Skip to content

Skip to table of contents

ਸਾਓ ਟਾੱਮੇ ਅਤੇ ਪ੍ਰਿੰਸਿਪੇ ਵਿਚ ਖ਼ੁਸ਼ ਖ਼ਬਰੀ ਰੰਗ ਲਿਆਈ

ਸਾਓ ਟਾੱਮੇ ਅਤੇ ਪ੍ਰਿੰਸਿਪੇ ਵਿਚ ਖ਼ੁਸ਼ ਖ਼ਬਰੀ ਰੰਗ ਲਿਆਈ

ਸਾਓ ਟਾੱਮੇ ਅਤੇ ਪ੍ਰਿੰਸਿਪੇ ਵਿਚ ਖ਼ੁਸ਼ ਖ਼ਬਰੀ ਰੰਗ ਲਿਆਈ

ਬਹੁਤ ਸਾਰੇ ਲੋਕਾਂ ਨੇ ਸ਼ਾਇਦ ਸਾਓ ਟਾੱਮੇ ਅਤੇ ਪ੍ਰਿੰਸਿਪੇ ਬਾਰੇ ਕਦੇ ਨਾ ਸੁਣਿਆ ਹੋਵੇ। ਇਨ੍ਹਾਂ ਟਾਪੂਆਂ ਦਾ ਆਮ ਤੌਰ ਤੇ ਸੈਰ-ਸਪਾਟੇ ਦੇ ਰਸਾਲਿਆਂ ਵਿਚ ਜ਼ਿਕਰ ਨਹੀਂ ਕੀਤਾ ਜਾਂਦਾ। ਦੁਨੀਆਂ ਦੇ ਨਕਸ਼ੇ ਉੱਤੇ ਇਹ ਟਾਪੂ ਛੋਟੀਆਂ-ਛੋਟੀਆਂ ਬਿੰਦੀਆਂ ਵਾਂਗ ਨਜ਼ਰ ਆਉਂਦੇ ਹਨ ਜੋ ਅਫ਼ਰੀਕਾ ਦੇ ਪੱਛਮ ਵੱਲ ਗਿਨੀ ਦੀ ਖਾੜੀ ਵਿਚ ਸਥਿਤ ਹਨ। ਸਾਓ ਟਾੱਮੇ ਭੂਮੱਧ-ਰੇਖਾ ਦੇ ਬਹੁਤ ਹੀ ਨੇੜੇ ਹੈ ਅਤੇ ਪ੍ਰਿੰਸਿਪੇ ਸਾਓ ਟਾੱਮੇ ਦੇ ਥੋੜ੍ਹਾ ਜਿਹਾ ਉੱਤਰ-ਪੂਰਬ ਵੱਲ ਹੈ। ਵਰਖਾ ਅਤੇ ਸਿੱਲ੍ਹਾ ਮੌਸਮ ਹੋਣ ਕਰਕੇ ਇੱਥੇ ਸੰਘਣੇ ਜੰਗਲ ਹਨ ਜਿਨ੍ਹਾਂ ਨੇ 6,600 ਫੁੱਟ ਨਾਲੋਂ ਉੱਚੇ ਪਰਬਤਾਂ ਦੀਆਂ ਢਲਾਣਾਂ ਨੂੰ ਢੱਕਿਆ ਹੋਇਆ ਹੈ।

ਇਨ੍ਹਾਂ ਟਾਪੂਆਂ ਦੇ ਆਲੇ-ਦੁਆਲੇ ਨੀਲਾ ਸਮੁੰਦਰ ਹੈ ਤੇ ਇਸ ਦੇ ਕਿਨਾਰੇ ਪਾਮ ਦੇ ਦਰਖ਼ਤਾਂ ਨਾਲ ਭਰੇ ਹੋਏ ਹਨ। ਇਨ੍ਹਾਂ ਟਾਪੂਆਂ ਦੇ ਲੋਕ ਦੋਸਤਾਨਾ ਤੇ ਨਿੱਘੇ

ਸੁਭਾਅ ਦੇ ਹਨ। ਇਨ੍ਹਾਂ ਦੇ ਪੂਰਵਜ ਅਫ਼ਰੀਕਾ ਅਤੇ ਯੂਰਪ ਤੋਂ ਇੱਥੇ ਆਏ ਸਨ ਜਿਸ ਕਰਕੇ ਇੱਥੇ ਮਿਲੇ-ਜੁਲੇ ਸਭਿਆਚਾਰਾਂ ਦਾ ਸੋਹਣਾ ਸੰਗਮ ਹੈ। ਇਨ੍ਹਾਂ ਟਾਪੂਆਂ ਦੇ 1,70,000 ਲੋਕ ਦੂਜੇ ਦੇਸ਼ਾਂ ਨੂੰ ਕੋਕੋ ਭੇਜਣ ਜਾਂ ਖੇਤੀਬਾੜੀ ਅਤੇ ਮੱਛੀਆਂ ਫੜਨ ਦਾ ਕੰਮ ਕਰਦੇ ਹਨ। ਹਾਲ ਹੀ ਦੇ ਸਾਲਾਂ ਵਿਚ ਇਨ੍ਹਾਂ ਲੋਕਾਂ ਲਈ ਆਪਣਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ।

ਪਰ 20ਵੀਂ ਸਦੀ ਦੇ ਆਖ਼ਰੀ ਦਹਾਕੇ ਵਿਚ ਵਾਪਰੀ ਇਕ ਘਟਨਾ ਨੇ ਇਨ੍ਹਾਂ ਟਾਪੂਆਂ ਦੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਜੂਨ 1993 ਵਿਚ ਸਾਓ ਟਾੱਮੇ ਅਤੇ ਪ੍ਰਿੰਸਿਪੇ ਦੀ ਸਰਕਾਰ ਨੇ ਯਹੋਵਾਹ ਦੇ ਗਵਾਹਾਂ ਨੂੰ ਕਾਨੂੰਨੀ ਤੌਰ ਤੇ ਮਾਨਤਾ ਦਿੱਤੀ ਸੀ ਜਿਸ ਨਾਲ ਇਨ੍ਹਾਂ ਟਾਪੂਆਂ ਤੇ ਰਹਿੰਦੇ ਯਹੋਵਾਹ ਦੇ ਗਵਾਹਾਂ ਲਈ ਮੁਸ਼ਕਲਾਂ ਨਾਲ ਭਰੇ ਲੰਬੇ ਦੌਰ ਦਾ ਅੰਤ ਹੋਇਆ।

ਬਿਪਤਾ ਵਿਚ ਬੀਜੇ ਬੀ

ਲੱਗਦਾ ਹੈ ਕਿ ਇਨ੍ਹਾਂ ਟਾਪੂਆਂ ਤੇ ਯਹੋਵਾਹ ਦਾ ਪਹਿਲਾ ਗਵਾਹ 1950 ਦੇ ਦਹਾਕੇ ਦੇ ਸ਼ੁਰੂ ਵਿਚ ਆਇਆ ਸੀ ਜਦੋਂ ਅਫ਼ਰੀਕਾ ਵਿਚ ਦੂਸਰੀਆਂ ਪੁਰਤਗਾਲੀ ਬਸਤੀਆਂ ਤੋਂ ਕੈਦੀਆਂ ਨੂੰ ਇਨ੍ਹਾਂ ਟਾਪੂਆਂ ਤੇ ਲੇਬਰ ਕੈਂਪਾਂ ਵਿਚ ਕੰਮ ਕਰਨ ਲਈ ਭੇਜਿਆ ਸੀ। ਇਨ੍ਹਾਂ ਕੈਦੀਆਂ ਵਿਚ ਇਕ ਅਫ਼ਰੀਕੀ ਪਾਇਨੀਅਰ ਵੀ ਸੀ ਜਿਸ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਕਰਕੇ ਮੋਜ਼ਾਮਬੀਕ ਵਿੱਚੋਂ ਕੱਢ ਦਿੱਤਾ ਗਿਆ ਸੀ। ਇਹ ਭਰਾ ਇਕੱਲਾ ਹੀ ਟਾਪੂਆਂ ਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਰੁੱਝਾ ਰਿਹਾ ਅਤੇ ਛੇ ਮਹੀਨਿਆਂ ਦੇ ਅੰਦਰ-ਅੰਦਰ 13 ਹੋਰ ਲੋਕ ਖ਼ੁਸ਼ ਖ਼ਬਰੀ ਸੁਣਾਉਣ ਲਈ ਉਸ ਨਾਲ ਰਲ ਗਏ। ਬਾਅਦ ਵਿਚ, ਹੋਰ ਗਵਾਹ ਕੈਦੀਆਂ ਦੇ ਤੌਰ ਤੇ ਅੰਗੋਲਾ ਤੋਂ ਇੱਥੇ ਪਹੁੰਚ ਗਏ। ਆਪਣੀ ਕੈਦ ਦੌਰਾਨ, ਉਨ੍ਹਾਂ ਨੇ ਲੋਕਾਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨ ਦਾ ਕੋਈ ਵੀ ਮੌਕਾ ਹੱਥੋਂ ਖੁੰਝਣ ਨਹੀਂ ਦਿੱਤਾ।

ਸਾਲ 1966 ਤਕ, ਸਾਓ ਟਾੱਮੇ ਵਿਚ ਸਜ਼ਾ ਪੂਰੀ ਕਰਨ ਤੋਂ ਬਾਅਦ ਸਾਰੇ ਭਰਾ ਆਪਣੇ ਘਰ ਵਾਪਸ ਚਲੇ ਗਏ ਸਨ। ਬਾਕੀ ਬਚੇ ਰਾਜ ਦੇ ਪ੍ਰਚਾਰਕਾਂ ਦੇ ਇਕ ਛੋਟੇ ਜਿਹੇ ਸਮੂਹ ਨੇ ਦਲੇਰੀ ਨਾਲ ਟਾਪੂਆਂ ਤੇ ਪ੍ਰਚਾਰ ਕਰਨਾ ਜਾਰੀ ਰੱਖਿਆ। ਉਨ੍ਹਾਂ ਨੂੰ ਉੱਥੇ ਸਤਾਹਟਾਂ ਸਹਿਣੀਆਂ ਪਈਆਂ, ਉਨ੍ਹਾਂ ਨੂੰ ਕੁੱਟਿਆ-ਮਾਰਿਆ ਗਿਆ ਅਤੇ ਜੇਲ੍ਹਾਂ ਵਿਚ ਸੁੱਟਿਆ ਗਿਆ ਕਿਉਂਕਿ ਉਹ ਬਾਈਬਲ ਦਾ ਅਧਿਐਨ ਕਰਨ ਲਈ ਇਕੱਠੇ ਹੁੰਦੇ ਸਨ। ਉੱਥੇ ਕੋਈ ਵੀ ਗਵਾਹ ਨਹੀਂ ਸੀ ਜੋ ਉਨ੍ਹਾਂ ਨੂੰ ਜਾ ਕੇ ਮਿਲ ਸਕੇ ਜਾਂ ਉਨ੍ਹਾਂ ਨੂੰ ਹੌਸਲਾ ਦੇ ਸਕੇ। ਸਾਓ ਟਾੱਮੇ ਅਤੇ ਪ੍ਰਿੰਸਿਪੇ 1975 ਵਿਚ ਪੁਰਤਗਾਲ ਤੋਂ ਆਜ਼ਾਦ ਹੋ ਗਏ ਅਤੇ ਹੌਲੀ-ਹੌਲੀ ਉੱਥੇ ਰਾਜ ਦੀ ਸੱਚਾਈ ਦੇ ਬੀਜੇ ਬੀ ਫਲ ਦੇਣ ਲੱਗ ਪਏ।

ਪ੍ਰਚਾਰਕਾਂ ਵਿਚ ਵਾਧਾ ਤੇ ਉਸਾਰੀ

ਜੂਨ 1993 ਵਿਚ ਕਾਨੂੰਨੀ ਮਾਨਤਾ ਮਿਲਣ ਵੇਲੇ ਇੱਥੇ ਰਾਜ ਦੇ 100 ਪ੍ਰਕਾਸ਼ਕ ਸਨ। ਉਸੇ ਸਾਲ ਇੱਥੇ ਪੁਰਤਗਾਲ ਤੋਂ ਵਿਸ਼ੇਸ਼ ਪਾਇਨੀਅਰ ਆਏ। ਉਨ੍ਹਾਂ ਨੇ ਪੁਰਤਗਾਲ ਦੀ ਕ੍ਰੀਓਲੀ ਭਾਸ਼ਾ ਸਿੱਖਣ ਵਿਚ ਕਾਫ਼ੀ ਮਿਹਨਤ ਕੀਤੀ ਜਿਸ ਕਰਕੇ ਉੱਥੇ ਦੇ ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਨ ਲੱਗ ਪਏ। ਸੱਚਾਈ ਸਿੱਖਣ ਵਿਚ ਬਹੁਤ ਸਾਰੇ ਲੋਕਾਂ ਦੀ ਦਿਲਚਸਪੀ ਕਰਕੇ ਕਿੰਗਡਮ ਹਾਲ ਲਈ ਥਾਂ ਲੱਭਣੀ ਬਹੁਤ ਜ਼ਰੂਰੀ ਹੋ ਗਈ। ਇਸ ਲੋੜ ਬਾਰੇ ਸੁਣ ਕੇ ਮਾਰੀਆ ਨਾਂ ਦੀ ਇਕ ਭੈਣ ਨੇ ਆਪਣੀ ਅੱਧੀ ਜ਼ਮੀਨ ਦਾਨ ਕਰ ਦਿੱਤੀ ਜਿੱਥੇ ਉਸ ਦਾ ਆਪਣਾ ਛੋਟਾ ਜਿਹਾ ਘਰ ਸੀ। ਇਹ ਜ਼ਮੀਨ ਕਿੰਗਡਮ ਹਾਲ ਬਣਾਉਣ ਲਈ ਕਾਫ਼ੀ ਸੀ। ਮਾਰੀਆ ਨੂੰ ਨਹੀਂ ਪਤਾ ਸੀ ਕਿ ਕੁਝ ਵਪਾਰੀਆਂ ਦੀ ਨਜ਼ਰ ਇਸ ਜ਼ਮੀਨ ਉੱਤੇ ਸੀ ਕਿਉਂਕਿ ਉਸ ਦਾ ਆਪਣਾ ਕੋਈ ਸਾਕ-ਸੰਬੰਧੀ ਨਹੀਂ ਸੀ। ਇਕ ਦਿਨ ਇਕ ਮਸ਼ਹੂਰ ਵਪਾਰੀ ਮਾਰੀਆ ਨਾਲ ਜ਼ਮੀਨ ਬਾਰੇ ਗੱਲਬਾਤ ਕਰਨ ਆਇਆ।

“ਮੈਂ ਜੋ ਕੁਝ ਸੁਣਿਆ, ਉਹ ਤੁਹਾਡੇ ਲਈ ਚੰਗੀ ਗੱਲ ਨਹੀਂ ਹੈ!” ਉਸ ਨੇ ਚੇਤਾਵਨੀ ਦਿੱਤੀ। “ਮੈਂ ਸੁਣਿਆ ਹੈ ਕਿ ਤੁਸੀਂ ਆਪਣੀ ਜ਼ਮੀਨ ਦਾਨ ਕਰ ਦਿੱਤੀ ਹੈ। ਤੁਹਾਨੂੰ ਪਤਾ ਨਹੀਂ ਕਿ ਇਹ ਜ਼ਮੀਨ ਸ਼ਹਿਰ ਵਿਚ ਹੋਣ ਕਰਕੇ ਤੁਸੀਂ ਇਸ ਤੋਂ ਕਾਫ਼ੀ ਪੈਸਾ ਵੱਟ ਸਕਦੇ ਸੀ?”

“ਜੇ ਮੈਂ ਇਹ ਜ਼ਮੀਨ ਤੁਹਾਨੂੰ ਦੇ ਦਿੰਦੀ, ਤਾਂ ਤੁਸੀਂ ਮੈਨੂੰ ਕਿੰਨੇ ਪੈਸੇ ਦਿੰਦੇ?” ਮਾਰੀਆ ਨੇ ਪੁੱਛਿਆ। ਜਦੋਂ ਆਦਮੀ ਨੇ ਕੋਈ ਜਵਾਬ ਨਾ ਦਿੱਤਾ, ਤਾਂ ਮਾਰੀਆ ਨੇ ਕਿਹਾ: “ਜੇ ਤੁਸੀਂ ਦੁਨੀਆਂ ਦੀ ਸਾਰੀ ਦੌਲਤ ਲਿਆ ਕੇ ਮੇਰੇ ਕਦਮਾਂ ਵਿਚ ਰੱਖ ਦਿੰਦੇ, ਤਾਂ ਵੀ ਇਹ ਜ਼ਿੰਦਗੀ ਖ਼ਰੀਦਣ ਲਈ ਕਾਫ਼ੀ ਨਾ ਹੁੰਦੀ।”

“ਤੁਹਾਡਾ ਕੋਈ ਬਾਲ-ਬੱਚਾ ਨਹੀਂ ਹੈ, ਹੈ ਨਾ?” ਆਦਮੀ ਨੇ ਪੁੱਛਿਆ।

ਗੱਲ ਮੁਕਾਉਣ ਲਈ ਅਖ਼ੀਰ ਵਿਚ ਮਾਰੀਆ ਨੇ ਕਿਹਾ: “ਇਹ ਜ਼ਮੀਨ ਯਹੋਵਾਹ ਦੀ ਹੈ। ਉਸ ਨੇ ਕਾਫ਼ੀ ਸਾਲਾਂ ਤੋਂ ਇਹ ਜ਼ਮੀਨ ਮੈਨੂੰ ਦਿੱਤੀ ਹੋਈ ਸੀ ਤੇ ਹੁਣ ਮੈਂ ਇਹ ਉਸ ਨੂੰ ਵਾਪਸ ਕਰ ਦਿੱਤੀ ਹੈ। ਮੈਂ ਉਸ ਸਮੇਂ ਦੀ ਉਡੀਕ ਕਰ ਰਹੀ ਹਾਂ ਜਦੋਂ ਮੈਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।” ਫਿਰ ਉਸ ਨੇ ਆਦਮੀ ਨੂੰ ਪੁੱਛਿਆ: “ਕੀ ਤੁਸੀਂ ਮੈਨੂੰ ਸਦਾ ਦੀ ਜ਼ਿੰਦਗੀ ਦੇ ਸਕਦੇ ਹੋ?” ਉਹ ਆਦਮੀ ਬਿਨਾਂ ਕੁਝ ਕਹੇ ਚਲਾ ਗਿਆ।

ਪੁਰਤਗਾਲ ਤੋਂ ਆਏ ਕਾਬਲ ਭਰਾਵਾਂ ਦੀ ਮਦਦ ਨਾਲ ਉਸ ਜ਼ਮੀਨ ਤੇ ਇਕ ਸ਼ਾਨਦਾਰ ਦੋ-ਮੰਜ਼ਲੀ ਇਮਾਰਤ ਉਸਾਰੀ ਗਈ। ਇਸ ਇਮਾਰਤ ਵਿਚ ਇਕ ਤਹਿਖ਼ਾਨਾ, ਇਕ ਵੱਡਾ ਸਾਰਾ ਕਿੰਗਡਮ ਹਾਲ ਅਤੇ ਰਹਿਣ ਲਈ ਕਮਰੇ ਹਨ। ਇਸ ਵਿਚ ਬਜ਼ੁਰਗਾਂ, ਸਹਾਇਕ ਸੇਵਕਾਂ ਅਤੇ ਪਾਇਨੀਅਰਾਂ ਲਈ ਕਲਾਸ-ਰੂਮ ਵੀ ਹਨ। ਰਾਜਧਾਨੀ ਵਿਚ ਇਹ ਇਮਾਰਤ ਸੱਚੀ ਭਗਤੀ ਦਾ ਵਧੀਆ ਸਿੱਖਿਆ ਕੇਂਦਰ ਹੈ ਜਿੱਥੇ ਹੁਣ ਦੋ ਕਲੀਸਿਯਾਵਾਂ ਆਪਣੀਆਂ ਸਭਾਵਾਂ ਕਰਦੀਆਂ ਹਨ।

ਮੇਸੋਸ਼ੀ ਸ਼ਹਿਰ ਵਿਚ 60 ਜੋਸ਼ੀਲੇ ਪ੍ਰਕਾਸ਼ਕਾਂ ਦੀ ਇਕ ਕਲੀਸਿਯਾ ਸੀ। ਇਹ ਕਲੀਸਿਯਾ ਕੇਲਿਆਂ ਦੇ ਬਾਗ਼ ਵਿਚ ਸਥਿਤ ਇਕ ਕੰਮ-ਚਲਾਊ ਕਿੰਗਡਮ ਹਾਲ ਵਿਚ ਸਭਾਵਾਂ ਕਰਦੀ ਸੀ। ਇਸ ਲਈ ਇਕ ਢੁਕਵੇਂ ਕਿੰਗਡਮ ਹਾਲ ਦੀ ਲੋੜ ਸੀ। ਇਸ ਲੋੜ ਬਾਰੇ ਨਗਰਪਾਲਿਕਾ ਨੂੰ ਦੱਸਿਆ ਗਿਆ ਜਿਸ ਦੇ ਨੇਕ ਅਧਿਕਾਰੀਆਂ ਨੇ ਮੁੱਖ ਸੜਕ ਉੱਤੇ ਇਕ ਵਧੀਆ ਜ਼ਮੀਨ ਦਾ ਟੁਕੜਾ ਦੇ ਦਿੱਤਾ। ਫਟਾਫਟ ਉਸਾਰੀ ਕਰਨ ਦੀ ਇਕ ਵਧੀਆ ਤਕਨੀਕ (quick-construction method) ਵਰਤਦੇ ਹੋਏ ਸਥਾਨਕ ਭਰਾਵਾਂ ਨੇ ਪੁਰਤਗਾਲ ਦੇ ਭਰਾਵਾਂ ਨਾਲ ਮਿਲ ਕੇ ਦੋ ਮਹੀਨਿਆਂ ਦੇ ਅੰਦਰ-ਅੰਦਰ ਇਕ ਵਧੀਆ ਕਿੰਗਡਮ ਹਾਲ ਬਣਾ ਦਿੱਤਾ। ਲੋਕਾਂ ਨੂੰ ਆਪਣੀਆਂ ਅੱਖਾਂ ਤੇ ਯਕੀਨ ਹੀ ਨਾ ਹੋਇਆ ਜਦੋਂ ਉਨ੍ਹਾਂ ਨੇ ਇੰਨੇ ਘੱਟ ਸਮੇਂ ਵਿਚ ਬਣੇ ਕਿੰਗਡਮ ਹਾਲ ਨੂੰ ਦੇਖਿਆ। ਸ਼ਹਿਰ ਵਿਚ ਉਸਾਰੀ ਦੇ ਕਿਸੇ ਪ੍ਰਾਜੈਕਟ ਤੇ ਕੰਮ ਕਰ ਰਿਹਾ ਇਕ ਸਵੀਡਿਸ਼ ਇੰਜੀਨੀਅਰ ਵੀ ਭੈਣ-ਭਰਾਵਾਂ ਨੂੰ ਕੰਮ ਕਰਦੇ ਦੇਖ ਕੇ ਬਹੁਤ ਹੈਰਾਨ ਹੋਇਆ। ਉਸ ਨੇ ਕਿਹਾ: “ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੁੰਦਾ ਕਿ ਯਹੋਵਾਹ ਦੇ ਗਵਾਹ ਮੇਸੋਸ਼ੀ ਵਿਚ ਇਹ ਤਕਨੀਕ ਵਰਤ ਕੇ ਉਸਾਰੀ ਕਰ ਰਹੇ ਹਨ! ਸਾਨੂੰ ਵੀ ਆਪਣੇ ਪ੍ਰਾਜੈਕਟ ਵਿਚ ਇਹੀ ਤਕਨੀਕ ਵਰਤਣੀ ਚਾਹੀਦੀ ਹੈ।” ਇਹ ਕਿੰਗਡਮ ਹਾਲ 12 ਜੂਨ 1999 ਨੂੰ ਯਹੋਵਾਹ ਦੀ ਸੇਵਾ ਲਈ ਸਮਰਪਿਤ ਕੀਤਾ ਗਿਆ ਤੇ ਇਸ ਮੌਕੇ ਤੇ 232 ਲੋਕ ਹਾਜ਼ਰ ਹੋਏ। ਮੇਸੋਸ਼ੀ ਸ਼ਹਿਰ ਦੇਖਣ ਆਉਂਦੇ ਸੈਲਾਨੀਆਂ ਲਈ ਇਹ ਹਾਲ ਖ਼ਾਸ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਇਕ ਯਾਦਗਾਰ ਸੰਮੇਲਨ

ਸਾਓ ਟਾੱਮੇ ਅਤੇ ਪ੍ਰਿੰਸਿਪੇ ਵਿਚ ਜਨਵਰੀ 1994 ਵਿਚ “ਈਸ਼ਵਰੀ ਸਿੱਖਿਆ” ਨਾਮਕ ਤਿੰਨ-ਦਿਨਾ ਜ਼ਿਲ੍ਹਾ ਸੰਮੇਲਨ ਯਹੋਵਾਹ ਦੇ ਗਵਾਹਾਂ ਲਈ ਇਕ ਯਾਦਗਾਰ ਮੌਕਾ ਸਾਬਤ ਹੋਇਆ। ਇਨ੍ਹਾਂ ਟਾਪੂਆਂ ਤੇ ਇਹ ਪਹਿਲਾ ਜ਼ਿਲ੍ਹਾ ਸੰਮੇਲਨ ਸੀ। ਇਹ ਸੰਮੇਲਨ ਦੇਸ਼ ਦੇ ਸਭ ਤੋਂ ਵਧੀਆ ਏਅਰ-ਕੰਡੀਸ਼ਨਡ ਆਡੀਟੋਰੀਅਮ ਵਿਚ ਕੀਤਾ ਗਿਆ ਸੀ। ਸੰਮੇਲਨ ਵਿਚ 405 ਲੋਕ ਹਾਜ਼ਰ ਹੋਏ ਸਨ ਤੇ ਉਨ੍ਹਾਂ ਨੇ ਪਹਿਲੀ ਵਾਰ ਬਾਈਬਲ ਡਰਾਮੇ ਦੇਖੇ ਤੇ ਨਵੇਂ ਪ੍ਰਕਾਸ਼ਨ ਹਾਸਲ ਕੀਤੇ। ਇਨ੍ਹਾਂ ਗੱਲਾਂ ਤੋਂ 116 ਰਾਜ ਪ੍ਰਕਾਸ਼ਕਾਂ ਨੂੰ ਬੜੀ ਖ਼ੁਸ਼ੀ ਹੋਈ। ਇਕ ਸਾਗਰ ਵਿਚ 20 ਸਮਰਪਿਤ ਵਿਅਕਤੀਆਂ ਨੂੰ ਬਪਤਿਸਮਾ ਦਿੱਤਾ ਗਿਆ।

ਪਰ ਜਿਸ ਗੱਲ ਨੇ ਆਮ ਲੋਕਾਂ ਦਾ ਧਿਆਨ ਖਿੱਚਿਆ, ਉਹ ਸੀ ਭੈਣ-ਭਰਾਵਾਂ ਦੁਆਰਾ ਲਾਏ ਬੈਜ ਕਾਰਡ। ਪੁਰਤਗਾਲ ਤੇ ਅੰਗੋਲਾ ਤੋਂ 25 ਭੈਣ-ਭਰਾਵਾਂ ਦੇ ਆਉਣ ਨਾਲ ਇਸ ਸੰਮੇਲਨ ਦੀ ਸ਼ਾਨ ਹੋਰ ਵੀ ਵਧ ਗਈ। ਮਸੀਹੀ ਭੈਣ-ਭਰਾਵਾਂ ਵਿਚ ਪਿਆਰ ਪੈਣ ਵਿਚ ਦੇਰ ਨਾ ਲੱਗੀ। ਆਖ਼ਰੀ ਸੈਸ਼ਨ ਖ਼ਤਮ ਹੋਣ ਤੇ ਜਦੋਂ ਇਕ-ਦੂਜੇ ਤੋਂ ਵਿਦਾਈ ਲੈਣ ਦਾ ਸਮਾਂ ਆਇਆ, ਤਾਂ ਸਾਰਿਆਂ ਦੀਆਂ ਅੱਖਾਂ ਭਰ ਆਈਆਂ।—ਯੂਹੰਨਾ 13:35.

ਨੈਸ਼ਨਲ ਰੇਡੀਓ ਦੇ ਰਿਪੋਰਟਰਾਂ ਨੇ ਸੰਮੇਲਨ ਵਿਚ ਆ ਕੇ ਸੰਮੇਲਨ ਦੇ ਨਿਗਾਹਬਾਨ ਦੀ ਇੰਟਰਵਿਊ ਲਈ। ਉਨ੍ਹਾਂ ਨੇ ਕਈ ਭਾਸ਼ਣਾਂ ਦੀਆਂ ਖ਼ਾਸ-ਖ਼ਾਸ ਗੱਲਾਂ ਦਾ ਰੇਡੀਓ ਤੇ ਪ੍ਰਸਾਰਣ ਵੀ ਕੀਤਾ। ਇਹ ਸੰਮੇਲਨ ਸੱਚ-ਮੁੱਚ ਇਕ ਯਾਦਗਾਰ ਮੌਕਾ ਸਾਬਤ ਹੋਇਆ ਅਤੇ ਇਨ੍ਹਾਂ ਦੂਰ-ਦੁਰੇਡੇ ਟਾਪੂਆਂ ਤੇ ਰਹਿੰਦੇ ਗਵਾਹਾਂ ਨੇ ਆਪਣੇ ਆਪ ਨੂੰ ਯਹੋਵਾਹ ਦੇ ਸੰਗਠਨ ਦਾ ਹਿੱਸਾ ਮਹਿਸੂਸ ਕੀਤਾ।

ਉਨ੍ਹਾਂ ਨੇ ਯਹੋਵਾਹ ਦੀ ਮਹਿਮਾ ਕੀਤੀ

ਜਦੋਂ ਰਾਜ ਦਾ ਸੰਦੇਸ਼ ਫਲ ਪੈਦਾ ਕਰਦਾ ਹੈ, ਤਾਂ ਇਸ ਨਾਲ ਲੋਕਾਂ ਦਾ ਚਾਲ-ਚਲਣ ਸੁਧਰਦਾ ਹੈ ਜਿਸ ਨਾਲ ਯਹੋਵਾਹ ਦੀ ਮਹਿਮਾ ਅਤੇ ਆਦਰ ਹੁੰਦਾ ਹੈ। (ਤੀਤੁਸ 2:10) ਇਕ ਅੱਲੜ੍ਹ ਉਮਰ ਦੀ ਕੁੜੀ ਹਰ ਹਫ਼ਤੇ ਬਾਈਬਲ ਦਾ ਅਧਿਐਨ ਕਰਨ ਨਾਲ ਜੋ ਗੱਲਾਂ ਸਿੱਖਦੀ ਸੀ, ਉਹ ਉਸ ਨੂੰ ਬਹੁਤ ਚੰਗੀਆਂ ਲੱਗਦੀਆਂ ਸਨ। ਪਰ ਉਸ ਦਾ ਪਿਓ ਉਸ ਨੂੰ ਕਲੀਸਿਯਾ ਦੀਆਂ ਸਭਾਵਾਂ ਵਿਚ ਜਾਣ ਤੋਂ ਰੋਕਦਾ ਸੀ। ਜਦੋਂ ਉਸ ਨੇ ਆਦਰ ਨਾਲ ਆਪਣੇ ਪਿਤਾ ਨੂੰ ਮਸੀਹੀ ਸਭਾਵਾਂ ਦੀ ਅਹਿਮੀਅਤ ਬਾਰੇ ਸਮਝਾਇਆ ਅਤੇ ਇਨ੍ਹਾਂ ਸਭਾਵਾਂ ਵਿਚ ਜਾਣ ਦੀ ਆਪਣੀ ਇੱਛਾ ਜ਼ਾਹਰ ਕੀਤੀ, ਤਾਂ ਉਸ ਦੇ ਪਿਤਾ ਨੇ ਉਸ ਨੂੰ ਫ਼ੌਰਨ ਘਰੋਂ ਕੱਢ ਦਿੱਤਾ। ਦਰਅਸਲ, ਉਸ ਦੇ ਪਿਤਾ ਨੇ ਸੋਚਿਆ ਕਿ ਘਰੋਂ ਕੱਢੇ ਜਾਣ ਬਾਅਦ ਉਸ ਦੀ ਧੀ ਵੀ ਦੂਜਿਆਂ ਨੌਜਵਾਨਾਂ ਵਾਂਗ ਜ਼ਿੰਦਗੀ ਗੁਜ਼ਾਰਨ ਲੱਗ ਪਵੇਗੀ। ਉਹ ਜਲਦੀ ਹੀ ਕਿਸੇ ਆਦਮੀ ਨਾਲ ਰਹਿਣ ਲੱਗ ਪਵੇਗੀ ਜੋ ਉਸ ਦੀਆਂ ਲੋੜਾਂ ਪੂਰੀਆਂ ਕਰੇਗਾ। ਜਦੋਂ ਕੁੜੀ ਦੇ ਪਿਤਾ ਨੂੰ ਪਤਾ ਲੱਗਾ ਕਿ ਉਸ ਦੀ ਧੀ ਵਧੀਆ ਤੇ ਸਾਫ਼-ਸੁਥਰੀ ਮਸੀਹੀ ਜ਼ਿੰਦਗੀ ਜੀ ਰਹੀ ਸੀ, ਤਾਂ ਉਹ ਉਸ ਨੂੰ ਘਰ ਵਾਪਸ ਲੈ ਆਇਆ ਤੇ ਉਸ ਨੂੰ ਯਹੋਵਾਹ ਦੀ ਸੇਵਾ ਕਰਨ ਦੀ ਪੂਰੀ ਖੁੱਲ੍ਹ ਦੇ ਦਿੱਤੀ।

ਦੂਜੀ ਮਿਸਾਲ ਇਕ ਮਿਊਜ਼ਿਕ ਗਰੁੱਪ ਦੇ ਲੀਡਰ ਦੀ ਹੈ। ਉਹ ਆਪਣੀ ਬਦਚਲਣ ਜ਼ਿੰਦਗੀ ਤੋਂ ਤੰਗ ਆ ਚੁੱਕਾ ਸੀ। ਉਹ ਜ਼ਿੰਦਗੀ ਦੇ ਅਸਲੀ ਮਕਸਦ ਦੀ ਭਾਲ ਕਰ ਰਿਹਾ ਸੀ। ਇਕ ਦਿਨ ਉਸ ਦੀ ਮੁਲਾਕਾਤ ਯਹੋਵਾਹ ਦੇ ਗਵਾਹਾਂ ਨਾਲ ਹੋਈ। ਜਦੋਂ ਉਸ ਨੇ ਬਾਈਬਲ ਦੇ ਨੈਤਿਕ ਅਸੂਲਾਂ ਮੁਤਾਬਕ ਜੀਉਣਾ ਸ਼ੁਰੂ ਕਰ ਦਿੱਤਾ, ਤਾਂ ਸ਼ਹਿਰ ਵਿਚ ਹਰ ਪਾਸੇ ਉਸ ਦੇ ਹੀ ਚਰਚੇ ਹੋਣ ਲੱਗੇ। ਜਲਦੀ ਹੀ ਉਸ ਨੇ ਆਪਣੇ ਗ਼ਲਤ ਦੋਸਤ-ਮਿੱਤਰਾਂ ਤੋਂ ਨਾਤਾ ਤੋੜ ਲਿਆ। (1 ਕੁਰਿੰਥੀਆਂ 15:33) ਫਿਰ ਉਸ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ।

ਨੌਜਵਾਨਾਂ ਦਾ ਇਕ ਸਮੂਹ ਸੱਚੇ ਧਰਮ ਦੀ ਭਾਲ ਕਰ ਰਿਹਾ ਸੀ। ਇਸ ਬਾਰੇ ਉਨ੍ਹਾਂ ਨੇ ਕਈ ਈਸਾਈ ਪੰਥਾਂ ਦੇ ਪਾਦਰੀਆਂ ਨਾਲ ਗੱਲਬਾਤ ਕੀਤੀ, ਪਰ ਉਹ ਹੋਰ ਉਲਝਣ ਵਿਚ ਪੈ ਗਏ ਤੇ ਨਿਰਾਸ਼ ਹੋ ਗਏ। ਨਤੀਜੇ ਵਜੋਂ, ਉਹ ਆਵਾਰਾ ਗੁੰਡੇ ਬਣ ਗਏ ਤੇ ਧਰਮ ਦਾ ਮਖੌਲ ਉਡਾਉਣ ਲੱਗ ਪਏ।

ਇਕ ਦਿਨ ਇਕ ਮਿਸ਼ਨਰੀ ਗਵਾਹ ਕਿਸੇ ਨੂੰ ਬਾਈਬਲ ਦਾ ਅਧਿਐਨ ਕਰਾਉਣ ਜਾ ਰਿਹਾ ਸੀ ਅਤੇ ਉਹ ਰਾਹ ਵਿਚ ਇਨ੍ਹਾਂ ਨੌਜਵਾਨਾਂ ਨੂੰ ਮਿਲਿਆ। ਨੌਜਵਾਨ ਇਸ ਮਿਸ਼ਨਰੀ ਤੋਂ ਕੁਝ ਸਵਾਲ ਪੁੱਛਣਾ ਚਾਹੁੰਦੇ ਸਨ। ਉਹ ਉਸ ਨੂੰ ਆਪਣੇ ਅੱਡੇ ਤੇ ਲੈ ਗਏ ਤੇ ਉਸ ਨੂੰ ਇਕ ਛੋਟੇ ਜਿਹੇ ਸਟੂਲ ਤੇ ਬੈਠਣ ਲਈ ਕਿਹਾ। ਉਨ੍ਹਾਂ ਨੇ ਉਸ ਤੋਂ ਆਤਮਾ, ਨਰਕ, ਸਵਰਗੀ ਜ਼ਿੰਦਗੀ ਅਤੇ ਦੁਨੀਆਂ ਦੇ ਅੰਤ ਬਾਰੇ ਢੇਰ ਸਾਰੇ ਸਵਾਲ ਪੁੱਛੇ। ਗਵਾਹ ਨੇ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਦਿੱਤੇ ਜੋ ਉਸ ਗੈਂਗ ਦੇ ਲੀਡਰ ਨੇ ਭਰਾ ਨੂੰ ਫੜਾਈ ਸੀ। ਇਕ ਘੰਟੇ ਬਾਅਦ ਗੈਂਗ ਦੇ ਲੀਡਰ ਲੌ ਨੇ ਮਿਸ਼ਨਰੀ ਨੂੰ ਕਿਹਾ: “ਜਦੋਂ ਅਸੀਂ ਤੁਹਾਨੂੰ ਸਵਾਲਾਂ ਦੇ ਜਵਾਬ ਦੇਣ ਲਈ ਬੁਲਾਇਆ ਸੀ, ਤਾਂ ਅਸੀਂ ਤੁਹਾਡਾ ਮਖੌਲ ਉਡਾਉਣਾ ਚਾਹੁੰਦੇ ਸੀ ਜਿਵੇਂ ਅਸੀਂ ਦੂਜੇ ਧਰਮਾਂ ਦੇ ਲੋਕਾਂ ਦਾ ਉਡਾਇਆ ਹੈ। ਸਾਨੂੰ ਲੱਗਾ ਕਿ ਕੋਈ ਵੀ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ। ਪਰ ਤੁਸੀਂ ਇਹ ਜਵਾਬ ਬਾਈਬਲ ਵਿੱਚੋਂ ਹੀ ਦਿੱਤੇ ਹਨ! ਮੈਨੂੰ ਦੱਸੋ ਕਿ ਮੈਂ ਬਾਈਬਲ ਬਾਰੇ ਹੋਰ ਕਿਵੇਂ ਸਿੱਖ ਸਕਦਾ ਹਾਂ?” ਲੌ ਨਾਲ ਬਾਈਬਲ ਦਾ ਅਧਿਐਨ ਸ਼ੁਰੂ ਕੀਤਾ ਗਿਆ ਤੇ ਜਲਦੀ ਹੀ ਉਹ ਸਭਾਵਾਂ ਵਿਚ ਹਾਜ਼ਰ ਹੋਣ ਲੱਗ ਪਿਆ। ਉਸ ਤੋਂ ਥੋੜ੍ਹੇ ਹੀ ਸਮੇਂ ਬਾਅਦ, ਉਸ ਨੇ ਆਪਣੀ ਗੈਂਗ ਨਾਲੋਂ ਨਾਤਾ ਤੋੜ ਲਿਆ ਅਤੇ ਲੜਾਈ-ਝਗੜੇ ਕਰਨੇ ਛੱਡ ਦਿੱਤੇ। ਇਕ ਸਾਲ ਦੇ ਅੰਦਰ-ਅੰਦਰ ਉਸ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ। ਉਹ ਹੁਣ ਸਹਾਇਕ ਸੇਵਕ ਦੇ ਤੌਰ ਤੇ ਕਲੀਸਿਯਾ ਵਿਚ ਸੇਵਾ ਕਰ ਰਿਹਾ ਹੈ।

ਇਨ੍ਹਾਂ ਟਾਪੂਆਂ ਤੇ ਲੋਕਾਂ ਵਿਚ ਵਿਆਹ ਕੀਤੇ ਬਿਨਾਂ ਹੀ ਇਕ-ਦੂਜੇ ਨਾਲ ਰਹਿਣ ਦਾ ਰਿਵਾਜ ਹੈ। ਬਹੁਤ ਸਾਰੇ ਬੰਦੇ-ਤੀਵੀਆਂ ਸਾਲਾਂ ਤੋਂ ਇਕੱਠੇ ਰਹਿ ਰਹੇ ਹਨ ਤੇ ਉਨ੍ਹਾਂ ਦੇ ਬੱਚੇ ਵੀ ਹਨ। ਉਨ੍ਹਾਂ ਨੂੰ ਵਿਆਹ ਬਾਰੇ ਪਰਮੇਸ਼ੁਰ ਦੇ ਨਜ਼ਰੀਏ ਨੂੰ ਅਪਣਾਉਣਾ ਬਹੁਤ ਮੁਸ਼ਕਲ ਲੱਗਦਾ ਹੈ। ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਪਰਮੇਸ਼ੁਰ ਦੇ ਬਚਨ ਨੇ ਇਸ ਮੁਸ਼ਕਲ ਤੇ ਕਾਬੂ ਪਾਉਣ ਵਿਚ ਇਕ ਵਿਅਕਤੀ ਦੀ ਕਿਵੇਂ ਮਦਦ ਕੀਤੀ।—2 ਕੁਰਿੰਥੀਆਂ 10:4-6; ਇਬਰਾਨੀਆਂ 4:12.

ਐਨਟੋਨਿਓ ਨੂੰ ਪਤਾ ਲੱਗਾ ਕਿ ਉਸ ਨੂੰ ਆਪਣੇ ਵਿਆਹ ਨੂੰ ਕਾਨੂੰਨੀ ਤੌਰ ਤੇ ਰਜਿਸਟਰ ਕਰਾਉਣਾ ਚਾਹੀਦਾ ਸੀ। ਇਸ ਲਈ ਉਸ ਨੇ ਮੱਕੀ ਦੀ ਫ਼ਸਲ ਤੋਂ ਬਾਅਦ ਇਸ ਤਰ੍ਹਾਂ ਕਰਨ ਦੀ ਯੋਜਨਾ ਬਣਾਈ ਜਦੋਂ ਵਿਆਹ ਦੀ ਦਾਅਵਤ ਕਰਨ ਲਈ ਉਸ ਦੇ ਹੱਥ ਪੈਸੇ ਆਉਣਗੇ। ਫ਼ਸਲ ਕੱਟਣ ਤੋਂ ਇਕ ਰਾਤ ਪਹਿਲਾਂ ਹੀ ਚੋਰਾਂ ਨੇ ਉਸ ਦੀ ਫ਼ਸਲ ਚੁਰਾ ਲਈ। ਉਸ ਨੇ ਅਗਲੇ ਸਾਲ ਦੀ ਫ਼ਸਲ ਤਕ ਉਡੀਕ ਕਰਨ ਦਾ ਫ਼ੈਸਲਾ ਕੀਤਾ, ਪਰ ਉਸ ਸਾਲ ਵੀ ਉਸ ਦੀ ਫ਼ਸਲ ਚੋਰੀ ਹੋ ਗਈ। ਜਦੋਂ ਵਿਆਹ ਦੀ ਦਾਅਵਤ ਲਈ ਤੀਜੀ ਵਾਰ ਵੀ ਉਸ ਦੇ ਹੱਥ ਪੈਸੇ ਨਾ ਆਏ, ਤਾਂ ਐਨਟੋਨਿਓ ਨੂੰ ਪਤਾ ਲੱਗ ਗਿਆ ਕਿ ਅਸਲੀ ਚੋਰ ਕੌਣ ਸੀ। “ਸ਼ਤਾਨ ਹੁਣ ਮੇਰੇ ਨਾਲ ਹੋਰ ਚਾਲਾਂ ਨਹੀਂ ਖੇਡ ਸਕਦਾ,” ਉਸ ਨੇ ਕਿਹਾ। “ਡੇਢ ਮਹੀਨੇ ਬਾਅਦ ਅਸੀਂ ਕਾਨੂੰਨੀ ਤੌਰ ਤੇ ਵਿਆਹ ਕਰ ਹੀ ਲਵਾਂਗੇ ਭਾਵੇਂ ਦਾਅਵਤ ਹੋਵੇ ਜਾਂ ਨਾ!” ਉਨ੍ਹਾਂ ਦਾ ਵਿਆਹ ਹੋ ਗਿਆ ਤੇ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਨ੍ਹਾਂ ਦੇ ਦੋਸਤਾਂ ਨੇ ਦਾਅਵਤ ਲਈ ਮੁਰਗੇ, ਬੱਤਖਾਂ ਅਤੇ ਇਕ ਬੱਕਰੀ ਦਿੱਤੀ। ਵਿਆਹ ਨੂੰ ਰਜਿਸਟਰ ਕਰਨ ਤੋਂ ਬਾਅਦ, ਐਨਟੋਨਿਓ ਤੇ ਉਸ ਦੀ ਪਤਨੀ ਨੇ ਆਪਣੇ ਛੇ ਬੱਚਿਆਂ ਸਮੇਤ ਯਹੋਵਾਹ ਨੂੰ ਆਪਣੀਆਂ ਜ਼ਿੰਦਗੀਆਂ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ।

ਹੁਣ ਗੱਲ ਪ੍ਰਿੰਸਿਪੇ ਟਾਪੂ ਦੀ

ਹਾਲ ਹੀ ਦੇ ਸਾਲਾਂ ਵਿਚ ਸਾਓ ਟਾੱਮੇ ਤੋਂ ਸਰਕਟ ਨਿਗਾਹਬਾਨ ਅਤੇ ਪਾਇਨੀਅਰਾਂ ਨੇ ਪ੍ਰਿੰਸਿਪੇ ਵਿਚ ਜਾ ਕੇ ਉੱਥੇ ਦੇ 6,000 ਲੋਕਾਂ ਨੂੰ ਪ੍ਰਚਾਰ ਕੀਤਾ ਹੈ। ਇੱਥੇ ਦੇ ਲੋਕ ਬਹੁਤ ਪਰਾਹੁਣਾਚਾਰ ਹਨ ਅਤੇ ਉਨ੍ਹਾਂ ਨੇ ਉਤਸੁਕਤਾ ਨਾਲ ਗਵਾਹਾਂ ਦੀਆਂ ਗੱਲਾਂ ਸੁਣੀਆਂ। ਇਕ ਆਦਮੀ ਨੇ ਟ੍ਰੈਕਟ ਪੜ੍ਹਨ ਤੋਂ ਬਾਅਦ ਅਗਲੇ ਦਿਨ ਪਾਇਨੀਅਰਾਂ ਦੀ ਤਲਾਸ਼ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਟ੍ਰੈਕਟ ਵੰਡਣ ਵਿਚ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਸੀ। ਪਾਇਨੀਅਰਾਂ ਨੇ ਉਸ ਨੂੰ ਸਮਝਾਇਆ ਕਿ ਇਹ ਕੰਮ ਉਹ ਆਪ ਹੀ ਕਰਨਗੇ। ਉਹ ਆਦਮੀ ਜ਼ਿੱਦ ਕਰਨ ਲੱਗਾ ਕਿ ਉਹ ਉਨ੍ਹਾਂ ਨਾਲ ਘਰ-ਘਰ ਜਾ ਕੇ ਲੋਕਾਂ ਨਾਲ ਉਨ੍ਹਾਂ ਦੀ ਜਾਣ-ਪਛਾਣ ਕਰਾਵੇਗਾ ਤੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨ ਦੀ ਸਲਾਹ ਦੇਵੇਗਾ। ਅਖ਼ੀਰ ਉਹ ਆਦਮੀ ਚਲਾ ਗਿਆ, ਪਰ ਉਸ ਨੇ ਜਾਣ ਤੋਂ ਪਹਿਲਾਂ ਪਾਇਨੀਅਰਾਂ ਦੀ ਤਾਰੀਫ਼ ਕੀਤੀ ਕਿ ਉਹ ਬਹੁਤ ਵਧੀਆ ਕੰਮ ਕਰ ਰਹੇ ਸਨ।

ਸਾਲ 1998 ਵਿਚ ਸਾਓ ਟਾੱਮੇ ਤੋਂ ਦੋ ਪਾਇਨੀਅਰ ਪ੍ਰਿੰਸਿਪੇ ਆ ਕੇ ਰਹਿਣ ਲੱਗ ਪਏ ਅਤੇ ਜਲਦੀ ਹੀ ਉਹ 17 ਬਾਈਬਲ ਅਧਿਐਨ ਕਰਾਉਣ ਲੱਗ ਪਏ। ਪ੍ਰਚਾਰ ਦਾ ਕੰਮ ਤੇਜ਼ ਹੋ ਗਿਆ ਅਤੇ ਥੋੜ੍ਹੇ ਹੀ ਸਮੇਂ ਬਾਅਦ ਕਲੀਸਿਯਾ ਪੁਸਤਕ ਅਧਿਐਨ ਵਿਚ ਔਸਤਨ 16 ਅਤੇ ਪਬਲਿਕ ਭਾਸ਼ਣ ਸੁਣਨ ਲਈ 30 ਨਾਲੋਂ ਜ਼ਿਆਦਾ ਲੋਕ ਆਉਣ ਲੱਗ ਪਏ। ਇਸ ਲਈ ਸਭਾਵਾਂ ਕਰਨ ਵਾਸਤੇ ਨਗਰਪਾਲਿਕਾ ਨੂੰ ਜ਼ਮੀਨ ਬਾਰੇ ਪੁੱਛਿਆ ਗਿਆ ਤੇ ਖ਼ੁਸ਼ੀ ਦੀ ਗੱਲ ਹੈ ਕਿ ਨਗਰਪਾਲਿਕਾ ਨੇ ਕਿੰਗਡਮ ਹਾਲ ਬਣਾਉਣ ਲਈ ਜ਼ਮੀਨ ਦੇ ਦਿੱਤੀ। ਇਕ ਛੋਟਾ ਜਿਹਾ ਕਿੰਗਡਮ ਹਾਲ ਬਣਾਉਣ ਲਈ ਸਾਓ ਟਾੱਮੇ ਤੋਂ ਭਰਾ ਆਏ। ਇਸ ਹਾਲ ਵਿਚ ਦੋ ਵਿਸ਼ੇਸ਼ ਪਾਇਨੀਅਰਾਂ ਦੇ ਰਹਿਣ ਲਈ ਕਮਰੇ ਵੀ ਬਣਾਏ ਗਏ।

ਇਨ੍ਹਾਂ ਦੋਹਾਂ ਟਾਪੂਆਂ ਵਿਚ ਖ਼ੁਸ਼ ਖ਼ਬਰੀ ਰੰਗ ਲਿਆ ਰਹੀ ਹੈ। (ਕੁਲੁੱਸੀਆਂ 1:5, 6) ਜਨਵਰੀ 1990 ਵਿਚ ਸਾਓ ਟਾੱਮੇ ਅਤੇ ਪ੍ਰਿੰਸਿਪੇ ਵਿਚ 46 ਪ੍ਰਕਾਸ਼ਕ ਸਨ। 2002 ਸੇਵਾ ਸਾਲ ਦੌਰਾਨ, ਰਾਜ ਦੇ ਪ੍ਰਚਾਰਕਾਂ ਦਾ ਸਿਖਰ 388 ਤਕ ਪਹੁੰਚ ਗਿਆ! ਵੀਹ ਪ੍ਰਤਿਸ਼ਤ ਨਾਲੋਂ ਜ਼ਿਆਦਾ ਪ੍ਰਕਾਸ਼ਕ ਪੂਰੇ ਸਮੇਂ ਦੀ ਸੇਵਕਾਈ ਕਰ ਰਹੇ ਹਨ ਅਤੇ 1,400 ਬਾਈਬਲ ਅਧਿਐਨ ਕਰਵਾਏ ਜਾ ਰਹੇ ਹਨ। ਸਾਲ 2001 ਵਿਚ ਸਮਾਰਕ ਸਮਾਰੋਹ ਵਿਚ ਸਿਖਰ ਹਾਜ਼ਰੀ 1,907 ਸੀ। ਜੀ ਹਾਂ, ਇਨ੍ਹਾਂ ਗਰਮ ਟਾਪੂਆਂ ਤੇ ਯਹੋਵਾਹ ਦਾ ਬਚਨ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਵਡਿਆਇਆ ਜਾ ਰਿਹਾ ਹੈ।—2 ਥੱਸਲੁਨੀਕੀਆਂ 3:1.

[ਡੱਬੀ/ਸਫ਼ੇ 12 ਉੱਤੇ ਤਸਵੀਰ]

ਹਰਮਨ-ਪਿਆਰਾ ਰੇਡੀਓ ਪ੍ਰੋਗ੍ਰਾਮ

ਇਨ੍ਹਾਂ ਟਾਪੂਆਂ ਤੇ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ * (ਹਿੰਦੀ) ਕਿਤਾਬ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਹਰ ਦੋ ਹਫ਼ਤਿਆਂ ਬਾਅਦ, ਨੈਸ਼ਨਲ ਰੇਡੀਓ ਤੋਂ ਇਸ ਕਿਤਾਬ ਦੇ ਹੀ ਨਾਂ ਦਾ ਇਕ 15 ਮਿੰਟਾਂ ਦਾ ਪ੍ਰੋਗ੍ਰਾਮ ਪੇਸ਼ ਕੀਤਾ ਜਾਂਦਾ ਹੈ। ਪ੍ਰੋਗ੍ਰਾਮ ਦੇ ਪ੍ਰਸਾਰਕ ਨੂੰ ਇਹ ਕਹਿੰਦੇ ਸੁਣਨਾ ਕਿੰਨੀ ਖ਼ੁਸ਼ੀ ਦੀ ਗੱਲ ਹੈ: “ਨੌਜਵਾਨੋ, ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਹਾਡੀ ਮੁਹੱਬਤ ਸੱਚੀ ਹੈ ਜਾਂ ਝੂਠੀ?” ਇਸ ਤੋਂ ਬਾਅਦ ਕਿਤਾਬ ਵਿੱਚੋਂ ਇਸ ਸੰਬੰਧੀ ਕੁਝ ਪੈਰੇ ਪੜ੍ਹੇ ਗਏ। (31ਵਾਂ ਅਧਿਆਇ ਦੇਖੋ।) ਇਸੇ ਰੇਡੀਓ ਸਟੇਸ਼ਨ ਤੋਂ ਇਕ ਹੋਰ ਪ੍ਰੋਗ੍ਰਾਮ ਵਿਚ ਪਰਿਵਾਰਕ ਖ਼ੁਸ਼ੀ ਦਾ ਰਾਜ਼ * ਨਾਮਕ ਕਿਤਾਬ ਵਿੱਚੋਂ ਚੋਣਵੀਆਂ ਗੱਲਾਂ ਦੱਸੀਆਂ ਜਾਂਦੀਆਂ ਹਨ।

[ਫੁਟਨੋਟ]

^ ਪੈਰਾ 34 ਇਹ ਕਿਤਾਬਾਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ ਹਨ।

^ ਪੈਰਾ 34 ਇਹ ਕਿਤਾਬਾਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ ਹਨ।

[ਸਫ਼ੇ 9 ਉੱਤੇ ਤਸਵੀਰ]

1994 ਵਿਚ ਸਾਓ ਟੋਮੇ ਵਿਚ ਪਹਿਲਾ ਕਿੰਗਡਮ ਹਾਲ

[ਸਫ਼ੇ 10 ਉੱਤੇ ਤਸਵੀਰ]

1. ਮੇਸੋਸ਼ੀ ਵਿਚ ਦੋ ਮਹੀਨਿਆਂ ਦੇ ਅੰਦਰ-ਅੰਦਰ ਬਣਾਇਆ ਗਿਆ ਕਿੰਗਡਮ ਹਾਲ

2. ਇਸ ਆਡੀਟੋਰੀਅਮ ਵਿਚ ਇਕ ਯਾਦਗਾਰ ਜ਼ਿਲ੍ਹਾ ਸੰਮੇਲਨ ਹੋਇਆ ਸੀ

3. ਸੰਮੇਲਨ ਵਿਚ ਬਪਤਿਸਮਾ ਲੈਣ ਵਾਲੇ ਉਮੀਦਵਾਰਾਂ ਦੇ ਖਿੜੇ ਚਿਹਰੇ

[ਸਫ਼ੇ 8 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਗਲੋਬ: Mountain High Maps® Copyright © 1997 Digital Wisdom, Inc.