Skip to content

Skip to table of contents

ਖ਼ੁਸ਼ੀ ਨਾਲ ਜੀਉਣ ਲਈ ਭਰੋਸਾ ਰੱਖਣਾ ਅੱਤ ਜ਼ਰੂਰੀ ਹੈ

ਖ਼ੁਸ਼ੀ ਨਾਲ ਜੀਉਣ ਲਈ ਭਰੋਸਾ ਰੱਖਣਾ ਅੱਤ ਜ਼ਰੂਰੀ ਹੈ

ਖ਼ੁਸ਼ੀ ਨਾਲ ਜੀਉਣ ਲਈ ਭਰੋਸਾ ਰੱਖਣਾ ਅੱਤ ਜ਼ਰੂਰੀ ਹੈ

ਢਿੱਡ ਵਿਚ ਵੱਟ ਪੈਣੇ ਕਿਸੇ ਨੂੰ ਪਸੰਦ ਨਹੀਂ। ਕੋਈ ਮਾੜੀ ਚੀਜ਼ ਖਾਣ ਨਾਲ ਪੇਟ ਖ਼ਰਾਬ ਹੋ ਜਾਂਦਾ ਹੈ ਤੇ ਜਿਸ ਇਨਸਾਨ ਨਾਲ ਅਕਸਰ ਇਸ ਤਰ੍ਹਾਂ ਹੋਇਆ ਹੈ ਉਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਕਿ ਉਹ ਕੀ ਖਾ-ਪੀ ਰਿਹਾ ਹੈ। ਪਰ ਵੱਟ ਪੈਣ ਦੇ ਦਰਦ ਤੋਂ ਬਚਣ ਲਈ ਹਮੇਸ਼ਾ ਵਾਸਤੇ ਖਾਣਾ-ਪੀਣਾ ਬੰਦ ਕਰ ਦੇਣਾ ਨਾਮੁਮਕਿਨ ਹੈ। ਇਸ ਤਰ੍ਹਾਂ ਕਰਨ ਨਾਲ ਤਾਂ ਹੋਰ ਗੜਬੜ ਸ਼ੁਰੂ ਹੋ ਜਾਵੇਗੀ। ਖਾਣ ਤੋਂ ਬਿਨਾਂ ਕੋਈ ਵੀ ਬਹੁਤੀ ਦੇਰ ਜ਼ਿੰਦਾ ਨਹੀਂ ਰਹਿ ਸਕਦਾ।

ਇਸੇ ਤਰ੍ਹਾਂ ਕਿਸੇ ਤੋਂ ਧੋਖਾ ਖਾਣਾ ਸਾਡੇ ਲਈ ਬਹੁਤ ਦਰਦਨਾਕ ਹੁੰਦਾ ਹੈ। ਵਾਰ-ਵਾਰ ਧੋਖਾ ਖਾਣ ਕਰਕੇ ਅਸੀਂ ਸ਼ਾਇਦ ਕਿਸੇ ਤੇ ਭਰੋਸਾ ਰੱਖਣ ਤੋਂ ਡਰੀਏ। ਪਰ ਧੋਖੇ ਦੇ ਡਰ ਦੇ ਕਾਰਨ ਸਾਰਿਆਂ ਤੋਂ ਦੂਰ ਰਹਿਣਾ ਵੀ ਮਸਲੇ ਦਾ ਹੱਲ ਨਹੀਂ ਹੈ। ਕਿਉਂ ਨਹੀਂ? ਕਿਉਂਕਿ ਦੂਜਿਆਂ ਤੇ ਭਰੋਸਾ ਨਾ ਕਰਨ ਨਾਲ ਅਸੀਂ ਆਪਣੀ ਖ਼ੁਸ਼ੀ ਗੁਆ ਬੈਠਦੇ ਹਾਂ। ਸੁਖ ਨਾਲ ਰਾਜ਼ੀ-ਬਾਜ਼ੀ ਰਹਿਣ ਲਈ ਸਾਨੂੰ ਅਜਿਹੇ ਇਨਸਾਨਾਂ ਦੀ ਲੋੜ ਹੈ ਜਿਨ੍ਹਾਂ ਤੇ ਅਸੀਂ ਭਰੋਸਾ ਰੱਖ ਸਕਦੇ ਹਾਂ ਤੇ ਜੋ ਸਾਡੇ ਤੇ ਭਰੋਸਾ ਰੱਖ ਸਕਦੇ ਹਨ।

ਨੌਜਵਾਨਾਂ ਬਾਰੇ ਇਕ ਜਰਮਨ ਕਿਤਾਬ ਕਹਿੰਦੀ ਹੈ: “ਹੋਰਨਾਂ ਨਾਲ ਰੋਜ਼ਾਨਾ ਕੰਮ-ਕਾਰ ਜਾਂ ਗੱਲ-ਬਾਤ ਕਰਨ ਲਈ ਉਨ੍ਹਾਂ ਤੇ ਭਰੋਸਾ ਰੱਖਣਾ ਇਕ ਜ਼ਰੂਰੀ ਗੱਲ ਹੈ।” ਸਵਿਟਜ਼ਰਲੈਂਡ ਦੀ ਇਕ ਅਖ਼ਬਾਰ ਰਿਪੋਰਟ ਕਰਦੀ ਹੈ: “ਸਭ ਲੋਕ ਕਿਸੇ ਤੇ ਭਰੋਸਾ ਰੱਖਣਾ ਚਾਹੁੰਦੇ ਹਨ।” ਦਰਅਸਲ ‘ਭਰੋਸਾ ਰੱਖਣ ਨਾਲ ਇਨਸਾਨ ਦੀ ਜ਼ਿੰਦਗੀ ਤੇ ਇੰਨਾ ਚੰਗਾ ਪ੍ਰਭਾਵ ਪੈਂਦਾ ਹੈ ਕਿ ਜ਼ਿੰਦਾ ਰਹਿਣ ਲਈ ਭਰੋਸਾ ਕਰਨਾ ਜ਼ਰੂਰੀ ਹੋ ਜਾਂਦਾ ਹੈ।’ ਇਹੋ ਅਖ਼ਬਾਰ ਅੱਗੇ ਕਹਿੰਦੀ ਹੈ ਕਿ ਭਰੋਸਾ ਕਰਨ ਤੋਂ ਬਿਨਾਂ “ਇਨਸਾਨ ਜ਼ਿੰਦਗੀ ਵਿਚ ਸਫ਼ਲ ਨਹੀਂ ਹੋ ਸਕਦਾ।”

ਕਿਸੇ ਨਾ ਕਿਸੇ ਤੇ ਸਾਨੂੰ ਭਰੋਸਾ ਤਾਂ ਰੱਖਣਾ ਹੀ ਪੈਂਦਾ ਹੈ। ਤਾਂ ਫਿਰ, ਅਸੀਂ ਪੁੱਛ ਸਕਦੇ ਹਾਂ ਕਿ ਧੋਖਾ ਖਾਣ ਤੋਂ ਬਿਨਾਂ ਅਸੀਂ ਕਿਸ ਤੇ ਭਰੋਸਾ ਰੱਖ ਸਕਦੇ ਹਾਂ?

ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖੋ

ਕਹਾਉਤਾਂ 3:5 ਵਿਚ ਬਾਈਬਲ ਸਾਨੂੰ ਦੱਸਦੀ ਹੈ ਕਿ “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ।” ਪਰਮੇਸ਼ੁਰ ਦੇ ਬਚਨ ਵਿਚ ਸਾਨੂੰ ਵਾਰ-ਵਾਰ ਉਤਸ਼ਾਹ ਦਿੱਤਾ ਜਾਂਦਾ ਹੈ ਕਿ ਅਸੀਂ ਆਪਣੇ ਕਰਤਾਰ, ਯਹੋਵਾਹ ਪਰਮੇਸ਼ੁਰ ਉੱਤੇ ਭਰੋਸਾ ਰੱਖੀਏ।

ਅਸੀਂ ਯਹੋਵਾਹ ਉੱਤੇ ਭਰੋਸਾ ਕਿਉਂ ਰੱਖ ਸਕਦੇ ਹਾਂ? ਪਹਿਲੀ ਗੱਲ ਤਾਂ ਇਹ ਹੈ ਕਿ ਯਹੋਵਾਹ ਪਵਿੱਤਰ ਹੈ। ਯਸਾਯਾਹ ਨਬੀ ਨੇ ਲਿਖਿਆ ਕਿ ‘ਸੈਨਾਂ ਦਾ ਯਹੋਵਾਹ ਪਵਿੱਤ੍ਰ, ਪਵਿੱਤ੍ਰ, ਪਵਿੱਤ੍ਰ ਹੈ।’ (ਯਸਾਯਾਹ 6:3) ਕੀ ਪਰਮੇਸ਼ੁਰ ਦੀ ਪਵਿੱਤਰਤਾ ਕਰਕੇ ਤੁਸੀਂ ਉਸ ਤੋਂ ਦੂਰ-ਦੂਰ ਮਹਿਸੂਸ ਕਰਦੇ ਹੋ? ਤੁਹਾਨੂੰ ਇਸ ਤਰ੍ਹਾਂ ਨਹੀਂ ਮਹਿਸੂਸ ਕਰਨਾ ਚਾਹੀਦਾ ਕਿਉਂਕਿ ਯਹੋਵਾਹ ਦੇ ਪਵਿੱਤਰ ਹੋਣ ਦਾ ਮਤਲਬ ਹੈ ਕਿ ਉਹ ਸ਼ੁੱਧ ਹੈ, ਉਹ ਗ਼ਲਤੀ ਨਹੀਂ ਕਰ ਸਕਦਾ ਤੇ ਉਹ ਸਾਡੇ ਭਰੋਸੇ ਦੇ ਲਾਇਕ ਹੈ। ਉਹ ਕਦੇ ਵੀ ਬੇਈਮਾਨ, ਬਦਕਾਰ ਜਾਂ ਨਿਰਦਈ ਨਹੀਂ ਬਣ ਸਕਦਾ ਅਤੇ ਨਾ ਹੀ ਉਹ ਕਦੇ ਸਾਨੂੰ ਧੋਖਾ ਦੇ ਸਕਦਾ ਹੈ।

ਇਸ ਤੋਂ ਇਲਾਵਾ, ਅਸੀਂ ਰੱਬ ਤੇ ਭਰੋਸਾ ਇਸ ਕਰਕੇ ਰੱਖ ਸਕਦੇ ਹਾਂ ਕਿਉਂਕਿ ਉਸ ਕੋਲ ਆਪਣੇ ਸੇਵਕਾਂ ਦੀ ਦੇਖ-ਭਾਲ ਕਰਨ ਦੀ ਯੋਗਤਾ ਤੇ ਇੱਛਾ ਵੀ ਹੈ। ਉਹ ਆਪਣੀ ਅਸੀਮ ਸ਼ਕਤੀ ਨਾਲ ਕੋਈ ਵੀ ਕਦਮ ਚੁੱਕ ਸਕਦਾ ਹੈ। ਉਸ ਦਾ ਇਨਸਾਫ਼ ਅਤੇ ਉਸ ਦੀ ਬੁੱਧ ਉਸ ਨੂੰ ਕੰਮ ਕਰਨ ਲਈ ਸੇਧ ਦਿੰਦੇ ਹਨ। ਅਤੇ ਉਸ ਦਾ ਪ੍ਰੇਮ ਉਸ ਨੂੰ ਕੁਝ ਕਰਨ ਲਈ ਪ੍ਰੇਰਦਾ ਹੈ। ਯੂਹੰਨਾ ਰਸੂਲ ਨੇ ਲਿਖਿਆ ਕਿ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਰੱਬ ਦੇ ਪਿਆਰ ਦਾ ਅਸਰ ਉਸ ਦੇ ਹਰ ਕੰਮ ਤੇ ਪੈਂਦਾ ਹੈ। ਯਹੋਵਾਹ ਦੀ ਪਵਿੱਤਰਤਾ ਅਤੇ ਉਸ ਦੇ ਦੂਸਰੇ ਗੁਣ ਉਸ ਨੂੰ ਸਭ ਤੋਂ ਵਧੀਆ ਪਿਤਾ ਅਤੇ ਸਾਡੇ ਭਰੋਸੇ ਦੇ ਲਾਇਕ ਬਣਾਉਂਦੇ ਹਨ। ਯਹੋਵਾਹ ਨਾਲੋਂ ਹੋਰ ਕੋਈ ਇੰਨਾ ਭਰੋਸੇਯੋਗ ਨਹੀਂ ਹੈ।

ਯਹੋਵਾਹ ਉੱਤੇ ਭਰੋਸਾ ਰੱਖ ਕੇ ਖ਼ੁਸ਼ ਹੋਵੋ

ਯਹੋਵਾਹ ਉੱਤੇ ਭਰੋਸਾ ਰੱਖਣ ਦਾ ਇਕ ਹੋਰ ਚੰਗਾ ਕਾਰਨ ਇਹ ਹੈ ਕਿ ਜਿੰਨੀ ਚੰਗੀ ਤਰ੍ਹਾਂ ਉਹ ਸਾਨੂੰ ਸਮਝਦਾ ਹੈ, ਉੱਨੀ ਚੰਗੀ ਤਰ੍ਹਾਂ ਸਾਨੂੰ ਹੋਰ ਕੋਈ ਨਹੀਂ ਸਮਝਦਾ। ਉਹ ਹਰ ਇਨਸਾਨ ਦੀ ਇਸ ਲੋੜ ਨੂੰ ਜਾਣਦਾ ਹੈ ਕਿ ਇਨਸਾਨ ਆਪਣੇ ਕਰਤਾਰ ਉੱਤੇ ਹਮੇਸ਼ਾ ਲਈ ਭਰੋਸਾ ਰੱਖ ਸਕੇ। ਜਿਨ੍ਹਾਂ ਇਨਸਾਨਾਂ ਦੀ ਇਹ ਲੋੜ ਪੂਰੀ ਹੋਈ ਹੈ ਉਹ ਬਹੁਤ ਖ਼ੁਸ਼ ਹਨ। ਯਿਰਮਿਯਾਹ ਨਬੀ ਨੇ ਕਿਹਾ: “ਮੁਬਾਰਕ ਹੈ ਉਹ ਮਰਦ ਜਿਹ ਦਾ ਭਰੋਸਾ ਯਹੋਵਾਹ ਉੱਤੇ ਹੈ।” (ਯਿਰਮਿਯਾਹ 17:7) ਲੱਖਾਂ ਲੋਕ ਅੱਜ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ।

ਆਓ ਆਪਾਂ ਕੁਝ ਉਦਾਹਰਣਾਂ ਉੱਤੇ ਗੌਰ ਕਰੀਏ। ਡੌਰਿਸ ਡਮਿਨੀਕਨ ਗਣਰਾਜ, ਜਰਮਨੀ, ਯੂਨਾਨ ਅਤੇ ਅਮਰੀਕਾ ਵਿਚ ਰਹਿ ਚੁੱਕੀ ਹੈ। ਉਸ ਦਾ ਕਹਿਣਾ ਹੈ: “ਮੈਂ ਯਹੋਵਾਹ ਉੱਤੇ ਭਰੋਸਾ ਰੱਖ ਕੇ ਬਹੁਤ ਖ਼ੁਸ਼ ਹਾਂ। ਉਹ ਮੇਰੀ ਜਿਸਮਾਨੀ, ਰੂਹਾਨੀ ਤੇ ਜਜ਼ਬਾਤੀ ਤੌਰ ਤੇ ਦੇਖ-ਭਾਲ ਕਰਨੀ ਜਾਣਦਾ ਹੈ। ਉਸ ਤੋਂ ਵਧੀਆ ਦੋਸਤ ਕੋਈ ਹੋ ਹੀ ਨਹੀਂ ਸਕਦਾ।” ਵੁਲਫ਼ਗਾਂਗ ਨਾਂ ਦਾ ਵਕੀਲ ਕਹਿੰਦਾ ਹੈ: “ਪਰਮੇਸ਼ੁਰ ਤੇ ਪੂਰਾ ਇਤਬਾਰ ਕਰਨਾ ਇਕ ਬਹੁਤ ਹੀ ਚੰਗੀ ਗੱਲ ਹੈ। ਉਸ ਨੂੰ ਸਾਡੀ ਦਿਲੋਂ ਚਿੰਤਾ ਹੈ ਤੇ ਉਹ ਸਾਡੀ ਭਲਾਈ ਲਈ ਨਾ ਸਿਰਫ਼ ਸਭ ਕੁਝ ਕਰ ਸਕਦਾ ਹੈ, ਪਰ ਕਰੇਗਾ ਵੀ!” ਏਸ਼ੀਆ ਦਾ ਜੰਮਪਲ, ਪਰ ਹੁਣ ਯੂਰਪ ਵਿਚ ਰਹਿਣ ਵਾਲਾ ਹੈਮ ਕਹਿੰਦਾ ਹੈ: “ਮੈਨੂੰ ਪੂਰਾ ਯਕੀਨ ਹੈ ਕਿ ਸੱਭੋ ਕੁਝ ਯਹੋਵਾਹ ਦੇ ਹੱਥ ਵਿਚ ਹੈ ਤੇ ਉਹ ਗ਼ਲਤੀਆਂ ਨਹੀਂ ਕਰਦਾ। ਇਸ ਲਈ ਉਸ ਤੇ ਭਰੋਸਾ ਰੱਖ ਕੇ ਮੈਂ ਖ਼ੁਸ਼ ਹਾਂ।”

ਇਹ ਵੀ ਸੱਚ ਹੈ ਕਿ ਸਾਨੂੰ ਸਾਰਿਆਂ ਨੂੰ ਨਾ ਸਿਰਫ਼ ਆਪਣੇ ਕਰਤਾਰ ਉੱਤੇ ਸਗੋਂ ਇਨਸਾਨਾਂ ਤੇ ਵੀ ਇਤਬਾਰ ਕਰਨ ਦੀ ਲੋੜ ਹੈ। ਇਸ ਕਰਕੇ ਯਹੋਵਾਹ ਇਕ ਬੁੱਧੀਮਾਨ ਤੇ ਤਜਰਬੇਕਾਰ ਦੋਸਤ ਵਾਂਗ ਸਾਨੂੰ ਸਲਾਹ ਦਿੰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਇਨਸਾਨਾਂ ਉੱਤੇ ਭਰੋਸਾ ਰੱਖੀਏ। ਧਿਆਨ ਨਾਲ ਬਾਈਬਲ ਪੜ੍ਹ ਕੇ ਅਸੀਂ ਇਸ ਮਾਮਲੇ ਬਾਰੇ ਉਸ ਦੀ ਸਲਾਹ ਜਾਣ ਸਕਦੇ ਹਾਂ।

ਅਸੀਂ ਕਿਨ੍ਹਾਂ ਇਨਸਾਨਾਂ ਤੇ ਭਰੋਸਾ ਰੱਖ ਸਕਦੇ ਹਾਂ?

ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ।” (ਜ਼ਬੂਰਾਂ ਦੀ ਪੋਥੀ 146:3) ਪਵਿੱਤਰ ਆਤਮਾ ਦੁਆਰਾ ਲਿਖੀ ਗਈ ਇਸ ਗੱਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਈਆਂ ਇਨਸਾਨਾਂ ਤੇ ਭਰੋਸਾ ਨਹੀਂ ਰੱਖਿਆ ਜਾ ਸਕਦਾ। ਸੰਸਾਰ ਵਿਚ ਜਿਨ੍ਹਾਂ ਲੋਕਾਂ ਦਾ “ਹਾਕਮਾਂ” ਵਜੋਂ ਆਦਰ-ਸਤਿਕਾਰ ਕੀਤਾ ਜਾਂਦਾ ਹੈ, ਸਾਨੂੰ ਉਨ੍ਹਾਂ ਤੇ ਬਿਨਾਂ ਸੋਚੇ ਇਤਬਾਰ ਨਹੀਂ ਕਰ ਲੈਣਾ ਚਾਹੀਦਾ। ਮਿਸਾਲ ਲਈ, ਕਿਸੇ ਮਾਹਰ ਗਿਆਨੀ ਜਾਂ ਕਿਸੇ ਹੋਰ ਕੰਮ ਵਿਚ ਮਾਹਰ ਬੰਦੇ ਦੀ ਸਲਾਹ ਸਾਨੂੰ ਅਕਸਰ ਕੁਰਾਹੇ ਪਾ ਸਕਦੀ ਹੈ ਅਤੇ ਅਜਿਹੇ ਇਨਸਾਨਾਂ ਤੇ ਭਰੋਸਾ ਰੱਖ ਕੇ ਅਸੀਂ ਧੋਖਾ ਖਾ ਸਕਦੇ ਹਾਂ।

ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਨੂੰ ਕਿਸੇ ਤੇ ਵੀ ਭਰੋਸਾ ਨਹੀਂ ਰੱਖਣਾ ਚਾਹੀਦਾ। ਦਰਅਸਲ, ਸਾਨੂੰ ਧਿਆਨ ਨਾਲ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਅਸੀਂ ਕਿਸ ਤੇ ਇਤਬਾਰ ਕਰਾਂਗੇ ਤੇ ਕਿਸ ਤੇ ਨਹੀਂ। ਇਹ ਫ਼ੈਸਲਾ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਪ੍ਰਾਚੀਨ ਇਸਰਾਏਲ ਦੀ ਇਕ ਉਦਾਹਰਣ ਤੋਂ ਸਾਨੂੰ ਮਦਦ ਮਿਲ ਸਕਦੀ ਹੈ। ਜਦੋਂ ਇਸਰਾਏਲ ਦੀ ਭਾਰੀ ਜ਼ਿੰਮੇਵਾਰੀ ਸਾਂਭਣ ਲਈ ਕਾਬਲ ਬੰਦਿਆਂ ਦੀ ਜ਼ਰੂਰਤ ਆਣ ਪਈ, ਤਾਂ ਮੂਸਾ ਨੂੰ ਇਹ ਸਲਾਹ ਦਿੱਤੀ ਗਈ ਸੀ: “ਤੂੰ ਕੁਝ ਇਹੋ ਜਿਹੇ ਭਰੋਸੇ ਜੋਗ ਸਿਆਣੇ ਆਦਮੀ ਚੁਣ, ਜੋ ਪਰਮੇਸ਼ਰ ਤੋਂ ਡਰਦੇ ਹੋਣ ਅਤੇ ਜੋ ਵੱਢੀ ਲੈਣਾ ਬੁਰਾ ਮੰਨਦੇ ਹੋਣ।” (ਕੂਚ 18:21, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਉਦਾਹਰਣ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

ਇਨ੍ਹਾਂ ਆਦਮੀਆਂ ਨੂੰ ਕੰਮ ਕਰਨ ਦੀ ਜ਼ਿੰਮੇਵਾਰੀ ਦੇਣ ਤੋਂ ਪਹਿਲਾਂ ਇਨ੍ਹਾਂ ਵਿਚ ਅਜਿਹੇ ਗੁਣ ਦੇਖੇ ਗਏ ਸਨ ਜਿਨ੍ਹਾਂ ਦੇ ਆਧਾਰ ਤੇ ਉਨ੍ਹਾਂ ਉੱਤੇ ਭਰੋਸਾ ਰੱਖਿਆ ਜਾ ਸਕਦਾ ਸੀ। ਉਹ ਪਹਿਲਾਂ ਹੀ ਇਸ ਗੱਲ ਦਾ ਸਬੂਤ ਦੇ ਚੁੱਕੇ ਸਨ ਕਿ ਉਹ ਪਰਮੇਸ਼ੁਰ ਤੋਂ ਡਰਦੇ ਸਨ ਯਾਨੀ ਉਸ ਦਾ ਆਦਰ-ਸਤਿਕਾਰ ਕਰਦੇ ਸਨ ਤੇ ਉਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸਨ। ਉਨ੍ਹਾਂ ਵੱਲ ਦੇਖ ਕੇ ਸਭ ਜਾਣਦੇ ਸਨ ਕਿ ਇਹ ਆਦਮੀ ਪਰਮੇਸ਼ੁਰ ਦੇ ਅਸੂਲਾਂ ਅਨੁਸਾਰ ਚੱਲਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ। ਉਹ ਵੱਢੀ ਨਹੀਂ ਲੈਂਦੇ ਸਨ ਜਿਸ ਤੋਂ ਪਤਾ ਲੱਗਦਾ ਸੀ ਕਿ ਇਨ੍ਹਾਂ ਹਿੰਮਤੀ ਆਦਮੀਆਂ ਅੰਦਰ ਅਜਿਹੀ ਤਾਕਤ ਸੀ ਕਿ ਇਖ਼ਤਿਆਰ ਪਾ ਕੇ ਉਹ ਭ੍ਰਿਸ਼ਟ ਨਹੀਂ ਹੋਣਗੇ ਅਤੇ ਨਾ ਹੀ ਉਹ ਆਪਣੇ ਫ਼ਾਇਦੇ ਲਈ ਜਾਂ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਦੇ ਫ਼ਾਇਦੇ ਲਈ ਗ਼ਲਤ ਕਦਮ ਚੁੱਕਣਗੇ।

ਕੀ ਇਹ ਬੁੱਧੀਮਤਾ ਦੀ ਗੱਲ ਨਹੀਂ ਹੋਵੇਗੀ ਜੇ ਅਸੀਂ ਵੀ ਕਿਸੇ ਤੇ ਭਰੋਸਾ ਰੱਖਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਬਾਰੇ ਸੋਚੀਏ? ਕੀ ਅਸੀਂ ਅਜਿਹੇ ਇਨਸਾਨਾਂ ਨੂੰ ਜਾਣਦੇ ਹਾਂ ਜਿਨ੍ਹਾਂ ਦੇ ਤੌਰ-ਤਰੀਕੇ ਤੋਂ ਨਜ਼ਰ ਆਉਂਦਾ ਕਿ ਉਹ ਪਰਮੇਸ਼ੁਰ ਤੋਂ ਡਰਦੇ ਹਨ? ਕੀ ਉਹ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਚੱਲਣ ਦਾ ਪੱਕਾ ਇਰਾਦਾ ਰੱਖਦੇ ਹਨ? ਕੀ ਉਨ੍ਹਾਂ ਵਿਚ ਸਹੀ ਰਾਹ ਤੇ ਚੱਲਣ ਦੀ ਤੇ ਗ਼ਲਤ ਕੰਮਾਂ ਤੋਂ ਪਰੇ ਰਹਿਣ ਦੀ ਤਾਕਤ ਹੈ? ਕੀ ਉਹ ਇੰਨੇ ਈਮਾਨਦਾਰ ਹਨ ਕਿ ਉਹ ਕਿਸੇ ਮਾਮਲੇ ਵਿਚ ਆਪਣੇ ਫ਼ਾਇਦੇ ਬਾਰੇ ਨਹੀਂ ਸੋਚਣਗੇ ਜਾਂ ਆਪਣੀ ਮਰਜ਼ੀ ਪੂਰੀ ਕਰਨ ਤੇ ਡਟੇ ਨਹੀਂ ਰਹਿਣਗੇ? ਜੇ ਅਸੀਂ ਅਜਿਹੇ ਆਦਮੀਆਂ ਜਾਂ ਤੀਵੀਆਂ ਨੂੰ ਜਾਣਦੇ ਹਾਂ, ਤਾਂ ਉਨ੍ਹਾਂ ਉੱਤੇ ਅਸੀਂ ਭਰੋਸਾ ਰੱਖ ਸਕਦੇ ਹਾਂ।

ਕਦੀ-ਕਦਾਈਂ ਨਿਰਾਸ਼ਾ ਮਿਲਣ ਕਾਰਨ ਹੌਸਲਾ ਨਾ ਹਾਰੋ

ਇਹ ਫ਼ੈਸਲਾ ਕਰਨ ਲਈ ਸਮਾਂ ਲੱਗਦਾ ਹੈ ਕਿ ਅਸੀਂ ਕਿਸ ਉੱਤੇ ਭਰੋਸਾ ਰੱਖਾਂਗੇ, ਇਸ ਲਈ ਸਾਨੂੰ ਸਬਰ ਕਰਨ ਦੀ ਲੋੜ ਪਵੇਗੀ। ਸਭ ਤੋਂ ਵਧੀਆ ਗੱਲ ਹੈ ਕਿ ਅਸੀਂ ਕਿਸੇ ਤੇ ਹੌਲੀ-ਹੌਲੀ ਭਰੋਸਾ ਰੱਖਣਾ ਸ਼ੁਰੂ ਕਰੀਏ। ਕਿਸ ਤਰ੍ਹਾਂ? ਅਸੀਂ ਕੁਝ ਸਮੇਂ ਲਈ ਕਿਸੇ ਦੇ ਵਤੀਰੇ ਤੇ ਨਿਗਾਹ ਰੱਖ ਸਕਦੇ ਹਾਂ ਕਿ ਉਹ ਅਨੇਕ ਮਾਮਲਿਆਂ ਵਿਚ ਕੀ ਕਰਦਾ ਹੈ। ਕੀ ਛੋਟੇ-ਮੋਟੇ ਮਾਮਲਿਆਂ ਵਿਚ ਉਸ ਉੱਤੇ ਇਤਬਾਰ ਕੀਤਾ ਜਾ ਸਕਦਾ ਹੈ? ਮਿਸਾਲ ਲਈ, ਜੇ ਉਹ ਵਾਅਦਾ ਕਰਦਾ ਹੈ ਕਿ ਉਹ ਕੋਈ ਚੀਜ਼ ਉਧਾਰ ਲੈ ਕੇ ਵਾਪਸ ਕਰੇਗਾ, ਤਾਂ ਕੀ ਉਹ ਵਾਪਸ ਕਰਦਾ ਹੈ? ਜੇ ਉਹ ਕਿਸੇ ਸਮੇਂ ਤੇ ਕੁਝ ਕਰਨ ਦਾ ਵਾਅਦਾ ਕਰਦਾ ਹੈ, ਤਾਂ ਕੀ ਉਹ ਆਪਣਾ ਵਾਅਦਾ ਨਿਭਾਉਂਦਾ ਹੈ? ਜੇ ਤਾਂ ਉਹ ਆਪਣੇ ਕਹੇ ਦੇ ਅਨੁਸਾਰ ਕਰਦਾ ਹੈ, ਤਾਂ ਅਸੀਂ ਹੋਰਨਾਂ ਗੰਭੀਰ ਮਾਮਲਿਆਂ ਵਿਚ ਵੀ ਉਸ ਉੱਤੇ ਭਰੋਸਾ ਰੱਖ ਸਕਦੇ ਹਾਂ। ਇਹ ਸਲਾਹ ਬਾਈਬਲ ਦੇ ਇਸ ਸਿਧਾਂਤ ਮੁਤਾਬਕ ਹੈ: “ਜੋ ਛੋਟੀਆਂ ਛੋਟੀਆਂ ਗੱਲਾਂ ਵਿਚ ਈਮਾਨਦਾਰ ਹੈ, ਉਹ ਵੱਡੀਆਂ ਵੱਡੀਆਂ ਗੱਲਾਂ ਵਿਚ ਵੀ ਈਮਾਨਦਾਰ ਹੈ।” (ਲੂਕਾ 16:10, ਨਵਾਂ ਅਨੁਵਾਦ) ਜੇ ਅਸੀਂ ਧਿਆਨ ਤੇ ਸਬਰ ਨਾਲ ਫ਼ੈਸਲਾ ਕਰਾਂਗੇ ਕਿ ਅਸੀਂ ਕਿਸ ਉੱਤੇ ਭਰੋਸਾ ਰੱਖਾਂਗੇ, ਤਾਂ ਅਸੀਂ ਨਿਰਾਸ਼ ਹੋਣ ਤੋਂ ਬਚਾਂਗੇ।

ਪਰ ਜੇ ਕੋਈ ਸਾਨੂੰ ਨਿਰਾਸ਼ ਕਰ ਵੀ ਦਿੰਦਾ ਹੈ, ਤਾਂ ਅਸੀਂ ਕੀ ਕਰਾਂਗੇ? ਧਿਆਨ ਦਿਓ ਕਿ ਯਿਸੂ ਮਸੀਹ ਨੇ ਕੀ ਕੀਤਾ ਸੀ। ਬਾਈਬਲ ਪੜ੍ਹਨ ਵਾਲੇ ਜਾਣਦੇ ਹਨ ਕਿ ਜਿਸ ਰਾਤ ਉਹ ਗਿਰਫ਼ਤਾਰ ਕੀਤਾ ਗਿਆ ਸੀ, ਉਸ ਦੇ ਰਸੂਲਾਂ ਨੇ ਉਸ ਦਾ ਸਾਥ ਛੱਡ ਦਿੱਤਾ ਸੀ। ਯਹੂਦਾ ਇਸਕਰਿਯੋਤੀ ਨੇ ਉਸ ਨੂੰ ਫੜਵਾਇਆ ਸੀ ਤੇ ਬਾਕੀ ਦੇ ਚੇਲੇ ਡਰ ਦੇ ਮਾਰੇ ਭੱਜ ਗਏ ਸਨ। ਪਤਰਸ ਨੇ ਤਾਂ ਤਿੰਨ ਵਾਰ ਇਨਕਾਰ ਕੀਤਾ ਕਿ ਉਹ ਯਿਸੂ ਨੂੰ ਜਾਣਦਾ ਵੀ ਸੀ। ਪਰ ਯਿਸੂ ਸਮਝ ਗਿਆ ਸੀ ਕਿ ਸਿਰਫ਼ ਯਹੂਦਾ ਨੇ ਹੀ ਜਾਣ-ਬੁੱਝ ਕੇ ਉਸ ਨਾਲ ਵਿਸ਼ਵਾਸਘਾਤ ਕੀਤਾ ਸੀ। ਭਾਵੇਂ ਉਸ ਦੇ ਬਾਕੀ ਰਹਿੰਦੇ 11 ਰਸੂਲਾਂ ਨੇ ਇਸ ਨਾਜ਼ੁਕ ਮੌਕੇ ਤੇ ਉਸ ਦਾ ਸਾਥ ਨਹੀਂ ਦਿੱਤਾ ਸੀ, ਫਿਰ ਵੀ ਕੁਝ ਹੀ ਹਫ਼ਤਿਆਂ ਬਾਅਦ ਯਿਸੂ ਨੇ ਮੁੜ ਕੇ ਦਿਖਾਇਆ ਕਿ ਉਸ ਨੂੰ ਉਨ੍ਹਾਂ ਤੇ ਭਰੋਸਾ ਸੀ। (ਮੱਤੀ 26:45-47, 56, 69-75; 28:16-20) ਇਸੇ ਤਰ੍ਹਾਂ ਜੇ ਸਾਨੂੰ ਲੱਗੇ ਕਿ ਕਿਸੇ ਨੇ ਸਾਨੂੰ ਧੋਖਾ ਦਿੱਤਾ ਹੈ ਜਾਂ ਸਾਡੇ ਨਾਲ ਵਿਸ਼ਵਾਸਘਾਤ ਕੀਤਾ ਹੈ, ਤਾਂ ਸਾਨੂੰ ਸੋਚਣਾ ਚਾਹੀਦਾ ਕਿ ਉਸ ਨੇ ਇਹ ਕਿਉਂ ਕੀਤਾ ਹੈ। ਕੀ ਉਸ ਨੇ ਜਾਣ-ਬੁੱਝ ਕੇ ਇਸ ਤਰ੍ਹਾਂ ਕੀਤਾ ਸੀ ਜਾਂ ਕੀ ਇਹ ਪਲ ਭਰ ਦੀ ਕਮਜ਼ੋਰੀ ਕਰਕੇ ਹੋ ਗਿਆ ਸੀ?

ਕੀ ਮੇਰੇ ਤੇ ਭਰੋਸਾ ਰੱਖਿਆ ਜਾ ਸਕਦਾ ਹੈ?

ਜੇ ਕੋਈ ਦੇਖ-ਪਰਖ ਕੇ ਕਿਸੇ ਤੇ ਭਰੋਸਾ ਰੱਖਣ ਦਾ ਫ਼ੈਸਲਾ ਕਰਦਾ ਹੈ, ਤਾਂ ਉਸ ਨੂੰ ਆਪਣੇ ਆਪ ਤੋਂ ਵੀ ਪੁੱਛਣਾ ਚਾਹੀਦਾ ਹੈ: ‘ਕੀ ਮੇਰੇ ਤੇ ਭਰੋਸਾ ਰੱਖਿਆ ਜਾ ਸਕਦਾ ਹੈ? ਭਰੋਸਾ ਰੱਖਣ ਦੇ ਮਾਮਲੇ ਵਿਚ ਮੈਨੂੰ ਆਪਣੇ ਆਪ ਅਤੇ ਹੋਰਨਾਂ ਤੋਂ ਕੀ ਆਸ ਰੱਖਣੀ ਚਾਹੀਦੀ ਹੈ?’

ਵੈਸੇ ਜੋ ਇਨਸਾਨ ਭਰੋਸੇ ਦੇ ਯੋਗ ਹੈ ਉਹ ਹਮੇਸ਼ਾ ਸੱਚ ਬੋਲਦਾ ਹੈ। (ਅਫ਼ਸੀਆਂ 4:25) ਉਹ ਆਪਣੇ ਫ਼ਾਇਦੇ ਵਾਸਤੇ ਗੱਲ ਨੂੰ ਬਦਲ ਕੇ ਹੋਰ ਤਰ੍ਹਾਂ ਨਹੀਂ ਦੱਸਦਾ। ਜੇ ਇਕ ਭਰੋਸੇਯੋਗ ਇਨਸਾਨ ਵਾਅਦਾ ਕਰਦਾ ਹੈ, ਤਾਂ ਉਹ ਆਪਣੀ ਪੂਰੀ ਵਾਹ ਲਾ ਕੇ ਉਸ ਨੂੰ ਨਿਭਾਉਣ ਦੀ ਕੋਸ਼ਿਸ਼ ਕਰਦਾ ਹੈ। (ਮੱਤੀ 5:37) ਜੇ ਕੋਈ ਉਸ ਨੂੰ ਆਪਣੇ ਦਿਲ ਦੀ ਗੱਲ ਦੱਸਦਾ ਹੈ, ਤਾਂ ਉਹ ਗੱਲ ਅੱਗੇ ਨਹੀਂ ਦੱਸਦਾ ਅਤੇ ਨਾ ਹੀ ਚੁਗ਼ਲੀ ਕਰਦਾ ਹੈ। ਇਕ ਭਰੋਸੇਯੋਗ ਇਨਸਾਨ ਆਪਣੇ ਜੀਵਨ ਸਾਥੀ ਪ੍ਰਤੀ ਵਫ਼ਾਦਾਰ ਰਹਿੰਦਾ ਹੈ। ਉਹ ਗੰਦੀਆਂ ਤੇ ਅਸ਼ਲੀਲ ਤਸਵੀਰਾਂ ਨਹੀਂ ਦੇਖਦਾ, ਉਹ ਗੰਦੇ ਕਾਮੁਕ ਖ਼ਿਆਲਾਂ ਵਿਚ ਨਹੀਂ ਪੈਂਦਾ ਤੇ ਨਾ ਹੀ ਉਹ ਹੋਰਨਾਂ ਨਾਲ ਇਸ਼ਕਬਾਜ਼ੀ ਕਰਦਾ ਹੈ। (ਮੱਤੀ 5:27, 28) ਜੋ ਇਨਸਾਨ ਸਾਡੇ ਭਰੋਸੇ ਦੇ ਯੋਗ ਹੈ, ਉਹ ਆਪਣੇ ਹੱਥਾਂ ਨਾਲ ਕੰਮ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ, ਨਾ ਕਿ ਹੋਰਨਾਂ ਦਾ ਫ਼ਾਇਦਾ ਉਠਾ ਕੇ ਕੰਮ ਕੀਤੇ ਬਿਨਾਂ ਪੈਸੇ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। (1 ਤਿਮੋਥਿਉਸ 5:8) ਬਾਈਬਲ ਦੀਆਂ ਇਨ੍ਹਾਂ ਵਧੀਆ ਸਲਾਹਾਂ ਦੀ ਮਦਦ ਨਾਲ ਅਸੀਂ ਪਛਾਣ ਸਕਾਂਗੇ ਕਿ ਅਸੀਂ ਕਿਨ੍ਹਾਂ ਇਨਸਾਨਾਂ ਤੇ ਭਰੋਸਾ ਰੱਖ ਸਕਦੇ ਹਾਂ ਤੇ ਕਿਨ੍ਹਾਂ ਤੇ ਨਹੀਂ। ਇਸ ਤੋਂ ਇਲਾਵਾ, ਇਨ੍ਹਾਂ ਸਲਾਹਾਂ ਉੱਤੇ ਅਮਲ ਕਰ ਕੇ ਅਸੀਂ ਖ਼ੁਦ ਅਜਿਹੇ ਇਨਸਾਨ ਬਣਾਂਗੇ ਜਿਨ੍ਹਾਂ ਤੇ ਇਤਬਾਰ ਕੀਤਾ ਜਾ ਸਕਦਾ ਹੈ।

ਅਜਿਹੇ ਸੰਸਾਰ ਬਾਰੇ ਸੋਚੋ ਜਿੱਥੇ ਹਰ ਇਨਸਾਨ ਤੇ ਭਰੋਸਾ ਰੱਖਿਆ ਜਾ ਸਕਦਾ ਹੈ ਤੇ ਜਿੱਥੇ ਕੋਈ ਕਿਸੇ ਨਾਲ ਵਿਸ਼ਵਾਸਘਾਤ ਨਹੀਂ ਕਰਦਾ। ਅਜਿਹੇ ਸੰਸਾਰ ਵਿਚ ਰਹਿਣਾ ਕਿੰਨਾ ਚੰਗਾ ਹੋਵੇਗਾ! ਪਰ ਕੀ ਇਹ ਸਿਰਫ਼ ਸੁਪਨਾ ਹੀ ਹੈ? ਨਹੀਂ, ਬਾਈਬਲ ਦੀਆਂ ਭਵਿੱਖਬਾਣੀਆਂ ਵਿਚ ਵਿਸ਼ਵਾਸ ਕਰਨ ਵਾਲਿਆਂ ਲਈ ਇਹ ਕੋਈ ਸੁਪਨਾ ਨਹੀਂ ਹੈ। ਬਾਈਬਲ ਵਿਚ ਇਕ ਸ਼ਾਨਦਾਰ “ਨਵੀਂ ਧਰਤੀ” ਦੀ ਗੱਲ ਕੀਤੀ ਗਈ ਹੈ ਜਿੱਥੇ ਨਾ ਕੋਈ ਧੋਖਾ ਦੇਵੇਗਾ ਤੇ ਨਾ ਝੂਠ ਬੋਲੇਗਾ। ਉੱਥੇ ਕਿਸੇ ਦਾ ਸ਼ੋਸ਼ਣ ਨਹੀਂ ਕੀਤਾ ਜਾਵੇਗਾ ਤੇ ਨਾ ਉੱਥੇ ਸੋਗ, ਬੀਮਾਰੀ ਜਾਂ ਮੌਤ ਹੋਵੇਗੀ! (2 ਪਤਰਸ 3:13; ਜ਼ਬੂਰਾਂ ਦੀ ਪੋਥੀ 37:11, 29; ਪਰਕਾਸ਼ ਦੀ ਪੋਥੀ 21:3-5) ਕੀ ਇਸ ਭਵਿੱਖ ਬਾਰੇ ਹੋਰ ਜਾਣਕਾਰੀ ਲੈਣੀ ਫ਼ਾਇਦੇਮੰਦ ਨਹੀਂ ਹੋਵੇਗੀ? ਇਸ ਜਾਂ ਹੋਰ ਕਿਸੇ ਵਿਸ਼ੇ ਬਾਰੇ ਜ਼ਿਆਦਾ ਜਾਣਨ ਲਈ ਯਹੋਵਾਹ ਦੇ ਗਵਾਹ ਤੁਹਾਡੀ ਮਦਦ ਕਰਨ ਲਈ ਤਿਆਰ ਹਨ।

[ਸਫ਼ੇ 4 ਉੱਤੇ ਤਸਵੀਰ]

ਭਰੋਸਾ ਨਾ ਕਰਨ ਨਾਲ ਅਸੀਂ ਆਪਣੀ ਖ਼ੁਸ਼ੀ ਗੁਆ ਬੈਠਦੇ ਹਾਂ

[ਸਫ਼ੇ 5 ਉੱਤੇ ਤਸਵੀਰ]

ਯਹੋਵਾਹ ਸਾਡੇ ਭਰੋਸੇ ਦੇ ਲਾਇਕ ਹੈ

[ਸਫ਼ੇ 7 ਉੱਤੇ ਤਸਵੀਰ]

ਸਾਨੂੰ ਸਾਰਿਆਂ ਨੂੰ ਅਜਿਹੇ ਇਨਸਾਨਾਂ ਦੀ ਲੋੜ ਹੈ ਜਿਨ੍ਹਾਂ ਤੇ ਅਸੀਂ ਅਤੇ ਜੋ ਸਾਡੇ ਤੇ ਭਰੋਸਾ ਰੱਖ ਸਕਦੇ ਹਨ