Skip to content

Skip to table of contents

ਨੌਜਵਾਨੋ, ਯਹੋਵਾਹ ਦੇ ਯੋਗ ਚਾਲ ਚਲੋ

ਨੌਜਵਾਨੋ, ਯਹੋਵਾਹ ਦੇ ਯੋਗ ਚਾਲ ਚਲੋ

ਨੌਜਵਾਨੋ, ਯਹੋਵਾਹ ਦੇ ਯੋਗ ਚਾਲ ਚਲੋ

ਕੁਝ ਮਸੀਹੀ ਨੌਜਵਾਨਾਂ ਨੂੰ ਥੋੜ੍ਹੇ ਸਮੇਂ ਲਈ ਆਪਣੇ ਪਰਿਵਾਰ ਅਤੇ ਆਪਣੀ ਕਲੀਸਿਯਾ ਤੋਂ ਦੂਰ ਰਹਿਣਾ ਪਿਆ ਹੈ। ਕੁਝ ਨੇ ਆਪਣੀ ਸੇਵਕਾਈ ਨੂੰ ਵਧਾਉਣ ਲਈ ਆਪਣਾ ਘਰ ਛੱਡਿਆ ਹੈ। ਕਈਆਂ ਨੂੰ ਇਸ ਦੁਨੀਆਂ ਦੇ ਮਾਮਲਿਆਂ ਪ੍ਰਤੀ ਨਿਰਪੱਖ ਰਹਿਣ ਕਰਕੇ ਆਪਣਾ ਘਰ ਛੱਡਣਾ ਪਿਆ ਹੈ। (ਯਸਾਯਾਹ 2:4; ਯੂਹੰਨਾ 17:16) ਕੁਝ ਦੇਸ਼ਾਂ ਵਿਚ “ਕੈਸਰ” ਜਾਂ ਸਰਕਾਰ ਨੇ ਮਸੀਹੀ ਨੌਜਵਾਨਾਂ ਨੂੰ ਪਰਮੇਸ਼ੁਰ ਦੇ ਵਫ਼ਾਦਾਰ ਰਹਿਣ ਕਰਕੇ ਜੇਲ੍ਹਾਂ ਵਿਚ ਡੱਕਿਆ ਹੈ ਜਾਂ ਫਿਰ ਕੋਈ ਸਮਾਜ ਸੇਵਾ ਕਰਨ ਲਈ ਮਜਬੂਰ ਕੀਤਾ ਹੈ। *ਮਰਕੁਸ 12:17; ਤੀਤੁਸ 3:1, 2.

ਆਪਣੀ ਨਿਰਪੱਖਤਾ ਕਰਕੇ ਜੇਲ੍ਹ ਵਿਚ ਸਜ਼ਾ ਕੱਟਦੇ ਸਮੇਂ ਇਨ੍ਹਾਂ ਨੌਜਵਾਨਾਂ ਨੂੰ ਸ਼ਾਇਦ ਦੂਸਰੇ ਵਿਗੜੇ ਨੌਜਵਾਨਾਂ ਨਾਲ ਰਹਿਣਾ ਪਵੇ। ਦੂਸਰੇ ਕਾਰਨਾਂ ਕਰਕੇ ਘਰੋਂ ਦੂਰ ਰਹਿਣ ਨਾਲ ਵੀ ਇਨ੍ਹਾਂ ਨੌਜਵਾਨਾਂ ਨੂੰ ਮਾੜੇ ਮਾਹੌਲ ਵਿਚ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਇਹ ਨੌਜਵਾਨ ਮਸੀਹੀ ਤੇ ਹੋਰ ਦੂਸਰੇ ਨੌਜਵਾਨ ਅਜਿਹੇ ਹਾਲਾਤ ਵਿਚ ਦਬਾਵਾਂ ਦਾ ਕਾਮਯਾਬੀ ਨਾਲ ਸਾਮ੍ਹਣਾ ਕਿਵੇਂ ਕਰ ਸਕਦੇ ਹਨ ਅਤੇ ਕਿਵੇਂ ‘ਪਰਮੇਸ਼ੁਰ ਦੇ ਜੋਗ ਚਾਲ ਚੱਲਦੇ’ ਰਹਿ ਸਕਦੇ ਹਨ? (1 ਥੱਸਲੁਨੀਕੀਆਂ 2:12) ਉਨ੍ਹਾਂ ਦੇ ਮਾਪੇ ਅਜਿਹੇ ਕਿਸੇ ਵੀ ਮਾੜੇ ਮਾਹੌਲ ਲਈ ਉਨ੍ਹਾਂ ਨੂੰ ਕਿਵੇਂ ਤਿਆਰ ਕਰ ਸਕਦੇ ਹਨ?—ਕਹਾਉਤਾਂ 22:3.

ਖ਼ਾਸ ਮੁਸ਼ਕਲਾਂ

ਇੱਕੀ ਸਾਲਾਂ ਦੇ ਟੌਕਿਸ ਨੂੰ ਤਕਰੀਬਨ ਤਿੰਨ ਸਾਲ ਲਈ ਆਪਣੇ ਘਰੋਂ ਦੂਰ ਰਹਿਣਾ ਪਿਆ। * ਉਹ ਕਹਿੰਦਾ ਹੈ: “ਆਪਣੇ ਮਾਂ-ਬਾਪ ਦੀ ਛਤਰ ਛਾਇਆ ਅਤੇ ਬਜ਼ੁਰਗਾਂ ਦੀ ਪਿਆਰ-ਭਰੀ ਨਿਗਰਾਨੀ ਤੋਂ ਦੂਰ ਰਹਿਣਾ ਬਹੁਤ ਹੀ ਮੁਸ਼ਕਲ ਸੀ ਤੇ ਮੈਨੂੰ ਡਰ ਵੀ ਲੱਗਦਾ ਸੀ। ਕਈ ਵਾਰ ਮੈਂ ਆਪਣੇ ਆਪ ਨੂੰ ਬਹੁਤ ਬੇਸਹਾਰਾ ਮਹਿਸੂਸ ਕਰਦਾ ਸੀ।” ਵੀਹ ਸਾਲਾਂ ਦੇ ਪੈਟਰੋਸ ਨੂੰ ਦੋ ਸਾਲ ਤੋਂ ਜ਼ਿਆਦਾ ਸਮਾਂ ਘਰੋਂ ਬਾਹਰ ਰਹਿਣਾ ਪਿਆ। ਉਹ ਕਹਿੰਦਾ ਹੈ: “ਜ਼ਿੰਦਗੀ ਵਿਚ ਪਹਿਲੀ ਵਾਰ ਮੈਨੂੰ ਆਪ ਫ਼ੈਸਲੇ ਕਰਨੇ ਪਏ ਕਿ ਮੈਨੂੰ ਕਿੱਦਾਂ ਦਾ ਮਨੋਰੰਜਨ ਕਰਨਾ ਚਾਹੀਦਾ ਹੈ ਅਤੇ ਕਿਹੜੇ ਲੋਕਾਂ ਨਾਲ ਉੱਠਣਾ-ਬੈਠਣਾ ਚਾਹੀਦਾ ਹੈ। ਇਸ ਮਾਮਲੇ ਵਿਚ ਮੈਂ ਹਮੇਸ਼ਾ ਸਹੀ ਫ਼ੈਸਲੇ ਨਹੀਂ ਕੀਤੇ।” ਫਿਰ ਉਹ ਕਹਿੰਦਾ ਹੈ: “ਘਰੋਂ ਦੂਰ ਰਹਿਣ ਨਾਲ ਮੈਨੂੰ ਜ਼ਿਆਦਾ ਆਜ਼ਾਦੀ ਤਾਂ ਮਿਲੀ, ਪਰ ਇਸ ਦੇ ਨਾਲ-ਨਾਲ ਮੇਰੀਆਂ ਜ਼ਿੰਮੇਵਾਰੀਆਂ ਵੀ ਵਧ ਗਈਆਂ ਜਿਨ੍ਹਾਂ ਨੂੰ ਨਿਭਾਉਣਾ ਮੇਰੇ ਲਈ ਮੁਸ਼ਕਲ ਸੀ।” ਟਾਸੋਸ ਨਾਂ ਦੇ ਇਕ ਮਸੀਹੀ ਬਜ਼ੁਰਗ, ਜੋ ਅਜਿਹੇ ਕਈ ਮਸੀਹੀ ਨੌਜਵਾਨਾਂ ਨੂੰ ਜਾਣਦਾ ਹੈ, ਨੇ ਕਿਹਾ: “ਦੁਨਿਆਵੀ ਨੌਜਵਾਨਾਂ ਦੀ ਗੰਦੀ ਭਾਸ਼ਾ, ਬਾਗੀਪੁਣੇ ਅਤੇ ਹਿੰਸਕ ਰਵੱਈਏ ਦਾ ਅਸਰ ਬੇਖ਼ਬਰ ਤੇ ਬੇਸਹਾਰਾ ਨੌਜਵਾਨਾਂ ਤੇ ਪੈ ਸਕਦਾ ਹੈ।”

ਜਦੋਂ ਮਸੀਹੀ ਨੌਜਵਾਨਾਂ ਨੂੰ ਬਾਈਬਲ ਦੇ ਸਿਧਾਂਤਾਂ ਦੀ ਕਦਰ ਨਾ ਕਰਨ ਵਾਲੇ ਲੋਕਾਂ ਨਾਲ ਰਹਿਣਾ ਅਤੇ ਕੰਮ ਕਰਨਾ ਪੈਂਦਾ ਹੈ, ਤਾਂ ਉਨ੍ਹਾਂ ਨੂੰ ਆਪਣੇ ਸਾਥੀਆਂ ਦੇ ਅਨੈਤਿਕ ਅਤੇ ਬਾਈਬਲ ਵਿਰੋਧੀ ਕੰਮਾਂ ਦੀ ਨਕਲ ਕਰਨ ਦੇ ਪਰਤਾਵੇ ਤੋਂ ਸਾਵਧਾਨ ਰਹਿਣ ਦੀ ਲੋੜ ਹੈ। (ਜ਼ਬੂਰਾਂ ਦੀ ਪੋਥੀ 1:1; 26:4; 119:9) ਉਨ੍ਹਾਂ ਨੂੰ ਸ਼ਾਇਦ ਬਾਕਾਇਦਾ ਨਿੱਜੀ ਅਧਿਐਨ ਕਰਨਾ, ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣਾ ਅਤੇ ਸੇਵਕਾਈ ਵਿਚ ਹਿੱਸਾ ਲੈਣਾ ਮੁਸ਼ਕਲ ਲੱਗੇ। (ਫ਼ਿਲਿੱਪੀਆਂ 3:16) ਅਧਿਆਤਮਿਕ ਟੀਚੇ ਰੱਖਣੇ ਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਮਿਹਨਤ ਕਰਨੀ ਵੀ ਸ਼ਾਇਦ ਆਸਾਨ ਨਾ ਹੋਵੇ।

ਵਫ਼ਾਦਾਰ ਮਸੀਹੀ ਨੌਜਵਾਨ ਆਪਣੇ ਚਾਲ-ਚਲਣ ਤੇ ਬੋਲੀ ਦੁਆਰਾ ਯਕੀਨਨ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਉਹ ਆਪਣੇ ਸਵਰਗੀ ਪਿਤਾ ਦੀ ਇਸ ਪਿਆਰ-ਭਰੀ ਸਲਾਹ ਉੱਤੇ ਵਫ਼ਾਦਾਰੀ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹਨ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।” (ਕਹਾਉਤਾਂ 27:11) ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਪਹਿਰਾਵੇ ਤੇ ਚਾਲ-ਚਲਣ ਦਾ ਇਸ ਗੱਲ ਤੇ ਅਸਰ ਪੈਂਦਾ ਹੈ ਕਿ ਦੂਸਰੇ ਲੋਕ ਯਹੋਵਾਹ ਅਤੇ ਉਸ ਦੇ ਭਗਤਾਂ ਨੂੰ ਕਿਸ ਨਜ਼ਰ ਨਾਲ ਦੇਖਦੇ ਹਨ।—1 ਪਤਰਸ 2:12.

ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਅਜਿਹੇ ਜ਼ਿਆਦਾਤਰ ਨੌਜਵਾਨ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਬਣਨ ਦੀ ਪੂਰੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਬਾਰੇ ਪੌਲੁਸ ਰਸੂਲ ਨੇ ਪ੍ਰਾਰਥਨਾ ਕੀਤੀ ਸੀ: “ਤੁਸੀਂ ਅਜਿਹੀ ਜੋਗ ਚਾਲ ਚੱਲੋ ਜਿਹੜੀ ਪ੍ਰਭੁ ਨੂੰ ਹਰ ਤਰਾਂ ਨਾਲ ਭਾਵੇ ਅਤੇ ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹੋ . . . ਤਾਂ ਜੋ ਤੁਸੀਂ ਅਨੰਦ ਨਾਲ ਪੂਰਾ ਸਹਾਰਾ ਅਤੇ ਧੀਰਜ ਕਰੋ।” (ਕੁਲੁੱਸੀਆਂ 1:9-11) ਬਾਈਬਲ ਵਿਚ ਪਰਮੇਸ਼ੁਰ ਤੋਂ ਡਰਨ ਵਾਲੇ ਕਈ ਨੌਜਵਾਨਾਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ ਜਿਹੜੇ ਓਪਰੇ, ਅਣਸੁਖਾਵੇਂ ਤੇ ਮੂਰਤੀ-ਪੂਜਾ ਨਾਲ ਭਰੇ ਮਾਹੌਲ ਵਿਚ ਕਾਮਯਾਬੀ ਨਾਲ ਪਰਮੇਸ਼ੁਰ ਦੇ ਜੋਗ ਚਾਲ ਚੱਲਦੇ ਰਹੇ।—ਫ਼ਿਲਿੱਪੀਆਂ 2:15.

‘ਯਹੋਵਾਹ ਯੂਸੁਫ਼ ਦੇ ਸੰਗ ਸੀ’

ਯਹੋਵਾਹ ਦੇ ਭਗਤ ਯਾਕੂਬ ਅਤੇ ਰਾਖੇਲ ਦੇ ਪਿਆਰੇ ਪੁੱਤਰ ਯੂਸੁਫ਼ ਨੂੰ ਛੋਟੀ ਉਮਰ ਵਿਚ ਹੀ ਆਪਣੇ ਪਿਤਾ ਦੀ ਛਤਰ ਛਾਇਆ ਤੋਂ ਦੂਰ ਹੋਣਾ ਪਿਆ। ਉਸ ਨੂੰ ਗ਼ੁਲਾਮੀ ਵਿਚ ਵੇਚ ਦਿੱਤਾ ਗਿਆ ਸੀ ਜਿਸ ਕਰਕੇ ਉਹ ਮਿਸਰ ਪਹੁੰਚ ਗਿਆ। ਯੂਸੁਫ਼ ਨੇ ਉੱਥੇ ਇਕ ਮਿਹਨਤੀ, ਭਰੋਸੇਮੰਦ ਅਤੇ ਨੈਤਿਕ ਨੌਜਵਾਨ ਦੇ ਤੌਰ ਤੇ ਚੰਗੀ ਮਿਸਾਲ ਕਾਇਮ ਕੀਤੀ। ਉਹ ਪੋਟੀਫ਼ਰ, ਜਿਹੜਾ ਯਹੋਵਾਹ ਦਾ ਉਪਾਸਕ ਨਹੀਂ ਸੀ, ਦੇ ਘਰ ਗ਼ੁਲਾਮੀ ਕਰਦਾ ਸੀ। ਯੂਸੁਫ਼ ਨੇ ਉਸ ਦੇ ਘਰ ਪੂਰੀ ਈਮਾਨਦਾਰੀ ਤੇ ਮਿਹਨਤ ਨਾਲ ਕੰਮ ਕੀਤਾ ਜਿਸ ਕਰਕੇ ਉਸ ਦੇ ਮਾਲਕ ਨੇ ਆਪਣੇ ਪੂਰੇ ਘਰ ਦੀ ਜ਼ਿੰਮੇਵਾਰੀ ਉਸ ਨੂੰ ਸੌਂਪ ਦਿੱਤੀ। (ਉਤਪਤ 39:2-6) ਯੂਸੁਫ਼ ਨੇ ਹਮੇਸ਼ਾ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਬਣਾਈ ਰੱਖੀ। ਜਦੋਂ ਉਸ ਨੂੰ ਆਪਣੀ ਵਫ਼ਾਦਾਰੀ ਕਰਕੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ, ਤਾਂ ਉਸ ਨੇ ਇਹ ਨਹੀਂ ਕਿਹਾ: “ਕੀ ਫ਼ਾਇਦਾ ਹੋਇਆ?” ਜੇਲ੍ਹ ਵਿਚ ਵੀ ਉਸ ਨੇ ਚੰਗੇ ਗੁਣ ਦਿਖਾਏ ਅਤੇ ਜਲਦੀ ਹੀ ਉਹ ਜੇਲ੍ਹ ਦੇ ਕੰਮਾਂ ਵਿਚ ਹੱਥ ਵਟਾਉਣ ਲੱਗ ਪਿਆ। (ਉਤਪਤ 39:17-22) ਪਰਮੇਸ਼ੁਰ ਨੇ ਉਸ ਨੂੰ ਬਰਕਤ ਦਿੱਤੀ ਅਤੇ ਜਿਵੇਂ ਉਤਪਤ 39:23 ਵਿਚ ਕਿਹਾ ਗਿਆ ਹੈ, “ਯਹੋਵਾਹ ਉਹ ਦੇ ਸੰਗ ਸੀ।”

ਪਰਮੇਸ਼ੁਰ ਤੋਂ ਡਰਨ ਵਾਲੇ ਆਪਣੇ ਮਾਪਿਆਂ ਤੋਂ ਦੂਰ ਮਿਸਰ ਵਿਚ ਰਹਿੰਦੇ ਹੋਏ ਯੂਸੁਫ਼ ਲਈ ਆਪਣੇ ਆਲੇ-ਦੁਆਲੇ ਦੇ ਗੰਦੇ ਮਾਹੌਲ ਵਿਚ ਢਲ਼ਣਾ ਬਹੁਤ ਹੀ ਆਸਾਨ ਸੀ। ਇਸ ਦੀ ਬਜਾਇ ਉਹ ਪਰਮੇਸ਼ੁਰੀ ਅਸੂਲਾਂ ਉੱਤੇ ਚੱਲਦਾ ਰਿਹਾ ਤੇ ਮੁਸ਼ਕਲ ਤੋਂ ਮੁਸ਼ਕਲ ਪਰਤਾਵਿਆਂ ਵਿਚ ਵੀ ਆਪਣੇ ਆਪ ਨੂੰ ਸ਼ੁੱਧ ਰੱਖਿਆ। ਜਦੋਂ ਪੋਟੀਫ਼ਰ ਦੀ ਘਰਵਾਲੀ ਵਾਰ-ਵਾਰ ਯੂਸੁਫ਼ ਨੂੰ ਉਸ ਨਾਲ ਵਿਭਚਾਰ ਕਰਨ ਲਈ ਉਕਸਾਉਂਦੀ ਰਹੀ, ਤਾਂ ਉਸ ਨੇ ਹਮੇਸ਼ਾ ਦ੍ਰਿੜ੍ਹਤਾ ਨਾਲ ਜਵਾਬ ਦਿੱਤਾ: “ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?”—ਉਤਪਤ 39:7-9.

ਅੱਜ ਮਸੀਹੀ ਨੌਜਵਾਨਾਂ ਨੂੰ ਗ਼ਲਤ ਲੋਕਾਂ ਨਾਲ ਸੰਗਤ ਕਰਨ, ਅਨੈਤਿਕ ਮਨੋਰੰਜਨ ਕਰਨ, ਅਸ਼ਲੀਲ ਸਾਹਿੱਤ ਪੜ੍ਹਨ ਤੇ ਲੱਚਰ ਗਾਣੇ ਸੁਣਨ ਦੇ ਖ਼ਿਲਾਫ਼ ਦਿੱਤੀ ਬਾਈਬਲ-ਆਧਾਰਿਤ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਪਤਾ ਹੈ ਕਿ “ਯਹੋਵਾਹ ਦੀਆਂ ਅੱਖਾਂ ਸਭਨੀਂ ਥਾਈਂ ਲੱਗੀਆਂ ਰਹਿੰਦੀਆਂ ਹਨ, ਅਤੇ ਬੁਰੇ ਭਲੇ ਦੋਹਾਂ ਨੂੰ ਤੱਕਦੀਆਂ ਹਨ।”—ਕਹਾਉਤਾਂ 15:3.

ਮੂਸਾ “ਪਾਪ ਦੇ ਭੋਗ ਬਿਲਾਸ” ਤੋਂ ਦੂਰ ਰਿਹਾ

ਮੂਸਾ ਫ਼ਿਰਊਨ ਦੇ ਘਰਾਣੇ ਵਿਚ ਪਲਿਆ ਸੀ ਜਿੱਥੇ ਮੂਰਤੀ-ਪੂਜਾ ਕੀਤੀ ਜਾਂਦੀ ਸੀ ਤੇ ਐਸ਼ੋ-ਆਰਾਮ ਦੀ ਜ਼ਿੰਦਗੀ ਸੀ। ਬਾਈਬਲ ਉਸ ਬਾਰੇ ਕਹਿੰਦੀ ਹੈ: “ਨਿਹਚਾ ਨਾਲ ਮੂਸਾ ਨੇ . . . ਫ਼ਿਰਊਨ ਦੀ ਧੀ ਦਾ ਪੁੱਤ੍ਰ ਅਖਵਾਉਣ ਤੋਂ ਇਨਕਾਰ ਕੀਤਾ। ਕਿਉਂ ਜੋ ਉਹ ਨੇ ਪਾਪ ਦੇ ਭੋਗ ਬਿਲਾਸ ਨਾਲੋਂ ਜੋ ਥੋੜੇ ਚਿਰ ਲਈ ਹੈ ਪਰਮੇਸ਼ੁਰ ਦੀ ਪਰਜਾ ਨਾਲ ਜਬਰੀ ਝੱਲਣ ਨੂੰ ਬਾਹਲਾ ਪਸੰਦ ਕੀਤਾ।”—ਇਬਰਾਨੀਆਂ 11:24, 25.

ਦੁਨੀਆਂ ਦੇ ਲੋਕਾਂ ਨਾਲ ਦੋਸਤੀ ਕਰਨ ਦੇ ਕੁਝ ਫ਼ਾਇਦੇ ਹੋ ਸਕਦੇ ਹਨ, ਪਰ ਇਹ ਫ਼ਾਇਦੇ ਸਿਰਫ਼ ਥੋੜ੍ਹੇ ਚਿਰ ਲਈ ਹੁੰਦੇ ਹਨ। ਜ਼ਿਆਦਾ ਤੋਂ ਜ਼ਿਆਦਾ ਉੱਨੇ ਚਿਰ ਲਈ ਜਿੰਨਾ ਚਿਰ ਇਹ ਦੁਨੀਆਂ ਹੈ। (1 ਯੂਹੰਨਾ 2:15-17) ਤਾਂ ਫਿਰ, ਕੀ ਮੂਸਾ ਦੀ ਉਦਾਹਰਣ ਤੇ ਚੱਲਣਾ ਚੰਗੀ ਗੱਲ ਨਹੀਂ ਹੋਵੇਗੀ? ਬਾਈਬਲ ਕਹਿੰਦੀ ਹੈ ਕਿ “ਉਹ ਅਲੱਖ ਨੂੰ ਜਾਣੀਦਾ ਲੱਖ ਕੇ ਤਕੜਾ ਰਿਹਾ।” (ਇਬਰਾਨੀਆਂ 11:27) ਉਸ ਨੇ ਆਪਣੇ ਵੱਡ-ਵਡੇਰਿਆਂ ਦੇ ਅਧਿਆਤਮਿਕ ਵਿਰਸੇ ਉੱਤੇ ਧਿਆਨ ਲਾਈ ਰੱਖਿਆ। ਉਸ ਨੇ ਯਹੋਵਾਹ ਦੇ ਮਕਸਦ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਇਆ ਅਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦਾ ਟੀਚਾ ਰੱਖਿਆ।—ਕੂਚ 2:11; ਰਸੂਲਾਂ ਦੇ ਕਰਤੱਬ 7:23, 25.

ਜਦੋਂ ਪਰਮੇਸ਼ੁਰ ਤੋਂ ਡਰਨ ਵਾਲੇ ਨੌਜਵਾਨ ਮਸੀਹੀ ਮਾੜੇ ਮਾਹੌਲ ਵਿਚ ਰਹਿੰਦੇ ਹਨ, ਤਾਂ ਉਹ ਨਿੱਜੀ ਅਧਿਐਨ ਕਰ ਕੇ ਅਤੇ “ਅਲੱਖ” ਜਾਂ ਅਦਿੱਖ ਪਰਮੇਸ਼ੁਰ ਬਾਰੇ ਹੋਰ ਜ਼ਿਆਦਾ ਜਾਣ ਕੇ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰ ਸਕਦੇ ਹਨ। ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋਣ ਅਤੇ ਪ੍ਰਚਾਰ ਤੇ ਹੋਰ ਦੂਸਰੇ ਮਸੀਹੀ ਕੰਮ ਕਰਨ ਦੁਆਰਾ ਇਹ ਨੌਜਵਾਨ ਅਧਿਆਤਮਿਕ ਗੱਲਾਂ ਤੇ ਆਪਣਾ ਧਿਆਨ ਲਾਈ ਰੱਖ ਸਕਦੇ ਹਨ। (ਜ਼ਬੂਰਾਂ ਦੀ ਪੋਥੀ 63:6; 77:12) ਇਨ੍ਹਾਂ ਨੂੰ ਵੀ ਮੂਸਾ ਵਾਂਗ ਆਪਣੀ ਉਮੀਦ ਤੇ ਨਿਹਚਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਯਹੋਵਾਹ ਨੂੰ ਹਮੇਸ਼ਾ ਖ਼ੁਸ਼ ਕਰਨਾ ਚਾਹੀਦਾ ਹੈ ਤੇ ਉਸ ਨੂੰ ਆਪਣਾ ਦੋਸਤ ਬਣਾਉਣਾ ਚਾਹੀਦਾ ਹੈ।

ਉਸ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ

ਪਰਮੇਸ਼ੁਰ ਦੇ ਨਬੀ ਅਲੀਸ਼ਾ ਦੇ ਦਿਨਾਂ ਵਿਚ ਇਕ ਇਸਰਾਏਲੀ ਕੁੜੀ ਨੂੰ ਅਰਾਮ ਦੀਆਂ ਫ਼ੌਜਾਂ ਨੇ ਬੰਦੀ ਬਣਾ ਲਿਆ। ਉਸ ਨੇ ਵੀ ਆਪਣੇ ਘਰੋਂ ਦੂਰ ਰਹਿੰਦੇ ਹੋਏ ਚੰਗੀ ਮਿਸਾਲ ਕਾਇਮ ਕੀਤੀ। ਉਹ ਅਰਾਮ ਦੇ ਕੋੜ੍ਹੀ ਸੈਨਾਪਤੀ ਨਅਮਾਨ ਦੀ ਘਰਵਾਲੀ ਦੀ ਨੌਕਰਾਣੀ ਬਣ ਗਈ। ਇਸ ਕੁੜੀ ਨੇ ਆਪਣੀ ਮਾਲਕਣ ਨੂੰ ਦੱਸਿਆ: “ਜੇ ਕਿਤੇ ਮੇਰਾ ਸੁਆਮੀ ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ ਹੈ ਤਾਂ ਉਹ ਉਹ ਨੂੰ ਉਹ ਦੇ ਕੋੜ੍ਹ ਤੋਂ ਚੰਗਿਆਂ ਕਰ ਦਿੰਦਾ।” ਉਸ ਦੀ ਗੱਲ ਸੁਣ ਕੇ ਨਅਮਾਨ ਇਸਰਾਏਲ ਵਿਚ ਅਲੀਸ਼ਾ ਕੋਲ ਗਿਆ ਤੇ ਆਪਣੇ ਕੋੜ੍ਹ ਤੋਂ ਚੰਗਾ ਹੋ ਗਿਆ। ਇਸ ਤੋਂ ਇਲਾਵਾ, ਨਅਮਾਨ ਯਹੋਵਾਹ ਦਾ ਉਪਾਸਕ ਬਣ ਗਿਆ।—2 ਰਾਜਿਆਂ 5:1-3, 13-19.

ਇਸ ਕੁੜੀ ਦੀ ਉਦਾਹਰਣ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਆਪਣੇ ਮਾਪਿਆਂ ਤੋਂ ਦੂਰ ਰਹਿੰਦੇ ਹੋਏ ਵੀ ਨੌਜਵਾਨਾਂ ਨੂੰ ਆਪਣੀ ਬੋਲੀ ਸ਼ੁੱਧ ਰੱਖਣੀ ਚਾਹੀਦੀ ਹੈ ਜਿਸ ਨਾਲ ਪਰਮੇਸ਼ੁਰ ਦੀ ਵਡਿਆਈ ਹੋਵੇ। ਜੇ ਉਸ ਕੁੜੀ ਨੂੰ “ਮੂੜ੍ਹ ਬਚਨ” ਜਾਂ “ਠੱਠੇ ਬਾਜ਼ੀ” ਕਰਨ ਦੀ ਆਦਤ ਹੁੰਦੀ, ਤਾਂ ਕੀ ਉਹ ਇਸ ਮੌਕੇ ਤੇ ਪਰਮੇਸ਼ੁਰ ਬਾਰੇ ਇੰਨੀ ਚੰਗੀ ਤਰ੍ਹਾਂ ਗਵਾਹੀ ਦੇ ਪਾਉਂਦੀ? (ਅਫ਼ਸੀਆਂ 5:4; ਕਹਾਉਤਾਂ 15:2) ਇੱਕੀਆਂ-ਬਾਈਆਂ ਸਾਲਾਂ ਦੇ ਨੀਕੋਸ ਨਾਂ ਦੇ ਨੌਜਵਾਨ ਨੂੰ ਆਪਣੀ ਨਿਰਪੱਖਤਾ ਕਰਕੇ ਜੇਲ੍ਹ ਦੀ ਸਜ਼ਾ ਕੱਟਣੀ ਪਈ। ਉਹ ਦੱਸਦਾ ਹੈ: “ਜੇਲ੍ਹ ਵਿਚ ਮੈਂ ਦੂਸਰੇ ਕੁਝ ਨੌਜਵਾਨ ਭਰਾਵਾਂ ਨਾਲ ਖੇਤੀਬਾੜੀ ਕਰਦਾ ਸੀ। ਉੱਥੇ ਅਸੀਂ ਆਪਣੇ ਮਾਪਿਆਂ ਤੇ ਬਜ਼ੁਰਗਾਂ ਦੀ ਨਿਗਰਾਨੀ ਤੋਂ ਦੂਰ ਸੀ। ਮੈਂ ਦੇਖਿਆ ਕਿ ਖੇਤੀਬਾੜੀ ਕਰਦੇ ਸਮੇਂ ਅਸੀਂ ਖ਼ਰਾਬ ਭਾਸ਼ਾ ਵਰਤਣ ਲੱਗ ਪਏ ਸੀ। ਇਸ ਨਾਲ ਯਹੋਵਾਹ ਦੀ ਵਡਿਆਈ ਨਹੀਂ ਹੋਈ।” ਖ਼ੁਸ਼ੀ ਦੀ ਗੱਲ ਹੈ ਕਿ ਨੀਕੋਸ ਤੇ ਦੂਸਰੇ ਨੌਜਵਾਨਾਂ ਦੀ ਪੌਲੁਸ ਦੀ ਇਸ ਸਲਾਹ ਨੂੰ ਮੰਨਣ ਵਿਚ ਮਦਦ ਕੀਤੀ ਗਈ ਹੈ: “ਹਰਾਮਕਾਰੀ ਅਤੇ ਹਰ ਭਾਂਤ ਦੇ ਗੰਦ ਮੰਦ ਅਥਵਾ ਲੋਭ ਦਾ ਤੁਹਾਡੇ ਵਿੱਚ ਨਾਉਂ ਵੀ ਨਾ ਹੋਵੇ ਜਿਵੇਂ ਸੰਤਾਂ ਨੂੰ ਜੋਗ ਹੈ।”—ਅਫ਼ਸੀਆਂ 5:3.

ਯਹੋਵਾਹ ਉਨ੍ਹਾਂ ਲਈ ਇਕ ਜੀਉਂਦਾ ਪਰਮੇਸ਼ੁਰ ਸੀ

ਪੁਰਾਣੇ ਬਾਬਲ ਵਿਚ ਦਾਨੀਏਲ ਦੇ ਤਿੰਨ ਇਬਰਾਨੀ ਸਾਥੀਆਂ ਦਾ ਤਜਰਬਾ ਯਿਸੂ ਦੇ ਇਸ ਸਿਧਾਂਤ ਦੀ ਸੱਚਾਈ ਦੀ ਗਵਾਹੀ ਦਿੰਦਾ ਹੈ ਕਿ ਛੋਟੀ ਤੋਂ ਛੋਟੀ ਗੱਲ ਵਿਚ ਵਫ਼ਾਦਾਰ ਰਹਿਣ ਵਾਲੇ ਇਨਸਾਨ ਵੱਡੀਆਂ ਗੱਲਾਂ ਵਿਚ ਵੀ ਵਫ਼ਾਦਾਰ ਰਹਿੰਦੇ ਹਨ। (ਲੂਕਾ 16:10) ਬਾਬਲ ਵਿਚ ਉਨ੍ਹਾਂ ਤਿੰਨ ਇਬਰਾਨੀ ਨੌਜਵਾਨਾਂ ਸਾਮ੍ਹਣੇ ਮੂਸਾ ਦੀ ਬਿਵਸਥਾ ਵਿਚ ਮਨ੍ਹਾ ਕੀਤਾ ਹੋਇਆ ਭੋਜਨ ਖਾਣ ਦੀ ਸਮੱਸਿਆ ਖੜ੍ਹੀ ਹੋਈ। ਉਸ ਵੇਲੇ ਉਹ ਇਹ ਕਹਿ ਕੇ ਭੋਜਨ ਖਾ ਸਕਦੇ ਸਨ ਕਿ ਉਹ ਤਾਂ ਪਰਦੇਸ ਵਿਚ ਕੈਦ ਸਨ ਤੇ ਉਨ੍ਹਾਂ ਸਾਮ੍ਹਣੇ ਖਾਣ ਤੋਂ ਸਿਵਾਇ ਹੋਰ ਕੋਈ ਚਾਰਾ ਨਹੀਂ। ਪਰ ਉਨ੍ਹਾਂ ਨੇ ਇਸ ਛੋਟੀ ਗੱਲ ਨੂੰ ਵੀ ਬੜੀ ਗੰਭੀਰਤਾ ਨਾਲ ਲਿਆ ਜਿਸ ਕਰਕੇ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਬਰਕਤਾਂ ਮਿਲੀਆਂ। ਉਹ ਸ਼ਾਹੀ ਭੋਜਨ ਖਾਣ ਵਾਲੇ ਦੂਸਰੇ ਕੈਦੀਆਂ ਤੋਂ ਜ਼ਿਆਦਾ ਸਿਹਤਮੰਦ ਤੇ ਅਕਲਮੰਦ ਸਾਬਤ ਹੋਏ। ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਵਿਚ ਵਫ਼ਾਦਾਰ ਰਹਿਣ ਨਾਲ ਉਨ੍ਹਾਂ ਦੀ ਨਿਹਚਾ ਇੰਨੀ ਮਜ਼ਬੂਤ ਹੋਈ ਕਿ ਉਹ ਬਾਅਦ ਵਿਚ ਇਕ ਮੂਰਤੀ ਨੂੰ ਮੱਥਾ ਟੇਕਣ ਦੀ ਬਹੁਤ ਹੀ ਔਖੀ ਅਜ਼ਮਾਇਸ਼ ਦਾ ਵਫ਼ਾਦਾਰੀ ਨਾਲ ਸਾਮ੍ਹਣਾ ਕਰ ਸਕੇ।—ਦਾਨੀਏਲ 1:3-21; 3:1-30.

ਯਹੋਵਾਹ ਇਨ੍ਹਾਂ ਤਿੰਨਾਂ ਨੌਜਵਾਨਾਂ ਲਈ ਇਕ ਜੀਉਂਦਾ ਪਰਮੇਸ਼ੁਰ ਸੀ। ਭਾਵੇਂ ਕਿ ਇਹ ਆਪਣੇ ਘਰਾਂ ਅਤੇ ਪਰਮੇਸ਼ੁਰ ਦੀ ਭਗਤੀ ਦੇ ਕੇਂਦਰ ਤੋਂ ਬਹੁਤ ਹੀ ਦੂਰ ਸਨ, ਫਿਰ ਵੀ ਇਨ੍ਹਾਂ ਨੇ ਦੁਨੀਆਂ ਤੋਂ ਨਿਹਕਲੰਕ ਰਹਿਣ ਦਾ ਦ੍ਰਿੜ੍ਹ ਇਰਾਦਾ ਕੀਤਾ। (2 ਪਤਰਸ 3:14) ਉਨ੍ਹਾਂ ਲਈ ਯਹੋਵਾਹ ਨਾਲ ਆਪਣਾ ਰਿਸ਼ਤਾ ਇੰਨਾ ਕੀਮਤੀ ਸੀ ਕਿ ਉਹ ਇਸ ਵਾਸਤੇ ਆਪਣੀ ਜਾਨ ਕੁਰਬਾਨ ਕਰਨ ਲਈ ਵੀ ਤਿਆਰ ਸਨ।

ਯਹੋਵਾਹ ਤੁਹਾਨੂੰ ਨਹੀਂ ਛੱਡੇਗਾ

ਜਦੋਂ ਨੌਜਵਾਨ ਉਨ੍ਹਾਂ ਲੋਕਾਂ ਕੋਲੋਂ ਦੂਰ ਹੁੰਦੇ ਹਨ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਹਨ ਅਤੇ ਜਿਨ੍ਹਾਂ ਤੇ ਉਹ ਭਰੋਸਾ ਰੱਖਦੇ ਹਨ, ਤਾਂ ਉਨ੍ਹਾਂ ਲਈ ਅਸੁਰੱਖਿਅਤ ਤੇ ਪਰੇਸ਼ਾਨ ਮਹਿਸੂਸ ਕਰਨਾ ਅਤੇ ਡਰਨਾ ਸੁਭਾਵਕ ਹੈ। ਪਰ ਉਹ ਪੂਰੇ ਭਰੋਸੇ ਨਾਲ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਸਕਦੇ ਹਨ ਕਿ ‘ਯਹੋਵਾਹ ਉਨ੍ਹਾਂ ਨੂੰ ਨਾ ਛੱਡੇਗਾ।’ (ਜ਼ਬੂਰਾਂ ਦੀ ਪੋਥੀ 94:14) ਜੇ ਅਜਿਹੇ ਨੌਜਵਾਨ “ਧਰਮ ਦੇ ਕਾਰਨ ਦੁਖ” ਸਹਿੰਦੇ ਹਨ, ਤਾਂ “ਧਰਮ ਦੇ ਮਾਰਗ ਵਿੱਚ” ਚੱਲਦੇ ਰਹਿਣ ਲਈ ਯਹੋਵਾਹ ਉਨ੍ਹਾਂ ਦੀ ਮਦਦ ਕਰੇਗਾ।—1 ਪਤਰਸ 3:14; ਕਹਾਉਤਾਂ 8:20.

ਯਹੋਵਾਹ ਨੇ ਹਮੇਸ਼ਾ ਯੂਸੁਫ਼, ਮੂਸਾ, ਗ਼ੁਲਾਮ ਇਸਰਾਏਲੀ ਕੁੜੀ ਤੇ ਤਿੰਨ ਵਫ਼ਾਦਾਰ ਇਬਰਾਨੀ ਨੌਜਵਾਨਾਂ ਨੂੰ ਤਾਕਤ ਅਤੇ ਭਰਪੂਰ ਬਰਕਤਾਂ ਦਿੱਤੀਆਂ। ਅੱਜ ਉਹ ਆਪਣੀ ਪਵਿੱਤਰ ਆਤਮਾ, ਆਪਣੇ ਬਚਨ ਅਤੇ ਸੰਗਠਨ ਰਾਹੀਂ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ “ਨਿਹਚਾ ਦੀ ਚੰਗੀ ਲੜਾਈ ਲੜ” ਰਹੇ ਹਨ। ਉਸ ਨੇ ਉਨ੍ਹਾਂ ਨੂੰ “ਸਦੀਪਕ ਜੀਵਨ” ਦੇਣ ਦਾ ਵਾਅਦਾ ਕੀਤਾ ਹੈ। (1 ਤਿਮੋਥਿਉਸ 6:11, 12) ਜੀ ਹਾਂ, ਯਹੋਵਾਹ ਦੇ ਜੋਗ ਚਾਲ ਚੱਲਣੀ ਸੰਭਵ ਹੈ ਅਤੇ ਇਸ ਤਰ੍ਹਾਂ ਕਰਨਾ ਅਕਲਮੰਦੀ ਹੈ।—ਕਹਾਉਤਾਂ 23:15, 19.

[ਫੁਟਨੋਟ]

^ ਪੈਰਾ 2 ਪਹਿਰਾਬੁਰਜ, 1 ਮਈ 1996, ਸਫ਼ੇ 18-20 ਦੇਖੋ।

^ ਪੈਰਾ 5 ਕੁਝ ਨਾਂ ਅਸਲੀ ਨਹੀਂ ਹਨ।

[ਸਫ਼ੇ 25 ਉੱਤੇ ਡੱਬੀ]

ਮਾਪਿਓ—ਆਪਣੇ ਬੱਚਿਆਂ ਨੂੰ ਤਿਆਰ ਕਰੋ!

“ਜਿਵੇਂ ਸੂਰਮੇ ਦੇ ਹੱਥ ਵਿੱਚ ਬਾਣ, ਤਿਵੇਂ ਜੁਆਨੀ ਦੇ ਪੁੱਤ੍ਰ ਹਨ।” (ਜ਼ਬੂਰਾਂ ਦੀ ਪੋਥੀ 127:4) ਬਾਣ ਕਦੀ ਵੀ ਆਪਣੇ ਆਪ ਨਿਸ਼ਾਨੇ ਤੇ ਨਹੀਂ ਲੱਗਦਾ। ਇਸ ਦਾ ਧਿਆਨ ਨਾਲ ਨਿਸ਼ਾਨਾ ਬੰਨ੍ਹਣਾ ਪੈਂਦਾ ਹੈ। ਇਸੇ ਤਰ੍ਹਾਂ ਮਾਪਿਆਂ ਦੀ ਚੰਗੀ ਅਗਵਾਈ ਨਾਲ ਹੀ ਬੱਚੇ ਘਰੋਂ ਦੂਰ ਰਹਿ ਕੇ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋਣਗੇ।—ਕਹਾਉਤਾਂ 22:6.

ਨੌਜਵਾਨ ਜੋਸ਼ ਵਿਚ ਆ ਕੇ ਜਾਂ “ਜੁਆਨੀ ਦੀਆਂ ਕਾਮਨਾਂ” ਕਰਕੇ ਕੁਝ ਨਾ ਕੁਝ ਕਰ ਬੈਠਦੇ ਹਨ। (2 ਤਿਮੋਥਿਉਸ 2:22) ਬਾਈਬਲ ਚੇਤਾਵਨੀ ਦਿੰਦੀ ਹੈ: “ਤਾੜ ਅਤੇ ਛਿਟੀ ਬੁੱਧ ਦਿੰਦੀਆਂ ਹਨ, ਪਰ ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ, ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ।” (ਕਹਾਉਤਾਂ 29:15) ਨੌਜਵਾਨਾਂ ਨੂੰ ਪੂਰੀ ਖੁੱਲ੍ਹ ਦੇਣ ਨਾਲ ਉਹ ਘਰੋਂ ਦੂਰ ਰਹਿ ਕੇ ਦਬਾਵਾਂ ਦਾ ਸਾਮ੍ਹਣਾ ਨਹੀਂ ਕਰ ਸਕਣਗੇ।

ਮਸੀਹੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਹੀ-ਸਹੀ ਅਤੇ ਸਾਫ਼-ਸਾਫ਼ ਦੱਸਣਾ ਚਾਹੀਦਾ ਹੈ ਕਿ ਇਸ ਦੁਨੀਆਂ ਵਿਚ ਰਹਿੰਦੇ ਹੋਏ ਜ਼ਿੰਦਗੀ ਵਿਚ ਕਿਹੜੀਆਂ ਮੁਸ਼ਕਲਾਂ ਤੇ ਦਬਾਅ ਆ ਸਕਦੇ ਹਨ। ਬੱਚੇ ਨੂੰ ਨਿਰਾਸ਼ ਕਰਨ ਜਾਂ ਉਸ ਦਾ ਹੌਸਲਾ ਢਾਹੁਣ ਦੀ ਬਜਾਇ, ਮਾਪੇ ਦੱਸ ਸਕਦੇ ਹਨ ਕਿ ਜੇ ਉਸ ਨੂੰ ਘਰੋਂ ਦੂਰ ਰਹਿਣਾ ਪਿਆ, ਤਾਂ ਉਸ ਨੂੰ ਕਿਸ ਤਰ੍ਹਾਂ ਦੇ ਮਾੜੇ ਮਾਹੌਲ ਵਿਚ ਰਹਿਣਾ ਪੈ ਸਕਦਾ ਹੈ। ਪਰਮੇਸ਼ੁਰੀ ਬੁੱਧ ਦੇ ਨਾਲ-ਨਾਲ ਇਹ ਸਿਖਲਾਈ ‘ਭੋਲਿਆਂ ਨੂੰ ਸਿਆਣਪ, ਅਤੇ ਜੁਆਨਾਂ ਨੂੰ ਗਿਆਨ ਤੇ ਮੱਤ ਦੇਵੇਗੀ।’—ਕਹਾਉਤਾਂ 1:4.

ਜਦੋਂ ਮਾਪੇ ਆਪਣੇ ਬੱਚਿਆਂ ਅੰਦਰ ਪਰਮੇਸ਼ੁਰੀ ਗੁਣ ਅਤੇ ਨੈਤਿਕ ਅਸੂਲ ਪੈਦਾ ਕਰਦੇ ਹਨ, ਤਾਂ ਬੱਚੇ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਕਾਮਯਾਬੀ ਨਾਲ ਸਾਮ੍ਹਣਾ ਕਰ ਪਾਉਂਦੇ ਹਨ। ਪਰਿਵਾਰ ਨਾਲ ਬਾਕਾਇਦਾ ਬਾਈਬਲ ਅਧਿਐਨ ਕਰਨ, ਖੁੱਲ੍ਹ ਕੇ ਗੱਲਬਾਤ ਕਰਨ ਅਤੇ ਬੱਚਿਆਂ ਦੀ ਭਲਾਈ ਵਿਚ ਸੱਚੀ ਦਿਲਚਸਪੀ ਰੱਖਣ ਨਾਲ ਮਾਪੇ ਆਪਣੇ ਬੱਚਿਆਂ ਦੀ ਕਾਮਯਾਬ ਹੋਣ ਵਿਚ ਮਦਦ ਕਰ ਸਕਦੇ ਹਨ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪਰਮੇਸ਼ੁਰੀ ਅਸੂਲਾਂ ਅਨੁਸਾਰ ਵਧੀਆ ਤੇ ਸੰਤੁਲਿਤ ਤਰੀਕੇ ਨਾਲ ਸਿਖਲਾਈ ਦੇਣੀ ਚਾਹੀਦਾ ਹੈ, ਤਾਂਕਿ ਬੱਚੇ ਵੱਡੇ ਹੋ ਕੇ ਆਪਣੇ ਪੈਰਾਂ ਤੇ ਖੜ੍ਹਨਾ ਸਿੱਖ ਜਾਣ। ਆਪਣੀ ਮਿਸਾਲ ਰਾਹੀਂ ਮਾਪੇ ਬੱਚਿਆਂ ਨੂੰ ਸਿਖਾ ਸਕਦੇ ਹਨ ਕਿ ਇਸ ਸੰਸਾਰ ਵਿਚ ਰਹਿੰਦੇ ਹੋਏ ਵੀ ਇਸ ਦਾ ਹਿੱਸਾ ਨਾ ਬਣਨਾ ਸੰਭਵ ਹੈ।—ਯੂਹੰਨਾ 17:15, 16.

[ਸਫ਼ੇ 23 ਉੱਤੇ ਤਸਵੀਰ]

ਕੁਝ ਮਸੀਹੀ ਨੌਜਵਾਨਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ

[ਸਫ਼ੇ 24 ਉੱਤੇ ਤਸਵੀਰ]

ਨੌਜਵਾਨ ਪਰਤਾਵਿਆਂ ਵਿਚ ਤਕੜੇ ਰਹਿ ਕੇ ਯੂਸੁਫ਼ ਦੀ ਨਕਲ ਕਰ ਸਕਦੇ ਹਨ ਅਤੇ ਨੈਤਿਕ ਤੌਰ ਤੇ ਸ਼ੁੱਧ ਰਹਿ ਸਕਦੇ ਹਨ

[ਸਫ਼ੇ 26 ਉੱਤੇ ਤਸਵੀਰ]

ਗ਼ੁਲਾਮ ਇਸਰਾਏਲੀ ਕੁੜੀ ਦੀ ਨਕਲ ਕਰੋ ਜਿਸ ਨੇ ਆਪਣੀ ਗੱਲਬਾਤ ਰਾਹੀਂ ਯਹੋਵਾਹ ਦੀ ਵਡਿਆਈ ਕੀਤੀ