Skip to content

Skip to table of contents

ਖੁੱਲ੍ਹ-ਦਿਲੇ ਬਣਨਾ ਸਿੱਖੋ

ਖੁੱਲ੍ਹ-ਦਿਲੇ ਬਣਨਾ ਸਿੱਖੋ

ਖੁੱਲ੍ਹ-ਦਿਲੇ ਬਣਨਾ ਸਿੱਖੋ

ਕੋਈ ਵੀ ਵਿਅਕਤੀ ਜਨਮ ਤੋਂ ਖੁੱਲ੍ਹ-ਦਿਲਾ ਨਹੀਂ ਹੁੰਦਾ। ਇਕ ਛੋਟੇ ਬੱਚੇ ਨੂੰ ਕੁਦਰਤੀ ਤੌਰ ਤੇ ਹਮੇਸ਼ਾ ਆਪਣੀਆਂ ਜ਼ਰੂਰਤਾਂ ਦੀ ਪਈ ਰਹਿੰਦੀ ਹੈ। ਉਸ ਨੂੰ ਉਸ ਦੀ ਦੇਖ-ਭਾਲ ਕਰਨ ਵਾਲਿਆਂ ਦੀਆਂ ਜ਼ਰੂਰਤਾਂ ਦਾ ਕੋਈ ਖ਼ਿਆਲ ਨਹੀਂ ਹੁੰਦਾ। ਪਰ ਸਮੇਂ ਦੇ ਬੀਤਣ ਨਾਲ ਬੱਚਾ ਸਿੱਖ ਜਾਂਦਾ ਹੈ ਕਿ ਦੁਨੀਆਂ ਉਸ ਦੇ ਆਲੇ-ਦੁਆਲੇ ਨਹੀਂ ਘੁੰਮਦੀ। ਉਸ ਨੂੰ ਹੋਰਾਂ ਦੀਆਂ ਜ਼ਰੂਰਤਾਂ ਬਾਰੇ ਵੀ ਸੋਚਣਾ ਪਵੇਗਾ ਅਤੇ ਉਸ ਨੂੰ ਸਿੱਖਣਾ ਪਵੇਗਾ ਕਿ ਸਿਰਫ਼ ਲੈਣਾ ਹੀ ਨਹੀਂ, ਪਰ ਕਦੀ-ਕਦੀ ਦੇਣਾ ਵੀ ਚੰਗਾ ਹੁੰਦਾ ਹੈ। ਜੀ ਹਾਂ, ਉਸ ਨੂੰ ਖੁੱਲ੍ਹ-ਦਿਲੇ ਬਣਨਾ ਸਿੱਖਣਾ ਪਵੇਗਾ।

ਭਾਵੇਂ ਇਕ ਵਿਅਕਤੀ ਥੋੜ੍ਹਾ ਜਾਂ ਬਹੁਤਾ ਪੁੰਨ-ਦਾਨ ਕਰੇ, ਪਰ ਇਹ ਜ਼ਰੂਰੀ ਨਹੀਂ ਕਿ ਉਹ ਖੁੱਲ੍ਹੇ ਦਿਲ ਵਾਲਾ ਇਨਸਾਨ ਹੈ। ਕਈ ਤਾਂ ਸਿਰਫ਼ ਆਪਣੇ ਫ਼ਾਇਦੇ ਵਾਸਤੇ ਹੀ ਪੁੰਨ-ਦਾਨ ਕਰਦੇ ਹਨ। ਦੂਸਰੇ ਦਿਖਾਵੇ ਲਈ ਦਾਨ ਕਰਦੇ ਹਨ ਤਾਂਕਿ ਲੋਕ ਉਨ੍ਹਾਂ ਦੀ ਵਡਿਆਈ ਕਰਨ। ਪਰ ਸੱਚੇ ਮਸੀਹੀ ਇਨ੍ਹਾਂ ਉਦੇਸ਼ਾਂ ਨਾਲ ਪੁੰਨ-ਦਾਨ ਨਹੀਂ ਕਰਦੇ। ਪਰਮੇਸ਼ੁਰ ਦੇ ਬਚਨ ਵਿਚ ਦੇਣ ਬਾਰੇ ਕੀ ਸਲਾਹ ਦਿੱਤੀ ਗਈ ਹੈ? ਪਹਿਲੀ ਸਦੀ ਦੇ ਮਸੀਹੀਆਂ ਦੇ ਪੁੰਨ-ਦਾਨ ਉੱਤੇ ਗੌਰ ਕਰ ਕੇ ਸਾਨੂੰ ਇਸ ਸਵਾਲ ਦਾ ਜਵਾਬ ਮਿਲ ਜਾਵੇਗਾ।

ਪਹਿਲੀ ਸਦੀ ਦੇ ਮਸੀਹੀਆਂ ਦਾ ਪੁੰਨ-ਦਾਨ

ਪਹਿਲੀ ਸਦੀ ਦੇ ਮਸੀਹੀ ਆਮ ਤੌਰ ਤੇ ਲੋੜਵੰਦ ਭੈਣ-ਭਰਾਵਾਂ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰ ਕੇ ਉਨ੍ਹਾਂ ਦੀ ਮਦਦ ਕਰਦੇ ਸਨ। (ਇਬਰਾਨੀਆਂ 13:16; ਰੋਮੀਆਂ 15:26) ਕਿਸੇ ਨੂੰ ਦੇਣ ਲਈ ਮਜਬੂਰ ਨਹੀਂ ਸੀ ਕੀਤਾ ਜਾਂਦਾ। ਪੌਲੁਸ ਰਸੂਲ ਨੇ ਲਿਖਿਆ: “ਹਰੇਕ ਜਿਵੇਂ ਉਹ ਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ, ਰੰਜ ਨਾਲ ਅਥਵਾ ਲਚਾਰੀ ਨਾਲ ਨਹੀਂ ਕਿਉਂ ਜੋ ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” (2 ਕੁਰਿੰਥੀਆਂ 9:7) ਦਿਖਾਵੇ ਲਈ ਦਾਨ ਦੇਣਾ ਵੀ ਗ਼ਲਤ ਸੀ। ਹਨਾਨਿਯਾ ਅਤੇ ਸਫ਼ੀਰਾ ਨੇ ਇਸ ਤਰ੍ਹਾਂ ਕੀਤਾ ਸੀ, ਜਿਸ ਲਈ ਉਨ੍ਹਾਂ ਨੂੰ ਬੜੀ ਉੱਚੀ ਕੀਮਤ ਭਰਨੀ ਪਈ।—ਰਸੂਲਾਂ ਦੇ ਕਰਤੱਬ 5:1-10.

ਦੇਣ ਦੀ ਖ਼ਾਸ ਕਰਕੇ ਉਦੋਂ ਜ਼ਰੂਰਤ ਪਈ ਜਦੋਂ 33 ਸਾ.ਯੁ. ਵਿਚ ਬਹੁਤ ਸਾਰੇ ਯਹੂਦੀ ਤੇ ਨਵ-ਯਹੂਦੀ ਪੰਤੇਕੁਸਤ ਦੇ ਤਿਉਹਾਰ ਤੇ ਦੂਰੋਂ-ਦੂਰੋਂ ਯਰੂਸ਼ਲਮ ਨੂੰ ਆਏ ਸਨ। ਉਸ ਦਿਨ ਯਿਸੂ ਦੇ ਚੇਲੇ “ਪਵਿੱਤ੍ਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ।” ਉਨ੍ਹਾਂ ਦੇ ਆਲੇ-ਦੁਆਲੇ ਇਕ ਭੀੜ ਇਕੱਠੀ ਹੋ ਗਈ ਅਤੇ ਪਤਰਸ ਨੇ ਭੀੜ ਨੂੰ ਯਿਸੂ ਬਾਰੇ ਬਹੁਤ ਸਾਰੀਆਂ ਪ੍ਰਭਾਵਸ਼ਾਲੀ ਗੱਲਾਂ ਸੁਣਾਈਆਂ। ਬਾਅਦ ਵਿਚ ਲੋਕਾਂ ਨੇ ਦੇਖਿਆ ਕਿ ਪਤਰਸ ਤੇ ਯੂਹੰਨਾ ਨੇ ਹੈਕਲ ਦੇ ਦਰਵਾਜ਼ੇ ਕੋਲ ਬੈਠੇ ਇਕ ਲੰਗੜੇ ਆਦਮੀ ਨੂੰ ਚੰਗਾ ਕੀਤਾ। ਅੱਗੇ ਉਨ੍ਹਾਂ ਨੇ ਪਤਰਸ ਨੂੰ ਯਿਸੂ ਅਤੇ ਤੋਬਾ ਕਰਨ ਦੀ ਜ਼ਰੂਰਤ ਬਾਰੇ ਹੋਰ ਗੱਲਾਂ ਕਰਦੇ ਹੋਏ ਵੀ ਸੁਣਿਆ। ਹਜ਼ਾਰਾਂ ਨੇ ਤੋਬਾ ਕੀਤੀ ਅਤੇ ਉਨ੍ਹਾਂ ਨੂੰ ਯਿਸੂ ਦੇ ਚੇਲਿਆਂ ਵਜੋਂ ਬਪਤਿਸਮਾ ਦਿੱਤਾ ਗਿਆ।—ਰਸੂਲਾਂ ਦੇ ਕਰਤੱਬ, ਅਧਿਆਇ 2 ਅਤੇ 3.

ਨਵੇਂ ਬਣੇ ਭੈਣ-ਭਰਾ ਰਸੂਲਾਂ ਤੋਂ ਸਿੱਖਿਆ ਲੈਣ ਲਈ ਯਰੂਸ਼ਲਮ ਵਿਚ ਹੋਰ ਕੁਝ ਦਿਨ ਰਹਿਣਾ ਚਾਹੁੰਦੇ ਸਨ। ਪਰ ਰਸੂਲ ਇੰਨੇ ਸਾਰੇ ਲੋਕਾਂ ਦੀ ਦੇਖ-ਭਾਲ ਕਿਵੇਂ ਕਰ ਸਕਦੇ ਸਨ? ਬਾਈਬਲ ਸਾਨੂੰ ਦੱਸਦੀ ਹੈ ਕਿ “ਜਿਹੜੇ ਜਮੀਨਾਂ ਅਤੇ ਘਰਾਂ ਦੇ ਮਾਲਕ ਸਨ ਓਹ ਉਨ੍ਹਾਂ ਨੂੰ ਵੇਚ ਕੇ ਵਿਕੀਆਂ ਹੋਈਆਂ ਵਸਤਾਂ ਦਾ ਮੁੱਲ ਲਿਆਉਂਦੇ ਅਤੇ ਰਸੂਲਾਂ ਦੇ ਚਰਨਾਂ ਉੱਤੇ ਧਰਦੇ ਸਨ ਅਤੇ ਹਰੇਕ ਨੂੰ ਉਹ ਦੀ ਲੋੜ ਅਨੁਸਾਰ ਵੰਡ ਦਿੰਦੇ ਸਨ।” (ਰਸੂਲਾਂ ਦੇ ਕਰਤੱਬ 4:33-35) ਯਰੂਸ਼ਲਮ ਵਿਚ ਨਵੀਂ-ਨਵੀਂ ਬਣੀ ਕਲੀਸਿਯਾ ਦੇ ਭੈਣ-ਭਾਈ ਸੱਚ-ਮੁੱਚ ਹੀ ਕਿੰਨੇ ਖੁੱਲ੍ਹ-ਦਿਲੇ ਸਨ!

ਬਾਅਦ ਵਿਚ ਦੂਸਰੀਆਂ ਕਲੀਸਿਯਾਵਾਂ ਨੇ ਵੀ ਯਰੂਸ਼ਲਮ ਵਿਚ ਰਹਿੰਦੇ ਭੈਣ-ਭਾਈਆਂ ਵਾਂਗ ਕੀਤਾ। ਮਿਸਾਲ ਵਜੋਂ, ਭਾਵੇਂ ਮਕਦੂਨਿਯਾ ਦੇ ਮਸੀਹੀ ਆਪ ਗ਼ਰੀਬ ਸਨ, ਪਰ ਫਿਰ ਵੀ ਉਨ੍ਹਾਂ ਨੇ ਯਹੂਦਿਯਾ ਵਿਚ ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਆਪਣੀ ਪਹੁੰਚ ਤੋਂ ਜ਼ਿਆਦਾ ਦਿੱਤਾ। (ਰੋਮੀਆਂ 15:26; 2 ਕੁਰਿੰਥੀਆਂ 8:1-7) ਪੌਲੁਸ ਰਸੂਲ ਦੀ ਸੇਵਕਾਈ ਵਿਚ ਉਸ ਦੀ ਸਹਾਇਤਾ ਕਰਨ ਵਿਚ ਫ਼ਿਲਿੱਪੈ ਦੀ ਕਲੀਸਿਯਾ ਬੇਮਿਸਾਲ ਸੀ। (ਫ਼ਿਲਿੱਪੀਆਂ 4:15, 16) ਯਰੂਸ਼ਲਮ ਦੀ ਕਲੀਸਿਯਾ ਲੋੜਵੰਦ ਵਿਧਵਾਵਾਂ ਲਈ ਰੋਜ਼ ਰੋਟੀ ਦਾ ਪ੍ਰਬੰਧ ਕਰਦੀ ਸੀ। ਇਸ ਕੰਮ ਲਈ ਰਸੂਲਾਂ ਨੇ ਸੱਤ ਕਾਬਲ ਭਰਾ ਚੁਣੇ ਜੋ ਧਿਆਨ ਰੱਖਦੇ ਸਨ ਕਿ ਭੋਜਨ ਵੰਡਦੇ ਸਮੇਂ ਕਿਸੇ ਵੀ ਲੋੜਵੰਦ ਵਿਧਵਾ ਦੀ ਅਣਗਹਿਲੀ ਨਾ ਕੀਤੀ ਜਾਵੇ।—ਰਸੂਲਾਂ ਦੇ ਕਰਤੱਬ 6:1-6.

ਪਹਿਲੀ ਸਦੀ ਦੇ ਮਸੀਹੀ ਕਦੇ-ਕਦੇ ਮੁਸ਼ਕਲ ਸਮੇਂ ਆਉਣ ਤੋਂ ਪਹਿਲਾਂ ਹੀ ਆਪਣੇ ਭਰਾਵਾਂ ਦੀ ਮਦਦ ਕਰਨ ਦੀ ਤਿਆਰੀ ਕਰਦੇ ਸਨ। ਮਿਸਾਲ ਵਜੋਂ, ਜਦ ਆਗਬੁਸ ਨਬੀ ਨੇ ਦੱਸਿਆ ਕਿ ਇਕ ਵੱਡਾ ਕਾਲ ਪਵੇਗਾ, ਤਾਂ ਸੀਰੀਆ ਦੇ ਅੰਤਾਕਿਯਾ ਸ਼ਹਿਰ ਦੀ ਕਲੀਸਿਯਾ ਦੇ ਮਸੀਹੀਆਂ ਵਿੱਚੋਂ “ਹਰੇਕ ਨੇ ਆਪੋ ਆਪਣੀ ਪਹੁੰਚ ਦੇ ਅਨੁਸਾਰ ਉਨ੍ਹਾਂ ਭਾਈਆਂ ਦੀ ਮੱਦਤ ਲਈ ਜਿਹੜੇ ਯਹੂਦਿਯਾ ਵਿਚ ਰਹਿੰਦੇ ਸਨ ਕੁਝ ਘੱਲਣ ਦੀ ਦਲੀਲ ਕੀਤੀ।” (ਰਸੂਲਾਂ ਦੇ ਕਰਤੱਬ 11:28, 29) ਦੂਸਰਿਆਂ ਦੀ ਲੋੜ ਬਾਰੇ ਸੋਚਣ ਵਿਚ ਉਨ੍ਹਾਂ ਨੇ ਕਿੰਨੀ ਵਧੀਆ ਮਿਸਾਲ ਸਥਾਪਿਤ ਕੀਤੀ!

ਇਹ ਮੁਢਲੇ ਮਸੀਹੀ ਆਪਣੇ ਭਰਾਵਾਂ ਨਾਲ ਇੰਨਾ ਪਿਆਰ ਕਿਉਂ ਕਰਦੇ ਸਨ ਤੇ ਇੰਨੇ ਖੁੱਲ੍ਹੇ ਦਿਲ ਵਾਲੇ ਕਿਉਂ ਸਨ? ਅਸੀਂ ਉਨ੍ਹਾਂ ਵਾਂਗ ਖੁੱਲ੍ਹ-ਦਿਲੇ ਕਿਵੇਂ ਬਣ ਸਕਦੇ ਹਾਂ? ਆਓ ਆਪਾਂ ਥੋੜ੍ਹੇ ਸਮੇਂ ਲਈ ਰਾਜਾ ਦਾਊਦ ਦੀ ਉਦਾਹਰਣ ਉੱਤੇ ਗੌਰ ਕਰੀਏ ਅਤੇ ਦੇਖੀਏ ਕਿ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ।

ਦਾਊਦ ਨੇ ਸੱਚੀ ਭਗਤੀ ਲਈ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ

ਨੇਮ ਦਾ ਪਵਿੱਤਰ ਸੰਦੂਕ ਯਹੋਵਾਹ ਦੀ ਮੌਜੂਦਗੀ ਨੂੰ ਦਰਸਾਉਂਦਾ ਸੀ। ਤਕਰੀਬਨ 500 ਸਾਲਾਂ ਲਈ ਇਸ ਸੰਦੂਕ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ। ਜਦੋਂ ਇਸਰਾਏਲ ਕੌਮ ਉਜਾੜ ਵਿਚ ਘੁੰਮ ਰਹੀ ਸੀ, ਤਾਂ ਇਸ ਸੰਦੂਕ ਨੂੰ ਤੰਬੂ ਜਾਂ ਡੇਹਰੇ ਵਿਚ ਰੱਖਿਆ ਜਾਂਦਾ ਸੀ ਅਤੇ ਇਸਰਾਏਲੀ ਇਸ ਨੂੰ ਆਪਣੇ ਨਾਲ ਜਗ੍ਹਾ-ਜਗ੍ਹਾ ਲੈ ਜਾਂਦੇ ਸਨ। ਵਾਅਦਾ ਕਿਤੇ ਹੋਏ ਦੇਸ਼ ਵਿਚ ਜਾਣ ਤੋਂ ਬਾਅਦ ਵੀ ਇਸ ਸੰਦੂਕ ਨੂੰ ਤੰਬੂ ਵਿਚ ਰੱਖਿਆ ਜਾਂਦਾ ਸੀ। ਰਾਜਾ ਦਾਊਦ ਦੀ ਖ਼ਾਹਸ਼ ਸੀ ਕਿ ਉਹ ਯਹੋਵਾਹ ਲਈ ਇਕ ਢੁਕਵੀਂ ਜਗ੍ਹਾ ਬਣਾਏ ਜਿਸ ਵਿਚ ਪਵਿੱਤਰ ਸੰਦੂਕ ਰੱਖਿਆ ਜਾ ਸਕੇ। ਨਾਥਾਨ ਨਬੀ ਨਾਲ ਗੱਲ ਕਰਦੇ ਹੋਏ ਦਾਊਦ ਨੇ ਕਿਹਾ: “ਵੇਖ, ਮੈਂ ਤਾਂ ਦਿਆਰ ਦੀ ਲੱਕੜ ਦੇ ਬਣਾਏ ਹੋਏ ਮਹਿਲ ਦੇ ਵਿਚ ਰਹਿੰਦਾ ਹਾਂ ਪਰ ਯਹੋਵਾਹ ਦੇ ਨੇਮ ਦਾ ਸੰਦੂਕ ਪੜਦਿਆਂ ਦੇ ਹੇਠ ਹੈ।”—1 ਇਤਹਾਸ 17:1.

ਪਰ ਦਾਊਦ ਨੇ ਬਹੁਤ ਲੜਾਈਆਂ ਲੜੀਆਂ ਸਨ। ਇਸ ਲਈ ਯਹੋਵਾਹ ਨੇ ਕਿਹਾ ਕਿ ਦਾਊਦ ਦਾ ਪੁੱਤਰ ਸੁਲੇਮਾਨ ਸ਼ਾਂਤੀ ਦੇ ਸਮੇਂ ਦੌਰਾਨ ਨੇਮ ਦੇ ਸੰਦੂਕ ਨੂੰ ਰੱਖਣ ਲਈ ਹੈਕਲ ਬਣਾਵੇਗਾ। (1 ਇਤਹਾਸ 22:7-10) ਦਾਊਦ ਨਿਰਾਸ਼ ਨਹੀਂ ਹੋਇਆ, ਪਰ ਉਸ ਨੇ ਹੈਕਲ ਦੀ ਉਸਾਰੀ ਲਈ ਬਹੁਤ ਸਾਰੇ ਲੋਕਾਂ ਰਾਹੀਂ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਉਸ ਨੇ ਸੁਲੇਮਾਨ ਨੂੰ ਦੱਸਿਆ: “ਮੈਂ . . . ਯਹੋਵਾਹ ਦੇ ਭਵਨ ਲਈ ਇੱਕ ਲੱਖ ਕੰਤਾਰ ਸੋਨਾ ਅਤੇ ਦਸ ਲੱਖ ਕੰਤਾਰ ਚਾਂਦੀ ਅਤੇ ਬਿਓੜਕਾ ਪਿੱਤਲ ਅਰ ਲੋਹਿਆ ਇਕੱਠਾ ਕੀਤਾ, ਜੋ ਉਹ ਤਾਂ ਬਹੁਤਾਇਤ ਨਾਲ ਹੈ, ਅਤੇ ਲੱਕੜ ਕਾਠ ਅਤੇ ਸਿਲ ਪੱਥਰ ਨੂੰ ਵੀ ਤਿਆਰ ਕੀਤਾ।” (1 ਇਤਹਾਸ 22:14) ਪਰ ਇੰਨਾ ਕੁਝ ਕਰ ਕੇ ਵੀ ਦਾਊਦ ਸੰਤੁਸ਼ਟ ਨਹੀਂ ਸੀ। ਉਸ ਨੇ ਆਪਣੇ ਕੋਲੋਂ ਚਾਂਦੀ ਤੇ ਸੋਨਾ ਦਾਨ ਕੀਤਾ ਜੋ ਅੱਜ ਦੇ ਹਿਸਾਬ ਨਾਲ ਕੁਝ 120 ਕਰੋੜ ਡਾਲਰ ਦੇ ਬਰਾਬਰ ਸੀ। ਇਸ ਦੇ ਨਾਲ-ਨਾਲ ਰਾਜਕੁਮਾਰਾਂ ਨੇ ਵੀ ਦਿਲ ਖੋਲ੍ਹ ਕੇ ਦਾਨ ਕੀਤਾ। (1 ਇਤਹਾਸ 29:3-9) ਜੀ ਹਾਂ, ਦਾਊਦ ਸੱਚ-ਮੁੱਚ ਇਕ ਖੁੱਲ੍ਹ-ਦਿਲਾ ਇਨਸਾਨ ਸੀ!

ਦਾਊਦ ਨੂੰ ਕਿਸ ਚੀਜ਼ ਨੇ ਦਿਲ ਖੋਲ੍ਹ ਕੇ ਇੰਨਾ ਕੁਝ ਦੇਣ ਲਈ ਪ੍ਰੇਰਿਆ ਸੀ? ਉਹ ਜਾਣਦਾ ਸੀ ਕਿ ਜੋ ਵੀ ਉਸ ਨੇ ਆਪਣੀ ਜ਼ਿੰਦਗੀ ਵਿਚ ਹਾਸਲ ਕੀਤਾ ਜਾਂ ਜੋ ਵੀ ਸਫ਼ਲਤਾ ਉਸ ਨੇ ਪਾਈ ਸੀ, ਇਹ ਸਭ ਕੁਝ ਯਹੋਵਾਹ ਦੀ ਮਿਹਰਬਾਨੀ ਸੀ। ਉਸ ਨੇ ਪ੍ਰਾਰਥਨਾ ਵਿਚ ਕਬੂਲ ਕੀਤਾ: “ਹੇ ਯਹੋਵਾਹ ਸਾਡੇ ਪਰਮੇਸ਼ੁਰ, ਏਹ ਸਭ ਜ਼ਖੀਰਾ ਜਿਹੜਾ ਅਸਾਂ ਇਕੱਠਾ ਕੀਤਾ ਹੈ, ਕਿ ਤੇਰੇ ਪਵਿੱਤ੍ਰ ਨਾਮ ਦੇ ਲਈ ਇੱਕ ਭਵਨ ਬਣਾਈਏ ਤੇਰੇ ਹੀ ਹੱਥੋਂ ਆਇਆ ਹੈ ਅਰ ਸਭ ਤੇਰਾ ਹੀ ਹੈ। ਅਰ ਹੇ ਮੇਰੇ ਪਰਮੇਸ਼ੁਰ, ਮੈਂ ਇਸ ਗੱਲ ਦਾ ਭੀ ਜਾਣੂ ਹਾਂ ਜੋ ਤੂੰ ਮਨ ਦੀ ਪਰੀਖਿਆ ਕਰਦਾ ਹੈਂ ਅਰ ਸਚਿਆਈ ਤੈਨੂੰ ਭਾਉਂਦੀ ਹੈ, ਅਰ ਮੈਂ ਤਾਂ ਆਪਣੇ ਮਨ ਦੀ ਸਚਿਆਈ ਨਾਲ ਏਹ ਸਭ ਕੁਝ ਮਨ ਦੇ ਪ੍ਰੇਮ ਨਾਲ ਚੜ੍ਹਾਇਆ ਹੈ ਅਤੇ ਮੈਂ ਵੱਡੀ ਸ਼ਾਂਤ ਨਾਲ ਇਹ ਭੀ ਡਿੱਠਾ ਜੋ ਤੇਰੀ ਪਰਜਾ ਜਿਹੜੀ ਇਥੇ ਹਾਜ਼ਰ ਹੈ, ਮਨ ਦੇ ਪ੍ਰੇਮ ਨਾਲ ਤੇਰੇ ਨਮਿੱਤ ਦਿੰਦੇ ਹਨ।” (1 ਇਤਹਾਸ 29:16, 17) ਦਾਊਦ ਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਦੀ ਬਹੁਤ ਹੀ ਕਦਰ ਸੀ। ਉਸ ਨੇ “ਪੱਕੇ ਮਨ ਨਾਲ, ਅਰ ਚਿੱਤ ਦੇ ਪ੍ਰੇਮ ਨਾਲ” ਪਰਮੇਸ਼ੁਰ ਦੀ ਸੇਵਾ ਕਰਨ ਦੀ ਜ਼ਰੂਰਤ ਨੂੰ ਪਛਾਣਿਆ ਅਤੇ ਉਸ ਨੂੰ ਇਸ ਤਰ੍ਹਾਂ ਕਰਨ ਤੋਂ ਬਹੁਤ ਖ਼ੁਸ਼ੀ ਵੀ ਮਿਲੀ। (1 ਇਤਹਾਸ 28:9) ਇਸੇ ਤਰ੍ਹਾਂ, ਪਹਿਲੀ ਸਦੀ ਦੇ ਮਸੀਹੀਆਂ ਨੇ ਵੀ ਪੱਕੇ ਮਨ ਨਾਲ ਤੇ ਚਿੱਤ ਦੇ ਪ੍ਰੇਮ ਨਾਲ ਦਿਲ ਖੋਲ੍ਹ ਕੇ ਦਾਨ ਕੀਤਾ ਸੀ।

ਯਹੋਵਾਹ—ਸਰਬੋਚ ਦਾਤਾ

ਦੇਣ ਦੇ ਸੰਬੰਧ ਵਿਚ ਸਭ ਤੋਂ ਉੱਤਮ ਮਿਸਾਲ ਯਹੋਵਾਹ ਦੀ ਹੈ। ਉਹ ਇਨਸਾਨਾਂ ਨਾਲ ਇੰਨਾ ਪ੍ਰੇਮ ਕਰਦਾ ਹੈ ਤੇ ਉਨ੍ਹਾਂ ਦੀ ਇੰਨੀ ਚਿੰਤਾ ਕਰਦਾ ਹੈ ਕਿ “ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।” (ਮੱਤੀ 5:45) ਸਾਰੀ ਮਨੁੱਖਜਾਤੀ ਨੂੰ ਉਹ “ਜੀਉਣ, ਸਵਾਸ ਅਤੇ ਸੱਭੋ ਕੁਝ ਦਿੰਦਾ ਹੈ।” (ਰਸੂਲਾਂ ਦੇ ਕਰਤੱਬ 17:25) ਜੀ ਹਾਂ, ਜਿਵੇਂ ਯਿਸੂ ਦੇ ਚੇਲੇ ਯਾਕੂਬ ਨੇ ਕਿਹਾ ਸੀ, “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ ਉਤਾਹਾਂ ਤੋਂ ਹੈ ਅਤੇ ਜੋਤਾ ਦੇ ਪਿਤਾ ਵੱਲੋਂ ਉਤਰ ਆਉਂਦੀ ਹੈ।”—ਯਾਕੂਬ 1:17.

ਯਹੋਵਾਹ ਵੱਲੋਂ ਸਾਡੇ ਲਈ ਸਭ ਤੋਂ ਵੱਡੀ ਦਾਤ ਕੀ ਹੈ? ਉਸ ਨੇ ਸਾਡੇ ਲਈ ਆਪਣਾ “ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਕੋਈ ਵੀ ਇਨਸਾਨ ਇਸ ਦਾਤ ਦਾ ਹੱਕਦਾਰ ਨਹੀਂ ਹੈ ਕਿਉਂ ਜੋ “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਰੋਮੀਆਂ 3:23, 24; 1 ਯੂਹੰਨਾ 4:9, 10) ਯਿਸੂ ਦੇ ਬਲੀਦਾਨ ਦੇ ਜ਼ਰੀਏ ਸਾਨੂੰ ਉਹ ਦਾਤ ਮਿਲਦੀ ਹੈ ਜਿਹੜੀ “ਕਹਿਣ ਤੋਂ ਬਾਹਰ ਹੈ” ਯਾਨੀ “ਪਰਮੇਸ਼ੁਰ ਦੀ ਅੱਤ ਕਿਰਪਾ।” (2 ਕੁਰਿੰਥੀਆਂ 9:14, 15) ਪਰਮੇਸ਼ੁਰ ਦੀ ਇਸ ਦਾਤ ਦੀ ਕਦਰ ਕਰਦੇ ਹੋਏ ਪੌਲੁਸ ਨੇ ਆਪਣੀ ਸਾਰੀ ਜ਼ਿੰਦਗੀ “ਪਰਮੇਸ਼ੁਰ ਦੀ ਕਿਰਪਾ ਦੀ ਖੁਸ਼ ਖਬਰੀ ਉੱਤੇ ਸਾਖੀ” ਭਰਨ ਦੇ ਕੰਮ ਵਿਚ ਲਾ ਦਿੱਤੀ। (ਰਸੂਲਾਂ ਦੇ ਕਰਤੱਬ 20:24) ਉਹ ਜਾਣਦਾ ਸੀ ਕਿ ਪਰਮੇਸ਼ੁਰ ਚਾਹੁੰਦਾ ਹੈ “ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।”—1 ਤਿਮੋਥਿਉਸ 2:4.

ਅੱਜ ਦੁਨੀਆਂ ਦੇ 234 ਦੇਸ਼ਾਂ ਵਿਚ ਪ੍ਰਚਾਰ ਦੇ ਇਕ ਵੱਡੇ ਕੰਮ ਰਾਹੀਂ ਬਚਾਅ ਦਾ ਇਹ ਕੰਮ ਕੀਤਾ ਜਾ ਰਿਹਾ ਹੈ। ਯਿਸੂ ਨੇ ਇਸ ਬਾਰੇ ਪਹਿਲਾਂ ਹੀ ਦੱਸਿਆ ਸੀ ਜਦ ਉਸ ਨੇ ਕਿਹਾ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰੀ ਦੁਨੀਆਂ ਵਿਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਜੀ ਹਾਂ, ਅੰਤ ਆਉਣ ਤੋਂ ‘ਪਹਿਲਾਂ ਸਾਰੀਆਂ ਕੌਮਾਂ ਦੇ ਅੱਗੇ ਖੁਸ਼ ਖਬਰੀ ਦਾ ਪ੍ਰਚਾਰ ਕੀਤਾ ਜਾਣਾ ਸੀ।’ (ਮਰਕੁਸ 13:10) ਪਿਛਲੇ ਸਾਲ ਯਹੋਵਾਹ ਦੇ 60 ਲੱਖ ਤੋਂ ਜ਼ਿਆਦਾ ਗਵਾਹਾਂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ 1,20,23,81,302 ਘੰਟੇ ਬਿਤਾਏ ਅਤੇ 53 ਲੱਖ ਬਾਈਬਲ ਸਟੱਡੀਆਂ ਕਰਾਈਆਂ। ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਹਨ, ਇਸ ਲਈ ਇਹ ਕੰਮ ਅਤਿ ਜ਼ਰੂਰੀ ਹੈ।—ਰੋਮੀਆਂ 10:13-15; 1 ਕੁਰਿੰਥੀਆਂ 1:21.

ਬਾਈਬਲ ਦੀ ਸੱਚਾਈ ਸਿੱਖਣ ਵਾਲਿਆਂ ਦੀ ਮਦਦ ਕਰਨ ਲਈ ਹਰ ਸਾਲ ਲੱਖਾਂ ਬਾਈਬਲਾਂ, ਬ੍ਰੋਸ਼ਰ ਅਤੇ ਪੁਸਤਕਾਂ ਛਾਪੀਆਂ ਜਾਂਦੀਆਂ ਹਨ। ਇਸ ਦੇ ਨਾਲ-ਨਾਲ ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲਿਆਂ ਦੀਆਂ ਇਕ ਅਰਬ ਤੋਂ ਜ਼ਿਆਦਾ ਕਾਪੀਆਂ ਵੀ ਛਾਪੀਆਂ ਜਾਂਦੀਆਂ ਹਨ। ਜਿਉਂ-ਜਿਉਂ ਖ਼ੁਸ਼ ਖ਼ਬਰੀ ਨੂੰ ਕਬੂਲ ਕਰਨ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾਂਦੀ ਹੈ, ਉਨ੍ਹਾਂ ਨੂੰ ਬਾਈਬਲ ਤੋਂ ਹੋਰ ਸਿਖਲਾਈ ਦੇਣ ਲਈ ਨਵੇਂ ਕਿੰਗਡਮ ਹਾਲ ਤੇ ਸੰਮੇਲਨ ਭਵਨ ਉਸਾਰੇ ਜਾਂਦੇ ਹਨ। ਹਰ ਸਾਲ ਵੱਡੇ ਤੇ ਛੋਟੇ ਸੰਮੇਲਨਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਮਿਸ਼ਨਰੀਆਂ, ਸਫ਼ਰੀ ਨਿਗਾਹਬਾਨਾਂ, ਬਜ਼ੁਰਗਾਂ ਤੇ ਸਹਾਇਕ ਸੇਵਕਾਂ ਦੀ ਟ੍ਰੇਨਿੰਗ ਵੀ ਹਮੇਸ਼ਾ ਜਾਰੀ ਰਹਿੰਦੀ ਹੈ। ਅਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਸਾਡੇ ਲਈ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਰਦਾ ਹੈ। (ਮੱਤੀ 24:45-47) ਅਸੀਂ ਯਹੋਵਾਹ ਦਾ ਧੰਨਵਾਦ ਕਿਵੇਂ ਕਰ ਸਕਦੇ ਹਾਂ?

ਯਹੋਵਾਹ ਦਾ ਧੰਨਵਾਦ ਕਰੋ

ਜਿਵੇਂ ਹੈਕਲ ਦੀ ਉਸਾਰੀ ਅਤੇ ਮੁਢਲੇ ਮਸੀਹੀਆਂ ਦੀਆਂ ਜ਼ਰੂਰਤਾਂ ਨੂੰ ਸਵੈ-ਇੱਛੁਕ ਦਾਨ ਨਾਲ ਪੂਰਾ ਕੀਤਾ ਗਿਆ ਸੀ, ਉਸੇ ਤਰ੍ਹਾਂ ਅੱਜ ਵੀ ਯਹੋਵਾਹ ਦੇ ਗਵਾਹਾਂ ਦੇ ਸਾਰੇ ਕੰਮ ਸਵੈ-ਇੱਛੁਕ ਦਾਨ ਨਾਲ ਕੀਤੇ ਜਾਂਦੇ ਹਨ। ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਦਾਨ ਦੇ ਕੇ ਯਹੋਵਾਹ ਨੂੰ ਅਮੀਰ ਨਹੀਂ ਬਣਾਉਂਦੇ ਹਾਂ ਕਿਉਂਕਿ ਸਭ ਕੁਝ ਪਹਿਲਾਂ ਹੀ ਉਸ ਦਾ ਹੈ। (1 ਇਤਹਾਸ 29:14; ਹੱਜਈ 2:8) ਤਾਂ ਫਿਰ, ਦਾਨ ਕਰ ਕੇ ਅਸੀਂ ਸਬੂਤ ਦਿੰਦੇ ਹਾਂ ਕਿ ਅਸੀਂ ਯਹੋਵਾਹ ਨਾਲ ਪਿਆਰ ਕਰਦੇ ਹਾਂ ਅਤੇ ਸਾਡੀ ਇੱਛਾ ਹੈ ਕਿ ਸਾਰੇ ਉਸ ਦੀ ਭਗਤੀ ਕਰਨ। ਪੌਲੁਸ ਨੇ ਲਿਖਿਆ ਕਿ ਸਾਡੀ ਖੁੱਲ੍ਹ-ਦਿਲੀ ਨਾਲ “ਪਰਮੇਸ਼ਰ ਦਾ ਧੰਨਵਾਦ ਹੋਵੇਗਾ।” (2 ਕੁਰਿੰਥੀਆਂ 9:8-13, ਪਵਿੱਤਰ ਬਾਈਬਲ ਨਵਾਂ ਅਨੁਵਾਦ) ਯਹੋਵਾਹ ਇਸ ਤਰ੍ਹਾਂ ਦਾਨ ਕਰਨ ਲਈ ਸਾਨੂੰ ਉਤਸ਼ਾਹਿਤ ਕਰਦਾ ਹੈ ਕਿਉਂਕਿ ਅਜਿਹਾ ਪੁੰਨ-ਦਾਨ ਦਿਖਾਉਂਦਾ ਹੈ ਕਿ ਅਸੀਂ ਉਸ ਨੂੰ ਦਿਲੋਂ ਪਿਆਰ ਕਰਦੇ ਹਾਂ। ਯਹੋਵਾਹ ਉੱਤੇ ਭਰੋਸਾ ਰੱਖਣ ਵਾਲੇ ਖੁੱਲ੍ਹ-ਦਿਲੇ ਇਨਸਾਨਾਂ ਤੇ ਉਸ ਦੀ ਕਿਰਪਾ ਜ਼ਰੂਰ ਹੋਵੇਗੀ ਅਤੇ ਉਹ ਰੂਹਾਨੀ ਤੌਰ ਤੇ ਵੀ ਕਾਮਯਾਬ ਹੋਣਗੇ। (ਬਿਵਸਥਾ ਸਾਰ 11:13-15; ਕਹਾਉਤਾਂ 3:9, 10; 11:25) ਯਿਸੂ ਨੇ “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ” ਕਹਿ ਕੇ ਸਾਨੂੰ ਭਰੋਸਾ ਦਿਲਾਇਆ ਕਿ ਖੁੱਲ੍ਹ-ਦਿਲੇ ਬਣਨ ਨਾਲ ਸਾਨੂੰ ਖ਼ੁਸ਼ੀ ਮਿਲੇਗੀ।—ਰਸੂਲਾਂ ਦੇ ਕਰਤੱਬ 20:35.

ਖੁੱਲ੍ਹ-ਦਿਲੇ ਮਸੀਹੀ ਕਿਸੇ ਦੀ ਮਦਦ ਕਰਨ ਲਈ ਮੁਸ਼ਕਲ ਸਮਿਆਂ ਦਾ ਇੰਤਜ਼ਾਰ ਨਹੀਂ ਕਰਦੇ। ਇਸ ਦੀ ਬਜਾਇ ਉਹ ‘ਸਭਨਾਂ ਨਾਲ ਭਲਾ ਕਰਨ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ’ ਭਲਾ ਕਰਨ ਦੇ ਮੌਕੇ ਭਾਲਦੇ ਰਹਿੰਦੇ ਹਨ। (ਗਲਾਤੀਆਂ 6:10) ਖੁੱਲ੍ਹ-ਦਿਲੇ ਬਣਨ ਬਾਰੇ ਗੱਲ ਕਰਦੇ ਹੋਏ ਪੌਲੁਸ ਨੇ ਲਿਖਿਆ: “ਭਲਾ ਕਰਨੋਂ ਅਤੇ ਪਰਉਪਕਾਰ ਕਰਨੋਂ ਨਾ ਭੁੱਲਿਓ ਕਿਉਂਕਿ ਅਜੇਹਿਆਂ ਬਲੀਦਾਨਾਂ ਤੋਂ ਪਰਮੇਸ਼ੁਰ ਪਰਸੰਨ ਹੁੰਦਾ ਹੈ।” (ਇਬਰਾਨੀਆਂ 13:16) ਜਦ ਅਸੀਂ ਆਪਣੀ ਧਨ-ਦੌਲਤ, ਸਮਾਂ ਅਤੇ ਸ਼ਕਤੀ ਇਸਤੇਮਾਲ ਕਰ ਕੇ ਦੂਸਰਿਆਂ ਦੀ ਮਦਦ ਕਰਦੇ ਹਾਂ ਜਾਂ ਸੱਚਾਈ ਫੈਲਾਉਣ ਦੇ ਕੰਮਾਂ ਵਿਚ ਆਪਣੀ ਪੂਰੀ ਵਾਹ ਲਾਉਂਦੇ ਹਾਂ, ਤਾਂ ਇਹ ਯਹੋਵਾਹ ਪਰਮੇਸ਼ੁਰ ਨੂੰ ਬੜਾ ਅੱਛਾ ਲੱਗਦਾ ਹੈ। ਸੱਚ-ਮੁੱਚ ਹੀ ਉਹ ਖੁੱਲ੍ਹ-ਦਿਲੇ ਇਨਸਾਨਾਂ ਨੂੰ ਬਹੁਤ ਪਸੰਦ ਕਰਦਾ ਹੈ।

[ਸਫ਼ੇ 28, 29 ਉੱਤੇ ਡੱਬੀ/ਤਸਵੀਰ]

ਕੁਝ ਲੋਕ ਇਨ੍ਹਾਂ ਤਰੀਕਿਆਂ ਨਾਲ ਦਾਨ ਦੇਣਾ ਪਸੰਦ ਕਰਦੇ ਹਨ

ਵਿਸ਼ਵ-ਵਿਆਪੀ ਕੰਮ ਲਈ ਦਾਨ

ਕਈ ਲੋਕ ਦਾਨ ਦੇਣ ਲਈ ਕੁਝ ਪੈਸਾ ਵੱਖਰਾ ਰੱਖਦੇ ਹਨ। ਉਹ ਇਹ ਪੈਸਾ ਦਾਨ ਦੇ ਉਨ੍ਹਾਂ ਡੱਬਿਆਂ ਵਿਚ ਪਾਉਂਦੇ ਹਨ ਜਿਨ੍ਹਾਂ ਉੱਤੇ ਲਿਖਿਆ ਹੁੰਦਾ ਹੈ: “ਵਿਸ਼ਵ-ਵਿਆਪੀ ਕੰਮ ਲਈ ਚੰਦਾ—ਮੱਤੀ 24:14.”

ਹਰ ਮਹੀਨੇ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨੂੰ ਇਹ ਦਾਨ ਭੇਜ ਦਿੰਦੀਆਂ ਹਨ। ਜੇ ਕੋਈ ਚਾਹੇ, ਤਾਂ ਉਹ ਆਪ ਪੈਸੇ ਇਨ੍ਹਾਂ ਆਫ਼ਿਸਾਂ ਨੂੰ ਸਿੱਧਾ ਭੇਜ ਸਕਦਾ ਹੈ। ਇਨ੍ਹਾਂ ਆਫ਼ਿਸਾਂ ਦੇ ਪਤੇ ਇਸ ਰਸਾਲੇ ਦੇ ਦੂਜੇ ਸਫ਼ੇ ਤੇ ਮਿਲ ਸਕਦੇ ਹਨ। ਚੈਕ “ਵਾਚਟਾਵਰ” ਨੂੰ ਬਣਾਇਆ ਜਾਣਾ ਚਾਹੀਦਾ ਹੈ। ਗਹਿਣੇ ਜਾਂ ਹੋਰ ਕੀਮਤੀ ਵਸਤਾਂ ਵੀ ਦਾਨ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਚੀਜ਼ਾਂ ਦੇ ਨਾਲ-ਨਾਲ ਇਕ ਛੋਟੀ ਜਿਹੀ ਚਿੱਠੀ ਰਾਹੀਂ ਦੱਸਿਆ ਜਾਣਾ ਚਾਹੀਦਾ ਹੈ ਕਿ ਇਹ ਸ਼ਰਤ-ਰਹਿਤ ਤੋਹਫ਼ੇ ਹਨ।

ਸ਼ਰਤੀ ਦਾਨ ਪ੍ਰਬੰਧ

ਕਈ ਦੇਸ਼ਾਂ ਵਿਚ ਇਸ ਖ਼ਾਸ ਪ੍ਰਬੰਧ ਅਧੀਨ ਜੇ ਕੋਈ ਵਿਅਕਤੀ ਪੈਸੇ ਦਾਨ ਕਰਦਾ ਹੈ, ਤਾਂ ਬਾਅਦ ਵਿਚ ਉਸ ਨੂੰ ਲੋੜ ਪੈਣ ਤੇ ਪੈਸਾ ਵਾਪਸ ਕੀਤਾ ਜਾ ਸਕਦਾ ਹੈ। ਹੋਰ ਜਾਣਕਾਰੀ ਲਈ, ਕਿਰਪਾ ਕਰ ਕੇ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰੋ।

ਦਾਨ ਦੇਣ ਦੇ ਤਰੀਕੇ

ਆਪਣੀ ਇੱਛਾ ਨਾਲ ਰੁਪਏ-ਪੈਸੇ ਸ਼ਰਤ-ਰਹਿਤ ਅਤੇ ਸ਼ਰਤੀ ਦਾਨ ਦੇ ਤੌਰ ਤੇ ਦੇਣ ਤੋਂ ਇਲਾਵਾ, ਯਹੋਵਾਹ ਦੇ ਗਵਾਹਾਂ ਦੇ ਵਿਸ਼ਵ-ਵਿਆਪੀ ਕੰਮਾਂ ਲਈ ਦਾਨ ਦੇਣ ਦੇ ਹੋਰ ਵੀ ਕਈ ਤਰੀਕੇ ਹਨ। ਵੱਖੋ-ਵੱਖਰੇ ਦੇਸ਼ਾਂ ਵਿਚ ਦਾਨ ਦੇਣ ਦੇ ਵੱਖੋ-ਵੱਖਰੇ ਤਰੀਕੇ ਹਨ। ਇਨ੍ਹਾਂ ਵਿੱਚੋਂ ਕੁਝ ਤਰੀਕੇ ਹੇਠਾਂ ਦੱਸੇ ਗਏ ਹਨ:

ਬੀਮਾ: Watch Tower Society ਨੂੰ ਜੀਵਨ ਬੀਮਾ ਪਾਲਸੀ ਜਾਂ ਰੀਟਾਇਰਮੈਂਟ/ਪੈਨਸ਼ਨ ਪਲੈਨ ਦਾ ਲਾਭ-ਪਾਤਰ ਬਣਾਇਆ ਜਾ ਸਕਦਾ ਹੈ।

ਬੈਂਕ ਖਾਤੇ: ਸਥਾਨਕ ਬੈਂਕ ਦੇ ਨਿਯਮਾਂ ਮੁਤਾਬਕ ਬੈਂਕ ਖਾਤੇ ਅਤੇ ਫ਼ਿਕਸਡ ਡਿਪਾਜ਼ਿਟ ਖਾਤੇ Watch Tower Society ਲਈ ਟ੍ਰਸਟ ਵਿਚ ਰੱਖੇ ਜਾ ਸਕਦੇ ਹਨ ਜਾਂ ਦਾਨਕਰਤਾ ਦੀ ਮੌਤ ਹੋਣ ਤੇ ਸੋਸਾਇਟੀ ਨੂੰ ਦਿੱਤੇ ਜਾ ਸਕਦੇ ਹਨ।

ਸਟਾਕ ਅਤੇ ਬਾਂਡ: ਸਟਾਕ ਅਤੇ ਬਾਂਡ Watch Tower Society ਨੂੰ ਬਿਨਾਂ ਕਿਸੇ ਸ਼ਰਤ ਦੇ ਤੋਹਫ਼ੇ ਵਜੋਂ ਦਾਨ ਕੀਤੇ ਜਾ ਸਕਦੇ ਹਨ।

ਜ਼ਮੀਨ-ਜਾਇਦਾਦ: ਵਿਕਾਊ ਜ਼ਮੀਨ-ਜਾਇਦਾਦ ਬਿਨਾਂ ਸ਼ਰਤ ਤੋਹਫ਼ੇ ਵਜੋਂ ਦਾਨ ਕੀਤੀ ਜਾ ਸਕਦੀ ਹੈ ਜਾਂ ਫਿਰ ਦਾਨਕਰਤਾ ਇਸ ਸ਼ਰਤ ਤੇ ਆਪਣੀ ਜ਼ਮੀਨ-ਜਾਇਦਾਦ ਦਾਨ ਕਰ ਸਕਦਾ ਹੈ ਕਿ ਉਹ ਆਪਣੇ ਜੀਉਂਦੇ-ਜੀ ਉੱਥੇ ਹੀ ਰਹੇਗਾ। ਇਸ ਮਾਮਲੇ ਵਿਚ ਕੁਝ ਵੀ ਕਰਨ ਤੋਂ ਪਹਿਲਾਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰੋ।

ਤੋਹਫ਼ੇ ਵਿਚ ਸਾਲਾਨਾ ਰਕਮ: ਇਸ ਪ੍ਰਬੰਧ ਅਧੀਨ ਵਿਅਕਤੀ ਆਪਣਾ ਪੈਸਾ ਜਾਂ ਸਟਾਕ ਤੇ ਬਾਂਡਸ Watch Tower Society ਦੇ ਨਾਂ ਲਿਖਵਾ ਦਿੰਦਾ ਹੈ। ਇਸ ਦੇ ਬਦਲੇ ਵਿਚ ਉਸ ਨੂੰ ਜਾਂ ਉਸ ਵੱਲੋਂ ਨਿਯੁਕਤ ਕੀਤੇ ਗਏ ਵਿਅਕਤੀ ਨੂੰ ਜ਼ਿੰਦਗੀ ਭਰ ਲਈ ਹਰ ਸਾਲ ਇਕ ਬੱਝਵੀਂ ਰਕਮ ਦਿੱਤੀ ਜਾਵੇਗੀ। ਜਿਸ ਸਾਲ ਇਹ ਪ੍ਰਬੰਧ ਸ਼ੁਰੂ ਹੋਵੇਗਾ, ਉਸ ਸਾਲ ਦਾਨ ਦੇਣ ਵਾਲੇ ਨੂੰ ਇਨਕਮ ਟੈਕਸ ਵਿਚ ਛੋਟ ਮਿਲੇਗੀ।

ਵਸੀਅਤ ਅਤੇ ਟ੍ਰਸਟ: ਇਕ ਕਾਨੂੰਨੀ ਵਸੀਅਤ ਰਾਹੀਂ ਜ਼ਮੀਨ-ਜਾਇਦਾਦ ਜਾਂ ਪੈਸੇ Watch Tower Society ਦੇ ਨਾਂ ਲਿਖਵਾਏ ਜਾ ਸਕਦੇ ਹਨ ਜਾਂ Watch Tower Society ਨੂੰ ਟ੍ਰਸਟ ਦੇ ਇਕਰਾਰਨਾਮੇ ਦਾ ਲਾਭ-ਪਾਤਰ ਬਣਾਇਆ ਜਾ ਸਕਦਾ ਹੈ। ਕਿਸੇ ਧਾਰਮਿਕ ਸੰਗਠਨ ਨੂੰ ਲਾਭ ਪਹੁੰਚਾਉਣ ਵਾਲੇ ਟ੍ਰਸਟ ਨੂੰ ਟੈਕਸ ਸੰਬੰਧੀ ਕਈ ਲਾਭ ਹੋ ਸਕਦੇ ਹਨ।

ਇਨ੍ਹਾਂ ਤਰੀਕਿਆਂ ਨਾਲ ਦਾਨ ਕਰਨ ਲਈ ਇਕ ਵਿਅਕਤੀ ਨੂੰ ਸੋਚ-ਸਮਝ ਕੇ ਪਲੈਨ ਬਣਾਉਣੇ ਪੈਣਗੇ। ਜਿਹੜੇ ਵਿਅਕਤੀ ਯਹੋਵਾਹ ਦੇ ਗਵਾਹਾਂ ਦੇ ਵਿਸ਼ਵ-ਵਿਆਪੀ ਕੰਮ ਵਿਚ ਇਨ੍ਹਾਂ ਤਰੀਕਿਆਂ ਨਾਲ ਮਦਦ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਅੰਗ੍ਰੇਜ਼ੀ ਅਤੇ ਸਪੇਨੀ ਭਾਸ਼ਾਵਾਂ ਵਿਚ Charitable Planning to Benefit Kingdom Service Worldwide ਨਾਮਕ ਬਰੋਸ਼ਰ ਤਿਆਰ ਕੀਤਾ ਗਿਆ ਹੈ। ਇਹ ਬਰੋਸ਼ਰ ਇਸ ਲਈ ਤਿਆਰ ਕੀਤਾ ਗਿਆ ਸੀ ਕਿਉਂਕਿ ਕਈਆਂ ਨੇ ਵਸੀਅਤ ਅਤੇ ਟ੍ਰਸਟ ਸੰਬੰਧੀ ਸੋਸਾਇਟੀ ਕੋਲੋਂ ਜਾਣਕਾਰੀ ਮੰਗੀ ਹੈ। ਇਸ ਬਰੋਸ਼ਰ ਵਿਚ ਜ਼ਮੀਨ-ਜਾਇਦਾਦ, ਰੁਪਏ-ਪੈਸੇ ਅਤੇ ਟੈਕਸ ਸੰਬੰਧੀ ਪਲੈਨ ਬਣਾਉਣ ਬਾਰੇ ਵੀ ਕਾਫ਼ੀ ਫ਼ਾਇਦੇਮੰਦ ਜਾਣਕਾਰੀ ਦਿੱਤੀ ਗਈ ਹੈ। ਦਾਨ ਦੇਣ ਦੇ ਚਾਹਵਾਨ ਲੋਕ ਇਸ ਬਰੋਸ਼ਰ ਦੀ ਮਦਦ ਨਾਲ ਆਪਣੇ ਪਰਿਵਾਰ ਅਤੇ ਨਿੱਜੀ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਦਾਨ ਦੇਣ ਜਾਂ ਵਸੀਅਤ ਬਣਾਉਣ ਦਾ ਸਭ ਤੋਂ ਫ਼ਾਇਦੇਮੰਦ ਅਤੇ ਵਧੀਆ ਤਰੀਕਾ ਚੁਣ ਸਕਦੇ ਹਨ। ਇਸ ਬਰੋਸ਼ਰ ਨੂੰ ਪੜ੍ਹਨ ਦੇ ਮਗਰੋਂ ਅਤੇ ਆਪਣੇ ਵਕੀਲਾਂ ਨਾਲ ਅਤੇ Charitable Planning Office ਨਾਲ ਗੱਲਬਾਤ ਕਰਨ ਤੋਂ ਬਾਅਦ ਬਹੁਤ ਸਾਰੇ ਲੋਕ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀ ਮਦਦ ਕਰ ਸਕੇ ਹਨ ਤੇ ਨਾਲੋ-ਨਾਲ ਉਨ੍ਹਾਂ ਨੂੰ ਟੈਕਸ ਸੰਬੰਧੀ ਬਹੁਤ ਸਾਰੇ ਫ਼ਾਇਦੇ ਵੀ ਹੋਏ ਹਨ।

ਹੋਰ ਜਾਣਕਾਰੀ ਲਈ ਆਪਣੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਲਿਖੋ ਜਾਂ ਹੇਠਾਂ ਦਿੱਤੇ ਗਏ ਪਤੇ ਨੂੰ ਲਿਖੋ ਜਾਂ ਟੈਲੀਫ਼ੋਨ ਕਰੋ।

Jehovah’s Witnesses,

Post Box 6440,

Yelahanka,

Bangalore 560 064, Karnataka.

Telephone: (080) 28468072

[ਸਫ਼ੇ 26 ਉੱਤੇ ਤਸਵੀਰ]

ਪਹਿਲੀ ਸਦੀ ਦੇ ਮਸੀਹੀਆਂ ਨੂੰ ਕਿਸ ਚੀਜ਼ ਨੇ ਇੰਨੇ ਖੁੱਲ੍ਹੇ ਦਿਲ ਵਾਲੇ ਬਣਨ ਲਈ ਪ੍ਰੇਰਿਆ ਸੀ?