ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਅਲੀਸ਼ਾ ਨੇ ਏਲੀਯਾਹ ਦੀ ਆਤਮਾ ਦਾ “ਦੋਹਰਾ ਹਿੱਸਾ” ਕਿਉਂ ਮੰਗਿਆ ਸੀ?
ਇਸਰਾਏਲ ਦੇ ਨਬੀ ਵਜੋਂ ਏਲੀਯਾਹ ਦਾ ਕੰਮ ਖ਼ਤਮ ਹੋਣ ਵਾਲਾ ਸੀ। ਪਰ ਇਸ ਤਰ੍ਹਾਂ ਹੋਣ ਤੋਂ ਪਹਿਲਾਂ ਨਬੀ ਅਲੀਸ਼ਾ ਨੇ ਏਲੀਯਾਹ ਨੂੰ ਬੇਨਤੀ ਕੀਤੀ: “ਤੇਰੇ ਆਤਮਾ ਦਾ ਦੋਹਰਾ ਹਿੱਸਾ ਮੇਰੇ ਉੱਤੇ ਹੋਵੇ!” (2 ਰਾਜਿਆਂ 2:9) ਰੂਹਾਨੀ ਅਰਥ ਵਿਚ ਕਿਹਾ ਜਾਵੇ, ਤਾਂ ਅਲੀਸ਼ਾ ਦੁਗਣਾ ਹਿੱਸਾ ਮੰਗ ਕੇ ਜੇਠੇ ਪੁੱਤਰ ਦਾ ਹੱਕ ਮੰਗ ਰਿਹਾ ਸੀ। (ਬਿਵਸਥਾ ਸਾਰ 21:17) ਇਸ ਬਿਰਤਾਂਤ ਤੇ ਧਿਆਨ ਦੇਣ ਨਾਲ ਇਹ ਗੱਲ ਸਾਫ਼ ਪਤਾ ਲੱਗਦੀ ਹੈ ਅਤੇ ਅਸੀਂ ਖ਼ੁਦ ਇਸ ਤੋਂ ਕੁਝ ਸਿੱਖ ਸਕਦੇ ਹਾਂ।
ਯਹੋਵਾਹ ਦੇ ਕਹਿਣੇ ਤੇ ਏਲੀਯਾਹ ਨਬੀ ਨੇ ਆਪਣੇ ਮਗਰੋਂ ਨਬੀ ਬਣਨ ਲਈ ਅਲੀਸ਼ਾ ਨੂੰ ਚੁਣ ਲਿਆ ਸੀ। (1 ਰਾਜਿਆਂ 19:19-21) ਕੁਝ ਛੇ ਸਾਲਾਂ ਤਕ ਅਲੀਸ਼ਾ ਵਫ਼ਾਦਾਰੀ ਨਾਲ ਏਲੀਯਾਹ ਦੀ ਸੇਵਾ ਕਰਦਾ ਰਿਹਾ ਅਤੇ ਹਮੇਸ਼ਾ ਲਈ ਕਰਦਾ ਰਹਿਣਾ ਵੀ ਚਾਹੁੰਦਾ ਸੀ। ਨਬੀ ਵਜੋਂ ਏਲੀਯਾਹ ਦੇ ਆਖ਼ਰੀ ਦਿਨ ਤਕ ਅਲੀਸ਼ਾ ਉਸ ਨੂੰ ਆਪਣਾ ਸੁਆਮੀ ਮੰਨ ਕੇ ਉਸ ਦੇ ਨਾਲ-ਨਾਲ ਰਿਹਾ। ਭਾਵੇਂ ਕਿ ਏਲੀਯਾਹ ਨੇ ਅਲੀਸ਼ਾ ਨੂੰ ਆਪਣੇ ਮਗਰ ਆਉਣ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਫਿਰ ਵੀ ਅਲੀਸ਼ਾ ਨੇ ਉਸ ਦੀ ਗੱਲ ਨਾ ਮੰਨੀ ਅਤੇ ਤਿੰਨ ਵਾਰੀ ਕਿਹਾ: “ਮੈਂ ਤੈਨੂੰ ਨਹੀਂ ਛੱਡਾਂਗਾ!” (2 ਰਾਜਿਆਂ 2:2, 4, 6; 3:11) ਦਰਅਸਲ, ਅਲੀਸ਼ਾ ਇਸ ਬਜ਼ੁਰਗ ਨਬੀ ਨੂੰ ਆਪਣਾ ਅਧਿਆਤਮਿਕ ਪਿਤਾ ਮੰਨਦਾ ਸੀ।—2 ਰਾਜਿਆਂ 2:12.
ਪਰ, ਏਲੀਯਾਹ ਦੇ ਹੋਰ ਵੀ ਰੂਹਾਨੀ ਪੁੱਤਰ ਸਨ। ਏਲੀਯਾਹ ਤੇ ਅਲੀਸ਼ਾ ਅਜਿਹੇ ਆਦਮੀਆਂ ਨਾਲ ਸੰਗਤ ਰੱਖਦੇ ਸਨ ਜਿਨ੍ਹਾਂ ਨੂੰ “ਨਬੀਆਂ ਦੇ ਪੁੱਤ੍ਰ” ਕਿਹਾ ਜਾਂਦਾ ਸੀ। (2 ਰਾਜਿਆਂ 2:3) ਰਾਜਿਆਂ ਦੀ ਦੂਜੀ ਪੋਥੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ “ਪੁੱਤ੍ਰ” ਆਪਣੇ ਰੂਹਾਨੀ ਪਿਤਾ ਏਲੀਯਾਹ ਦਾ ਬੜਾ ਮਾਣ ਤੇ ਇੱਜ਼ਤ ਕਰਦੇ ਸਨ। (2 ਰਾਜਿਆਂ 2:3, 5, 7, 15-17) ਪਰ ਕਿਉਂ ਜੋ ਅਲੀਸ਼ਾ ਨੂੰ ਉਸ ਦੀ ਥਾਂ ਲੈਣ ਲਈ ਚੁਣਿਆ ਗਿਆ ਸੀ, ਇਸ ਲਈ ਉਹ ਇਨ੍ਹਾਂ ਅਧਿਆਤਮਿਕ ਪੁੱਤਰਾਂ ਵਿਚ ਸਭ ਤੋਂ ਪਹਿਲੇ ਦਰਜੇ ਤੇ ਯਾਨੀ ਜੇਠੇ ਪੁੱਤਰ ਵਾਂਗ ਸੀ। ਪ੍ਰਾਚੀਨ ਇਸਰਾਏਲ ਵਿਚ ਜੇਠੇ ਪੁੱਤਰ ਨੂੰ ਆਪਣੇ ਪਿਤਾ ਦੀ ਜਾਇਦਾਦ ਵਿੱਚੋਂ ਦੁਗਣਾ ਹਿੱਸਾ ਮਿਲਦਾ ਸੀ ਅਤੇ ਦੂਜੇ ਪੁੱਤਾਂ ਨੂੰ ਇਕ-ਇਕ ਹਿੱਸਾ ਮਿਲਦਾ ਸੀ। ਇਸ ਲਈ, ਅਲੀਸ਼ਾ ਏਲੀਯਾਹ ਦੀ ਰੂਹਾਨੀ ਜਾਇਦਾਦ ਵਿੱਚੋਂ ਦੋ ਹਿੱਸੇ ਮੰਗ ਰਿਹਾ ਸੀ।
ਅਲੀਸ਼ਾ ਨੇ ਖ਼ਾਸ ਕਰਕੇ ਇਹ ਜਾਇਦਾਦ ਉਸ ਵੇਲੇ ਹੀ ਕਿਉਂ ਮੰਗੀ ਸੀ? ਕਿਉਂਕਿ ਉਹ ਇਕ ਭਾਰੀ ਜ਼ਿੰਮੇਵਾਰੀ ਚੁੱਕਣ ਵਾਲਾ ਸੀ, ਯਾਨੀ ਉਹ ਏਲੀਯਾਹ ਦੀ ਥਾਂ ਇਸਰਾਏਲ ਦਾ ਨਬੀ ਬਣਨ ਵਾਲਾ ਸੀ। ਅਲੀਸ਼ਾ ਨੂੰ ਪਤਾ ਸੀ ਕਿ ਜੇ ਉਸ ਨੇ ਇਹ ਵੱਡੀ ਜ਼ਿੰਮੇਵਾਰੀ ਸਹੀ ਤਰ੍ਹਾਂ ਨਿਭਾਉਣੀ ਸੀ, ਤਾਂ ਉਸ ਨੂੰ ਆਪਣੀ ਕਾਬਲੀਅਤ ਤੋਂ ਕਿਤੇ ਜ਼ਿਆਦਾ ਰੂਹਾਨੀ ਸ਼ਕਤੀ ਦੀ ਲੋੜ ਸੀ। ਉਸ ਨੂੰ ਇਹ ਸ਼ਕਤੀ ਸਿਰਫ਼ ਯਹੋਵਾਹ ਹੀ ਦੇ ਸਕਦਾ ਸੀ। ਉਸ ਨੂੰ ਏਲੀਯਾਹ ਵਾਂਗ ਬਹਾਦਰ ਬਣਨ ਦੀ ਲੋੜ ਸੀ। (2 ਰਾਜਿਆਂ 1:3, 4, 15, 16) ਇਸੇ ਲਈ, ਉਸ ਨੇ ਏਲੀਯਾਹ ਦੀ ਆਤਮਾ ਦਾ “ਦੋਹਰਾ ਹਿੱਸਾ” ਯਾਨੀ ਬਹਾਦਰੀ ਅਤੇ ‘ਯਹੋਵਾਹ ਲਈ ਅਣਖ’ ਦੇ ਗੁਣ ਮੰਗੇ ਸਨ ਜੋ ਪਰਮੇਸ਼ੁਰ ਦੀ ਪਵਿੱਤਰ ਆਤਮਾ ਰਾਹੀਂ ਪੈਦਾ ਕੀਤੇ ਜਾ ਸਕਦੇ ਸਨ। (1 ਰਾਜਿਆਂ 19:10, 14) ਏਲੀਯਾਹ ਨੇ ਇਸ ਮਾਮਲੇ ਬਾਰੇ ਕੀ ਕਿਹਾ ਸੀ?
ਏਲੀਯਾਹ ਨੂੰ ਪਤਾ ਸੀ ਕਿ ਅਲੀਸ਼ਾ ਨੇ ਉਸ ਤੋਂ ਉਹ ਚੀਜ਼ ਮੰਗੀ ਸੀ ਜੋ ਸਿਰਫ਼ ਪਰਮੇਸ਼ੁਰ ਹੀ ਦੇ ਸਕਦਾ ਸੀ। ਇਸ ਲਈ ਏਲੀਯਾਹ ਨੇ ਨਿਮਰਤਾ ਨਾਲ ਜਵਾਬ ਦਿੰਦੇ ਹੋਏ ਕਿਹਾ: “ਤੈਂ ਔਖਾ ਸਵਾਲ ਕੀਤਾ ਹੈ। ਜੇ ਤੂੰ ਮੈਨੂੰ ਓਦੋਂ ਵੇਖੇਂ ਜਦ ਮੈਂ ਤੈਥੋਂ ਲੈ ਲਿਆ ਜਾਵਾਂ ਤਾਂ ਤੇਰੇ ਲਈ ਉਵੇਂ ਹੀ ਹੋਵੇਗਾ।” (2 ਰਾਜਿਆਂ 2:10) ਯਹੋਵਾਹ ਨੇ ਅਲੀਸ਼ਾ ਨੂੰ ਏਲੀਯਾਹ ਨੂੰ ਵਾਵਰੋਲੇ ਵਿਚ ਅਕਾਸ਼ ਨੂੰ ਚੜ੍ਹਦੇ ਹੋਏ ਦੇਖਣ ਦਿੱਤਾ। (2 ਰਾਜਿਆਂ 2:11, 12) ਇਸ ਤਰ੍ਹਾਂ ਅਲੀਸ਼ਾ ਦੀ ਮੰਗ ਪੂਰੀ ਕੀਤੀ ਗਈ। ਯਹੋਵਾਹ ਨੇ ਉਸ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਜੋਗੀ ਅਤੇ ਆਉਣ ਵਾਲੀਆਂ ਅਜ਼ਮਾਇਸ਼ਾਂ ਨੂੰ ਸਹਿਣ ਜੋਗੀ ਆਤਮਾ ਦੇ ਦਿੱਤੀ।
ਅੱਜ ਸਾਡੇ ਦਿਨਾਂ ਵਿਚ ਮਸਹ ਕੀਤੇ ਹੋਏ ਮਸੀਹੀ (ਜਿਨ੍ਹਾਂ ਨੂੰ ਕਦੀ-ਕਦਾਈਂ ਅਲੀਸ਼ਾ ਵਰਗ ਸੱਦਿਆ ਜਾਂਦਾ ਹੈ) ਅਤੇ ਪਰਮੇਸ਼ੁਰ ਦੇ ਬਾਕੀ ਸੇਵਕ ਬਾਈਬਲ ਦੇ ਇਸ ਬਿਰਤਾਂਤ ਤੋਂ ਕਾਫ਼ੀ ਹੌਸਲਾ ਪਾ ਸਕਦੇ ਹਨ। ਕਦੀ-ਕਦੀ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਕੋਈ ਨਵੀਂ ਜ਼ਿੰਮੇਵਾਰੀ ਮਿਲਣ ਤੇ ਸੋਚਣ ਲੱਗ ਪੈਂਦੇ ਹਾਂ ਕਿ ਅਸੀਂ ਇਸ ਨੂੰ ਨਿਭਾ ਨਹੀਂ ਪਾਵਾਂਗੇ। ਹੋ ਸਕਦਾ ਹੈ ਕਿ ਸਾਡੇ ਇਲਾਕੇ ਵਿਚ ਸਾਡੇ ਪ੍ਰਚਾਰ ਦੇ ਕੰਮ ਪ੍ਰਤੀ ਵਧਦੀ ਵਿਰੋਧਤਾ ਕਰਕੇ ਸਾਡੀ ਹਿੰਮਤ ਘੱਟ ਜਾਵੇ। ਪਰ ਜੇ ਅਸੀਂ ਯਹੋਵਾਹ ਦੇ ਸਹਾਰੇ ਲਈ ਉਸ ਅੱਗੇ ਬੇਨਤੀ ਕਰੀਏ, ਤਾਂ ਉਹ ਸਾਨੂੰ ਸਾਡੀਆਂ ਮੁਸ਼ਕਲਾਂ ਅਤੇ ਬਦਲਦੀਆਂ ਹਾਲਤਾਂ ਦਾ ਸਾਮ੍ਹਣਾ ਕਰਨ ਲਈ ਪਵਿੱਤਰ ਆਤਮਾ ਦੇਵੇਗਾ। (ਲੂਕਾ 11:13; 2 ਕੁਰਿੰਥੀਆਂ 4:7; ਫ਼ਿਲਿੱਪੀਆਂ 4:13) ਜੀ ਹਾਂ, ਜਿਸ ਤਰ੍ਹਾਂ ਯਹੋਵਾਹ ਨੇ ਅਲੀਸ਼ਾ ਨੂੰ ਆਪਣੀਆਂ ਭਾਰੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਬਲ ਦਿੱਤਾ ਸੀ, ਉਸੇ ਤਰ੍ਹਾਂ ਉਹ ਸਾਨੂੰ ਵੀ, ਚਾਹੇ ਅਸੀਂ ਜਵਾਨ ਹੋਈਏ ਜਾਂ ਬੁੱਢੇ, ਆਪਣੀ ਸੇਵਕਾਈ ਪੂਰੀ ਕਰਨ ਲਈ ਬਲ ਦੇਵੇਗਾ।—2 ਤਿਮੋਥਿਉਸ 4:5.