Skip to content

Skip to table of contents

ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਵਾਲੀਆਂ ਪਿਆਰੀਆਂ ਭੈਣਾਂ

ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਵਾਲੀਆਂ ਪਿਆਰੀਆਂ ਭੈਣਾਂ

ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਵਾਲੀਆਂ ਪਿਆਰੀਆਂ ਭੈਣਾਂ

“ਸੁੰਦਰਤਾ ਛਲ ਹੈ ਤੇ ਸੁਹੱਪਣ ਮਿੱਥਿਆ, ਪਰ ਉਹ ਇਸਤ੍ਰੀ ਜੋ ਯਹੋਵਾਹ ਦਾ ਭੈ ਮੰਨਦੀ ਹੈ ਸਲਾਹੀ ਜਾਵੇਗੀ।”—ਕਹਾਉਤਾਂ 31:30.

1. ਸੁੰਦਰਤਾ ਬਾਰੇ ਦੁਨੀਆਂ ਦੇ ਵਿਚਾਰ ਅਤੇ ਯਹੋਵਾਹ ਦੇ ਵਿਚਾਰ ਵਿਚ ਕੀ ਫ਼ਰਕ ਹੈ?

ਦੁਨੀਆਂ ਬਾਹਰਲੇ ਰੂਪ ਤੇ ਬਹੁਤ ਜ਼ੋਰ ਦਿੰਦੀ ਹੈ, ਖ਼ਾਸ ਕਰਕੇ ਔਰਤਾਂ ਦੇ ਸੰਬੰਧ ਵਿਚ। ਪਰ ਯਹੋਵਾਹ ਅੰਦਰਲੀ ਸੁੰਦਰਤਾ ਦੇਖਦਾ ਹੈ ਜੋ ਉਮਰ ਨਾਲ ਹੋਰ ਵੀ ਵਧ ਸਕਦੀ ਹੈ। (ਕਹਾਉਤਾਂ 16:31) ਇਸ ਲਈ ਬਾਈਬਲ ਵਿਚ ਔਰਤਾਂ ਨੂੰ ਇਹ ਸਲਾਹ ਦਿੱਤੀ ਗਈ ਹੈ: “ਤੁਹਾਡਾ ਸਿੰਗਾਰ ਸਿਰ ਗੁੰਦਣ ਅਤੇ ਸੋਨੇ ਦੇ ਗਹਿਣੇ ਪਾਉਣ ਅਥਵਾ ਬਸਤਰ ਪਹਿਨਣ ਦੇ ਨਾਲ ਬਾਹਰਲਾ ਨਾ ਹੋਵੇ। ਪਰ ਉਹ ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਓਸ ਅਵਨਾਸੀ ਸਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ ਕਿਉਂ ਜੋ ਇਹ ਪਰਮੇਸ਼ੁਰ ਦੇ ਲੇਖੇ ਵੱਡੇ ਮੁੱਲ ਦਾ ਹੈ।”—1 ਪਤਰਸ 3:3, 4.

2, 3. ਪਹਿਲੀ ਸਦੀ ਵਿਚ ਔਰਤਾਂ ਨੇ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਕਿੰਨਾ ਕੁ ਹਿੱਸਾ ਲਿਆ ਸੀ ਤੇ ਇਹ ਗੱਲ ਪਹਿਲਾਂ ਹੀ ਕਿਵੇਂ ਦੱਸੀ ਗਈ ਸੀ?

2 ਬਾਈਬਲ ਵਿਚ ਜ਼ਿਕਰ ਕੀਤੀਆਂ ਕਈਆਂ ਔਰਤਾਂ ਨੇ ਆਪਣੇ ਆਪ ਨੂੰ ਅੰਦਰੋਂ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਪਹਿਲੀ ਸਦੀ ਵਿਚ ਇਨ੍ਹਾਂ ਵਿੱਚੋਂ ਕਈਆਂ ਨੇ ਯਿਸੂ ਤੇ ਉਸ ਦੇ ਰਸੂਲਾਂ ਦੀ ਸੇਵਾ ਕੀਤੀ ਸੀ। (ਲੂਕਾ 8:1-3) ਬਾਅਦ ਵਿਚ, ਮਸੀਹੀ ਔਰਤਾਂ ਜੋਸ਼ੀਲੀਆਂ ਪ੍ਰਚਾਰਕਾਂ ਬਣੀਆਂ। ਕਈਆਂ ਭੈਣਾਂ ਨੇ ਕਲੀਸਿਯਾ ਵਿਚ ਪੌਲੁਸ ਰਸੂਲ ਵਰਗੇ ਅਗਵਾਈ ਕਰਨ ਵਾਲੇ ਭਰਾਵਾਂ ਦੀ ਮਦਦ ਕੀਤੀ ਅਤੇ ਕਈਆਂ ਨੇ ਪਰਾਹੁਣਚਾਰੀ ਕੀਤੀ ਤੇ ਮਸੀਹੀ ਸਭਾਵਾਂ ਲਈ ਆਪਣੇ ਘਰ ਖੋਲ੍ਹੇ।

3 ਇਹ ਗੱਲ ਬਾਈਬਲ ਵਿਚ ਪਹਿਲਾਂ ਹੀ ਦੱਸੀ ਗਈ ਸੀ ਕਿ ਯਹੋਵਾਹ ਧਰਤੀ ਉੱਤੇ ਆਪਣੀ ਮਰਜ਼ੀ ਪੂਰੀ ਕਰਨ ਲਈ ਔਰਤਾਂ ਨੂੰ ਵੱਡੇ ਪੈਮਾਨੇ ਤੇ ਇਸਤੇਮਾਲ ਕਰੇਗਾ। ਮਿਸਾਲ ਲਈ, ਯੋਏਲ 2:28, 29 ਵਿਚ ਦੱਸਿਆ ਗਿਆ ਸੀ ਕਿ ਆਦਮੀਆਂ-ਤੀਵੀਆਂ ਅਤੇ ਬੁੱਢਿਆਂ ਤੇ ਜਵਾਨਾਂ ਉੱਤੇ ਪਵਿੱਤਰ ਆਤਮਾ ਪਾਈ ਜਾਵੇਗੀ ਤੇ ਉਹ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਗੇ। ਇਹ ਭਵਿੱਖਬਾਣੀ ਪੰਤੇਕੁਸਤ 33 ਸਾ.ਯੁ. ਵਿਚ ਪੂਰੀ ਹੋਣੀ ਸ਼ੁਰੂ ਹੋਈ ਸੀ। (ਰਸੂਲਾਂ ਦੇ ਕਰਤੱਬ 2:1-4, 16-18) ਕੁਝ ਮਸਹ ਕੀਤੀਆਂ ਹੋਈਆਂ ਭੈਣਾਂ ਨੂੰ ਭਵਿੱਖਬਾਣੀ ਕਰਨ ਤੇ ਹੋਰ ਕਈ ਚਮਤਕਾਰੀ ਦਾਤਾਂ ਦਿੱਤੀਆਂ ਗਈਆਂ ਸਨ। (ਰਸੂਲਾਂ ਦੇ ਕਰਤੱਬ 21:8, 9) ਅਜਿਹੀਆਂ ਵਫ਼ਾਦਾਰ ਭੈਣਾਂ ਇਕ ਵੱਡੀ ਫ਼ੌਜ ਵਰਗੀਆਂ ਸਨ। ਉਨ੍ਹਾਂ ਨੇ ਜੋਸ਼ ਨਾਲ ਸੇਵਕਾਈ ਵਿਚ ਹਿੱਸਾ ਲਿਆ, ਜਿਸ ਕਰਕੇ ਪਹਿਲੀ ਸਦੀ ਵਿਚ ਮਸੀਹੀਅਤ ਬਹੁਤ ਜਲਦੀ ਫੈਲ ਗਈ ਸੀ। ਦਰਅਸਲ ਲਗਭਗ 60 ਸਾ.ਯੁ. ਵਿਚ ਪੌਲੁਸ ਰਸੂਲ ਨੇ ਲਿਖਿਆ ਕਿ ਖ਼ੁਸ਼ ਖ਼ਬਰੀ ਦਾ “ਪਰਚਾਰ ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ ਕੀਤਾ ਗਿਆ।”—ਕੁਲੁੱਸੀਆਂ 1:23.

ਬੇਮਿਸਾਲ ਹਿੰਮਤ, ਜੋਸ਼ ਤੇ ਪਰਾਹੁਣਚਾਰੀ

4. ਪੌਲੁਸ ਨੇ ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਵਿਚ ਕਈਆਂ ਔਰਤਾਂ ਦੀ ਪ੍ਰਸ਼ੰਸਾ ਕਿਉਂ ਕੀਤੀ ਸੀ?

4 ਪੌਲੁਸ ਰਸੂਲ ਵਾਂਗ ਅੱਜ ਮਸੀਹੀ ਨਿਗਾਹਬਾਨ ਵੀ ਜੋਸ਼ੀਲੀਆਂ ਭੈਣਾਂ ਦੀ ਸੇਵਕਾਈ ਦੀ ਕਦਰ ਕਰਦੇ ਹਨ। ਪੌਲੁਸ ਨੇ ਖ਼ਾਸ ਕਰਕੇ ਕੁਝ ਔਰਤਾਂ ਦੀ ਸੇਵਕਾਈ ਬਾਰੇ ਗੱਲ ਕੀਤੀ ਸੀ। ਉਸ ਨੇ “ਤਰੁਫ਼ੈਨਾ ਅਤੇ ਤਰੁਫ਼ੋਸਾ” ਦਾ ਜ਼ਿਕਰ ਕੀਤਾ “ਜੋ ਪ੍ਰਭੁ ਵਿੱਚ ਮਿਹਨਤ ਕਰਦੀਆਂ” ਸਨ ਅਤੇ “ਪਿਆਰੀ ਪਰਸੀਸ” ਦਾ ਵੀ “ਜਿਨ੍ਹ ਪ੍ਰਭੁ ਵਿੱਚ ਬਾਹਲੀ ਮਿਹਨਤ ਕੀਤੀ।” (ਰੋਮੀਆਂ 16:12) ਪੌਲੁਸ ਨੇ ਲਿਖਿਆ ਕਿ ਯੂਓਦੀਆ ਤੇ ਸੁੰਤੁਖੇ ਨੇ “ਖੁਸ਼ ਖਬਰੀ ਦੀ ਸੇਵਾ ਵਿੱਚ [ਉਸ] ਨਾਲ ਜਤਨ ਕੀਤਾ ਸੀ।” (ਫ਼ਿਲਿੱਪੀਆਂ 4:2, 3) ਪ੍ਰਿਸਕਿੱਲਾ ਤੇ ਉਸ ਦੇ ਪਤੀ ਅਕੂਲਾ ਨੇ ਵੀ ਪੌਲੁਸ ਨਾਲ ਸੇਵਾ ਕੀਤੀ ਸੀ। ਉਨ੍ਹਾਂ ਨੇ ਪੌਲੁਸ ਦੀ “ਜਾਨ ਦੇ ਬਦਲੇ ਆਪਣੀ ਹੀ ਧੌਣ ਡਾਹ ਦਿੱਤੀ” ਜਿਸ ਕਰਕੇ ਉਸ ਨੇ ਲਿਖਿਆ: “ਮੈਂ ਹੀ ਤਾਂ ਨਹੀਂ ਸਗੋਂ ਪਰਾਈਆਂ ਕੌਮਾਂ ਦੀਆਂ ਸਾਰੀਆਂ ਕਲੀਸਿਯਾਂ ਓਹਨਾਂ ਦਾ ਧੰਨਵਾਦ ਕਰਦੀਆਂ ਹਨ।”—ਰੋਮੀਆਂ 16:3, 4; ਰਸੂਲਾਂ ਦੇ ਕਰਤੱਬ 18:2.

5, 6. ਪ੍ਰਿਸਕਿੱਲਾ ਅੱਜ ਭੈਣਾਂ ਲਈ ਇਕ ਚੰਗੀ ਮਿਸਾਲ ਕਿਵੇਂ ਹੈ?

5 ਪ੍ਰਿਸਕਿੱਲਾ ਹਿੰਮਤ ਤੇ ਜੋਸ਼ ਨਾਲ ਕਿਸ ਤਰ੍ਹਾਂ ਸੇਵਾ ਕਰ ਸਕੀ ਸੀ? ਇਸ ਬਾਰੇ ਰਸੂਲਾਂ ਦੇ ਕਰਤੱਬ 18:24-26 ਤੋਂ ਇਕ ਗੱਲ ਪਤਾ ਲੱਗਦੀ ਹੈ। ਇਸ ਵਿਚ ਅਸੀਂ ਅਪੁੱਲੋਸ ਬਾਰੇ ਪੜ੍ਹਦੇ ਹਾਂ ਜੋ ਇਕ ਵਧੀਆ ਭਾਸ਼ਣਕਾਰ ਸੀ। ਪ੍ਰਿਸਕਿੱਲਾ ਅਤੇ ਉਸ ਦੇ ਪਤੀ ਨੇ ਸੱਚਾਈ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਵਿਚ ਅਪੁੱਲੋਸ ਦੀ ਮਦਦ ਕੀਤੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਪ੍ਰਿਸਕਿੱਲਾ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੀ ਸੀ ਤੇ ਰਸੂਲਾਂ ਦੀ ਸਿੱਖਿਆ ਨੂੰ ਚੰਗੀ ਤਰ੍ਹਾਂ ਸਮਝਦੀ ਸੀ। ਨਤੀਜੇ ਵਜੋਂ ਉਸ ਵਿਚ ਅਜਿਹੇ ਵਧੀਆ ਗੁਣ ਸਨ ਜਿਸ ਕਰਕੇ ਉਹ ਪਰਮੇਸ਼ੁਰ ਤੇ ਆਪਣੇ ਪਤੀ ਨੂੰ ਬੜੀ ਪਿਆਰੀ ਸੀ ਤੇ ਕਲੀਸਿਯਾ ਦੀ ਬਹੁਮੁੱਲੀ ਮੈਂਬਰ ਸੀ। ਅੱਜ ਬਾਈਬਲ ਦਾ ਅਧਿਐਨ ਕਰਨ ਦੇ ਨਾਲ-ਨਾਲ ‘ਮਾਤਬਰ ਮੁਖ਼ਤਿਆਰ’ ਰਾਹੀਂ ਯਹੋਵਾਹ ਤੋਂ ਅਧਿਆਤਮਿਕ ਭੋਜਨ ਲੈਣ ਵਾਲੀਆਂ ਮਿਹਨਤੀ ਭੈਣਾਂ ਉੱਨੀਆਂ ਹੀ ਪਿਆਰੀਆਂ ਹਨ।—ਲੂਕਾ 12:42.

6 ਅਕੂਲਾ ਤੇ ਪ੍ਰਿਸਕਿੱਲਾ ਨੇ ਰੱਜ ਕੇ ਪਰਾਹੁਣਚਾਰੀ ਵੀ ਕੀਤੀ ਸੀ। ਕੁਰਿੰਥੁਸ ਵਿਚ ਪੌਲੁਸ ਉਨ੍ਹਾਂ ਦੇ ਘਰ ਰਿਹਾ ਸੀ ਤੇ ਉਸ ਨੇ ਉਨ੍ਹਾਂ ਨਾਲ ਤੰਬੂ ਬਣਾਉਣ ਦਾ ਕੰਮ ਕੀਤਾ ਸੀ। (ਰਸੂਲਾਂ ਦੇ ਕਰਤੱਬ 18:1-3) ਜਦੋਂ ਇਹ ਜੋੜਾ ਅਫ਼ਸੁਸ ਤੇ ਫਿਰ ਬਾਅਦ ਵਿਚ ਰੋਮ ਵਿਚ ਰਹਿਣ ਲੱਗਾ, ਤਾਂ ਉਹ ਉੱਥੇ ਵੀ ਮਸੀਹੀ ਭੈਣ-ਭਰਾਵਾਂ ਦੀ ਪਰਾਹੁਣਚਾਰੀ ਕਰਦੇ ਰਹੇ ਅਤੇ ਉਨ੍ਹਾਂ ਨੇ ਮਸੀਹੀ ਸਭਾਵਾਂ ਲਈ ਆਪਣਾ ਘਰ ਵੀ ਖੋਲ੍ਹਿਆ ਸੀ। (ਰਸੂਲਾਂ ਦੇ ਕਰਤੱਬ 18:18, 19; 1 ਕੁਰਿੰਥੀਆਂ 16:8, 19) ਨੁਮਫ਼ਾਸ ਤੇ ਯੂਹੰਨਾ ਦੀ ਮਾਂ ਮਰਿਯਮ ਦੋ ਹੋਰ ਭੈਣਾਂ ਹਨ ਜਿਨ੍ਹਾਂ ਨੇ ਆਪਣੇ ਘਰ ਮਸੀਹੀ ਸਭਾਵਾਂ ਲਈ ਖੋਲ੍ਹੇ ਸਨ।—ਰਸੂਲਾਂ ਦੇ ਕਰਤੱਬ 12:12; ਕੁਲੁੱਸੀਆਂ 4:15.

ਅੱਜ ਵੀ ਭੈਣਾਂ ਪ੍ਰਸ਼ੰਸਾ ਦੇ ਲਾਇਕ ਹਨ

7, 8. ਅੱਜ ਮਸੀਹੀ ਭੈਣਾਂ ਯਹੋਵਾਹ ਦੀ ਸੇਵਾ ਵਿਚ ਕੀ-ਕੀ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਕੀ ਭਰੋਸਾ ਹੈ?

7 ਪਹਿਲੀ ਸਦੀ ਦੀਆਂ ਵਫ਼ਾਦਾਰ ਮਸੀਹੀ ਔਰਤਾਂ ਵਾਂਗ ਅੱਜ ਵੀ ਮਸੀਹੀ ਔਰਤਾਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਰਹੀਆਂ ਹਨ, ਖ਼ਾਸ ਕਰਕੇ ਪ੍ਰਚਾਰ ਕਰਨ ਦੁਆਰਾ। ਯਹੋਵਾਹ ਦੀ ਸੇਵਾ ਵਿਚ ਇਨ੍ਹਾਂ ਭੈਣਾਂ ਦਾ ਰਿਕਾਰਡ ਕਿੰਨਾ ਚੰਗਾ ਹੈ! ਮਿਸਾਲ ਲਈ ਗੁਐੱਨ ਬਾਰੇ ਜ਼ਰਾ ਸੋਚੋ। ਉਸ ਨੇ 2002 ਵਿਚ ਆਪਣੀ ਮੌਤ ਤਕ 50 ਤੋਂ ਜ਼ਿਆਦਾ ਸਾਲ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ ਤੇ ਉਸ ਦੇ ਵਿਆਹ ਨੂੰ 61 ਸਾਲ ਹੋ ਚੁੱਕੇ ਸਨ। ਉਸ ਦਾ ਪਤੀ ਕਹਿੰਦਾ ਹੈ: “ਸਾਡੇ ਸ਼ਹਿਰ ਵਿਚ ਗੁਐੱਨ ਨੂੰ ਸਾਰੇ ਜਾਣਦੇ ਸੀ ਕਿਉਂਕਿ ਉਹ ਜੋਸ਼ ਨਾਲ ਸਾਰਿਆਂ ਨੂੰ ਪ੍ਰਚਾਰ ਕਰਦੀ ਸੀ। ਉਸ ਲਈ ਯਹੋਵਾਹ ਦਾ ਪਿਆਰ ਤੇ ਬਰਕਤਾਂ ਹਰੇਕ ਇਨਸਾਨ ਵਾਸਤੇ ਸਨ। ਉਹ ਯਹੋਵਾਹ ਅਤੇ ਉਸ ਦੇ ਸੰਗਠਨ ਉੱਤੇ ਪੱਕਾ ਭਰੋਸਾ ਰੱਖਦੀ ਸੀ। ਉਹ ਇਕ ਵਫ਼ਾਦਾਰ ਮਾਂ ਤੇ ਪਤਨੀ ਸੀ। ਜਦੋਂ ਵੀ ਅਸੀਂ ਨਿਰਾਸ਼ ਹੁੰਦੇ, ਤਾਂ ਉਹ ਹਮੇਸ਼ਾ ਸਾਡਾ ਹੌਸਲਾ ਵਧਾਉਂਦੀ ਸੀ। ਉਹ ਸਾਡੇ ਲਈ ਇਕ ਵੱਡਾ ਸਹਾਰਾ ਸੀ। ਸਾਡੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰੀ ਹੋਈ ਸੀ। ਸਾਨੂੰ ਉਸ ਦੀ ਬਹੁਤ ਯਾਦ ਆਉਂਦੀ ਹੈ।”

8 ਹਜ਼ਾਰਾਂ ਹੀ ਕੁਆਰੀਆਂ ਤੇ ਵਿਆਹੀਆਂ ਮਸੀਹੀ ਔਰਤਾਂ ਪਾਇਨੀਅਰੀ ਤੇ ਮਿਸ਼ਨਰੀ ਸੇਵਾ ਕਰਦੀਆਂ ਹਨ। ਉਹ ਆਪਣੀ ਸਾਦੀ ਜ਼ਿੰਦਗੀ ਤੋਂ ਬਹੁਤ ਸੰਤੁਸ਼ਟ ਹਨ ਅਤੇ ਖ਼ੁਸ਼ੀ ਨਾਲ ਵੱਡੇ-ਵੱਡੇ ਸ਼ਹਿਰਾਂ ਤੋਂ ਲੈ ਕੇ ਦੂਰ ਦੁਰੇਡੇ ਇਲਾਕਿਆਂ ਤਕ ਪ੍ਰਚਾਰ ਕਰਦੀਆਂ ਹਨ। (ਰਸੂਲਾਂ ਦੇ ਕਰਤੱਬ 1:8) ਕਈਆਂ ਨੇ ਯਹੋਵਾਹ ਦੀ ਜ਼ਿਆਦਾ ਸੇਵਾ ਕਰਨ ਲਈ ਆਪਣਾ ਘਰ ਹੋਣ ਜਾਂ ਮਾਂ ਬਣਨ ਦੀ ਇੱਛਾ ਨੂੰ ਦਬਾ ਕੇ ਰੱਖਿਆ ਹੈ। ਕਈ ਭੈਣਾਂ ਆਪਣੇ ਪਤੀਆਂ ਦਾ ਵਫ਼ਾਦਾਰੀ ਨਾਲ ਸਾਥ ਦਿੰਦੀਆਂ ਹਨ ਜੋ ਸਫ਼ਰੀ ਨਿਗਾਹਬਾਨਾਂ ਵਜੋਂ ਸੇਵਾ ਕਰਦੇ ਹਨ। ਹਜ਼ਾਰਾਂ ਭੈਣਾਂ ਸੰਸਾਰ ਭਰ ਵਿਚ ਬੈਥਲ ਘਰਾਂ ਵਿਚ ਸੇਵਾ ਕਰਦੀਆਂ ਹਨ। ਤਿਆਗ ਕਰਨ ਵਾਲੀਆਂ ਇਨ੍ਹਾਂ ਭੈਣਾਂ ਨੂੰ ਪੂਰਾ ਭਰੋਸਾ ਹੈ ਕਿ ਉਹ “ਸਾਰੀਆਂ ਕੌਮਾਂ ਦੀਆਂ ਮਨਭਾਉਂਦੀਆਂ ਵਸਤਾਂ” ਵਿੱਚੋਂ ਹਨ ਜਿਨ੍ਹਾਂ ਨੇ ਯਹੋਵਾਹ ਦੇ ਭਵਨ ਨੂੰ ਪਰਤਾਪ ਨਾਲ ਭਰਿਆ ਹੋਇਆ ਹੈ।—ਹੱਜਈ 2:7, NW.

9, 10. ਪਰਿਵਾਰ ਦੇ ਕੁਝ ਜੀਆਂ ਨੇ ਮਸੀਹੀ ਮਾਵਾਂ ਤੇ ਪਤਨੀਆਂ ਦੀ ਪ੍ਰਸ਼ੰਸਾ ਕਿਸ ਤਰ੍ਹਾਂ ਕੀਤੀ ਹੈ?

9 ਕਈ ਅਜਿਹੀਆਂ ਵੀ ਭੈਣਾਂ ਹਨ ਜਿਨ੍ਹਾਂ ਤੇ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਹੈ, ਪਰ ਫਿਰ ਵੀ ਉਹ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦਿੰਦੀਆਂ ਹਨ। (ਮੱਤੀ 6:33) ਇਕ ਕੁਆਰੀ ਪਾਇਨੀਅਰ ਭੈਣ ਨੇ ਲਿਖਿਆ: “ਮੈਂ ਅੱਜ ਇਸ ਲਈ ਪਾਇਨੀਅਰ ਹਾਂ ਕਿਉਂਕਿ ਮੇਰੀ ਮਾਂ ਨੇ ਮੇਰੀ ਮਦਦ ਕੀਤੀ। ਉਸ ਦੀ ਪੱਕੀ ਨਿਹਚਾ ਤੇ ਵਧੀਆ ਮਿਸਾਲ ਦਾ ਮੇਰੇ ਉੱਤੇ ਬਹੁਤ ਅਸਰ ਪਿਆ। ਦਰਅਸਲ ਪਾਇਨੀਅਰੀ ਵਿਚ ਉਹ ਮੇਰੀ ਸਭ ਤੋਂ ਵਧੀਆ ਸਾਥਣ ਸੀ।” ਇਕ ਭੈਣ ਦੀਆਂ ਪੰਜ ਕੁੜੀਆਂ ਹਨ। ਉਸ ਦੇ ਪਤੀ ਨੇ ਉਸ ਬਾਰੇ ਕਿਹਾ: “ਬੌਨੀ ਨੇ ਘਰ ਹਮੇਸ਼ਾ ਸਾਫ਼-ਸੁਥਰਾ ਤੇ ਸਾਦਾ ਰੱਖਿਆ। ਇਸ ਕਰਕੇ ਸਾਡਾ ਪਰਿਵਾਰ ਪਰਮੇਸ਼ੁਰ ਦੇ ਕੰਮਾਂ ਵੱਲ ਜ਼ਿਆਦਾ ਧਿਆਨ ਦੇ ਸਕਿਆ। ਬੌਨੀ ਨੇ ਕਦੀ ਫ਼ਜ਼ੂਲ ਪੈਸੇ ਨਹੀਂ ਖ਼ਰਚੇ ਜਿਸ ਕਰਕੇ ਮੈਂ 32 ਸਾਲਾਂ ਤਕ ਪਾਰਟ-ਟਾਈਮ ਨੌਕਰੀ ਕਰ ਕੇ ਜ਼ਿਆਦਾ ਸਮਾਂ ਆਪਣੇ ਪਰਿਵਾਰ ਤੇ ਯਹੋਵਾਹ ਦੀ ਸੇਵਾ ਲਈ ਕੱਢ ਸਕਿਆ। ਉਸ ਨੇ ਬੱਚੀਆਂ ਨੂੰ ਵੀ ਮਿਹਨਤ ਕਰਨੀ ਸਿਖਾਈ। ਮੈਂ ਤਾਂ ਉਸ ਦੇ ਗੁਣ ਗਾਉਣੋਂ ਨਹੀਂ ਰਹਿ ਸਕਦਾ।” ਅੱਜ ਇਹ ਪਤੀ-ਪਤਨੀ ਯਹੋਵਾਹ ਦੇ ਗਵਾਹਾਂ ਦੇ ਵਿਸ਼ਵ ਮੁੱਖ ਦਫ਼ਤਰ ਵਿਚ ਸੇਵਾ ਕਰਦੇ ਹਨ।

10 ਇਕ ਪਤੀ ਆਪਣੀ ਪਤਨੀ ਬਾਰੇ ਲਿਖਦਾ ਹੈ: “ਸੁਜ਼ਨ ਵਿਚ ਬਹੁਤ ਸੋਹਣੇ ਗੁਣ ਹਨ। ਖ਼ਾਸ ਕਰਕੇ ਉਹ ਯਹੋਵਾਹ ਅਤੇ ਲੋਕਾਂ ਨੂੰ ਬਹੁਤ ਪਿਆਰ ਕਰਦੀ ਹੈ। ਇਸ ਦੇ ਨਾਲ-ਨਾਲ ਉਹ ਹਮਦਰਦ ਤੇ ਈਮਾਨਦਾਰ ਵੀ ਹੈ। ਉਹ ਹਮੇਸ਼ਾ ਮੰਨਦੀ ਆਈ ਹੈ ਕਿ ਸਾਨੂੰ ਯਹੋਵਾਹ ਦੀ ਸੇਵਾ ਵਿਚ ਪੂਰੀ ਵਾਹ ਲਾਉਣੀ ਚਾਹੀਦੀ ਹੈ ਤੇ ਯਹੋਵਾਹ ਦੀ ਇਕ ਗਵਾਹ ਅਤੇ ਮਾਂ ਹੋਣ ਦੇ ਨਾਤੇ ਉਹ ਇਸ ਅਸੂਲ ਅਨੁਸਾਰ ਚੱਲਦੀ ਹੈ।” ਆਪਣੀ ਪਤਨੀ ਦੇ ਸਾਥ ਨਾਲ ਇਹ ਪਤੀ ਯਹੋਵਾਹ ਦੀ ਸੇਵਾ ਵਿਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ। ਮਿਸਾਲ ਲਈ ਉਹ ਬਜ਼ੁਰਗ, ਪਾਇਨੀਅਰ, ਹਸਪਤਾਲ ਸੰਪਰਕ ਕਮੇਟੀ ਦੇ ਮੈਂਬਰ ਦੇ ਤੌਰ ਤੇ ਅਤੇ ਕਈ ਵਾਰ ਸਰਕਟ ਨਿਗਾਹਬਾਨ ਦੇ ਤੌਰ ਸੇਵਾ ਕਰਦਾ ਹੈ। ਅਜਿਹੀਆਂ ਭੈਣਾਂ ਆਪਣੇ ਪਤੀਆਂ ਲਈ, ਕਲੀਸਿਯਾ ਦੇ ਭੈਣਾਂ-ਭਰਾਵਾਂ ਲਈ ਅਤੇ ਸਭ ਤੋਂ ਵੱਧ ਯਹੋਵਾਹ ਲਈ ਕਿੰਨੀਆਂ ਪਿਆਰੀਆਂ ਹਨ!—ਕਹਾਉਤਾਂ 31:28, 30.

ਪਿਆਰੀਆਂ ਔਰਤਾਂ ਜਿਨ੍ਹਾਂ ਦੇ ਪਤੀ ਨਹੀਂ ਹਨ

11. (ੳ) ਯਹੋਵਾਹ ਨੇ ਵਫ਼ਾਦਾਰ ਔਰਤਾਂ ਤੇ ਖ਼ਾਸ ਕਰਕੇ ਵਿਧਵਾਵਾਂ ਲਈ ਆਪਣੀ ਚਿੰਤਾ ਕਿਵੇਂ ਪ੍ਰਗਟ ਕੀਤੀ ਹੈ? (ਅ) ਮਸੀਹੀ ਵਿਧਵਾਵਾਂ, ਇਕੱਲੀਆਂ ਮਾਵਾਂ ਤੇ ਵਫ਼ਾਦਾਰ ਕੁਆਰੀਆਂ ਔਰਤਾਂ ਕੀ ਭਰੋਸਾ ਰੱਖ ਸਕਦੀਆਂ ਹਨ?

11 ਯਹੋਵਾਹ ਨੇ ਕਈ ਵਾਰ ਵਿਧਵਾਵਾਂ ਦੀ ਭਲਾਈ ਲਈ ਆਪਣੀ ਚਿੰਤਾ ਪ੍ਰਗਟ ਕੀਤੀ ਸੀ। (ਬਿਵਸਥਾ ਸਾਰ 27:19; ਜ਼ਬੂਰਾਂ ਦੀ ਪੋਥੀ 68:5; ਯਸਾਯਾਹ 10:1, 2) ਉਹ ਬਦਲਿਆ ਨਹੀਂ ਹੈ। ਉਹ ਅੱਜ ਵੀ ਵਿਧਵਾਵਾਂ ਦੀ ਪਰਵਾਹ ਕਰਦਾ ਹੈ। ਇਸ ਤੋਂ ਇਲਾਵਾ ਉਹ ਇਕੱਲੀਆਂ ਮਾਵਾਂ ਤੇ ਉਨ੍ਹਾਂ ਔਰਤਾਂ ਵਿਚ ਦਿਲਚਸਪੀ ਲੈਂਦਾ ਹੈ ਜਿਨ੍ਹਾਂ ਨੇ ਵਿਆਹ ਨਾ ਕਰਾਉਣ ਦਾ ਫ਼ੈਸਲਾ ਕੀਤਾ ਹੈ ਜਾਂ ਜਿਹੜੀਆਂ ਇਸ ਲਈ ਕੁਆਰੀਆਂ ਹਨ ਕਿਉਂਕਿ ਉਨ੍ਹਾਂ ਨੂੰ ਅਜਿਹਾ ਪਤੀ ਨਹੀਂ ਮਿਲਿਆ ਜੋ ਯਹੋਵਾਹ ਦਾ ਸੇਵਕ ਹੈ। (ਮਲਾਕੀ 3:6; ਯਾਕੂਬ 1:27) ਜੇ ਤੁਸੀਂ ਜੀਵਨ ਸਾਥੀ ਤੋਂ ਬਗੈਰ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹੋ, ਤਾਂ ਤੁਸੀਂ ਪੱਕਾ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੀ ਬਹੁਤ ਕਦਰ ਕਰਦਾ ਹੈ।

12. (ੳ) ਕੁਝ ਮਸੀਹੀ ਭੈਣਾਂ ਕਿਨ੍ਹਾਂ ਹਾਲਾਤਾਂ ਵਿਚ ਯਹੋਵਾਹ ਪ੍ਰਤੀ ਵਫ਼ਾਦਾਰ ਰਹਿੰਦੀਆਂ ਹਨ? (ਅ) ਸਾਡੀਆਂ ਕੁਝ ਭੈਣਾਂ ਕਿਸ ਤਰ੍ਹਾਂ ਮਹਿਸੂਸ ਕਰਦੀਆਂ ਹਨ?

12 ਮਿਸਾਲ ਲਈ, ਉਨ੍ਹਾਂ ਭੈਣਾਂ ਬਾਰੇ ਸੋਚੋ ਜਿਨ੍ਹਾਂ ਨੇ ਇਸ ਲਈ ਵਿਆਹ ਨਹੀਂ ਕਰਾਇਆ ਕਿਉਂਕਿ ਉਨ੍ਹਾਂ ਨੇ ਵਫ਼ਾਦਾਰੀ ਨਾਲ ਯਹੋਵਾਹ ਦਾ ਹੁਕਮ ਮੰਨਿਆ ਹੈ ਕਿ ਉਹ “ਕੇਵਲ ਪ੍ਰਭੁ ਵਿੱਚ” ਵਿਆਹ ਕਰਨ। (1 ਕੁਰਿੰਥੀਆਂ 7:39; ਕਹਾਉਤਾਂ 3:1) ਯਹੋਵਾਹ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਵਫ਼ਾਦਾਰਾਂ ਨਾਲ ਉਹ ਵਫ਼ਾਦਾਰੀ ਕਰੇਗਾ। ਫਿਰ ਵੀ, ਕਈਆਂ ਲਈ ਕੁਆਰੀਆਂ ਰਹਿਣਾ ਔਖਾ ਹੈ। ਇਕ ਭੈਣ ਕਹਿੰਦੀ ਹੈ: “ਮੈਂ ਫ਼ੈਸਲਾ ਕੀਤਾ ਸੀ ਕਿ ਮੈਂ ਕੇਵਲ ਯਹੋਵਾਹ ਦੇ ਇਕ ਗਵਾਹ ਨਾਲ ਵਿਆਹ ਕਰਾਂਗੀ, ਪਰ ਮੈਂ ਰੋ-ਰੋ ਕੇ ਦਿਨ ਕੱਟੇ ਕਿਉਂਕਿ ਮੇਰੀਆਂ ਸਾਰੀਆਂ ਸਹੇਲੀਆਂ ਦੇ ਵਿਆਹ ਚੰਗੇ ਮਸੀਹੀ ਭਰਾਵਾਂ ਨਾਲ ਹੁੰਦੇ ਗਏ ਤੇ ਮੈਂ ਕੁਆਰੀ ਰਹਿ ਗਈ।” ਇਕ ਹੋਰ ਭੈਣ ਦਾ ਕਹਿਣਾ ਹੈ: “ਮੈਂ 25 ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰਦੀ ਆਈ ਹਾਂ। ਮੈਂ ਠਾਣਿਆ ਹੈ ਕਿ ਮੈਂ ਉਸ ਪ੍ਰਤੀ ਵਫ਼ਾਦਾਰ ਰਹਾਂਗੀ, ਪਰ ਕਈ ਵਾਰ ਤਨਹਾਈ ਕਰਕੇ ਮੈਂ ਗਮ ਵਿਚ ਡੁੱਬ ਜਾਂਦੀ ਹਾਂ।” ਉਸ ਨੇ ਅੱਗੇ ਕਿਹਾ: “ਮੇਰੇ ਵਰਗੀਆਂ ਹੋਰ ਕਈ ਭੈਣਾਂ ਹਨ ਜੋ ਹੌਸਲੇ ਲਈ ਤਰਸਦੀਆਂ ਹਾਂ।” ਅਸੀਂ ਅਜਿਹੀਆਂ ਵਫ਼ਾਦਾਰ ਭੈਣਾਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਾਂ?

13. (ੳ) ਸਾਨੂੰ ਉਨ੍ਹਾਂ ਦੀ ਮਿਸਾਲ ਤੋਂ ਕੀ ਸਿੱਖਣਾ ਚਾਹੀਦਾ ਹੈ ਜੋ ਯਿਫ਼ਤਾਹ ਦੀ ਧੀ ਨੂੰ ਮਿਲਣ ਜਾਂਦੀਆਂ ਸਨ? (ਅ) ਅਸੀਂ ਆਪਣੀ ਕਲੀਸਿਯਾ ਵਿਚ ਕੁਆਰੀਆਂ ਭੈਣਾਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਾਂ?

13 ਅਸੀਂ ਪੁਰਾਣੇ ਜ਼ਮਾਨੇ ਦੀ ਇਕ ਮਿਸਾਲ ਤੋਂ ਕੁਝ ਸਿੱਖ ਸਕਦੇ ਹਾਂ। ਜਦੋਂ ਯਿਫ਼ਤਾਹ ਦੀ ਧੀ ਨੇ ਵਿਆਹ ਨਾ ਕਰਾਉਣ ਦਾ ਫ਼ੈਸਲਾ ਕੀਤਾ, ਤਾਂ ਲੋਕ ਜਾਣਦੇ ਸਨ ਕਿ ਉਹ ਬਹੁਤ ਵੱਡੀ ਕੁਰਬਾਨੀ ਦੇ ਰਹੀ ਸੀ। ਉਸ ਨੂੰ ਹੌਸਲਾ ਕਿਵੇਂ ਦਿੱਤਾ ਗਿਆ ਸੀ? “ਵਰਹੇ ਦੇ ਵਰਹੇ ਇਸਰਾਏਲ ਦੀਆਂ ਧੀਆਂ ਵਰਹੇ ਵਿੱਚ ਚਾਰ ਦਿਨ ਤੋੜੀ ਯਿਫ਼ਤਾਹ ਗਿਲਆਦੀ ਦੀ ਧੀ ਦਾ ਸੋਗ [“ਦੀ ਸ਼ਲਾਘਾ,” “NW” ] ਕਰਨ ਜਾਂਦੀਆਂ ਸਨ।” (ਟੇਢੇ ਟਾਈਪ ਸਾਡੇ।) (ਨਿਆਈਆਂ 11:30-40) ਇਸੇ ਤਰ੍ਹਾਂ ਸਾਨੂੰ ਉਨ੍ਹਾਂ ਕੁਆਰੀਆਂ ਭੈਣਾਂ ਨੂੰ ਦਿਲੋਂ ਹੌਸਲਾ ਦੇਣਾ ਚਾਹੀਦਾ ਹੈ ਜੋ ਪਰਮੇਸ਼ੁਰ ਦੇ ਹੁਕਮ ਦੀ ਵਫ਼ਾਦਾਰੀ ਨਾਲ ਪਾਲਣਾ ਕਰਦੀਆਂ ਹਨ। * ਅਸੀਂ ਹੋਰ ਕਿਸ ਤਰ੍ਹਾਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ? ਸਾਨੂੰ ਯਹੋਵਾਹ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਕਿ ਉਹ ਇਨ੍ਹਾਂ ਪਿਆਰੀਆਂ ਭੈਣਾਂ ਦਾ ਸਹਾਰਾ ਬਣੇ, ਤਾਂਕਿ ਉਹ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੀਆਂ ਰਹਿਣ। ਇਨ੍ਹਾਂ ਭੈਣਾਂ ਨੂੰ ਭਰੋਸਾ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਯਹੋਵਾਹ ਅਤੇ ਪੂਰੀ ਮਸੀਹੀ ਕਲੀਸਿਯਾ ਦੀਆਂ ਨਜ਼ਰਾਂ ਵਿਚ ਪਿਆਰੀਆਂ ਹਨ ਤੇ ਉਨ੍ਹਾਂ ਦੀ ਕਦਰ ਕੀਤੀ ਜਾਂਦੀ ਹੈ।—ਜ਼ਬੂਰਾਂ ਦੀ ਪੋਥੀ 37:28.

ਇਕੱਲੀਆਂ ਮਾਵਾਂ ਕਿਵੇਂ ਸਫ਼ਲ ਹੋ ਸਕਦੀਆਂ ਹਨ

14, 15. (ੳ) ਇਕੱਲੀਆਂ ਮਾਵਾਂ ਨੂੰ ਯਹੋਵਾਹ ਤੋਂ ਮਦਦ ਕਿਉਂ ਮੰਗਣੀ ਚਾਹੀਦੀ ਹੈ? (ਅ) ਇਕੱਲੀਆਂ ਮਾਵਾਂ ਆਪਣੀਆਂ ਪ੍ਰਾਰਥਨਾਵਾਂ ਦੇ ਅਨੁਸਾਰ ਕਿਵੇਂ ਚੱਲ ਸਕਦੀਆਂ ਹਨ?

14 ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਵਾਲੀਆਂ ਇਕੱਲੀਆਂ ਮਸੀਹੀ ਮਾਵਾਂ ਵੀ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਦੀਆਂ ਹਨ। ਪਰ ਉਹ ਬਾਈਬਲ ਦੇ ਸਿਧਾਂਤਾਂ ਅਨੁਸਾਰ ਇਹ ਜ਼ਿੰਮੇਵਾਰੀ ਨਿਭਾਉਣ ਲਈ ਯਹੋਵਾਹ ਤੋਂ ਮਦਦ ਮੰਗ ਸਕਦੀਆਂ ਹਨ। ਇਹ ਸੱਚ ਹੈ ਕਿ ਤੁਸੀਂ ਇਕੱਲੇ ਹੀ ਹਰ ਕੰਮ ਵਿਚ ਮਾਂ ਅਤੇ ਬਾਪ ਦਾ ਫ਼ਰਜ਼ ਨਹੀਂ ਨਿਭਾ ਸਕਦੇ। ਫਿਰ ਵੀ ਜੇ ਤੁਸੀਂ ਨਿਹਚਾ ਨਾਲ ਯਹੋਵਾਹ ਨੂੰ ਪ੍ਰਾਰਥਨਾ ਕਰੋ, ਤਾਂ ਉਹ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਤੁਹਾਡੀ ਮਦਦ ਕਰੇਗਾ। ਫ਼ਰਜ਼ ਕਰੋ ਕਿ ਤੁਸੀਂ ਇਕ ਉੱਚੀ ਇਮਾਰਤ ਦੀ ਉਪਰਲੀ ਮੰਜ਼ਲ ਤੇ ਰਹਿੰਦੇ ਹੋ। ਜੇ ਤੁਸੀਂ ਲਿਫਟ ਵਿਚ ਉੱਪਰ ਜਾ ਸਕਦੇ ਹੋ, ਤਾਂ ਕੀ ਤੁਸੀਂ ਪੌੜੀਆਂ ਚੜ੍ਹ ਕੇ ਉੱਪਰ ਜਾਣਾ ਚਾਹੋਗੇ? ਜੇ ਕੋਈ ਤੁਹਾਡੀ ਮਦਦ ਕਰਨ ਲਈ ਤਿਆਰ ਹੋਵੇ, ਤਾਂ ਕੀ ਤੁਸੀਂ ਇਨਕਾਰ ਕਰੋਗੇ? ਬਿਲਕੁਲ ਨਹੀਂ! ਇਸੇ ਤਰ੍ਹਾਂ ਆਪ ਆਪਣੇ ਭਾਰੇ ਭਾਵਾਤਮਕ ਬੋਝ ਚੁੱਕਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਤੁਸੀਂ ਯਹੋਵਾਹ ਤੋਂ ਮਦਦ ਮੰਗ ਸਕਦੇ ਹੋ। ਦਰਅਸਲ ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸ ਵੱਲ ਮੁੜੋ। ਜ਼ਬੂਰਾਂ ਦੀ ਪੋਥੀ 68:19 ਵਿਚ ਲਿਖਿਆ ਹੈ: ‘ਪ੍ਰਭੁ ਮੁਬਾਰਕ ਹੋਵੇ ਜਿਹੜਾ ਰੋਜ ਦਿਹਾੜੇ ਸਾਡਾ ਭਾਰ ਚੁੱਕ ਲੈਂਦਾ ਹੈ।’ ਇਸੇ ਤਰ੍ਹਾਂ 1 ਪਤਰਸ 5:7 ਵਿਚ ਕਿਹਾ ਗਿਆ ਹੈ ਕਿ ਤੁਸੀਂ ਆਪਣੀ ਸਾਰੀ ਚਿੰਤਾ ਯਹੋਵਾਹ ਉੱਤੇ ਸੁੱਟ ਦਿਓ ‘ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।’ ਸੋ ਜਦੋਂ ਮੁਸ਼ਕਲਾਂ ਆਉਂਦੀਆਂ ਹਨ ਤੇ ਚਿੰਤਾ ਤੁਹਾਨੂੰ ਖਾਈ ਜਾਂਦੀ ਹੈ, ਤਾਂ ਆਪਣਾ ਭਾਰ ਯਹੋਵਾਹ ਉੱਤੇ ਸੁੱਟੋ ਕਿਉਂਕਿ ਉਹ ਤੁਹਾਡਾ ਪਿਤਾ ਹੈ ਜਿਸ ਅੱਗੇ ਤੁਸੀਂ “ਨਿੱਤ” ਪ੍ਰਾਰਥਨਾ ਕਰ ਸਕਦੇ ਹੋ।1 ਥੱਸਲੁਨੀਕੀਆਂ 5:17; ਜ਼ਬੂਰਾਂ ਦੀ ਪੋਥੀ 18:6; 55:22.

15 ਉਦਾਹਰਣ ਲਈ, ਇਕ ਮਾਂ ਹੋਣ ਦੇ ਨਾਤੇ ਤੁਸੀਂ ਜ਼ਰੂਰ ਇਸ ਬਾਰੇ ਚਿੰਤਾ ਕਰਦੇ ਹੋ ਕਿ ਸਕੂਲ ਵਿਚ ਦੂਸਰੇ ਬੱਚੇ ਤੁਹਾਡੇ ਬੱਚਿਆਂ ਤੇ ਕੀ ਪ੍ਰਭਾਵ ਪਾਉਂਦੇ ਹਨ ਜਾਂ ਉੱਥੇ ਤੁਹਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਦੇ ਪਰਤਾਵਿਆਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। (1 ਕੁਰਿੰਥੀਆਂ 15:33) ਇਸ ਤਰ੍ਹਾਂ ਚਿੰਤਾ ਕਰਨੀ ਸੁਭਾਵਕ ਹੈ। ਪਰ ਤੁਸੀਂ ਇਸ ਬਾਰੇ ਪ੍ਰਾਰਥਨਾ ਕਰ ਸਕਦੇ ਹੋ। ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਕਿਉਂ ਨਾ ਅਜਿਹੀਆਂ ਗੱਲਾਂ ਬਾਰੇ ਉਨ੍ਹਾਂ ਨਾਲ ਪ੍ਰਾਰਥਨਾ ਕਰੋ? ਤੁਸੀਂ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਇਕੱਠੇ ਪੜ੍ਹ ਕੇ ਪ੍ਰਾਰਥਨਾ ਕਰ ਸਕਦੇ ਹੋ। ਕਿਸੇ ਖ਼ਾਸ ਗੱਲ ਬਾਰੇ ਦਿਲੋਂ ਕੀਤੀ ਗਈ ਪ੍ਰਾਰਥਨਾ ਤੁਹਾਡੇ ਬੱਚਿਆਂ ਦੇ ਮਨਾਂ ਉੱਤੇ ਡੂੰਘਾ ਅਸਰ ਪਾ ਸਕਦੀ ਹੈ। ਇਸ ਦੇ ਨਾਲ-ਨਾਲ ਜਦੋਂ ਤੁਸੀਂ ਯਹੋਵਾਹ ਪਰਮੇਸ਼ੁਰ ਦੇ ਬਚਨ ਨੂੰ ਆਪਣੇ ਬੱਚਿਆਂ ਦੇ ਦਿਲਾਂ ਵਿਚ ਬਿਠਾਉਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਆਪਣੇ ਜਤਨਾਂ ਉੱਤੇ ਯਹੋਵਾਹ ਦੀ ਬਰਕਤ ਮੰਗੋ। (ਬਿਵਸਥਾ ਸਾਰ 6:6, 7; ਕਹਾਉਤਾਂ 22:6) ਕਦੀ ਨਾ ਭੁੱਲੋ ਕਿ “ਪ੍ਰਭੁ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।”—1 ਪਤਰਸ 3:12; ਫ਼ਿਲਿੱਪੀਆਂ 4:6, 7.

16, 17. (ੳ) ਇਕ ਪੁੱਤਰ ਨੇ ਆਪਣੀ ਮਾਂ ਦੇ ਪਿਆਰ ਬਾਰੇ ਕੀ ਕਿਹਾ? (ਅ) ਇਸ ਮਾਂ ਨੇ ਆਪਣੇ ਬੱਚਿਆਂ ਨੂੰ ਹਮੇਸ਼ਾ ਕੀ ਕਰਨ ਦੀ ਹੱਲਾਸ਼ੇਰੀ ਦਿੱਤੀ ਸੀ?

16 ਓਲੀਵੀਆ ਦੀ ਮਿਸਾਲ ਉੱਤੇ ਗੌਰ ਕਰੋ ਜੋ ਛੇ ਬੱਚਿਆਂ ਦੀ ਮਾਂ ਹੈ। ਉਸ ਦਾ ਪਤੀ ਸੱਚਾਈ ਵਿਚ ਨਹੀਂ ਸੀ ਤੇ ਛੇਵੇਂ ਬੱਚੇ ਦੇ ਜਨਮ ਤੋਂ ਥੋੜ੍ਹੀ ਦੇਰ ਬਾਅਦ ਉਹ ਪਰਿਵਾਰ ਨੂੰ ਛੱਡ ਕੇ ਚਲਾ ਗਿਆ। ਪਰ ਓਲੀਵੀਆ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਰਾਹਾਂ ਬਾਰੇ ਸਿਖਾਉਣ ਦੀ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਸੀ। ਉਸ ਵੇਲੇ ਉਸ ਦਾ ਪੁੱਤਰ ਡੈਰਨ ਸਿਰਫ਼ 5 ਸਾਲਾਂ ਦਾ ਸੀ। ਹੁਣ ਉਹ 31 ਸਾਲਾਂ ਦਾ ਹੈ ਅਤੇ ਮਸੀਹੀ ਕਲੀਸਿਯਾ ਵਿਚ ਇਕ ਬਜ਼ੁਰਗ ਹੋਣ ਦੇ ਨਾਲ-ਨਾਲ ਪਾਇਨੀਅਰ ਵੀ ਹੈ। ਓਲੀਵੀਆ ਦੀ ਚਿੰਤਾ ਉਦੋਂ ਹੋਰ ਵੀ ਵਧ ਗਈ ਜਦੋਂ ਉਸ ਦੇ ਪੁੱਤਰ ਦੀ ਸਿਹਤ ਬਹੁਤ ਖ਼ਰਾਬ ਹੋ ਗਈ ਤੇ ਅੱਜ ਵੀ ਖ਼ਰਾਬ ਰਹਿੰਦੀ ਹੈ। ਆਪਣੇ ਬਚਪਨ ਬਾਰੇ ਡੈਰਨ ਲਿਖਦਾ ਹੈ: “ਮੈਨੂੰ ਯਾਦ ਹੈ ਕਿ ਮੈਂ ਹਸਪਤਾਲ ਵਿਚ ਪਿਆ ਆਪਣੀ ਮੰਮੀ ਦਾ ਬੇਚੈਨੀ ਨਾਲ ਇੰਤਜ਼ਾਰ ਕਰਦਾ ਹੁੰਦਾ ਸੀ। ਉਹ ਹਰ ਰੋਜ਼ ਮੇਰੇ ਕੋਲ ਬੈਠ ਕੇ ਬਾਈਬਲ ਪੜ੍ਹਦੀ ਹੁੰਦੀ ਸੀ। ਫਿਰ ਉਹ ‘ਅਹਿਸਾਨ ਤੇਰਾ ਮਾਨਤੇ, ਯਹੋਵਾਹ’ ਗੀਤ ਗਾਉਂਦੀ ਸੀ। * ਹੁਣ ਵੀ ਇਹ ਮੇਰਾ ਸਭ ਤੋਂ ਮਨਪਸੰਦ ਗੀਤ ਹੈ।”

17 ਯਹੋਵਾਹ ਉੱਤੇ ਭਰੋਸਾ ਰੱਖ ਕੇ ਓਲੀਵੀਆ ਨੇ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕੀਤੀ। (ਕਹਾਉਤਾਂ 3:5, 6) ਉਸ ਨੇ ਆਪਣੇ ਬੱਚਿਆਂ ਸਾਮ੍ਹਣੇ ਟੀਚੇ ਰੱਖੇ। ਡੈਰਨ ਕਹਿੰਦਾ ਹੈ: “ਮੰਮੀ ਨੇ ਸਾਡੇ ਅੱਗੇ ਹਮੇਸ਼ਾ ਪਾਇਨੀਅਰੀ ਕਰਨ ਦਾ ਨਿਸ਼ਾਨਾ ਰੱਖਿਆ। ਨਤੀਜੇ ਵਜੋਂ ਮੇਰੀਆਂ ਚਾਰ ਭੈਣਾਂ ਤੇ ਮੈਂ ਪਾਇਨੀਅਰ ਬਣੇ। ਪਰ ਮੰਮੀ ਨੇ ਦੂਸਰਿਆਂ ਸਾਮ੍ਹਣੇ ਕਦੇ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਵੀ ਉਸ ਦੇ ਵਧੀਆ ਗੁਣਾਂ ਦੀ ਰੀਸ ਕਰਨ ਦਾ ਜਤਨ ਕਰਦਾ ਹਾਂ।” ਇਹ ਸੱਚ ਹੈ ਕਿ ਓਲੀਵੀਆ ਦੇ ਬੱਚਿਆਂ ਵਾਂਗ ਸਾਰੇ ਬੱਚੇ ਵੱਡੇ ਹੋ ਕੇ ਯਹੋਵਾਹ ਦੀ ਸੇਵਾ ਨਹੀਂ ਕਰਦੇ। ਪਰ ਜਦੋਂ ਇਕ ਮਾਂ ਬਾਈਬਲ ਦੇ ਅਸੂਲਾਂ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੀ ਹੈ, ਤਾਂ ਉਹ ਭਰੋਸਾ ਰੱਖ ਸਕਦੀ ਹੈ ਕਿ ਯਹੋਵਾਹ ਉਸ ਦੀ ਅਗਵਾਈ ਕਰੇਗਾ ਤੇ ਪਿਆਰ ਨਾਲ ਉਸ ਨੂੰ ਸਹਾਰਾ ਦੇਵੇਗਾ।—ਜ਼ਬੂਰਾਂ ਦੀ ਪੋਥੀ 32:8.

18. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਮਸੀਹੀ ਕਲੀਸਿਯਾ ਰਾਹੀਂ ਕੀਤੇ ਗਏ ਯਹੋਵਾਹ ਦੇ ਪ੍ਰਬੰਧਾਂ ਦੀ ਕਦਰ ਕਰਦੇ ਹਾਂ?

18 ਪਰਮੇਸ਼ੁਰ ਇਨ੍ਹਾਂ ਭੈਣਾਂ ਨੂੰ ਖ਼ਾਸ ਕਰਕੇ ਕਿਵੇਂ ਸਹਾਰਾ ਦਿੰਦਾ ਹੈ? ਮਸੀਹੀ ਕਲੀਸਿਯਾ ਰਾਹੀਂ, ਜਿੱਥੇ ਬਾਈਬਲ ਦਾ ਅਧਿਐਨ ਕੀਤਾ ਜਾਂਦਾ, ਭੈਣਾਂ-ਭਰਾਵਾਂ ਦੀ ਸੰਗਤ ਮਿਲਦੀ ਅਤੇ ਜਿੱਥੇ ਰੂਹਾਨੀ ਤੌਰ ਤੇ ਬੁੱਧਵਾਨ ਬਜ਼ੁਰਗ “ਦਾਨ” ਵਜੋਂ ਦਿੱਤੇ ਗਏ ਹਨ। (ਅਫ਼ਸੀਆਂ 4:8) ਵਫ਼ਾਦਾਰ ਬਜ਼ੁਰਗ ਕਲੀਸਿਯਾ ਵਿਚ ਸਾਰੇ ਭੈਣਾਂ-ਭਰਾਵਾਂ ਨੂੰ ਹੌਸਲਾ ਦਿੰਦੇ ਹਨ ਤੇ ‘ਅਨਾਥਾਂ ਅਤੇ ਵਿਧਵਾਂ ਵੱਲ ਉਨ੍ਹਾਂ ਦੀ ਬਿਪਤਾ ਦੇ ਵੇਲੇ’ ਖ਼ਾਸ ਧਿਆਨ ਦਿੰਦੇ ਹਨ। (ਯਾਕੂਬ 1:27) ਇਸ ਲਈ ਪਰਮੇਸ਼ੁਰ ਦੇ ਲੋਕਾਂ ਦੇ ਨੇੜੇ ਰਹੋ ਤੇ ਉਨ੍ਹਾਂ ਤੋਂ ਆਪਣੇ ਆਪ ਨੂੰ ਵੱਖਰਾ ਨਾ ਕਰੋ।—ਕਹਾਉਤਾਂ 18:1; ਰੋਮੀਆਂ 14:7.

ਅਧੀਨਗੀ ਦੀ ਖੂਬੀ

19. ਪਤਨੀ ਲਈ ਆਪਣੇ ਪਤੀ ਦੇ ਅਧੀਨ ਹੋਣ ਦਾ ਮਤਲਬ ਉਸ ਦੇ ਪੈਰ ਦੀ ਜੁੱਤੀ ਹੋਣਾ ਕਿਉਂ ਨਹੀਂ ਹੈ ਅਤੇ ਬਾਈਬਲ ਵਿਚ ਇਸ ਦੀ ਕਿਹੜੀ ਮਿਸਾਲ ਹੈ?

19 ਯਹੋਵਾਹ ਨੇ ਔਰਤ ਨੂੰ ਆਦਮੀ ਦੀ ਸਹਾਇਤਾ ਕਰਨ ਲਈ ਬਣਾਇਆ ਸੀ। (ਉਤਪਤ 2:18) ਇਸ ਲਈ ਜੇ ਪਤਨੀ ਆਪਣੇ ਪਤੀ ਦੇ ਅਧੀਨ ਹੁੰਦੀ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਉਸ ਦੇ ਪੈਰ ਦੀ ਜੁੱਤੀ ਹੈ। ਇਸ ਦੀ ਬਜਾਇ ਪਤੀ ਦੇ ਅਧੀਨ ਰਹਿਣ ਨਾਲ ਔਰਤ ਦਾ ਮਾਣ ਹੁੰਦਾ ਹੈ ਤੇ ਉਹ ਆਪਣੀਆਂ ਯੋਗਤਾਵਾਂ ਤੇ ਗੁਣਾਂ ਨੂੰ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਇਸਤੇਮਾਲ ਕਰ ਸਕਦੀ ਹੈ। ਕਹਾਉਤਾਂ ਦੇ 31ਵੇਂ ਅਧਿਆਇ ਵਿਚ ਦੱਸਿਆ ਗਿਆ ਹੈ ਕਿ ਪ੍ਰਾਚੀਨ ਇਸਰਾਏਲ ਵਿਚ ਇਕ ਗੁਣਵੰਤ ਪਤਨੀ ਕਿਹੜੇ ਕੰਮ ਕਰਦੀ ਸੀ। ਉਹ ਗ਼ਰੀਬਾਂ ਦੀ ਮਦਦ ਕਰਦੀ ਸੀ, ਅੰਗੂਰੀ ਬਾਗ਼ ਲਾਉਂਦੀ ਸੀ ਤੇ ਜ਼ਮੀਨ ਖ਼ਰੀਦਦੀ ਸੀ। ਜੀ ਹਾਂ, “ਉਹ ਦੇ ਭਰਤਾ ਦਾ ਮਨ ਉਹ ਦੇ ਉੱਤੇ ਭਰੋਸਾ ਰੱਖਦਾ [ਸੀ], ਅਤੇ ਉਹ ਨੂੰ ਲਾਭ ਦੀ ਕੁਝ ਥੁੜ ਨਹੀਂ ਹੁੰਦੀ” ਸੀ।—ਕਹਾਉਤਾਂ 31:11, 16, 20.

20. (ੳ) ਇਕ ਮਸੀਹੀ ਔਰਤ ਨੂੰ ਆਪਣੀਆਂ ਯੋਗਤਾਵਾਂ ਬਾਰੇ ਕਿਸ ਤਰ੍ਹਾਂ ਸੋਚਣਾ ਚਾਹੀਦਾ ਹੈ? (ਅ) ਅਸਤਰ ਵਿਚ ਕਿਹੋ ਜਿਹੇ ਗੁਣ ਸਨ ਅਤੇ ਯਹੋਵਾਹ ਨੇ ਉਸ ਨੂੰ ਕਿਸ ਤਰ੍ਹਾਂ ਵਰਤਿਆ ਸੀ?

20 ਪਰਮੇਸ਼ੁਰ ਤੋਂ ਡਰਨ ਵਾਲੀ ਸੁਸ਼ੀਲ ਔਰਤ ਆਪਣੇ ਆਪ ਨੂੰ ਆਪਣੇ ਪਤੀ ਤੋਂ ਵੱਡਾ ਨਹੀਂ ਸਮਝਦੀ ਤੇ ਨਾ ਹੀ ਉਸ ਦੇ ਬਰਾਬਰ ਹੋਣ ਦੀ ਕੋਸ਼ਿਸ਼ ਕਰਦੀ ਹੈ। (ਕਹਾਉਤਾਂ 16:18) ਉਹ ਯਾਦ ਰੱਖਦੀ ਹੈ ਕਿ ਉਸ ਦੀਆਂ ਯੋਗਤਾਵਾਂ ਤੇ ਗੁਣ ਉਸ ਨੂੰ ਪਰਮੇਸ਼ੁਰ ਵੱਲੋਂ ਮਿਲੇ ਹਨ। ਉਹ ਦੁਨਿਆਵੀ ਕੰਮਾਂ-ਕਾਰਾਂ ਰਾਹੀਂ ਨਹੀਂ ਸਗੋਂ ਆਪਣੇ ਪਰਿਵਾਰ, ਮਸੀਹੀ ਭੈਣਾਂ-ਭਰਾਵਾਂ, ਗੁਆਂਢੀਆਂ ਤੇ ਸਭ ਤੋਂ ਵਧ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ ਹੁੰਦੀ ਹੈ। (ਗਲਾਤੀਆਂ 6:10; ਤੀਤੁਸ 2:3-5) ਬਾਈਬਲ ਵਿਚ ਜ਼ਿਕਰ ਕੀਤੀ ਗਈ ਰਾਣੀ ਅਸਤਰ ਵੱਲ ਧਿਆਨ ਦਿਓ। ਭਾਵੇਂ ਉਹ ਬਹੁਤ ਸੁੰਦਰ ਸੀ, ਪਰ ਉਹ ਸੁਸ਼ੀਲ ਸੀ ਤੇ ਆਪਣੇ ਪਤੀ ਦੇ ਅਧੀਨ ਰਹੀ। (ਅਸਤਰ 2:13, 15) ਜਦੋਂ ਉਸ ਦੀ ਸ਼ਾਦੀ ਹੋਈ, ਤਾਂ ਉਸ ਨੇ ਆਪਣੇ ਪਤੀ ਰਾਜਾ ਅਹਸ਼ਵੇਰੋਸ਼ ਦੀ ਪਹਿਲੀ ਪਤਨੀ ਵਸ਼ਤੀ ਦੇ ਉਲਟ ਆਪਣੇ ਪਤੀ ਦਾ ਆਦਰ ਕੀਤਾ। (ਅਸਤਰ 1:10-12; 2:16, 17) ਰਾਣੀ ਬਣਨ ਤੋਂ ਬਾਅਦ ਵੀ ਅਸਤਰ ਆਪਣੇ ਤਾਏ ਦੇ ਮੁੰਡੇ ਮਾਰਦਕਈ ਦੀ ਰਾਇ ਮੰਨਣ ਲਈ ਤਿਆਰ ਸੀ। ਪਰ ਅਸਤਰ ਕਮਜ਼ੋਰ ਨਹੀਂ ਸੀ। ਉਸ ਨੇ ਦਲੇਰੀ ਨਾਲ ਹਾਮਾਨ ਨਾਂ ਦੇ ਸ਼ਕਤੀਸ਼ਾਲੀ ਤੇ ਜ਼ਾਲਮ ਮਨੁੱਖ ਦਾ ਪਰਦਾ ਫ਼ਾਸ਼ ਕੀਤਾ ਜਿਸ ਨੇ ਯਹੂਦੀ ਲੋਕਾਂ ਨੂੰ ਮਰਵਾਉਣ ਦੀ ਸਾਜ਼ਸ਼ ਘੜੀ ਸੀ। ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਅਸਤਰ ਨੂੰ ਇਸਤੇਮਾਲ ਕੀਤਾ ਸੀ।—ਅਸਤਰ 3:8-4:17; 7:1-10; 9:13.

21. ਮਸੀਹੀ ਔਰਤਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਹੋਰ ਵੀ ਪਿਆਰੀਆਂ ਕਿਵੇਂ ਬਣ ਸਕਦੀਆਂ ਹਨ?

21 ਪੁਰਾਣੇ ਜ਼ਮਾਨੇ ਵਾਂਗ, ਅੱਜ ਵੀ ਧਰਮੀ ਔਰਤਾਂ ਪੂਰੇ ਦਿਲ ਨਾਲ ਯਹੋਵਾਹ ਦੀ ਭਗਤੀ ਕਰਦੀਆਂ ਹਨ। ਇਸ ਲਈ, ਪਰਮੇਸ਼ੁਰ ਤੋਂ ਡਰਨ ਵਾਲੀਆਂ ਔਰਤਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਪਿਆਰੀਆਂ ਹਨ। ਮਸੀਹੀ ਭੈਣੋ, ਆਪਣੇ ਆਪ ਨੂੰ ਯਹੋਵਾਹ ਦੇ ਹੱਥਾਂ ਵਿਚ ਦਿਓ ਤਾਂਕਿ ਉਹ ਆਪਣੀ ਪਵਿੱਤਰ ਆਤਮਾ ਰਾਹੀਂ ਤੁਹਾਨੂੰ “ਹਰੇਕ ਚੰਗੇ ਕੰਮ ਲਈ ਤਿਆਰ ਕੀਤਾ ਹੋਇਆ” ਇਕ ਸੁੰਦਰ “ਭਾਂਡਾ” ਬਣਾਵੇ। (2 ਤਿਮੋਥਿਉਸ 2:21; ਰੋਮੀਆਂ 12:2) ਪਰਮੇਸ਼ੁਰ ਦੀ ਸੇਵਾ ਕਰਨ ਵਾਲੀਆਂ ਅਜਿਹੀਆਂ ਪਿਆਰੀਆਂ ਭੈਣਾਂ ਬਾਰੇ ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਉਹ ਦੇ ਹੱਥਾਂ ਦਾ ਫਲ ਉਹ ਨੂੰ ਦਿਓ, ਅਤੇ ਉਹ ਦੇ ਕੰਮ ਆਪੇ ਫ਼ਾਟਕ ਵਿੱਚ ਉਹ ਨੂੰ ਜਸ ਦੇਣ!” (ਕਹਾਉਤਾਂ 31:31) ਸਾਡੀ ਇਹੀ ਪ੍ਰਾਰਥਨਾ ਹੈ ਕਿ ਤੁਹਾਡੇ ਬਾਰੇ ਵੀ ਇਹ ਸੱਚ ਹੋਵੇ।

[ਫੁਟਨੋਟ]

^ ਪੈਰਾ 13 ਇਨ੍ਹਾਂ ਭੈਣਾਂ ਦੀ ਸ਼ਲਾਘਾ ਕਰਨ ਬਾਰੇ ਪਹਿਰਾਬੁਰਜ, 15 ਮਾਰਚ 2002 ਦੇ ਸਫ਼ੇ 26-28 ਦੇਖੋ।

^ ਪੈਰਾ 16 ਇਹ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਬ੍ਰੋਸ਼ਰ ਯਹੋਵਾਹ ਦੇ ਭਜਨ ਗਾਓ (ਹਿੰਦੀ) ਵਿਚ ਗੀਤ ਨੰ. 26 ਹੈ।

ਕੀ ਤੁਹਾਨੂੰ ਯਾਦ ਹੈ?

• ਪਹਿਲੀ ਸਦੀ ਵਿਚ ਮਸੀਹੀ ਔਰਤਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਪਿਆਰੀਆਂ ਕਿਵੇਂ ਸਾਬਤ ਹੋਈਆਂ ਸਨ?

• ਸਾਡੇ ਜ਼ਮਾਨੇ ਵਿਚ ਕਈ ਭੈਣਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਕਿਵੇਂ ਪਿਆਰੀਆਂ ਬਣੀਆਂ ਹਨ?

• ਯਹੋਵਾਹ ਇਕੱਲੀਆਂ ਮਾਵਾਂ ਅਤੇ ਉਨ੍ਹਾਂ ਭੈਣਾਂ ਨੂੰ ਸਹਾਰਾ ਕਿਵੇਂ ਦਿੰਦਾ ਹੈ ਜਿਨ੍ਹਾਂ ਦੇ ਪਤੀ ਨਹੀਂ ਹਨ?

• ਇਕ ਔਰਤ ਕਿਵੇਂ ਦਿਖਾ ਸਕਦੀ ਹੈ ਕਿ ਉਹ ਸਰਦਾਰੀ ਦੇ ਪ੍ਰਬੰਧ ਦਾ ਦਿਲੋਂ ਆਦਰ ਕਰਦੀ ਹੈ?

[ਸਵਾਲ]

[ਸਫ਼ੇ 17 ਉੱਤੇ ਡੱਬੀ]

ਸੋਚ-ਵਿਚਾਰ ਕਰਨ ਲਈ ਕੁਝ ਮਿਸਾਲਾਂ

ਕੀ ਤੁਸੀਂ ਬਾਈਬਲ ਵਿਚ ਜ਼ਿਕਰ ਕੀਤੀਆਂ ਗਈਆਂ ਹੋਰ ਵਫ਼ਾਦਾਰ ਔਰਤਾਂ ਦੀਆਂ ਮਿਸਾਲਾਂ ਉੱਤੇ ਸੋਚ-ਵਿਚਾਰ ਕਰਨਾ ਚਾਹੁੰਦੇ ਹੋ? ਜੇ ਕਰਨਾ ਚਾਹੁੰਦੇ ਹੋ, ਤਾਂ ਬਾਈਬਲ ਦੇ ਹੇਠਾਂ ਦਿੱਤੇ ਗਏ ਹਵਾਲੇ ਪੜ੍ਹੋ। ਇਨ੍ਹਾਂ ਆਇਤਾਂ ਉੱਤੇ ਮਨਨ ਕਰਦੇ ਹੋਏ ਉਨ੍ਹਾਂ ਸਿਧਾਂਤਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਜੋ ਤੁਸੀਂ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕਦੇ ਹੋ।—ਰੋਮੀਆਂ 15:4.

ਸਾਰਾਹ: ਉਤਪਤ 12:1, 5; 21:9-12; ਇਬਰਾਨੀਆਂ 11:9; 1 ਪਤਰਸ 3:5, 6.

ਦਰਿਆ-ਦਿਲ ਇਸਰਾਏਲੀ ਔਰਤਾਂ: ਕੂਚ 35:5, 22, 25, 26; 36:3-7; ਲੂਕਾ 21:1-4.

ਦਬੋਰਾਹ: ਨਿਆਈਆਂ 4:1-5:31.

ਰੂਥ: ਰੂਥ 1:4, 5, 16, 17; 2:2, 3, 11-13; 4:15.

ਸ਼ੂਨੇਮ ਨਗਰ ਦੀ ਇਸਤਰੀ: 2 ਰਾਜਿਆਂ 4:8-37.

ਕਨਾਨੀ ਤੀਵੀਂ: ਮੱਤੀ 15:22-28.

ਮਾਰਥਾ ਤੇ ਮਰਿਯਮ: ਮਰਕੁਸ 14:3-9; ਲੂਕਾ 10:38-42; ਯੂਹੰਨਾ 11:17-29; 12:1-8.

ਤਬਿਥਾ: ਰਸੂਲਾਂ ਦੇ ਕਰਤੱਬ 9:36-41.

ਫ਼ਿਲਿੱਪੁਸ ਦੀਆਂ ਚਾਰ ਧੀਆਂ: ਰਸੂਲਾਂ ਦੇ ਕਰਤੱਬ 21:9.

ਫ਼ੀਬੀ: ਰੋਮੀਆਂ 16:1, 2.

[ਸਫ਼ੇ 15 ਉੱਤੇ ਤਸਵੀਰ]

ਕੀ ਤੁਸੀਂ ਕੁਆਰੀਆਂ ਭੈਣਾਂ ਦੀ ਸ਼ਲਾਘਾ ਕਰਦੇ ਹੋ ਜੋ ਵਫ਼ਾਦਾਰੀ ਨਾਲ ਯਹੋਵਾਹ ਦਾ ਹੁਕਮ ਮੰਨਦੀਆਂ ਹਨ?

[ਸਫ਼ੇ 16 ਉੱਤੇ ਤਸਵੀਰ]

ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਕਿਨ੍ਹਾਂ ਖ਼ਾਸ ਗੱਲਾਂ ਬਾਰੇ ਪ੍ਰਾਰਥਨਾ ਕੀਤੀ ਜਾ ਸਕਦੀ ਹੈ?