ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਉਤਪਤ 3:22 ਵਿਚ “ਸਾਡੇ ਵਿੱਚੋਂ ਇੱਕ” ਕਹਿ ਕੇ ਯਹੋਵਾਹ ਕਿਸ ਨਾਲ ਗੱਲ ਕਰ ਰਿਹਾ ਸੀ?
ਇਸ ਤਰ੍ਹਾਂ ਲੱਗਦਾ ਹੈ ਕਿ ਯਹੋਵਾਹ ਪਰਮੇਸ਼ੁਰ ਆਪਣੇ ਇਕਲੌਤੇ ਪੁੱਤਰ ਨਾਲ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਕਿਹਾ: “ਆਦਮੀ ਭਲੇ ਬੁਰੇ ਦੀ ਸਿਆਣ ਵਿੱਚ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ।” (ਉਤਪਤ 3:22) ਆਓ ਦੇਖੀਏ ਕਿ ਅਸੀਂ ਕਿਉਂ ਇਸ ਤਰ੍ਹਾਂ ਕਹਿ ਸਕਦੇ ਹਾਂ।
ਯਹੋਵਾਹ ਨੇ ਪਹਿਲੇ ਮਨੁੱਖੀ ਜੋੜੇ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਇਹ ਸ਼ਬਦ ਕਹੇ ਸਨ। ਕਈ ਇਨ੍ਹਾਂ ਸ਼ਬਦਾਂ ਦਾ ਗ਼ਲਤ ਅਰਥ ਕੱਢਦੇ ਹਨ। ਮਿਸਾਲ ਲਈ, ਆਮ ਤੌਰ ਤੇ ਲੋਕ ਉਮਰ ਵਿਚ ਵੱਡੇ ਵਿਅਕਤੀ ਨੂੰ ਜਾਂ ਅਫ਼ਸਰ ਨੂੰ ‘ਤੁਸੀਂ’ ਕਹਿ ਕੇ ਬੁਲਾਉਂਦੇ ਹਨ। ਇਸ ਕਰਕੇ ਕਈ ਕਹਿੰਦੇ ਹਨ ਕਿ ਇਸ ਆਇਤ ਵਿਚ ਬਹੁ-ਵਚਨ ਸ਼ਬਦ “ਸਾਡੇ” ਪਰਮੇਸ਼ੁਰ ਅਤੇ ਯਿਸੂ ਦੋਵਾਂ ਨੂੰ ਨਹੀਂ, ਸਗੋਂ ਸਿਰਫ਼ ਪਰਮੇਸ਼ੁਰ ਦੀ ਉੱਚੀ ਪਦਵੀ ਨੂੰ ਦਰਸਾਉਂਦਾ ਹੈ। ਪਰ ਬਾਈਬਲ ਦਾ ਇਕ ਵਿਦਵਾਨ ਉਤਪਤ 1:26 ਅਤੇ 3:22 ਬਾਰੇ ਕਹਿੰਦਾ ਹੈ ਕਿ ‘ਪੁਰਾਣੇ ਨੇਮ ਵਿਚ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਇਨ੍ਹਾਂ ਆਇਤਾਂ ਵਿਚ ਪਰਮੇਸ਼ੁਰ ਦੀ ਉੱਚੀ ਪਦਵੀ ਜਾਂ ਤ੍ਰਿਏਕ ਦੀ ਗੱਲ ਕੀਤੀ ਜਾ ਰਹੀ ਹੈ। ਦਰਅਸਲ, ਉਤਪਤ 3:22 ਵਿਚ ਵਰਤੇ ਗਏ ਸ਼ਬਦ “ਸਾਡੇ ਵਿੱਚੋਂ ਇੱਕ” ਇਨ੍ਹਾਂ ਦੋਵੇਂ ਗੱਲਾਂ ਉੱਤੇ ਨਹੀਂ ਢੁਕਦੇ।’
ਕੀ ਇੱਥੇ ਯਹੋਵਾਹ ਸ਼ਤਾਨ ਨਾਲ ਗੱਲ ਕਰ ਰਿਹਾ ਸੀ ਜਿਸ ਨੇ ਆਪੇ “ਭਲੇ ਬੁਰੇ ਦੀ ਸਿਆਣ” ਕਰਨ ਦਾ ਫ਼ੈਸਲਾ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਜਿਸ ਨੇ ਪਹਿਲੇ ਮਨੁੱਖੀ ਜੋੜੇ ਨੂੰ ਵੀ ਇਸੇ ਤਰ੍ਹਾਂ ਕਰਨ ਲਈ ਭਰਮਾਇਆ ਸੀ? ਨਹੀਂ। ਯਹੋਵਾਹ ਨੇ ਕਿਹਾ ਸੀ “ਸਾਡੇ ਵਿੱਚੋਂ ਇੱਕ।” (ਟੇਢੇ ਟਾਈਪ ਸਾਡੇ।) ਉਸ ਵੇਲੇ ਸ਼ਤਾਨ ਯਹੋਵਾਹ ਦੇ ਵਫ਼ਾਦਾਰ ਦੂਤਾਂ ਦਾ ਹਿੱਸਾ ਨਹੀਂ ਰਿਹਾ ਸੀ, ਇਸ ਲਈ ਉਸ ਨੂੰ ਉਨ੍ਹਾਂ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਸੀ ਜੋ ਯਹੋਵਾਹ ਵੱਲ ਸਨ।
ਕੀ ਪਰਮੇਸ਼ੁਰ ਆਪਣੇ ਵਫ਼ਾਦਾਰ ਦੂਤਾਂ ਨਾਲ ਗੱਲ ਕਰ ਰਿਹਾ ਸੀ? ਅਸੀਂ ਪੱਕੇ ਤੌਰ ਤੇ ਨਹੀਂ ਕਹਿ ਸਕਦੇ। ਪਰ ਉਤਪਤ 1:26 ਅਤੇ 3:22 ਵਿਚ ਵਰਤੇ ਗਏ ਇੱਕੋ ਜਿਹੇ ਸ਼ਬਦਾਂ ਤੋਂ ਸਾਨੂੰ ਇਸ ਸੰਬੰਧੀ ਸੰਕੇਤ ਮਿਲਦਾ ਹੈ। ਉਤਪਤ 1:26 ਵਿਚ ਅਸੀਂ ਪੜ੍ਹਦੇ ਹਾਂ ਕਿ ਯਹੋਵਾਹ ਨੇ ਕਿਹਾ: “ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ।” (ਟੇਢੇ ਟਾਈਪ ਸਾਡੇ।) ਉਸ ਨੇ ਇਹ ਸ਼ਬਦ ਕਿਸ ਨੂੰ ਕਹੇ ਸਨ? ਪੌਲੁਸ ਨੇ ਉਸ ਆਤਮਿਕ ਪ੍ਰਾਣੀ, ਜੋ ਬਾਅਦ ਵਿਚ ਮੁਕੰਮਲ ਇਨਸਾਨ ਯਿਸੂ ਬਣਿਆ, ਬਾਰੇ ਕਿਹਾ ਸੀ: “ਉਹ ਅਲੱਖ ਪਰਮੇਸ਼ੁਰ ਦਾ ਰੂਪ ਅਤੇ ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ ਕਿਉਂ ਜੋ ਅਕਾਸ਼ ਅਤੇ ਧਰਤੀ ਉਤਲੀਆਂ ਸਾਰੀਆਂ ਵਸਤਾਂ ਉਸੇ ਤੋਂ ਉਤਪਤ ਹੋਈਆਂ।” (ਕੁਲੁੱਸੀਆਂ 1:15, 16) ਜੀ ਹਾਂ, ਇਹ ਕਹਿਣਾ ਸਹੀ ਲੱਗਦਾ ਹੈ ਕਿ ਉਤਪਤ 1:26 ਵਿਚ ਯਹੋਵਾਹ ਆਪਣੇ ਇਕਲੌਤੇ ਪੁੱਤਰ ਨਾਲ ਗੱਲ ਕਰ ਰਿਹਾ ਸੀ, ਜਿਸ ਨੇ “ਰਾਜ ਮਿਸਤਰੀ” ਹੋਣ ਦੇ ਨਾਤੇ ਸਵਰਗ ਅਤੇ ਧਰਤੀ ਦੀ ਸ੍ਰਿਸ਼ਟੀ ਕਰਨ ਵਿਚ ਆਪਣੇ ਪਿਤਾ ਦਾ ਸਾਥ ਦਿੱਤਾ ਸੀ। (ਕਹਾਉਤਾਂ 8:22-31) ਉਤਪਤ 1:26 ਅਤੇ 3:22 ਦੇ ਸ਼ਬਦਾਂ ਵਿਚ ਸਮਾਨਤਾ ਤੋਂ ਸੰਕੇਤ ਮਿਲਦਾ ਹੈ ਕਿ ਯਹੋਵਾਹ ਇੱਥੇ ਵੀ ਆਪਣੇ ਪਿਆਰੇ ਇਕਲੌਤੇ ਪੁੱਤਰ ਨਾਲ ਹੀ ਗੱਲ ਕਰ ਰਿਹਾ ਸੀ।
ਪਰਮੇਸ਼ੁਰ ਦੇ ਇਕਲੌਤੇ ਪੁੱਤਰ ਨੂੰ “ਭਲੇ ਬੁਰੇ ਦੀ ਸਿਆਣ” ਸੀ। ਯਹੋਵਾਹ ਨਾਲ ਇੰਨੇ ਸਾਲ ਰਹਿ ਕੇ ਉਹ ਆਪਣੇ ਪਿਤਾ ਦੀ ਸੋਚ, ਅਸੂਲਾਂ ਤੇ ਮਿਆਰਾਂ ਬਾਰੇ ਚੰਗੀ ਤਰ੍ਹਾਂ ਜਾਣ ਗਿਆ ਸੀ। ਯਹੋਵਾਹ ਜਾਣਦਾ ਸੀ ਕਿ ਉਸ ਦਾ ਪੁੱਤਰ ਇਹ ਸਭ ਕੁਝ ਜਾਣਦਾ ਹੈ ਤੇ ਇਨ੍ਹਾਂ ਉੱਤੇ ਚਲੇਗਾ, ਇਸ ਲਈ ਸ਼ਾਇਦ ਉਸ ਨੇ ਆਪਣੇ ਪੁੱਤਰ ਨੂੰ ਕਈ ਗੱਲਾਂ ਵਿਚ ਉਸ ਤੋਂ ਪੁੱਛੇ ਬਿਨਾਂ ਫ਼ੈਸਲਾ ਕਰਨ ਦੀ ਖੁੱਲ੍ਹ ਦਿੱਤੀ ਸੀ। ਪੁੱਤਰ ਨੂੰ ਇਕ ਹੱਦ ਤਕ ਇਹ ਫ਼ੈਸਲਾ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ ਕਿ ਕੀ ਭਲਾ ਹੈ ਤੇ ਕੀ ਬੁਰਾ। ਪਰ ਉਸ ਨੇ ਸ਼ਤਾਨ, ਆਦਮ ਤੇ ਹੱਵਾਹ ਤੋਂ ਉਲਟ ਅਜਿਹਾ ਕੋਈ ਮਿਆਰ ਨਹੀਂ ਬਣਾਇਆ ਜੋ ਯਹੋਵਾਹ ਦੇ ਮਿਆਰਾਂ ਦੇ ਖ਼ਿਲਾਫ਼ ਸੀ।