ਯਹੋਵਾਹ ਨੇ ਮੈਨੂੰ ਜਵਾਨੀ ਤੋਂ ਸਿਖਾਇਆ ਹੈ
ਜੀਵਨੀ
ਯਹੋਵਾਹ ਨੇ ਮੈਨੂੰ ਜਵਾਨੀ ਤੋਂ ਸਿਖਾਇਆ ਹੈ
ਰਿਚਰਡ ਏਬ੍ਰਹੈਮਸਨ ਦੀ ਜ਼ਬਾਨੀ
“ਹੇ ਪਰਮੇਸ਼ੁਰ, ਤੈਂ ਮੈਨੂੰ ਜੁਆਨੀ ਤੋਂ ਸਿਖਲਾਇਆ ਹੈ, ਅਤੇ ਹੁਣ ਤੀਕੁਰ ਮੈਂ ਤੇਰੇ ਅਨੋਖੇ ਕੰਮਾਂ ਨੂੰ ਦੱਸਦਾ ਰਿਹਾ।” ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜ਼ਬੂਰ 71:17 ਦੇ ਇਹ ਲਫ਼ਜ਼ ਮੇਰੇ ਲਈ ਬਹੁਤ ਮਾਅਨੇ ਕਿਉਂ ਰੱਖਦੇ ਹਨ।
ਮੈਂ ਅਮਰੀਕਾ ਵਿਚ ਆਰੇਗਨ ਦੇ ਲਗ੍ਰੈਂਡ ਸ਼ਹਿਰ ਵਿਚ ਜੰਮਿਆ-ਪਲਿਆ ਸੀ। ਮੇਰੇ ਮਾਤਾ ਜੀ ਫੈਨੀ ਏਬ੍ਰਹੈਮਸਨ ਨੂੰ ਯਹੋਵਾਹ ਦੇ ਗਵਾਹ 1924 ਵਿਚ ਮਿਲੇ ਸਨ। ਉਦੋਂ ਯਹੋਵਾਹ ਦੇ ਗਵਾਹਾਂ ਨੂੰ ਬਾਈਬਲ ਸਟੂਡੈਂਟਸ ਸੱਦਿਆ ਜਾਂਦਾ ਸੀ। ਉਸ ਸਮੇਂ ਮੈਂ ਸਿਰਫ਼ ਇਕ ਸਾਲ ਦਾ ਸੀ ਤੇ ਮੇਰਾ ਇਕ ਵੱਡਾ ਭਰਾ ਤੇ ਇਕ ਵੱਡੀ ਭੈਣ ਸੀ। ਮਾਤਾ ਜੀ ਬਾਈਬਲ ਵਿੱਚੋਂ ਸੋਹਣੀਆਂ ਗੱਲਾਂ ਸਿੱਖ ਕੇ ਤੁਰੰਤ ਗੁਆਂਢੀਆਂ ਨੂੰ ਦੱਸਦੇ ਸਨ। ਉਹ ਸਾਨੂੰ ਨਿਆਣਿਆਂ ਨੂੰ ਵੀ ਇਹ ਗੱਲਾਂ ਸਿਖਾਉਂਦੇ ਸਨ। ਜਦ ਮੈਂ ਅਜੇ ਪੜ੍ਹ ਵੀ ਨਹੀਂ ਸਕਦਾ ਸੀ, ਤਾਂ ਮਾਤਾ ਜੀ ਨੇ ਮੈਨੂੰ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਬਾਰੇ ਕਈ ਆਇਤਾਂ ਮੂੰਹ-ਜ਼ਬਾਨੀ ਯਾਦ ਕਰਾਈਆਂ ਸਨ।
ਉੱਨੀ ਸੌ ਵੀਹ ਦੇ ਦਹਾਕੇ ਦੇ ਅਖ਼ੀਰਲੇ ਸਾਲਾਂ ਦੌਰਾਨ ਲਗ੍ਰੈਂਡ ਵਿਚ ਸਾਡੇ ਬਾਈਬਲ ਸਟੂਡੈਂਟਸ ਦੇ ਸਮੂਹ ਵਿਚ ਸਿਰਫ਼ ਕੁਝ ਔਰਤਾਂ ਤੇ ਬੱਚੇ ਹੀ ਸਨ। ਭਾਵੇਂ ਅਸੀਂ ਦੂਸਰੀਆਂ ਕਲੀਸਿਯਾਵਾਂ ਤੋਂ ਬਹੁਤ ਦੂਰ ਸੀ, ਫਿਰ ਵੀ ਸਾਲ ਵਿਚ ਇਕ ਜਾਂ ਦੋ ਵਾਰ ਸਫ਼ਰੀ ਨਿਗਾਹਬਾਨ ਸਾਨੂੰ ਮਿਲਣ ਆਇਆ ਕਰਦੇ ਸਨ। ਇਹ ਭਰਾ ਭਾਸ਼ਣਾਂ ਦੁਆਰਾ ਸਾਨੂੰ ਹੌਸਲਾ ਦਿੰਦੇ ਸਨ, ਸਾਡੇ ਨਾਲ ਘਰ-ਘਰ ਪ੍ਰਚਾਰ ਕਰਨ ਜਾਂਦੇ ਸਨ ਅਤੇ ਨਿਆਣਿਆਂ ਨਾਲ ਵੀ ਸਮਾਂ ਗੁਜ਼ਾਰਦੇ ਸਨ। ਇਨ੍ਹਾਂ ਪਿਆਰੇ ਭਰਾਵਾਂ ਵਿਚ ਸ਼ੀਲਡ ਟੂਟਜੀਅਨ, ਜੀਨ ਔਰਲ ਅਤੇ ਜੌਨ ਬੂਥ ਵੀ ਸਨ।
ਸੰਨ 1931 ਵਿਚ ਸਾਡੇ ਸਮੂਹ ਤੋਂ ਕੋਈ ਵੀ ਕੋਲੰਬਸ, ਓਹੀਓ ਦੇ ਸੰਮੇਲਨ ਨੂੰ ਨਹੀਂ ਜਾ ਸਕਿਆ ਜਿੱਥੇ ਬਾਈਬਲ ਸਟੂਡੈਂਟਸ ਨੇ “ਯਹੋਵਾਹ ਦੇ ਗਵਾਹ” ਨਾਂ ਅਪਣਾਇਆ ਸੀ। ਜਿਨ੍ਹਾਂ ਕਲੀਸਿਯਾਵਾਂ ਤੇ ਸਮੂਹਾਂ ਤੋਂ ਕੋਈ ਵੀ ਸੰਮੇਲਨ ਵਿਚ ਨਹੀਂ ਜਾ ਸਕਿਆ ਸੀ, ਉਨ੍ਹਾਂ ਨੇ ਉਸੇ ਸਾਲ ਦੇ ਅਗਸਤ ਮਹੀਨੇ ਵਿਚ ਮਤਾ ਪਾਸ ਕਰ ਕੇ ਇਸ ਨਾਂ ਨੂੰ ਸਵੀਕਾਰ ਕੀਤਾ। ਲਗ੍ਰੈਂਡ ਵਿਚ ਸਾਡੇ ਛੋਟੇ ਜਿਹੇ ਸਮੂਹ ਨੇ ਵੀ ਇਸੇ ਤਰ੍ਹਾਂ ਕੀਤਾ। ਸੰਨ 1933 ਵਿਚ ਸੰਕਟ
(ਅੰਗ੍ਰੇਜ਼ੀ) ਨਾਂ ਦੀ ਪੁਸਤਿਕਾ ਵੰਡਣ ਲਈ ਮੁਹਿੰਮ ਚਲਾਈ ਗਈ। ਮੈਂ ਉਸ ਪੁਸਤਿਕਾ ਨੂੰ ਪੇਸ਼ ਕਰਨ ਲਈ ਮੂੰਹ-ਜ਼ਬਾਨੀ ਇਕ ਪੇਸ਼ਕਾਰੀ ਚੇਤੇ ਕਰ ਲਈ ਤੇ ਪਹਿਲੀ ਵਾਰ ਇਕੱਲਾ ਘਰ-ਘਰ ਪ੍ਰਚਾਰ ਕਰਨ ਗਿਆ।ਉੱਨੀ ਸੌ ਤੀਹ ਦੇ ਦਹਾਕੇ ਦੌਰਾਨ ਯਹੋਵਾਹ ਦੇ ਗਵਾਹਾਂ ਨੂੰ ਆਪਣੀ ਸੇਵਕਾਈ ਖ਼ਾਤਰ ਬਹੁਤ ਵਿਰੋਧਤਾ ਸਹਿਣੀ ਪਈ। ਇਸ ਨਾਲ ਸਿੱਝਣ ਵਾਸਤੇ ਕਲੀਸਿਯਾਵਾਂ ਨੂੰ ਇਕੱਠੀਆਂ ਕਰ ਕੇ ਛੋਟੇ-ਛੋਟੇ ਸੰਮੇਲਨ ਕੀਤੇ ਜਾਂਦੇ ਸਨ। ਇਹ ਸੰਮੇਲਨ ਸਾਲ ਵਿਚ ਇਕ-ਦੋ ਵਾਰ ਹੁੰਦੇ ਸਨ ਤੇ ਇਨ੍ਹਾਂ ਵਿਚ ਸਾਰੇ ਮਿਲ ਕੇ ਪ੍ਰਚਾਰ ਕਰਨ ਵੀ ਜਾਂਦੇ ਸਨ। ਸੰਮੇਲਨਾਂ ਵਿਚ ਸਾਨੂੰ ਪ੍ਰਚਾਰ ਕਰਨ ਦੇ ਵੱਖਰੇ-ਵੱਖਰੇ ਤਰੀਕੇ ਸਿਖਾਏ ਜਾਣ ਤੋਂ ਇਲਾਵਾ ਇਹ ਵੀ ਦਿਖਾਇਆ ਜਾਂਦਾ ਸੀ ਕਿ ਜੇ ਪੁਲਸ ਸਾਡੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕਰੇ, ਤਾਂ ਅਸੀਂ ਉਨ੍ਹਾਂ ਨਾਲ ਕਿਸ ਤਰ੍ਹਾਂ ਅਦਬ ਨਾਲ ਗੱਲ ਕਰ ਸਕਦੇ ਸੀ। ਪੁਲਸ ਅਕਸਰ ਸਾਨੂੰ ਫੜ ਕੇ ਕਿਸੇ ਜੱਜ ਦੇ ਸਾਮ੍ਹਣੇ ਜਾਂ ਅਦਾਲਤ ਵਿਚ ਲੈ ਜਾਂਦੀ ਸੀ, ਇਸ ਲਈ ਇਨ੍ਹਾਂ ਸੰਮੇਲਨਾਂ ਵਿਚ ਸਾਨੂੰ ਅਜਿਹੀਆਂ ਸਥਿਤੀਆਂ ਦਾ ਸਾਮ੍ਹਣਾ ਕਰਨ ਲਈ ਤਿਆਰ ਕੀਤਾ ਜਾਂਦਾ ਸੀ।
ਸੱਚਾਈ ਵਿਚ ਪਲਿਆ
ਮੈਂ ਬਾਈਬਲ ਦੇ ਗਿਆਨ ਵਿਚ ਵਧਦਾ ਗਿਆ ਅਤੇ ਪਰਮੇਸ਼ੁਰ ਦੇ ਰਾਜ ਅਧੀਨ ਧਰਤੀ ਤੇ ਹਮੇਸ਼ਾ ਲਈ ਜੀਉਣ ਦੀ ਮੇਰੀ ਉਮੀਦ ਹੋਰ ਪੱਕੀ ਹੁੰਦੀ ਗਈ। ਉਸ ਸਮੇਂ ਜੋ ਭੈਣ-ਭਰਾ ਮਸੀਹ ਨਾਲ ਸਵਰਗ ਵਿਚ ਰਾਜ ਕਰਨ ਦੀ ਆਸ ਨਹੀਂ ਰੱਖਦੇ ਸਨ, ਉਨ੍ਹਾਂ ਲਈ ਬਪਤਿਸਮਾ ਲੈਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ ਸੀ। (ਪਰਕਾਸ਼ ਦੀ ਪੋਥੀ 5:10; 14:1, 3) ਇਸ ਦੇ ਬਾਵਜੂਦ ਮੈਨੂੰ ਕਿਹਾ ਗਿਆ ਸੀ ਕਿ ਜੇ ਮੈਂ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਲਈ ਆਪਣਾ ਮਨ ਬਣਾ ਲਿਆ ਸੀ, ਤਾਂ ਮੈਂ ਬਪਤਿਸਮਾ ਲੈ ਸਕਦਾ ਸੀ। ਇਸ ਲਈ ਅਗਸਤ 1933 ਵਿਚ ਮੈਂ ਬਪਤਿਸਮਾ ਲੈ ਲਿਆ।
ਜਦ ਮੈਂ 12 ਸਾਲਾਂ ਦਾ ਸੀ, ਤਾਂ ਮੇਰੀ ਅਧਿਆਪਕਾ ਨੇ ਮਾਤਾ ਜੀ ਨੂੰ ਕਿਹਾ ਕਿ ਮੈਂ ਪਬਲਿਕ ਭਾਸ਼ਣਕਾਰੀ ਵਿਚ ਗੁਣਵੰਤ ਸੀ ਤੇ ਇਸ ਵਿਚ ਹੋਰ ਤਰੱਕੀ ਕਰਨ ਲਈ ਮੇਰੇ ਲਈ ਟਿਊਸ਼ਨ ਲਾ ਦਿੱਤੀ ਜਾਵੇ। ਮਾਤਾ ਜੀ ਨੇ ਸੋਚਿਆ ਕਿ ਇਸ ਸਿਖਲਾਈ ਨਾਲ ਮੈਂ ਯਹੋਵਾਹ ਦੀ ਸੇਵਾ ਹੋਰ ਵਧੀਆ ਤਰੀਕੇ ਨਾਲ ਕਰ ਸਕਾਂਗਾ। ਇਸ ਲਈ ਉਨ੍ਹਾਂ ਨੇ ਇਕ ਸਾਲ ਤਕ ਮੇਰੀ ਟੀਚਰ ਦੇ ਕੱਪੜੇ ਧੋ ਕੇ ਮੈਨੂੰ ਹੋਰ ਪੜ੍ਹਨ ਦਾ ਮੌਕਾ ਦਿੱਤਾ। ਇਹ ਸਿਖਲਾਈ ਮੇਰੀ ਸੇਵਕਾਈ ਵਾਸਤੇ ਕਾਫ਼ੀ ਲਾਹੇਵੰਦ ਸਾਬਤ ਹੋਈ। ਜਦ ਮੈਂ 14 ਸਾਲਾਂ ਦਾ ਸੀ, ਤਾਂ ਮੈਂ ਬਹੁਤ ਬੀਮਾਰ ਹੋ ਗਿਆ ਜਿਸ ਕਰਕੇ ਇਕ ਸਾਲ ਤੋਂ ਜ਼ਿਆਦਾ ਸਮੇਂ ਲਈ ਮੈਂ ਸਕੂਲ ਨਹੀਂ ਜਾ ਸਕਿਆ।
ਸੰਨ 1939 ਵਿਚ ਇਕ ਪਾਇਨੀਅਰ ਭਰਾ ਵਾਰਨ ਹੈੱਨਸ਼ਲ ਸਾਡੇ ਇਲਾਕੇ ਵਿਚ ਆਇਆ। * ਮੇਰੇ ਲਈ ਉਹ ਵੱਡੇ ਵੀਰ ਵਰਗਾ ਸੀ ਤੇ ਉਹ ਕਈ ਵਾਰ ਮੈਨੂੰ ਸਾਰਾ-ਸਾਰਾ ਦਿਨ ਆਪਣੇ ਨਾਲ ਪ੍ਰਚਾਰ ਕਰਨ ਲਈ ਲੈ ਜਾਂਦਾ ਸੀ। ਉਸ ਦੀ ਮਦਦ ਨਾਲ ਮੈਂ ਵੀ ਕੁਝ ਮਹੀਨਿਆਂ ਲਈ ਪਾਇਨੀਅਰੀ ਕੀਤੀ। ਉਸ ਸਾਲ ਸਾਡਾ ਸਮੂਹ ਇਕ ਕਲੀਸਿਯਾ ਬਣ ਗਿਆ। ਵਾਰਨ ਨੂੰ ਕਲੀਸਿਯਾ ਦਾ ਨਿਗਾਹਬਾਨ ਤੇ ਮੈਨੂੰ ਪਹਿਰਾਬੁਰਜ ਅਧਿਐਨ ਸੰਚਾਲਕ ਵਜੋਂ ਨਿਯੁਕਤ ਕੀਤਾ ਗਿਆ। ਜਦੋਂ ਵਾਰਨ ਬਰੁਕਲਿਨ ਬੈਥਲ ਵਿਚ ਸੇਵਾ ਕਰਨ ਲਈ ਚਲਾ ਗਿਆ, ਤਾਂ ਉਸ ਦੀ ਥਾਂ ਮੈਨੂੰ ਕਲੀਸਿਯਾ ਦਾ ਨਿਗਾਹਬਾਨ ਬਣਾਇਆ ਗਿਆ।
ਪੂਰੇ ਸਮੇਂ ਦੀ ਸੇਵਕਾਈ
ਕਲੀਸਿਯਾ ਦੇ ਨਿਗਾਹਬਾਨ ਦੀ ਜ਼ਿੰਮੇਵਾਰੀ ਸੰਭਾਲਣ ਨਾਲ ਮੇਰੇ ਦਿਲ ਵਿਚ ਪੂਰੇ ਸਮੇਂ ਦੀ ਸੇਵਕਾਈ ਕਰਨ ਦੀ ਤਾਂਘ ਵਧ ਗਈ। ਹਾਈ ਸਕੂਲ ਦਾ ਤੀਜਾ ਸਾਲ ਪੂਰਾ ਕਰਨ ਤੋਂ ਬਾਅਦ ਮੈਂ 17 ਸਾਲ ਦੀ ਉਮਰ ਤੇ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਪਿਤਾ ਜੀ ਯਹੋਵਾਹ ਦੇ ਸੇਵਕ ਨਹੀਂ ਸਨ, ਪਰ ਉਹ ਨੇਕ ਅਸੂਲਾਂ ਵਾਲੇ ਇਨਸਾਨ ਸਨ ਤੇ ਕੰਮ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਤੋਰਦੇ ਸਨ। ਉਹ ਮੈਨੂੰ ਕਾਲਜ ਭੇਜਣਾ ਚਾਹੁੰਦੇ ਸਨ। ਪਰ ਫਿਰ ਵੀ ਮੇਰੇ ਤੇ ਹੁਕਮ ਚਲਾਉਣ ਦੀ ਬਜਾਇ ਉਨ੍ਹਾਂ ਨੇ ਮੈਨੂੰ ਸਿਰਫ਼ ਇੰਨਾ ਹੀ ਕਿਹਾ ਕਿ ਜੇ ਮੈਂ ਆਪਣਾ ਗੁਜ਼ਾਰਾ ਆਪ ਕਰ ਸਕਦਾ ਸੀ,
ਤਾਂ ਮੈਂ ਜੋ ਮਰਜ਼ੀ ਕਰ ਸਕਦਾ ਸੀ। ਇਹ ਸੁਣ ਕੇ ਮੈਂ 1 ਸਤੰਬਰ 1940 ਵਿਚ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ।ਪਾਇਨੀਅਰੀ ਕਰਨ ਲਈ ਘਰੋਂ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਮੈਨੂੰ ਬਿਠਾ ਕੇ ਕਹਾਉਤਾਂ 3:5, 6 ਪੜ੍ਹਨ ਲਈ ਕਿਹਾ, ਜਿਸ ਵਿਚ ਲਿਖਿਆ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” ਇਸ ਸਲਾਹ ਮੁਤਾਬਕ ਯਹੋਵਾਹ ਦੇ ਹੱਥਾਂ ਵਿਚ ਆਪਣੀ ਜ਼ਿੰਦਗੀ ਸੌਂਪਣ ਨਾਲ ਮੈਨੂੰ ਬਹੁਤ ਫ਼ਾਇਦਾ ਹੋਇਆ ਹੈ।
ਕੁਝ ਹੀ ਸਮੇਂ ਬਾਅਦ ਮੈਂ ਵਾਸ਼ਿੰਗਟਨ ਰਾਜ ਦੇ ਉੱਤਰ-ਕੇਂਦਰੀ ਇਲਾਕੇ ਵਿਚ ਜੋਅ ਤੇ ਮਾਰਗਰਟ ਹਾਰਟ ਨਾਲ ਪਾਇਨੀਅਰੀ ਕਰਨ ਲੱਗਾ। ਇਸ ਵੰਨ-ਸੁਵੰਨੇ ਇਲਾਕੇ ਵਿਚ ਕਈ ਪਸ਼ੂ-ਫਾਰਮ ਸਨ ਤੇ ਅਮਰੀਕੀ ਇੰਡੀਅਨਾਂ ਦੇ ਰਿਹਾਇਸ਼ੀ ਇਲਾਕੇ ਵੀ ਸਨ। ਉੱਥੇ ਬਹੁਤ ਸਾਰੇ ਛੋਟੇ-ਛੋਟੇ ਸ਼ਹਿਰ ਤੇ ਪਿੰਡ ਵੀ ਸਨ। ਸੰਨ 1941 ਵਿਚ ਮੈਨੂੰ ਵਾਸ਼ਿੰਗਟਨ ਦੀ ਵਨੈਚੀ ਕਲੀਸਿਯਾ ਵਿਚ ਨਿਗਾਹਬਾਨ ਦੇ ਤੌਰ ਤੇ ਨਿਯੁਕਤ ਕੀਤਾ ਗਿਆ।
ਇਕ ਵਾਰ ਵੌਲਾ ਵੌਲਾ, ਵਾਸ਼ਿੰਗਟਨ ਵਿਚ ਹੋਏ ਸਾਡੇ ਇਕ ਸੰਮੇਲਨ ਵਿਚ ਮੈਨੂੰ ਸੇਵਾਦਾਰ ਵਜੋਂ ਆਡੀਟੋਰੀਅਮ ਅੰਦਰ ਆਉਂਦੇ ਲੋਕਾਂ ਦਾ ਸੁਆਗਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਮੈਂ ਦੇਖਿਆ ਕਿ ਇਕ ਨੌਜਵਾਨ ਭਰਾ ਨੂੰ ਲਾਉਡਸਪੀਕਰਾਂ ਨੂੰ ਠੀਕ ਤਰ੍ਹਾਂ ਚਲਾਉਣ ਵਿਚ ਬੜੀ ਮੁਸ਼ਕਲ ਆ ਰਹੀ ਸੀ। ਮੈਂ ਉਸ ਨੂੰ ਕਿਹਾ ਕਿ ਉਹ ਮੇਰੀ ਥਾਂ ਸੇਵਾਦਾਰ ਦਾ ਕੰਮ ਕਰ ਲਵੇ ਤੇ ਮੈਂ ਉਸ ਦਾ ਕੰਮ ਕਰ ਦਿਆਂਗਾ। ਜਦੋਂ ਜ਼ਿਲ੍ਹਾ ਨਿਗਾਹਬਾਨ ਭਰਾ ਆਲਬ੍ਰਟ ਹੌਫ਼ਮਨ ਨੇ ਆ ਕੇ ਦੇਖਿਆ ਕਿ ਮੈਂ ਆਪਣਾ ਕੰਮ ਛੱਡ ਕੇ ਹੋਰ ਕਿਤੇ ਲੱਗ ਗਿਆ ਸੀ, ਤਾਂ ਉਨ੍ਹਾਂ ਨੇ ਪਿਆਰ ਨਾਲ ਮੈਨੂੰ ਸਮਝਾਇਆ ਕਿ ਸਾਨੂੰ ਉਦੋਂ ਤਕ ਆਪਣਾ ਕੰਮ ਨਹੀਂ ਛੱਡਣਾ ਚਾਹੀਦਾ ਜਦ ਤਕ ਸਾਨੂੰ ਕੋਈ ਹੋਰ ਕੰਮ ਕਰਨ ਦੀ ਹਿਦਾਇਤ ਨਹੀਂ ਦਿੱਤੀ ਜਾਂਦੀ। ਮੈਨੂੰ ਅੱਜ ਤਕ ਉਨ੍ਹਾਂ ਦੀ ਇਹ ਸਲਾਹ ਚੇਤੇ ਹੈ।
ਅਗਸਤ 1941 ਵਿਚ ਯਹੋਵਾਹ ਦੇ ਗਵਾਹਾਂ ਨੇ ਸੇਂਟ ਲੁਅਸ, ਮਿਸੂਰੀ ਵਿਚ ਇਕ ਵੱਡੇ ਸੰਮੇਲਨ ਦਾ ਇੰਤਜ਼ਾਮ ਕੀਤਾ। ਜੋਅ ਤੇ ਮਾਰਗਰਟ ਨੇ ਆਪਣੇ ਛੋਟੇ ਜਿਹੇ ਟਰੱਕ ਦੇ ਪਿੱਛਲੇ ਹਿੱਸੇ ਨੂੰ ਢੱਕ ਕੇ ਉਸ ਵਿਚ ਬੈਂਚ ਲਗਾਏ। ਸੇਂਟ ਲੁਅਸ ਜਾਣ ਲਈ ਅਸੀਂ ਨੌਂ ਪਾਇਨੀਅਰਾਂ ਨੇ ਉਸ ਟਰੱਕ ਵਿਚ 2,400 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਿਸ ਲਈ ਸਾਨੂੰ ਇਕ ਹਫ਼ਤਾ ਲੱਗ ਗਿਆ। ਪੁਲਸ ਦੇ ਅੰਦਾਜ਼ੇ ਅਨੁਸਾਰ ਉਸ ਸੰਮੇਲਨ ਦੀ ਸਿਖਰ ਹਾਜ਼ਰੀ 1,15,000 ਸੀ। ਭਾਵੇਂ ਉੱਥੇ ਸ਼ਾਇਦ ਇੰਨੇ ਲੋਕ ਨਹੀਂ ਸਨ, ਪਰ ਹਾਜ਼ਰੀਨ ਦੀ ਗਿਣਤੀ ਪੂਰੇ ਅਮਰੀਕਾ ਦੇ 65,000 ਗਵਾਹਾਂ ਨਾਲੋਂ ਜ਼ਿਆਦਾ ਸੀ। ਉਸ ਸੰਮੇਲਨ ਤੋਂ ਸਾਰਿਆਂ ਨੂੰ ਬਹੁਤ ਉਤਸ਼ਾਹ ਮਿਲਿਆ।
ਬਰੁਕਲਿਨ ਬੈਥਲ ਵਿਚ ਸੇਵਾ
ਵਨੈਚੀ ਵਾਪਸ ਪਹੁੰਚਣ ਤੇ ਮੈਨੂੰ ਬਰੁਕਲਿਨ ਬੈਥਲ ਆਉਣ ਦਾ ਸੱਦਾ ਮਿਲਿਆ। ਸਤਾਈ ਅਕਤੂਬਰ 1941 ਦੇ ਦਿਨ ਜਦ ਮੈਂ ਉੱਥੇ ਪਹੁੰਚਿਆ, ਤਾਂ ਮੈਨੂੰ ਫੈਕਟਰੀ ਓਵਰਸੀਅਰ ਭਰਾ ਨੇਥਨ ਨੌਰ ਦੇ ਦਫ਼ਤਰ ਲਿਜਾਇਆ ਗਿਆ। ਉਨ੍ਹਾਂ ਨੇ ਮੈਨੂੰ ਸਮਝਾਇਆ ਕਿ ਬੈਥਲ ਕਿਹੋ ਜਿਹੀ ਜਗ੍ਹਾ ਸੀ ਤੇ ਇੱਥੇ ਖ਼ੁਸ਼ੀ ਨਾਲ ਸੇਵਾ ਕਰਨ ਲਈ ਯਹੋਵਾਹ ਦੇ ਨੇੜੇ ਰਹਿਣਾ ਬਹੁਤ ਜ਼ਰੂਰੀ ਸੀ। ਫਿਰ ਮੈਨੂੰ ਸ਼ਿਪਿੰਗ ਵਿਭਾਗ ਲੈ ਜਾਇਆ ਗਿਆ ਜਿੱਥੇ ਮੈਂ ਸਾਹਿੱਤ ਦੇ ਡੱਬਿਆਂ ਨੂੰ ਬੰਨ੍ਹਣ ਦਾ ਕੰਮ ਕੀਤਾ।
ਉਸ ਸਮੇਂ ਭਰਾ ਜੋਸਫ਼ ਰਦਰਫ਼ਰਡ ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਦੀ ਅਗਵਾਈ ਕਰ ਰਹੇ ਸਨ, ਪਰ ਫਿਰ 8 ਜਨਵਰੀ 1942 ਦੇ ਦਿਨ ਉਨ੍ਹਾਂ ਦੀ ਮੌਤ ਹੋ ਗਈ। ਪੰਜ ਦਿਨਾਂ ਬਾਅਦ ਸੋਸਾਇਟੀ ਦੇ ਡਾਇਰੈਕਟਰਾਂ ਨੇ ਉਨ੍ਹਾਂ ਦੀ ਥਾਂ ਤੇ ਭਰਾ ਨੌਰ ਨੂੰ ਚੁਣਿਆ। ਭਰਾ ਵੈਨ ਐਮਬਰਗ ਲੰਮੇ ਸਮੇਂ ਤੋਂ ਸੋਸਾਇਟੀ ਦੇ ਸੈਕਟਰੀ-ਖ਼ਜ਼ਾਨਚੀ ਰਹੇ ਸਨ ਤੇ ਉਨ੍ਹਾਂ ਨੇ ਬੈਥਲ ਪਰਿਵਾਰ ਨੂੰ ਇਹ ਖ਼ਬਰ ਦੱਸਦੇ ਹੋਏ ਕਿਹਾ: “ਮੈਨੂੰ ਅਜੇ ਵੀ ਉਹ ਦਿਨ ਯਾਦ ਹੈ ਜਦੋਂ [1916 ਵਿਚ] ਭਰਾ ਰਸਲ ਦੀ ਮੌਤ ਤੋਂ ਬਾਅਦ ਭਰਾ ਰਦਰਫ਼ਰਡ ਨੇ ਉਨ੍ਹਾਂ ਦੀ ਥਾਂ ਲਈ ਸੀ। ਪਰਮੇਸ਼ੁਰ ਨੇ ਆਪਣੇ
ਕੰਮ ਦੀ ਅਗਵਾਈ ਕਰਨੀ ਅਤੇ ਉਸ ਉੱਤੇ ਆਪਣੀ ਬਰਕਤ ਵੀ ਜਾਰੀ ਰੱਖੀ ਸੀ। ਹੁਣ ਮੈਨੂੰ ਪੂਰੀ ਉਮੀਦ ਹੈ ਕਿ ਭਰਾ ਨੌਰ ਦੀ ਅਗਵਾਈ ਅਧੀਨ ਵੀ ਇਹ ਕੰਮ ਚੱਲਦਾ ਰਹੇਗਾ ਕਿਉਂਕਿ ਇਹ ਇਨਸਾਨ ਦਾ ਨਹੀਂ, ਸਗੋਂ ਪਰਮੇਸ਼ੁਰ ਦਾ ਕੰਮ ਹੈ।”ਫਰਵਰੀ 1942 ਵਿਚ ਦੱਸਿਆ ਗਿਆ ਸੀ ਕਿ ਪਰਮੇਸ਼ੁਰ ਦੀ ਸੇਵਾ ਹੋਰ ਚੰਗੇ ਤਰੀਕੇ ਨਾਲ ਕਰਨ ਲਈ ਇਕ ਕੋਰਸ ਸ਼ੁਰੂ ਕੀਤਾ ਜਾਵੇਗਾ। ਬੈਥਲ ਵਿਚ ਕੰਮ ਕਰਨ ਵਾਲੇ ਭਰਾ ਇਸ ਕੋਰਸ ਰਾਹੀਂ ਸਿੱਖ ਸਕਦੇ ਸਨ ਕਿ ਉਹ ਬਾਈਬਲ ਦੇ ਵਿਸ਼ਿਆਂ ਉੱਤੇ ਚੰਗੀ ਤਰ੍ਹਾਂ ਰਿਸਰਚ ਕਰਨ ਤੋਂ ਬਾਅਦ ਸਾਮੱਗਰੀ ਨੂੰ ਵਧੀਆ ਤਰੀਕੇ ਨਾਲ ਕਿਸ ਤਰ੍ਹਾਂ ਪੇਸ਼ ਕਰ ਸਕਦੇ ਸਨ। ਛੋਟੇ ਹੁੰਦਿਆਂ ਮੈਨੂੰ ਮਿਲੀ ਪਬਲਿਕ ਭਾਸ਼ਣਕਾਰੀ ਦੀ ਸਿਖਲਾਈ ਸਦਕਾ, ਮੈਂ ਇਸ ਕੋਰਸ ਤੋਂ ਬਹੁਤ ਲਾਭ ਹਾਸਲ ਕੀਤਾ।
ਥੋੜ੍ਹੇ ਹੀ ਸਮੇਂ ਵਿਚ ਮੈਂ ਸੇਵਾ ਵਿਭਾਗ ਵਿਚ ਕੰਮ ਕਰਨ ਲੱਗ ਪਿਆ ਜੋ ਅਮਰੀਕਾ ਦੇ ਸਾਰੇ ਗਵਾਹਾਂ ਦੀ ਸੇਵਕਾਈ ਦੀ ਨਿਗਰਾਨੀ ਕਰਦਾ ਸੀ। ਉਸੇ ਸਾਲ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਸਫ਼ਰੀ ਭਰਾਵਾਂ ਦੁਆਰਾ ਕਲੀਸਿਯਾਵਾਂ ਦਾ ਦੌਰਾ ਕਰਨ ਦਾ ਸਿਲਸਿਲਾ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ। ਬਾਅਦ ਵਿਚ ਇਨ੍ਹਾਂ ਭਰਾਵਾਂ ਨੂੰ ਸਰਕਟ ਨਿਗਾਹਬਾਨ ਸੱਦਿਆ ਜਾਣ ਲੱਗਾ। ਸੰਨ 1942 ਵਿਚ ਇਸ ਕੰਮ ਲਈ ਭਰਾਵਾਂ ਨੂੰ ਟ੍ਰੇਨ ਕਰਨ ਲਈ ਬੈਥਲ ਵਿਚ ਇਕ ਕੋਰਸ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਮੈਨੂੰ ਵੀ ਇਸ ਕੋਰਸ ਰਾਹੀਂ ਸਿਖਲਾਈ ਲੈਣ ਦਾ ਸਨਮਾਨ ਮਿਲਿਆ। ਮੈਨੂੰ ਭਰਾ ਨੌਰ, ਜੋ ਕੋਰਸ ਦੇ ਇਕ ਇੰਸਟ੍ਰਕਟਰ ਸਨ, ਦੀ ਖ਼ਾਸਕਰ ਇਹ ਗੱਲ ਯਾਦ ਹੈ: “ਇਨਸਾਨਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਨਾ ਕਰੋ। ਇਸ ਨਾਲ ਤੁਸੀਂ ਕਿਸੇ ਨੂੰ ਖ਼ੁਸ਼ ਨਹੀਂ ਕਰ ਸਕੋਗੇ। ਯਹੋਵਾਹ ਨੂੰ ਖ਼ੁਸ਼ ਕਰੋ ਤੇ ਤੁਸੀਂ ਉਨ੍ਹਾਂ ਸਾਰਿਆਂ ਨੂੰ ਵੀ ਖ਼ੁਸ਼ ਕਰੋਗੇ ਜੋ ਯਹੋਵਾਹ ਨਾਲ ਪਿਆਰ ਕਰਦੇ ਹਨ।”
ਸਫ਼ਰੀ ਨਿਗਾਹਬਾਨਾਂ ਨੇ ਆਪਣਾ ਕੰਮ ਅਕਤੂਬਰ 1942 ਵਿਚ ਕਰਨਾ ਸ਼ੁਰੂ ਕਰ ਦਿੱਤਾ। ਬੈਥਲ ਤੋਂ ਕੁਝ ਭਰਾ ਸਿਨੱਚਰਵਾਰ-ਐਤਵਾਰ ਨੂੰ ਇਸ ਕੰਮ ਵਿਚ ਹਿੱਸਾ ਲੈਂਦੇ ਸਨ। ਉਨ੍ਹਾਂ ਵਿਚ ਮੈਂ ਵੀ ਸੀ। ਅਸੀਂ ਨਿਊਯਾਰਕ ਸਿਟੀ ਤੋਂ 400 ਕਿਲੋਮੀਟਰ ਦੀ ਦੂਰੀ ਤਕ ਕਲੀਸਿਯਾਵਾਂ ਨੂੰ ਮਿਲਣ ਜਾਂਦੇ ਸੀ। ਅਸੀਂ ਕਲੀਸਿਯਾ ਦੇ ਪ੍ਰਚਾਰ ਦੇ ਕੰਮ ਅਤੇ ਸਭਾਵਾਂ ਵਿਚ ਹਾਜ਼ਰੀ ਦੀਆਂ ਰਿਪੋਰਟਾਂ ਦਾ ਮੁਆਇਨਾ ਕਰਦੇ ਸੀ ਅਤੇ ਕਲੀਸਿਯਾ ਦੇ ਜ਼ਿੰਮੇਵਾਰ ਭਰਾਵਾਂ ਨੂੰ ਮਿਲਦੇ ਸੀ। ਅਸੀਂ ਇਕ-ਦੋ ਭਾਸ਼ਣ ਵੀ ਦਿੰਦੇ ਸੀ ਅਤੇ ਭੈਣਾਂ-ਭਰਾਵਾਂ ਨਾਲ ਮਿਲ ਕੇ ਸੇਵਕਾਈ ਵਿਚ ਹਿੱਸਾ ਲੈਂਦੇ ਸੀ।
ਸੰਨ 1944 ਵਿਚ ਮੈਂ ਸੇਵਾ ਵਿਭਾਗ ਦੇ ਉਨ੍ਹਾਂ ਭਰਾਵਾਂ ਵਿਚ ਸੀ ਜਿਨ੍ਹਾਂ ਨੂੰ ਛੇ ਮਹੀਨਿਆਂ ਵਾਸਤੇ ਸਫ਼ਰੀ ਕੰਮ ਕਰਨ ਲਈ ਭੇਜਿਆ ਗਿਆ ਸੀ। ਮੈਂ ਡੈਲਾਵੈਰ, ਮੈਰੀਲੈਂਡ, ਪੈਨਸਿਲਵੇਨੀਆ ਅਤੇ ਵਰਜੀਨੀਆ ਗਿਆ। ਬਾਅਦ ਵਿਚ ਕੁਝ ਮਹੀਨਿਆਂ ਲਈ ਮੈਂ ਕਨੈਟੀਕਟ, ਮੈਸੇਚਿਉਸੇਟਸ ਅਤੇ ਰ੍ਹੋਡ ਟਾਪੂ ਦੀਆਂ ਕਲੀਸਿਯਾਵਾਂ ਦਾ ਦੌਰਾ ਕੀਤਾ। ਬੈਥਲ ਵਾਪਸ ਆਉਣ ਤੇ ਮੈਂ ਭਰਾ ਨੌਰ ਅਤੇ ਉਸ ਦੇ ਸੈਕਟਰੀ ਭਰਾ ਮਿਲਟਨ ਹੈੱਨਸ਼ਲ ਦੇ ਦਫ਼ਤਰ ਵਿਚ ਪਾਰਟ-ਟਾਈਮ ਕੰਮ ਕੀਤਾ ਜਿੱਥੇ ਮੈਂ ਸੋਸਾਇਟੀ ਦੇ ਸੰਸਾਰ ਭਰ ਦੇ ਕੰਮ ਬਾਰੇ ਕਾਫ਼ੀ ਕੁਝ ਸਿੱਖਿਆ। ਮੈਂ ਭਰਾ ਵੈਨ ਐਮਬਰਗ ਅਤੇ ਉਸ ਦੇ ਸਹਾਇਕ ਭਰਾ ਗ੍ਰਾਂਟ ਸੂਟਰ ਦੀ ਨਿਗਰਾਨੀ ਅਧੀਨ ਖ਼ਜ਼ਾਨਚੀ ਦੇ ਦਫ਼ਤਰ ਵਿਚ ਵੀ ਪਾਰਟ-ਟਾਈਮ ਕੰਮ ਕੀਤਾ। ਸੰਨ 1946 ਵਿਚ ਮੈਨੂੰ ਬੈਥਲ ਦੇ ਕਈਆਂ ਵਿਭਾਗਾਂ ਦਾ ਓਵਰਸੀਅਰ ਬਣਾ ਦਿੱਤਾ ਗਿਆ।
ਜ਼ਿੰਦਗੀ ਵਿਚ ਵੱਡੀਆਂ ਤਬਦੀਲੀਆਂ
ਸੰਨ 1945 ਵਿਚ ਪਰਾਵੀਡੈਂਸ, ਰ੍ਹੋਡ ਟਾਪੂ ਦੀ ਇਕ ਕਲੀਸਿਯਾ ਦਾ ਦੌਰਾ ਕਰਦਿਆਂ ਮੇਰੀ ਮੁਲਾਕਾਤ ਜੂਲੀਆ ਉਰਫ਼ ਜੂਲੀ ਚਾਰਨੋਸਕਸ ਨਾਲ ਹੋਈ। ਸੰਨ 1947 ਦੇ ਅੱਧ ਵਿਚ ਅਸੀਂ ਸ਼ਾਦੀ ਕਰਾਉਣ ਬਾਰੇ ਸੋਚ ਰਹੇ ਸੀ। ਮੈਨੂੰ ਬੈਥਲ ਵਿਚ ਸੇਵਾ ਕਰਨੀ ਬਹੁਤ ਹੀ ਪਸੰਦ ਸੀ, ਪਰ ਉਸ ਸਮੇਂ ਅਜਿਹਾ ਕੋਈ ਪ੍ਰਬੰਧ ਨਹੀਂ ਸੀ ਕਿ ਕੋਈ ਵਿਆਹ ਕਰਾ ਕੇ ਆਪਣੇ ਸਾਥੀ ਨੂੰ ਬੈਥਲ ਲੈ ਆਵੇ। ਇਸ ਲਈ ਜਨਵਰੀ 1948 ਵਿਚ ਮੈਂ ਬੈਥਲ ਛੱਡ ਕੇ ਜੂਲੀ ਨਾਲ ਸ਼ਾਦੀ ਕਰ ਲਈ। ਮੈਂ ਪਰਾਵੀਡੈਂਸ ਵਿਚ ਇਕ ਸੁਪਰ-ਮਾਰਕਿਟ ਵਿਚ ਪਾਰਟ-ਟਾਈਮ ਕੰਮ ਕਰਨ ਲੱਗ ਪਿਆ ਤੇ ਅਸੀਂ ਦੋਹਾਂ ਨੇ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ।
ਸਤੰਬਰ 1949 ਵਿਚ ਮੈਨੂੰ ਵਿਸਕਾਂਸਨ ਦੇ ਉੱਤਰ-ਪੱਛਮੀ ਇਲਾਕੇ ਵਿਚ ਸਰਕਟ ਕੰਮ ਕਰਨ ਦਾ ਸੱਦਾ ਮਿਲਿਆ। ਮੇਰੇ ਤੇ ਜੂਲੀ ਲਈ ਛੋਟੇ-ਛੋਟੇ ਕਸਬਿਆਂ ਤੇ ਪੇਂਡੂ ਇਲਾਕਿਆਂ ਵਿਚ ਪ੍ਰਚਾਰ ਕਰਨਾ ਇਕ ਨਵਾਂ ਅਨੁਭਵ ਸੀ। ਉੱਥੇ ਸਿਆਲਾਂ ਦੌਰਾਨ ਕਈ ਮਹੀਨਿਆਂ ਤਕ ਕੜਾਕੇ ਦੀ ਠੰਢ ਰਹਿੰਦੀ ਸੀ ਤੇ ਕਦੇ-ਕਦੇ ਤਾਪਮਾਨ 20 ਡਿਗਰੀ ਸੈਲਸੀਅਸ ਥੱਲੇ ਚਲਾ (-20°C) ਜਾਂਦਾ ਸੀ। ਉੱਥੇ ਬਰਫ਼ ਵੀ ਬਹੁਤ ਪੈਂਦੀ ਸੀ ਤੇ ਸਾਡੇ ਕੋਲ ਗੱਡੀ ਵੀ ਨਹੀਂ ਸੀ। ਪਰ ਕੋਈ-ਨ-ਕੋਈ ਸਾਨੂੰ ਅਗਲੀ ਕਲੀਸਿਯਾ ਤਕ ਪਹੁੰਚਾ ਆਉਂਦਾ ਸੀ।
ਸਰਕਟ ਕੰਮ ਸ਼ੁਰੂ ਕਰਨ ਤੋਂ ਥੋੜ੍ਹੀ ਹੀ ਦੇਰ ਬਾਅਦ ਸਾਡਾ ਇਕ ਸਰਕਟ ਸੰਮੇਲਨ ਹੋਇਆ। ਮੈਨੂੰ ਯਾਦ ਹੈ ਕਿ ਮੈਂ ਬੜੇ ਧਿਆਨ ਨਾਲ ਸੰਮੇਲਨ ਸੰਬੰਧੀ ਸਾਰੇ ਕੰਮਾਂ ਨੂੰ ਪਰਖਿਆ ਜਿਸ ਕਰਕੇ ਕਈ ਭਰਾ ਕਾਫ਼ੀ ਘਬਰਾ ਗਏ ਸਨ। ਇਸ ਲਈ ਜ਼ਿਲ੍ਹਾ ਨਿਗਾਹਬਾਨ ਭਰਾ ਨਿਕੋਲਸ ਕੋਵਲੈਕ ਨੇ ਪਿਆਰ ਨਾਲ ਮੈਨੂੰ ਸਮਝਾਇਆ ਕਿ ਉੱਥੇ ਦੇ ਭਰਾ ਇਹ ਸਾਰੇ ਕੰਮ ਆਪਣੇ ਹੀ ਤਰੀਕੇ ਨਾਲ ਕਰਨ ਦੇ ਆਦੀ ਸਨ ਅਤੇ ਮੈਨੂੰ ਇਕ-ਇਕ ਗੱਲ ਦਾ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਸੀ। ਬਾਅਦ ਵਿਚ ਆਪਣੀਆਂ ਅਨੇਕ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਇਹ ਸਲਾਹ ਮੇਰੇ ਲਈ ਬਹੁਤ ਹੀ ਫ਼ਾਇਦੇਮੰਦ ਸਾਬਤ ਹੋਈ।
ਸੰਨ 1950 ਵਿਚ ਮੈਨੂੰ ਕੁਝ ਸਮੇਂ ਲਈ ਇਕ ਨਵੀਂ ਜ਼ਿੰਮੇਵਾਰੀ
ਦਿੱਤੀ ਗਈ। ਨਿਊਯਾਰਕ ਸਿਟੀ ਦੇ ਯੈਂਕੀ ਸਟੇਡੀਅਮ ਵਿਚ ਪਹਿਲੀ ਵਾਰ ਇਕ ਵੱਡਾ ਸੰਮੇਲਨ ਹੋਣ ਵਾਲਾ ਸੀ। ਇਸ ਵਿਚ ਆਉਣ ਵਾਲਿਆਂ ਦੇ ਰਹਿਣ ਲਈ ਥਾਂ ਲੱਭਣ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਸੀ। ਸ਼ੁਰੂ ਤੋਂ ਅੰਤ ਤਕ ਇਹ ਸੰਮੇਲਨ ਬਹੁਤ ਹੀ ਮਜ਼ੇਦਾਰ ਸੀ। ਭੈਣ-ਭਰਾ 67 ਦੇਸ਼ਾਂ ਤੋਂ ਆਏ ਸਨ ਤੇ ਸਿਖਰ ਹਾਜ਼ਰੀ 1,23,707 ਸੀ! ਸੰਮੇਲਨ ਤੋਂ ਬਾਅਦ ਮੈਂ ਤੇ ਜੂਲੀ ਫਿਰ ਤੋਂ ਸਫ਼ਰੀ ਕੰਮ ਵਿਚ ਲੱਗ ਗਏ। ਸਰਕਟ ਕੰਮ ਕਰ ਕੇ ਅਸੀਂ ਦੋਵੇਂ ਬਹੁਤ ਖ਼ੁਸ਼ ਸੀ। ਪਰ ਅਸੀਂ ਹੋਰ ਤਰੀਕਿਆਂ ਨਾਲ ਵੀ ਪੂਰੇ ਸਮੇਂ ਦੀ ਸੇਵਾ ਕਰਨ ਲਈ ਤਿਆਰ ਸੀ। ਇਸ ਲਈ ਅਸੀਂ ਹਰ ਸਾਲ ਬੈਥਲ ਅਤੇ ਗਿਲਿਅਡ ਸਕੂਲ ਲਈ ਅਰਜ਼ੀਆਂ ਭਰਦੇ ਰਹੇ। ਸੰਨ 1952 ਵਿਚ ਸਾਨੂੰ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ (ਜਿਸ ਵਿਚ ਭੈਣ-ਭਰਾਵਾਂ ਨੂੰ ਮਿਸ਼ਨਰੀ ਕੰਮ ਦੀ ਸਿਖਲਾਈ ਦਿੱਤੀ ਜਾਂਦੀ ਹੈ) ਦੀ 20ਵੀਂ ਕਲਾਸ ਵਿਚ ਜਾਣ ਦਾ ਸੱਦਾ ਮਿਲਿਆ। ਸੱਦਾ ਦੇਖ ਕੇ ਅਸੀਂ ਬਹੁਤ ਖ਼ੁਸ਼ ਹੋਏ।ਪਰਦੇਸਾਂ ਵਿਚ ਸੇਵਾ
ਸੰਨ 1953 ਵਿਚ ਗ੍ਰੈਜੂਏਟ ਹੋਣ ਤੋਂ ਬਾਅਦ ਸਾਨੂੰ ਬਰਤਾਨੀਆ ਭੇਜਿਆ ਗਿਆ, ਜਿੱਥੇ ਮੈਂ ਇੰਗਲੈਂਡ ਦੇ ਦੱਖਣੀ ਭਾਗ ਵਿਚ ਜ਼ਿਲ੍ਹਾ ਨਿਗਾਹਬਾਨ ਵਜੋਂ ਸੇਵਾ ਕਰਨ ਲੱਗਾ। ਮੈਂ ਤੇ ਜੂਲੀ ਇਹ ਕੰਮ ਕਰ ਕੇ ਬਹੁਤ ਖ਼ੁਸ਼ ਸੀ ਪਰ ਅਜੇ ਇਕ ਸਾਲ ਵੀ ਪੂਰਾ ਨਹੀਂ ਹੋਇਆ ਸੀ ਕਿ ਸਾਨੂੰ ਡੈਨਮਾਰਕ ਜਾਣ ਲਈ ਕਿਹਾ ਗਿਆ। ਡੈਨਮਾਰਕ ਵਿਚ ਬ੍ਰਾਂਚ ਆਫਿਸ ਦੀ ਨਿਗਰਾਨੀ ਕਰਨ ਲਈ ਕਿਸੇ ਨਵੇਂ ਭਰਾ ਦੀ ਲੋੜ ਸੀ। ਮੈਂ ਲਾਗੇ ਹੀ ਇੰਗਲੈਂਡ ਵਿਚ ਸੀ ਅਤੇ ਮੈਨੂੰ ਬਰੁਕਲਿਨ ਵਿਚ ਅਜਿਹੇ ਕੰਮ ਦੀ ਸਿਖਲਾਈ ਮਿਲ ਚੁੱਕੀ ਸੀ, ਇਸ ਲਈ ਮੈਨੂੰ ਉੱਥੇ ਭੇਜਿਆ ਗਿਆ। ਅਸੀਂ ਇਕ ਸਮੁੰਦਰੀ ਜਹਾਜ਼ ਵਿਚ ਨੀਦਰਲੈਂਡਜ਼ ਪਹੁੰਚੇ ਤੇ ਅੱਗੋਂ ਰੇਲ-ਗੱਡੀ ਲੈ ਕੇ 9 ਅਗਸਤ 1954 ਨੂੰ ਕੋਪਨਹੇਗਨ, ਡੈਨਮਾਰਕ ਪਹੁੰਚੇ।
ਡੈਨਮਾਰਕ ਵਿਚ ਇਕ ਮਸਲਾ ਸੀ ਕਿ ਕੁਝ ਜ਼ਿੰਮੇਵਾਰ ਭਰਾ ਬਰੁਕਲਿਨ ਵਿਚ ਹੈੱਡ-ਕੁਆਰਟਰ ਤੋਂ ਮਿਲੀ ਅਗਵਾਈ ਨੂੰ ਕਬੂਲ ਨਹੀਂ ਕਰ ਰਹੇ ਸਨ। ਇਸ ਤੋਂ ਇਲਾਵਾ, ਸਾਡੇ ਪ੍ਰਕਾਸ਼ਨਾਂ ਦਾ ਡੈਨਿਸ਼ ਭਾਸ਼ਾ ਵਿਚ ਅਨੁਵਾਦ ਕਰਨ ਵਾਲੇ ਚਾਰ ਜਣਿਆਂ ਵਿੱਚੋਂ ਤਿੰਨ ਜਣੇ ਬੈਥਲ ਛੱਡ ਕੇ ਚਲੇ ਗਏ ਤੇ ਬਾਅਦ ਵਿਚ ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਕਰਨੀ ਵੀ ਛੱਡ ਦਿੱਤੀ। ਪਰ
ਯਹੋਵਾਹ ਨੇ ਸਾਡੀਆਂ ਦੁਆਵਾਂ ਸੁਣੀਆਂ। ਇਕ ਸ਼ਾਦੀ-ਸ਼ੁਦਾ ਜੋੜੇ ਨੇ ਕਿਹਾ ਕਿ ਉਹ ਅਨੁਵਾਦ ਕਰਨ ਦੀ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਸਨ। ਯੁਅਰਨ ਤੇ ਆਨਾ ਲਾਰਸਨ ਦੋਵੇਂ ਪਾਇਨੀਅਰੀ ਕਰਦੇ ਸਨ ਤੇ ਉਹ ਪਹਿਲਾਂ ਵੀ ਅਨੁਵਾਦ ਦਾ ਥੋੜ੍ਹਾ-ਬਹੁਤਾ ਕੰਮ ਕਰ ਚੁੱਕੇ ਸਨ। ਇਸ ਤਰ੍ਹਾਂ ਸਾਡੇ ਰਸਾਲਿਆਂ ਦਾ ਡੈਨਿਸ਼ ਭਾਸ਼ਾ ਵਿਚ ਅਨੁਵਾਦ ਹੁੰਦਾ ਰਿਹਾ ਅਤੇ ਇਕ ਵੀ ਅੰਕ ਨਹੀਂ ਛੁੱਟਿਆ। ਯੁਅਰਨ ਤੇ ਆਨਾ ਲਾਰਸਨ ਅਜੇ ਵੀ ਡੈਨਮਾਰਕ ਦੇ ਬੈਥਲ ਵਿਚ ਹਨ ਅਤੇ ਯੁਅਰਨ ਬ੍ਰਾਂਚ ਕਮੇਟੀ ਦਾ ਕੋਆਰਡੀਨੇਟਰ ਹੈ।ਉਨ੍ਹਾਂ ਸਾਲਾਂ ਦੌਰਾਨ ਭਰਾ ਨੌਰ ਦੇ ਬਾਕਾਇਦਾ ਦੌਰਿਆਂ ਤੋਂ ਸਾਨੂੰ ਬਹੁਤ ਹੌਸਲਾ ਮਿਲਦਾ ਸੀ। ਉਹ ਫੁਰਸਤ ਨਾਲ ਬੈਠ ਕੇ ਗੱਲ ਕਰਦੇ ਸਨ ਅਤੇ ਸਾਨੂੰ ਅਜਿਹੇ ਅਨੁਭਵ ਸੁਣਾਉਂਦੇ ਸਨ ਜਿਨ੍ਹਾਂ ਤੋਂ ਅਸੀਂ ਸਿੱਖ ਸਕਦੇ ਸੀ ਕਿ ਮਸਲਿਆਂ ਨਾਲ ਕਿਸ ਤਰ੍ਹਾਂ ਸਿੱਝਿਆ ਜਾ ਸਕਦਾ ਹੈ। ਸੰਨ 1955 ਵਿਚ ਉਨ੍ਹਾਂ ਦੇ ਇਕ ਦੌਰੇ ਦੌਰਾਨ ਫ਼ੈਸਲਾ ਕੀਤਾ ਗਿਆ ਸੀ ਕਿ ਡੈਨਮਾਰਕ ਵਿਚ ਇਕ ਨਵੀਂ ਬ੍ਰਾਂਚ ਬਣਾਈ ਜਾਵੇ ਜਿਸ ਵਿਚ ਰਸਾਲੇ ਛਾਪਣ ਦੀਆਂ ਸਾਰੀਆਂ ਸਹੂਲਤਾਂ ਹੋਣ। ਕੋਪਨਹੇਗਨ ਤੋਂ ਬਾਹਰ ਉੱਤਰ ਵੱਲ ਜ਼ਮੀਨ ਮਿਲ ਗਈ ਤੇ 1957 ਦੇ ਮੱਧ ਵਿਚ ਅਸੀਂ ਨਵੇਂ ਬੈਥਲ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੈਰੀ ਤੇ ਕਾਰੀਨ ਜੌਨਸਨ ਗਿਲਿਅਡ ਦੀ 26ਵੀਂ ਕਲਾਸ ਤੋਂ ਗ੍ਰੈਜੂਏਟ ਹੋ ਕੇ ਡੈਨਮਾਰਕ ਵਿਚ ਨਵੇਂ-ਨਵੇਂ ਆਏ ਸਨ। ਹੈਰੀ ਨੇ ਛਪਾਈ ਮਸ਼ੀਨਾਂ ਸਥਾਪਿਤ ਕਰਨ ਤੇ ਚਲਾਉਣ ਵਿਚ ਸਾਡੀ ਬਹੁਤ ਮਦਦ ਕੀਤੀ।
ਅਮਰੀਕਾ ਵਿਚ ਸੰਮੇਲਨਾਂ ਤੋਂ ਮਿਲੇ ਤਜਰਬੇ ਦੀ ਮਦਦ ਨਾਲ ਅਸੀਂ ਡੈਨਮਾਰਕ ਵਿਚ ਵੱਡੇ ਸੰਮੇਲਨ ਕਰਨ ਦੇ ਤਰੀਕੇ ਵਿਚ ਸੁਧਾਰ ਲਿਆਂਦਾ। ਸੰਨ 1961 ਵਿਚ ਅਸੀਂ ਕੋਪਨਹੇਗਨ ਵਿਚ ਇਕ ਵੱਡਾ ਅੰਤਰਰਾਸ਼ਟਰੀ ਸੰਮੇਲਨ ਕੀਤਾ ਜਿਸ ਵਿਚ 30 ਨਾਲੋਂ ਜ਼ਿਆਦਾ ਦੇਸ਼ਾਂ ਤੋਂ ਭੈਣ-ਭਰਾ ਆਏ ਸਨ। ਸੰਮੇਲਨ ਦੀ ਸਿਖਰ ਹਾਜ਼ਰੀ 33,513 ਸੀ। ਸੰਨ 1969 ਵਿਚ ਸਕੈਂਡੇਨੇਵੀਆ ਵਿਚ ਸਭ ਤੋਂ ਵੱਡਾ ਸੰਮੇਲਨ ਆਯੋਜਿਤ ਕੀਤਾ ਗਿਆ ਸੀ ਜਿਸ ਵਿਚ 42,073 ਲੋਕ ਆਏ ਸਨ!
ਸੰਨ 1963 ਵਿਚ ਮੈਨੂੰ ਗਿਲਿਅਡ ਦੀ 38ਵੀਂ ਕਲਾਸ ਵਿਚ ਜਾਣ ਦਾ ਸੱਦਾ ਮਿਲਿਆ। ਇਹ ਦਸ ਮਹੀਨਿਆਂ ਦਾ ਕੋਰਸ ਬ੍ਰਾਂਚ ਦੇ ਭਰਾਵਾਂ ਨੂੰ ਸਿਖਲਾਈ ਦੇਣ ਲਈ ਤਿਆਰ ਕੀਤਾ ਗਿਆ ਸੀ। ਮੈਨੂੰ ਬਰੁਕਲਿਨ ਦੇ ਬੈਥਲ ਪਰਿਵਾਰ ਨੂੰ ਫਿਰ ਤੋਂ ਮਿਲਣਾ ਬਹੁਤ ਹੀ ਚੰਗਾ ਲੱਗਾ। ਉਨ੍ਹਾਂ ਵਿੱਚੋਂ ਕਈਆਂ ਨੂੰ ਹੈੱਡ-ਕੁਆਰਟਰ ਦੇ ਕੰਮਾਂ ਦੀ ਜ਼ਿੰਮੇਵਾਰੀ ਨਿਭਾਉਣ ਦਾ ਕਈ ਸਾਲਾਂ ਦਾ ਤਜਰਬਾ ਸੀ, ਜਿਸ ਤੋਂ ਮੈਂ ਬਹੁਤ ਕੁਝ ਸਿੱਖ ਸਕਿਆ।
ਕੋਰਸ ਖ਼ਤਮ ਹੋਣ ਤੋਂ ਬਾਅਦ ਮੈਂ ਦੁਬਾਰਾ ਡੈਨਮਾਰਕ ਜਾ ਕੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ। ਇਸ ਤੋਂ ਇਲਾਵਾ ਮੈਨੂੰ ਜ਼ੋਨ ਨਿਗਾਹਬਾਨ ਵਜੋਂ ਸੇਵਾ ਕਰਨ ਦਾ ਵੀ ਮੌਕਾ ਮਿਲਿਆ। ਮੈਂ ਪੱਛਮੀ ਤੇ ਉੱਤਰੀ ਯੂਰਪ ਦੀਆਂ ਬ੍ਰਾਂਚਾਂ ਵਿਚ ਜਾ ਕੇ ਭਰਾਵਾਂ ਦਾ ਹੌਸਲਾ ਵਧਾਇਆ ਤੇ ਉਨ੍ਹਾਂ ਦੀ ਮਦਦ ਕੀਤੀ ਤਾਂਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਸਕਣ। ਹਾਲ ਹੀ ਵਿਚ ਮੈਂ ਜ਼ੋਨ ਨਿਗਾਹਬਾਨ ਵਜੋਂ ਪੱਛਮੀ ਅਫ਼ਰੀਕਾ ਤੇ ਕੈਰੀਬੀਅਨ ਵਿਚ ਸੇਵਾ ਕੀਤੀ ਹੈ।
ਉੱਨੀ ਸੌ ਸੱਤਰ ਦੇ ਦਹਾਕੇ ਦੇ ਅਖ਼ੀਰਲੇ ਸਾਲਾਂ ਦੌਰਾਨ ਡੈਨਮਾਰਕ ਵਿਚ ਅਨੁਵਾਦ ਅਤੇ ਛਪਾਈ ਦਾ ਕੰਮ ਬਹੁਤ ਵਧ ਗਿਆ ਸੀ। ਇਸ ਲਈ ਭਰਾਵਾਂ ਨੇ ਇਕ ਹੋਰ ਜਗ੍ਹਾ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਜਿੱਥੇ ਉਹ ਹੋਰ ਵੱਡਾ ਬ੍ਰਾਂਚ ਆਫਿਸ ਬਣਾ ਸਕਣ। ਕੋਪਨਹੇਗਨ ਦੇ ਪੱਛਮ ਵੱਲ 60 ਕਿਲੋਮੀਟਰ ਦੀ ਦੂਰੀ ਤੇ ਉਨ੍ਹਾਂ ਨੂੰ ਵਧੀਆ ਜ਼ਮੀਨ ਮਿਲ ਗਈ। ਮੈਂ ਦੂਸਰਿਆਂ ਨਾਲ ਮਿਲ ਕੇ ਨਵੀਂ ਬ੍ਰਾਂਚ ਦਾ ਡੀਜ਼ਾਈਨ ਤਿਆਰ ਕੀਤਾ। ਮੈਂ ਤੇ ਜੂਲੀ ਬੈਥਲ ਪਰਿਵਾਰ ਨਾਲ ਇਸ ਨਵੇਂ ਬੈਥਲ ਵਿਚ ਜਾ ਕੇ ਰਹਿਣ ਦੀ ਉਡੀਕ ਕਰ ਰਹੇ ਸੀ, ਪਰ ਸਾਨੂੰ ਇਸ ਤਰ੍ਹਾਂ ਕਰਨ ਦਾ ਮੌਕਾ ਨਹੀਂ ਮਿਲਿਆ।
ਵਾਪਸ ਬਰੁਕਲਿਨ ਵਿਚ
ਨਵੰਬਰ 1980 ਵਿਚ ਮੈਨੂੰ ਤੇ ਜੂਲੀ ਨੂੰ ਬਰੁਕਲਿਨ ਬੈਥਲ ਬੁਲਾਇਆ ਗਿਆ ਤੇ ਜਨਵਰੀ 1981 ਵਿਚ ਅਸੀਂ ਇੱਥੇ ਆ ਗਏ। ਉਸ ਸਮੇਂ ਸਾਡੀ ਉਮਰ 60 ਦੇ ਕਰੀਬ ਸੀ। ਅਸੀਂ ਆਪਣੀ ਅੱਧੀ ਜ਼ਿੰਦਗੀ ਡੈਨਮਾਰਕ ਵਿਚ ਗੁਜ਼ਾਰ ਚੁੱਕੇ ਸੀ, ਇਸ ਲਈ ਉੱਥੇ ਦੇ ਭੈਣਾਂ-ਭਰਾਵਾਂ ਤੋਂ ਵਿਛੜ ਕੇ ਅਮਰੀਕਾ ਵਾਪਸ ਆਉਣਾ ਸਾਡੇ ਲਈ ਬਹੁਤ ਮੁਸ਼ਕਲ ਸੀ। ਪਰ ਅਸੀਂ ਆਪਣੀ ਪਸੰਦ-ਨਾਪਸੰਦ ਬਾਰੇ ਨਹੀਂ ਸੋਚਿਆ, ਸਗੋਂ ਆਪਣਾ ਮਨ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਤੇ ਲਗਾਉਣ ਦੀ ਕੋਸ਼ਿਸ਼ ਕੀਤੀ।
ਅਸੀਂ ਬਰੁਕਲਿਨ ਪਹੁੰਚ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਜੂਲੀ ਨੂੰ ਅਕਾਊਂਟਸ ਵਿਭਾਗ ਵਿਚ ਉਹੋ ਕੰਮ ਦਿੱਤਾ ਗਿਆ ਜੋ ਉਹ ਡੈਨਮਾਰਕ ਵਿਚ ਵੀ ਕਰ ਰਹੀ ਸੀ। ਮੈਨੂੰ ਲੇਖ ਵਿਭਾਗ ਵਿਚ ਲਗਾਇਆ ਗਿਆ ਜਿੱਥੇ ਸਾਹਿੱਤ ਤਿਆਰ ਕਰਨ ਸੰਬੰਧੀ ਵੱਖ-ਵੱਖ ਕੰਮਾਂ ਦੀ ਸਮਾਂ-ਸਾਰਣੀ ਬਣਾਉਣੀ ਮੇਰੀ ਜ਼ਿੰਮੇਵਾਰੀ ਸੀ।
ਉੱਨੀ ਸੌ ਅੱਸੀ ਦੇ ਦਹਾਕੇ ਦੇ ਮੁਢਲੇ ਸਾਲਾਂ ਦੌਰਾਨ ਬਰੁਕਲਿਨ ਵਿਚ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਜਦੋਂ ਅਸੀਂ ਟਾਈਪ-ਰਾਈਟਰਾਂ ਤੇ ਟਾਈਪ-ਸੈਟਿੰਗ ਦੀ ਬਜਾਇ ਕੰਪਿਊਟਰਾਂ ਦੀ ਵਰਤੋਂ ਅਤੇ ਆਫਸੈੱਟ ਪ੍ਰਿੰਟਿੰਗ ਕਰਨ ਲੱਗੇ। ਭਾਵੇਂ ਮੈਨੂੰ ਕੰਪਿਊਟਰਾਂ ਬਾਰੇ ਬਿਲਕੁਲ ਜਾਣਕਾਰੀ ਨਹੀਂ ਸੀ, ਪਰ ਮੈਂ ਸੰਗਠਨ ਦੇ ਕੰਮ ਕਰਨ ਦੇ ਤਰੀਕਿਆਂ ਤੋਂ ਜਾਣੂ ਸੀ ਤੇ ਹੋਰਨਾਂ ਨਾਲ ਮਿਲ ਕੇ ਕੰਮ ਕਰਨਾ ਜਾਣਦਾ ਸੀ।ਕੁਝ ਸਮੇਂ ਬਾਅਦ ਅਸੀਂ ਆਫਸੈੱਟ ਪ੍ਰਿੰਟਿੰਗ ਦੁਆਰਾ ਆਪਣੇ ਪ੍ਰਕਾਸ਼ਨਾਂ ਵਿਚ ਰੰਗੀਨ ਤਸਵੀਰਾਂ ਤੇ ਫੋਟੋਆਂ ਛਾਪਣ ਲੱਗ ਪਏ ਜਿਸ ਕਰਕੇ ਤਸਵੀਰਾਂ ਬਣਾਉਣ ਵਾਲੇ ਵਿਭਾਗ ਦੇ ਭਰਾਵਾਂ ਨੂੰ ਇਸ ਨਵੀਂ ਤਰਤੀਬ ਨਾਲ ਕੰਮ ਕਰਨ ਵਿਚ ਮਦਦ ਦੀ ਲੋੜ ਪਈ। ਭਾਵੇਂ ਮੈਂ ਇਕ ਚਿੱਤਰਕਾਰ ਨਹੀਂ ਸੀ, ਪਰ ਮੈਂ ਕੰਮ ਨੂੰ ਤਰਤੀਬ ਨਾਲ ਕਰਨ ਵਿਚ ਭਰਾਵਾਂ ਦੀ ਮਦਦ ਕਰ ਸਕਿਆ। ਇਸ ਕਰਕੇ ਮੈਂ ਨੌਂ ਸਾਲਾਂ ਲਈ ਇਸ ਵਿਭਾਗ ਦਾ ਓਵਰਸੀਅਰ ਰਿਹਾ।
ਸੰਨ 1992 ਵਿਚ ਮੈਨੂੰ ਪ੍ਰਬੰਧਕ ਸਭਾ ਦੀ ਪ੍ਰਕਾਸ਼ਨ ਸਮਿਤੀ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਅਤੇ ਮੈਂ ਖ਼ਜ਼ਾਨਚੀ ਦੇ ਦਫ਼ਤਰ ਵਿਚ ਕੰਮ ਕਰਨ ਲੱਗ ਪਿਆ। ਮੈਂ ਅਜੇ ਵੀ ਇਸੇ ਦਫ਼ਤਰ ਵਿਚ ਯਹੋਵਾਹ ਦੇ ਗਵਾਹਾਂ ਦੇ ਮਾਲੀ ਮਾਮਲਿਆਂ ਦੇ ਸੰਬੰਧ ਵਿਚ ਕੰਮ ਕਰਦਾ ਹਾਂ।
ਜਵਾਨੀ ਤੋਂ ਯਹੋਵਾਹ ਦੀ ਸੇਵਾ
ਮੈਨੂੰ ਯਹੋਵਾਹ ਦੀ ਸੇਵਾ ਕਰਦਿਆਂ ਹੁਣ 70 ਸਾਲ ਹੋ ਗਏ ਹਨ। ਉਸ ਨੇ ਆਪਣੇ ਬਚਨ ਤੇ ਆਪਣੇ ਸ਼ਾਨਦਾਰ ਸੰਗਠਨ ਵਿਚਲੇ ਭਰਾਵਾਂ ਦੇ ਜ਼ਰੀਏ ਮੈਨੂੰ ਜਵਾਨੀ ਤੋਂ ਹੀ ਧੀਰਜ ਨਾਲ ਸਿਖਾਇਆ ਹੈ। ਯਹੋਵਾਹ ਨੇ ਮੈਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਹਨ। ਮੈਨੂੰ ਪੂਰੇ ਸਮੇਂ ਦੀ ਸੇਵਕਾਈ ਕਰਦਿਆਂ ਹੁਣ 63 ਸਾਲ ਹੋ ਗਏ ਹਨ ਤੇ ਮੇਰੀ ਪਿਆਰੀ ਪਤਨੀ ਜੂਲੀ ਨੇ ਪਿਛਲੇ 55 ਸਾਲਾਂ ਤੋਂ ਮੇਰਾ ਸਾਥ ਦਿੱਤਾ ਹੈ।
ਉੱਨੀ ਸੌ ਚਾਲੀ ਵਿਚ ਜਦ ਮੈਂ ਪਾਇਨੀਅਰੀ ਕਰਨ ਲਈ ਘਰ ਛੱਡਿਆ ਸੀ, ਤਾਂ ਮੇਰੇ ਪਿਤਾ ਜੀ ਨੇ ਮੇਰੇ ਫ਼ੈਸਲੇ ਦਾ ਮਖੌਲ ਉਡਾਉਂਦੇ ਹੋਏ ਕਿਹਾ ਸੀ: “ਪੁੱਤ, ਤੂੰ ਇਹ ਕੰਮ ਕਰਨ ਲਈ ਘਰੋਂ ਜਾ ਤਾਂ ਰਿਹਾ ਹੈਂ, ਪਰ ਇਹ ਨਾ ਸੋਚੀਂ ਕਿ ਲੋੜ ਪੈਣ ਤੇ ਤੂੰ ਮਦਦ ਲਈ ਮੇਰੇ ਕੋਲ ਨੱਠਿਆ ਆ ਸਕਦਾ ਹੈਂ।” ਕਈ ਸਾਲ ਬੀਤ ਗਏ ਹਨ, ਪਰ ਮੈਨੂੰ ਹੱਥ ਅੱਡ ਕੇ ਕਦੇ ਮਦਦ ਨਹੀਂ ਮੰਗਣੀ ਪਈ। ਯਹੋਵਾਹ ਨੇ ਅਕਸਰ ਮੇਰੇ ਮਸੀਹੀ ਭੈਣਾਂ-ਭਰਾਵਾਂ ਦੇ ਜ਼ਰੀਏ ਮੇਰੀ ਹਰ ਲੋੜ ਪੂਰੀ ਕੀਤੀ ਹੈ। ਸਮੇਂ ਦੇ ਬੀਤਣ ਨਾਲ ਮੇਰੇ ਪਿਤਾ ਜੀ ਸਾਡੇ ਕੰਮ ਦੀ ਕਦਰ ਕਰਨ ਲੱਗ ਪਏ ਅਤੇ ਉਨ੍ਹਾਂ ਨੇ 1972 ਵਿਚ ਆਪਣੀ ਮੌਤ ਤੋਂ ਪਹਿਲਾਂ ਬਾਈਬਲ ਸਟੱਡੀ ਵੀ ਕਰਨੀ ਸ਼ੁਰੂ ਕਰ ਦਿੱਤੀ ਸੀ। ਮਾਤਾ ਜੀ ਸਵਰਗੀ ਜ਼ਿੰਦਗੀ ਦੀ ਆਸ ਰੱਖਦੇ ਸਨ ਤੇ ਉਹ 1985 ਵਿਚ 102 ਸਾਲ ਦੀ ਉਮਰ ਤੇ ਆਪਣੀ ਮੌਤ ਤਕ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਦੇ ਰਹੇ।
ਭਾਵੇਂ ਯਹੋਵਾਹ ਦੀ ਪੂਰੇ ਸਮੇਂ ਦੀ ਸੇਵਾ ਕਰਨ ਵਿਚ ਕਈ ਮੁਸ਼ਕਲਾਂ ਆਉਂਦੀਆਂ ਹਨ, ਪਰ ਮੈਂ ਤੇ ਜੂਲੀ ਨੇ ਕਦੇ ਵੀ ਇਹ ਕੰਮ ਛੱਡਣ ਬਾਰੇ ਨਹੀਂ ਸੋਚਿਆ। ਯਹੋਵਾਹ ਦੀ ਮਦਦ ਨਾਲ ਅਸੀਂ ਉਸ ਦੀ ਸੇਵਾ ਕਰਨ ਦੇ ਫ਼ੈਸਲੇ ਤੇ ਪੱਕੇ ਰਹਿ ਸਕੇ ਹਾਂ। ਜਦੋਂ ਵਧਦੀ ਉਮਰ ਕਰਕੇ ਮੇਰੇ ਮਾਤਾ-ਪਿਤਾ ਨੂੰ ਮਦਦ ਦੀ ਲੋੜ ਸੀ, ਤਾਂ ਮੇਰੀ ਭੈਣ ਵਿਕਟੋਰੀਆ ਮਾਰਲਨ ਨੇ ਉਨ੍ਹਾਂ ਦੀ ਦੇਖ-ਭਾਲ ਕੀਤੀ। ਅਸੀਂ ਉਸ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਸ ਦੀ ਮਦਦ ਨਾਲ ਸਾਨੂੰ ਯਹੋਵਾਹ ਦੀ ਪੂਰੇ ਸਮੇਂ ਦੀ ਸੇਵਾ ਨਹੀਂ ਛੱਡਣੀ ਪਈ।
ਜੂਲੀ ਨੇ ਵਫ਼ਾਦਾਰੀ ਨਾਲ ਮੇਰੀ ਹਰ ਜ਼ਿੰਮੇਵਾਰੀ ਵਿਚ ਮੇਰਾ ਸਾਥ ਦਿੱਤਾ ਹੈ ਅਤੇ ਇਸ ਨੂੰ ਆਪਣੀ ਭਗਤੀ ਦਾ ਹਿੱਸਾ ਸਮਝਿਆ ਹੈ। ਭਾਵੇਂ ਹੁਣ ਮੈਂ 80 ਸਾਲਾਂ ਦਾ ਹਾਂ ਤੇ ਮੇਰੀ ਸਿਹਤ ਇੰਨੀ ਚੰਗੀ ਨਹੀਂ ਹੈ, ਫਿਰ ਵੀ ਯਹੋਵਾਹ ਦੀਆਂ ਬਰਕਤਾਂ ਨਾਲ ਮੇਰੀ ਝੋਲੀ ਭਰੀ ਹੋਈ ਹੈ। ਮੈਨੂੰ ਜ਼ਬੂਰਾਂ ਦੇ ਲਿਖਾਰੀ ਦੀ ਗੱਲ ਤੋਂ ਬਹੁਤ ਹੌਸਲਾ ਮਿਲਦਾ ਹੈ ਜਿਸ ਨੇ ਇਹ ਕਬੂਲ ਕਰਨ ਤੋਂ ਬਾਅਦ ਕਿ ਪਰਮੇਸ਼ੁਰ ਨੇ ਉਸ ਨੂੰ ਜਵਾਨੀ ਤੋਂ ਸਿਖਲਾਇਆ, ਅੱਗੇ ਇਹ ਬੇਨਤੀ ਕੀਤੀ: ‘ਬੁਢੇਪੇ ਤੇ ਧੌਲਿਆਂ ਤੀਕ ਵੀ, ਹੇ ਪਰਮੇਸ਼ੁਰ, ਮੈਨੂੰ ਨਾ ਤਿਆਗ, ਜਦ ਤੀਕ ਮੈਂ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ।’—ਜ਼ਬੂਰਾਂ ਦੀ ਪੋਥੀ 71:17, 18.
[ਫੁਟਨੋਟ]
^ ਪੈਰਾ 12 ਵਾਰਨ, ਮਿਲਟਨ ਹੈੱਨਸ਼ਲ ਦਾ ਵੱਡਾ ਭਰਾ ਸੀ। ਮਿਲਟਨ ਹੈੱਨਸ਼ਲ ਕਈ ਸਾਲ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦਾ ਮੈਂਬਰ ਰਿਹਾ।
[ਸਫ਼ੇ 20 ਉੱਤੇ ਤਸਵੀਰ]
1940 ਵਿਚ ਮਾਤਾ ਜੀ ਨਾਲ, ਜਦ ਮੈਂ ਪਾਇਨੀਅਰੀ ਕਰਨੀ ਸ਼ੁਰੂ ਕੀਤੀ ਸੀ
[ਸਫ਼ੇ 21 ਉੱਤੇ ਤਸਵੀਰ]
ਆਪਣੇ ਪਾਇਨੀਅਰ ਸਾਥੀ ਜੋਅ ਤੇ ਮਾਰਗਰਟ ਹਾਰਟ ਨਾਲ
[ਸਫ਼ੇ 23 ਉੱਤੇ ਤਸਵੀਰ]
ਜਨਵਰੀ 1948 ਵਿਚ ਸਾਡੀ ਸ਼ਾਦੀ ਦੇ ਦਿਨ ਤੇ
[ਸਫ਼ੇ 23 ਉੱਤੇ ਤਸਵੀਰ]
1953 ਵਿਚ ਗਿਲਿਅਡ ਸਕੂਲ ਵਿਚ ਆਪਣੇ ਸਹਿਪਾਠੀਆਂ ਨਾਲ। ਖੱਬਿਓਂ ਸੱਜੇ: ਡੌਨ ਤੇ ਵਰਜੀਨੀਆ ਵੌਰਡ, ਹੇਰਟੁਏਡਾ ਸਟੇਹੰਗਾ, ਜੂਲੀ ਤੇ ਮੈਂ
[ਸਫ਼ੇ 23 ਉੱਤੇ ਤਸਵੀਰ]
1961 ਵਿਚ ਫਰੈਡਰਿਕ ਫ਼੍ਰਾਂਜ਼ ਤੇ ਨੇਥਨ ਨੌਰ ਨਾਲ ਕੋਪਨਹੇਗਨ, ਡੈਨਮਾਰਕ ਵਿਚ
[ਸਫ਼ੇ 25 ਉੱਤੇ ਤਸਵੀਰ]
ਅੱਜ ਜੂਲੀ ਨਾਲ