ਫ਼ੈਸਲੇ ਕਰਨੇ ਇਕ ਬਹੁਤ ਹੀ ਔਖਾ ਕੰਮ
ਫ਼ੈਸਲੇ ਕਰਨੇ ਇਕ ਬਹੁਤ ਹੀ ਔਖਾ ਕੰਮ
“ਸਾਰਿਆਂ ਕੰਮਾਂ ਨਾਲੋਂ ਔਖਾ ਕੰਮ ਹੈ ਫ਼ੈਸਲਾ ਕਰਨਾ। ਜੇ ਤੁਸੀਂ ਫ਼ੈਸਲੇ ਕਰਨ ਵਿਚ ਮਾਹਰ ਹੋ ਗਏ, ਤਾਂ ਇਸ ਤੋਂ ਵੱਡਾ ਹੋਰ ਕੋਈ ਹੁਨਰ ਨਹੀਂ,” ਫ਼ਰਾਂਸ ਦੇ 19ਵੀਂ ਸਦੀ ਦੇ ਸਮਰਾਟ ਨੈਪੋਲੀਅਨ ਬੋਨਾਪਾਰਟ ਨੇ ਇਕ ਮੌਕੇ ਤੇ ਕਿਹਾ ਸੀ। ਤੁਸੀਂ ਸ਼ਾਇਦ ਸਮਰਾਟ ਦੀਆਂ ਇਨ੍ਹਾਂ ਦੋਹਾਂ ਗੱਲਾਂ ਨਾਲ ਸਹਿਮਤ ਹੋਵੋਗੇ ਕਿਉਂਕਿ ਜ਼ਿਆਦਾਤਰ ਲੋਕ ਆਪਣੀਆਂ ਜ਼ਿੰਦਗੀਆਂ ਦੇ ਫ਼ੈਸਲੇ ਆਪ ਕਰਨੇ ਚਾਹੁੰਦੇ ਹਨ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਦੇਖਿਆ ਹੈ ਕਿ ਕਦੇ-ਕਦੇ ਫ਼ੈਸਲੇ ਕਰਨੇ ਬਹੁਤ ਹੀ ਔਖੇ ਹੁੰਦੇ ਹਨ।
ਫ਼ੈਸਲੇ ਚਾਹੇ ਸੌਖੇ ਹੋਣ ਜਾਂ ਔਖੇ, ਇਹ ਤਾਂ ਕਰਨੇ ਹੀ ਪੈਂਦੇ ਹਨ। ਅਸੀਂ ਰੋਜ਼ ਕਈ ਤਰ੍ਹਾਂ ਦੇ ਫ਼ੈਸਲੇ ਕਰਦੇ ਹਾਂ। ਸਵੇਰ ਨੂੰ ਉੱਠਣ ਤੋਂ ਬਾਅਦ ਸਾਨੂੰ ਫ਼ੈਸਲਾ ਕਰਨਾ ਪੈਂਦਾ ਹੈ ਕਿ ਕਿਹੜੇ ਕੱਪੜੇ ਪਾਈਏ, ਕੀ ਖਾਈਏ ਅਤੇ ਹੋਰ ਦੂਜੇ ਕੰਮ ਕਿਵੇਂ ਨੇਪਰੇ ਚਾੜ੍ਹੀਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਫ਼ੈਸਲੇ ਇੰਨੀ ਅਹਿਮੀਅਤ ਨਹੀਂ ਰੱਖਦੇ ਕਿ ਅਸੀਂ ਉਨ੍ਹਾਂ ਦੇ ਕਾਰਨ ਆਪਣੀ ਨੀਂਦ ਹਰਾਮ ਕਰੀਏ।
ਦੂਜੇ ਪਾਸੇ, ਕਈ ਫ਼ੈਸਲੇ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਸਾਡੀ ਆਉਣ ਵਾਲੀ ਜ਼ਿੰਦਗੀ ਤੇ ਬੜਾ ਅਸਰ ਪੈਂਦਾ ਹੈ। ਅੱਜ ਦੇ ਜ਼ਮਾਨੇ ਵਿਚ ਬਹੁਤ ਸਾਰੇ ਨੌਜਵਾਨਾਂ ਨੂੰ ਇਹ ਫ਼ੈਸਲਾ ਕਰਨਾ ਪੈਂਦਾ ਹੈ ਕਿ ਉਹ ਕਿਹੜੇ ਟੀਚੇ ਰੱਖਣਗੇ। ਉਨ੍ਹਾਂ ਨੂੰ ਸ਼ਾਇਦ ਇਹ ਵੀ ਫ਼ੈਸਲਾ ਕਰਨਾ ਪੈਂਦਾ ਹੈ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਪੜ੍ਹਾਈ ਕਰਨ ਦੀ ਲੋੜ ਹੈ ਤੇ ਕਿੰਨੀ ਕੁ ਕਰਨੀ ਹੈ। ਬਾਅਦ ਵਿਚ, ਉਨ੍ਹਾਂ ਵਿੱਚੋਂ ਕਈਆਂ ਨੇ ਵਿਆਹ ਕਰਾਉਣ ਜਾਂ ਕੁਆਰੇ ਰਹਿਣ ਬਾਰੇ ਵੀ ਫ਼ੈਸਲਾ ਕਰਨਾ ਹੁੰਦਾ ਹੈ। ਜਿਹੜੇ ਵਿਆਹ ਕਰਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ: ‘ਕੀ ਮੈਂ ਸਮਝਦਾਰ ਹਾਂ ਅਤੇ ਮੇਰੀ ਉਮਰ ਵਿਆਹ ਦੇ ਲਾਇਕ ਹੈ? ਮੈਂ ਕਿਸ ਤਰ੍ਹਾਂ ਦਾ ਜੀਵਨ ਸਾਥੀ ਚਾਹੁੰਦਾ ਹਾਂ? ਇਸ ਤੋਂ ਵੀ ਜ਼ਿਆਦਾ ਜ਼ਰੂਰੀ ਕਿ ਮੈਨੂੰ ਕਿੱਦਾਂ ਦੇ ਸਾਥੀ ਦੀ ਲੋੜ ਹੈ?’ ਸਾਥੀ ਦੀ ਚੋਣ ਦੇ ਫ਼ੈਸਲੇ ਦਾ ਸਾਡੀ ਜ਼ਿੰਦਗੀ ਉੱਤੇ ਗਹਿਰਾ ਅਸਰ ਪੈਂਦਾ ਹੈ।
ਜਦੋਂ ਗੰਭੀਰ ਮਸਲਿਆਂ ਦੀ ਗੱਲ ਆਉਂਦੀ ਹੈ, ਤਾਂ ਸੋਚ-ਸਮਝ ਕੇ ਫ਼ੈਸਲੇ ਕਰਨੇ ਬਹੁਤ ਜ਼ਰੂਰੀ ਹਨ ਕਿਉਂਕਿ ਸਹੀ ਫ਼ੈਸਲੇ ਕਰਨ ਨਾਲ ਹੀ ਖ਼ੁਸ਼ੀ ਮਿਲਦੀ ਹੈ। ਕੁਝ ਲੋਕ ਸ਼ਾਇਦ ਸੋਚਣ ਕਿ ਇਸ ਤਰ੍ਹਾਂ ਦੇ ਫ਼ੈਸਲੇ ਕਰਨੇ ਤਾਂ ਉਨ੍ਹਾਂ ਦੇ ਖੱਬੇ ਹੱਥ ਦਾ ਕੰਮ ਹੈ, ਇਸ ਲਈ ਉਨ੍ਹਾਂ ਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ ਹੈ। ਕੀ ਇਸ ਤਰ੍ਹਾਂ ਸੋਚਣਾ ਅਕਲਮੰਦੀ ਦੀ ਗੱਲ ਹੈ? ਆਓ ਆਪਾਂ ਅਗਲੇ ਲੇਖ ਵਿਚ ਦੇਖੀਏ।
[ਸਫ਼ੇ 3 ਉੱਤੇ ਤਸਵੀਰ]
ਨੈਪੋਲੀਅਨ: From the book The Pictorial History of the World