Skip to content

Skip to table of contents

ਯਾਕੂਬ ਨੇ ਅਧਿਆਤਮਿਕ ਚੀਜ਼ਾਂ ਦੀ ਕਦਰ ਕੀਤੀ

ਯਾਕੂਬ ਨੇ ਅਧਿਆਤਮਿਕ ਚੀਜ਼ਾਂ ਦੀ ਕਦਰ ਕੀਤੀ

ਯਾਕੂਬ ਨੇ ਅਧਿਆਤਮਿਕ ਚੀਜ਼ਾਂ ਦੀ ਕਦਰ ਕੀਤੀ

ਯਾਕੂਬ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਘੱਟ ਸੁੱਖ ਦੇਖਿਆ ਸੀ। ਉਸ ਨੂੰ ਆਪਣੇ ਭਰਾ ਦੇ ਖੂੰਖਾਰ ਗੁੱਸੇ ਤੋਂ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ। ਜਿਸ ਕੁੜੀ ਨਾਲ ਉਹ ਪਿਆਰ ਕਰਦਾ ਸੀ, ਉਸ ਨਾਲ ਵਿਆਹ ਹੋਣ ਦੀ ਬਜਾਇ ਧੋਖੇ ਨਾਲ ਕੋਈ ਹੋਰ ਕੁੜੀ ਉਸ ਦੇ ਲੜ ਬੰਨ੍ਹ ਦਿੱਤੀ ਗਈ। ਫਿਰ ਹੌਲੀ-ਹੌਲੀ ਉਸ ਦੀਆਂ ਚਾਰ ਘਰਵਾਲੀਆਂ ਹੋ ਗਈਆਂ ਜਿਨ੍ਹਾਂ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਰਹਿੰਦੀਆਂ ਸਨ। (ਉਤਪਤ 30:1-13) ਉਸ ਨੇ 20 ਸਾਲ ਤਕ ਇਕ ਬੰਦੇ ਲਈ ਕੰਮ ਕੀਤਾ ਜਿਸ ਨੇ ਉਸ ਦਾ ਬਹੁਤ ਲਹੂ ਪੀਤਾ। ਉਹ ਇਕ ਦੂਤ ਨਾਲ ਘੁਲਿਆ ਜਿਸ ਕਰਕੇ ਉਹ ਉਮਰ ਭਰ ਲਈ ਅਪਾਹਜ ਹੋ ਗਿਆ। ਉਸ ਦੀ ਕੁੜੀ ਨਾਲ ਬਲਾਤਕਾਰ ਹੋਇਆ ਜਿਸ ਕਰਕੇ ਉਸ ਦੇ ਮੁੰਡਿਆਂ ਨੇ ਰਲ ਕੇ ਬਹੁਤ ਖ਼ੂਨ-ਖ਼ਰਾਬਾ ਕੀਤਾ। ਜਿਸ ਪੁੱਤ ਤੇ ਘਰਵਾਲੀ ਨੂੰ ਉਹ ਸਭ ਤੋਂ ਜ਼ਿਆਦਾ ਪਿਆਰ ਕਰਦਾ ਸੀ, ਉਨ੍ਹਾਂ ਦੋਵਾਂ ਦੇ ਵਿਛੋੜੇ ਨੇ ਵੀ ਉਸ ਨੂੰ ਬਹੁਤ ਰੁਲਾਇਆ। ਕਾਲ ਤੋਂ ਬਚਣ ਲਈ ਵਡੇਰੀ ਉਮਰ ਵਿਚ ਉਸ ਨੂੰ ਪਰਦੇਸਾਂ ਵਿਚ ਜਾ ਕੇ ਰਹਿਣਾ ਪਿਆ। ਇਸੇ ਕਰਕੇ ਉਸ ਨੇ ਕਿਹਾ ਕਿ ਉਸ ਦੇ ਦਿਨ “ਥੋੜੇ ਅਤੇ ਬੁਰੇ ਹੋਏ।” (ਉਤਪਤ 47:9) ਇੰਨੇ ਸਾਰੇ ਦੁੱਖ ਸਹਿਣ ਦੇ ਬਾਵਜੂਦ ਯਾਕੂਬ ਅਧਿਆਤਮਿਕ ਗੱਲਾਂ ਨੂੰ ਪਹਿਲ ਦਿੰਦਾ ਰਿਹਾ ਅਤੇ ਉਸ ਨੇ ਪਰਮੇਸ਼ੁਰ ਤੇ ਪੂਰਾ ਭਰੋਸਾ ਰੱਖਿਆ। ਕੀ ਉਸ ਨੇ ਪਰਮੇਸ਼ੁਰ ਉੱਤੇ ਭਰੋਸਾ ਰੱਖ ਕੇ ਗ਼ਲਤੀ ਕੀਤੀ ਸੀ? ਯਾਕੂਬ ਦੀ ਜ਼ਿੰਦਗੀ ਦੀਆਂ ਕੁਝ ਘਟਨਾਵਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

ਆਪਣੇ ਭਰਾ ਤੋਂ ਬਿਲਕੁਲ ਵੱਖਰਾ

ਯਾਕੂਬ ਅਧਿਆਤਮਿਕ ਚੀਜ਼ਾਂ ਦੀ ਬਹੁਤ ਕਦਰ ਕਰਦਾ ਸੀ ਜਦ ਕਿ ਏਸਾਓ ਉਨ੍ਹਾਂ ਨੂੰ ਤੁੱਛ ਸਮਝਦਾ ਸੀ। ਇਹੀ ਗੱਲ ਉਨ੍ਹਾਂ ਵਿਚ ਹੋਈ ਅਣਬਣ ਦੀ ਜੜ੍ਹ ਸੀ। ਯਾਕੂਬ ਨੂੰ ਅਬਰਾਹਾਮ ਨਾਲ ਕੀਤੇ ਗਏ ਵਾਅਦੇ ਵਿਚ ਬਹੁਤ ਦਿਲਚਸਪੀ ਸੀ ਅਤੇ ਉਸ ਨੇ ਪੂਰੀ ਲਗਨ ਨਾਲ ਉਸ ਘਰਾਣੇ ਦੀ ਦੇਖ-ਭਾਲ ਕੀਤੀ ਜਿਸ ਨੂੰ ਪਰਮੇਸ਼ੁਰ ਨੇ ਵਾਰਸ ਬਣਾਇਆ ਸੀ। ਇਸ ਕਰਕੇ ਯਹੋਵਾਹ ਯਾਕੂਬ ਨਾਲ “ਪਿਆਰ” ਕਰਦਾ ਸੀ। ਯਾਕੂਬ “ਭੋਲਾ ਭਾਲਾ” ਸੀ। ਇੱਥੇ ਇਨ੍ਹਾਂ ਸ਼ਬਦਾਂ ਦਾ ਮਤਲਬ ਹੈ ਕਿ ਉਹ ਨੈਤਿਕ ਤੌਰ ਤੇ ਸੱਚਾ-ਸੁੱਚਾ ਇਨਸਾਨ ਸੀ। ਇਸ ਤੋਂ ਉਲਟ ਏਸਾਓ ਨੂੰ ਆਪਣੇ ਅਧਿਆਤਮਿਕ ਵਿਰਸੇ ਦੀ ਕੋਈ ਪਰਵਾਹ ਨਹੀਂ ਸੀ ਜਿਸ ਕਰਕੇ ਉਸ ਨੇ ਮਾਮੂਲੀ ਜਿਹੀ ਚੀਜ਼ ਦੇ ਬਦਲੇ ਇਸ ਨੂੰ ਵੇਚ ਦਿੱਤਾ। ਜਦੋਂ ਪਰਮੇਸ਼ੁਰ ਦੀ ਮਨਜ਼ੂਰੀ ਨਾਲ ਯਾਕੂਬ ਨੇ ਆਪਣਾ ਹੱਕ ਲੈ ਲਿਆ ਅਤੇ ਜੋ ਬਰਕਤਾਂ ਉਸ ਦੇ ਭਰਾ ਲਈ ਰੱਖੀਆਂ ਗਈਆਂ ਸਨ, ਉਹ ਉਸ ਨੂੰ ਮਿਲ ਗਈਆਂ, ਤਾਂ ਏਸਾਓ ਗੁੱਸੇ ਵਿਚ ਪਾਗਲ ਹੋ ਗਿਆ। ਇਸ ਕਰਕੇ ਯਾਕੂਬ ਨੂੰ ਉਨ੍ਹਾਂ ਸਾਰਿਆਂ ਨੂੰ ਛੱਡ ਕੇ ਜਾਣਾ ਪਿਆ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਸੀ। ਪਰ ਇਸ ਤੋਂ ਬਾਅਦ ਜੋ ਹੋਇਆ, ਉਸ ਤੋਂ ਉਸ ਦੇ ਨਿਰਾਸ਼ ਦਿਲ ਨੂੰ ਹੌਸਲਾ ਮਿਲਿਆ।—ਮਲਾਕੀ 1:2, 3; ਉਤਪਤ 25:27-34; 27:1-45.

ਇਕ ਸੁਪਨੇ ਵਿਚ ਪਰਮੇਸ਼ੁਰ ਨੇ ਯਾਕੂਬ ਨੂੰ ਦਿਖਾਇਆ ਕਿ ਦੂਤ ਸਵਰਗ ਅਤੇ ਧਰਤੀ ਵਿਚਕਾਰ ਲੱਗੀ ਪੱਥਰਾਂ ਦੀ ਪੌੜੀ ਉੱਤੇ ਚੜ੍ਹ-ਉੱਤਰ ਰਹੇ ਸਨ ਅਤੇ ਪਰਮੇਸ਼ੁਰ ਨੇ ਉਸ ਨੂੰ ਕਿਹਾ ਕਿ ਉਹ ਯਾਕੂਬ ਅਤੇ ਉਸ ਦੀ ਸੰਤਾਨ ਦੀ ਰਾਖੀ ਕਰੇਗਾ। “ਤੈਥੋਂ ਅਰ ਤੇਰੀ ਅੰਸ ਤੋਂ ਪਿਰਥਵੀ ਦੇ ਸਾਰੇ ਟੱਬਰ ਬਰਕਤ ਪਾਉਣਗੇ। ਵੇਖ ਮੈਂ ਤੇਰੇ ਅੰਗ ਸੰਗ ਹਾਂ ਅਰ ਜਿੱਥੇ ਕਿਤੇ ਤੂੰ ਜਾਵੇਂਗਾ ਮੈਂ ਤੇਰੀ ਰਾਖੀ ਕਰਾਂਗਾ ਅਰ ਤੈਨੂੰ ਫੇਰ ਏਸ ਦੇਸ ਵਿੱਚ ਲੈ ਆਵਾਂਗਾ ਅਰ ਜਿੰਨਾਂ ਚਿਰ ਤੀਕ ਤੇਰੇ ਨਾਲ ਆਪਣਾ ਬੋਲ ਪੂਰਾ ਨਾ ਕਰ ਲਵਾਂ ਤੈਨੂੰ ਨਹੀਂ ਵਿਸਾਰਾਂਗਾ।”—ਉਤਪਤ 28:10-15.

ਇਸ ਤੋਂ ਯਾਕੂਬ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ! ਯਹੋਵਾਹ ਫਿਰ ਜ਼ੋਰ ਦਿੰਦਾ ਹੈ ਕਿ ਅਬਰਾਹਾਮ ਤੇ ਇਸਹਾਕ ਨਾਲ ਕੀਤੇ ਵਾਅਦੇ ਯਾਕੂਬ ਦੇ ਪਰਿਵਾਰ ਨੂੰ ਅਧਿਆਤਮਿਕ ਤੌਰ ਤੇ ਮਾਲਾ-ਮਾਲ ਕਰ ਦੇਣਗੇ। ਯਾਕੂਬ ਨੂੰ ਅਹਿਸਾਸ ਹੋਇਆ ਕਿ ਜਿਨ੍ਹਾਂ ਤੇ ਪਰਮੇਸ਼ੁਰ ਦੀ ਮਿਹਰ ਹੁੰਦੀ ਹੈ, ਪਰਮੇਸ਼ੁਰ ਉਨ੍ਹਾਂ ਦੀ ਮਦਦ ਕਰਨ ਲਈ ਆਪਣੇ ਦੂਤਾਂ ਨੂੰ ਇਸਤੇਮਾਲ ਕਰ ਸਕਦਾ ਹੈ। ਉਸ ਨੂੰ ਭਰੋਸਾ ਦਿੱਤਾ ਗਿਆ ਕਿ ਯਹੋਵਾਹ ਉਸ ਦੀ ਰਾਖੀ ਕਰੇਗਾ। ਇਸ ਗੱਲ ਲਈ ਯਾਕੂਬ ਬਹੁਤ ਹੀ ਸ਼ੁਕਰਗੁਜ਼ਾਰ ਸੀ ਤੇ ਉਸ ਨੇ ਕਸਮ ਖਾਧੀ ਕਿ ਉਹ ਹਮੇਸ਼ਾ ਯਹੋਵਾਹ ਪ੍ਰਤੀ ਵਫ਼ਾਦਾਰ ਰਹੇਗਾ।—ਉਤਪਤ 28:16-22.

ਯਾਕੂਬ ਨੇ ਕਿਸੇ ਵੀ ਤਰ੍ਹਾਂ ਏਸਾਓ ਦੇ ਵਿਰਸੇ ਤੇ ਨਾਜਾਇਜ਼ ਕਬਜ਼ਾ ਨਹੀਂ ਕੀਤਾ ਸੀ। ਉਨ੍ਹਾਂ ਦੋਵਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਯਹੋਵਾਹ ਨੇ ਕਿਹਾ ਸੀ ਕਿ “ਵੱਡਾ ਛੋਟੇ ਦੀ ਟਹਿਲ ਕਰੇਗਾ।” (ਉਤਪਤ 25:23) ਕਈ ਸ਼ਾਇਦ ਇਹ ਸਵਾਲ ਪੁੱਛਣ ਕਿ ‘ਚੰਗਾ ਨਹੀਂ ਹੁੰਦਾ ਜੇ ਪਰਮੇਸ਼ੁਰ ਯਾਕੂਬ ਨੂੰ ਪਹਿਲਾਂ ਜਨਮ ਲੈ ਲੈਣ ਦਿੰਦਾ?’ ਇਹ ਸੱਚ ਹੈ ਕਿ ਯਾਕੂਬ ਦਾ ਜਨਮ ਪਹਿਲਾਂ ਹੋ ਸਕਦਾ ਸੀ, ਪਰ ਉਨ੍ਹਾਂ ਦੇ ਜਨਮ ਤੋਂ ਬਾਅਦ ਹੋਈਆਂ ਘਟਨਾਵਾਂ ਤੋਂ ਮਹੱਤਵਪੂਰਣ ਸੱਚਾਈਆਂ ਪਤਾ ਲੱਗਦੀਆਂ ਹਨ। ਯਹੋਵਾਹ ਉਨ੍ਹਾਂ ਲੋਕਾਂ ਨੂੰ ਬਰਕਤਾਂ ਨਹੀਂ ਦਿੰਦਾ ਜੋ ਦਾਅਵਾ ਕਰਦੇ ਹਨ ਕਿ ਬਰਕਤਾਂ ਲੈਣੀਆਂ ਉਨ੍ਹਾਂ ਦਾ ਹੱਕ ਬਣਦਾ ਹੈ। ਪਰ ਉਹ ਜਿਸ ਉੱਤੇ ਚਾਹੇ, ਦਇਆ ਕਰਦਾ ਹੈ। ਇਸ ਲਈ ਜੇਠੇ ਹੋਣ ਦਾ ਹੱਕ ਯਾਕੂਬ ਨੂੰ ਦਿੱਤਾ ਗਿਆ, ਨਾ ਕਿ ਵੱਡੇ ਭਰਾ ਨੂੰ ਕਿਉਂਕਿ ਏਸਾਓ ਨੇ ਇਸ ਦੀ ਕਦਰ ਨਹੀਂ ਕੀਤੀ। ਇਸੇ ਤਰ੍ਹਾਂ, ਪੈਦਾਇਸ਼ੀ ਇਸਰਾਏਲੀਆਂ ਨੇ ਇਕ ਕੌਮ ਦੇ ਤੌਰ ਤੇ ਏਸਾਓ ਵਰਗਾ ਰਵੱਈਆ ਦਿਖਾਇਆ, ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਿਆਗ ਕੇ ਅਧਿਆਤਮਿਕ ਇਸਰਾਏਲ ਨੂੰ ਚੁਣਿਆ। (ਰੋਮੀਆਂ 9:6-16, 24) ਅੱਜ ਵੀ ਜੇ ਕੋਈ ਅਜਿਹੇ ਪਰਿਵਾਰ ਵਿਚ ਪੈਦਾ ਹੁੰਦਾ ਹੈ ਜੋ ਯਹੋਵਾਹ ਦੀ ਸੇਵਾ ਕਰਦਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਸ ਦਾ ਯਹੋਵਾਹ ਨਾਲ ਚੰਗਾ ਰਿਸ਼ਤਾ ਆਪਣੇ ਆਪ ਬਣ ਜਾਵੇਗਾ। ਜੋ ਕੋਈ ਵੀ ਪਰਮੇਸ਼ੁਰ ਤੋਂ ਬਰਕਤਾਂ ਲੈਣੀਆਂ ਚਾਹੁੰਦਾ ਹੈ, ਉਸ ਨੂੰ ਆਪਣੇ ਅੰਦਰ ਪਰਮੇਸ਼ੁਰੀ ਗੁਣ ਪੈਦਾ ਕਰ ਕੇ ਅਧਿਆਤਮਿਕ ਚੀਜ਼ਾਂ ਦੀ ਸੱਚੇ ਦਿਲੋਂ ਕਦਰ ਕਰਨੀ ਪਵੇਗੀ।

ਲਾਬਾਨ ਦੁਆਰਾ ਸੁਆਗਤ

ਵਿਆਹ ਲਈ ਆਪਣੀ ਰਿਸ਼ਤੇਦਾਰੀ ਵਿੱਚੋਂ ਕੁੜੀ ਲੱਭਣ ਵਾਸਤੇ ਯਾਕੂਬ ਪਦਨ ਅਰਾਮ ਪਹੁੰਚਿਆ। ਉੱਥੇ ਉਸ ਦੀ ਮੁਲਾਕਾਤ ਆਪਣੇ ਮਾਮੇ ਲਾਬਾਨ ਦੀ ਕੁੜੀ ਰਾਖੇਲ ਨਾਲ ਹੋਈ ਜੋ ਖੂਹ ਉੱਤੇ ਆਪਣੀਆਂ ਭੇਡਾਂ ਨੂੰ ਪਾਣੀ ਪਿਲਾਉਣ ਆਈ ਸੀ। ਯਾਕੂਬ ਨੇ ਉਸ ਦੀ ਮਦਦ ਕਰਨ ਲਈ ਖੂਹ ਤੋਂ ਭਾਰਾ ਪੱਥਰ ਹਟਾਇਆ ਸੀ। * ਰਾਖੇਲ ਯਾਕੂਬ ਦੇ ਆਉਣ ਦੀ ਖ਼ਬਰ ਦੇਣ ਘਰ ਭੱਜੀ ਗਈ ਅਤੇ ਲਾਬਾਨ ਤੁਰੰਤ ਯਾਕੂਬ ਨੂੰ ਮਿਲਣ ਆ ਗਿਆ। ਲਾਬਾਨ ਨੇ ਸ਼ਾਇਦ ਸੋਚਿਆ ਹੋਣਾ ਕਿ ਉਸ ਨੂੰ ਇਸ ਵਾਰ ਵੀ ਬਹੁਤ ਸਾਰੇ ਕੀਮਤੀ ਤੋਹਫ਼ੇ ਮਿਲਣਗੇ ਜਿਵੇਂ ਅਬਰਾਹਾਮ ਦੇ ਨੌਕਰ ਨੇ ਲਿਆਂਦੇ ਸਨ। ਪਰ ਉਸ ਨੂੰ ਇਹ ਦੇਖ ਕੇ ਬਹੁਤ ਨਿਰਾਸ਼ਾ ਹੋਈ ਹੋਣੀ ਕਿ ਯਾਕੂਬ ਤਾਂ ਸੱਖਣੇ ਹੱਥੀਂ ਆਇਆ ਸੀ। ਪਰ ਲਾਬਾਨ ਨੇ ਦੇਖਿਆ ਕਿ ਯਾਕੂਬ ਬਹੁਤ ਹੀ ਮਿਹਨਤੀ ਇਨਸਾਨ ਸੀ ਤੇ ਉਹ ਇਸ ਦਾ ਪੂਰਾ-ਪੂਰਾ ਫ਼ਾਇਦਾ ਉਠਾ ਸਕਦਾ ਸੀ।—ਉਤਪਤ 28:1-5; 29:1-14.

ਯਾਕੂਬ ਨੇ ਆਪਣੀ ਕਹਾਣੀ ਸੁਣਾਈ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਉਸ ਨੇ ਜੇਠੇ ਹੋਣ ਦਾ ਹੱਕ ਲੈਣ ਲਈ ਕੀਤੀ ਚਲਾਕੀ ਦਾ ਜ਼ਿਕਰ ਕੀਤਾ ਸੀ ਜਾਂ ਨਹੀਂ। ਪਰ “ਸਾਰੀਆਂ ਗੱਲਾਂ” ਸੁਣਨ ਤੋਂ ਬਾਅਦ ਲਾਬਾਨ ਨੇ ਕਿਹਾ: “ਤੂੰ ਸੱਚ ਮੁੱਚ ਮੇਰੀ ਹੱਡੀ ਅਰ ਮੇਰਾ ਮਾਸ ਹੈਂ।” ਇਕ ਵਿਦਵਾਨ ਨੇ ਕਿਹਾ ਕਿ ਲਾਬਾਨ ਦੇ ਇਹ ਕਹਿਣ ਦਾ ਇਹ ਮਤਲਬ ਵੀ ਹੋ ਸਕਦਾ ਸੀ ਕਿ ਉਹ ਯਾਕੂਬ ਨੂੰ ਆਪਣੇ ਘਰ ਰੱਖ ਕੇ ਬਹੁਤ ਖ਼ੁਸ਼ ਸੀ ਜਾਂ ਫਿਰ ਉਹ ਇਹ ਗੱਲ ਸਵੀਕਾਰ ਕਰ ਰਿਹਾ ਸੀ ਕਿ ਰਿਸ਼ਤੇਦਾਰ ਹੋਣ ਕਰਕੇ ਇਹ ਉਸ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਯਾਕੂਬ ਨੂੰ ਆਪਣੇ ਘਰ ਥਾਂ ਦੇਵੇ। ਜੋ ਵੀ ਸੀ, ਲਾਬਾਨ ਨੇ ਜਲਦੀ ਹੀ ਸੋਚ ਲਿਆ ਸੀ ਕਿ ਉਹ ਆਪਣੇ ਭਾਣਜੇ ਦਾ ਕਿੱਦਾਂ ਫ਼ਾਇਦਾ ਉਠਾਵੇਗਾ।

ਲਾਬਾਨ ਨੇ ਅਜਿਹੀ ਗੱਲ ਕਹੀ ਜੋ ਅਗਲੇ 20 ਸਾਲਾਂ ਤਕ ਝਗੜੇ ਦੀ ਜੜ੍ਹ ਬਣ ਗਈ। ਉਸ ਨੇ ਪੁੱਛਿਆ: “ਏਸ ਕਾਰਨ ਕਿ ਤੂੰ ਮੇਰਾ ਸਾਕ ਹੈਂ ਕੀ ਮੇਰੀ ਟਹਿਲ ਮੁਖਤ ਹੀ ਕਰੇਂਗਾ? ਮੈਨੂੰ ਦੱਸ, ਕੀ ਤਲਬ ਲਵੇਂਗਾ?” ਭਾਵੇਂ ਕਿ ਲਾਬਾਨ ਨੇ ਦਿਲਦਾਰ ਮਾਮਾ ਹੋਣ ਦਾ ਦਿਖਾਵਾ ਕੀਤਾ ਸੀ, ਪਰ ਉਸ ਨੇ ਯਾਕੂਬ ਨਾਲ ਆਪਣੇ ਖ਼ੂਨ ਦੇ ਰਿਸ਼ਤੇ ਨੂੰ ਚਾਕਰੀ ਵਿਚ ਬਦਲ ਦਿੱਤਾ ਸੀ। ਯਾਕੂਬ ਰਾਖੇਲ ਨਾਲ ਬਹੁਤ ਪਿਆਰ ਕਰਦਾ ਸੀ, ਇਸ ਲਈ ਉਸ ਨੇ ਜਵਾਬ ਦਿੱਤਾ: “ਮੈਂ ਤੇਰੀ ਨਿੱਕੀ ਧੀ ਰਾਖੇਲ ਲਈ ਸੱਤ ਵਰਹੇ ਤੇਰੀ ਟਹਿਲ ਕਰਾਂਗਾ।”—ਉਤਪਤ 29:15-20.

ਲਾੜੀ ਦੇ ਪਰਿਵਾਰ ਨੂੰ ਲਾੜੀ ਦੀ ਕੀਮਤ ਦੇ ਕੇ ਰਿਸ਼ਤਾ ਪੱਕਾ ਕੀਤਾ ਜਾਂਦਾ ਸੀ। ਬਾਅਦ ਵਿਚ ਮੂਸਾ ਦੀ ਬਿਵਸਥਾ ਵਿਚ ਉਨ੍ਹਾਂ ਕੁਆਰੀਆਂ ਕੁੜੀਆਂ ਦੀ ਕੀਮਤ ਚਾਂਦੀ ਦੇ 50 ਸ਼ਕਲ ਨਿਯਤ ਕੀਤੀ ਗਈ ਸੀ ਜਿਨ੍ਹਾਂ ਨਾਲ ਬਲਾਤਕਾਰ ਕੀਤਾ ਜਾਂਦਾ ਸੀ। ਵਿਦਵਾਨ ਗੋਰਡਨ ਵੈਨਮ ਮੰਨਦਾ ਹੈ ਕਿ ਇਹ ਕੀਮਤ “ਕੁੜੀ ਦੀ ਸਭ ਤੋਂ ਉੱਚੀ ਕੀਮਤ ਸੀ,” ਪਰ ਆਮ ਤੌਰ ਤੇ ਇਸ ਤੋਂ “ਬਹੁਤ ਘੱਟ” ਕੀਮਤ ਅਦਾ ਕੀਤੀ ਜਾਂਦੀ ਸੀ। (ਬਿਵਸਥਾ ਸਾਰ 22:28, 29) ਯਾਕੂਬ ਲਾੜੀ ਦੀ ਕੀਮਤ ਦੇਣ ਲਈ ਪੈਸੇ ਦਾ ਇੰਤਜ਼ਾਮ ਨਹੀਂ ਕਰ ਸਕਦਾ ਸੀ। ਇਸ ਲਈ ਉਸ ਨੇ ਸੱਤ ਸਾਲ ਲਾਬਾਨ ਦੀ ਚਾਕਰੀ ਕਰਨ ਦੀ ਪੇਸ਼ਕਸ਼ ਕੀਤੀ। ਗੋਰਡਨ ਅੱਗੇ ਦੱਸਦਾ ਹੈ: “ਪੁਰਾਣੇ ਬਾਬਲ ਵਿਚ ਮਜ਼ਦੂਰਾਂ ਦੀ ਮਹੀਨੇ ਦੀ ਮਜ਼ਦੂਰੀ ਆਮ ਕਰਕੇ ਅੱਧਾ ਜਾਂ ਇਕ ਸ਼ਕਲ ਹੋਇਆ ਕਰਦੀ ਸੀ” (ਪੂਰੇ ਸੱਤ ਸਾਲ ਦੀ ਮਜ਼ਦੂਰੀ 42 ਤੋਂ 84 ਸ਼ਕਲ), ਇਸ ਲਈ “ਯਾਕੂਬ ਲਾਬਾਨ ਨੂੰ ਰਾਖੇਲ ਦੀ ਬਹੁਤ ਵੱਡੀ ਕੀਮਤ ਦੇ ਰਿਹਾ ਸੀ।” ਲਾਬਾਨ ਝੱਟ ਮੰਨ ਗਿਆ।—ਉਤਪਤ 29:19.

ਯਾਕੂਬ ਰਾਖੇਲ ਨਾਲ ਇੰਨਾ ਪਿਆਰ ਕਰਦਾ ਸੀ ਕਿ ਸੱਤ ਸਾਲ ਉਸ ਲਈ “ਥੋੜੇ ਦਿਨਾਂ ਦੇ ਬਰਾਬਰ ਸਨ।” ਇਸ ਤੋਂ ਬਾਅਦ ਉਸ ਨੇ ਘੁੰਡ ਵਿਚ ਲੁਕੀ ਲਾੜੀ ਨਾਲ ਵਿਆਹ ਕਰਾ ਲਿਆ। ਉਸ ਵੇਲੇ ਉਹ ਲਾਬਾਨ ਦੀ ਚਲਾਕੀ ਤੋਂ ਪੂਰੀ ਤਰ੍ਹਾਂ ਬੇਖ਼ਬਰ ਸੀ। ਜ਼ਰਾ ਸੋਚੋ ਕਿ ਅਗਲੇ ਦਿਨ ਉਸ ਨੂੰ ਇਹ ਦੇਖ ਕੇ ਕਿੰਨਾ ਝਟਕਾ ਲੱਗਾ ਹੋਵੇਗਾ ਕਿ ਉਹ ਰਾਤ ਨੂੰ ਰਾਖੇਲ ਨਾਲ ਨਹੀਂ, ਸਗੋਂ ਉਸ ਦੀ ਭੈਣ ਲੇਆਹ ਨਾਲ ਸੁੱਤਾ ਸੀ! ਯਾਕੂਬ ਨੇ ਲਾਬਾਨ ਨੂੰ ਪੁੱਛਿਆ: “ਤੈਂ ਮੇਰੇ ਨਾਲ ਏਹ ਕੀ ਕੀਤਾ? ਕੀ ਰਾਖੇਲ ਲਈ ਮੈਂ ਤੇਰੀ ਟਹਿਲ ਨਹੀਂ ਕੀਤੀ? ਫੇਰ ਤੂੰ ਮੇਰੇ ਨਾਲ ਧੋਖਾ ਕਿਉਂ ਕਮਾਇਆ?” ਲਾਬਾਨ ਨੇ ਉੱਤਰ ਦਿੱਤਾ: “ਸਾਡੇ ਦੇਸ ਵਿੱਚ ਐਉਂ ਨਹੀਂ ਹੁੰਦਾ ਕਿ ਨਿੱਕੀ ਨੂੰ ਪਲੋਠੀ ਤੋਂ ਪਹਿਲਾਂ ਦੇਈਏ। ਇਹਦਾ ਸਾਤਾ ਪੂਰਾ ਕਰ ਤਾਂ ਮੈਂ ਤੈਨੂੰ ਏਹ ਵੀ ਉਸ ਟਹਿਲ ਦੇ ਬਦਲੇ ਜਿਹੜੀ ਤੂੰ ਮੇਰੇ ਲਈ ਹੋਰ ਸੱਤਾਂ ਵਰਿਹਾਂ ਤੀਕ ਕਰੇਂਗਾ ਦੇ ਦਿਆਂਗਾ।” (ਉਤਪਤ 29:20-27) ਯਾਕੂਬ ਬਿਲਕੁਲ ਬੇਬੱਸ ਸੀ ਤੇ ਫਸ ਚੁੱਕਿਆ ਸੀ, ਇਸ ਲਈ ਰਾਖੇਲ ਨੂੰ ਪਾਉਣ ਲਈ ਇਸ ਸ਼ਰਤ ਨੂੰ ਮੰਨਣ ਤੋਂ ਸਿਵਾਇ ਉਸ ਕੋਲ ਹੋਰ ਕੋਈ ਚਾਰਾ ਨਹੀਂ ਸੀ।

ਪਹਿਲੇ ਸੱਤਾਂ ਸਾਲਾਂ ਤੋਂ ਉਲਟ ਇਹ ਸੱਤ ਸਾਲ ਬਹੁਤ ਹੀ ਮੁਸ਼ਕਲਾਂ ਭਰੇ ਸਨ। ਯਾਕੂਬ ਲਾਬਾਨ ਦੀ ਇਸ ਘਟੀਆ ਚਲਾਕੀ ਨੂੰ ਕਿੱਦਾਂ ਭੁੱਲ ਸਕਦਾ ਸੀ? ਤੇ ਕੀ ਉਹ ਲੇਆਹ ਨੂੰ ਮਾਫ਼ ਕਰ ਸਕਦਾ ਸੀ ਜਿਸ ਨੇ ਆਪਣੇ ਪਿਉ ਦਾ ਸਾਥ ਦਿੱਤਾ? ਪਰ ਲਾਬਾਨ ਨੂੰ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਉਸ ਦੀਆਂ ਭੈੜੀਆਂ ਚਾਲਾਂ ਕਰਕੇ ਲੇਆਹ ਤੇ ਰਾਖੇਲ ਦਾ ਕੀ ਬਣੇਗਾ। ਉਸ ਨੂੰ ਤਾਂ ਸਿਰਫ਼ ਆਪਣਾ ਫ਼ਿਕਰ ਸੀ। ਰਾਖੇਲ ਲੇਆਹ ਨਾਲ ਗੁੱਸੇ ਸੀ। ਪਰ ਇਹ ਗੁੱਸਾ ਈਰਖਾ ਵਿਚ ਬਦਲ ਗਿਆ ਕਿਉਂਕਿ ਰਾਖੇਲ ਦੇ ਕੋਈ ਨਿਆਣਾ ਨਹੀਂ ਹੋਇਆ ਜਦ ਕਿ ਲੇਆਹ ਨੇ ਚਾਰ ਮੁੰਡਿਆਂ ਨੂੰ ਜਨਮ ਦਿੱਤਾ। ਰਾਖੇਲ ਨਿਆਣਿਆਂ ਲਈ ਤਰਸਦੀ ਸੀ, ਇਸ ਲਈ ਉਸ ਨੇ ਆਪਣੀ ਗੋਲੀ ਨੂੰ ਯਾਕੂਬ ਕੋਲ ਘੱਲਿਆ ਤਾਂਕਿ ਉਹ ਉਸ ਲਈ ਨਿਆਣੇ ਜੰਮੇ। ਬਦਲੇ ਵਿਚ ਲੇਆਹ ਨੇ ਵੀ ਇਸੇ ਤਰ੍ਹਾਂ ਕੀਤਾ। ਇਸ ਤਰ੍ਹਾਂ ਯਾਕੂਬ ਦੀਆਂ ਚਾਰ ਘਰਵਾਲੀਆਂ ਹੋ ਗਈਆਂ ਜਿਨ੍ਹਾਂ ਤੋਂ 12 ਬੱਚੇ ਪੈਦਾ ਹੋਏ, ਫਿਰ ਵੀ ਉਸ ਦਾ ਪਰਿਵਾਰ ਬਿਲਕੁਲ ਵੀ ਖ਼ੁਸ਼ ਨਹੀਂ ਸੀ। ਪਰ ਯਹੋਵਾਹ ਯਾਕੂਬ ਨੂੰ ਇਕ ਵੱਡੀ ਕੌਮ ਬਣਾ ਰਿਹਾ ਸੀ।—ਉਤਪਤ 29:28–30:24.

ਯਹੋਵਾਹ ਦੀ ਬਰਕਤ ਨਾਲ ਧਨਵਾਨ

ਮੁਸ਼ਕਲਾਂ ਦੇ ਬਾਵਜੂਦ, ਯਾਕੂਬ ਨੇ ਦੇਖਿਆ ਕਿ ਪਰਮੇਸ਼ੁਰ ਆਪਣੇ ਵਾਅਦੇ ਮੁਤਾਬਕ ਉਸ ਦੇ ਨਾਲ ਸੀ। ਲਾਬਾਨ ਨੇ ਵੀ ਇਹ ਗੱਲ ਦੇਖੀ ਕਿਉਂਕਿ ਯਾਕੂਬ ਦੇ ਆਉਣ ਵੇਲੇ ਉਸ ਕੋਲ ਥੋੜ੍ਹੇ ਜਾਨਵਰ ਸਨ, ਪਰ ਭਾਣਜੇ ਦੀ ਦੇਖ-ਰੇਖ ਹੇਠ ਇਨ੍ਹਾਂ ਦੀ ਗਿਣਤੀ ਬਹੁਤ ਹੀ ਵਧ ਗਈ। ਲਾਬਾਨ ਯਾਕੂਬ ਨੂੰ ਛੱਡਣਾ ਨਹੀਂ ਚਾਹੁੰਦਾ ਸੀ, ਇਸ ਲਈ ਉਸ ਨੇ ਹੋਰ ਸੇਵਾ ਵਾਸਤੇ ਯਾਕੂਬ ਨੂੰ ਆਪਣੀ ਮਜ਼ਦੂਰੀ ਨਿਯਤ ਕਰਨ ਲਈ ਕਿਹਾ। ਯਾਕੂਬ ਨੇ ਕਿਹਾ ਕਿ ਲਾਬਾਨ ਦੇ ਇੱਜੜ ਵਿਚ ਜੋ ਅਨੋਖੇ ਰੰਗ ਦੀਆਂ ਭੇਡਾਂ-ਬੱਕਰੀਆਂ ਜੰਮਣਗੀਆਂ, ਉਹ ਉਸ ਦੀਆਂ ਹੋਣਗੀਆਂ। ਕਿਹਾ ਜਾਂਦਾ ਹੈ ਕਿ ਉਸ ਇਲਾਕੇ ਵਿਚ ਭੇਡਾਂ ਆਮ ਕਰਕੇ ਚਿੱਟੇ ਰੰਗ ਦੀਆਂ ਅਤੇ ਬੱਕਰੀਆਂ ਕਾਲੀਆਂ ਜਾਂ ਗੂੜ੍ਹੇ ਭੂਰੇ ਰੰਗਾਂ ਦੀਆਂ ਹੁੰਦੀਆਂ ਸਨ। ਬਹੁਤ ਘੱਟ ਭੇਡਾਂ-ਬੱਕਰੀਆਂ ਡੱਬ-ਖੜੱਬੀਆਂ ਹੁੰਦੀਆਂ ਸਨ। ਲਾਬਾਨ ਨੇ ਸੋਚਿਆ ਕਿ ਇਹ ਤਾਂ ਬਹੁਤ ਹੀ ਫ਼ਾਇਦੇ ਦਾ ਸੌਦਾ ਸੀ, ਇਸ ਲਈ ਉਸ ਨੇ ਝੱਟ ਇਹ ਗੱਲ ਮੰਨ ਲਈ। ਉਸ ਨੇ ਤੁਰੰਤ ਡੱਬ-ਖੜੱਬੀਆਂ ਭੇਡਾਂ-ਬੱਕਰੀਆਂ ਨੂੰ ਵੱਖ ਕਰ ਕੇ ਬਾਕੀ ਦੇ ਇੱਜੜ ਨੂੰ ਯਾਕੂਬ ਦੀ ਦੇਖ-ਰੇਖ ਅਧੀਨ ਛੱਡ ਦਿੱਤਾ। ਇਸ ਤਰ੍ਹਾਂ ਯਾਕੂਬ ਕੋਲ ਛੱਡੀਆਂ ਭੇਡਾਂ-ਬੱਕਰੀਆਂ ਤੋਂ ਡੱਬ-ਖੜੱਬੇ ਬੱਚੇ ਪੈਦਾ ਹੋਣ ਦੀ ਘੱਟ ਸੰਭਾਵਨਾ ਸੀ। ਲਾਬਾਨ ਨੂੰ ਪੂਰਾ ਯਕੀਨ ਸੀ ਕਿ ਯਾਕੂਬ ਨੂੰ ਇਸ ਸਮਝੌਤੇ ਤੋਂ ਘਾਟਾ ਹੀ ਹੋਵੇਗਾ ਕਿਉਂਕਿ ਉਸ ਨੂੰ ਨਵੇਂ ਜੰਮੇ ਬੱਚਿਆਂ ਦਾ 20 ਪ੍ਰਤਿਸ਼ਤ ਹਿੱਸਾ ਵੀ ਨਹੀਂ ਮਿਲਣਾ ਸੀ ਜੋ ਕਿ ਪੁਰਾਣੇ ਸਮਿਆਂ ਵਿਚ ਆਜੜੀਆਂ ਨੂੰ ਮਜ਼ਦੂਰੀ ਦੇ ਤੌਰ ਤੇ ਮਿਲਦਾ ਸੀ। ਪਰ ਇਹ ਲਾਬਾਨ ਦੀ ਗ਼ਲਤਫ਼ਹਿਮੀ ਸੀ ਕਿਉਂਕਿ ਯਹੋਵਾਹ ਯਾਕੂਬ ਦੇ ਨਾਲ ਸੀ।—ਉਤਪਤ 30:25-36.

ਪਰਮੇਸ਼ੁਰ ਦੀ ਬਰਕਤ ਨਾਲ, ਯਾਕੂਬ ਦੀਆਂ ਭੇਡਾਂ-ਬੱਕਰੀਆਂ ਨੇ ਡੱਬ-ਖੜੱਬੇ ਅਤੇ ਸਿਹਤਮੰਦ ਬੱਚੇ ਜੰਮੇ। (ਉਤਪਤ 30:37-42) ਭੇਡਾਂ-ਬੱਕਰੀਆਂ ਨੂੰ ਆਸੇ ਲਾਉਣ ਦੇ ਜੋ ਤਰੀਕੇ ਉਸ ਨੇ ਵਰਤੇ, ਉਹ ਸਹੀ ਨਹੀਂ ਸਨ। ਫਿਰ ਵੀ, ਵਿਦਵਾਨ ਨੇਹਮ ਸਾਰਨਾ ਨੇ ਕਿਹਾ ਕਿ ‘ਵਿਗਿਆਨਕ ਤੌਰ ਤੇ, ਇੱਕੋ ਹੀ ਰੰਗ ਦੇ ਜਾਨਵਰਾਂ ਵਿਚ ਮੇਲ ਕਰਾਉਣ ਨਾਲ ਡੱਬ-ਖੜੱਬੇ ਬੱਚੇ ਪੈਦਾ ਹੋ ਸਕਦੇ ਹਨ ਜੇ ਉਨ੍ਹਾਂ ਜਾਨਵਰਾਂ ਵਿਚ ਡੱਬ-ਖੜੱਬਾ ਰੰਗ ਪੈਦਾ ਕਰਨ ਦੇ ਜੀਨ ਹੋਣ। ਅਜਿਹੇ ਜੀਨ ਵਾਲੇ ਜਾਨਵਰਾਂ ਨੂੰ ਉਨ੍ਹਾਂ ਦੀ ਫੁਰਤੀ ਤੋਂ ਪਛਾਣਿਆ ਜਾ ਸਕਦਾ ਹੈ।’

ਇਹ ਦੇਖ ਕੇ ਲਾਬਾਨ ਨੇ ਆਪਣੇ ਭਾਣਜੇ ਦੀ ਮਜ਼ਦੂਰੀ ਬਦਲਣ ਦੀ ਕੋਸ਼ਿਸ਼ ਕੀਤੀ ਕਿ ਉਸ ਨੂੰ ਕਿਹੜੇ ਜਾਨਵਰ ਮਿਲਣਗੇ—ਧਾਰੀਦਾਰ, ਰੰਗ-ਬਰੰਗੇ ਜਾਂ ਡੱਬ-ਖੜੱਬੇ। ਉਹ ਆਪਣਾ ਫ਼ਾਇਦਾ ਚਾਹੁੰਦਾ ਸੀ। ਭਾਵੇਂ ਉਸ ਨੇ ਯਾਕੂਬ ਦੀ ਮਜ਼ਦੂਰੀ ਨੂੰ ਕਈ ਵਾਰ ਬਦਲਿਆ, ਪਰ ਯਹੋਵਾਹ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਯਾਕੂਬ ਹਮੇਸ਼ਾ ਖ਼ੁਸ਼ਹਾਲ ਹੁੰਦਾ ਰਹੇ। ਲਾਬਾਨ ਗੁੱਸੇ ਵਿਚ ਦੰਦ ਪੀਹਣ ਤੋਂ ਸਿਵਾਇ ਕੁਝ ਨਹੀਂ ਕਰ ਸਕਦਾ ਸੀ। ਯਾਕੂਬ ਕੋਲ ਜਲਦੀ ਹੀ ਬਹੁਤ ਸਾਰੀ ਧਨ-ਦੌਲਤ, ਇੱਜੜ, ਨੌਕਰ-ਚਾਕਰ, ਊਠ ਤੇ ਗਧੇ ਹੋ ਗਏ। ਇਹ ਸਾਰਾ ਕੁਝ ਉਸ ਦੀਆਂ ਆਪਣੀਆਂ ਕੋਸ਼ਿਸ਼ਾਂ ਨਾਲ ਨਹੀਂ, ਸਗੋਂ ਯਹੋਵਾਹ ਦੀ ਬਰਕਤ ਨਾਲ ਹੋਇਆ ਸੀ। ਉਸ ਨੇ ਬਾਅਦ ਵਿਚ ਰਾਖੇਲ ਤੇ ਲੇਆਹ ਨੂੰ ਦੱਸਿਆ ਸੀ: “ਤੁਹਾਡੇ ਪਿਤਾ ਨੇ ਮੇਰੇ ਨਾਲ ਧੋਖਾ ਕਮਾਇਆ ਅਰ ਮੇਰੀ ਤਲਬ ਦਸ ਵਾਰੀ ਬਦਲੀ ਪਰ ਪਰਮੇਸ਼ੁਰ ਨੇ ਉਸ ਤੋਂ ਮੈਨੂੰ ਘਾਟਾ ਪੈਣ ਨਾ ਦਿੱਤਾ। . . . ਪਰਮੇਸ਼ੁਰ ਨੇ ਤੁਹਾਡੇ ਪਿਤਾ ਦੇ ਡੰਗਰ ਖੋਹ ਕੇ ਮੈਨੂੰ ਦਿੱਤੇ।” ਯਹੋਵਾਹ ਨੇ ਯਾਕੂਬ ਨੂੰ ਭਰੋਸਾ ਦਿੱਤਾ ਕਿ ਉਸ ਨੇ ਯਾਕੂਬ ਨਾਲ ਕੀਤੀਆਂ ਲਾਬਾਨ ਦੀਆਂ ਚਲਾਕੀਆਂ ਨੂੰ ਦੇਖਿਆ ਸੀ, ਇਸ ਲਈ ਯਾਕੂਬ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਸੀ। ਪਰਮੇਸ਼ੁਰ ਨੇ ਕਿਹਾ: “ਤੂੰ ਆਪਣੇ ਦੇਸ ਅਰ ਆਪਣਿਆਂ ਸਾਕਾਂ ਕੋਲ ਮੁੜ ਜਾਹ ਅਰ ਮੈਂ ਤੇਰੇ ਸੰਗ ਭਲਿਆਈ ਕਰਾਂਗਾ।”—ਉਤਪਤ 31:1-13; 32:9.

ਅਖ਼ੀਰ ਵਿਚ ਧੋਖੇਬਾਜ਼ ਲਾਬਾਨ ਤੋਂ ਪਿੱਛਾ ਛੁਡਾ ਕੇ ਯਾਕੂਬ ਆਪਣੇ ਘਰ ਵੱਲ ਹੋ ਤੁਰਿਆ। ਭਾਵੇਂ ਕਿ ਉਹ 20 ਸਾਲਾਂ ਬਾਅਦ ਏਸਾਓ ਨੂੰ ਮਿਲ ਰਿਹਾ ਸੀ, ਉਹ ਅਜੇ ਵੀ ਉਸ ਤੋਂ ਡਰਦਾ ਸੀ। ਉਹ ਹੋਰ ਵੀ ਡਰ ਗਿਆ ਜਦੋਂ ਉਸ ਨੂੰ ਖ਼ਬਰ ਮਿਲੀ ਕਿ ਏਸਾਓ ਚਾਰ ਸੌ ਬੰਦਿਆਂ ਨੂੰ ਲੈ ਕੇ ਉਸ ਵੱਲ ਆ ਰਿਹਾ ਸੀ। ਯਾਕੂਬ ਕੀ ਕਰ ਸਕਦਾ ਸੀ? ਅਧਿਆਤਮਿਕ ਇਨਸਾਨ ਹੋਣ ਕਰਕੇ ਉਸ ਨੇ ਹਮੇਸ਼ਾ ਪਰਮੇਸ਼ੁਰ ਤੇ ਭਰੋਸਾ ਰੱਖਿਆ ਸੀ ਅਤੇ ਉਸ ਨੇ ਪਰਮੇਸ਼ੁਰ ਤੇ ਨਿਹਚਾ ਕਰਦੇ ਹੋਏ ਆਪਣੇ ਬਚਾਅ ਲਈ ਕਦਮ ਚੁੱਕੇ। ਉਸ ਨੇ ਇਹ ਗੱਲ ਮੰਨਦੇ ਹੋਏ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ਦੀ ਦਰਿਆ-ਦਿਲੀ ਦੇ ਯੋਗ ਨਹੀਂ ਸੀ ਤੇ ਬੇਨਤੀ ਕੀਤੀ ਕਿ ਆਪਣੇ ਵਾਅਦੇ ਮੁਤਾਬਕ ਉਹ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਏਸਾਓ ਦੇ ਹੱਥੋਂ ਬਚਾਵੇ।—ਉਤਪਤ 32:2-12.

ਫਿਰ ਉਹ ਹੋਇਆ ਜਿਸ ਦੀ ਬਿਲਕੁਲ ਆਸ ਨਹੀਂ ਸੀ। ਇਕ ਅਜਨਬੀ, ਜੋ ਕਿ ਇਕ ਦੂਤ ਸੀ, ਸਾਰੀ ਰਾਤ ਯਾਕੂਬ ਨਾਲ ਘੁਲਦਾ ਰਿਹਾ ਅਤੇ ਇੱਕੋ ਵਾਰ ਹੱਥ ਲਾ ਕੇ ਯਾਕੂਬ ਦੇ ਪੱਟ ਦਾ ਜੋੜ ਹਿਲਾ ਦਿੱਤਾ। ਯਾਕੂਬ ਨੇ ਤਦ ਤਕ ਦੂਤ ਨੂੰ ਜਾਣ ਨਾ ਦਿੱਤਾ ਜਦ ਤਕ ਦੂਤ ਨੇ ਉਸ ਨੂੰ ਬਰਕਤ ਨਾ ਦਿੱਤੀ। ਨਬੀ ਹੋਸ਼ੇਆ ਨੇ ਬਾਅਦ ਵਿਚ ਦੱਸਿਆ ਕਿ ਯਾਕੂਬ ਨੇ “ਰੋ ਕੇ ਉਸ ਕੋਲੋਂ ਅਸੀਸ ਮੰਗੀ।” (ਹੋਸ਼ੇਆ 12:2-4, ਪਵਿੱਤਰ ਬਾਈਬਲ ਨਵਾਂ ਅਨੁਵਾਦ; ਉਤਪਤ 32:24-29) ਯਾਕੂਬ ਜਾਣਦਾ ਸੀ ਕਿ ਜਿੰਨੀ ਵਾਰ ਵੀ ਦੂਤਾਂ ਨੇ ਦਰਸ਼ਣ ਦਿੱਤੇ ਸਨ, ਉਦੋਂ ਉਹ ਅਬਰਾਹਾਮ ਨਾਲ ਬੰਨ੍ਹੇ ਨੇਮ ਦੀ ਪੂਰਤੀ ਦੇ ਸੰਬੰਧ ਵਿਚ ਦਰਸ਼ਣ ਦਿੱਤੇ ਸਨ ਜੋ ਅਬਰਾਹਾਮ ਦੀ ਸੰਤਾਨ ਦੇ ਜ਼ਰੀਏ ਪੂਰਾ ਹੋਣਾ ਸੀ। ਇਸ ਲਈ ਉਹ ਦੂਤ ਨਾਲ ਪੂਰਾ ਜ਼ੋਰ ਲਾ ਕੇ ਘੁਲਿਆ ਤੇ ਬਰਕਤ ਲਈ। ਉਸ ਵੇਲੇ ਪਰਮੇਸ਼ੁਰ ਨੇ ਯਾਕੂਬ ਦਾ ਨਾਂ ਬਦਲ ਕੇ ਇਸਰਾਏਲ ਰੱਖ ਦਿੱਤਾ ਜਿਸ ਦਾ ਮਤਲਬ ਹੈ “ਪਰਮੇਸ਼ੁਰ ਨਾਲ ਘੁਲਣ ਵਾਲਾ” ਜਾਂ “ਪਰਮੇਸ਼ੁਰ ਘੁਲਦਾ ਹੈ।”

ਕੀ ਤੁਸੀਂ ਘੁਲਣ ਲਈ ਤਿਆਰ ਹੋ?

ਦੂਤ ਨਾਲ ਘੁਲਣ ਅਤੇ ਏਸਾਓ ਨੂੰ ਦੁਬਾਰਾ ਮਿਲਣ ਤੋਂ ਇਲਾਵਾ ਯਾਕੂਬ ਨੂੰ ਹੋਰ ਵੀ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਪਰ ਇਸ ਲੇਖ ਵਿਚ ਜਿਨ੍ਹਾਂ ਘਟਨਾਵਾਂ ਦੀ ਚਰਚਾ ਕੀਤੀ ਗਈ ਹੈ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਾਕੂਬ ਕਿਹੋ ਜਿਹਾ ਇਨਸਾਨ ਸੀ। ਜਿੱਥੇ ਏਸਾਓ ਆਪਣੇ ਜੇਠੇ ਹੋਣ ਦੇ ਹੱਕ ਬਦਲੇ ਥੋੜ੍ਹੀ ਜਿੰਨੀ ਵੀ ਭੁੱਖ ਬਰਦਾਸ਼ਤ ਨਹੀਂ ਕਰ ਸਕਿਆ, ਉੱਥੇ ਯਾਕੂਬ ਨੇ ਬਰਕਤਾਂ ਲੈਣ ਲਈ ਸਾਰੀ ਜ਼ਿੰਦਗੀ ਸੰਘਰਸ਼ ਕੀਤਾ, ਇੱਥੋਂ ਤਕ ਕਿ ਦੂਤ ਨਾਲ ਵੀ ਘੁਲਿਆ। ਪਰਮੇਸ਼ੁਰ ਨੇ ਆਪਣੇ ਵਾਅਦੇ ਮੁਤਾਬਕ ਉਸ ਦੀ ਅਗਵਾਈ ਤੇ ਰਾਖੀ ਕੀਤੀ, ਉਸ ਤੋਂ ਇਕ ਵੱਡੀ ਕੌਮ ਬਣਾਈ ਅਤੇ ਉਸ ਨੂੰ ਮਸੀਹਾ ਦਾ ਪੂਰਵਜ ਵੀ ਬਣਾਇਆ।—ਮੱਤੀ 1:2, 16.

ਕੀ ਤੁਸੀਂ ਵੀ ਯਹੋਵਾਹ ਦੀ ਮਿਹਰ ਲਈ ਸੰਘਰਸ਼ ਕਰਨ, ਇੱਥੋਂ ਤਕ ਕਿ ਘੁਲਣ ਲਈ ਵੀ ਤਿਆਰ ਹੋ? ਅੱਜ ਵੀ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਾਲਿਆਂ ਨੂੰ ਜ਼ਿੰਦਗੀ ਵਿਚ ਕਈ ਸਮੱਸਿਆਵਾਂ ਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਕਈ ਵਾਰ ਸਹੀ ਫ਼ੈਸਲਾ ਕਰਨਾ ਵੀ ਇਕ ਚੁਣੌਤੀ ਹੁੰਦੀ ਹੈ। ਪਰ ਯਾਕੂਬ ਦੀ ਵਧੀਆ ਉਦਾਹਰਣ ਤੋਂ ਸਾਨੂੰ ਬਹੁਤ ਪ੍ਰੇਰਣਾ ਮਿਲਦੀ ਹੈ ਕਿ ਅਸੀਂ ਉਸ ਇਨਾਮ ਉੱਤੇ ਆਪਣੀ ਨਜ਼ਰ ਟਿਕਾਈ ਰੱਖੀਏ ਜੋ ਯਹੋਵਾਹ ਨੇ ਸਾਨੂੰ ਦੇਣਾ ਹੈ।

[ਸਫ਼ੇ 31 ਉੱਤੇ ਤਸਵੀਰ]

ਯਾਕੂਬ ਬਰਕਤਾਂ ਲੈਣ ਲਈ ਸਾਰੀ ਉਮਰ ਸੰਘਰਸ਼ ਕਰਦਾ ਰਿਹਾ

[ਫੁਟਨੋਟ]

^ ਪੈਰਾ 9 ਜਦੋਂ ਯਾਕੂਬ ਦੀ ਮਾਤਾ ਰਿਬਕਾਹ ਨੇ ਅਲੀਅਜ਼ਰ ਦੇ ਊਠਾਂ ਨੂੰ ਪਾਣੀ ਪਿਲਾਇਆ ਸੀ, ਉਦੋਂ ਉਹ ਵੀ ਉਸ ਅਜਨਬੀ ਦੇ ਆਉਣ ਦੀ ਖ਼ਬਰ ਸੁਣਾਉਣ ਘਰ ਭੱਜੀ ਗਈ ਸੀ। ਆਪਣੀ ਭੈਣ ਦੇ ਹੱਥਾਂ ਵਿਚ ਸੋਨੇ ਦੇ ਗਹਿਣੇ ਦੇਖ ਕੇ ਲਾਬਾਨ ਅਲੀਅਜ਼ਰ ਦਾ ਸੁਆਗਤ ਕਰਨ ਲਈ ਭੱਜਾ ਗਿਆ ਸੀ।—ਉਤਪਤ 24:28-31, 53.