Skip to content

Skip to table of contents

ਕੀ ਕੋਈ ਹੈ ਜਿਸ ਤੇ ਭਰੋਸਾ ਰੱਖਿਆ ਜਾ ਸਕਦਾ ਹੈ?

ਕੀ ਕੋਈ ਹੈ ਜਿਸ ਤੇ ਭਰੋਸਾ ਰੱਖਿਆ ਜਾ ਸਕਦਾ ਹੈ?

ਕੀ ਕੋਈ ਹੈ ਜਿਸ ਤੇ ਭਰੋਸਾ ਰੱਖਿਆ ਜਾ ਸਕਦਾ ਹੈ?

ਪੂਰਬੀ ਜਰਮਨੀ ਵਿਚ ਸ਼ਟਾਜ਼ੀ ਨਾਂ ਦੀ ਖੁਫੀਆ ਪੁਲਸ ਲੋਕਾਂ ਬਾਰੇ ਜਾਣਕਾਰੀ ਰੱਖਦੀ ਸੀ। ਪਰ 1989 ਵਿਚ ਬਰਲਿਨ ਦੀ ਦੀਵਾਰ ਢਾਈ ਜਾਣ ਤੋਂ ਬਾਅਦ ਬਹੁਤ ਸਾਰੀਆਂ ਲੁਕਵੀਆਂ ਗੱਲਾਂ ਜ਼ਾਹਰ ਹੋ ਗਈਆਂ। ਮਿਸਾਲ ਲਈ, ਲਿਡੀਆ * ਨਾਂ ਦੀ ਔਰਤ ਨੂੰ ਪਤਾ ਚੱਲਿਆ ਕਿ ਸ਼ਟਾਜ਼ੀ ਨੇ ਉਸ ਦੇ ਨਿੱਜੀ ਮਾਮਲਿਆਂ ਬਾਰੇ ਇਕ ਫਾਈਲ ਬਣਾਈ ਹੋਈ ਸੀ। ਇਹ ਜਾਣ ਕੇ ਉਹ ਹੈਰਾਨ ਤਾਂ ਹੋਈ, ਪਰ ਜਦ ਉਸ ਨੂੰ ਪਤਾ ਲੱਗਾ ਕਿ ਸ਼ਟਾਜ਼ੀ ਨੂੰ ਉਸ ਬਾਰੇ ਉਸ ਦੇ ਆਪਣੇ ਪਤੀ ਨੇ ਹੀ ਜਾਣਕਾਰੀ ਦਿੱਤੀ ਸੀ, ਤਾਂ ਉਹ ਹੱਕੀ-ਬੱਕੀ ਰਹਿ ਗਈ। ਜਿਸ ਇਨਸਾਨ ਉੱਤੇ ਉਸ ਨੂੰ ਪੂਰਾ ਭਰੋਸਾ ਸੀ, ਉਸੇ ਨੇ ਉਸ ਨੂੰ ਧੋਖਾ ਦੇ ਦਿੱਤਾ ਸੀ।

ਲੰਡਨ ਦੀ ਅਖ਼ਬਾਰ ਦ ਟਾਈਮਜ਼ ਵਿਚ ਰੌਬਟ ਨਾਂ ਦੇ ਸਿਆਣੇ ਆਦਮੀ ਬਾਰੇ ਖ਼ਬਰ ਛਪੀ ਸੀ ਜੋ ਆਪਣੇ ਡਾਕਟਰ ਦੀ “ਬਹੁਤ ਹੀ ਇੱਜ਼ਤ ਤੇ ਕਦਰ ਕਰਦਾ ਸੀ ਅਤੇ ਉਸ ਉੱਤੇ ਭਰੋਸਾ ਰੱਖਦਾ ਸੀ।” ਡਾਕਟਰ ਬਾਰੇ ਕਿਹਾ ਗਿਆ ਸੀ ਕਿ “ਉਹ ਹਮਦਰਦ ਸੀ ਤੇ ਪਿਆਰ ਨਾਲ ਪੇਸ਼ ਆਉਂਦਾ ਸੀ।” ਫਿਰ ਅਚਾਨਕ ਰੌਬਟ ਦੀ ਮੌਤ ਹੋ ਗਈ। ਕੀ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਜਾਂ ਸਟ੍ਰੋਕ ਹੋਣ ਨਾਲ ਹੋਈ ਸੀ? ਨਹੀਂ। ਛਾਣ-ਬੀਣ ਤੋਂ ਪਤਾ ਚੱਲਿਆ ਕਿ ਉਸ ਦਾ ਡਾਕਟਰ ਉਸ ਨੂੰ ਘਰ ਦੇਖਣ ਆਇਆ ਸੀ। ਰੌਬਟ ਤੇ ਉਸ ਦੇ ਘਰ ਵਾਲਿਆਂ ਨੂੰ ਪਤਾ ਲੱਗਣ ਤੋਂ ਬਿਨਾਂ ਹੀ ਡਾਕਟਰ ਨੇ ਰੌਬਟ ਨੂੰ ਇਕ ਮਾਰੂ ਟੀਕਾ ਲਾ ਦਿੱਤਾ ਸੀ। ਜਿਸ ਇਨਸਾਨ ਉੱਤੇ ਰੌਬਟ ਪੂਰਾ ਭਰੋਸਾ ਰੱਖਦਾ ਸੀ, ਉਸ ਨੇ ਹੀ ਉਸ ਦਾ ਖ਼ੂਨ ਕਰ ਦਿੱਤਾ।

ਲਿਡੀਆ ਤੇ ਰੌਬਟ, ਦੋਹਾਂ ਨੂੰ ਧੋਖਾ ਦਿੱਤਾ ਗਿਆ ਜਿਸ ਦੇ ਬਹੁਤ ਬੁਰੇ ਨਤੀਜੇ ਨਿਕਲੇ। ਪਰ ਹੋਰਨਾਂ ਮਾਮਲਿਆਂ ਵਿਚ ਨਤੀਜੇ ਹਮੇਸ਼ਾ ਇੰਨੇ ਬੁਰੇ ਨਹੀਂ ਹੁੰਦੇ। ਫਿਰ ਵੀ ਕਿਸੇ ਭਰੋਸੇਮੰਦ ਵਿਅਕਤੀ ਵੱਲੋਂ ਵਿਸ਼ਵਾਸਘਾਤ ਦਾ ਸ਼ਿਕਾਰ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਜਰਮਨੀ ਦੀ ਇਕ ਮਸ਼ਹੂਰ ਸੰਸਥਾ ਨੇ ਰਿਪੋਰਟ ਕੀਤਾ ਕਿ ਉਨ੍ਹਾਂ ਦੇ ਇਕ ਸਰਵੇਖਣ ਵਿਚ 86 ਪ੍ਰਤਿਸ਼ਤ ਲੋਕਾਂ ਨੂੰ ਕਿਸੇ ਅਜਿਹੇ ਇਨਸਾਨ ਨੇ ਧੋਖਾ ਦਿੱਤਾ ਹੈ ਜਿਸ ਉੱਤੇ ਉਹ ਭਰੋਸਾ ਰੱਖਦੇ ਸਨ। ਸ਼ਾਇਦ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਹੋਇਆ ਹੋਵੇ। ਤਾਂ ਫਿਰ 2002 ਵਿਚ ਸਵਿਟਜ਼ਰਲੈਂਡ ਦੀ ਇਕ ਅਖ਼ਬਾਰ ਦੀ ਇਹ ਰਿਪੋਰਟ ਸੁਣ ਕੇ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ: “ਪੱਛਮੀ ਅਮੀਰ ਦੇਸ਼ਾਂ ਵਿਚ ਕਈਆਂ ਸਾਲਾਂ ਤੋਂ ਲੋਕਾਂ ਦੇ ਆਪਸੀ ਰਿਸ਼ਤੇ ਧੋਖੇ ਕਾਰਨ ਬਰਬਾਦ ਹੋਏ ਹਨ।”

ਭਰੋਸਾ ਰੱਖਣ ਨੂੰ ਸਮਾਂ ਲੱਗਦਾ, ਪਰ ਪਲਾਂ ਵਿਚ ਉੱਠ ਜਾਂਦਾ

ਭਰੋਸਾ ਹੁੰਦਾ ਕੀ ਹੈ? ਕਈ ਕਹਿੰਦੇ ਹਨ ਕਿ ਕਿਸੇ ਤੇ ਭਰੋਸਾ ਰੱਖਣ ਦਾ ਮਤਲਬ ਹੈ ਇਹ ਮੰਨਣਾ ਕਿ ਉਹ ਇਨਸਾਨ ਈਮਾਨਦਾਰ ਤੇ ਦਿਲ ਦਾ ਖਰਾ ਹੋਵੇਗਾ ਅਤੇ ਜਾਣ-ਬੁੱਝ ਕੇ ਸਾਡਾ ਦਿਲ ਨਹੀਂ ਦੁਖਾਵੇਗਾ। ਕਿਸੇ ਤੇ ਭਰੋਸਾ ਰੱਖਣ ਲਈ ਕਾਫ਼ੀ ਸਮਾਂ ਲੱਗ ਸਕਦਾ ਹੈ, ਪਰ ਇਹ ਭਰੋਸਾ ਪਲਾਂ ਵਿਚ ਹੀ ਉੱਠ ਸਕਦਾ ਹੈ। ਇੰਨੇ ਸਾਰੇ ਲੋਕਾਂ ਦੇ ਭਰੋਸੇ ਦਾ ਨਾਜਾਇਜ਼ ਫ਼ਾਇਦਾ ਉਠਾਇਆ ਗਿਆ ਹੈ ਕਿ ਅੱਜ ਲੋਕ ਕਿਸੇ ਉੱਤੇ ਵੀ ਇਤਬਾਰ ਕਰਨ ਤੋਂ ਡਰਦੇ ਹਨ। ਜਰਮਨੀ ਵਿਚ 2002 ਵਿਚ ਇਕ ਸਰਵੇਖਣ ਅਨੁਸਾਰ “ਤਿੰਨਾਂ ਵਿੱਚੋਂ ਇਕ ਤੋਂ ਵੀ ਘੱਟ ਨੌਜਵਾਨ ਕਿਸੇ ਹੋਰ ਇਨਸਾਨ ਉੱਤੇ ਭਰੋਸਾ ਰੱਖਦਾ ਹੈ।”

ਅਸੀਂ ਸ਼ਾਇਦ ਆਪਣੇ ਆਪ ਤੋਂ ਪੁੱਛੀਏ: ‘ਕੀ ਕੋਈ ਹੈ ਜਿਸ ਤੇ ਅਸੀਂ ਭਰੋਸਾ ਰੱਖ ਸਕੀਏ? ਜੇ ਅਸੀਂ ਧੋਖਾ ਹੀ ਖਾਣਾ ਹੈ, ਤਾਂ ਭਰੋਸਾ ਰੱਖਣ ਦਾ ਕੀ ਫ਼ਾਇਦਾ?’

[ਫੁਟਨੋਟ]

^ ਪੈਰਾ 2 ਅਸਲੀ ਨਾਂ ਨਹੀਂ ਵਰਤੇ ਗਏ ਹਨ।

[ਸਫ਼ੇ 3 ਉੱਤੇ ਸੁਰਖੀ]

ਇਕ ਸਰਵੇਖਣ ਤੋਂ ਜ਼ਾਹਰ ਹੋਇਆ ਕਿ 86 ਪ੍ਰਤਿਸ਼ਤ ਲੋਕਾਂ ਨੂੰ ਕਿਸੇ ਅਜਿਹੇ ਇਨਸਾਨ ਨੇ ਧੋਖਾ ਦਿੱਤਾ ਹੈ ਜਿਸ ਉੱਤੇ ਉਹ ਭਰੋਸਾ ਰੱਖਦੇ ਸਨ