Skip to content

Skip to table of contents

ਯਹੋਵਾਹ ਦਾ ਜੀਅ ਖ਼ੁਸ਼ ਕਰਨ ਵਾਲੀਆਂ ਔਰਤਾਂ

ਯਹੋਵਾਹ ਦਾ ਜੀਅ ਖ਼ੁਸ਼ ਕਰਨ ਵਾਲੀਆਂ ਔਰਤਾਂ

ਯਹੋਵਾਹ ਦਾ ਜੀਅ ਖ਼ੁਸ਼ ਕਰਨ ਵਾਲੀਆਂ ਔਰਤਾਂ

‘ਯਹੋਵਾਹ ਤੇਰੇ ਕੰਮ ਦਾ ਵੱਟਾ ਦੇਵੇ ਸਗੋਂ ਯਹੋਵਾਹ ਵੱਲੋਂ ਤੈਨੂੰ ਪੂਰਾ ਵੱਟਾ ਦਿੱਤਾ ਜਾਵੇ।’—ਰੂਥ 2:12.

1, 2. ਯਹੋਵਾਹ ਦਾ ਜੀਅ ਖ਼ੁਸ਼ ਕਰਨ ਵਾਲੀਆਂ ਔਰਤਾਂ ਵੱਲ ਧਿਆਨ ਦੇ ਕੇ ਸਾਨੂੰ ਕੀ ਲਾਭ ਹੋ ਸਕਦਾ ਹੈ?

ਬਾਈਬਲ ਵਿਚ ਬਹੁਤ ਸਾਰੀਆਂ ਔਰਤਾਂ ਦੀਆਂ ਮਿਸਾਲਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਯਹੋਵਾਹ ਦੇ ਜੀਅ ਨੂੰ ਖ਼ੁਸ਼ ਕੀਤਾ ਸੀ। ਉਦਾਹਰਣ ਲਈ, ਦੋ ਔਰਤਾਂ ਨੇ ਫ਼ਿਰਊਨ ਦਾ ਹੁਕਮ ਮੰਨਣ ਦੀ ਬਜਾਇ ਪਰਮੇਸ਼ੁਰ ਦਾ ਕਿਹਾ ਮੰਨਿਆ ਸੀ। ਨਿਹਚਾ ਨਾਲ ਇਕ ਵੇਸਵਾ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਦੋ ਇਸਰਾਏਲੀ ਜਾਸੂਸਾਂ ਦੀ ਮਦਦ ਕੀਤੀ ਸੀ। ਮੁਸ਼ਕਲ ਘੜੀ ਵਿਚ ਸਮਝਦਾਰੀ ਤੇ ਨਰਮਾਈ ਦਿਖਾ ਕੇ ਇਕ ਔਰਤ ਨੇ ਕਈਆਂ ਦੀਆਂ ਜਾਨਾਂ ਬਚਾਈਆਂ ਤੇ ਯਹੋਵਾਹ ਦੇ ਚੁਣੇ ਹੋਏ ਰਾਜੇ ਨੂੰ ਖ਼ੂਨ ਕਰਨ ਤੋਂ ਰੋਕਿਆ ਸੀ। ਇਕ ਵਿਧਵਾ ਮਾਂ ਨੇ ਯਹੋਵਾਹ ਪਰਮੇਸ਼ੁਰ ਉੱਤੇ ਨਿਹਚਾ ਰੱਖ ਕੇ ਆਪਣਾ ਆਖ਼ਰੀ ਭੋਜਨ ਪਰਮੇਸ਼ੁਰ ਦੇ ਇਕ ਨਬੀ ਨੂੰ ਦੇ ਦਿੱਤਾ ਸੀ।

2 ਯਹੋਵਾਹ ਨੇ ਇਨ੍ਹਾਂ ਔਰਤਾਂ ਤੋਂ ਖ਼ੁਸ਼ ਹੋ ਕੇ ਉਨ੍ਹਾਂ ਉੱਤੇ ਬਰਕਤਾਂ ਦੀ ਬਰਸਾਤ ਕੀਤੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਚਾਹੇ ਅਸੀਂ ਨਰ ਹੋਈਏ ਜਾਂ ਨਾਰੀ, ਯਹੋਵਾਹ ਦੀਆਂ ਨਜ਼ਰਾਂ ਵਿਚ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਾਡੇ ਵਿਚ ਸਦਗੁਣ ਹੋਣ। ਦੁਨੀਆਂ ਵਿਚ ਲੋਕ ਸਿਰਫ਼ ਬਾਹਰਲੇ ਰੂਪ ਤੇ ਧਨ-ਦੌਲਤ ਨੂੰ ਦੇਖਦੇ ਹਨ, ਇਸ ਲਈ ਆਪਣੇ ਅੰਦਰ ਸਦਗੁਣ ਪੈਦਾ ਕਰਨੇ ਔਖੇ ਹਨ। ਪਰ ਇਹ ਨਾਮੁਮਕਿਨ ਨਹੀਂ ਹੈ। ਅੱਜ ਪਰਮੇਸ਼ੁਰ ਤੋਂ ਡਰਨ ਵਾਲੀਆਂ ਲੱਖਾਂ ਹੀ ਔਰਤਾਂ ਨੇ ਆਪਣੇ ਅੰਦਰ ਸਦਗੁਣ ਪੈਦਾ ਕੀਤੇ ਹਨ। ਅਜਿਹੀਆਂ ਮਸੀਹੀ ਭੈਣਾਂ ਬਾਈਬਲ ਵਿਚ ਜ਼ਿਕਰ ਕੀਤੀਆਂ ਗਈਆਂ ਔਰਤਾਂ ਦੀ ਨਿਹਚਾ, ਸਮਝਦਾਰੀ, ਪਰਾਹੁਣਚਾਰੀ ਤੇ ਹੋਰ ਕਈ ਗੁਣਾਂ ਦੀ ਰੀਸ ਕਰਦੀਆਂ ਹਨ। ਮਸੀਹੀ ਭਰਾ ਵੀ ਇਨ੍ਹਾਂ ਗੁਣਾਂ ਦੀ ਰੀਸ ਕਰਦੇ ਹਨ। ਆਓ ਆਪਾਂ ਦੇਖੀਏ ਕਿ ਅਸੀਂ ਇਹ ਹੋਰ ਚੰਗੀ ਤਰ੍ਹਾਂ ਕਿਸ ਤਰ੍ਹਾਂ ਕਰ ਸਕਦੇ ਹਾਂ। ਅਸੀਂ ਪਹਿਲੇ ਪੈਰੇ ਵਿਚ ਜ਼ਿਕਰ ਕੀਤੀਆਂ ਔਰਤਾਂ ਵੱਲ ਹੋਰ ਧਿਆਨ ਦੇਵਾਂਗੇ।—ਰੋਮੀਆਂ 15:4; ਯਾਕੂਬ 4:8.

ਫ਼ਿਰਊਨ ਦਾ ਹੁਕਮ ਨਾ ਮੰਨਣ ਵਾਲੀਆਂ ਔਰਤਾਂ

3, 4. (ੳ) ਸਿਫਰਾਹ ਤੇ ਫੂਆਹ ਨੇ ਨਵ-ਜੰਮੇ ਮੁੰਡਿਆਂ ਨੂੰ ਮਾਰਨ ਲਈ ਫ਼ਿਰਊਨ ਦਾ ਹੁਕਮ ਕਿਉਂ ਨਹੀਂ ਮੰਨਿਆ ਸੀ? (ਅ) ਯਹੋਵਾਹ ਨੇ ਇਨ੍ਹਾਂ ਦੋ ਦਾਈਆਂ ਨੂੰ ਉਨ੍ਹਾਂ ਦੀ ਹਿੰਮਤ ਤੇ ਉਸ ਦਾ ਡਰ ਰੱਖਣ ਕਰਕੇ ਕਿਹੜੀਆਂ ਬਰਕਤਾਂ ਦਿੱਤੀਆਂ ਸਨ?

3 ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਦੇ ਨਰਮਬਰਗ ਸ਼ਹਿਰ ਵਿਚ ਉਨ੍ਹਾਂ ਲੋਕਾਂ ਖ਼ਿਲਾਫ਼ ਮੁਕੱਦਮਾ ਚਲਾਇਆ ਗਿਆ ਸੀ ਜਿਨ੍ਹਾਂ ਨੇ ਯੁੱਧ ਦੌਰਾਨ ਲੋਕਾਂ ਦੀਆਂ ਜਾਨਾਂ ਲਈਆਂ ਸਨ। ਇਨ੍ਹਾਂ ਲੋਕਾਂ ਨੇ ਆਪਣੀ ਸਫ਼ਾਈ ਪੇਸ਼ ਕਰਨ ਲਈ ਇਹ ਦਲੀਲ ਦਿੱਤੀ ਕਿ ਉਨ੍ਹਾਂ ਨੇ ਤਾਂ ਸਿਰਫ਼ ਨਾਜ਼ੀ ਅਧਿਕਾਰੀਆਂ ਦਾ ਹੁਕਮ ਮੰਨਿਆ ਸੀ। ਹੁਣ ਆਓ ਆਪਾਂ ਇਨ੍ਹਾਂ ਲੋਕਾਂ ਦੀ ਤੁਲਨਾ ਸਿਫਰਾਹ ਅਤੇ ਫੂਆਹ ਨਾਂ ਦੀਆਂ ਦੋ ਇਸਰਾਏਲੀ ਦਾਈਆਂ ਨਾਲ ਕਰੀਏ ਜੋ ਪ੍ਰਾਚੀਨ ਮਿਸਰ ਵਿਚ ਇਕ ਗੁਮਨਾਮ ਫ਼ਿਰਊਨ ਦੇ ਜ਼ੁਲਮੀ ਰਾਜ ਅਧੀਨ ਰਹਿੰਦੀਆਂ ਸਨ। ਇਹ ਰਾਜਾ ਇਬਰਾਨੀ ਲੋਕਾਂ ਦੀ ਦਿਨੋ-ਦਿਨ ਵਧ ਰਹੀ ਗਿਣਤੀ ਤੋਂ ਬਹੁਤ ਡਰਿਆ ਹੋਇਆ ਸੀ। ਇਸ ਲਈ ਉਸ ਨੇ ਇਨ੍ਹਾਂ ਦੋ ਦਾਈਆਂ ਨੂੰ ਹੁਕਮ ਦਿੱਤਾ ਕਿ ਉਹ ਹਰ ਨਵ-ਜੰਮੇ ਇਸਰਾਏਲੀ ਮੁੰਡੇ ਨੂੰ ਜਾਨੋਂ ਮਾਰ ਦੇਣ। ਕੀ ਇਨ੍ਹਾਂ ਔਰਤਾਂ ਨੇ ਇਸ ਹੁਕਮ ਨੂੰ ਮੰਨਿਆ? ‘ਜਿਵੇਂ ਮਿਸਰ ਦੇ ਰਾਜੇ ਨੇ ਹੁਕਮ ਦਿੱਤਾ ਸੀ ਉਨ੍ਹਾਂ ਤਿਵੇਂ ਨਾ ਕੀਤਾ, ਓਹ ਮੁੰਡਿਆਂ ਨੂੰ ਜੀਉਂਦੇ ਰਖਦੀਆਂ ਸਨ।’ ਇਹ ਔਰਤਾਂ ਰਾਜੇ ਤੋਂ ਕਿਉਂ ਨਹੀਂ ਡਰੀਆਂ? ਕਿਉਂਕਿ ਉਹ “ਪਰਮੇਸ਼ੁਰ ਤੋਂ ਡਰਦੀਆਂ ਸਨ।”—ਕੂਚ 1:15, 17; ਉਤਪਤ 9:6.

4 ਜੀ ਹਾਂ, ਇਹ ਦਾਈਆਂ ਯਹੋਵਾਹ ਦੀ ਸ਼ਰਨ ਵਿਚ ਆਈਆਂ ਸਨ ਅਤੇ ਨਤੀਜੇ ਵਜੋਂ ਪਰਮੇਸ਼ੁਰ ਉਨ੍ਹਾਂ ਲਈ “ਇੱਕ ਢਾਲ” ਸਾਬਤ ਹੋਇਆ ਤੇ ਉਸ ਨੇ ਉਨ੍ਹਾਂ ਨੂੰ ਫ਼ਿਰਊਨ ਦੇ ਗੁੱਸੇ ਤੋਂ ਬਚਾਇਆ। (2 ਸਮੂਏਲ 22:31; ਕੂਚ 1:18-20) ਪਰ ਯਹੋਵਾਹ ਵੱਲੋਂ ਉਨ੍ਹਾਂ ਨੂੰ ਸਿਰਫ਼ ਇਹੀ ਬਰਕਤ ਨਹੀਂ ਮਿਲੀ ਸੀ। ਉਸ ਨੇ ਸਿਫਰਾਹ ਅਤੇ ਫੂਆਹ ਦੇ ਘਰ ਵੀ ਵਸਾਏ। ਇਸ ਦੇ ਨਾਲ-ਨਾਲ, ਯਹੋਵਾਹ ਨੇ ਇਨ੍ਹਾਂ ਔਰਤਾਂ ਦੇ ਨਾਂ ਅਤੇ ਚੰਗੇ ਕੰਮ ਆਪਣੇ ਬਚਨ ਵਿਚ ਲਿਖਵਾ ਕੇ ਉਨ੍ਹਾਂ ਦਾ ਆਦਰ ਕੀਤਾ ਤਾਂਕਿ ਸਾਰੇ ਜਣੇ ਇਨ੍ਹਾਂ ਨੂੰ ਪੜ੍ਹ ਸਕਣ, ਪਰ ਉਸ ਫ਼ਿਰਊਨ ਦਾ ਨਾਂ ਇਤਿਹਾਸ ਦੇ ਪੰਨਿਆਂ ਤੋਂ ਮਿਟ ਗਿਆ ਹੈ।—ਕੂਚ 1:21; 1 ਸਮੂਏਲ 2:30ਅ; ਕਹਾਉਤਾਂ 10:7.

5. ਅੱਜ ਕਈ ਔਰਤਾਂ ਸਿਫਰਾਹ ਤੇ ਫੂਆਹ ਵਰਗੀਆਂ ਕਿਵੇਂ ਹਨ ਅਤੇ ਯਹੋਵਾਹ ਉਨ੍ਹਾਂ ਨੂੰ ਕਿਹੜੀ ਬਰਕਤ ਦੇਵੇਗਾ?

5 ਕੀ ਅੱਜ ਵੀ ਸਿਫਰਾਹ ਤੇ ਫੂਆਹ ਵਰਗੀਆਂ ਔਰਤਾਂ ਹਨ? ਜੀ ਹਾਂ! ਹਰ ਸਾਲ ਹਜ਼ਾਰਾਂ ਔਰਤਾਂ ਨਿਡਰਤਾ ਨਾਲ ਉਨ੍ਹਾਂ ਦੇਸ਼ਾਂ ਵਿਚ ਬਾਈਬਲ ਦਾ ਸੰਦੇਸ਼ ਫੈਲਾ ਕੇ ਲੋਕਾਂ ਦੀਆਂ ਜਾਨਾਂ ਬਚਾਉਂਦੀਆਂ ਹਨ ਜਿੱਥੇ “ਪਾਤਸ਼ਾਹ ਦੇ ਫ਼ਰਮਾਨ” ਮੁਤਾਬਕ ਪ੍ਰਚਾਰ ਕਰਨਾ ਮਨ੍ਹਾ ਹੈ। ਇਸ ਤਰ੍ਹਾਂ ਕਰ ਕੇ ਉਹ ਆਪਣੀ ਆਜ਼ਾਦੀ ਅਤੇ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਉਂਦੀਆਂ ਹਨ। (ਇਬਰਾਨੀਆਂ 11:23; ਰਸੂਲਾਂ ਦੇ ਕਰਤੱਬ 5:28, 29) ਇਹ ਬਹਾਦਰ ਤੀਵੀਆਂ ਪਰਮੇਸ਼ੁਰ ਅਤੇ ਲੋਕਾਂ ਨਾਲ ਪਿਆਰ ਕਰਦੀਆਂ ਹਨ, ਇਸ ਲਈ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੋਂ ਕੋਈ ਵੀ ਇਨ੍ਹਾਂ ਨੂੰ ਰੋਕ ਨਹੀਂ ਸਕਦਾ। ਸਿੱਟੇ ਵਜੋਂ, ਕਈਆਂ ਮਸੀਹੀ ਔਰਤਾਂ ਨੂੰ ਵਿਰੋਧਤਾ ਤੇ ਜ਼ੁਲਮ ਦਾ ਸਾਮ੍ਹਣਾ ਕਰਨਾ ਪੈਂਦਾ ਹੈ। (ਮਰਕੁਸ 12:30, 31; 13:9-13) ਜਿਸ ਤਰ੍ਹਾਂ ਯਹੋਵਾਹ ਨੇ ਸਿਫਰਾਹ ਤੇ ਫੂਆਹ ਦੇ ਕੰਮ ਦੇਖੇ, ਉਸੇ ਤਰ੍ਹਾਂ ਉਹ ਅੱਜ ਇਨ੍ਹਾਂ ਬਹਾਦਰ ਤੀਵੀਆਂ ਦੇ ਕੰਮ ਦੇਖਦਾ ਹੈ। ਉਹ ਉਨ੍ਹਾਂ ਨਾਲ ਪਿਆਰ ਕਰਦਾ ਹੈ ਤੇ ਜੇ ਉਹ ਅੰਤ ਤਕ ਵਫ਼ਾਦਾਰ ਰਹੀਆਂ, ਤਾਂ ਉਹ ਉਨ੍ਹਾਂ ਦੇ ਨਾਂ ‘ਜੀਵਨ ਦੀ ਪੁਸਤਕ’ ਵਿਚ ਹਮੇਸ਼ਾ ਲਈ ਲਿਖ ਦੇਵੇਗਾ।—ਫ਼ਿਲਿੱਪੀਆਂ 4:3; ਮੱਤੀ 24:13.

ਇਕ ਵੇਸਵਾ ਨੇ ਸਹੀ ਰਸਤੇ ਚੱਲ ਕੇ ਯਹੋਵਾਹ ਦੇ ਜੀਅ ਨੂੰ ਖ਼ੁਸ਼ ਕੀਤਾ

6, 7. (ੳ) ਰਾਹਾਬ ਯਹੋਵਾਹ ਤੇ ਉਸ ਦੇ ਲੋਕਾਂ ਬਾਰੇ ਕੀ ਜਾਣਦੀ ਸੀ ਅਤੇ ਇਸ ਗਿਆਨ ਦਾ ਉਸ ਤੇ ਕੀ ਅਸਰ ਪਿਆ? (ਅ) ਪਰਮੇਸ਼ੁਰ ਦੇ ਬਚਨ ਵਿਚ ਰਾਹਾਬ ਦਾ ਆਦਰ ਕਿਵੇਂ ਕੀਤਾ ਗਿਆ ਹੈ?

6 ਲਗਭਗ ਸਾਢੇ ਤਿੰਨ ਹਜ਼ਾਰ ਸਾਲ ਪਹਿਲਾਂ ਰਾਹਾਬ ਨਾਂ ਦੀ ਇਕ ਵੇਸਵਾ ਕਨਾਨ ਦੇ ਯਰੀਹੋ ਸ਼ਹਿਰ ਵਿਚ ਰਹਿੰਦੀ ਸੀ। ਉਹ ਯਹੋਵਾਹ ਦੇ ਲੋਕਾਂ ਬਾਰੇ ਕਾਫ਼ੀ ਕੁਝ ਜਾਣਦੀ ਸੀ। ਜਦੋਂ ਦੋ ਇਸਰਾਏਲੀ ਜਾਸੂਸ ਉਸ ਦੇ ਘਰ ਵਿਚ ਲੁਕੇ, ਤਾਂ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੂੰ ਪਤਾ ਸੀ ਕਿ ਇਸਰਾਏਲੀ ਮਿਸਰ ਤੋਂ ਚਮਤਕਾਰੀ ਤਰੀਕੇ ਨਾਲ ਕਿਵੇਂ ਬਚਾਏ ਗਏ ਸਨ, ਭਾਵੇਂ ਕਿ ਇਹ ਤਕਰੀਬਨ 40 ਸਾਲ ਪਹਿਲਾਂ ਦੀ ਗੱਲ ਸੀ! ਉਹ ਅਮੋਰੀਆਂ ਦੇ ਰਾਜਿਆਂ ਸਿਹੋਨ ਤੇ ਓਗ ਉੱਤੇ ਇਸਰਾਏਲ ਦੀਆਂ ਜਿੱਤਾਂ ਬਾਰੇ ਵੀ ਜਾਣਦੀ ਸੀ। ਧਿਆਨ ਦਿਓ ਕਿ ਇਸ ਜਾਣਕਾਰੀ ਦਾ ਉਸ ਉੱਤੇ ਕੀ ਅਸਰ ਪਿਆ ਸੀ। ਉਸ ਨੇ ਜਾਸੂਸਾਂ ਨੂੰ ਕਿਹਾ: “ਮੈਂ ਤਾਂ ਜਾਣਦੀ ਹਾਂ ਕਿ ਯਹੋਵਾਹ ਨੇ ਏਹ ਦੇਸ ਤੁਹਾਨੂੰ ਦੇ ਦਿੱਤਾ ਹੈ . . . ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਉੱਪਰਲੇ ਸੁਰਗ ਵਿੱਚ ਅਤੇ ਹੇਠਲੀ ਧਰਤੀ ਉੱਤੇ ਉਹੋ ਪਰਮੇਸ਼ੁਰ ਹੈ।” (ਯਹੋਸ਼ੁਆ 2:1, 9-11) ਯਹੋਵਾਹ ਅਤੇ ਉਸ ਦੇ ਕੰਮਾਂ ਬਾਰੇ ਜਾਣਨ ਤੋਂ ਬਾਅਦ ਰਾਹਾਬ ਨੇ ਯਹੋਵਾਹ ਉੱਤੇ ਨਿਹਚਾ ਕੀਤੀ।—ਰੋਮੀਆਂ 10:10.

7 ਰਾਹਾਬ ਨੇ ਆਪਣੀ ਨਿਹਚਾ ਦਾ ਸਬੂਤ ਕੰਮਾਂ ਰਾਹੀਂ ਦਿੱਤਾ। ਉਸ ਨੇ ਇਸਰਾਏਲੀ ਜਾਸੂਸਾਂ ਨੂੰ “ਸੁਖ ਸਾਂਦ ਨਾਲ” ਆਪਣੇ ਘਰ ਰੱਖਿਆ ਅਤੇ ਜਦੋਂ ਇਸਰਾਏਲੀਆਂ ਨੇ ਯਰੀਹੋ ਉੱਤੇ ਚੜ੍ਹਾਈ ਕੀਤੀ, ਤਾਂ ਉਸ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਬਚਾਉਣ ਲਈ ਉਨ੍ਹਾਂ ਜਾਸੂਸਾਂ ਦੀ ਗੱਲ ਮੰਨੀ। (ਇਬਰਾਨੀਆਂ 11:31; ਯਹੋਸ਼ੁਆ 2:18-21) ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਹਾਬ ਨੇ ਨਿਹਚਾ ਨਾਲ ਇੱਦਾਂ ਕਰਕੇ ਯਹੋਵਾਹ ਦੇ ਜੀਅ ਨੂੰ ਖ਼ੁਸ਼ ਕੀਤਾ। ਇਸ ਕਰਕੇ ਯਹੋਵਾਹ ਦੀ ਆਤਮਾ ਅਧੀਨ ਯਾਕੂਬ ਨੇ ਉਸ ਦਾ ਨਾਂ ਪਰਮੇਸ਼ੁਰ ਦੇ ਮਿੱਤਰ ਅਬਰਾਹਾਮ ਦੇ ਨਾਂ ਨਾਲ ਲਿਖਿਆ। ਅਬਰਾਹਾਮ ਵਾਂਗ ਰਾਹਾਬ ਵੀ ਅਜਿਹੀ ਇਕ ਉਦਾਹਰਣ ਹੈ ਜਿਸ ਦੀ ਸਾਨੂੰ ਰੀਸ ਕਰਨੀ ਚਾਹੀਦੀ ਹੈ: “ਓਸੇ ਪਰਕਾਰ ਕੀ ਰਹਾਬ ਵੇਸਵਾ ਭੀ ਅਮਲਾਂ ਹੀ ਨਾਲ ਧਰਮੀ ਨਾ ਠਹਿਰਾਈ ਗਈ ਜਦੋਂ ਉਹ ਨੇ ਹਲਕਾਰਿਆਂ ਨੂੰ ਘਰ ਉਤਾਰਿਆ ਅਤੇ ਉਨ੍ਹਾਂ ਨੂੰ ਦੂਏ ਰਾਹ ਥਾਣੀ ਤੋਰ ਦਿੱਤਾ?”—ਯਾਕੂਬ 2:25.

8. ਯਹੋਵਾਹ ਨੇ ਰਾਹਾਬ ਦੀ ਨਿਹਚਾ ਤੇ ਆਗਿਆਕਾਰੀ ਕਰਕੇ ਉਸ ਨੂੰ ਕਿਹੜੀਆਂ ਬਰਕਤਾਂ ਦਿੱਤੀਆਂ ਸਨ?

8 ਯਹੋਵਾਹ ਨੇ ਰਾਹਾਬ ਨੂੰ ਕਈ ਬਰਕਤਾਂ ਦਿੱਤੀਆਂ। ਇਕ ਤਾਂ ਇਹ ਸੀ ਕਿ ਯਹੋਵਾਹ ਨੇ ਚਮਤਕਾਰੀ ਢੰਗ ਨਾਲ ਰਾਹਾਬ ਦੀ ਅਤੇ “ਉਸ ਦੇ ਪਿਉ ਦੇ ਟੱਬਰ ਦੀ ਓਹਨਾਂ ਸਭਨਾਂ ਸਣੇ ਜਿਹੜੇ ਉਸ ਦੇ ਸਨ ਜਾਨ ਬਚਾ ਦਿੱਤੀ।” ਫਿਰ ਯਹੋਵਾਹ ਨੇ ਇਨ੍ਹਾਂ ਸਾਰਿਆਂ ਨੂੰ “ਇਸਰਾਏਲ ਦੇ ਵਿੱਚ” ਵੱਸਣ ਦਿੱਤਾ ਜਿੱਥੇ ਉਨ੍ਹਾਂ ਨੂੰ ਓਪਰਿਆਂ ਵਾਂਗ ਨਹੀਂ, ਸਗੋਂ ਆਪਣਿਆਂ ਵਾਂਗ ਪਿਆਰ ਕੀਤਾ ਗਿਆ। (ਯਹੋਸ਼ੁਆ 2:13; 6:22-25; ਲੇਵੀਆਂ 19:33, 34) ਇੰਨਾ ਹੀ ਨਹੀਂ, ਯਹੋਵਾਹ ਨੇ ਰਾਹਾਬ ਨੂੰ ਯਿਸੂ ਮਸੀਹ ਦੀ ਵੱਡੀ-ਵਡੇਰੀ ਬਣਨ ਦਾ ਮਾਣ ਵੀ ਬਖ਼ਸ਼ਿਆ। ਯਹੋਵਾਹ ਨੇ ਇਸ ਕਨਾਨੀ ਔਰਤ ਉੱਤੇ ਕਿੰਨੀ ਦਇਆ ਕੀਤੀ, ਜੋ ਪਹਿਲਾਂ ਮੂਰਤੀ-ਪੂਜਾ ਕਰਦੀ ਸੀ! *ਜ਼ਬੂਰਾਂ ਦੀ ਪੋਥੀ 130:3, 4.

9. ਰਾਹਾਬ ਅਤੇ ਪਹਿਲੀ ਸਦੀ ਦੀਆਂ ਮਸੀਹੀ ਔਰਤਾਂ ਤੋਂ ਅੱਜ ਕੁਝ ਔਰਤਾਂ ਨੂੰ ਹੌਸਲਾ ਕਿਵੇਂ ਮਿਲਦਾ ਹੈ?

9 ਪਹਿਲੀ ਸਦੀ ਤੋਂ ਲੈ ਕੇ ਅੱਜ ਤਕ ਕਈ ਮਸੀਹੀ ਔਰਤਾਂ ਰਾਹਾਬ ਵਾਂਗ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਬਦਚਲਣ ਜ਼ਿੰਦਗੀ ਛੱਡ ਕੇ ਸਹੀ ਰਸਤੇ ਤੇ ਚੱਲੀਆਂ ਹਨ। (1 ਕੁਰਿੰਥੀਆਂ 6:9-11) ਸ਼ਾਇਦ ਉਨ੍ਹਾਂ ਵਿੱਚੋਂ ਕਈ ਮਾੜੇ ਮਾਹੌਲ ਵਿਚ ਰਹਿੰਦੀਆਂ ਸਨ ਜਿੱਥੇ ਪ੍ਰਾਚੀਨ ਕਨਾਨ ਵਾਂਗ ਬਦਚਲਣੀ ਆਮ ਸੀ ਤੇ ਸਹੀ ਸਮਝੀ ਜਾਂਦੀ ਸੀ। ਫਿਰ ਵੀ ਉਨ੍ਹਾਂ ਨੇ ਬਾਈਬਲ ਦੇ ਸਹੀ ਗਿਆਨ ਉੱਤੇ ਨਿਹਚਾ ਕਰ ਕੇ ਆਪਣੀਆਂ ਜ਼ਿੰਦਗੀਆਂ ਬਦਲੀਆਂ ਹਨ। (ਰੋਮੀਆਂ 10:17) ਇਸ ਲਈ ਅਜਿਹੀਆਂ ਔਰਤਾਂ ਬਾਰੇ ਕਿਹਾ ਜਾ ਸਕਦਾ ਹੈ ਕਿ “ਪਰਮੇਸ਼ੁਰ ਉਨ੍ਹਾਂ ਦੀ ਵੱਲੋਂ ਨਹੀਂ ਸ਼ਰਮਾਉਂਦਾ ਜੋ ਉਨ੍ਹਾਂ ਦਾ ਪਰਮੇਸ਼ੁਰ ਕਹਾਵੇ।” (ਇਬਰਾਨੀਆਂ 11:16) ਪਰਮੇਸ਼ੁਰ ਉਨ੍ਹਾਂ ਉੱਤੇ ਕਿੰਨਾ ਮਾਣ ਕਰਦਾ ਹੈ!

ਸਮਝਦਾਰੀ ਵਰਤਣ ਕਰਕੇ ਅਬੀਗੈਲ ਨੂੰ ਅਸੀਸਾਂ ਮਿਲੀਆਂ

10, 11. ਨਾਬਾਲ ਅਤੇ ਦਾਊਦ ਵਿਚਕਾਰ ਕੀ ਵਾਪਰਿਆ ਸੀ ਜਿਸ ਕਰਕੇ ਅਬੀਗੈਲ ਨੇ ਕਦਮ ਚੁੱਕੇ?

10 ਪੁਰਾਣੇ ਜ਼ਮਾਨੇ ਵਿਚ ਕਈਆਂ ਵਫ਼ਾਦਾਰ ਔਰਤਾਂ ਨੇ ਸਮਝਦਾਰੀ ਵਰਤੀ ਜਿਸ ਕਰਕੇ ਉਹ ਯਹੋਵਾਹ ਦੇ ਲੋਕਾਂ ਲਈ ਫ਼ਾਇਦੇਮੰਦ ਸਾਬਤ ਹੋਈਆਂ। ਅਜਿਹੀ ਇਕ ਔਰਤ ਅਮੀਰ ਇਸਰਾਏਲੀ ਜ਼ਮੀਨਦਾਰ ਨਾਬਾਲ ਦੀ ਘਰਵਾਲੀ ਅਬੀਗੈਲ ਸੀ। ਅਬੀਗੈਲ ਦੀ ਚੰਗੀ ਮੱਤ ਕਰਕੇ ਕਈਆਂ ਲੋਕਾਂ ਦੀਆਂ ਜਾਨਾਂ ਬਚੀਆਂ ਅਤੇ ਉਸ ਨੇ ਇਸਰਾਏਲ ਦੇ ਹੋਣ ਵਾਲੇ ਰਾਜੇ ਦਾਊਦ ਨੂੰ ਖ਼ੂਨ ਕਰਨ ਤੋਂ ਰੋਕਿਆ। ਅਸੀਂ ਅਬੀਗੈਲ ਬਾਰੇ 1 ਸਮੂਏਲ ਦੇ 25ਵੇਂ ਅਧਿਆਏ ਵਿਚ ਪੜ੍ਹ ਸਕਦੇ ਹਾਂ।

11 ਇਹ ਕਹਾਣੀ ਦਾਊਦ ਤੇ ਉਸ ਦੇ ਸਾਥੀਆਂ ਨਾਲ ਸ਼ੁਰੂ ਹੁੰਦੀ ਹੈ ਜਿਨ੍ਹਾਂ ਨੇ ਨਾਬਾਲ ਦੇ ਇੱਜੜਾਂ ਨੇੜੇ ਡੇਰਾ ਲਾਇਆ ਹੋਇਆ ਸੀ। ਉਨ੍ਹਾਂ ਨੇ ਆਪਣੇ ਇਸ ਇਸਰਾਏਲੀ ਭਰਾ ਦੇ ਇੱਜੜਾਂ ਦੀ ਬਿਨਾਂ ਪੈਸਾ ਲਏ ਦਿਨ-ਰਾਤ ਦੇਖ-ਭਾਲ ਕੀਤੀ। ਜਦੋਂ ਦਾਊਦ ਦਾ ਅੰਨ-ਪਾਣੀ ਮੁੱਕਣ ਤੇ ਆਇਆ, ਤਾਂ ਉਸ ਨੇ ਖਾਣਾ ਮੰਗਣ ਲਈ ਦਸ ਨੌਜਵਾਨ ਨਾਬਾਲ ਕੋਲ ਭੇਜੇ। ਨਾਬਾਲ ਕੋਲ ਦਾਊਦ ਦੀ ਮਦਦ ਦਾ ਧੰਨਵਾਦ ਕਰਨ ਤੇ ਯਹੋਵਾਹ ਦੇ ਚੁਣੇ ਹੋਏ ਰਾਜੇ ਵਜੋਂ ਉਸ ਦੀ ਕਦਰ ਕਰਨ ਦਾ ਵਧੀਆ ਮੌਕਾ ਸੀ। ਪਰ ਨਾਬਾਲ ਨੇ ਇਸ ਦੇ ਉਲਟ ਕੀਤਾ। ਗੁੱਸੇ ਵਿਚ ਆ ਕੇ ਉਸ ਨੇ ਦਾਊਦ ਦਾ ਅਪਮਾਨ ਕੀਤਾ ਅਤੇ ਇਨ੍ਹਾਂ ਨੌਜਵਾਨਾਂ ਨੂੰ ਖਾਲੀ ਹੱਥ ਮੋੜ ਦਿੱਤਾ। ਜਦੋਂ ਦਾਊਦ ਨੂੰ ਇਸ ਦੀ ਖ਼ਬਰ ਮਿਲੀ, ਤਾਂ ਉਹ 400 ਬੰਦਿਆਂ ਦੀ ਫ਼ੌਜ ਲੈ ਕੇ ਬਦਲਾ ਲੈਣ ਲਈ ਨਿਕਲਿਆ। ਜਦੋਂ ਅਬੀਗੈਲ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਨੇ ਕੀ ਕੀਤਾ, ਉਸ ਨੇ ਦਾਊਦ ਨੂੰ ਸ਼ਾਂਤ ਕਰਨ ਲਈ ਸਮਝਦਾਰੀ ਵਰਤ ਕੇ ਫਟਾਫਟ ਬਹੁਤ ਸਾਰਾ ਖਾਣਾ ਭੇਜਿਆ ਤੇ ਫਿਰ ਉਹ ਆਪ ਦਾਊਦ ਨੂੰ ਮਿਲਣ ਲਈ ਨਿਕਲੀ।—1 ਸਮੂਏਲ 25:2-20.

12, 13. (ੳ) ਅਬੀਗੈਲ ਸਮਝਦਾਰ ਹੋਣ ਦੇ ਨਾਲ-ਨਾਲ ਯਹੋਵਾਹ ਅਤੇ ਉਸ ਦੇ ਚੁਣੇ ਹੋਏ ਰਾਜੇ ਪ੍ਰਤੀ ਵਫ਼ਾਦਾਰ ਕਿਵੇਂ ਸਾਬਤ ਹੋਈ? (ਅ) ਅਬੀਗੈਲ ਨੇ ਘਰ ਜਾ ਕੇ ਕੀ ਕੀਤਾ ਸੀ ਅਤੇ ਅੰਤ ਵਿਚ ਉਸ ਨਾਲ ਕੀ ਹੋਇਆ ਸੀ?

12 ਜਦੋਂ ਅਬੀਗੈਲ ਦਾਊਦ ਨੂੰ ਮਿਲੀ, ਤਾਂ ਉਸ ਨੇ ਦਾਊਦ ਨੂੰ ਯਹੋਵਾਹ ਦੇ ਚੁਣੇ ਹੋਏ ਰਾਜੇ ਵਜੋਂ ਸਵੀਕਾਰ ਕਰ ਕੇ ਉਸ ਕੋਲੋਂ ਨਿਮਰਤਾ ਨਾਲ ਦਇਆ ਦੀ ਭੀਖ ਮੰਗੀ। ਉਸ ਨੇ ਕਿਹਾ: “ਯਹੋਵਾਹ ਮੇਰੇ ਮਹਾਰਾਜ ਦਾ ਇੱਕ ਪੱਕਾ ਘਰ ਜ਼ਰੂਰ ਬਣਾਵੇਗਾ ਏਸ ਲਈ ਜੋ ਮੇਰਾ ਮਹਾਰਾਜ ਯਹੋਵਾਹ ਦੀਆਂ ਲੜਾਈਆਂ ਲੜਦਾ ਹੈ।” ਅੱਗੇ ਉਸ ਨੇ ਕਿਹਾ ਕਿ ਯਹੋਵਾਹ ਦਾਊਦ ਨੂੰ ਇਸਰਾਏਲ ਦਾ ਪ੍ਰਧਾਨ ਬਣਾਵੇਗਾ। (1 ਸਮੂਏਲ 25:28-30) ਇਸ ਦੇ ਨਾਲ-ਨਾਲ ਅਬੀਗੈਲ ਨੇ ਹਿੰਮਤ ਨਾਲ ਦਾਊਦ ਨੂੰ ਦੱਸਿਆ ਕਿ ਜੇ ਉਹ ਬਦਲਾ ਲਵੇਗਾ, ਤਾਂ ਉਸ ਦੇ ਹੱਥ ਖ਼ੂਨ ਨਾਲ ਰੰਗੇ ਜਾਣਗੇ। (1 ਸਮੂਏਲ 25:26, 31) ਅਬੀਗੈਲ ਆਦਰ ਤੇ ਨਿਮਰਤਾ ਨਾਲ ਦਾਊਦ ਸਾਮ੍ਹਣੇ ਪੇਸ਼ ਹੋਈ ਤੇ ਉਸ ਦੀ ਸਮਝਦਾਰੀ ਕਰਕੇ ਦਾਊਦ ਸੰਭਲ ਗਿਆ। ਦਾਊਦ ਨੇ ਕਿਹਾ: “ਮੁਬਾਰਕ ਹੈ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਜਿਸ ਨੇ ਤੈਨੂੰ ਅੱਜ ਮੇਰੇ ਮਿਲਣ ਨੂੰ ਘੱਲਿਆ ਹੈ। ਅਤੇ ਮੁਬਾਰਕ ਤੇਰੀ ਮੱਤ ਅਤੇ ਮੁਬਾਰਕ ਤੂੰ ਹੈਂ ਕਿਉਂ ਜੋ ਅੱਜ ਦੇ ਦਿਨ ਤੂੰ ਮੈਨੂੰ ਲਹੂ ਵਗਾਉਣੋਂ ਅਤੇ ਆਪਣੇ ਹੱਥ ਦੇ ਬਦਲਾ ਲੈਣ ਤੋਂ ਹਟਾਇਆ।”—1 ਸਮੂਏਲ 25:32, 33.

13 ਘਰ ਵਾਪਸ ਜਾ ਕੇ ਅਬੀਗੈਲ ਜਿਗਰਾ ਕਰ ਕੇ ਆਪਣੇ ਪਤੀ ਨੂੰ ਲੱਭਣ ਗਈ ਤਾਂਕਿ ਉਹ ਦਾਊਦ ਨੂੰ ਦਿੱਤੇ ਖਾਣੇ ਬਾਰੇ ਉਸ ਨੂੰ ਦੱਸੇ। ਪਰ ਨਾਬਾਲ ਨੇ ‘ਬਹੁਤ ਪੀਤੀ ਸੀ’ ਇਸ ਲਈ ਉਸ ਨੇ ਉਸ ਦਾ ਨਸ਼ਾ ਉਤਰਣ ਤਕ ਇੰਤਜ਼ਾਰ ਕੀਤਾ। ਅਬੀਗੈਲ ਦੀ ਗੱਲ ਸੁਣ ਕੇ ਨਾਬਾਲ ਨੂੰ ਕੀ ਹੋਇਆ? ਉਹ ਇੰਨਾ ਸੁੰਨ ਹੋ ਗਿਆ ਜਿਵੇਂ ਕਿ ਉਸ ਨੂੰ ਅਧਰੰਗ ਹੋ ਗਿਆ ਹੋਵੇ। ਦਸ ਦਿਨ ਬਾਅਦ ਉਹ ਪਰਮੇਸ਼ੁਰ ਦੇ ਹੱਥੀਂ ਮਰ ਗਿਆ। ਜਦੋਂ ਦਾਊਦ ਨੇ ਨਾਬਾਲ ਦੀ ਮੌਤ ਬਾਰੇ ਸੁਣਿਆ, ਤਾਂ ਉਸ ਨੇ ਅਬੀਗੈਲ ਨਾਲ ਵਿਆਹ ਕਰਾਉਣ ਬਾਰੇ ਗੱਲ ਕੀਤੀ ਕਿਉਂਕਿ ਉਹ ਉਸ ਨੂੰ ਪਸੰਦ ਕਰਦਾ ਸੀ ਤੇ ਉਸ ਦੀ ਇੱਜ਼ਤ ਕਰਦਾ ਸੀ। ਅਬੀਗੈਲ ਰਾਜ਼ੀ ਹੋਈ।—1 ਸਮੂਏਲ 25:34-42.

ਕੀ ਤੁਸੀਂ ਅਬੀਗੈਲ ਵਰਗੇ ਬਣ ਸਕਦੇ ਹੋ?

14. ਤੁਸੀਂ ਅਬੀਗੈਲ ਵਿਚ ਕਿਹੜੇ ਗੁਣ ਦੇਖੇ ਹਨ ਜੋ ਤੁਸੀਂ ਆਪਣੇ ਵਿਚ ਪੈਦਾ ਕਰਨੇ ਚਾਹੁੰਦੇ ਹੋ?

14 ਚਾਹੇ ਤੁਸੀਂ ਤੀਵੀਂ ਹੋ ਜਾਂ ਆਦਮੀ, ਕੀ ਤੁਸੀਂ ਅਬੀਗੈਲ ਵਿਚ ਅਜਿਹੇ ਗੁਣ ਦੇਖੇ ਹਨ ਜੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਿਚ ਵੀ ਹੋਣ? ਸ਼ਾਇਦ ਤੁਸੀਂ ਮੁਸ਼ਕਲਾਂ ਆਉਣ ਤੇ ਸਮਝਦਾਰੀ ਅਤੇ ਸਿਆਣਪ ਨਾਲ ਕਦਮ ਚੁੱਕਣੇ ਚਾਹੁੰਦੇ ਹੋ। ਜਾਂ ਹੋ ਸਕਦਾ ਹੈ ਕਿ ਜਦੋਂ ਦੂਸਰਿਆਂ ਦਾ ਗੁੱਸਾ ਭੜਕ ਰਿਹਾ ਹੋਵੇ, ਤਾਂ ਤੁਸੀਂ ਸ਼ਾਂਤ ਰਹਿ ਕੇ ਧਿਆਨ ਨਾਲ ਗੱਲ ਕਰਨੀ ਚਾਹੁੰਦੇ ਹੋਵੋ। ਤਾਂ ਫਿਰ, ਕਿਉਂ ਨਾ ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰੋ? ਉਹ ‘ਨਿਹਚਾ ਨਾਲ ਮੰਗਣ’ ਵਾਲਿਆਂ ਨੂੰ ਬੁੱਧ, ਸਮਝ ਅਤੇ ਮੱਤ ਦੇਣ ਦਾ ਵਾਅਦਾ ਕਰਦਾ ਹੈ।—ਯਾਕੂਬ 1:5, 6; ਕਹਾਉਤਾਂ 2:1-6, 10, 11.

15. ਖ਼ਾਸ ਕਰਕੇ ਕਿਨ੍ਹਾਂ ਮਸੀਹੀ ਔਰਤਾਂ ਨੂੰ ਅਬੀਗੈਲ ਵਾਂਗ ਚੰਗੇ ਗੁਣ ਪੈਦਾ ਕਰਨੇ ਚਾਹੀਦੇ ਹਨ?

15 ਅਜਿਹੇ ਗੁਣ ਖ਼ਾਸ ਕਰਕੇ ਉਨ੍ਹਾਂ ਔਰਤਾਂ ਲਈ ਜ਼ਰੂਰੀ ਹਨ ਜਿਨ੍ਹਾਂ ਦੇ ਪਤੀ ਸੱਚਾਈ ਵਿਚ ਨਹੀਂ ਹਨ ਅਤੇ ਬਾਈਬਲ ਦੇ ਅਸੂਲਾਂ ਤੇ ਨਹੀਂ ਚੱਲਦੇ। ਉਹ ਸ਼ਾਇਦ ਸ਼ਰਾਬ ਵੀ ਬਹੁਤ ਪੀਂਦੇ ਹੋਣ। ਉਮੀਦ ਹੈ ਕਿ ਅਜਿਹੇ ਮਰਦ ਸੁਧਰ ਜਾਣਗੇ ਜਿਵੇਂ ਕਈ ਪਤੀ ਆਪਣੀਆਂ ਪਤਨੀਆਂ ਦਾ ਨੇਕ ਚਾਲ-ਚਲਣ ਦੇਖ ਕੇ ਸੁਧਰੇ ਵੀ ਹਨ ਕਿਉਂਕਿ ਉਹ ਆਦਰ ਤੇ ਕੋਮਲਤਾ ਨਾਲ ਉਨ੍ਹਾਂ ਨਾਲ ਪੇਸ਼ ਆਉਂਦੀਆਂ ਸਨ।—1 ਪਤਰਸ 3:1, 2, 4.

16. ਘਰ ਵਿਚ ਜੋ ਵੀ ਹੋਵੇ, ਇਕ ਮਸੀਹੀ ਭੈਣ ਕਿਵੇਂ ਦਿਖਾ ਸਕਦੀ ਹੈ ਕਿ ਉਸ ਲਈ ਯਹੋਵਾਹ ਦੇ ਨੇੜੇ ਰਹਿਣਾ ਸਭ ਤੋਂ ਜ਼ਰੂਰੀ ਗੱਲ ਹੈ?

16 ਘਰ ਵਿਚ ਤੁਹਾਨੂੰ ਭਾਵੇਂ ਜਿੰਨੀਆਂ ਮਰਜ਼ੀ ਮੁਸ਼ਕਲਾਂ ਸਹਿਣੀਆਂ ਪੈਣ, ਯਾਦ ਰੱਖੋ ਕਿ ਯਹੋਵਾਹ ਸਹਾਰਾ ਦੇਣ ਲਈ ਹਮੇਸ਼ਾ ਤੁਹਾਡੇ ਨਾਲ ਹੈ। (1 ਪਤਰਸ 3:12) ਆਪਣੇ ਆਪ ਨੂੰ ਸੱਚਾਈ ਵਿਚ ਮਜ਼ਬੂਤ ਰੱਖਣ ਦੀ ਕੋਸ਼ਿਸ਼ ਕਰੋ। ਬੁੱਧ ਅਤੇ ਸ਼ਾਂਤ ਮਨ ਲਈ ਪ੍ਰਾਰਥਨਾ ਕਰੋ। ਬਾਈਬਲ ਦਾ ਅਧਿਐਨ, ਪ੍ਰਾਰਥਨਾ ਤੇ ਮਨਨ ਕਰ ਕੇ ਅਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਨਾਲ ਸੰਗਤ ਰੱਖ ਕੇ ਯਹੋਵਾਹ ਨੇ ਨੇੜੇ ਜਾਓ। ਅਬੀਗੈਲ ਦਾ ਪਤੀ ਰੂਹਾਨੀ ਤੌਰ ਤੇ ਮਜ਼ਬੂਤ ਨਹੀਂ ਸੀ, ਪਰ ਅਬੀਗੈਲ ਪਰਮੇਸ਼ੁਰ ਨਾਲ ਪਿਆਰ ਕਰਨ ਦੇ ਨਾਲ-ਨਾਲ ਉਸ ਦੇ ਚੁਣੇ ਹੋਏ ਸੇਵਕ ਦੀ ਕਦਰ ਕਰਦੀ ਸੀ। ਉਹ ਯਹੋਵਾਹ ਦੇ ਧਰਮੀ ਅਸੂਲਾਂ ਅਨੁਸਾਰ ਚੱਲੀ। ਜੇ ਤੁਹਾਡਾ ਪਤੀ ਪਰਮੇਸ਼ੁਰ ਦੀ ਸੇਵਾ ਕਰਦਾ ਵੀ ਹੈ, ਤਾਂ ਵੀ ਇਕ ਮਸੀਹੀ ਪਤਨੀ ਜਾਣਦੀ ਹੈ ਕਿ ਉਸ ਨੂੰ ਆਪਣੀ ਨਿਹਚਾ ਪੱਕੀ ਰੱਖਣ ਲਈ ਮਿਹਨਤ ਕਰਨੀ ਪੈਂਦੀ ਹੈ। ਇਹ ਸੱਚ ਹੈ ਕਿ ਬਾਈਬਲ ਵਿਚ ਇਕ ਪਤੀ ਨੂੰ ਆਪਣੀ ਪਤਨੀ ਦੀਆਂ ਰੂਹਾਨੀ ਤੇ ਭੌਤਿਕ ਲੋੜਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਪਰ ਅਖ਼ੀਰ ਵਿਚ ਪਤਨੀ ਨੂੰ “ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦਾ ਕੰਮ” ਆਪ ਨਿਭਾਉਣਾ ਪਵੇਗਾ।—ਫ਼ਿਲਿੱਪੀਆਂ 2:12; 1 ਤਿਮੋਥਿਉਸ 5:8.

ਉਸ ਨੂੰ “ਨਬੀ ਦਾ ਫਲ” ਮਿਲਿਆ

17, 18. (ੳ) ਸਾਰਫਥ ਦੀ ਵਿਧਵਾ ਦੀ ਨਿਹਚਾ ਕਿਵੇਂ ਪਰਖੀ ਗਈ ਸੀ? (ਅ) ਕੀ ਇਸ ਔਰਤ ਨੇ ਏਲੀਯਾਹ ਦੀ ਅਰਜ਼ ਸੁਣੀ ਅਤੇ ਯਹੋਵਾਹ ਨੇ ਉਸ ਨੂੰ ਕੀ ਇਨਾਮ ਦਿੱਤਾ?

17 ਏਲੀਯਾਹ ਨਬੀ ਦੇ ਜ਼ਮਾਨੇ ਵਿਚ ਯਹੋਵਾਹ ਨੇ ਇਕ ਗ਼ਰੀਬ ਵਿਧਵਾ ਦੀ ਦੇਖ-ਭਾਲ ਕੀਤੀ ਸੀ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਉਨ੍ਹਾਂ ਦੀ ਬਹੁਤ ਕਦਰ ਕਰਦਾ ਹੈ ਜੋ ਕੁਝ-ਨ-ਕੁਝ ਦੇ ਕੇ ਉਸ ਦੇ ਭਗਤਾਂ ਦੀ ਸਹਾਇਤਾ ਕਰਦੇ ਹਨ। ਏਲੀਯਾਹ ਦੇ ਜ਼ਮਾਨੇ ਵਿਚ ਸੋਕਾ ਅਤੇ ਕਾਲ ਪੈਣ ਕਰਕੇ ਲੋਕ ਫਾਕੇ ਕੱਟ ਰਹੇ ਸਨ ਤੇ ਇਹੀ ਹਾਲ ਸਾਰਫਥ ਵਿਚ ਰਹਿਣ ਵਾਲੀ ਇਸ ਵਿਧਵਾ ਤੇ ਉਸ ਦੇ ਮੁੰਡੇ ਦਾ ਸੀ। ਜਦੋਂ ਉਹ ਆਪਣਾ ਆਖ਼ਰੀ ਭੋਜਨ ਖਾਣ ਵਾਲੇ ਸਨ, ਤਾਂ ਏਲੀਯਾਹ ਨਬੀ ਉਨ੍ਹਾਂ ਦੇ ਘਰ ਆਇਆ। ਉਸ ਨੇ ਇਕ ਅਨੋਖੀ ਅਰਜ਼ ਕੀਤੀ। ਭਾਵੇਂ ਉਹ ਇਸ ਔਰਤ ਦੀ ਮੁਸ਼ਕਲ ਹਾਲਤ ਜਾਣਦਾ ਸੀ, ਫਿਰ ਵੀ ਉਸ ਨੇ ਉਸ ਨੂੰ ਬਾਕੀ ਬਚੇ ਥੋੜ੍ਹੇ ਜਿਹੇ ਤੇਲ ਤੇ ਆਟੇ ਨਾਲ “ਇੱਕ ਮੱਨੀ” ਪਕਾਉਣ ਲਈ ਕਿਹਾ। ਪਰ ਇਸ ਦੇ ਨਾਲ ਉਸ ਨੇ ਇਹ ਵੀ ਕਿਹਾ: “ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ ਕਿ ਨਾ ਤੌਲੇ ਦਾ ਆਟਾ ਮੁੱਕੇਗਾ ਨਾ ਕੁੱਜੀ ਦਾ ਤੇਲ ਘਟੇਗਾ ਜਿੰਨਾ ਚਿਰ ਯਹੋਵਾਹ ਜ਼ਮੀਨ ਉੱਤੇ ਮੀਂਹ ਨਾ ਪਾਵੇ।”—1 ਰਾਜਿਆਂ 17:8-14.

18 ਜੇ ਤੁਸੀਂ ਉਸ ਵਿਧਵਾ ਦੀ ਥਾਂ ਹੁੰਦੇ, ਤਾਂ ਕੀ ਤੁਸੀਂ ਇਸ ਅਜੀਬ ਬੇਨਤੀ ਨੂੰ ਸੁਣਦੇ? ਇਸ ਤਰ੍ਹਾਂ ਲੱਗਦਾ ਹੈ ਕਿ ਸਾਰਫਥ ਦੀ ਵਿਧਵਾ ਜਾਣਦੀ ਸੀ ਕਿ ਏਲੀਯਾਹ ਯਹੋਵਾਹ ਦਾ ਨਬੀ ਸੀ, ਇਸ ਲਈ ਉਸ ਨੇ “ਏਲੀਯਾਹ ਦੇ ਆਖਣ ਅਨੁਸਾਰ ਕੀਤਾ।” ਯਹੋਵਾਹ ਨੇ ਇਸ ਤੀਵੀਂ ਦੀ ਪਰਾਹੁਣਚਾਰੀ ਦਾ ਕੀ ਇਨਾਮ ਦਿੱਤਾ? ਕਾਲ ਦੌਰਾਨ ਯਹੋਵਾਹ ਨੇ ਉਸ ਦੇ ਘਰ ਅੰਨ ਮੁੱਕਣ ਨਹੀਂ ਦਿੱਤਾ ਅਤੇ ਇਸ ਤਰ੍ਹਾਂ ਉਸ ਵਿਧਵਾ, ਉਸ ਦੇ ਪੁੱਤਰ ਤੇ ਏਲੀਯਾਹ ਨੂੰ ਭੁੱਖੇ ਨਹੀਂ ਮਰਨ ਦਿੱਤਾ। (1 ਰਾਜਿਆਂ 17:15, 16) ਜੀ ਹਾਂ, ਭਾਵੇਂ ਕਿ ਸਾਰਫਥ ਦੀ ਵਿਧਵਾ ਇਸਰਾਏਲਣ ਨਹੀਂ ਸੀ, ਫਿਰ ਵੀ ਯਹੋਵਾਹ ਨੇ ਉਸ ਨੂੰ “ਨਬੀ ਦਾ ਫਲ” ਦਿੱਤਾ। (ਮੱਤੀ 10:41) ਪਰਮੇਸ਼ੁਰ ਦੇ ਪੁੱਤਰ ਨੇ ਵੀ ਇਸ ਤੀਵੀਂ ਦਾ ਆਦਰ ਕੀਤਾ ਸੀ ਜਦੋਂ ਉਸ ਨੇ ਨਾਸਰਤ ਦੇ ਬੇਵਫ਼ਾ ਲੋਕਾਂ ਨੂੰ ਇਸ ਔਰਤ ਦੀ ਨਿਹਚਾ ਦੀ ਮਿਸਾਲ ਦਿੱਤੀ ਸੀ।—ਲੂਕਾ 4:24-26.

19. ਅੱਜ ਕਈ ਮਸੀਹੀ ਭੈਣਾਂ ਸਾਰਫਥ ਦੀ ਇਸ ਵਿਧਵਾ ਵਰਗੀਆਂ ਕਿਵੇਂ ਹਨ ਤੇ ਇਨ੍ਹਾਂ ਬਾਰੇ ਯਹੋਵਾਹ ਕੀ ਸੋਚਦਾ ਹੈ?

19 ਅੱਜ ਕਈ ਮਸੀਹੀ ਭੈਣਾਂ ਸਾਰਫਥ ਦੀ ਇਸ ਵਿਧਵਾ ਵਰਗੀਆਂ ਹਨ। ਮਿਸਾਲ ਲਈ, ਹਰ ਹਫ਼ਤੇ ਦਰਿਆ-ਦਿਲ ਭੈਣਾਂ ਸਫ਼ਰੀ ਨਿਗਾਹਬਾਨਾਂ ਤੇ ਉਨ੍ਹਾਂ ਦੀਆਂ ਪਤਨੀਆਂ ਦੀ ਪਰਾਹੁਣਚਾਰੀ ਕਰਦੀਆਂ ਹਨ, ਭਾਵੇਂ ਉਹ ਆਪ ਗ਼ਰੀਬ ਹਨ ਜਾਂ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦੀ ਦੇਖ-ਭਾਲ ਕਰਨੀ ਪੈਂਦੀ ਹੈ। ਕਈ ਭੈਣਾਂ ਕਲੀਸਿਯਾ ਵਿਚ ਪਾਇਨੀਅਰਾਂ ਨੂੰ ਰੋਟੀ ਖੁਆਉਂਦੀਆਂ ਹਨ, ਲੋੜਵੰਦਾਂ ਦੀ ਮਦਦ ਕਰਦੀਆਂ ਹਨ ਅਤੇ ਕਿਸੇ-ਨ-ਕਿਸੇ ਤਰ੍ਹਾਂ ਆਪਣਾ ਮਾਲ-ਧਨ ਪਰਮੇਸ਼ੁਰ ਦੀ ਸੇਵਾ ਵਿਚ ਵਰਤਦੀਆਂ ਹਨ। (ਲੂਕਾ 21:4) ਕੀ ਯਹੋਵਾਹ ਅਜਿਹੀ ਉਦਾਰਤਾ ਦੇਖਦਾ ਹੈ? ਬਿਲਕੁਲ! “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ ਭਈ ਤੁਸਾਂ ਸੰਤਾਂ ਦੀ ਸੇਵਾ ਕੀਤੀ, ਨਾਲੇ ਕਰਦੇ ਭੀ ਹੋ।”—ਇਬਰਾਨੀਆਂ 6:10.

20. ਅਗਲੇ ਲੇਖ ਵਿਚ ਕਿਸ ਬਾਰੇ ਗੱਲਬਾਤ ਕੀਤੀ ਜਾਵੇਗੀ?

20 ਪਹਿਲੀ ਸਦੀ ਵਿਚ ਪਰਮੇਸ਼ੁਰ ਨਾਲ ਪਿਆਰ ਕਰਨ ਵਾਲੀਆਂ ਬਹੁਤ ਸਾਰੀਆਂ ਔਰਤਾਂ ਯਿਸੂ ਅਤੇ ਉਸ ਦੇ ਰਸੂਲਾਂ ਦੀ ਸੇਵਾ ਕਰਦੀਆਂ ਸਨ। ਅਗਲੇ ਲੇਖ ਵਿਚ ਅਸੀਂ ਇਸ ਬਾਰੇ ਚਰਚਾ ਕਰਾਂਗੇ ਕਿ ਇਨ੍ਹਾਂ ਔਰਤਾਂ ਨੇ ਯਹੋਵਾਹ ਦੇ ਜੀਅ ਨੂੰ ਕਿਵੇਂ ਖ਼ੁਸ਼ ਕੀਤਾ ਸੀ। ਇਸ ਤੋਂ ਇਲਾਵਾ ਅਸੀਂ ਉਨ੍ਹਾਂ ਔਰਤਾਂ ਦੀਆਂ ਮਿਸਾਲਾਂ ਬਾਰੇ ਗੱਲਬਾਤ ਕਰਾਂਗੇ ਜੋ ਅੱਜ ਮੁਸ਼ਕਲਾਂ ਦੇ ਬਾਵਜੂਦ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਦੀਆਂ ਹਨ।

[ਫੁਟਨੋਟ]

^ ਪੈਰਾ 8 ਮੱਤੀ ਦੀ ਪੁਸਤਕ ਵਿਚ ਯਿਸੂ ਦੀ ਵੰਸ਼ਾਵਲੀ ਵਿਚ ਚਾਰ ਔਰਤਾਂ ਦੇ ਨਾਂ ਦਿੱਤੇ ਗਏ ਹਨ—ਤਾਮਾਰ, ਰਾਹਾਬ, ਰੂਥ ਤੇ ਮਰਿਯਮ। ਪਰਮੇਸ਼ੁਰ ਦੇ ਬਚਨ ਵਿਚ ਇਨ੍ਹਾਂ ਸਾਰੀਆਂ ਤੀਵੀਆਂ ਦਾ ਆਦਰ ਕੀਤਾ ਗਿਆ ਹੈ।—ਮੱਤੀ 1:3, 5, 16.

ਪਿੱਛਲ ਝਾਤ

• ਇਨ੍ਹਾਂ ਔਰਤਾਂ ਨੇ ਯਹੋਵਾਹ ਦੇ ਜੀਅ ਨੂੰ ਖ਼ੁਸ਼ ਕਿਵੇਂ ਕੀਤਾ ਸੀ:

• ਸਿਫਰਾਹ ਅਤੇ ਫੂਆਹ?

• ਰਾਹਾਬ?

• ਅਬੀਗੈਲ?

• ਸਾਰਫਥ ਦੀ ਵਿਧਵਾ?

• ਇਨ੍ਹਾਂ ਔਰਤਾਂ ਦੀਆਂ ਮਿਸਾਲਾਂ ਉੱਤੇ ਮਨਨ ਕਰ ਕੇ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ? ਮਿਸਾਲ ਦਿਓ।

[ਸਵਾਲ]

[ਸਫ਼ੇ 9 ਉੱਤੇ ਤਸਵੀਰ]

ਕਈ ਵਫ਼ਾਦਾਰ ਔਰਤਾਂ “ਪਾਤਸ਼ਾਹ ਦੇ ਫ਼ਰਮਾਨ” ਦੇ ਬਾਵਜੂਦ ਪਰਮੇਸ਼ੁਰ ਦੀ ਸੇਵਾ ਕਰਦੀਆਂ ਹਨ

[ਸਫ਼ੇ 10 ਉੱਤੇ ਤਸਵੀਰ]

ਰਾਹਾਬ ਦੀ ਨਿਹਚਾ ਸਾਡੇ ਲਈ ਇਕ ਵਧੀਆ ਮਿਸਾਲ ਕਿਉਂ ਹੈ?

[ਸਫ਼ੇ 10 ਉੱਤੇ ਤਸਵੀਰ]

ਤੁਸੀਂ ਅਬੀਗੈਲ ਦੇ ਕਿਹੜੇ ਗੁਣਾਂ ਦੀ ਰੀਸ ਕਰਨੀ ਚਾਹੁੰਦੇ ਹੋ?

[ਸਫ਼ੇ 12 ਉੱਤੇ ਤਸਵੀਰ]

ਅੱਜ ਕਈ ਮਸੀਹੀ ਭੈਣਾਂ ਸਾਰਫਥ ਦੀ ਵਿਧਵਾ ਵਰਗੀਆਂ ਹਨ