ? ਅਸੀਂ ਜਿੰਨੀਆਂ ਬੇਲੋੜੀਆਂ ਚੀਜ਼ਾਂ ਇਕੱਠੀਆਂ ਕਰਾਂਗੇ, ਉੱਨਾ ਹੀ ਸਮਾਂ ਸਾਨੂੰ ਉਨ੍ਹਾਂ ਦੀ ਸਾਂਭ-ਸੰਭਾਲ ਵਿਚ ਲਗਾਉਣਾ ਪਵੇਗਾ। ਸਾਦੀ ਜ਼ਿੰਦਗੀ ਜੀਉਣ ਲਈ ਦ੍ਰਿੜ੍ਹਤਾ ਅਤੇ ਸੰਜਮ ਦੀ ਲੋੜ ਹੈ। ਇਸ ਤਰ੍ਹਾਂ ਕਰ ਕੇ ਸਾਡਾ ਹੀ ਲਾਭ ਹੋਵੇਗਾ।

12, 13. (ੳ) ਮਸੀਹੀ ਸਭਾਵਾਂ ਦੇ ਸੰਬੰਧ ਵਿਚ ਸੰਜਮ ਕਿਉਂ ਜ਼ਰੂਰੀ ਹੈ? (ਅ) ਹੋਰ ਕਿਹੜੀਆਂ ਕੁਝ ਗੱਲਾਂ ਵਿਚ ਸਾਨੂੰ ਸੰਜਮ ਪੈਦਾ ਕਰਨ ਦੀ ਲੋੜ ਹੈ?

12 ਮਸੀਹੀ ਸਭਾਵਾਂ, ਅਸੈਂਬਲੀਆਂ ਅਤੇ ਜ਼ਿਲ੍ਹਾ ਸੰਮੇਲਨਾਂ ਵਿਚ ਵੀ ਸਾਨੂੰ ਖ਼ਾਸ ਕਰਕੇ ਸੰਜਮ ਰੱਖਣ ਦੀ ਲੋੜ ਪੈਂਦੀ ਹੈ। ਮਿਸਾਲ ਲਈ, ਸਾਨੂੰ ਆਪਣੇ ਉੱਤੇ ਕਾਬੂ ਰੱਖਣ ਦੀ ਲੋੜ ਹੈ ਕਿ ਪ੍ਰੋਗ੍ਰਾਮ ਦੌਰਾਨ ਅਸੀਂ ਆਪਣੇ ਧਿਆਨ ਨੂੰ ਇੱਧਰ-ਉੱਧਰ ਨਾ ਭਟਕਣ ਦੇਈਏ। (ਕਹਾਉਤਾਂ 1:5) ਆਪਣੇ ਨਾਲ ਬੈਠੇ ਭੈਣ-ਭਰਾਵਾਂ ਨਾਲ ਗੱਲਾਂ ਕਰ ਕੇ ਉਨ੍ਹਾਂ ਨੂੰ ਤੰਗ ਨਾ ਕਰਨ, ਸਗੋਂ ਭਾਸ਼ਣਕਾਰ ਵੱਲ ਪੂਰਾ ਧਿਆਨ ਦੇਣ ਲਈ ਵੀ ਸਾਨੂੰ ਆਪਣੇ ਆਪ ਤੇ ਕਾਬੂ ਰੱਖਣਾ ਪਵੇਗਾ। ਆਪਣੇ ਕੰਮਾਂ-ਕਾਰਾਂ ਨੂੰ ਸਮੇਂ ਸਿਰ ਖ਼ਤਮ ਕਰਨ ਲਈ ਵੀ ਸੰਜਮ ਰੱਖਣ ਦੀ ਲੋੜ ਹੈ ਤਾਂਕਿ ਅਸੀਂ ਸਮੇਂ ਸਿਰ ਸਭਾਵਾਂ ਵਿਚ ਪਹੁੰਚ ਸਕੀਏ। ਇਸ ਤੋਂ ਇਲਾਵਾ, ਸਭਾਵਾਂ ਦੀ ਤਿਆਰੀ ਕਰਨ ਲਈ ਸਮਾਂ ਕੱਢਣ ਅਤੇ ਫਿਰ ਸਭਾਵਾਂ ਵਿਚ ਹਿੱਸਾ ਲੈਣ ਲਈ ਵੀ ਸਾਨੂੰ ਆਤਮ-ਸੰਜਮ ਦੀ ਲੋੜ ਹੈ।

13 ਛੋਟੀਆਂ-ਮੋਟੀਆਂ ਗੱਲਾਂ ਵਿਚ ਸੰਜਮੀ ਹੋਣ ਨਾਲ ਸਾਨੂੰ ਵੱਡੀਆਂ ਗੱਲਾਂ ਵਿਚ ਵੀ ਸੰਜਮੀ ਹੋਣ ਦੀ ਤਾਕਤ ਮਿਲਦੀ ਹੈ। (ਲੂਕਾ 16:10) ਇਸ ਲਈ, ਪਰਮੇਸ਼ੁਰ ਦੇ ਬਚਨ ਅਤੇ ਬਾਈਬਲ ਆਧਾਰਿਤ ਪ੍ਰਕਾਸ਼ਨਾਂ ਨੂੰ ਬਾਕਾਇਦਾ ਪੜ੍ਹਨ, ਅਧਿਐਨ ਕਰਨ ਅਤੇ ਉਨ੍ਹਾਂ ਉੱਤੇ ਮਨਨ ਕਰਨ ਲਈ ਆਪਣੇ ਆਪ ਨੂੰ ਅਨੁਸ਼ਾਸਿਤ ਕਰਨਾ ਕਿੰਨਾ ਵਧੀਆ ਹੋਵੇਗਾ! ਅਨੁਚਿਤ ਨੌਕਰੀਆਂ, ਗ਼ਲਤ ਦੋਸਤਾਂ, ਮਾੜੇ ਰਵੱਈਏ ਅਤੇ ਬੁਰੀਆਂ ਆਦਤਾਂ ਤੋਂ ਦੂਰ ਰਹਿਣਾ ਅਤੇ ਬੇਕਾਰ ਦੇ ਕੰਮਾਂ ਵਿਚ ਕੀਮਤੀ ਸਮਾਂ ਬਰਬਾਦ ਨਾ ਕਰਨਾ ਕਿੰਨੀ ਅਕਲਮੰਦੀ ਦੀ ਗੱਲ ਹੋਵੇਗੀ! ਇਹੀ ਸਮਾਂ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਬਿਤਾ ਸਕਦੇ ਹਾਂ। ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿਣ ਨਾਲ ਅਸੀਂ ਉਨ੍ਹਾਂ ਚੀਜ਼ਾਂ ਜਾਂ ਕੰਮਾਂ ਤੋਂ ਬਚੇ ਰਹਾਂਗੇ ਜੋ ਸਾਨੂੰ ਯਹੋਵਾਹ ਦੀ ਵਿਸ਼ਵ-ਵਿਆਪੀ ਕਲੀਸਿਯਾ ਦੇ ਅਧਿਆਤਮਿਕ ਫਿਰਦੌਸ ਤੋਂ ਦੂਰ ਲੈ ਜਾ ਸਕਦੇ ਹਨ।

ਪਰਿਪੱਕਤਾ ਦੀ ਨਿਸ਼ਾਨੀ ਸੰਜਮ

14. (ੳ) ਬੱਚਿਆਂ ਨੂੰ ਸੰਜਮ ਰੱਖਣਾ ਕਿਵੇਂ ਸਿਖਾਇਆ ਜਾਣਾ ਚਾਹੀਦਾ ਹੈ? (ਅ) ਜਦੋਂ ਬੱਚੇ ਛੋਟੀ ਉਮਰ ਤੋਂ ਹੀ ਇਹ ਸਿੱਖਿਆ ਲੈਂਦੇ ਹਨ, ਤਾਂ ਉਨ੍ਹਾਂ ਨੂੰ ਕੀ-ਕੀ ਫ਼ਾਇਦੇ ਹੁੰਦੇ ਹਨ?

14 ਨਵ-ਜੰਮੇ ਬੱਚਿਆਂ ਵਿਚ ਸੰਜਮ ਨਹੀਂ ਹੁੰਦਾ। ਬਾਲ-ਵਿਵਹਾਰ ਦੇ ਮਾਹਰਾਂ ਦੁਆਰਾ ਛਾਪੇ ਗਏ ਇਕ ਪਰਚੇ ਵਿਚ ਲਿਖਿਆ ਸੀ: “ਸੰਜਮ ਆਪਣੇ ਆਪ ਜਾਂ ਅਚਾਨਕ ਹੀ ਪੈਦਾ ਨਹੀਂ ਹੁੰਦਾ। ਇਸ ਨੂੰ ਸਿੱਖਣ ਲਈ ਨਿਆਣਿਆਂ ਨੂੰ ਮਾਪਿਆਂ ਦੀ ਸੇਧ ਅਤੇ ਮਦਦ ਦੀ ਲੋੜ ਹੁੰਦੀ ਹੈ। . . . ਮਾਪਿਆਂ ਦੀ ਸੇਧ ਵਿਚ ਬੱਚਿਆਂ ਦਾ ਸੰਜਮ ਸਕੂਲੀ ਸਾਲਾਂ ਦੌਰਾਨ ਵਧਦਾ ਜਾਂਦਾ ਹੈ।” ਚਾਰ ਸਾਲ ਦੀ ਉਮਰ ਦੇ ਬੱਚਿਆਂ ਉੱਤੇ ਕੀਤੇ ਅਧਿਐਨ ਨੇ ਦਿਖਾਇਆ ਕਿ ਜਿਹੜੇ ਬੱਚੇ ਕੁਝ ਹੱਦ ਤਕ ਸੰਜਮ ਰੱਖਣਾ ਸਿੱਖਦੇ ਹਨ, ਉਹ “ਆਮ ਤੌਰ ਤੇ ਵੱਡੇ ਹੋ ਕੇ ਜ਼ਿਆਦਾ ਮਿਲਣਸਾਰ, ਲੋਕਪ੍ਰਿਯ, ਹਿੰਮਤੀ, ਆਤਮ-ਵਿਸ਼ਵਾਸੀ ਤੇ ਜ਼ਿੰਮੇਵਾਰ ਨੌਜਵਾਨ ਬਣਦੇ ਹਨ।” ਜਿਨ੍ਹਾਂ ਨੌਜਵਾਨਾਂ ਨੇ ਬਚਪਨ ਤੋਂ ਸੰਜਮ ਸਿੱਖਣਾ ਸ਼ੁਰੂ ਨਹੀਂ ਕੀਤਾ, ਉਨ੍ਹਾਂ ਦੇ “ਜ਼ਿਆਦਾ ਦੋਸਤ ਨਹੀਂ ਸਨ। ਉਹ ਜ਼ਿੱਦੀ ਸਨ ਅਤੇ ਛੇਤੀ ਹੀ ਨਿਰਾਸ਼ ਹੋ ਜਾਂਦੇ ਸਨ। ਉਨ੍ਹਾਂ ਵਿਚ ਦਬਾਵਾਂ ਅਤੇ ਚੁਣੌਤੀਆਂ ਦਾ ਸਾਮ੍ਹਣਾ ਕਰਨ ਦੀ ਹਿੰਮਤ ਨਹੀਂ ਸੀ।” ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਪਰਿਪੱਕ ਨੌਜਵਾਨ ਬਣਨ ਲਈ ਬੱਚੇ ਨੂੰ ਛੋਟੀ ਉਮਰ ਤੋਂ ਹੀ ਸੰਜਮ ਸਿੱਖਣ ਦੀ ਲੋੜ ਹੁੰਦੀ ਹੈ।

15. ਸੰਜਮ ਦੀ ਘਾਟ ਕੀ ਦਿਖਾਉਂਦੀ ਹੈ ਅਤੇ ਇਸ ਦੇ ਉਲਟ ਬਾਈਬਲ ਸਾਨੂੰ ਕਿਹੜਾ ਟੀਚਾ ਰੱਖਣ ਲਈ ਕਹਿੰਦੀ ਹੈ?

15 ਇਸੇ ਤਰ੍ਹਾਂ, ਪਰਿਪੱਕ ਮਸੀਹੀ ਬਣਨ ਲਈ ਲੋੜ ਹੈ ਕਿ ਅਸੀਂ ਸੰਜਮ ਰੱਖਣਾ ਸਿੱਖੀਏ। ਸੰਜਮ ਦੀ ਘਾਟ ਦਿਖਾਉਂਦੀ ਹੈ ਕਿ ਅਸੀਂ ਅਧਿਆਤਮਿਕ ਤੌਰ ਤੇ ਅਜੇ ਨਿਆਣੇ ਹੀ ਹਾਂ। ਬਾਈਬਲ ਸਾਨੂੰ “ਬੁੱਧ ਵਿੱਚ ਸਿਆਣੇ” ਬਣਨ ਦੀ ਨਸੀਹਤ ਦਿੰਦੀ ਹੈ। (1 ਕੁਰਿੰਥੀਆਂ 14:20) ਸਾਡਾ ਟੀਚਾ ‘ਨਿਹਚਾ ਦੀ ਅਤੇ ਪਰਮੇਸ਼ੁਰ ਦੇ ਪੁੱਤ੍ਰ ਦੀ ਪਛਾਣ ਦੀ ਏਕਤਾ ਅਤੇ ਪੂਰੇ ਮਰਦਊਪੁਣੇ ਤੀਕ ਅਰਥਾਤ ਮਸੀਹ ਦੀ ਪੂਰੀ ਡੀਲ ਦੇ ਅੰਦਾਜ਼ੇ ਤੀਕ ਪਹੁੰਚਣਾ’ ਹੈ। ਕਿਉਂ? “ਭਈ ਅਸੀਂ ਅਗਾਹਾਂ ਨੂੰ ਇਞਾਣੇ ਨਾ ਰਹੀਏ ਜਿਹੜੇ ਮਨੁੱਖਾਂ ਦੀ ਠੱਗ ਵਿੱਦਿਆ ਅਤੇ ਭੁਲਾਉਣ ਵਾਲੀ ਛਲ ਛਿੱਦ੍ਰ ਰੂਪੀ ਚਤਰਾਈ ਨਾਲ ਸਿੱਖਿਆ ਦੇ ਹਰੇਕ ਬੁੱਲੇ ਨਾਲ ਐਧਰ ਉੱਧਰ ਡੋਲਦੇ ਫਿਰਦੇ ਹਨ।” (ਅਫ਼ਸੀਆਂ 4:13, 14) ਤਾਂ ਫਿਰ, ਅਧਿਆਤਮਿਕ ਤੌਰ ਤੇ ਮਜ਼ਬੂਤ ਬਣਨ ਲਈ ਜ਼ਰੂਰੀ ਹੈ ਕਿ ਅਸੀਂ ਸੰਜਮ ਰੱਖਣਾ ਸਿੱਖੀਏ।

ਸੰਜਮ ਪੈਦਾ ਕਰਨਾ

16. ਯਹੋਵਾਹ ਕਿਵੇਂ ਸਾਡੀ ਮਦਦ ਕਰਦਾ ਹੈ?

16 ਸੰਜਮ ਪੈਦਾ ਕਰਨ ਲਈ ਸਾਨੂੰ ਪਰਮੇਸ਼ੁਰ ਦੀ ਮਦਦ ਦੀ ਲੋੜ ਹੈ ਅਤੇ ਉਸ ਨੇ ਸਾਡੀ ਮਦਦ ਕਰਨ ਲਈ ਪ੍ਰਬੰਧ ਕੀਤੇ ਹਨ। ਪਰਮੇਸ਼ੁਰ ਦਾ ਬਚਨ ਇਕ ਸਾਫ਼ ਸ਼ੀਸ਼ੇ ਵਾਂਗ ਹੈ ਜੋ ਸਾਨੂੰ ਦਿਖਾਉਂਦਾ ਹੈ ਕਿ ਸਾਨੂੰ ਆਪਣੇ ਵਿਚ ਕਿਹੜੇ ਸੁਧਾਰ ਕਰਨ ਦੀ ਲੋੜ ਹੈ ਅਤੇ ਅਸੀਂ ਇਹ ਕਿੱਦਾਂ ਕਰ ਸਕਦੇ ਹਾਂ। (ਯਾਕੂਬ 1:22-25) ਸਾਨੂੰ ਪਿਆਰ ਕਰਨ ਵਾਲੇ ਸਾਡੇ ਮਸੀਹੀ ਭੈਣ-ਭਰਾ ਵੀ ਸਾਡੀ ਮਦਦ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ। ਮਸੀਹੀ ਬਜ਼ੁਰਗ ਸਮਝਦਾਰੀ ਨਾਲ ਸਾਨੂੰ ਚੰਗੀ ਸਲਾਹ ਦਿੰਦੇ ਹਨ। ਯਹੋਵਾਹ ਆਪ ਵੀ ਸਾਨੂੰ ਖੁੱਲ੍ਹ-ਦਿਲੀ ਨਾਲ ਪਵਿੱਤਰ ਆਤਮਾ ਦਿੰਦਾ ਹੈ ਜਦੋਂ ਅਸੀਂ ਇਸ ਲਈ ਪ੍ਰਾਰਥਨਾ ਕਰਦੇ ਹਾਂ। (ਲੂਕਾ 11:13; ਰੋਮੀਆਂ 8:26) ਇਸ ਲਈ ਆਓ ਆਪਾਂ ਖ਼ੁਸ਼ੀ-ਖ਼ੁਸ਼ੀ ਇਨ੍ਹਾਂ ਪ੍ਰਬੰਧਾਂ ਤੋਂ ਪੂਰਾ ਲਾਭ ਲਈਏ। ਇਸ ਤਰ੍ਹਾਂ ਕਰਨ ਵਿਚ ਸਫ਼ਾ 21 ਉੱਤੇ ਦਿੱਤੇ ਸੁਝਾਅ ਤੁਹਾਡੀ ਮਦਦ ਕਰ ਸਕਦੇ ਹਨ।

17. ਕਹਾਉਤਾਂ 24:16 ਸਾਨੂੰ ਕਿਹੜੀ ਹੌਸਲਾ-ਅਫ਼ਜ਼ਾਈ ਦਿੰਦਾ ਹੈ?

17 ਯਹੋਵਾਹ ਨੂੰ ਖ਼ੁਸ਼ ਕਰਨ ਦੇ ਸਾਡੇ ਜਤਨ ਉਸ ਲਈ ਬਹੁਤ ਮਾਅਨੇ ਰੱਖਦੇ ਹਨ। ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ! ਇਸ ਤੋਂ ਸਾਨੂੰ ਹੋਰ ਜ਼ਿਆਦਾ ਸੰਜਮੀ ਬਣਨ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹਿਣ ਦੀ ਪ੍ਰੇਰਣਾ ਮਿਲਣੀ ਚਾਹੀਦੀ ਹੈ। ਸੰਜਮ ਰੱਖਣ ਵਿਚ ਅਸੀਂ ਭਾਵੇਂ ਜਿੰਨੀ ਵਾਰ ਮਰਜ਼ੀ ਨਾਕਾਮ ਹੋਈਏ, ਪਰ ਸਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। “ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ।” (ਕਹਾਉਤਾਂ 24:16) ਜਦੋਂ ਵੀ ਅਸੀਂ ਸੰਜਮ ਰੱਖਣ ਵਿਚ ਕਾਮਯਾਬ ਹੁੰਦੇ ਹਾਂ, ਤਾਂ ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ। ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਵੀ ਸਾਡੇ ਤੋਂ ਬਹੁਤ ਖ਼ੁਸ਼ ਹੈ। ਇਕ ਗਵਾਹ ਕਹਿੰਦਾ ਹੈ ਕਿ ਯਹੋਵਾਹ ਨੂੰ ਆਪਣਾ ਸਮਰਪਣ ਕਰਨ ਤੋਂ ਪਹਿਲਾਂ, ਉਹ ਜਦੋਂ ਵੀ ਪੂਰਾ ਹਫ਼ਤਾ ਸਿਗਰਟਾਂ ਨਾ ਪੀਣ ਵਿਚ ਸਫ਼ਲ ਹੁੰਦਾ ਸੀ, ਤਾਂ ਸੰਜਮ ਰੱਖਣ ਕਰਕੇ ਬਚੇ ਪੈਸਿਆਂ ਤੋਂ ਉਹ ਆਪਣੇ ਲਈ ਕੋਈ ਲਾਹੇਵੰਦ ਚੀਜ਼ ਖ਼ਰੀਦਦਾ ਸੀ।

18. (ੳ) ਸੰਜਮ ਰੱਖਣ ਵਿਚ ਕਿਹੜੀਆਂ ਚੀਜ਼ਾਂ ਸ਼ਾਮਲ ਹਨ? (ਅ) ਯਹੋਵਾਹ ਸਾਨੂੰ ਕਿਸ ਗੱਲ ਦਾ ਭਰੋਸਾ ਦਿੰਦਾ ਹੈ?

18 ਸਾਡੇ ਲਈ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਸੰਜਮ ਰੱਖਣ ਵਿਚ ਸਾਡਾ ਦਿਲ ਤੇ ਦਿਮਾਗ਼ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਅਸੀਂ ਯਿਸੂ ਦੇ ਸ਼ਬਦਾਂ ਤੋਂ ਦੇਖ ਸਕਦੇ ਹਾਂ: “ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।” (ਮੱਤੀ 5:28; ਯਾਕੂਬ 1:14, 15) ਜਿਹੜਾ ਵਿਅਕਤੀ ਆਪਣੇ ਦਿਲ ਤੇ ਦਿਮਾਗ਼ ਨੂੰ ਕਾਬੂ ਕਰਨਾ ਸਿੱਖ ਜਾਂਦਾ ਹੈ, ਉਸ ਲਈ ਆਪਣੇ ਪੂਰੇ ਸਰੀਰ ਉੱਤੇ ਕਾਬੂ ਰੱਖਣਾ ਜ਼ਿਆਦਾ ਆਸਾਨ ਹੁੰਦਾ ਹੈ। ਤਾਂ ਫਿਰ ਆਓ ਆਪਾਂ ਨਾ ਸਿਰਫ਼ ਗ਼ਲਤ ਕੰਮਾਂ ਤੋਂ ਬਚਣ ਦਾ ਪੱਕਾ ਇਰਾਦਾ ਕਰੀਏ, ਸਗੋਂ ਇਸ ਬਾਰੇ ਸੋਚਣ ਤੋਂ ਵੀ ਪਰਹੇਜ਼ ਕਰੀਏ। ਜੇ ਸਾਡੇ ਅੰਦਰ ਭੈੜੇ ਵਿਚਾਰ ਉੱਠਣ, ਤਾਂ ਇਨ੍ਹਾਂ ਨੂੰ ਤੁਰੰਤ ਬਾਹਰ ਕੱਢ ਦਿਓ। ਅਸੀਂ ਪ੍ਰਾਰਥਨਾ ਕਰ ਕੇ ਅਤੇ ਆਪਣੀ ਨਜ਼ਰ ਯਿਸੂ ਦੀ ਮਿਸਾਲ ਉੱਤੇ ਟਿਕਾਈ ਰੱਖਣ ਦੁਆਰਾ ਪਰਤਾਵਿਆਂ ਤੋਂ ਭੱਜ ਸਕਦੇ ਹਾਂ। (1 ਤਿਮੋਥਿਉਸ 6:11; 2 ਤਿਮੋਥਿਉਸ 2:22; ਇਬਰਾਨੀਆਂ 4:15, 16) ਜੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਜ਼ਬੂਰਾਂ ਦੀ ਪੋਥੀ 55:22 ਦੀ ਸਲਾਹ ਉੱਤੇ ਚੱਲ ਰਹੇ ਹੋਵਾਂਗੇ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।”

ਕੀ ਤੁਹਾਨੂੰ ਯਾਦ ਹੈ?

• ਸਾਨੂੰ ਕਿਹੜੇ ਦੋ ਤਰੀਕਿਆਂ ਨਾਲ ਸੰਜਮ ਰੱਖਣ ਦੀ ਲੋੜ ਹੈ?

• “ਸਭਨੀਂ ਗੱਲੀਂ ਸੰਜਮੀ” ਹੋਣ ਦਾ ਕੀ ਮਤਲਬ ਹੈ?

• ਸੰਜਮ ਪੈਦਾ ਕਰਨ ਸੰਬੰਧੀ ਇਸ ਅਧਿਐਨ ਵਿਚ ਦੱਸੇ ਗਏ ਵਧੀਆ ਸੁਝਾਵਾਂ ਵਿੱਚੋਂ ਤੁਹਾਨੂੰ ਖ਼ਾਸਕਰ ਕਿਹੜਾ ਸੁਝਾਅ ਚੰਗਾ ਲੱਗਾ?

• ਸੰਜਮ ਕਿੱਥੋਂ ਸ਼ੁਰੂ ਹੁੰਦਾ ਹੈ?

[ਸਵਾਲ]

[ਸਫ਼ਾ 21 ਉੱਤੇ ਡੱਬੀ/ਤਸਵੀਰਾਂ]

ਸੰਜਮੀ ਬਣਨ ਦੇ ਤਰੀਕੇ

• ਛੋਟੀਆਂ-ਮੋਟੀਆਂ ਗੱਲਾਂ ਵਿਚ ਵੀ ਸੰਜਮ ਰੱਖੋ

• ਸੰਜਮ ਦੇ ਫ਼ਾਇਦਿਆਂ ਬਾਰੇ ਸੋਚੋ ਜੋ ਸਾਨੂੰ ਹੁਣ ਅਤੇ ਭਵਿੱਖ ਵਿਚ ਮਿਲਣਗੇ

• ਪਰਮੇਸ਼ੁਰ ਦੁਆਰਾ ਮਨ੍ਹਾ ਕੀਤੇ ਕੰਮਾਂ ਦੀ ਬਜਾਇ ਉਹ ਕੰਮ ਕਰੋ ਜਿਨ੍ਹਾਂ ਤੋਂ ਉਹ ਖ਼ੁਸ਼ ਹੁੰਦਾ ਹੈ

• ਗ਼ਲਤ ਵਿਚਾਰਾਂ ਨੂੰ ਤੁਰੰਤ ਮਨ ਵਿੱਚੋਂ ਕੱਢ ਦਿਓ

• ਆਪਣੇ ਮਨ ਨੂੰ ਅਧਿਆਤਮਿਕ ਵਿਚਾਰਾਂ ਨਾਲ ਭਰੋ

• ਪਰਿਪੱਕ ਮਸੀਹੀ ਭੈਣ-ਭਰਾਵਾਂ ਦੀ ਮਦਦ ਸਵੀਕਾਰ ਕਰੋ

• ਉਨ੍ਹਾਂ ਹਾਲਾਤਾਂ ਤੋਂ ਬਚੋ ਜੋ ਤੁਹਾਨੂੰ ਪਰਤਾ ਸਕਦੇ ਹਨ

• ਪਰਤਾਵਾ ਆਉਣ ਤੇ ਪਰਮੇਸ਼ੁਰ ਦੀ ਮਦਦ ਲਈ ਪ੍ਰਾਰਥਨਾ ਕਰੋ

[ਸਫ਼ਾ 18, 19 ਉੱਤੇ ਤਸਵੀਰਾਂ]

ਸੰਜਮ ਸਾਨੂੰ ਭਲੇ ਕੰਮ ਕਰਨ ਲਈ ਪ੍ਰੇਰਦਾ ਹੈ